ਸਾਡੇ ਵਿਰੁੱਧ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ
“ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ।”—ਯਸਾਯਾਹ 54:17.
1, 2. ਅਲਬਾਨੀਆ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦਾ ਤਜਰਬਾ ਕਿਵੇਂ ਦਿਖਾਉਂਦਾ ਹੈ ਕਿ ਯਹੋਵਾਹ ਯਸਾਯਾਹ 54:17 ਵਿਚ ਕੀਤਾ ਆਪਣਾ ਵਾਅਦਾ ਪੂਰਾ ਕਰਦਾ ਹੈ?
ਕਈ ਦਹਾਕੇ ਪਹਿਲਾਂ ਯੂਰਪ ਦੇ ਇਕ ਛੋਟੇ ਜਿਹੇ ਪਹਾੜੀ ਦੇਸ਼ ਵਿਚ ਬਹਾਦਰ ਲੋਕਾਂ ਦਾ ਇਕ ਸਮੂਹ ਹੋਇਆ ਕਰਦਾ ਸੀ। ਦੇਸ਼ ਦੀ ਸਰਕਾਰ ਨਾਸਤਿਕ ਤੇ ਕਮਿਊਨਿਸਟ ਸੀ ਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਖ਼ਤਮ ਕਰਨ ਲਈ ਉਨ੍ਹਾਂ ਉੱਤੇ ਜ਼ੁਲਮ ਢਾਹੇ। ਪਰ ਨਾ ਤਸੀਹੇ, ਨਾ ਲੇਬਰ ਕੈਂਪ ਅਤੇ ਨਾ ਹੀ ਮੀਡੀਆ ਦੇ ਜ਼ਰੀਏ ਕੀਤੀ ਨਿੰਦਿਆ ਉਨ੍ਹਾਂ ਦਾ ਖੁਰਾ-ਖੋਜ ਮਿਟਾ ਸਕੀ। ਇਹ ਲੋਕ ਕੌਣ ਸਨ? ਇਹ ਅਲਬਾਨੀਆ ਦੇਸ਼ ਵਿਚ ਯਹੋਵਾਹ ਦੇ ਗਵਾਹ ਸਨ। ਭਾਵੇਂ ਉਨ੍ਹਾਂ ਲਈ ਪ੍ਰਚਾਰ ਕਰਨਾ ਅਤੇ ਸਭਾਵਾਂ ਵਿਚ ਜਾਣਾ ਬਹੁਤ ਹੀ ਮੁਸ਼ਕਲ ਸੀ, ਫਿਰ ਵੀ ਉਨ੍ਹਾਂ ਦਹਾਕਿਆਂ ਦੌਰਾਨ ਉਨ੍ਹਾਂ ਨੇ ਆਪਣੀ ਨਿਹਚਾ ਮਜ਼ਬੂਤ ਰੱਖੀ ਅਤੇ ਉਹ ਯਹੋਵਾਹ ਦੇ ਨਾਂ ਦੀ ਗਵਾਹੀ ਦਿੰਦੇ ਰਹੇ। ਸਾਲ 2006 ਵਿਚ ਅਲਬਾਨੀਆ ਦੇ ਨਵੇਂ ਬ੍ਰਾਂਚ ਆਫ਼ਿਸ ਦੇ ਉਦਘਾਟਨ ਵੇਲੇ ਲੰਮੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਭਰਾ ਨੇ ਕਿਹਾ: “ਸ਼ਤਾਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਹਾਰਦਾ ਰਹਿੰਦਾ ਹੈ ਤੇ ਯਹੋਵਾਹ ਜਿੱਤਦਾ ਰਹਿੰਦਾ ਹੈ!”
2 ਇਨ੍ਹਾਂ ਸਾਰੀਆਂ ਗੱਲਾਂ ਤੋਂ ਸਬੂਤ ਮਿਲਦਾ ਹੈ ਕਿ ਪਰਮੇਸ਼ੁਰ ਆਪਣੇ ਲੋਕਾਂ ਨਾਲ ਕੀਤਾ ਇਹ ਵਾਅਦਾ ਪੂਰਾ ਕਰਦਾ ਹੈ: ‘ਹਰ ਹਥਿਆਰ ਜੋ ਤੁਹਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੁਹਾਡੇ ਵਿਰੁੱਧ ਨਿਆਉਂ ਲਈ ਉੱਠੇ, ਤੁਸੀਂ ਦੋਸ਼ੀ ਠਹਿਰਾਵੋਗੇ।’ (ਯਸਾਯਾਹ 54:17) ਇਤਿਹਾਸ ਗਵਾਹ ਹੈ ਕਿ ਸ਼ਤਾਨ ਦੀ ਦੁਨੀਆਂ ਕੁਝ ਵੀ ਕਰ ਲਵੇ ਉਹ ਯਹੋਵਾਹ ਦੇ ਗਵਾਹਾਂ ਨੂੰ ਉਸ ਦੀ ਭਗਤੀ ਕਰਨੋਂ ਨਹੀਂ ਰੋਕ ਸਕਦੀ।
ਸ਼ਤਾਨ ਦੇ ਬੇਕਾਰ ਹਥਿਆਰ
3, 4. (ੳ) ਸ਼ਤਾਨ ਕਿਹੜੇ-ਕਿਹੜੇ ਹਥਿਆਰ ਵਰਤਦਾ ਹੈ? (ਅ) ਸ਼ਤਾਨ ਦੇ ਹਥਿਆਰ ਬੇਕਾਰ ਕਿਵੇਂ ਸਾਬਤ ਹੋਏ ਹਨ?
3 ਪਰਮੇਸ਼ੁਰ ਦੇ ਲੋਕਾਂ ਵਿਰੁੱਧ ਕਿਹੋ ਜਿਹੇ ਹਥਿਆਰ ਵਰਤੇ ਗਏ ਹਨ? ਕਈ ਵਾਰ ਉਨ੍ਹਾਂ ਦੇ ਕੰਮ ਤੇ ਪਾਬੰਦੀਆਂ ਲਾਈਆਂ ਗਈਆਂ, ਉਨ੍ਹਾਂ ਨੂੰ ਮਾਰਿਆ-ਕੁੱਟਿਆ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ ਤੇ “ਬਿਧੀ ਦੀ ਓਟ” ਯਾਨੀ ਕਾਨੂੰਨ ਦੀ ਆੜ ਵਿਚ ਉਨ੍ਹਾਂ ਖ਼ਿਲਾਫ਼ “ਸ਼ਰਾਰਤ” ਘੜੀ ਗਈ। (ਜ਼ਬੂਰਾਂ ਦੀ ਪੋਥੀ 94:20) ਦਰਅਸਲ ਕੁਝ ਦੇਸ਼ਾਂ ਵਿਚ ਸਾਡੇ ਵਫ਼ਾਦਾਰ ਭੈਣ-ਭਰਾ ਅਜੇ ਵੀ “ਪਰਤਾਏ” ਜਾ ਰਹੇ ਹਨ।—ਪਰਕਾਸ਼ ਦੀ ਪੋਥੀ 2:10.
4 ਯਹੋਵਾਹ ਦੇ ਗਵਾਹਾਂ ਦੇ ਇਕ ਬ੍ਰਾਂਚ ਆਫ਼ਿਸ ਨੇ ਰਿਪੋਰਟ ਕੀਤਾ ਕਿ ਸਿਰਫ਼ ਇਕ ਸਾਲ ਦੇ ਅੰਦਰ-ਅੰਦਰ 32 ਵਾਰ ਭੈਣਾਂ-ਭਰਾਵਾਂ ਤੇ ਜਿਸਮਾਨੀ ਹਮਲਾ ਕੀਤਾ ਗਿਆ ਜਦ ਉਹ ਪ੍ਰਚਾਰ ਕਰ ਰਹੇ ਸਨ। ਇਸ ਤੋਂ ਇਲਾਵਾ, ਹਰ ਉਮਰ ਦੇ ਭੈਣਾਂ-ਭਰਾਵਾਂ ਨੂੰ ਪ੍ਰਚਾਰ ਕਰਨੋਂ ਰੋਕਣ ਲਈ ਉਨ੍ਹਾਂ ਨੂੰ 59 ਵਾਰ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਵਿੱਚੋਂ ਕੁਝ ਜਣਿਆਂ ਦੀਆਂ ਉਂਗਲਾਂ ਦੇ ਨਿਸ਼ਾਨ ਲਏ ਗਏ, ਫੋਟੋਆਂ ਖਿੱਚੀਆਂ ਗਈਆਂ ਅਤੇ ਅਪਰਾਧੀ ਕਰਾਰ ਦੇ ਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਗਿਆ। ਹੋਰਨਾਂ ਨੂੰ ਮਾਰਨ-ਕੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਕ ਹੋਰ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨੂੰ ਗਿਰਫ਼ਤਾਰ ਕੀਤੇ ਜਾਣ, ਉਨ੍ਹਾਂ ਉੱਤੇ ਜੁਰਮਾਨਾ ਥੋਪੇ ਜਾਣ ਅਤੇ ਉਨ੍ਹਾਂ ਨੂੰ ਮਾਰੇ-ਕੁੱਟੇ ਜਾਣ ਦੇ 1,100 ਤੋਂ ਜ਼ਿਆਦਾ ਮੁਕੱਦਮੇ ਦਰਜ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 200 ਤੋਂ ਜ਼ਿਆਦਾ ਮਾਮਲੇ ਇੱਕੋ ਦਿਨ ਦੇ ਹਨ ਜਦ ਸਾਡੇ ਭੈਣ-ਭਰਾ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਵਾਸਤੇ ਇਕੱਠੇ ਹੋਏ ਸਨ। ਇਸ ਦੇ ਬਾਵਜੂਦ ਇਨ੍ਹਾਂ ਅਤੇ ਹੋਰਨਾਂ ਦੇਸ਼ਾਂ ਵਿਚ ਯਹੋਵਾਹ ਦੀ ਆਤਮਾ ਦੀ ਮਦਦ ਨਾਲ ਉਸ ਦੇ ਲੋਕ ਅਜੇ ਵੀ ਉਸ ਦੀ ਸੇਵਾ ਕਰਨ ਵਿਚ ਲੱਗੇ ਹੋਏ ਹਨ। (ਜ਼ਕਰਯਾਹ 4:6) ਦੁਸ਼ਮਣਾਂ ਦਾ ਭਖਦਾ ਗੁੱਸਾ ਸਾਡੇ ਭੈਣ-ਭਰਾਵਾਂ ਨੂੰ ਚੁੱਪ ਨਹੀਂ ਕਰ ਸਕੇਗਾ। ਉਹ ਹਾਲੇ ਵੀ ਯਹੋਵਾਹ ਦੀ ਵਡਿਆਈ ਕਰ ਰਹੇ ਹਨ। ਜੀ ਹਾਂ, ਸਾਨੂੰ ਪੂਰਾ ਭਰੋਸਾ ਹੈ ਕਿ ਯਹੋਵਾਹ ਦੇ ਮਕਸਦ ਨੂੰ ਕੋਈ ਵੀ ਹਥਿਆਰ ਪੂਰਾ ਹੋਣ ਤੋਂ ਰੋਕ ਨਹੀਂ ਸਕਦਾ।
ਹਰ ਝੂਠੀ ਜੀਭ ਦੋਸ਼ੀ ਠਹਿਰਾਈ ਜਾਵੇਗੀ
5. ਪਹਿਲੀ ਸਦੀ ਵਿਚ ਪਰਮੇਸ਼ੁਰ ਦੇ ਸੇਵਕਾਂ ਬਾਰੇ ਕਿਹੜੀਆਂ ਝੂਠੀਆਂ ਗੱਲਾਂ ਕਹੀਆਂ ਗਈਆਂ ਸਨ?
5 ਯਸਾਯਾਹ ਨਬੀ ਨੇ ਪਹਿਲਾਂ ਹੀ ਦੱਸਿਆ ਸੀ ਕਿ ਪਰਮੇਸ਼ੁਰ ਦੇ ਸੇਵਕ ਉਨ੍ਹਾਂ ਖ਼ਿਲਾਫ਼ ਕਹੀ ਹਰ ਗੱਲ ਨੂੰ ਝੂਠੀ ਠਹਿਰਾਉਣਗੇ। ਪਹਿਲੀ ਸਦੀ ਵਿਚ ਯਿਸੂ ਦੇ ਚੇਲਿਆਂ ਬਾਰੇ ਝੂਠੀਆਂ ਗੱਲਾਂ ਕਹਿ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾਂਦਾ ਸੀ। ਰਸੂਲਾਂ ਦੇ ਕਰਤੱਬ 16:20, 21 ਤੋਂ ਪਤਾ ਲੱਗਦਾ ਹੈ ਕਿ ਮਸੀਹੀਆਂ ਤੇ ਕਿਹੋ ਜਿਹੇ ਇਲਜ਼ਾਮ ਲਾਏ ਗਏ ਸਨ: “ਏਹ ਮਨੁੱਖ . . . ਸਾਡੇ ਸ਼ਹਿਰ ਨੂੰ ਬਹੁਤ ਜਿੱਚ ਕਰਦੇ ਹਨ ਅਤੇ ਸਾਨੂੰ ਅਜੇਹੀਆਂ ਰੀਤਾਂ ਦੱਸਦੇ ਹਨ ਕਿ ਜਿਨ੍ਹਾਂ ਦਾ ਮੰਨਣਾ ਅਤੇ ਪੂਰਾ ਕਰਨਾ ਸਾਨੂੰ ਜੋ ਰੋਮੀ ਹਾਂ ਜੋਗ ਨਹੀਂ।” ਇਕ ਹੋਰ ਮੌਕੇ ਤੇ ਵਿਰੋਧੀਆਂ ਨੇ ਸ਼ਹਿਰ ਦੇ ਸਰਦਾਰਾਂ ਨੂੰ ਯਿਸੂ ਦੇ ਚੇਲਿਆਂ ਦੇ ਵਿਰੁੱਧ ਉਕਸਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਇਹ ਦਾਅਵਾ ਕੀਤਾ ਕਿ “ਏਹ ਲੋਕ ਜਿਨ੍ਹਾਂ ਜਗਤ ਨੂੰ ਉਲਟਾ ਦਿੱਤਾ ਹੈ ਏੱਥੇ ਵੀ ਆਏ ਹਨ! [ਅਤੇ ਇਹ] ਕੈਸਰ ਦੇ ਹੁਕਮਾਂ ਦੇ ਵਿਰੁੱਧ” ਬੋਲਦੇ ਹਨ। (ਰਸੂਲਾਂ ਦੇ ਕਰਤੱਬ 17:6, 7) ਪੌਲੁਸ ਰਸੂਲ ਨੂੰ ਇਕ “ਬਲਾ” ਅਤੇ “ਸਾਰੀ ਦੁਨੀਆ” ਵਿਚ ਫ਼ਸਾਦ ਪਾਉਣ ਵਾਲਾ ਕਿਹਾ ਗਿਆ ਸੀ।—ਰਸੂਲਾਂ ਦੇ ਕਰਤੱਬ 24:2-5.
6, 7. ਸਾਡੇ ਬਾਰੇ ਝੂਠੀਆਂ ਗੱਲਾਂ ਕਹਿਣ ਵਾਲਿਆਂ ਦਾ ਮੂੰਹ ਬੰਦ ਕਰਨ ਦਾ ਇਕ ਵਧੀਆ ਤਰੀਕਾ ਕੀ ਹੈ?
6 ਤਾਂ ਫਿਰ ਇਹ ਕੋਈ ਨਵੀਂ ਗੱਲ ਨਹੀਂ ਕਿ ਅੱਜ ਵੀ ਭੈਣ-ਭਰਾ ਗ਼ਲਤ ਬਿਆਨਾਂ, ਝੂਠੀਆਂ ਗੱਲਾਂ, ਬਦਨਾਮੀ ਤੇ ਝੂਠੀਆਂ ਅਫ਼ਵਾਹਾਂ ਦਾ ਸ਼ਿਕਾਰ ਬਣਦੇ ਹਨ। ਅਸੀਂ ਇਸ ਤਰ੍ਹਾਂ ਦੇ ਦੋਸ਼ ਲਾਉਣ ਵਾਲੇ ਲੋਕਾਂ ਨੂੰ ਦੋਸ਼ੀ ਕਿਵੇਂ ਠਹਿਰਾ ਰਹੇ ਹਾਂ?—ਯਸਾਯਾਹ 54:17.
7 ਯਹੋਵਾਹ ਦੇ ਗਵਾਹਾਂ ਦਾ ਨੇਕ ਚਾਲ-ਚਲਣ ਅਜਿਹੇ ਦੋਸ਼ ਲਾਉਣ ਵਾਲਿਆਂ ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਦਾ ਮੂੰਹ ਬੰਦ ਕਰ ਦਿੰਦਾ ਹੈ। (1 ਪਤਰਸ 2:12) ਜਦੋਂ ਅਸੀਂ ਇਸ ਗੱਲ ਦਾ ਸਬੂਤ ਦਿੰਦੇ ਹਾਂ ਕਿ ਅਸੀਂ ਕਾਇਦੇ-ਕਾਨੂੰਨਾਂ ਨੂੰ ਮੰਨਣ ਵਾਲੇ ਅਤੇ ਦੂਜਿਆਂ ਦਾ ਭਲਾ ਕਰਨ ਵਾਲੇ ਨੇਕ ਲੋਕ ਹਾਂ, ਤਾਂ ਸਾਡੇ ਖ਼ਿਲਾਫ਼ ਕਹੀਆਂ ਸਾਰੀਆਂ ਗੱਲਾਂ ਗ਼ਲਤ ਸਾਬਤ ਹੁੰਦੀਆਂ ਹਨ। ਸਾਡਾ ਚੰਗਾ ਚਾਲ-ਚਲਣ ਖ਼ੁਦ ਗਵਾਹੀ ਦਿੰਦਾ ਹੈ ਕਿ ਅਸੀਂ ਸੱਚੇ ਤੇ ਈਮਾਨਦਾਰ ਹਾਂ। ਜਦ ਲੋਕ ਸਾਡੇ ਚੰਗੇ ਕੰਮਾਂ ਨੂੰ ਦੇਖਦੇ ਹਨ, ਤਾਂ ਉਹ ਅਕਸਰ ਸਾਡੇ ਸਵਰਗੀ ਪਿਤਾ ਦੀ ਵਡਿਆਈ ਕਰਨ ਲੱਗਦੇ ਹਨ।—ਯਸਾਯਾਹ 60:14; ਮੱਤੀ 5:14-16.
8. (ੳ) ਯਹੋਵਾਹ ਦੇ ਭਗਤਾਂ ਵਜੋਂ ਆਪਣੀ ਸਫ਼ਾਈ ਪੇਸ਼ ਕਰਨ ਲਈ ਸਾਨੂੰ ਸ਼ਾਇਦ ਕੀ ਕਰਨਾ ਪਵੇ? (ਅ) ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਅਸੀਂ ਝੂਠਾ ਦੋਸ਼ ਲਾਉਣ ਵਾਲਿਆਂ ਨੂੰ ਗ਼ਲਤ ਕਿਵੇਂ ਸਾਬਤ ਕਰਦੇ ਹਾਂ?
8 ਆਪਣਾ ਚਾਲ-ਚਲਣ ਨੇਕ ਰੱਖਣ ਤੋਂ ਇਲਾਵਾ ਕਈ ਵਾਰ ਸਾਨੂੰ ਸ਼ਾਇਦ ਯਹੋਵਾਹ ਦੇ ਭਗਤਾਂ ਵਜੋਂ ਆਪਣੀ ਸਫ਼ਾਈ ਪੇਸ਼ ਕਰਨੀ ਪਵੇ ਕਿ ਅਸੀਂ ਕੋਈ ਕੰਮ ਕਿਉਂ ਕਰਦੇ ਹਾਂ। ਅਸੀਂ ਆਪਣੇ ਬਚਾਅ ਲਈ ਅਦਾਲਤਾਂ ਦਾ ਦਰਵਾਜ਼ਾ ਖੜਕਾਉਂਦੇ ਹਾਂ। (ਅਸਤਰ 8:3; ਰਸੂਲਾਂ ਦੇ ਕਰਤੱਬ 22:25-29; 25:10-12) ਕਈ ਮੌਕਿਆਂ ਤੇ ਯਿਸੂ ਨੇ ਆਪਣੇ ਵਿਰੋਧੀਆਂ ਨਾਲ ਖੁੱਲ੍ਹ ਕੇ ਬਹਿਸ ਕੀਤੀ ਤੇ ਉਨ੍ਹਾਂ ਦੇ ਝੂਠੇ ਦੋਸ਼ਾਂ ਨੂੰ ਗ਼ਲਤ ਸਾਬਤ ਕੀਤਾ। (ਮੱਤੀ 12:34-37; 15:1-11) ਯਿਸੂ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਅਸੀਂ ਵੀ ਮੌਕਾ ਮਿਲਣ ਤੇ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਾਫ਼-ਸਾਫ਼ ਸਮਝਾਉਂਦੇ ਹਾਂ। (1 ਪਤਰਸ 3:15) ਭਾਵੇਂ ਸਕੂਲੇ ਜਾਂ ਕੰਮ ਦੀ ਥਾਂ ਤੇ ਲੋਕ ਸਾਡਾ ਮਖੌਲ ਉਡਾਉਣ ਜਾਂ ਰਿਸ਼ਤੇਦਾਰ ਸਾਨੂੰ ਬੁਰਾ-ਭਲਾ ਕਹਿਣ, ਫਿਰ ਵੀ ਅਸੀਂ ਯਹੋਵਾਹ ਦੀਆਂ ਸੱਚਾਈਆਂ ਦੱਸਣੋਂ ਨਹੀਂ ਹਟਾਂਗੇ।—2 ਪਤਰਸ 3:3, 4.
ਯਰੂਸ਼ਲਮ—“ਇਕ ਭਾਰੀ ਪੱਥਰ”
9. ਜ਼ਕਰਯਾਹ 12:3 ਵਿਚ ਕਿਹੜੇ ਯਰੂਸ਼ਲਮ ਨੂੰ “ਭਾਰੀ ਪੱਥਰ” ਕਿਹਾ ਗਿਆ ਹੈ ਅਤੇ ਧਰਤੀ ਤੇ ਇਸ ਦੇ ਕੌਣ ਮੈਂਬਰ ਹਨ?
9 ਜ਼ਕਰਯਾਹ ਦੀ ਭਵਿੱਖਬਾਣੀ ਤੋਂ ਜ਼ਾਹਰ ਹੁੰਦਾ ਹੈ ਕਿ ਕੌਮਾਂ ਪਰਮੇਸ਼ੁਰ ਦੇ ਲੋਕਾਂ ਦਾ ਵਿਰੋਧ ਕਿਉਂ ਕਰਦੀਆਂ ਹਨ। ਧਿਆਨ ਦਿਓ ਕਿ ਜ਼ਕਰਯਾਹ 12:3 ਵਿਚ ਕੀ ਕਿਹਾ ਗਿਆ ਹੈ: “ਮੈਂ ਉਸ ਦਿਨ ਯਰੂਸ਼ਲਮ ਨੂੰ ਸਾਰਿਆਂ ਲੋਕਾਂ ਲਈ ਇੱਕ ਭਾਰੀ ਪੱਥਰ ਠਹਿਰਾਵਾਂਗਾ।” ਇੱਥੇ ਕਿਹੜੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ? ਜ਼ਕਰਯਾਹ ਦੀ ਭਵਿੱਖਬਾਣੀ “ਸੁਰਗੀ ਯਰੂਸ਼ਲਮ” ਯਾਨੀ ਪਰਮੇਸ਼ੁਰ ਦੇ ਸਵਰਗੀ ਰਾਜ ਤੇ ਲਾਗੂ ਹੁੰਦੀ ਹੈ ਜਿਸ ਦੇ ਵਾਰਸ ਮਸਹ ਕੀਤੇ ਹੋਏ ਮਸੀਹੀ ਹਨ। (ਇਬਰਾਨੀਆਂ 12:22) ਇਨ੍ਹਾਂ ਮਸਹ ਕੀਤੇ ਹੋਇਆਂ ਵਿੱਚੋਂ ਕੁਝ ਮਸੀਹੀ ਅਜੇ ਧਰਤੀ ਤੇ ਹਨ। ਉਹ ‘ਹੋਰ ਭੇਡਾਂ’ ਨਾਲ ਮਿਲ ਕੇ ਅੰਤ ਆਉਣ ਤੋਂ ਪਹਿਲਾਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਪੱਖ ਲੈਣ ਲਈ ਕਹਿ ਰਹੇ ਹਨ। (ਯੂਹੰਨਾ 10:16; ਪਰਕਾਸ਼ ਦੀ ਪੋਥੀ 11:15) ਕੀ ਕੌਮਾਂ ਉਨ੍ਹਾਂ ਦੀ ਗੱਲ ਸੁਣ ਰਹੀਆਂ ਹਨ? ਯਹੋਵਾਹ ਆਪਣੇ ਲੋਕਾਂ ਨੂੰ ਸਹਾਰਾ ਕਿਵੇਂ ਦੇ ਰਿਹਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਲਈ ਆਓ ਆਪਾਂ ਜ਼ਕਰਯਾਹ ਦੇ 12ਵੇਂ ਅਧਿਆਇ ਦੀ ਜਾਂਚ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਪੂਰਾ ਯਕੀਨ ਹੋ ਜਾਵੇਗਾ ਕਿ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਬਣਾਇਆ ਗਿਆ ‘ਹਰ ਹਥਿਆਰ ਨਿਕੰਮਾ ਸਾਬਤ ਹੋਵੇਗਾ।’
10. (ੳ) ਯਹੋਵਾਹ ਦੇ ਲੋਕਾਂ ਤੇ ਹਮਲੇ ਕਿਉਂ ਕੀਤੇ ਜਾਂਦੇ ਹਨ? (ਅ) ਉਨ੍ਹਾਂ ਵਿਰੋਧੀਆਂ ਦਾ ਕੀ ਬਣਿਆ ਜਿਨ੍ਹਾਂ ਨੇ “ਭਾਰੀ ਪੱਥਰ” ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਹੈ?
10 ਜ਼ਕਰਯਾਹ 12:3 ਸੰਕੇਤ ਕਰਦਾ ਹੈ ਕਿ ਕੌਮਾਂ “ਫੱਟੜ” ਕੀਤੀਆਂ ਜਾਣਗੀਆਂ। ਉਹ ਕਿਵੇਂ? ਪਰਮੇਸ਼ੁਰ ਦਾ ਹੁਕਮ ਹੈ ਕਿ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇ। ਯਹੋਵਾਹ ਦੇ ਗਵਾਹ ਤਨ-ਮਨ ਲਾ ਕੇ ਇਹ ਕੰਮ ਕਰ ਰਹੇ ਹਨ। ਪਰ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੌਮਾਂ ਲਈ “ਇੱਕ ਭਾਰੀ ਪੱਥਰ” ਵਰਗਾ ਹੈ। ਉਹ ਪਰਮੇਸ਼ੁਰ ਦੇ ਲੋਕਾਂ ਦੇ ਕੰਮ ਵਿਚ ਦਖ਼ਲ ਦੇ ਕੇ ਇਸ ਪੱਥਰ ਨੂੰ ਆਪਣੇ ਰਸਤੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਤਰ੍ਹਾਂ ਕਰਨ ਨਾਲ ਉਹ ਆਪ ਹੀ “ਫੱਟੜ” ਹੋਏ ਹਨ। ਕਹਿਣ ਦਾ ਭਾਵ ਹੈ ਕਿ ਉਨ੍ਹਾਂ ਨੇ ਆਪਣਾ ਹੀ ਨੁਕਸਾਨ ਕੀਤਾ ਹੈ। ਉਨ੍ਹਾਂ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪਈ ਹੈ ਜਿਸ ਕਰਕੇ ਉਨ੍ਹਾਂ ਦੀ ਆਪਣੀ ਹੀ ਬਦਨਾਮੀ ਹੁੰਦੀ ਹੈ। ਉਹ ਸਾਨੂੰ ਚੁੱਪ ਨਹੀਂ ਕਰਾ ਸਕੇ ਕਿਉਂਕਿ ਅਸੀਂ ਇਸ ਦੁਨੀਆਂ ਦੇ ਅੰਤ ਤੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਨੂੰ ਮਾਣ ਦੀ ਗੱਲ ਸਮਝਦੇ ਹਾਂ। (ਪਰਕਾਸ਼ ਦੀ ਪੋਥੀ 14:6) ਇਕ ਅਫ਼ਰੀਕੀ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਨਾਲ ਵਧੀਕੀ ਹੁੰਦੀ ਦੇਖ ਕੇ ਇਕ ਹੌਲਦਾਰ ਨੇ ਕਿਹਾ: ‘ਇਨ੍ਹਾਂ ਲੋਕਾਂ ਨੂੰ ਸਤਾਉਣ ਵਿਚ ਤੁਸੀਂ ਐਵੇਂ ਵਕਤ ਬਰਬਾਦ ਕਰ ਰਹੇ ਹੋ। ਇਹ ਕਦੇ ਸਮਝੌਤਾ ਨਹੀਂ ਕਰਨ ਵਾਲੇ। ਇਨ੍ਹਾਂ ਦੀ ਗਿਣਤੀ ਤਾਂ ਵਧਦੀ ਹੀ ਜਾਂਦੀ ਹੈ।’
11. ਯਹੋਵਾਹ ਨੇ ਜ਼ਕਰਯਾਹ 12:4 ਵਿਚ ਕੀਤਾ ਆਪਣਾ ਵਾਅਦਾ ਕਿਵੇਂ ਨਿਭਾਇਆ ਹੈ?
11 ਜ਼ਕਰਯਾਹ 12:4 ਪੜ੍ਹੋ। ਯਹੋਵਾਹ ਨੇ ਵਾਅਦਾ ਕੀਤਾ ਹੈ ਕਿ ਉਹ ਆਪਣੇ ਦਲੇਰ ਲੋਕਾਂ ਵਿਰੁੱਧ ਲੜਨ ਵਾਲਿਆਂ ਨੂੰ ਅੰਨ੍ਹਾ ਕਰ ਦੇਵੇਗਾ ਤਾਂਕਿ ਉਨ੍ਹਾਂ ਨੂੰ “ਘਬਰਾਹਟ” ਹੋਵੇ। ਉਸ ਨੇ ਆਪਣਾ ਇਹ ਵਾਅਦਾ ਨਿਭਾਇਆ ਹੈ। ਮਿਸਾਲ ਲਈ, ਇਕ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਤੇ ਪਾਬੰਦੀ ਲੱਗੀ ਹੋਈ ਸੀ, ਪਰ ਵਿਰੋਧੀ ਪਰਮੇਸ਼ੁਰ ਦੇ ਲੋਕਾਂ ਨੂੰ ਬਾਈਬਲ ਦਾ ਸਾਹਿੱਤ ਹਾਸਲ ਕਰਨ ਤੋਂ ਰੋਕ ਨਾ ਸਕੇ। ਇਕ ਅਖ਼ਬਾਰ ਵਿਚ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਯਹੋਵਾਹ ਦੇ ਗਵਾਹ ਗੁਬਾਰਿਆਂ ਦੇ ਜ਼ਰੀਏ ਦੇਸ਼ ਵਿਚ ਆਪਣੇ ਰਸਾਲੇ-ਕਿਤਾਬਾਂ ਲਿਆਉਂਦੇ ਸਨ! ਯਹੋਵਾਹ ਦਾ ਆਪਣੇ ਸੇਵਕਾਂ ਨਾਲ ਕੀਤਾ ਇਹ ਵਾਅਦਾ ਪੂਰਾ ਹੋਇਆ: “ਮੈਂ ਆਪਣੀਆਂ ਅੱਖਾਂ ਖੁਲ੍ਹੀਆਂ ਰੱਖਾਂਗਾ ਅਤੇ ਉੱਮਤਾਂ ਦੇ ਸਾਰੇ ਘੋੜਿਆਂ ਨੂੰ ਅੰਨ੍ਹਾਂ ਕਰ ਕੇ ਮਾਰਾਂਗਾ।” ਗੁੱਸੇ ਵਿਚ ਅੰਨ੍ਹੇ ਹੋਏ ਸਾਡੇ ਦੁਸ਼ਮਣਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਉਹ ਕੀ ਕਰਨ। ਪਰ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਇਕ ਸਮੂਹ ਵਜੋਂ ਆਪਣੇ ਲੋਕਾਂ ਦੀ ਰਾਖੀ ਕਰੇਗਾ ਤੇ ਉਨ੍ਹਾਂ ਨੂੰ ਬਚਾ ਲਵੇਗਾ।—2 ਰਾਜਿਆਂ 6:15-19.
12. (ੳ) ਯਿਸੂ ਨੇ ਧਰਤੀ ਤੇ ਅੱਗ ਕਿਵੇਂ ਲਾਈ ਸੀ? (ਅ) ਯਿਸੂ ਦੀ ਪੈੜ ਤੇ ਤੁਰਨ ਵਾਲਿਆਂ ਨੇ ਅੱਗ ਕਿਵੇਂ ਲਾਈ ਹੈ ਤੇ ਇਸ ਦੇ ਕੀ ਨਤੀਜੇ ਨਿਕਲੇ ਹਨ?
12 ਜ਼ਕਰਯਾਹ 12:5, 6 ਪੜ੍ਹੋ। ਪਰਮੇਸ਼ੁਰ ਦੇ ਲੋਕਾਂ ਦੀ ਨਿਗਰਾਨੀ ਕਰਨ ਵਾਲਿਆਂ ਨੂੰ “ਯਹੂਦਾਹ ਦੇ ਸਰਦਾਰ” ਕਿਹਾ ਗਿਆ ਹੈ। ਯਹੋਵਾਹ ਨੇ ਇਨ੍ਹਾਂ ਨੂੰ ਆਪਣਾ ਕੰਮ ਪੂਰਾ ਕਰਨ ਲਈ ਜੋਸ਼ ਨਾਲ ਭਰ ਦਿੱਤਾ ਹੈ। ਇਕ ਵਾਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਧਰਤੀ ਉੱਤੇ ਅੱਗ ਲਾਉਣ ਆਇਆ ਹਾਂ।” (ਲੂਕਾ 12:49) ਉਸ ਨੇ ਸੱਚ-ਮੁੱਚ ਅੱਗ ਲਗਾ ਦਿੱਤੀ। ਉਸ ਨੇ ਪ੍ਰਚਾਰ ਕਰ ਕੇ ਸਾਰੀ ਯਹੂਦੀ ਕੌਮ ਵਿਚ ਗੁੱਸੇ ਦੀ ਅੱਗ ਭੜਕਾ ਦਿੱਤੀ। ਪਰਮੇਸ਼ੁਰ ਦੇ ਰਾਜ ਦੇ ਵਿਸ਼ੇ ਤੇ ਹਰ ਥਾਂ ਗਰਮਾ-ਗਰਮ ਬਹਿਸਾਂ ਹੋਣ ਲੱਗੀਆਂ। (ਮੱਤੀ 4:17, 25; 10:5-7, 17-20) ਇਸੇ ਤਰ੍ਹਾਂ ਅੱਜ ਯਿਸੂ ਦੀ ਪੈੜ ਤੇ ਤੁਰਨ ਵਾਲੇ “ਲੱਕੜੀਆਂ ਵਿੱਚ ਅੱਗ ਦੀ ਅੰਗੀਠੀ ਵਾਂਙੁ ਅਤੇ ਪੂਲੀਆਂ ਵਿੱਚ ਅੱਗ ਦੀ ਮਸਾਲ ਵਾਂਙੁ” ਅੱਗ ਲਾ ਰਹੇ ਹਨ। 1917 ਵਿਚ ਯਹੋਵਾਹ ਦੇ ਗਵਾਹਾਂ ਨੇ ਫ਼ਿਨਿਸ਼ਡ ਮਿਨਿਸਟ੍ਰੀa ਨਾਂ ਦੀ ਇਕ ਪੁਸਤਕ ਛਾਪੀ ਜਿਸ ਵਿਚ ਈਸਾਈ-ਜਗਤ ਦੇ ਪਖੰਡ ਨੂੰ ਨੰਗਾ ਕੀਤਾ ਗਿਆ ਸੀ। ਇਸ ਨੂੰ ਪੜ੍ਹ ਕੇ ਪਾਦਰੀ-ਵਰਗ ਦਾ ਪਾਰਾ ਚੜ੍ਹ ਗਿਆ। ਹਾਲ ਹੀ ਦੇ ਸਮੇਂ ਵਿਚ “ਧਰਮਾਂ ਤੇ ਰੱਬੀ ਕਹਿਰ” ਕਿੰਗਡਮ ਨਿਊਜ਼ ਨੰ. 37 ਵੰਡਿਆ ਗਿਆ ਸੀ ਜਿਸ ਨੇ ਕਈਆਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਪੱਖ ਵਿਚ ਜਾਂ ਉਸ ਦੇ ਖ਼ਿਲਾਫ਼ ਕਦਮ ਚੁੱਕਣ ਲਈ ਮਜਬੂਰ ਕੀਤਾ।
‘ਯਹੂਦਾਹ ਦੇ ਤੰਬੂ’ ਬਚਾਏ ਗਏ
13. “ਯਹੂਦਾਹ ਦੇ ਤੰਬੂਆਂ” ਦਾ ਜ਼ਿਕਰ ਕਿਸ ਗੱਲ ਨੂੰ ਸੰਕੇਤ ਕਰਦਾ ਹੈ? ਇਨ੍ਹਾਂ ਨੂੰ ਯਹੋਵਾਹ ਕਿਉਂ ਬਚਾਉਂਦਾ ਹੈ?
13 ਜ਼ਕਰਯਾਹ 12:7, 8 ਪੜ੍ਹੋ। ਪ੍ਰਾਚੀਨ ਇਸਰਾਏਲ ਵਿਚ ਅਯਾਲੀ ਤੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਕਦੇ-ਕਦੇ ਤੰਬੂਆਂ ਵਿਚ ਰਹਿੰਦੇ ਸਨ। ਜੇ ਕੋਈ ਦੁਸ਼ਮਣ ਯਰੂਸ਼ਲਮ ਤੇ ਹਮਲਾ ਕਰਦਾ ਸੀ, ਤਾਂ ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਸੁਰੱਖਿਆ ਦੀ ਲੋੜ ਸੀ ਕਿਉਂਕਿ ਇਨ੍ਹਾਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਸੀ। “ਯਹੂਦਾਹ ਦੇ ਤੰਬੂਆਂ” ਦਾ ਜ਼ਿਕਰ ਇਸ ਗੱਲ ਨੂੰ ਸੰਕੇਤ ਕਰਦਾ ਹੈ ਕਿ ਸਾਡੇ ਜ਼ਮਾਨੇ ਵਿਚ ਮਸਹ ਕੀਤੇ ਹੋਏ ਮਸੀਹੀ ਮਾਨੋ ਕਿਲਾਬੰਦ ਸ਼ਹਿਰਾਂ ਅੰਦਰ ਨਹੀਂ, ਸਗੋਂ ਖੁੱਲ੍ਹੇ ਮੈਦਾਨ ਵਿਚ ਰਹਿੰਦੇ ਹਨ। ਉਨ੍ਹਾਂ ਤੇ ਕਦੇ ਵੀ ਹਮਲਾ ਹੋ ਸਕਦਾ ਹੈ, ਪਰ ਉਹ ਨਿਡਰਤਾ ਨਾਲ ਪਰਮੇਸ਼ੁਰ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ। ਸੈਨਾਂ ਦਾ ਯਹੋਵਾਹ “ਪਹਿਲਾਂ ਯਹੂਦਾਹ ਦੇ ਤੰਬੂਆਂ” ਨੂੰ ਬਚਾਵੇਗਾ ਕਿਉਂਕਿ ਸ਼ਤਾਨ ਹਮਲਾ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਤੇ ਨਿਸ਼ਾਨਾ ਬੰਨ੍ਹਦਾ ਹੈ।
14. ਯਹੋਵਾਹ ਨੇ “ਯਹੂਦਾਹ ਦੇ ਤੰਬੂਆਂ” ਵਿਚ ਰਹਿਣ ਵਾਲਿਆਂ ਨੂੰ ਕਿਵੇਂ ਬਚਾਈ ਰੱਖਿਆ ਹੈ ਅਤੇ ਉਨ੍ਹਾਂ ਦੀ ਮਦਦ ਕਿਵੇਂ ਕੀਤੀ ਹੈ?
14 ਇਤਿਹਾਸ ਗਵਾਹ ਹੈ ਕਿ ਯਹੋਵਾਹ ਨੇ ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਨੂੰ ਉਨ੍ਹਾਂ ਦੇ “ਤੰਬੂਆਂ” ਵਿਚ ਬਚਾਈ ਰੱਖਿਆ ਹੈ।b ਉਹ ਉਨ੍ਹਾਂ ਵਿੱਚੋਂ ‘ਮਾੜੇ ਤੋਂ ਮਾੜੇ’ ਨੂੰ ਵੀ ਯੋਧੇ ਰਾਜਾ ਦਾਊਦ ਦੀ ਤਰ੍ਹਾਂ ਤਕੜਾ ਤੇ ਮਜ਼ਬੂਤ ਕਰ ਦਿੰਦਾ ਹੈ।
15. ਯਹੋਵਾਹ “ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ” ਕਿਉਂ ਕਰਦਾ ਹੈ? ਉਹ ਇਸ ਤਰ੍ਹਾਂ ਕਦੋਂ ਕਰੇਗਾ?
15 ਜ਼ਕਰਯਾਹ 12:9 ਪੜ੍ਹੋ। ਯਹੋਵਾਹ “ਸਾਰੀਆਂ ਕੌਮਾਂ ਨੂੰ ਨਾਸ ਕਰਨ ਲਈ ਜਤਨ” ਕਿਉਂ ਕਰਦਾ ਹੈ? ਕਿਉਂਕਿ ਉਹ ਉਸ ਦੇ ਰਾਜ ਦਾ ਵਿਰੋਧ ਕਰਦੀਆਂ ਹਨ ਅਤੇ ਉਸ ਦੇ ਲੋਕਾਂ ਨੂੰ ਤੰਗ ਕਰਦੀਆਂ ਤੇ ਉਨ੍ਹਾਂ ਉੱਤੇ ਜ਼ੁਲਮ ਢਾਹੁੰਦੀਆਂ ਹਨ। ਹੁਣ ਜਲਦੀ ਹੀ ਸ਼ਤਾਨ ਦੇ ਚਮਚਿਆਂ ਨੇ ਯਹੋਵਾਹ ਦੇ ਭਗਤਾਂ ਤੇ ਆਖ਼ਰੀ ਹਮਲਾ ਕਰ ਦੇਣਾ ਹੈ। ਫਲਸਰੂਪ ਧਰਤੀ ਤੇ ਉਹ ਸਥਿਤੀ ਪੈਦਾ ਹੋ ਜਾਵੇਗੀ ਜਿਸ ਨੂੰ ਬਾਈਬਲ ਵਿਚ “ਹਰਮਗਿੱਦੋਨ” ਕਿਹਾ ਗਿਆ ਹੈ। (ਪਰਕਾਸ਼ ਦੀ ਪੋਥੀ 16:13-16) ਸਭ ਤੋਂ ਮਹਾਨ ਨਿਆਈਂ ਸਰਬਸ਼ਕਤੀਮਾਨ ਯਹੋਵਾਹ ਸ਼ਤਾਨ ਦੇ ਹਮਲੇ ਦਾ ਜਵਾਬ ਦੇਵੇਗਾ ਅਤੇ ਆਪਣੇ ਸੇਵਕਾਂ ਨੂੰ ਬਚਾ ਕੇ ਸਾਰੀਆਂ ਕੌਮਾਂ ਵਿਚ ਆਪਣੇ ਨਾਂ ਨੂੰ ਪਵਿੱਤਰ ਠਹਿਰਾਵੇਗਾ।—ਹਿਜ਼ਕੀਏਲ 38:14-18, 22, 23.
16, 17. (ੳ) “ਯਹੋਵਾਹ ਦੇ ਦਾਸਾਂ ਦਾ ਅਧਿਕਾਰ” ਕੀ ਹੈ? (ਅ) ਸ਼ਤਾਨ ਦੇ ਹਮਲਿਆਂ ਦੇ ਬਾਵਜੂਦ ਸਾਡਾ ਧੀਰਜ ਕਿਸ ਗੱਲ ਦਾ ਸਬੂਤ ਹੈ?
16 ਸ਼ਤਾਨ ਦੇ ਕੋਲ ਅਜਿਹਾ ਕੋਈ ਵੀ ਹਥਿਆਰ ਨਹੀਂ ਜੋ ਸਾਡੀ ਨਿਹਚਾ ਨੂੰ ਕਮਜ਼ੋਰ ਅਤੇ ਸਾਡੇ ਜੋਸ਼ ਨੂੰ ਠੰਢਾ ਕਰ ਸਕੇ। ਯਹੋਵਾਹ ਆਪਣੀ ਤਾਕਤ ਨਾਲ ਸਾਡਾ ਬਚਾਅ ਕਰਦਾ ਹੈ। ਇਸ ਤੋਂ ਇਲਾਵਾ ਰੂਹਾਨੀ ਤੌਰ ਤੇ ਧਨੀ ਹੋਣਾ “ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ।” (ਯਸਾਯਾਹ 54:17) ਕੋਈ ਵੀ ਸਾਡੇ ਤੋਂ ਇਹ ਧਨ ਨਹੀਂ ਖੋਹ ਸਕਦਾ। (ਜ਼ਬੂਰਾਂ ਦੀ ਪੋਥੀ 118:6) ਸ਼ਤਾਨ ਸਾਡਾ ਵਿਰੋਧ ਕਰਦਾ ਰਹੇਗਾ ਅਤੇ ਸਾਨੂੰ ਕਸ਼ਟ ਦਿੰਦਾ ਰਹੇਗਾ। ਤਾਅਨੇ-ਮਿਹਣਿਆਂ ਦੇ ਬਾਵਜੂਦ ਸਾਡਾ ਧੀਰਜ ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ੁਰ ਦੀ ਆਤਮਾ ਸਾਡੇ ਉੱਤੇ ਕੰਮ ਕਰ ਰਹੀ ਹੈ। (1 ਪਤਰਸ 4:14) ਭਾਵੇਂ ਯਹੋਵਾਹ ਦੇ ਗਵਾਹਾਂ ਉੱਤੇ ਸਤਾਹਟਾਂ ਦੇ ‘ਪੱਥਰ’ ਸੁੱਟੇ ਗਏ ਹਨ, ਫਿਰ ਵੀ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸਾਰੀ ਦੁਨੀਆਂ ਵਿਚ ਸੁਣਾ ਰਹੇ ਹਨ। ਪਰਮੇਸ਼ੁਰ ਦੇ ਲੋਕਾਂ ਵਿਰੁੱਧ ਤਰ੍ਹਾਂ-ਤਰ੍ਹਾਂ ਦੇ ਹਥਿਆਰ ਉਠਾਏ ਗਏ ਹਨ, ਪਰ ਯਹੋਵਾਹ ਦੀ ਤਾਕਤ ਸਦਕਾ ਉਸ ਦੇ ਸੇਵਕ ਨਿਹਚਾ ਵਿਚ ਪੱਕੇ ਰਹੇ ਹਨ। (ਜ਼ਕਰਯਾਹ 9:15) ਯਹੋਵਾਹ ਦੇ ਸੇਵਕਾਂ ਨੂੰ ਕੁਝ ਵੀ ਨਹੀਂ ਰੋਕ ਸਕਦਾ!
17 ਅਸੀਂ ਉਸ ਸਮੇਂ ਦੀ ਉਡੀਕ ਕਰ ਰਹੇ ਹਾਂ ਜਦ ਸ਼ਤਾਨ ਸਾਡੇ ਤੇ ਕੋਈ ਹਮਲਾ ਨਹੀਂ ਕਰ ਸਕੇਗਾ। ਬਾਈਬਲ ਵਿਚ ਇਹ ਵਾਅਦਾ ਪੜ੍ਹ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ‘ਹਰ ਹਥਿਆਰ ਜੋ ਸਾਡੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਸਾਡੇ ਵਿਰੁੱਧ ਨਿਆਉਂ ਲਈ ਉੱਠੇ, ਅਸੀਂ ਦੋਸ਼ੀ ਠਹਿਰਾਵਾਂਗੇ’!
[ਫੁਟਨੋਟ]
a ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।
b ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਯਹੋਵਾਹ ਦੇ ਗਵਾਹ—ਪਰਮੇਸ਼ੁਰ ਦੇ ਰਾਜ ਦੇ ਘੋਸ਼ਕ (ਅੰਗ੍ਰੇਜ਼ੀ), ਸਫ਼ੇ 675-6 ਦੇਖੋ।
ਤੁਸੀਂ ਕਿਵੇਂ ਜਵਾਬ ਦਿਓਗੇ?
• ਸਾਨੂੰ ਕਿਵੇਂ ਪਤਾ ਹੈ ਕਿ ਸ਼ਤਾਨ ਦੇ ਹਥਿਆਰ ਬੇਕਾਰ ਸਾਬਤ ਹੋਏ ਹਨ?
• ਸਵਰਗੀ ਯਰੂਸ਼ਲਮ “ਇੱਕ ਭਾਰੀ ਪੱਥਰ” ਕਿਵੇਂ ਬਣਿਆ ਹੈ?
• ਯਹੋਵਾਹ ਪਰਮੇਸ਼ੁਰ “ਯਹੂਦਾਹ ਦੇ ਤੰਬੂਆਂ” ਨੂੰ ਕਿਵੇਂ ਬਚਾਉਂਦਾ ਹੈ?
• “ਹਰਮਗਿੱਦੋਨ” ਦੀ ਉਡੀਕ ਕਰਦਿਆਂ ਸਾਨੂੰ ਕਿਸ ਵਾਅਦੇ ਤੇ ਪੱਕਾ ਭਰੋਸਾ ਹੈ?
[ਸਫ਼ਾ 21 ਉੱਤੇ ਤਸਵੀਰਾਂ]
ਸ਼ਤਾਨੀ ਹਮਲਿਆਂ ਦੇ ਬਾਵਜੂਦ ਅਲਬਾਨੀਆ ਵਿਚ ਯਹੋਵਾਹ ਦੇ ਗਵਾਹ ਵਫ਼ਾਦਾਰ ਰਹੇ
[ਸਫ਼ਾ 23 ਉੱਤੇ ਤਸਵੀਰ]
ਯਿਸੂ ਨੇ ਦੋਸ਼ ਲਾਉਣ ਵਾਲਿਆਂ ਨੂੰ ਗ਼ਲਤ ਸਾਬਤ ਕੀਤਾ
[ਸਫ਼ਾ 24 ਉੱਤੇ ਤਸਵੀਰਾਂ]
ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਾਲਿਆਂ ਖ਼ਿਲਾਫ਼ ਕੋਈ ਹਥਿਆਰ ਕੰਮ ਨਹੀਂ ਕਰੇਗਾ