‘ਸਚਿਆਈ ਅਤੇ ਸ਼ਾਂਤੀ ਨਾਲ ਪਿਆਰ ਕਰੋ’!
“ਸੈਨਾਂ ਦੇ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ . . . ਤੁਸੀਂ ਸਚਿਆਈ . . . ਅਤੇ ਸ਼ਾਂਤੀ ਨਾਲ ਪਿਆਰ ਕਰੋ।”—ਜ਼ਕਰਯਾਹ 8:18, 19.
1, 2. (ੳ) ਜਿੱਥੇ ਤਕ ਸ਼ਾਂਤੀ ਦਾ ਸੰਬੰਧ ਹੈ, ਮਨੁੱਖਜਾਤੀ ਦਾ ਕੀ ਰਿਕਾਰਡ ਹੈ? (ਅ) ਇਹ ਵਰਤਮਾਨ ਸੰਸਾਰ ਕਿਉਂ ਕਦੀ ਵੀ ਸੱਚੀ ਸ਼ਾਂਤੀ ਨਹੀਂ ਦੇਖੇਗਾ?
“ਸੰਸਾਰ ਵਿਚ ਕਦੀ ਵੀ ਸ਼ਾਂਤੀ ਨਹੀਂ ਰਹੀ ਹੈ। ਕਿਤੇ ਨਾ ਕਿਤੇ—ਅਤੇ ਅਕਸਰ ਇੱਕੋ ਹੀ ਸਮੇਂ ਤੇ ਕਈ ਥਾਵਾਂ ਵਿਚ—ਹਮੇਸ਼ਾ ਯੁੱਧ ਰਿਹਾ ਹੈ।” ਮੈਸੇਚਿਉਸੇਟਸ, ਯੂ.ਐੱਸ.ਏ., ਦੀ ਯੂਨੀਵਰਸਿਟੀ ਦੇ ਪ੍ਰੋਫੈਸਰ ਮਿਲਟਨ ਮੇਯਰ ਦਾ ਇਹ ਕਹਿਣਾ ਸੀ। ਮਾਨਵਤਾ ਉੱਤੇ ਕਿੰਨੀ ਹੀ ਦੁਖਦਾਇਕ ਟਿੱਪਣੀ! ਸੱਚ ਹੈ, ਮਨੁੱਖਾਂ ਨੇ ਸ਼ਾਂਤੀ ਚਾਹੀ ਹੈ। ਸਿਆਸਤਦਾਨਾਂ ਨੇ ਇਸ ਨੂੰ ਬਣਾਏ ਰੱਖਣ ਲਈ ਹਰ ਤਰ੍ਹਾਂ ਦੇ ਤਰੀਕੇ ਅਜ਼ਮਾਏ ਹਨ, ਰੂਮੀ ਸਮਿਆਂ ਦੇ ਪਾਕਸ ਰੋਮਾਨਾ ਤੋਂ ਲੈ ਕੇ ਸੀਤ ਯੁੱਧ ਦੇ ਦੌਰਾਨ “ਪਰਸਪਰ ਨਿਸ਼ਚਿਤ ਵਿਨਾਸ਼” ਦੀ ਪਾਲਸੀ ਤਕ। ਪਰੰਤੂ, ਅੰਤ ਵਿਚ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਹੋ ਗਈਆਂ। ਜਿਵੇਂ ਕਿ ਯਸਾਯਾਹ ਨੇ ਕਈ ਸਦੀਆਂ ਪਹਿਲਾਂ ਅਭਿਵਿਅਕਤ ਕੀਤਾ, ‘ਸ਼ਾਂਤੀ ਦੇ ਦੂਤ ਵਿਲਕੇ ਹਨ।’ (ਯਸਾਯਾਹ 33:7) ਇੰਜ ਕਿਉਂ ਹੈ?
2 ਇਹ ਇਸ ਲਈ ਹੈ ਕਿਉਂਕਿ ਸਥਾਈ ਸ਼ਾਂਤੀ ਨੂੰ ਉਤਪੰਨ ਹੋਣ ਲਈ ਨਫ਼ਰਤ ਅਤੇ ਲਾਲਚ ਦੀ ਗ਼ੈਰ-ਹਾਜ਼ਰੀ ਜ਼ਰੂਰੀ ਹੈ; ਇਸ ਨੂੰ ਸਚਿਆਈ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਸ਼ਾਂਤੀ ਝੂਠ ਉੱਤੇ ਆਧਾਰਿਤ ਨਹੀਂ ਹੋ ਸਕਦੀ ਹੈ। ਇਸੇ ਕਾਰਨ ਜਦੋਂ ਯਹੋਵਾਹ ਨੇ ਪ੍ਰਾਚੀਨ ਇਸਰਾਏਲ ਲਈ ਮੁੜ ਬਹਾਲੀ ਅਤੇ ਸ਼ਾਂਤੀ ਦਾ ਵਾਅਦਾ ਕੀਤਾ, ਤਾਂ ਉਸ ਨੇ ਕਿਹਾ: “ਮੈਂ ਭਾਗਵਾਨੀ ਦਰਿਆ ਵਾਂਙੁ, ਅਤੇ ਕੌਮਾਂ ਦਾ ਮਾਲ ਧਨ ਨਦੀ ਦੇ ਹੜ੍ਹ ਵਾਂਙੁ ਉਸ ਤੀਕ ਪੁਚਾਵਾਂਗਾ।” (ਯਸਾਯਾਹ 66:12) ਇਸ ਰੀਤੀ-ਵਿਵਸਥਾ ਦਾ ਈਸ਼ਵਰ, ਸ਼ਤਾਨ ਅਰਥਾਤ ਇਬਲੀਸ ਇਕ “ਮਨੁੱਖ ਘਾਤਕ,” ਇਕ ਕਾਤਲ ਹੈ, ਅਤੇ ‘ਝੂਠਾ ਅਤੇ ਝੂਠ ਦਾ ਪਤੰਦਰ ਹੈ।’ (ਯੂਹੰਨਾ 8:44; 2 ਕੁਰਿੰਥੀਆਂ 4:4) ਜਿਸ ਸੰਸਾਰ ਦਾ ਅਜਿਹਾ ਈਸ਼ਵਰ ਹੋਵੇ, ਉਹ ਕਿਵੇਂ ਕਦੀ ਵੀ ਸ਼ਾਂਤੀ ਪ੍ਰਾਪਤ ਕਰ ਸਕਦਾ ਹੈ?
3. ਇਕ ਗੜਬੜੀ ਭਰੇ ਸੰਸਾਰ ਵਿਚ ਜੀਉਣ ਦੇ ਬਾਵਜੂਦ, ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਹੜਾ ਸ਼ਾਨਦਾਰ ਤੋਹਫ਼ਾ ਦਿੱਤਾ ਹੈ?
3 ਪਰੰਤੂ, ਉੱਘੜਵੇਂ ਰੂਪ ਵਿਚ ਯਹੋਵਾਹ ਆਪਣੇ ਲੋਕਾਂ ਨੂੰ ਸ਼ਤਾਨ ਦੇ ਯੁੱਧ-ਗ੍ਰਸਤ ਸੰਸਾਰ ਵਿਚ ਰਹਿੰਦੇ ਹੋਏ ਵੀ ਸ਼ਾਂਤੀ ਦਿੰਦਾ ਹੈ। (ਯੂਹੰਨਾ 17:16) ਛੇਵੀਂ ਸਦੀ ਸਾ.ਯੁ.ਪੂ. ਵਿਚ, ਉਸ ਨੇ ਯਿਰਮਿਯਾਹ ਦੁਆਰਾ ਕੀਤੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਅਤੇ ਆਪਣੀ ਖ਼ਾਸ ਕੌਮ ਨੂੰ “ਸ਼ਾਂਤੀ ਅਤੇ ਸਚਿਆਈ” ਦਿੱਤੀ ਜਦੋਂ ਉਸ ਨੇ ਉਨ੍ਹਾਂ ਨੂੰ ਆਪਣੀ ਮਾਤ-ਭੂਮੀ ਉੱਤੇ ਮੁੜ ਬਹਾਲ ਕੀਤਾ। (ਯਿਰਮਿਯਾਹ 33:6) ਅਤੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ, ਉਸ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੇ “ਦੇਸ,” ਜਾਂ ਪਾਰਥਿਵ ਅਧਿਆਤਮਿਕ ਦਸ਼ਾ ਵਿਚ “ਸ਼ਾਂਤੀ ਅਤੇ ਸਚਿਆਈ” ਦਿੱਤੀ ਹੈ, ਭਾਵੇਂ ਕਿ ਉਨ੍ਹਾਂ ਨੇ ਇਸ ਸੰਸਾਰ ਦੁਆਰਾ ਅੱਜ ਤਕ ਦੇਖੇ ਗਏ ਸੱਭ ਤੋਂ ਮੁਸੀਬਤ ਭਰੇ ਸਮੇਂ ਦਾ ਅਨੁਭਵ ਕੀਤਾ ਹੈ। (ਯਸਾਯਾਹ 66:8; ਮੱਤੀ 24:7-13; ਪਰਕਾਸ਼ ਦੀ ਪੋਥੀ 6:1-8) ਜਿਉਂ ਹੀ ਅਸੀਂ ਜ਼ਕਰਯਾਹ ਅਧਿਆਇ 8 ਦੀ ਚਰਚਾ ਜਾਰੀ ਰੱਖਦੇ ਹਾਂ, ਅਸੀਂ ਇਸ ਪਰਮੇਸ਼ੁਰ-ਦਿੱਤ ਸ਼ਾਂਤੀ ਅਤੇ ਸਚਿਆਈ ਲਈ ਗਹਿਰੀ ਕਦਰ ਪ੍ਰਾਪਤ ਕਰਾਂਗੇ ਅਤੇ ਵੇਖਾਂਗੇ ਕਿ ਸਾਨੂੰ ਇਸ ਵਿਚ ਆਪਣੇ ਭਾਗ ਨੂੰ ਸੁਰੱਖਿਅਤ ਰੱਖਣ ਦੇ ਲਈ ਕੀ ਕਰਨਾ ਚਾਹੀਦਾ ਹੈ।
“ਤੁਹਾਡੇ ਹੱਥ ਤਕੜੇ ਹੋਣ”
4. ਜ਼ਕਰਯਾਹ ਨੇ ਇਸਰਾਏਲ ਨੂੰ ਕਾਰਜ ਕਰਨ ਦੇ ਲਈ ਕਿਵੇਂ ਉਤਸ਼ਾਹ ਦਿੱਤਾ ਜੇਕਰ ਉਨ੍ਹਾਂ ਨੇ ਸ਼ਾਂਤੀ ਅਨੁਭਵ ਕਰਨੀ ਸੀ?
4 ਜ਼ਕਰਯਾਹ ਅਧਿਆਇ 8 ਵਿਚ ਛੇਵੀਂ ਵਾਰ, ਅਸੀਂ ਯਹੋਵਾਹ ਵੱਲੋਂ ਇਕ ਰੁਮਾਂਚਕ ਘੋਸ਼ਣਾ ਸੁਣਦੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਤੁਹਾਡੇ ਹੱਥ ਤਕੜੇ ਹੋਣ, ਤੁਸੀਂ ਜੋ ਏਹ ਬਚਨ ਏਹਨਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਸੈਨਾਂ ਦੇ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਸਮੇਂ ਵਿੱਚ ਨਬੀਆਂ ਦੇ ਮੂੰਹੋਂ ਨਿੱਕਲੇ ਸਨ ਅਰਥਾਤ ਹੈਕਲ ਦੀ ਉਸਾਰੀ ਲਈ। ਕਿਉਂ ਜੋ ਓਹਨਾਂ ਦਿਨਾਂ ਤੋਂ ਅੱਗੇ ਨਾ ਆਦਮੀ ਲਈ ਮਜੂਰੀ ਸੀ ਨਾ ਪਸੂ ਲਈ ਕੋਈ ਭਾੜਾ ਸੀ ਅਤੇ ਵੈਰੀ ਦੇ ਕਾਰਨ ਕੋਈ ਬਾਹਰ ਜਾਣ ਵਾਲਾ ਅਤੇ ਅੰਦਰ ਆਉਣ ਵਾਲਾ ਸੁਖੀ ਨਹੀਂ ਸੀ। ਮੈਂ ਹਰੇਕ ਆਦਮੀ ਨੂੰ ਉਸ ਦੇ ਗੁਆਂਢੀ ਦੇ ਵਿਰੁੱਧ ਕਰ ਦਿੱਤਾ ਸੀ।”—ਜ਼ਕਰਯਾਹ 8:9, 10.
5, 6. (ੳ) ਇਸਰਾਏਲੀਆਂ ਦੇ ਨਿਰਉਤਸ਼ਾਹ ਕਾਰਨ, ਇਸਰਾਏਲ ਵਿਚ ਕੀ ਸਥਿਤੀ ਸੀ? (ਅ) ਯਹੋਵਾਹ ਨੇ ਇਸਰਾਏਲ ਨੂੰ ਕਿਹੜੀ ਤਬਦੀਲੀ ਦਾ ਵਾਅਦਾ ਕੀਤਾ ਜੇਕਰ ਉਹ ਉਸ ਦੀ ਉਪਾਸਨਾ ਨੂੰ ਪਹਿਲੀ ਥਾਂ ਦਿੰਦੀ?
5 ਜ਼ਕਰਯਾਹ ਨੇ ਇਹ ਸ਼ਬਦ ਕਹੇ ਜਦੋਂ ਯਰੂਸ਼ਲਮ ਵਿਚ ਹੈਕਲ ਮੁੜ ਉਸਾਰੀ ਜਾ ਰਹੀ ਸੀ। ਪਹਿਲਾਂ, ਜਿਹੜੇ ਇਸਰਾਏਲੀ ਲੋਕ ਬਾਬੁਲ ਤੋਂ ਵਾਪਸ ਆਏ ਸਨ, ਉਹ ਨਿਰਉਤਸ਼ਾਹਿਤ ਹੋ ਗਏ ਅਤੇ ਉਨ੍ਹਾਂ ਨੇ ਹੈਕਲ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਸੀ। ਕਿਉਂ ਜੋ ਉਨ੍ਹਾਂ ਨੇ ਆਪਣੇ ਖ਼ੁਦ ਲਈ ਸੁਖ ਉੱਤੇ ਧਿਆਨ ਦਿੱਤਾ, ਉਨ੍ਹਾਂ ਨੂੰ ਯਹੋਵਾਹ ਵੱਲੋਂ ਕੋਈ ਬਰਕਤ ਅਤੇ ਕੋਈ ਸ਼ਾਂਤੀ ਨਹੀਂ ਮਿਲੀ। ਭਾਵੇਂ ਕਿ ਉਨ੍ਹਾਂ ਨੇ ਆਪਣੀ ਜ਼ਮੀਨ ਵਾਹੀ ਅਤੇ ਆਪਣੇ ਅੰਗੂਰਾਂ ਦੇ ਬਾਗ਼ਾਂ ਦੀ ਦੇਖ-ਭਾਲ ਕੀਤੀ, ਉਹ ਖ਼ੁਸ਼ਹਾਲ ਨਹੀਂ ਹੋਏ। (ਹੱਜਈ 1:3-6) ਇੰਜ ਲੱਗਦਾ ਸੀ ਜਿਵੇਂ ਕਿ ਉਹ ‘ਬਿਨਾਂ ਮਜੂਰੀ’ ਦੇ ਕੰਮ ਕਰ ਰਹੇ ਸਨ।
6 ਹੁਣ ਜਦ ਕਿ ਹੈਕਲ ਮੁੜ ਉਸਾਰੀ ਜਾ ਰਹੀ ਸੀ, ਜ਼ਕਰਯਾਹ ਨੇ ਯਹੂਦੀਆਂ ਨੂੰ “ਤਕੜੇ ਹੋਣ,” ਅਰਥਾਤ ਸਾਹਸ ਨਾਲ ਯਹੋਵਾਹ ਦੀ ਉਪਾਸਨਾ ਨੂੰ ਪਹਿਲੀ ਥਾਂ ਦੇਣ ਲਈ ਉਤਸ਼ਾਹ ਦਿੱਤਾ। ਕੀ ਹੁੰਦਾ ਜੇਕਰ ਉਹ ਇੰਜ ਕਰਦੇ? “ਮੈਂ ਹੁਣ ਏਸ ਪਰਜਾ ਦੇ ਬਕੀਏ ਲਈ ਪਹਿਲਿਆਂ ਦਿਨਾਂ ਵਾਂਙੁ ਨਹੀਂ ਕਰਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ। ਕਿਉਂ ਜੋ ਬੀ ਸ਼ਾਂਤੀ ਦਾ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਅਕਾਸ਼ ਆਪਣੀ ਤ੍ਰੇਲ ਦੇਵੇਗਾ। ਮੈਂ ਏਸ ਪਰਜਾ ਦੇ ਬਕੀਏ ਨੂੰ ਏਹਨਾਂ ਸਾਰੀਆਂ ਵਸਤਾਂ ਦਾ ਅਧਕਾਰੀ ਬਣਾਵਾਂਗਾ। ਇਉਂ ਹੋਵੇਗਾ, ਹੇ ਯਹੂਦਾਹ ਦੇ ਘਰਾਣੇ ਅਤੇ ਇਸਰਾਏਲ ਦੇ ਘਰਾਣੇ, ਜਿਵੇਂ ਤੁਸੀਂ ਕੌਮਾਂ ਵਿੱਚ ਸਰਾਪ ਦਾ ਕਾਰਨ ਸਾਓ ਤਿਵੇਂ ਮੈਂ ਤੁਹਾਨੂੰ ਬਚਾਵਾਂਗਾ ਅਤੇ ਤੁਸੀਂ ਬਰਕਤ ਦਾ ਕਾਰਨ ਹੋਵੋਗੇ। ਤੁਸੀਂ ਨਾ ਡਰੋ ਅਰ ਤੁਹਾਡੇ ਹੱਥ ਤਕੜੇ ਹੋਣ।” (ਜ਼ਕਰਯਾਹ 8:11-13) ਜੇਕਰ ਇਸਰਾਏਲ ਦ੍ਰਿੜ੍ਹਤਾ ਨਾਲ ਕਾਰਜ ਕਰਦੀ, ਤਾਂ ਉਹ ਖ਼ੁਸ਼ਹਾਲ ਹੁੰਦੀ। ਪਹਿਲਾਂ, ਜਦੋਂ ਕੌਮਾਂ ਸਰਾਪ ਦੀ ਇਕ ਮਿਸਾਲ ਦੇਣੀ ਚਾਹੁੰਦੀਆਂ ਸਨ, ਤਾਂ ਉਹ ਇਸਰਾਏਲ ਵੱਲ ਸੰਕੇਤ ਕਰ ਸਕਦੀਆਂ ਸਨ। ਹੁਣ ਇਸਰਾਏਲ ਬਰਕਤ ਦੀ ਇਕ ਮਿਸਾਲ ਹੋਵੇਗੀ। ‘ਉਨ੍ਹਾਂ ਦੇ ਹੱਥ ਤਕੜੇ ਹੋਣ’ ਦਾ ਕੀ ਹੀ ਉੱਤਮ ਕਾਰਨ!
7. (ੳ) ਯਹੋਵਾਹ ਦੇ ਲੋਕਾਂ ਨੇ ਕਿਹੜੀਆਂ ਰੁਮਾਂਚਕ ਤਬਦੀਲੀਆਂ ਦਾ ਅਨੁਭਵ ਕੀਤਾ ਹੈ, ਜੋ 1995 ਸੇਵਾ ਸਾਲ ਵਿਚ ਸਿਖਰ ਤੇ ਪਹੁੰਚੀਆਂ? (ਅ) ਸਾਲਾਨਾ ਰਿਪੋਰਟ ਨੂੰ ਦੇਖਦੇ ਹੋਏ, ਤੁਸੀਂ ਕਿਹੜੇ ਦੇਸ਼ ਦੇਖਦੇ ਹੋ ਜਿਨ੍ਹਾਂ ਦਾ ਪ੍ਰਕਾਸ਼ਕਾਂ, ਪਾਇਨੀਅਰਾਂ, ਅਤੇ ਔਸਤਨ ਘੰਟਿਆਂ ਦਾ ਸ਼ਾਨਦਾਰ ਰਿਕਾਰਡ ਹੈ?
7 ਅੱਜ ਦੇ ਬਾਰੇ ਕੀ? ਖ਼ੈਰ, 1919 ਤੋਂ ਪਹਿਲਾਂ ਦੇ ਸਾਲਾਂ ਵਿਚ, ਯਹੋਵਾਹ ਦੇ ਲੋਕਾਂ ਵਿਚ ਸਰਗਰਮੀ ਦੀ ਥੋੜ੍ਹੀ-ਬਹੁਤ ਕਮੀ ਸੀ। ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਪੂਰਣ ਤੌਰ ਤੇ ਨਿਰਪੱਖ ਸਥਿਤੀ ਨਹੀਂ ਅਪਣਾਈ, ਅਤੇ ਉਨ੍ਹਾਂ ਵਿਚ ਆਪਣੇ ਰਾਜਾ, ਯਿਸੂ ਮਸੀਹ ਦੀ ਬਜਾਇ ਇਕ ਮਨੁੱਖ ਦੇ ਪਿੱਛੇ ਜਾਣ ਦਾ ਝੁਕਾਉ ਸੀ। ਨਤੀਜੇ ਵਜੋਂ, ਕੁਝ ਲੋਕ ਸੰਗਠਨ ਦੇ ਵਿੱਚੋਂ ਅਤੇ ਬਾਹਰੋਂ ਆਏ ਵਿਰੋਧ ਦੇ ਕਾਰਨ ਨਿਰਉਤਸ਼ਾਹਿਤ ਹੋ ਗਏ। ਫਿਰ, 1919 ਵਿਚ, ਯਹੋਵਾਹ ਦੀ ਮਦਦ ਦੇ ਨਾਲ ਉਨ੍ਹਾਂ ਨੇ ਆਪਣੇ ਹੱਥ ਤਕੜੇ ਹੋਣ ਦਿੱਤੇ। (ਜ਼ਕਰਯਾਹ 4:6) ਯਹੋਵਾਹ ਨੇ ਉਨ੍ਹਾਂ ਨੂੰ ਸ਼ਾਂਤੀ ਦਿੱਤੀ, ਅਤੇ ਉਹ ਬਹੁਤ ਹੀ ਖ਼ੁਸ਼ਹਾਲ ਹੁੰਦੇ ਗਏ। ਇਹ ਉਨ੍ਹਾਂ ਦੇ ਪਿਛਲੇ 75 ਸਾਲਾਂ ਦੇ ਰਿਕਾਰਡ ਤੋਂ ਦੇਖਿਆ ਜਾਂਦਾ ਹੈ, ਜੋ 1995 ਸੇਵਾ ਸਾਲ ਵਿਚ ਸਿਖਰ ਤੇ ਪਹੁੰਚਿਆ। ਇਕ ਸਮੂਹ ਦੇ ਤੌਰ ਤੇ, ਯਹੋਵਾਹ ਦੇ ਗਵਾਹ ਰਾਸ਼ਟਰਵਾਦ, ਕਬਾਇਲੀ ਜੱਥੇਬੰਦੀ, ਪੂਰਵ-ਧਾਰਣਾ, ਅਤੇ ਨਫ਼ਰਤ ਦੇ ਦੂਜੇ ਸਾਰੇ ਸ੍ਰੋਤਾਂ ਤੋਂ ਦੂਰ ਰਹਿੰਦੇ ਹਨ। (1 ਯੂਹੰਨਾ 3:14-18) ਉਹ ਯਹੋਵਾਹ ਦੀ ਅਧਿਆਤਮਿਕ ਹੈਕਲ ਵਿਚ ਸੱਚੀ ਸਰਗਰਮੀ ਦੇ ਨਾਲ ਉਸ ਦੀ ਸੇਵਾ ਕਰਦੇ ਹਨ। (ਇਬਰਾਨੀਆਂ 13:15; ਪਰਕਾਸ਼ ਦੀ ਪੋਥੀ 7:15) ਕੇਵਲ ਪਿਛਲੇ ਸਾਲ ਵਿਚ ਹੀ, ਉਨ੍ਹਾਂ ਨੇ ਦੂਜਿਆਂ ਨਾਲ ਆਪਣੇ ਸਵਰਗੀ ਪਿਤਾ ਬਾਰੇ ਗੱਲਾਂ ਕਰਨ ਵਿਚ ਇਕ ਸੌ ਕਰੋੜ ਤੋਂ ਵੱਧ ਘੰਟੇ ਬਿਤਾਏ! ਹਰ ਮਹੀਨੇ, ਉਨ੍ਹਾਂ ਨੇ 48,65,060 ਬਾਈਬਲ ਅਧਿਐਨ ਸੰਚਾਲਿਤ ਕੀਤੇ। ਔਸਤਨ ਕੁਝ 6,63,521 ਵਿਅਕਤੀਆਂ ਨੇ ਹਰ ਮਹੀਨੇ ਪਾਇਨੀਅਰ ਸੇਵਾ ਵਿਚ ਹਿੱਸਾ ਲਿਆ। ਜਦੋਂ ਮਸੀਹੀ-ਜਗਤ ਦੇ ਧਰਮ-ਮੁਖੀ ਅਜਿਹੇ ਇਕ ਲੋਕਾਂ ਦੀ ਮਿਸਾਲ ਦੇਣਾ ਚਾਹੁੰਦੇ ਹਨ ਜੋ ਸੱਚ-ਮੁੱਚ ਆਪਣੀ ਉਪਾਸਨਾ ਵਿਚ ਉਤਸ਼ਾਹੀ ਹਨ, ਤਾਂ ਉਹ ਕਦੀ-ਕਦੀ ਯਹੋਵਾਹ ਦੇ ਗਵਾਹਾਂ ਵੱਲ ਧਿਆਨ ਖਿੱਚਦੇ ਹਨ।
8. ਹਰ ਵਿਅਕਤੀਗਤ ਮਸੀਹੀ ਕਿਵੇਂ ‘ਸ਼ਾਂਤੀ ਦੇ ਬੀ’ ਤੋਂ ਲਾਭ ਉਠਾ ਸਕਦਾ ਹੈ?
8 ਉਨ੍ਹਾਂ ਦੇ ਜੋਸ਼ ਦੇ ਕਾਰਨ, ਯਹੋਵਾਹ ਆਪਣੇ ਲੋਕਾਂ ਨੂੰ ‘ਸ਼ਾਂਤੀ ਦਾ ਬੀ’ ਦਿੰਦਾ ਹੈ। ਹਰੇਕ ਵਿਅਕਤੀ ਜੋ ਉਸ ਬੀ ਨੂੰ ਵਿਕਸਿਤ ਕਰਦਾ ਹੈ, ਉਹ ਆਪਣੇ ਦਿਲ ਵਿਚ ਅਤੇ ਆਪਣੇ ਜੀਵਨ ਵਿਚ ਸ਼ਾਂਤੀ ਨੂੰ ਵਧਦੇ ਹੋਏ ਵੇਖੇਗਾ। ਹਰ ਵਿਸ਼ਵਾਸੀ ਮਸੀਹੀ ਜੋ ਯਹੋਵਾਹ ਦੇ ਨਾਲ ਅਤੇ ਸੰਗੀ ਮਸੀਹੀਆਂ ਦੇ ਨਾਲ ਸ਼ਾਂਤੀ ਭਾਲਦਾ ਹੈ, ਉਹ ਯਹੋਵਾਹ ਦੇ ਨਾਂ ਵਾਲੇ ਲੋਕਾਂ ਦੀ ਸਚਿਆਈ ਅਤੇ ਸ਼ਾਂਤੀ ਵਿਚ ਸ਼ਾਮਲ ਹੁੰਦਾ ਹੈ। (1 ਪਤਰਸ 3:11; ਤੁਲਨਾ ਕਰੋ ਯਾਕੂਬ 3:18.) ਕੀ ਇਹ ਅਦਭੁਤ ਗੱਲ ਨਹੀਂ ਹੈ?
“ਤੁਸੀਂ ਨਾ ਡਰੋ”
9. ਯਹੋਵਾਹ ਨੇ ਆਪਣੇ ਲੋਕਾਂ ਨਾਲ ਆਪਣੇ ਵਰਤਾਉ ਵਿਚ ਕਿਹੜੀ ਤਬਦੀਲੀ ਦਾ ਵਾਅਦਾ ਕੀਤਾ?
9 ਹੁਣ ਅਸੀਂ ਯਹੋਵਾਹ ਵੱਲੋਂ ਸੱਤਵੀਂ ਘੋਸ਼ਣਾ ਪੜ੍ਹਦੇ ਹਾਂ। ਇਹ ਕੀ ਹੈ? “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਜਿਵੇਂ ਮੈਂ ਤੁਹਾਡੇ ਨਾਲ ਬੁਰਿਆਈ ਕਰਨੀ ਠਾਣ ਲਈ ਸੀ ਜਦ ਤੁਹਾਡੇ ਪਿਉ ਦਾਦਿਆਂ ਨੇ ਮੈਨੂੰ ਕੋਪਵਾਨ ਕੀਤਾ ਅਤੇ ਮੈਂ ਨਾ ਪੱਛਤਾਇਆ, ਸੈਨਾਂ ਦੇ ਯਹੋਵਾਹ ਨੇ ਆਖਿਆ, ਤਿਵੇਂ ਮੈਂ ਫੇਰ ਠਾਣ ਲਿਆ ਹੈ ਕਿ ਏਹਨਾਂ ਦਿਨਾਂ ਵਿੱਚ ਯਰੂਸ਼ਲਮ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਭਲਿਆਈ ਕਰਾਂ। ਤੁਸੀਂ ਨਾ ਡਰੋ।”—ਜ਼ਕਰਯਾਹ 8:14, 15.
10. ਯਹੋਵਾਹ ਦੇ ਗਵਾਹਾਂ ਦਾ ਕਿਹੜਾ ਰਿਕਾਰਡ ਦਿਖਾਉਂਦਾ ਹੈ ਕਿ ਉਹ ਡਰੇ ਨਹੀਂ ਹਨ?
10 ਭਾਵੇਂ ਕਿ ਯਹੋਵਾਹ ਦੇ ਲੋਕ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਅਧਿਆਤਮਿਕ ਅਰਥ ਵਿਚ ਤਿੱਤਰ-ਬਿੱਤਰ ਹੋ ਗਏ ਸਨ, ਅੰਦਰੋਂ-ਅੰਦਰ ਉਹ ਸਹੀ ਕੰਮ ਕਰਨਾ ਚਾਹੁੰਦੇ ਸਨ। ਇਸ ਲਈ, ਯਹੋਵਾਹ ਨੇ, ਕੁਝ ਅਨੁਸ਼ਾਸਨ ਦੇਣ ਮਗਰੋਂ, ਉਨ੍ਹਾਂ ਨਾਲ ਵਰਤਾਉ ਕਰਨ ਦਾ ਆਪਣਾ ਤਰੀਕਾ ਬਦਲ ਦਿੱਤਾ। (ਮਲਾਕੀ 3:2-4) ਅੱਜ, ਅਸੀਂ ਬੀਤੇ ਨੂੰ ਯਾਦ ਕਰ ਕੇ ਉਸ ਦੇ ਕੀਤੇ ਲਈ ਉਸ ਨੂੰ ਹਾਰਦਿਕ ਧੰਨਵਾਦ ਦਿੰਦੇ ਹਾਂ। ਇਹ ਸੱਚ ਹੈ ਕਿ ਸਾਡੇ ਨਾਲ ‘ਸਾਰੀਆਂ ਕੌਮਾਂ ਨੇ ਵੈਰ ਰੱਖਿਆ’ ਹੈ। (ਮੱਤੀ 24:9) ਅਨੇਕਾਂ ਨੂੰ ਕੈਦ ਕੀਤਾ ਗਿਆ ਹੈ, ਅਤੇ ਕਈ ਤਾਂ ਆਪਣੀ ਨਿਹਚਾ ਲਈ ਮਰੇ ਵੀ ਹਨ। ਅਸੀਂ ਅਕਸਰ ਉਦਾਸੀਨਤਾ ਜਾਂ ਵੈਰਭਾਵ ਦਾ ਸਾਮ੍ਹਣਾ ਕਰਦੇ ਹਾਂ। ਪਰੰਤੂ ਅਸੀਂ ਡਰਦੇ ਨਹੀਂ ਹਾਂ। ਅਸੀਂ ਜਾਣਦੇ ਹਾਂ ਕਿ ਯਹੋਵਾਹ ਕਿਸੇ ਵੀ ਵਿਰੋਧ, ਦ੍ਰਿਸ਼ਟ ਜਾਂ ਅਦ੍ਰਿਸ਼ਟ, ਤੋਂ ਜ਼ਿਆਦਾ ਤਾਕਤਵਰ ਹੈ। (ਯਸਾਯਾਹ 40:15; ਅਫ਼ਸੀਆਂ 6:10-13) ਅਸੀਂ ਇਨ੍ਹਾਂ ਸ਼ਬਦਾਂ ਤੇ ਧਿਆਨ ਦੇਣਾ ਨਹੀਂ ਛੱਡਾਂਗੇ: “ਯਹੋਵਾਹ ਨੂੰ ਉਡੀਕ, ਤਕੜਾ ਹੋ ਅਤੇ ਤੇਰਾ ਮਨ ਦਿਲੇਰ ਹੋਵੇ।”—ਜ਼ਬੂਰ 27:14.
“ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ”
11, 12. ਸਾਨੂੰ ਵਿਅਕਤੀਗਤ ਤੌਰ ਤੇ ਆਪਣੇ ਮਨ ਵਿਚ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ, ਜੇਕਰ ਅਸੀਂ ਉਨ੍ਹਾਂ ਬਰਕਤਾਂ ਵਿਚ ਪੂਰਾ ਭਾਗ ਲੈਣਾ ਚਾਹੁੰਦੇ ਹਾਂ ਜੋ ਯਹੋਵਾਹ ਆਪਣੇ ਲੋਕਾਂ ਨੂੰ ਦਿੰਦਾ ਹੈ?
11 ਯਹੋਵਾਹ ਵੱਲੋਂ ਬਰਕਤਾਂ ਵਿਚ ਪੂਰੀ ਤਰ੍ਹਾਂ ਸਾਂਝੇ ਹੋਣ ਲਈ, ਸਾਨੂੰ ਕਈ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ। ਜ਼ਕਰਯਾਹ ਕਹਿੰਦਾ ਹੈ: “ਏਹ ਗੱਲਾਂ ਹਨ ਜਿਹੜੀਆਂ ਤੁਸਾਂ ਕਰਨੀਆਂ ਹਨ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਤੁਸੀਂ ਆਪਣੇ ਫਾਟਕਾਂ ਵਿੱਚ ਸਚਿਆਈ ਅਤੇ ਸ਼ਾਂਤੀ ਦਾ ਨਿਆਉਂ ਕਰੋ। ਤੁਹਾਡੇ ਵਿੱਚੋਂ ਕੋਈ ਆਪਣੇ ਗੁਆਂਢੀ ਦੇ ਵਿਰੁੱਧ ਆਪਣੇ ਦਿਲ ਵਿੱਚ ਬੁਰਿਆਈ ਦਾ ਮਤਾ ਨਾ ਪਕਾਵੇ ਅਤੇ ਨਾ ਕੋਈ ਝੂਠੀ ਸੌਂਹ ਨਾਲ ਪਿਆਰ ਕਰੇ ਕਿਉਂ ਜੋ ਏਹਨਾਂ ਸਾਰੀਆਂ ਗੱਲਾਂ ਤੋਂ ਮੈਂ ਘਿਣ ਕਰਦਾ ਹਾਂ, ਯਹੋਵਾਹ ਦਾ ਵਾਕ ਹੈ।”—ਜ਼ਕਰਯਾਹ 8:16, 17.
12 ਯਹੋਵਾਹ ਸਾਨੂੰ ਸੱਚ ਬੋਲਣ ਦੇ ਲਈ ਉਤੇਜਿਤ ਕਰਦਾ ਹੈ। (ਅਫ਼ਸੀਆਂ 4:15, 25) ਉਹ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਨਹੀਂ ਸੁਣਦਾ ਹੈ ਜੋ ਹਾਨੀਕਾਰਕ ਮਤਾ ਪਕਾਉਂਦੇ ਹਨ, ਨਿੱਜੀ ਲਾਭ ਦੇ ਲਈ ਸਚਿਆਈ ਨੂੰ ਛੁਪਾਉਂਦੇ ਹਨ, ਜਾਂ ਝੂਠੀ ਸੌਂਹ ਖਾਂਦੇ ਹਨ। (ਕਹਾਉਤਾਂ 28:9) ਕਿਉਂ ਜੋ ਉਹ ਧਰਮ-ਤਿਆਗ ਤੋਂ ਨਫ਼ਰਤ ਕਰਦਾ ਹੈ, ਉਹ ਚਾਹੁੰਦਾ ਹੈ ਕਿ ਅਸੀਂ ਬਾਈਬਲ ਸਚਿਆਈ ਉੱਤੇ ਡਟੇ ਰਹੀਏ। (ਜ਼ਬੂਰ 25:5; 2 ਯੂਹੰਨਾ 9-11) ਇਸ ਤੋਂ ਇਲਾਵਾ, ਇਸਰਾਏਲ ਵਿਚ ਸ਼ਹਿਰ ਦਿਆਂ ਫ਼ਾਟਕਾਂ ਵਿਖੇ ਬਜ਼ੁਰਗਾਂ ਦੇ ਵਾਂਗ, ਨਿਆਇਕ ਮਾਮਲਿਆਂ ਨੂੰ ਨਿਪਟਾਉਣ ਵਾਲੇ ਬਜ਼ੁਰਗਾਂ ਨੂੰ ਆਪਣੀ ਸਲਾਹ ਅਤੇ ਨਿਰਣੇ ਬਾਈਬਲ ਸਚਿਆਈ ਉੱਤੇ ਆਧਾਰਿਤ ਕਰਨੇ ਚਾਹੀਦੇ ਹਨ, ਨਾ ਕਿ ਨਿੱਜੀ ਰਾਇ ਉੱਤੇ। (ਯੂਹੰਨਾ 17:17) ਯਹੋਵਾਹ ਚਾਹੁੰਦਾ ਹੈ ਕਿ ਉਹ, ਮਸੀਹੀ ਚਰਵਾਹਿਆਂ ਦੇ ਤੌਰ ਤੇ, ਟਾਕਰਾ ਕਰਨ ਵਾਲੇ ਪੱਖਾਂ ਦੇ ਵਿਚਕਾਰ ਮੁੜ ਸ਼ਾਂਤੀ ਬਹਾਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਤੇ ਪਸ਼ਚਾਤਾਪੀ ਪਾਪੀਆਂ ਨੂੰ ਪਰਮੇਸ਼ੁਰ ਦੇ ਨਾਲ ਮੁੜ ਸ਼ਾਂਤੀ ਕਾਇਮ ਕਰਨ ਵਿਚ ਮਦਦ ਕਰਦੇ ਹੋਏ, “ਸ਼ਾਂਤੀ ਦਾ ਨਿਆਉਂ” ਭਾਲਣ। (ਯਾਕੂਬ 5:14, 15; ਯਹੂਦਾਹ 23) ਨਾਲ ਹੀ, ਉਹ ਕਲੀਸਿਯਾ ਦੀ ਸ਼ਾਂਤੀ ਨੂੰ ਸੁਰੱਖਿਅਤ ਰੱਖਦੇ ਹਨ, ਅਤੇ ਸਾਹਸ ਨਾਲ ਉਨ੍ਹਾਂ ਵਿਅਕਤੀਆਂ ਨੂੰ ਛੇਕਦੇ ਹਨ ਜੋ ਜਾਣ-ਬੁੱਝ ਕੇ ਪਾਪ ਵਿਚ ਲੱਗੇ ਰਹਿਣ ਦੇ ਦੁਆਰਾ ਉਸ ਸ਼ਾਂਤੀ ਨੂੰ ਭੰਗ ਕਰਦੇ ਹਨ।—1 ਕੁਰਿੰਥੀਆਂ 6:9, 10.
“ਖੁਸ਼ੀ ਅਤੇ ਅਮਨ ਚੈਨ”
13. (ੳ) ਵਰਤ ਰੱਖਣ ਦੇ ਸੰਬੰਧ ਵਿਚ ਜ਼ਕਰਯਾਹ ਨੇ ਕਿਹੜੀ ਤਬਦੀਲੀ ਦੀ ਭਵਿੱਖਬਾਣੀ ਕੀਤੀ? (ਅ) ਇਸਰਾਏਲ ਵਿਚ ਕਿਹੜਾ ਵਰਤ ਰੱਖਿਆ ਜਾਂਦਾ ਸੀ?
13 ਹੁਣ, ਅਸੀਂ ਇਕ ਅੱਠਵੀਂ ਪ੍ਰਭਾਵਸ਼ਾਲੀ ਘੋਸ਼ਣਾ ਸੁਣਦੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਚੌਥੇ ਮਹੀਨੇ ਦਾ ਵਰਤ ਅਤੇ ਪੰਜਵੇਂ ਮਹੀਨੇ ਦਾ ਵਰਤ ਅਰ ਸਤਵੇਂ ਮਹੀਨੇ ਦਾ ਵਰਤ ਅਰ ਦਸਵੇਂ ਮਹੀਨੇ ਦਾ ਵਰਤ ਯਹੂਦਾਹ ਦੇ ਘਰਾਣੇ ਲਈ ਖੁਸ਼ੀ ਅਤੇ ਅਮਨ ਚੈਨ ਦੇ ਪਰਬ ਹੋਣਗੇ। ਤੁਸੀਂ ਸਚਿਆਈ, ਵਫ਼ਾਦਾਰੀ ਅਤੇ ਸ਼ਾਂਤੀ ਨਾਲ ਪਿਆਰ ਕਰੋ।” (ਜ਼ਕਰਯਾਹ 8:19) ਮੂਸਾ ਦੀ ਬਿਵਸਥਾ ਦੇ ਅਧੀਨ, ਇਸਰਾਏਲੀ ਆਪਣੇ ਪਾਪਾਂ ਦੇ ਲਈ ਅਫ਼ਸੋਸ ਪ੍ਰਗਟ ਕਰਨ ਦੇ ਵਾਸਤੇ ਪ੍ਰਾਸਚਿਤ ਦੇ ਦਿਨ ਤੇ ਵਰਤ ਰੱਖਦੇ ਸਨ। (ਲੇਵੀਆਂ 16:29-31) ਜ਼ਕਰਯਾਹ ਦੁਆਰਾ ਜ਼ਿਕਰ ਕੀਤੇ ਗਏ ਚਾਰ ਵਰਤ ਜ਼ਾਹਰਾ ਤੌਰ ਤੇ ਯਰੂਸ਼ਲਮ ਦੇ ਕਬਜ਼ੇ ਅਤੇ ਵਿਨਾਸ਼ ਨਾਲ ਸੰਬੰਧਿਤ ਘਟਨਾਵਾਂ ਉੱਤੇ ਸੋਗ ਮਨਾਉਣ ਲਈ ਰੱਖੇ ਜਾਂਦੇ ਸਨ। (2 ਰਾਜਿਆਂ 25:1-4, 8, 9, 22-26) ਪਰੰਤੂ, ਹੁਣ ਹੈਕਲ ਮੁੜ ਉਸਾਰੀ ਜਾ ਰਹੀ ਸੀ ਅਤੇ ਯਰੂਸ਼ਲਮ ਮੁੜ ਵਸਾਇਆ ਜਾ ਰਿਹਾ ਸੀ। ਸੋਗ ਖ਼ੁਸ਼ੀ ਵਿਚ ਬਦਲ ਰਿਹਾ ਸੀ, ਅਤੇ ਵਰਤ ਪਰਬ ਬਣ ਸਕਦੇ ਸਨ।
14, 15. (ੳ) ਸਮਾਰਕ ਤਿਉਹਾਰ ਕਿਵੇਂ ਆਨੰਦ ਦੇ ਲਈ ਇਕ ਵੱਡਾ ਕਾਰਨ ਸੀ, ਅਤੇ ਇਸ ਤੋਂ ਸਾਨੂੰ ਕੀ ਯਾਦ ਆਉਣਾ ਚਾਹੀਦਾ ਹੈ? (ਅ) ਜਿਵੇਂ ਕਿ ਸਾਲਾਨਾ ਰਿਪੋਰਟ ਵਿਚ ਦੇਖਿਆ ਜਾਂਦਾ ਹੈ, ਕਿਨ੍ਹਾਂ ਦੇਸ਼ਾਂ ਵਿਚ ਸਮਾਰਕ ਵਿਚ ਸਿਰਕੱਢਵੀਂ ਹਾਜ਼ਰੀ ਸੀ?
14 ਅੱਜ, ਅਸੀਂ ਜ਼ਕਰਯਾਹ ਦੁਆਰਾ ਜ਼ਿਕਰ ਕੀਤੇ ਗਏ ਵਰਤ ਜਾਂ ਬਿਵਸਥਾ ਵਿਚ ਆਦੇਸ਼ ਦਿੱਤੇ ਗਏ ਵਰਤ ਨਹੀਂ ਮਨਾਉਂਦੇ ਹਾਂ। ਕਿਉਂਕਿ ਯਿਸੂ ਨੇ ਸਾਡੇ ਪਾਪਾਂ ਲਈ ਆਪਣਾ ਜੀਵਨ ਦੇ ਦਿੱਤਾ ਹੈ, ਅਸੀਂ ਵੱਡੇ ਪ੍ਰਾਸਚਿਤ ਦੇ ਦਿਨ ਦੀਆਂ ਬਰਕਤਾਂ ਦਾ ਆਨੰਦ ਮਾਣ ਰਹੇ ਹਾਂ। ਸਾਡੇ ਪਾਪ, ਕੇਵਲ ਨਾਂ-ਮਾਤਰ ਤਰੀਕੇ ਤੋਂ ਹੀ ਨਹੀਂ, ਬਲਕਿ ਪੂਰੀ ਤਰ੍ਹਾਂ ਢਕੇ ਜਾਂਦੇ ਹਨ। (ਇਬਰਾਨੀਆਂ 9:6-14) ਸਵਰਗੀ ਪਰਧਾਨ ਜਾਜਕ, ਯਿਸੂ ਮਸੀਹ ਦੇ ਹੁਕਮ ਦੀ ਪਾਲਣਾ ਕਰਦੇ ਹੋਏ, ਅਸੀਂ ਮਸੀਹੀ ਕਲੰਡਰ ਉੱਤੇ ਇੱਕੋ-ਇਕ ਰੀਤੀਬੱਧ ਤਿਉਹਾਰ ਦੇ ਤੌਰ ਤੇ ਉਸ ਦੀ ਮੌਤ ਦਾ ਸਮਾਰਕ ਮਨਾਉਂਦੇ ਹਾਂ। (ਲੂਕਾ 22:19, 20) ਜਿਉਂ ਹੀ ਅਸੀਂ ਹਰ ਸਾਲ ਇਸ ਤਿਉਹਾਰ ਦੇ ਲਈ ਇਕੱਠੇ ਹੁੰਦੇ ਹਾਂ, ਕੀ ਅਸੀਂ “ਖੁਸ਼ੀ ਅਤੇ ਅਮਨ ਚੈਨ” ਅਨੁਭਵ ਨਹੀਂ ਕਰਦੇ ਹਾਂ?
15 ਪਿਛਲੇ ਸਾਲ, 1,31,47,201 ਲੋਕ ਸਮਾਰਕ ਮਨਾਉਣ ਦੇ ਲਈ ਇਕੱਠੇ ਹੋਏ, ਜੋ 1994 ਤੋਂ 8,58,284 ਜ਼ਿਆਦਾ ਸਨ। ਕੀ ਹੀ ਭੀੜ! ਜ਼ਰਾ ਯਹੋਵਾਹ ਦੇ ਗਵਾਹਾਂ ਦੀਆਂ 78,620 ਕਲੀਸਿਯਾਵਾਂ ਵਿਚ ਉਸ ਖ਼ੁਸ਼ੀ ਦੀ ਕਲਪਨਾ ਕਰੋ ਜਿਉਂ-ਜਿਉਂ ਇਸ ਤਿਉਹਾਰ ਦੇ ਲਈ ਅਸਾਧਾਰਣ ਤੌਰ ਤੇ ਵੱਡੀ ਗਿਣਤੀ ਵਿਚ ਲੋਕ ਉਨ੍ਹਾਂ ਦਿਆਂ ਰਾਜ ਗ੍ਰਹਿਆਂ ਵਿਚ ਆਏ। ਯਕੀਨਨ, ਸਾਰੇ ਹਾਜ਼ਰ ਵਿਅਕਤੀ ‘ਸਚਿਆਈ ਅਤੇ ਸ਼ਾਂਤੀ ਨਾਲ ਪਿਆਰ’ ਕਰਨ ਦੇ ਲਈ ਪ੍ਰੇਰਿਤ ਹੋਏ, ਜਿਉਂ-ਜਿਉਂ ਉਨ੍ਹਾਂ ਨੇ ਉਸ ਦੀ ਮੌਤ ਨੂੰ ਚੇਤੇ ਕੀਤਾ ਜੋ “ਰਾਹ ਅਤੇ ਸਚਿਆਈ ਅਤੇ ਜੀਉਣ” ਹੈ ਅਤੇ ਜੋ ਹੁਣ ਯਹੋਵਾਹ ਦੇ ਮਹਾਂ ‘ਸ਼ਾਂਤੀ ਦੇ ਰਾਜ ਕੁਮਾਰ’ ਦੇ ਤੌਰ ਤੇ ਸ਼ਾਸਨ ਕਰਦਾ ਹੈ! (ਯੂਹੰਨਾ 14:6; ਯਸਾਯਾਹ 9:6) ਇਸ ਤਿਉਹਾਰ ਦਾ ਉਨ੍ਹਾਂ ਲੋਕਾਂ ਲਈ ਖ਼ਾਸ ਅਰਥ ਸੀ ਜਿਨ੍ਹਾਂ ਨੇ ਇਸ ਨੂੰ ਗੜਬੜੀ ਅਤੇ ਯੁੱਧਾਂ ਤੋਂ ਪੀੜਿਤ ਦੇਸ਼ਾਂ ਵਿਚ ਮਨਾਇਆ। ਸਾਡੇ ਕਈ ਭਰਾਵਾਂ ਨੇ 1995 ਦੇ ਦੌਰਾਨ ਨਾ ਵਰਣਨਯੋਗ ਦਹਿਸ਼ਤ ਵੇਖੇ ਹਨ। ਫਿਰ ਵੀ, ‘ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਨੇ ਮਸੀਹ ਯਿਸੂ ਵਿੱਚ ਉਨ੍ਹਾਂ ਦਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕੀਤੀ।’—ਫ਼ਿਲਿੱਪੀਆਂ 4:7.
‘ਆਓ ਅਸੀਂ ਯਹੋਵਾਹ ਨੂੰ ਮਨਾਈਏ’
16, 17. ਕੌਮਾਂ ਦੇ ਲੋਕ ਕਿਵੇਂ ‘ਯਹੋਵਾਹ ਨੂੰ ਮਨਾ’ ਸਕਦੇ ਹਨ?
16 ਪਰੰਤੂ, ਸਮਾਰਕ ਵਿਚ ਹਾਜ਼ਰ ਹੋਣ ਵਾਲੇ ਇਹ ਲੱਖਾਂ ਲੋਕ ਕਿੱਥੋਂ ਆਏ ਹਨ? ਯਹੋਵਾਹ ਦਾ ਨੌਵਾਂ ਕਥਨ ਵਿਆਖਿਆ ਕਰਦਾ ਹੈ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ, ਫੇਰ ਉੱਮਤਾਂ ਅਤੇ ਬਹੁਤਿਆਂ ਨਗਰਾਂ ਦੇ ਵਸਨੀਕ ਆਉਣਗੇ। ਤਾਂ ਇੱਕ ਨਗਰ ਦੇ ਵਾਸੀ ਦੂਜੇ ਦੇ ਕੋਲ ਜਾਣਗੇ ਅਤੇ ਆਖਣਗੇ ਕਿ ਆਓ, ਛੇਤੀ ਚੱਲੀਏ, ਯਹੋਵਾਹ ਦੇ ਅੱਗੇ ਬੇਨਤੀ ਕਰੀਏ [“ਨੂੰ ਮਨਾਈਏ,” ਨਿ ਵ] ਅਤੇ ਸੈਨਾਂ ਦੇ ਯਹੋਵਾਹ ਨੂੰ ਭਾਲੀਏ, ਅਰ ਮੈਂ ਭੀ ਚੱਲਾਂਗਾ। ਬਹੁਤ ਸਾਰੇ ਲੋਕ ਅਤੇ ਸੂਰ ਬੀਰ ਕੌਮਾਂ ਸੈਨਾਂ ਦੇ ਯਹੋਵਾਹ ਦੇ ਭਾਲਣ ਲਈ ਯਰੂਸ਼ਲਮ ਵਿੱਚ ਆਉਣਗੀਆਂ ਅਤੇ ਯਹੋਵਾਹ ਦੇ ਅੱਗੇ ਬੇਨਤੀ ਕਰਨਗੀਆਂ [“ਨੂੰ ਮਨਾਉਣਗੀਆਂ,” ਨਿ ਵ]।”—ਜ਼ਕਰਯਾਹ 8:20-22.
17 ਸਮਾਰਕ ਵਿਚ ਹਾਜ਼ਰ ਹੋਏ ਲੋਕ ‘ਸੈਨਾਂ ਦੇ ਯਹੋਵਾਹ ਨੂੰ ਭਾਲਣਾ’ ਚਾਹੁੰਦੇ ਸਨ। ਇਨ੍ਹਾਂ ਵਿੱਚੋਂ ਅਨੇਕ ਵਿਅਕਤੀ ਉਸ ਦੇ ਸਮਰਪਿਤ, ਬਪਤਿਸਮਾ-ਪ੍ਰਾਪਤ ਸੇਵਕ ਸਨ। ਹਾਜ਼ਰ ਹੋਏ ਲੱਖਾਂ ਦੂਜੇ ਲੋਕ ਅਜੇ ਇਸ ਸਥਿਤੀ ਤਕ ਨਹੀਂ ਪਹੁੰਚੇ ਸਨ। ਕੁਝ ਦੇਸ਼ਾਂ ਵਿਚ ਸਮਾਰਕ ਹਾਜ਼ਰੀ ਰਾਜ ਪ੍ਰਕਾਸ਼ਕਾਂ ਦੀ ਗਿਣਤੀ ਤੋਂ ਚੌਗੁਣੀ ਜਾਂ ਪੰਜ-ਗੁਣਾ ਜ਼ਿਆਦਾ ਸੀ। ਦਿਲਚਸਪੀ ਰੱਖਣ ਵਾਲੇ ਇਨ੍ਹਾਂ ਬਹੁਤੇਰਿਆਂ ਲੋਕਾਂ ਨੂੰ ਪ੍ਰਗਤੀ ਕਰਦੇ ਰਹਿਣ ਦੇ ਲਈ ਮਦਦ ਦੀ ਜ਼ਰੂਰਤ ਹੈ। ਆਓ ਅਸੀਂ ਉਨ੍ਹਾਂ ਨੂੰ ਇਸ ਗਿਆਨ ਵਿਚ ਆਨੰਦਿਤ ਹੋਣਾ ਸਿਖਾਈਏ ਕਿ ਯਿਸੂ ਸਾਡੇ ਪਾਪਾਂ ਦੇ ਲਈ ਮਰਿਆ ਅਤੇ ਹੁਣ ਪਰਮੇਸ਼ੁਰ ਦੇ ਰਾਜ ਵਿਚ ਸ਼ਾਸਨ ਕਰ ਰਿਹਾ ਹੈ। (1 ਕੁਰਿੰਥੀਆਂ 5:7, 8; ਪਰਕਾਸ਼ ਦੀ ਪੋਥੀ 11:15) ਅਤੇ ਆਓ ਅਸੀਂ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਨੂੰ ਸਮਰਪਿਤ ਹੋਣ ਅਤੇ ਉਸ ਦੇ ਨਿਯੁਕਤ ਰਾਜਾ ਦੇ ਅਧੀਨ ਹੋਣ ਦੇ ਲਈ ਉਤਸ਼ਾਹ ਦੇਈਏ। ਇਸ ਤਰੀਕੇ ਤੋਂ ਉਹ ‘ਯਹੋਵਾਹ ਨੂੰ ਮਨਾਉਣਗੇ।’—ਜ਼ਬੂਰ 116:18, 19; ਫ਼ਿਲਿੱਪੀਆਂ 2:12, 13.
“ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ”
18, 19. (ੳ) ਜ਼ਕਰਯਾਹ 8:23 ਦੀ ਪੂਰਤੀ ਵਿਚ, ਅੱਜ “ਇੱਕ ਯਹੂਦੀ” ਕੌਣ ਹੈ? (ਅ) ਅੱਜ “ਦਸ ਮਨੁੱਖ” ਕੌਣ ਹਨ ਜੋ ‘ਇੱਕ ਯਹੂਦੀ ਦਾ ਪੱਲਾ ਫੜਦੇ ਹਨ’?
18 ਜ਼ਕਰਯਾਹ ਦੇ ਅੱਠਵੇਂ ਅਧਿਆਇ ਵਿਚ ਆਖ਼ਰੀ ਵਾਰ ਅਸੀਂ ਪੜ੍ਹਦੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ।” ਯਹੋਵਾਹ ਦੀ ਆਖ਼ਰੀ ਘੋਸ਼ਣਾ ਕੀ ਹੈ? “ਓਹਨਾਂ ਦਿਨਾਂ ਵਿੱਚ ਵੱਖੋ ਵੱਖ ਬੋਲੀ ਦੇ ਬੋਲਣ ਵਾਲੀਆਂ ਕੌਮਾਂ ਦੇ ਦਸ ਮਨੁੱਖ ਇੱਕ ਯਹੂਦੀ ਦਾ ਪੱਲਾ ਫੜਨਗੇ ਅਤੇ ਆਖਣਗੇ ਕਿ ਅਸੀਂ ਤੁਹਾਡੇ ਨਾਲ ਚੱਲਾਂਗੇ ਕਿਉਂ ਜੋ ਅਸਾਂ ਸੁਣਿਆਂ ਹੈ ਕਿ ਪਰਮੇਸ਼ੁਰ ਤੁਹਾਡੇ ਸੰਗ ਹੈ।” (ਜ਼ਕਰਯਾਹ 8:23) ਜ਼ਕਰਯਾਹ ਦੇ ਦਿਨਾਂ ਵਿਚ, ਪ੍ਰਾਕਿਰਤਕ ਇਸਰਾਏਲ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਸੀ। ਪਰੰਤੂ, ਪਹਿਲੀ ਸਦੀ ਵਿਚ ਇਸਰਾਏਲ ਨੇ ਯਹੋਵਾਹ ਦੇ ਮਸੀਹਾ ਨੂੰ ਠੁਕਰਾ ਦਿੱਤਾ। ਇਸ ਲਈ, ਸਾਡੇ ਪਰਮੇਸ਼ੁਰ ਨੇ “ਇਕ ਯਹੂਦੀ”—ਇਕ ਨਵੇਂ ਇਸਰਾਏਲ—ਨੂੰ ਆਪਣੀ ਖ਼ਾਸ ਪਰਜਾ ਦੇ ਤੌਰ ਤੇ ਚੁਣਿਆ, ਅਰਥਾਤ ਅਧਿਆਤਮਿਕ ਯਹੂਦੀਆਂ ਨਾਲ ਬਣਿਆ ਹੋਇਆ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16; ਯੂਹੰਨਾ 1:11; ਰੋਮੀਆਂ 2:28, 29) ਇਨ੍ਹਾਂ ਦੀ ਅੰਤਿਮ ਗਿਣਤੀ 1,44,000 ਹੋਣੀ ਸੀ, ਜਿਨ੍ਹਾਂ ਨੂੰ ਯਿਸੂ ਦੇ ਨਾਲ ਉਸ ਦੇ ਸਵਰਗੀ ਰਾਜ ਵਿਚ ਸ਼ਾਸਨ ਕਰਨ ਲਈ ਮਨੁੱਖਜਾਤੀ ਵਿੱਚੋਂ ਚੁਣਿਆ ਗਿਆ ਸੀ।—ਪਰਕਾਸ਼ ਦੀ ਪੋਥੀ 14:1, 4.
19 ਇਨ੍ਹਾਂ 1,44,000 ਵਿੱਚੋਂ ਅਧਿਕਤਰ ਵਿਅਕਤੀ ਵਫ਼ਾਦਾਰੀ ਦੀ ਸਥਿਤੀ ਕਾਇਮ ਰੱਖਦੇ ਹੋਏ ਪਹਿਲਾਂ ਹੀ ਮਰ ਚੁੱਕੇ ਹਨ ਅਤੇ ਆਪਣੇ ਸਵਰਗੀ ਪ੍ਰਤਿਫਲ ਨੂੰ ਚਲੇ ਗਏ ਹਨ। (1 ਕੁਰਿੰਥੀਆਂ 15:51, 52; ਪਰਕਾਸ਼ ਦੀ ਪੋਥੀ 6:9-11) ਕੁਝ ਵਿਅਕਤੀ ਹਾਲੇ ਧਰਤੀ ਉੱਤੇ ਬਾਕੀ ਹਨ ਅਤੇ ਉਹ ਇਹ ਦੇਖ ਕੇ ਆਨੰਦਿਤ ਹੁੰਦੇ ਹਨ ਕਿ ਉਹ “ਦਸ ਮਨੁੱਖ” ਜੋ “ਯਹੂਦੀ” ਦੇ ਨਾਲ ਚੱਲਣਾ ਚੁਣਦੇ ਹਨ, ਸੱਚ-ਮੁੱਚ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ” ਸਾਬਤ ਹੋਏ ਹਨ।—ਪਰਕਾਸ਼ ਦੀ ਪੋਥੀ 7:9; ਯਸਾਯਾਹ 2:2, 3; 60:4-10, 22.
20, 21. ਜਿਉਂ-ਜਿਉਂ ਇਸ ਸੰਸਾਰ ਦਾ ਅੰਤ ਨੇੜੇ ਆਉਂਦਾ ਹੈ, ਅਸੀਂ ਕਿਵੇਂ ਯਹੋਵਾਹ ਦੇ ਨਾਲ ਸ਼ਾਂਤੀ ਵਿਚ ਬਣੇ ਰਹਿ ਸਕਦੇ ਹਾਂ?
20 ਜਿਉਂ-ਜਿਉਂ ਇਸ ਸੰਸਾਰ ਦਾ ਅੰਤ ਅਨਿਵਾਰੀ ਰੂਪ ਵਿਚ ਨੇੜੇ ਆਉਂਦਾ ਹੈ, ਮਸੀਹੀ-ਜਗਤ ਯਿਰਮਿਯਾਹ ਦੇ ਦਿਨਾਂ ਦੇ ਯਰੂਸ਼ਲਮ ਵਾਂਗ ਹੈ: “ਅਸਾਂ ਸ਼ਾਂਤੀ ਨੂੰ ਉਡੀਕਿਆ ਪਰ ਭਲਿਆਈ ਹੈ ਨਹੀਂ, ਅਰੋਗਤਾ ਦੇ ਵੇਲੇ ਲਈ ਵੀ ਪਰ ਵੇਖੋ, ਹੌਲ ਸੀ।” (ਯਿਰਮਿਯਾਹ 14:19) ਉਹ ਹੌਲ ਸਿਖਰ ਤੇ ਪਹੁੰਚੇਗਾ ਜਦੋਂ ਕੌਮਾਂ ਝੂਠੇ ਧਰਮ ਦੇ ਵਿਰੁੱਧ ਹੋ ਕੇ ਉਸ ਦਾ ਹਿੰਸਕ ਅੰਤ ਕਰ ਦੇਣਗੀਆਂ। ਇਸ ਤੋਂ ਥੋੜ੍ਹੀ ਹੀ ਦੇਰ ਬਾਅਦ, ਕੌਮਾਂ ਖ਼ੁਦ ਪਰਮੇਸ਼ੁਰ ਦੇ ਆਖ਼ਰੀ ਯੁੱਧ, ਆਰਮਾਗੇਡਨ ਵਿਚ ਵਿਨਾਸ਼ ਅਨੁਭਵ ਕਰਨਗੀਆਂ। (ਮੱਤੀ 24:29, 30; ਪਰਕਾਸ਼ ਦੀ ਪੋਥੀ 16:14, 16; 17:16-18; 19:11-21) ਉਹ ਖਲਬਲੀ ਦਾ ਕੀ ਹੀ ਸਮਾਂ ਹੋਵੇਗਾ!
21 ਇਨ੍ਹਾਂ ਸਭ ਕੁੱਝ ਵਿੱਚੋਂ, ਯਹੋਵਾਹ ਉਨ੍ਹਾਂ ਦੀ ਰੱਖਿਆ ਕਰੇਗਾ ਜੋ ਸਚਿਆਈ ਨਾਲ ਪਿਆਰ ਕਰਦੇ ਅਤੇ ‘ਸ਼ਾਂਤੀ ਦੇ ਬੀ’ ਨੂੰ ਵਿਕਸਿਤ ਕਰਦੇ ਹਨ। (ਜ਼ਕਰਯਾਹ 8:12; ਸਫ਼ਨਯਾਹ 2:3) ਤਾਂ ਫਿਰ, ਆਓ ਅਸੀਂ ਸ਼ਰ੍ਹੇਆਮ ਸਰਗਰਮੀ ਨਾਲ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਅਤੇ ਜਿੰਨਾ ਸੰਭਵ ਹੋਵੇ ਉੱਨੇ ਜ਼ਿਆਦਾ ਲੋਕਾਂ ਨੂੰ ‘ਯਹੋਵਾਹ ਨੂੰ ਮਨਾਉਣ’ ਦੇ ਲਈ ਮਦਦ ਕਰਦੇ ਹੋਏ, ਉਸ ਦੇ ਲੋਕਾਂ ਦੇ ਦੇਸ਼ ਵਿਚ ਸੁਰੱਖਿਅਤ ਰਹੀਏ। ਜੇਕਰ ਅਸੀਂ ਇੰਜ ਕਰਾਂਗੇ, ਤਾਂ ਅਸੀਂ ਹਮੇਸ਼ਾ ਯਹੋਵਾਹ ਦੀ ਸ਼ਾਂਤੀ ਦਾ ਆਨੰਦ ਮਾਣਾਂਗੇ। ਜੀ ਹਾਂ, “ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ।”—ਜ਼ਬੂਰ 29:11. (w96 1/1)
ਕੀ ਤੁਸੀਂ ਸਮਝਾ ਸਕਦੇ ਹੋ?
◻ ਜ਼ਕਰਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਿਵੇਂ ‘ਆਪਣੇ ਹੱਥ ਤਕੜੇ ਹੋਣ’ ਦਿੱਤੇ? ਤਾਂ ਅੱਜ ਕਿਵੇਂ?
◻ ਸਤਾਹਟ, ਵੈਰਭਾਵ, ਅਤੇ ਉਦਾਸੀਨਤਾ ਦੇ ਪ੍ਰਤੀ ਅਸੀਂ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਾਂ?
◻ ਸਾਡਾ ‘ਆਪਣੇ ਗੁਆਂਢੀ ਨਾਲ ਸੱਚ ਬੋਲਣ’ ਵਿਚ ਕੀ ਸ਼ਾਮਲ ਹੈ?
◻ ਇਕ ਵਿਅਕਤੀ ਕਿਵੇਂ ‘ਯਹੋਵਾਹ ਨੂੰ ਮਨਾ’ ਸਕਦਾ ਹੈ?
◻ ਜ਼ਕਰਯਾਹ 8:23 ਦੀ ਪੂਰਤੀ ਵਿਚ ਆਨੰਦ ਮਾਣਨ ਦਾ ਕਿਹੜਾ ਵੱਡਾ ਕਾਰਨ ਦੇਖਿਆ ਜਾਂਦਾ ਹੈ?
[ਸਫ਼ੇ 14 ਉੱਤੇ ਤਸਵੀਰ]
ਪਿਛਲੇ ਸਾਲ, ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨਾਲ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕਰਨ ਵਿਚ 1,15,03,53,444 ਘੰਟੇ ਬਿਤਾਏ