ਕੀ ਤੁਸੀਂ ਏਲੀਯਾਹ ਵਾਂਗ ਵਫ਼ਾਦਾਰ ਹੋਵੋਗੇ?
“ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ।”—ਮਲਾਕੀ 4:5.
1. ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਰਾਏਲ ਦੇ ਪ੍ਰਵੇਸ਼ ਹੋਣ ਤੋਂ ਕੁਝ 500 ਸਾਲ ਬਾਅਦ ਕਿਹੜੀ ਸੰਕਟ ਵਾਪਰਦੀ ਹੈ?
‘ਅਜਿਹੀ ਧਰਤੀ ਜਿੱਥੇ ਦੁੱਧ ਅਰ ਸ਼ਹਿਤ ਵੱਗਦਾ ਹੈ।’ (ਕੂਚ 3:7, 8) 16ਵੀਂ ਸਦੀ ਸਾ.ਯੁ.ਪੂ. ਵਿਚ ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀਆਂ ਨੂੰ ਮਿਸਰੀ ਗ਼ੁਲਾਮੀ ਤੋਂ ਆਜ਼ਾਦ ਕਰਨ ਦੇ ਬਾਅਦ ਇਹੀ ਮਲਕੀਅਤ ਦਿੱਤੀ ਸੀ। ਪਰ ਦੇਖੋ! ਪੰਜ ਸਦੀਆਂ ਬੀਤ ਚੁੱਕੀਆਂ ਹਨ, ਅਤੇ ਹੁਣ ਇਸਰਾਏਲ ਦਾ ਦਸ-ਗੋਤ ਰਾਜ ਸਖ਼ਤ ਕਾਲ ਦੇ ਪੰਜੇ ਵਿਚ ਹੈ। ਆਸ ਪਾਸ ਕੋਈ ਹਰਾ ਘਾਹ ਨਜ਼ਰ ਨਹੀਂ ਆਉਂਦਾ ਹੈ। ਪਸ਼ੂ ਮਰ ਰਹੇ ਹਨ, ਅਤੇ ਸਾਢੇ ਤਿੰਨ ਸਾਲਾਂ ਤੋਂ ਮੀਂਹ ਨਹੀਂ ਵਰ੍ਹਿਆ ਹੈ। (1 ਰਾਜਿਆਂ 18:5; ਲੂਕਾ 4:25) ਇਸ ਆਫ਼ਤ ਦਾ ਕੀ ਕਾਰਨ ਹੈ?
2. ਇਸਰਾਏਲ ਦੀ ਕੌਮੀ ਸੰਕਟ ਦਾ ਕੀ ਕਾਰਨ ਹੈ?
2 ਧਰਮ-ਤਿਆਗ ਨੇ ਇਸ ਸੰਕਟ ਨੂੰ ਉਤਪੰਨ ਕੀਤਾ ਹੈ। ਪਰਮੇਸ਼ੁਰ ਦੀ ਬਿਵਸਥਾ ਦੀ ਉਲੰਘਣਾ ਕਰਦੇ ਹੋਏ, ਰਾਜਾ ਅਹਾਬ ਨੇ ਕਨਾਨੀ ਰਾਜਕੁਮਾਰੀ ਈਜ਼ਬਲ ਨਾਲ ਵਿਆਹ ਕਰ ਲਿਆ ਹੈ ਅਤੇ ਉਸ ਨੂੰ ਇਸਰਾਏਲ ਵਿਚ ਬਆਲ ਉਪਾਸਨਾ ਆਰੰਭ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਵੀ ਵਧੇਰੇ ਬੁਰਾ, ਉਸ ਨੇ ਰਾਜਧਾਨੀ ਸਾਮਰਿਯਾ ਵਿਚ ਇਸ ਝੂਠੇ ਦੇਵਤੇ ਲਈ ਇਕ ਮੰਦਰ ਬਣਾਇਆ ਹੈ। ਇੱਥੋਂ ਤਕ ਕਿ ਇਸਰਾਏਲੀਆਂ ਨੂੰ ਇਹ ਮੰਨਣ ਲਈ ਭਰਮਾਇਆ ਗਿਆ ਹੈ ਕਿ ਬਆਲ ਉਪਾਸਨਾ ਉਨ੍ਹਾਂ ਲਈ ਬਹੁਤੀ ਫ਼ਸਲ ਉਪਜਾਵੇਗੀ! ਮਗਰ, ਜਿਵੇਂ ਯਹੋਵਾਹ ਨੇ ਚੇਤਾਵਨੀ ਦਿੱਤੀ ਹੈ, ਉਹ ਹੁਣ ਉਸ ‘ਚੰਗੀ ਧਰਤੀ ਉੱਤੋਂ ਨਾਸ ਹੋ ਜਾਣ’ ਦੇ ਖ਼ਤਰੇ ਵਿਚ ਹਨ।—ਬਿਵਸਥਾ ਸਾਰ 7:3, 4; 11:16, 17; 1 ਰਾਜਿਆਂ 16:30-33.
ਈਸ਼ਵਰਤਾਈ ਦੀ ਇਕ ਪ੍ਰਭਾਵਸ਼ਾਲੀ ਅਜ਼ਮਾਇਸ਼
3. ਏਲੀਯਾਹ ਨਬੀ ਇਸਰਾਏਲ ਦੀ ਅਸਲੀ ਸਮੱਸਿਆ ਵੱਲ ਕਿਵੇਂ ਧਿਆਨ ਖਿੱਚਦਾ ਹੈ?
3 ਕਾਲ ਸ਼ੁਰੂ ਹੋਣ ਤੇ, ਪਰਮੇਸ਼ੁਰ ਦਾ ਵਫ਼ਾਦਾਰ ਨਬੀ ਏਲੀਯਾਹ ਰਾਜਾ ਅਹਾਬ ਨੂੰ ਦੱਸਦਾ ਹੈ: “ਜੀਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ ਜਿਹ ਦੇ ਅੱਗੇ ਮੈਂ ਖੜਾ ਹਾਂ ਇਨ੍ਹਾਂ ਵਰਿਹਾਂ ਵਿੱਚ ਮੇਰੇ ਬਚਨ ਤੋਂ ਬਿਨਾ ਨਾ ਤ੍ਰੇਲ ਪਵੇਗੀ ਨਾ ਮੀਂਹ।” (1 ਰਾਜਿਆਂ 17:1) ਇਸ ਐਲਾਨ ਦੀ ਭਿਆਨਕ ਪੂਰਤੀ ਨੂੰ ਅਨੁਭਵ ਕਰਨ ਤੋਂ ਬਾਅਦ, ਰਾਜਾ, ਏਲੀਯਾਹ ਨੂੰ ਇਸਰਾਏਲ ਉੱਤੇ ਦੁੱਖ ਲਿਆਉਣ ਲਈ ਦੋਸ਼ੀ ਠਹਿਰਾਉਂਦਾ ਹੈ। ਪਰ ਏਲੀਯਾਹ ਜਵਾਬ ਦਿੰਦਾ ਹੈ ਕਿ ਅਹਾਬ ਅਤੇ ਉਸ ਦਾ ਘਰਾਣਾ ਬਆਲ ਦੇ ਉਪਾਸਕਾਂ ਵਜੋਂ, ਆਪਣੇ ਧਰਮ-ਤਿਆਗ ਦੇ ਕਾਰਨ ਦੋਸ਼ੀ ਹਨ। ਵਾਦ-ਵਿਸ਼ਾ ਨਿਪਟਾਉਣ ਲਈ, ਯਹੋਵਾਹ ਦਾ ਨਬੀ, ਰਾਜਾ ਅਹਾਬ ਅੱਗੇ ਬੇਨਤੀ ਕਰਦਾ ਹੈ ਕਿ ਉਹ ਸਾਰੇ ਇਸਰਾਏਲ ਨੂੰ ਨਾਲੇ ਬਆਲ ਦੇ 450 ਨਬੀਆਂ ਨੂੰ ਅਤੇ ਅਸ਼ੇਰਾਹ ਦੇਵੀ ਦੇ 400 ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕਰੇ। ਅਹਾਬ ਅਤੇ ਉਸ ਦੀ ਪਰਜਾ ਉੱਥੇ ਇਕੱਠੇ ਹੁੰਦੇ ਹਨ, ਸ਼ਾਇਦ ਇਸ ਉਮੀਦ ਨਾਲ ਕਿ ਇਹ ਅਵਸਰ ਸੋਕੇ ਦਾ ਅੰਤ ਲਿਆਵੇਗਾ। ਪਰ ਏਲੀਯਾਹ ਜ਼ਿਆਦਾ ਮਹੱਤਵਪੂਰਣ ਵਾਦ-ਵਿਸ਼ੇ ਵੱਲ ਧਿਆਨ ਦਿੰਦਾ ਹੈ। ਉਹ ਪੁੱਛਦਾ ਹੈ, “ਤੁਸੀਂ ਕਦ ਤੀਕ ਦੋ ਖਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾਹ ਪਰਮੇਸ਼ੁਰ ਹੈ ਤਾਂ ਉਹ ਦੇ ਮਗਰ ਲੱਗੋ ਪਰ ਜੇ ਬਆਲ ਹੈ ਤਾਂ ਉਹ ਦੇ ਮਗਰ ਲੱਗੋ।” ਇਸਰਾਏਲੀ ਜਾਣਦੇ ਨਹੀਂ ਕਿ ਉਹ ਕੀ ਜਵਾਬ ਦੇਣ।—1 ਰਾਜਿਆਂ 18:18-21.
4. ਈਸ਼ਵਰਤਾਈ ਦਾ ਵਾਦ-ਵਿਸ਼ਾ ਨਿਪਟਾਉਣ ਲਈ, ਏਲੀਯਾਹ ਕਿਹੜਾ ਸੁਝਾਉ ਪੇਸ਼ ਕਰਦਾ ਹੈ?
4 ਸਾਲਾਂ ਲਈ ਇਸਰਾਏਲੀਆਂ ਨੇ ਯਹੋਵਾਹ ਦੀ ਉਪਾਸਨਾ ਨੂੰ ਬਆਲ ਦੀ ਉਪਾਸਨਾ ਨਾਲ ਰਲ-ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਈਸ਼ਵਰਤਾਈ ਦਾ ਵਾਦ-ਵਿਸ਼ਾ ਨਿਪਟਾਉਣ ਲਈ, ਏਲੀਯਾਹ ਇਕ ਮੁਕਾਬਲੇ ਦਾ ਸੁਝਾਉ ਪੇਸ਼ ਕਰਦਾ ਹੈ। ਬਲੀਦਾਨ ਲਈ ਉਹ ਇਕ ਬਲਦ ਤਿਆਰ ਕਰੇਗਾ, ਅਤੇ ਇਕ ਹੋਰ ਬਲਦ ਬਆਲ ਦੇ ਨਬੀਆਂ ਦੁਆਰਾ ਤਿਆਰ ਕੀਤਾ ਜਾਵੇਗਾ। ਫਿਰ ਏਲੀਯਾਹ ਕਹਿੰਦਾ ਹੈ: “ਤੁਸੀਂ ਆਪਣੇ ਦਿਓਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾਹ ਦਾ ਨਾਮ ਲੈ ਕੇ ਪੁਕਾਰਾਂਗਾ। ਫੇਰ ਜਿਹੜਾ ਪਰਮੇਸ਼ੁਰ ਅੱਗ ਨਾਲ ਉੱਤਰ ਦੇਵੇ ਉਹੋ ਹੀ [ਸੱਚਾ] ਪਰਮੇਸ਼ੁਰ ਹੋਵੇ।” (1 ਰਾਜਿਆਂ 18:23, 24) ਪ੍ਰਾਰਥਨਾ ਦੇ ਜਵਾਬ ਵਿਚ ਸਵਰਗ ਤੋਂ ਅੱਗ ਭੜਕ ਨਿਕਲਣ ਦੀ ਕਲਪਨਾ ਕਰੋ!
5. ਬਆਲ ਉਪਾਸਨਾ ਦੀ ਵਿਅਰਥਤਾ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ?
5 ਏਲੀਯਾਹ ਬਆਲ ਦੇ ਨਬੀਆਂ ਨੂੰ ਸ਼ੁਰੂ ਕਰਨ ਲਈ ਸੱਦਾ ਦਿੰਦਾ ਹੈ। ਉਹ ਬਲੀਦਾਨ ਲਈ ਇਕ ਬਲਦ ਤਿਆਰ ਕਰਦੇ ਹਨ ਅਤੇ ਜਗਵੇਦੀ ਉੱਤੇ ਉਸ ਨੂੰ ਰੱਖ ਦਿੰਦੇ ਹਨ। ਫਿਰ ਉਹ ਵੇਦੀ ਦੇ ਦੁਆਲੇ ਭੁੜਕਦੇ ਫਿਰਦੇ ਹਨ, ਅਤੇ ਪ੍ਰਾਰਥਨਾ ਕਰਦੇ ਹਨ: “ਹੇ ਬਆਲ, ਸਾਡੀ ਸੁਣ।” “ਸਵੇਰ ਤੋਂ ਦੁਪਹਿਰ ਤੀਕ” ਇਵੇਂ ਇਹ ਤਮਾਸ਼ਾ ਜਾਰੀ ਰਹਿੰਦਾ ਹੈ। “ਉੱਚੀ ਦੇ ਕੇ ਬੁਲਾਓ,” ਏਲੀਯਾਹ ਤਾਅਨਾ ਮਾਰਦਾ ਹੈ। ਬਆਲ ਕਿਸੇ ਜ਼ਰੂਰੀ ਸੋਚ ਵਿਚ ਹੋਵੇਗਾ, ਜਾਂ “ਸ਼ਾਇਤ ਸੁੱਤਾ ਪਿਆ ਹੋਵੇ ਅਤੇ ਉਹ ਨੂੰ ਜਗਾਉਣਾ ਪਵੇ?” ਥੋੜ੍ਹੀ ਦੇਰ ਵਿਚ ਬਆਲ ਦੇ ਨਬੀਆਂ ਨੂੰ ਪਾਗਲਪਣ ਦਾ ਦੌਰਾ ਪੈਂਦਾ ਹੈ। ਦੇਖੋ! ਉਹ ਆਪਣੇ ਆਪ ਨੂੰ ਤਲਵਾਰਾਂ ਨਾਲ ਕਟ-ਵੱਢ ਰਹੇ ਹਨ, ਅਤੇ ਉਨ੍ਹਾਂ ਦੇ ਜ਼ਖ਼ਮਾਂ ਤੋਂ ਲਹੂ ਵਹਿ ਰਿਹਾ ਹੈ। ਅਤੇ ਕਿੰਨਾ ਸ਼ੋਰਸ਼ਰਾਬਾ ਮੱਚਦਾ ਹੈ ਜਿਉਂ ਹੀ ਸਾਰੇ 450 ਨਬੀ ਉੱਚੀ-ਉੱਚੀ ਪੁਕਾਰਦੇ ਹਨ! ਪਰ ਕੋਈ ਉੱਤਰ ਨਹੀਂ ਆਉਂਦਾ ਹੈ।—1 ਰਾਜਿਆਂ 18:26-29.
6. ਈਸ਼ਵਰਤਾਈ ਦੀ ਅਜ਼ਮਾਇਸ਼ ਲਈ ਏਲੀਯਾਹ ਕੀ ਤਿਆਰੀ ਕਰਦਾ ਹੈ?
6 ਹੁਣ ਏਲੀਯਾਹ ਦੀ ਵਾਰੀ ਆਉਂਦੀ ਹੈ। ਉਹ ਯਹੋਵਾਹ ਦੀ ਜਗਵੇਦੀ ਨੂੰ ਮੁੜ ਉਸਾਰ ਕੇ, ਉਸ ਦੇ ਚੁਫੇਰੇ ਇਕ ਖਾਈ ਪੁੱਟਦਾ ਹੈ, ਅਤੇ ਬਲੀ ਨੂੰ ਤਿਆਰ ਕਰਦਾ ਹੈ। ਫਿਰ ਉਹ ਬਲੀ ਅਤੇ ਬਾਲਣ ਉੱਤੇ ਪਾਣੀ ਡੁਲ੍ਹਵਾਉਂਦਾ ਹੈ। ਪਾਣੀ ਦੇ ਬਾਰਾਂ ਵੱਡੇ-ਵੱਡੇ ਘੜੇ ਜਗਵੇਦੀ ਉੱਤੇ ਉਦੋਂ ਤਕ ਡੋਲ੍ਹੇ ਜਾਂਦੇ ਹਨ ਜਦ ਤਕ ਖਾਈ ਭਰ ਨਹੀਂ ਜਾਂਦੀ। ਉਸ ਦੁਬਿਧਾ ਦੀ ਕਲਪਨਾ ਕਰੋ ਜਿਉਂ-ਜਿਉਂ ਏਲੀਯਾਹ ਪ੍ਰਾਰਥਨਾ ਕਰਦਾ ਹੈ: “ਹੇ ਯਹੋਵਾਹ ਅਬਰਾਹਾਮ, ਇਸਹਾਕ ਤੇ ਇਸਰਾਏਲ ਦੇ ਪਰਮੇਸ਼ੁਰ, ਅੱਜ ਮਲੂਮ ਹੋ ਜਾਵੇ ਕਿ ਤੂੰ ਇਸਰਾਏਲ ਵਿੱਚ ਪਰਮੇਸ਼ੁਰ ਹੈਂ ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਬਚਨ ਨਾਲ ਕੀਤਾ ਹੈ। ਮੇਰੀ ਸੁਣ, ਹੇ ਯਹੋਵਾਹ, ਮੇਰੀ ਸੁਣ, ਜੋ ਏਹ ਲੋਕ ਜਾਣਨ ਕਿ ਤੂੰ ਹੀ ਯਹੋਵਾਹ ਪਰਮੇਸ਼ੁਰ ਹੈਂ ਅਤੇ ਤੈਂ ਉਨ੍ਹਾਂ ਦਾ ਮਨ ਮੋੜ ਲਿਆ ਹੈ।”—1 ਰਾਜਿਆਂ 18:30-37.
7, 8. (ਉ) ਯਹੋਵਾਹ ਏਲੀਯਾਹ ਦੀ ਪ੍ਰਾਰਥਨਾ ਦਾ ਉੱਤਰ ਕਿਵੇਂ ਦਿੰਦਾ ਹੈ? (ਅ) ਕਰਮਲ ਪਰਬਤ ਉੱਤੇ ਘਟਨਾਵਾਂ ਕੀ ਸੰਪੰਨ ਕਰਦੀਆਂ ਹਨ?
7 ਏਲੀਯਾਹ ਦੀ ਪ੍ਰਾਰਥਨਾ ਦੇ ਉੱਤਰ ਵਿਚ, ‘ਯਹੋਵਾਹ ਦੀ ਅੱਗ ਸਵਰਗ ਤੋਂ ਆ ਪੈਂਦੀ ਹੈ ਅਤੇ ਹੋਮ ਦੀ ਬਲੀ ਅਰ ਬਾਲਣ ਅਰ ਪੱਥਰਾਂ ਅਰ ਮਿੱਟੀ ਨੂੰ ਸਾੜ ਸੁੱਟਦੀ ਹੈ ਅਤੇ ਜੋ ਪਾਣੀ ਖਾਈ ਵਿੱਚ ਸੀ ਉਹ ਨੂੰ ਚੱਟ ਲੈਂਦੀ ਹੈ।’ ਲੋਕ ਆਪਣੇ ਮੂੰਹਾਂ ਭਾਰ ਡਿੱਗ ਪੈਂਦੇ ਹਨ ਅਤੇ ਕਹਿੰਦੇ ਹਨ: “ਯਹੋਵਾਹ ਉਹੋ [ਸੱਚਾ] ਪਰਮੇਸ਼ੁਰ ਹੈ! ਯਹੋਵਾਹ ਉਹੋ [ਸੱਚਾ] ਪਰਮੇਸ਼ੁਰ ਹੈ!” (1 ਰਾਜਿਆਂ 18:38, 39) ਏਲੀਯਾਹ ਹੁਣ ਨਿਰਣਾਇਕ ਕਦਮ ਚੁੱਕਦਾ ਹੈ। ਉਹ ਹੁਕਮ ਦਿੰਦਾ ਹੈ: “ਬਆਲ ਦੇ ਨਬੀਆਂ ਨੂੰ ਫੜ ਲਓ। ਓਹਨਾਂ ਵਿੱਚੋਂ ਇੱਕ ਵੀ ਨਾ ਬਚ ਨਿੱਕਲੇ।” ਉਨ੍ਹਾਂ ਨੂੰ ਕੀਸ਼ੋਨ ਦੇ ਨਾਲੇ ਵਿਚ ਵੱਢ ਸੁੱਟਣ ਤੋਂ ਬਾਅਦ, ਹਨੇਰਾ ਛਾ ਜਾਂਦਾ ਹੈ। ਆਖ਼ਰਕਾਰ, ਮੀਂਹ ਸੋਕੇ ਨੂੰ ਖ਼ਤਮ ਕਰ ਦਿੰਦਾ ਹੈ!—1 ਰਾਜਿਆਂ 18:40-45; ਤੁਲਨਾ ਕਰੋ ਬਿਵਸਥਾ ਸਾਰ 13:1-5.
8 ਇਕ ਕਿੰਨਾ ਸ਼ਾਨਦਾਰ ਦਿਨ! ਯਹੋਵਾਹ ਮਾਅਰਕੇ ਵਾਲੀ ਇਸ ਈਸ਼ਵਰਤਾਈ ਦੀ ਅਜ਼ਮਾਇਸ਼ ਵਿਚ ਜੇਤੂ ਹੁੰਦਾ ਹੈ। ਇਸ ਦੇ ਇਲਾਵਾ, ਇਨ੍ਹਾਂ ਘਟਨਾਵਾਂ ਨੇ ਅਨੇਕ ਇਸਰਾਏਲੀਆਂ ਦੇ ਦਿਲਾਂ ਨੂੰ ਪਰਮੇਸ਼ੁਰ ਵੱਲ ਵਾਪਸ ਮੋੜਿਆ ਹੈ। ਇਸ ਵਿਚ ਅਤੇ ਹੋਰ ਤਰੀਕਿਆਂ ਵਿਚ, ਏਲੀਯਾਹ ਇਕ ਨਬੀ ਵਜੋਂ ਵਫ਼ਾਦਾਰ ਸਾਬਤ ਹੁੰਦਾ ਹੈ, ਅਤੇ ਉਹ ਖ਼ੁਦ ਇਕ ਭਵਿੱਖ-ਸੂਚਕ ਭੂਮਿਕਾ ਅਦਾ ਕਰਦਾ ਹੈ।
“ਏਲੀਯਾਹ ਨਬੀ” ਅਜੇ ਆਉਣ ਵਾਲਾ?
9. ਮਲਾਕੀ 4:5, 6 ਤੇ ਕਿਹੜੀ ਭਵਿੱਖਬਾਣੀ ਕੀਤੀ ਗਈ ਸੀ?
9 ਬਾਅਦ ਵਿਚ, ਮਲਾਕੀ ਰਾਹੀਂ, ਪਰਮੇਸ਼ੁਰ ਨੇ ਪੂਰਵ-ਸੂਚਿਤ ਕੀਤਾ: “ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ। ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ, ਮਤੇ ਮੈਂ ਆਵਾਂ ਅਤੇ ਧਰਤੀ ਦਾ ਸੱਤਿਆ ਨਾਸ ਕਰਾਂ!” (ਮਲਾਕੀ 4:5, 6) ਏਲੀਯਾਹ ਇਨ੍ਹਾਂ ਸ਼ਬਦਾਂ ਦੇ ਬੋਲੇ ਜਾਣ ਤੋਂ ਕੁਝ 500 ਸਾਲ ਪਹਿਲਾਂ ਰਹਿੰਦਾ ਸੀ। ਕਿਉਂ ਜੋ ਇਹ ਇਕ ਭਵਿੱਖਬਾਣੀ ਸੀ, ਪਹਿਲੀ ਸਦੀ ਸਾ.ਯੁ. ਦੇ ਯਹੂਦੀ ਇਸ ਦੀ ਪੂਰਤੀ ਲਈ ਏਲੀਯਾਹ ਦੇ ਆਉਣ ਦੀ ਉਡੀਕ ਵਿਚ ਸਨ।—ਮੱਤੀ 17:10.
10. ਪੂਰਵ-ਸੂਚਿਤ ਕੀਤਾ ਗਿਆ ਏਲੀਯਾਹ ਕੌਣ ਸੀ, ਅਤੇ ਅਸੀਂ ਕਿਵੇਂ ਜਾਣਦੇ ਹਾਂ?
10 ਤਾਂ ਫਿਰ, ਇਹ ਆਉਣ ਵਾਲਾ ਏਲੀਯਾਹ ਕੌਣ ਸੀ? ਉਸ ਦੀ ਪਛਾਣ ਉਦੋਂ ਪ੍ਰਗਟ ਕੀਤੀ ਗਈ ਸੀ ਜਦੋਂ ਯਿਸੂ ਮਸੀਹ ਨੇ ਕਿਹਾ: “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ। ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਤੀਕਰ ਅਗੰਮ ਵਾਕ ਕਰਦੇ ਸਨ। ਅਤੇ ਆਉਣ ਵਾਲਾ ਏਲੀਯਾਹ ਇਹੋ ਹੈ। ਚਾਹੋ ਤਾਂ ਮੰਨੋ।” ਜੀ ਹਾਂ, ਯੂਹੰਨਾ ਬਪਤਿਸਮਾ ਦੇਣ ਵਾਲਾ ਏਲੀਯਾਹ ਦਾ ਪੂਰਵ-ਸੂਚਿਤ ਕੀਤਾ ਗਿਆ ਪ੍ਰਤਿਰੂਪ ਸੀ। (ਮੱਤੀ 11:12-14; ਮਰਕੁਸ 9:11-13) ਇਕ ਦੂਤ ਨੇ ਯੂਹੰਨਾ ਦੇ ਪਿਤਾ, ਜ਼ਕਰਯਾਹ, ਨੂੰ ਦੱਸਿਆ ਸੀ ਕਿ ਯੂਹੰਨਾ ਕੋਲ ‘ਏਲੀਯਾਹ ਦਾ ਆਤਮਾ ਅਰ ਬਲ’ ਹੋਵੇਗਾ ਅਤੇ ‘ਯਹੋਵਾਹ ਦੇ ਲਈ ਸੁਧਾਰੀ ਹੋਈ ਕੌਮ ਨੂੰ ਤਿਆਰ ਕਰੇਗਾ।’ (ਲੂਕਾ 1:17) ਜਿਹੜਾ ਬਪਤਿਸਮਾ ਯੂਹੰਨਾ ਦਿੰਦਾ ਸੀ ਉਹ ਸ਼ਰਾ ਦੇ ਵਿਰੁੱਧ ਆਪਣੇ ਪਾਪਾਂ ਲਈ ਇਕ ਵਿਅਕਤੀ ਦੀ ਤੋਬਾ ਦਾ ਜਨਤਕ ਪ੍ਰਤੀਕ ਹੁੰਦਾ ਸੀ, ਜਿਸ ਨੇ ਯਹੂਦੀਆਂ ਨੂੰ ਮਸੀਹ ਕੋਲ ਪਹੁੰਚਾਉਣਾ ਸੀ। (ਲੂਕਾ 3:3-6; ਗਲਾਤੀਆਂ 3:24) ਇਸ ਤਰ੍ਹਾਂ ਯੂਹੰਨਾ ਦੇ ਕੰਮ ਨੇ ‘ਇਕ ਸੁਧਰੀ ਹੋਈ ਕੌਮ ਨੂੰ ਯਹੋਵਾਹ ਲਈ ਤਿਆਰ ਕੀਤਾ।’
11. ਪੰਤੇਕੁਸਤ ਤੇ, ਪਤਰਸ ਨੇ ‘ਯਹੋਵਾਹ ਦੇ ਦਿਨ’ ਬਾਰੇ ਕੀ ਕਿਹਾ ਸੀ, ਅਤੇ ਇਹ ਕਦੋਂ ਵਾਪਰਿਆ ਸੀ?
11 “ਏਲੀਯਾਹ” ਵਜੋਂ, ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੰਮ ਨੇ ਦਿਖਾਇਆ ਕਿ ‘ਯਹੋਵਾਹ ਦਾ ਇਕ ਦਿਨ’ ਨੇੜੇ ਸੀ। ਉਸ ਦਿਨ ਦੀ ਨੇੜਤਾ ਜਿਸ ਸਮੇਂ ਪਰਮੇਸ਼ੁਰ ਆਪਣੇ ਵੈਰੀਆਂ ਦੇ ਵਿਰੁੱਧ ਕਾਰਵਾਈ ਕਰੇਗਾ ਅਤੇ ਆਪਣੇ ਲੋਕਾਂ ਨੂੰ ਬਚਾਵੇਗਾ, ਪਤਰਸ ਰਸੂਲ ਦੁਆਰਾ ਵੀ ਸੰਕੇਤ ਕੀਤੀ ਗਈ ਸੀ। ਉਸ ਨੇ ਸੰਕੇਤ ਕੀਤਾ ਕਿ 33 ਸਾ.ਯੁ. ਦੇ ਪੰਤੇਕੁਸਤ ਤੇ ਵਾਪਰਨ ਵਾਲੀਆਂ ਚਮਤਕਾਰੀ ਘਟਨਾਵਾਂ ਪਰਮੇਸ਼ੁਰ ਦੀ ਆਤਮਾ ਦੇ ਵਹਾਉ ਬਾਰੇ ਯੋਏਲ ਦੀ ਭਵਿੱਖਬਾਣੀ ਦੀ ਪੂਰਤੀ ਸਨ। ਪਤਰਸ ਨੇ ਦਿਖਾਇਆ ਕਿ ਇਹ “ਪ੍ਰਭੁ ਦੇ ਵੱਡੇ ਤੇ ਪਰਸਿੱਧ ਦਿਨ” ਤੋਂ ਪਹਿਲਾਂ ਹੋਵੇਗਾ। (ਰਸੂਲਾਂ ਦੇ ਕਰਤੱਬ 2:16-21; ਯੋਏਲ 2:28-32) ਇਹ 70 ਸਾ.ਯੁ. ਵਿਚ ਸੀ ਜਦੋਂ ਯਹੋਵਾਹ ਨੇ ਆਪਣੇ ਪੁੱਤਰ ਨੂੰ ਰੱਦ ਕਰਨ ਵਾਲੀ ਕੌਮ ਉੱਤੇ ਰੋਮੀ ਫ਼ੌਜਾਂ ਨੂੰ ਈਸ਼ਵਰੀ ਨਿਆਉਂ ਲਾਗੂ ਕਰਨ ਲਈ ਪ੍ਰੇਰਿਤ ਕਰਨ ਦੁਆਰਾ ਆਪਣਾ ਬਚਨ ਪੂਰਾ ਕੀਤਾ ਸੀ।—ਦਾਨੀਏਲ 9:24-27; ਯੂਹੰਨਾ 19:15.
12. (ਉ) ਪੌਲੁਸ ਅਤੇ ਪਤਰਸ ਨੇ ਆਉਣ ਵਾਲੇ ‘ਯਹੋਵਾਹ ਦੇ ਇਕ ਦਿਨ’ ਬਾਰੇ ਕੀ ਕਿਹਾ ਸੀ? (ਅ) ਜਿਵੇਂ ਏਲੀਯਾਹ ਦੇ ਕੰਮ ਦੁਆਰਾ ਦਰਸਾਇਆ ਗਿਆ ਸੀ ਨਿਰਸੰਦੇਹ ਕਿਉਂ ਕੁਝ ਹੋਣ ਵਾਲਾ ਸੀ?
12 ਪਰ, 70 ਸਾ.ਯੁ. ਤੋਂ ਬਾਅਦ ਕੁਝ ਹੋਰ ਹੋਣ ਵਾਲਾ ਸੀ। ਪੌਲੁਸ ਰਸੂਲ ਨੇ ਆਉਣ ਵਾਲੇ ‘ਯਹੋਵਾਹ ਦੇ ਇਕ ਦਿਨ’ ਦਾ ਯਿਸੂ ਮਸੀਹ ਦੀ ਮੌਜੂਦਗੀ ਨਾਲ ਸੰਬੰਧ ਜੋੜਿਆ। ਇਸ ਤੋਂ ਇਲਾਵਾ, ਪਤਰਸ ਰਸੂਲ ਨੇ ਉਸ ਦਿਨ ਬਾਰੇ ਅਜੇ ਆਉਣ ਵਾਲੇ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੇ ਸੰਬੰਧ ਵਿਚ ਗੱਲ ਕੀਤੀ। (2 ਥੱਸਲੁਨੀਕੀਆਂ 2:1, 2; 2 ਪਤਰਸ 3:10-13) ਯਾਦ ਰੱਖੋ ਕਿ 70 ਸਾ.ਯੁ. ਵਿਚ ‘ਯਹੋਵਾਹ ਦੇ ਦਿਨ’ ਦੇ ਆਉਣ ਤੋਂ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਕ ਏਲੀਯਾਹ ਸਮਾਨ ਕੰਮ ਕੀਤਾ ਸੀ। ਇਨ੍ਹਾਂ ਸਾਰੀਆਂ ਚੀਜ਼ਾਂ ਨੇ ਸਪੱਸ਼ਟ ਤੌਰ ਤੇ ਸੰਕੇਤ ਕੀਤਾ ਕਿ ਕੁਝ ਅੱਗੇ ਹੋਵੇਗਾ ਜਿਵੇਂ ਏਲੀਯਾਹ ਦੇ ਕੀਤੇ ਗਏ ਕੰਮ ਨੇ ਦਰਸਾਇਆ ਸੀ। ਉਹ ਕੀ ਹੈ?
ਉਨ੍ਹਾਂ ਕੋਲ ਏਲੀਯਾਹ ਦੀ ਆਤਮਾ ਹੈ
13, 14. (ਉ) ਏਲੀਯਾਹ ਦੀਆਂ ਅਤੇ ਵਰਤਮਾਨ-ਦਿਨ ਦੇ ਮਸਹ ਕੀਤੇ ਹੋਏ ਮਸੀਹੀਆਂ ਦੀਆਂ ਸਰਗਰਮੀਆਂ ਦਰਮਿਆਨ ਕੀ ਸਮਾਨਤਾ ਹੈ? (ਅ) ਈਸਾਈ-ਜਗਤ ਦੇ ਧਰਮ-ਤਿਆਗੀਆਂ ਨੇ ਕੀ ਕੀਤਾ ਹੈ?
13 ਏਲੀਯਾਹ ਦਾ ਕੰਮ ਨਾ ਕੇਵਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀਆਂ ਸਰਗਰਮੀਆਂ ਨੂੰ ਦਰਸਾਉਂਦਾ ਸੀ ਪਰ ਆਉਣ ਵਾਲੇ ‘ਯਹੋਵਾਹ ਦੇ ਦਿਨ’ ਤਕ ਲੈ ਜਾਣ ਵਾਲੇ ਇਸ ਭੈੜੇ ਸਮੇਂ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੀਆਂ ਸਰਗਰਮੀਆਂ ਨੂੰ ਵੀ ਦਰਸਾਉਂਦਾ ਹੈ। (2 ਤਿਮੋਥਿਉਸ 3:1-5) ਏਲੀਯਾਹ ਦੀ ਆਤਮਾ ਅਤੇ ਬਲ ਨਾਲ, ਉਹ ਸੱਚੀ ਉਪਾਸਨਾ ਦੇ ਵਫ਼ਾਦਾਰ ਸਮਰਥਕ ਹਨ। ਅਤੇ ਇਹ ਕਿੰਨਾ ਹੀ ਜ਼ਰੂਰੀ ਰਿਹਾ ਹੈ! ਮਸੀਹ ਦੇ ਰਸੂਲਾਂ ਦੀ ਮੌਤ ਤੋਂ ਬਾਅਦ, ਸੱਚੀ ਮਸੀਹੀਅਤ ਤੋਂ ਧਰਮ-ਤਿਆਗ ਹੋਇਆ ਸੀ, ਠੀਕ ਜਿਵੇਂ ਏਲੀਯਾਹ ਦੇ ਸਮੇਂ ਇਸਰਾਏਲ ਵਿਚ ਬਆਲ ਉਪਾਸਨਾ ਵੀ ਵੱਧ ਗਈ ਸੀ। (2 ਪਤਰਸ 2:1) ਅਖਾਉਤੀ ਮਸੀਹੀਆਂ ਨੇ ਮਸੀਹੀਅਤ ਵਿਚ ਝੂਠੇ ਧਾਰਮਿਕ ਸਿਧਾਂਤ ਅਤੇ ਅਭਿਆਸ ਰਲ-ਮਿਲਾਉਣੇ ਸ਼ੁਰੂ ਕਰ ਦਿੱਤੇ। ਉਦਾਹਰਣ ਲਈ, ਉਨ੍ਹਾਂ ਨੇ ਮਾਨਵ ਦੇ ਅਮਰ ਪ੍ਰਾਣ ਹੋਣ ਦੀ ਅਧਰਮੀ ਅਤੇ ਸ਼ਾਸਤਰ ਵਿਰੋਧੀ ਸਿੱਖਿਆ ਨੂੰ ਅਪਣਾਇਆ। (ਉਪਦੇਸ਼ਕ ਦੀ ਪੋਥੀ 9:5, 10; ਹਿਜ਼ਕੀਏਲ 18:4) ਈਸਾਈ-ਜਗਤ ਦੇ ਧਰਮ-ਤਿਆਗੀ ਇੱਕੋ ਸੱਚੇ ਪਰਮੇਸ਼ੁਰ ਦਾ ਨਾਂ, ਯਹੋਵਾਹ ਇਸਤੇਮਾਲ ਕਰਨ ਤੋਂ ਹਟ ਗਏ ਹਨ। ਇਸ ਦੀ ਬਜਾਇ, ਉਹ ਤ੍ਰਿਏਕ ਦੀ ਉਪਾਸਨਾ ਕਰ ਰਹੇ ਹਨ। ਉਨ੍ਹਾਂ ਨੇ ਯਿਸੂ ਅਤੇ ਉਸ ਦੀ ਮਾਤਾ, ਮਰਿਯਮ ਦੀਆਂ ਮੂਰਤੀਆਂ ਦੇ ਅੱਗੇ ਮੱਥਾ ਟੇਕਣ ਦਾ ਬਆਲ-ਸਮਾਨ ਅਭਿਆਸ ਵੀ ਅਪਣਾਇਆ ਹੈ। (ਰੋਮੀਆਂ 1:23; 1 ਯੂਹੰਨਾ 5:21) ਪਰ ਇਹੋ ਸਭ ਕੁਝ ਨਹੀਂ ਹੈ।
14 ਉੱਨੀਵੀਂ ਸਦੀ ਤੋਂ ਲੈ ਕੇ, ਈਸਾਈ-ਜਗਤ ਦੇ ਗਿਰਜਿਆਂ ਦੇ ਆਗੂਆਂ ਨੇ ਬਾਈਬਲ ਦੇ ਅਨੇਕ ਹਿੱਸਿਆਂ ਬਾਰੇ ਸ਼ੱਕ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ। ਉਦਾਹਰਣ ਲਈ, ਉਨ੍ਹਾਂ ਨੇ ਸ੍ਰਿਸ਼ਟੀ ਬਾਰੇ ਉਤਪਤ ਦੇ ਬਿਰਤਾਂਤ ਨੂੰ ਰੱਦ ਕੀਤਾ ਅਤੇ ਕ੍ਰਮ-ਵਿਕਾਸ ਨੂੰ “ਵਿਗਿਆਨਕ” ਠਹਿਰਾ ਕੇ ਸਨਮਾਨ ਦਿੱਤਾ। ਇਹ ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਦੀਆਂ ਸਿੱਖਿਆਵਾਂ ਨਾਲੋਂ ਬਿਲਕੁਲ ਭਿੰਨ ਸੀ। (ਮੱਤੀ 19:4, 5; 1 ਕੁਰਿੰਥੀਆਂ 15:47) ਫਿਰ ਵੀ, ਯਿਸੂ ਅਤੇ ਉਸ ਦੇ ਮੁਢਲੇ ਪੈਰੋਕਾਰਾਂ ਵਾਂਗ, ਅੱਜ ਆਤਮਾ ਦੁਆਰਾ ਮਸਹ ਕੀਤੇ ਮਸੀਹੀ ਸ੍ਰਿਸ਼ਟੀ ਬਾਰੇ ਬਾਈਬਲ ਦੇ ਬਿਰਤਾਂਤ ਨੂੰ ਸਮਰਥਨ ਦਿੰਦੇ ਹਨ।—ਉਤਪਤ 1:27.
15, 16. ਈਸਾਈ-ਜਗਤ ਤੋਂ ਭਿੰਨ, ਕਿਨ੍ਹਾਂ ਨੇ ਅਧਿਆਤਮਿਕ ਭੋਜਨ ਦੀਆਂ ਬਾਕਾਇਦਾ ਰਸਦਾਂ ਦਾ ਆਨੰਦ ਮਾਣਿਆ ਹੈ, ਅਤੇ ਕਿਸ ਜ਼ਰੀਏ?
15 ਸੰਸਾਰ ਦੇ “ਓੜਕ ਦੇ ਸਮੇਂ” ਵਿਚ ਪ੍ਰਵੇਸ਼ ਕਰਦੇ ਹੀ, ਇਕ ਅਧਿਆਤਮਿਕ ਕਾਲ ਨੇ ਈਸਾਈ-ਜਗਤ ਨੂੰ ਆਪਣੇ ਪੰਜੇ ਵਿਚ ਲਿਆ। (ਦਾਨੀਏਲ 12:4; ਆਮੋਸ 8:11, 12) ਪਰ ਮਸਹ ਕੀਤੇ ਹੋਏ ਮਸੀਹੀਆਂ ਦੇ ਛੋਟੇ ਸਮੂਹ ਨੇ “ਵੇਲੇ ਸਿਰ” ਪਰਮੇਸ਼ੁਰ-ਦਿੱਤ ਅਧਿਆਤਮਿਕ ਭੋਜਨ ਦੀਆਂ ਬਾਕਾਇਦਾ ਰਸਦਾਂ ਦਾ ਆਨੰਦ ਮਾਣਿਆ, ਠੀਕ ਜਿਵੇਂ ਯਹੋਵਾਹ ਨੇ ਨਿਸ਼ਚਿਤ ਕੀਤਾ ਸੀ ਕਿ ਏਲੀਯਾਹ ਦੇ ਸਮੇਂ ਵਿਚ ਕਾਲ ਦੇ ਦੌਰਾਨ ਉਸ ਨੂੰ ਭੋਜਨ ਮਿਲਦਾ ਰਹੇ। (ਮੱਤੀ 24:45; 1 ਰਾਜਿਆਂ 17:6, 13-16) ਇਕ ਸਮੇਂ ਤੇ ਇੰਟਰਨੈਸ਼ਨਲ ਬਾਈਬਲ ਸਟੂਡੈਂਟਸ ਵਜੋਂ ਜਾਣੇ ਜਾਂਦੇ ਪਰਮੇਸ਼ੁਰ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਬਾਅਦ ਵਿਚ ਸ਼ਾਸਤਰ-ਸੰਬੰਧੀ ਨਾਂ ਯਹੋਵਾਹ ਦੇ ਗਵਾਹ ਕਬੂਲ ਕੀਤਾ।—ਯਸਾਯਾਹ 43:10.
16 ਏਲੀਯਾਹ ਆਪਣੇ ਨਾਂ ਤੇ ਪੂਰਾ ਉੱਤਰਿਆ, ਜਿਸ ਦਾ ਅਰਥ ਹੈ “ਮੇਰਾ ਪਰਮੇਸ਼ੁਰ ਯਹੋਵਾਹ ਹੈ।” ਯਹੋਵਾਹ ਦੇ ਪਾਰਥਿਵ ਸੇਵਕਾਂ ਦੇ ਪ੍ਰਮਾਣਿਤ ਰਸਾਲੇ ਵਜੋਂ, ਪਹਿਰਾਬੁਰਜ ਨੇ ਲਗਾਤਾਰ ਪਰਮੇਸ਼ੁਰ ਦੇ ਨਾਂ ਨੂੰ ਇਸਤੇਮਾਲ ਕੀਤਾ ਹੈ। ਅਸਲ ਵਿਚ, ਉਸ ਦੇ ਦੂਜੇ ਅੰਕ (ਅਗਸਤ 1879) ਨੇ ਭਰੋਸਾ ਪ੍ਰਗਟ ਕੀਤਾ ਸੀ ਕਿ ਯਹੋਵਾਹ ਰਸਾਲੇ ਦਾ ਸਮਰਥਕ ਹੈ। ਇਹ ਰਸਾਲਾ ਅਤੇ ਵਾਚ ਟਾਵਰ ਸੋਸਾਇਟੀ ਦੇ ਹੋਰ ਪ੍ਰਕਾਸ਼ਨ ਈਸਾਈ-ਜਗਤ ਅਤੇ ਬਾਕੀ ਦੀ ਵੱਡੀ ਬਾਬੁਲ, ਅਰਥਾਤ ਝੂਠੇ ਧਰਮ ਦਾ ਵਿਸ਼ਵ ਸਾਮਰਾਜ, ਦੀਆਂ ਸ਼ਾਸਤਰ ਵਿਰੋਧੀ ਸਿੱਖਿਆਵਾਂ ਦਾ ਭੇਤ ਖੋਲ੍ਹਦੇ ਹਨ, ਜਦ ਕਿ ਉਹ ਪਰਮੇਸ਼ੁਰ ਦੇ ਬਚਨ, ਬਾਈਬਲ ਦੀ ਸੱਚਾਈ ਦਾ ਸਮਰਥਨ ਕਰਦੇ ਹਨ।—2 ਤਿਮੋਥਿਉਸ 3:16, 17; ਪਰਕਾਸ਼ ਦੀ ਪੋਥੀ 18:1-5.
ਅਜ਼ਮਾਇਸ਼ ਅਧੀਨ ਵਫ਼ਾਦਾਰ
17, 18. ਬਆਲ ਦੇ ਨਬੀਆਂ ਦੇ ਕਤਲਾਮ ਪ੍ਰਤੀ ਈਜ਼ਬਲ ਦੀ ਕੀ ਪ੍ਰਤਿਕ੍ਰਿਆ ਸੀ, ਪਰ ਏਲੀਯਾਹ ਦੀ ਮਦਦ ਕਿਸ ਤਰ੍ਹਾਂ ਕੀਤੀ ਗਈ ਸੀ?
17 ਭੇਤ ਖੋਲ੍ਹੇ ਜਾਣ ਪ੍ਰਤੀ ਪਾਦਰੀ-ਮੰਡਲ ਦੀ ਪ੍ਰਤਿਕ੍ਰਿਆ ਈਜ਼ਬਲ ਦੇ ਸਮਾਨ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਏਲੀਯਾਹ ਨੇ ਬਆਲ ਦੇ ਨਬੀਆਂ ਦਾ ਕਤਲ ਕਰ ਦਿੱਤਾ ਹੈ। ਉਸ ਨੇ ਯਹੋਵਾਹ ਦੇ ਵਫ਼ਾਦਾਰ ਨਬੀ ਨੂੰ ਸੰਦੇਸ਼ ਭੇਜਿਆ ਕਿ ਉਸ ਨੇ ਉਸ ਨੂੰ ਮਰਵਾਉਣ ਦੀ ਕਸਮ ਖਾਧੀ ਹੈ। ਇਹ ਕੋਈ ਫੋਕੀ ਧਮਕੀ ਨਹੀਂ ਸੀ, ਕਿਉਂਕਿ ਈਜ਼ਬਲ ਪਹਿਲਾਂ ਹੀ ਪਰਮੇਸ਼ੁਰ ਦੇ ਅਨੇਕ ਨਬੀਆਂ ਨੂੰ ਮਰਵਾ ਚੁੱਕੀ ਸੀ। ਡਰਦੇ ਹੋਏ, ਏਲੀਯਾਹ ਦੱਖਣ-ਪੱਛਮ ਵੱਲ ਬਏਰਸ਼ਬਾ ਨੂੰ ਭੱਜ ਗਿਆ। ਆਪਣੇ ਸੇਵਕ ਨੂੰ ਉੱਥੇ ਛੱਡ ਕੇ, ਉਹ ਆਪ ਅੱਗੇ ਉਜਾੜ ਵਿਚ ਜਾ ਕੇ ਮੌਤ ਲਈ ਪ੍ਰਾਰਥਨਾ ਕਰਦਾ ਹੈ। ਪਰ ਯਹੋਵਾਹ ਨੇ ਆਪਣੇ ਨਬੀ ਨੂੰ ਤਿਆਗਿਆ ਨਹੀਂ ਸੀ। ਏਲੀਯਾਹ ਨੂੰ ਹੋਰੇਬ ਪਰਬਤ ਤਕ ਲੰਬੇ ਸਫ਼ਰ ਲਈ ਤਿਆਰ ਕਰਨ ਵਾਸਤੇ ਇਕ ਦੂਤ ਦਿਖਾਈ ਦਿੱਤਾ। ਇਸ ਤਰ੍ਹਾਂ ਉਸ ਨੂੰ 300 ਤੋਂ ਵੱਧ ਕਿਲੋਮੀਟਰ ਦੇ 40 ਦਿਨ ਦੇ ਸਫ਼ਰ ਲਈ ਖ਼ੁਰਾਕ ਪ੍ਰਾਪਤ ਹੋਈ। ਹੋਰਬ ਵਿਖੇ, ਇਕ ਵੱਡੀ ਅੰਨ੍ਹੇਰੀ, ਭੁਚਾਲ, ਅਤੇ ਅੱਗ ਵਿਚ ਪ੍ਰਦਰਸ਼ਿਤ ਸ਼ਕਤੀ ਦੇ ਇਕ ਭਿਆਨਕ ਦਿਖਾਵੇ ਤੋਂ ਬਾਅਦ, ਪਰਮੇਸ਼ੁਰ ਉਸ ਨਾਲ ਬੋਲਿਆ। ਯਹੋਵਾਹ ਇਨ੍ਹਾਂ ਦਿਖਲਾਵਿਆਂ ਵਿਚ ਨਹੀਂ ਸੀ। ਇਹ ਉਸ ਦੀ ਪਵਿੱਤਰ ਆਤਮਾ, ਜਾਂ ਕ੍ਰਿਆਸ਼ੀਲ ਸ਼ਕਤੀ ਦੇ ਪ੍ਰਗਟਾਵੇ ਸਨ। ਫਿਰ ਯਹੋਵਾਹ ਨੇ ਆਪਣੇ ਨਬੀ ਨਾਲ ਗੱਲ ਕੀਤੀ। ਕਲਪਨਾ ਕਰੋ ਕਿ ਇਸ ਅਨੁਭਵ ਨੇ ਏਲੀਯਾਹ ਨੂੰ ਕਿੰਨਾ ਮਜ਼ਬੂਤ ਬਣਾਇਆ ਸੀ। (1 ਰਾਜਿਆਂ 19:1-12) ਏਲੀਯਾਹ ਵਾਂਗ, ਜੇਕਰ ਅਸੀਂ ਸੱਚੀ ਉਪਾਸਨਾ ਦੇ ਵੈਰੀਆਂ ਦੁਆਰਾ ਧਮਕਾਏ ਜਾਣ ਤੇ ਥੋੜ੍ਹਾ-ਬਹੁਤਾ ਡਰ ਜਾਈਏ, ਫਿਰ ਕੀ? ਉਸ ਦੇ ਅਨੁਭਵ ਨੂੰ ਸਾਨੂੰ ਇਹ ਸਮਝਣ ਵਿਚ ਮਦਦ ਦੇਣੀ ਚਾਹੀਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਤਿਆਗਦਾ ਨਹੀਂ।—1 ਸਮੂਏਲ 12:22.
18 ਪਰਮੇਸ਼ੁਰ ਨੇ ਸਪੱਸ਼ਟ ਕੀਤਾ ਕਿ ਨਬੀ ਦੇ ਤੌਰ ਤੇ ਏਲੀਯਾਹ ਕੋਲ ਅਜੇ ਕੰਮ ਕਰਨ ਲਈ ਸੀ। ਇਸ ਦੇ ਇਲਾਵਾ, ਭਾਵੇਂ ਏਲੀਯਾਹ ਸੋਚਦਾ ਸੀ ਕਿ ਇਸਰਾਏਲ ਵਿਚ ਸੱਚੇ ਪਰਮੇਸ਼ੁਰ ਦਾ ਉਹ ਇਕੱਲਾ ਹੀ ਉਪਾਸਕ ਸੀ, ਯਹੋਵਾਹ ਨੇ ਉਸ ਨੂੰ ਦਿਖਾਇਆ ਕਿ 7,000 ਵਿਅਕਤੀਆਂ ਨੇ ਬਆਲ ਦੇ ਅੱਗੇ ਮੱਥਾ ਨਹੀਂ ਸੀ ਟੇਕਿਆ। ਫਿਰ ਪਰਮੇਸ਼ੁਰ ਨੇ ਏਲੀਯਾਹ ਨੂੰ ਉਸ ਦੀ ਕਾਰਜ-ਨਿਯੁਕਤੀ ਲਈ ਵਾਪਸ ਭੇਜਿਆ। (1 ਰਾਜਿਆਂ 19:13-18) ਏਲੀਯਾਹ ਵਾਂਗ, ਸੱਚੀ ਉਪਾਸਨਾ ਦੇ ਵੈਰੀ ਸਾਡਾ ਵੀ ਪਿੱਛਾ ਕਰ ਸਕਦੇ ਹਨ। ਜਿਵੇਂ ਯਿਸੂ ਨੇ ਪੂਰਵ-ਸੂਚਿਤ ਕੀਤਾ ਸੀ, ਅਸੀਂ ਡਾਢੀ ਸਤਾਹਟ ਦੇ ਨਿਸ਼ਾਨੇ ਬਣ ਸਕਦੇ ਹਾਂ। (ਯੂਹੰਨਾ 15:17-20) ਕਿਸੇ ਕਿਸੇ ਵੇਲੇ, ਅਸੀਂ ਸ਼ਾਇਦ ਚਿੰਤਾਵਾਨ ਹੋ ਜਾਈਏ। ਮਗਰ, ਅਸੀਂ ਏਲੀਯਾਹ ਵਰਗੇ ਹੋ ਸਕਦੇ ਹਾਂ, ਜਿਸ ਨੂੰ ਈਸ਼ਵਰੀ ਵਾਅਦੇ ਮਿਲੇ ਅਤੇ ਫਿਰ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਵਿਚ ਦ੍ਰਿੜ੍ਹ ਰਿਹਾ।
19. ਵਿਸ਼ਵ ਯੁੱਧ I ਦੀ ਅਵਧੀ ਦੌਰਾਨ ਮਸਹ ਕੀਤੇ ਹੋਏ ਮਸੀਹੀਆਂ ਨੇ ਕੀ ਅਨੁਭਵ ਕੀਤਾ ਸੀ?
19 ਵਿਸ਼ਵ ਯੁੱਧ I ਦੇ ਦੌਰਾਨ ਡਾਢੀ ਸਤਾਹਟ ਦੇ ਕਾਰਨ, ਕੁਝ ਮਸਹ ਕੀਤੇ ਹੋਏ ਮਸੀਹੀਆਂ ਨੇ ਡਰ ਦੇ ਮਾਰੇ ਪ੍ਰਚਾਰ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਨੇ ਇਹ ਸੋਚਣ ਵਿਚ ਭੁਲੇਖਾ ਖਾਧਾ ਕਿ ਧਰਤੀ ਉੱਤੇ ਉਨ੍ਹਾਂ ਦਾ ਕੰਮ ਖ਼ਤਮ ਹੋ ਗਿਆ ਸੀ। ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੱਦ ਨਹੀਂ ਸੀ ਕੀਤਾ। ਬਲਕਿ, ਦਇਆ ਨਾਲ ਉਸ ਨੇ ਉਨ੍ਹਾਂ ਨੂੰ ਕਾਇਮ ਰੱਖਿਆ, ਠੀਕ ਜਿਵੇਂ ਉਸ ਨੇ ਏਲੀਯਾਹ ਲਈ ਵੀ ਭੋਜਨ ਦਾ ਪ੍ਰਬੰਧ ਕੀਤਾ ਸੀ। ਏਲੀਯਾਹ ਵਾਂਗ, ਵਫ਼ਾਦਾਰ ਮਸਹ ਕੀਤੇ ਹੋਏ ਵਿਅਕਤੀਆਂ ਨੇ ਈਸ਼ਵਰੀ ਸੋਧ ਕਬੂਲ ਕਰ ਲਈ ਅਤੇ ਨਿਸ਼ਕ੍ਰਿਅਤਾ ਤੋਂ ਮੁੜ ਪਏ। ਰਾਜ ਸੰਦੇਸ਼ ਦੇ ਪ੍ਰਚਾਰ ਕਰਨ ਵਾਲੇ ਮਹਾਨ ਵਿਸ਼ੇਸ਼-ਸਨਮਾਨ ਲਈ ਉਨ੍ਹਾਂ ਦੀਆਂ ਅੱਖਾਂ ਖੋਲ੍ਹੀਆਂ ਗਈਆਂ।
20. ਅੱਜ, ਏਲੀਯਾਹ ਵਾਂਗ ਵਫ਼ਾਦਾਰ ਰਹਿਣ ਵਾਲੇ ਵਿਅਕਤੀਆਂ ਨੂੰ ਕਿਹੜਾ ਵਿਸ਼ੇਸ਼-ਸਨਮਾਨ ਬਖ਼ਸ਼ਿਆ ਜਾਂਦਾ ਹੈ?
20 ਆਪਣੀ ਮੌਜੂਦਗੀ ਬਾਰੇ ਆਪਣੀ ਭਵਿੱਖਬਾਣੀ ਵਿਚ, ਯਿਸੂ ਨੇ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਪਹਿਲਾਂ ਪੂਰਾ ਕੀਤੇ ਜਾਣ ਵਾਲੇ ਵਿਸ਼ਵ-ਵਿਆਪੀ ਕੰਮ ਦਾ ਬਿਆਨ ਕੀਤਾ ਸੀ। (ਮੱਤੀ 24:14) ਅੱਜ, ਇਹ ਕੰਮ ਮਸਹ ਕੀਤੇ ਹੋਏ ਮਸੀਹੀਆਂ ਦੁਆਰਾ ਅਤੇ ਉਨ੍ਹਾਂ ਦੇ ਲੱਖਾਂ ਸਾਥੀਆਂ ਦੁਆਰਾ ਕੀਤਾ ਜਾ ਰਿਹਾ ਹੈ, ਜੋ ਪਰਾਦੀਸ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੇ ਹਨ। ਸਮਾਪਤੀ ਤਕ ਪੂਰਾ ਕਰਨ ਦਾ ਰਾਜ-ਪ੍ਰਚਾਰ ਦਾ ਕੰਮ ਕੇਵਲ ਉਨ੍ਹਾਂ ਨੂੰ ਹੀ ਇਕ ਵਿਸ਼ੇਸ਼-ਸਨਮਾਨ ਬਖ਼ਸ਼ਿਆ ਜਾਂਦਾ ਹੈ ਜੋ ਏਲੀਯਾਹ ਵਾਂਗ ਵਫ਼ਾਦਾਰ ਰਹਿਣ ਵਾਲੇ ਵਿਅਕਤੀ ਹਨ।
ਏਲੀਯਾਹ ਵਾਂਗ ਵਫ਼ਾਦਾਰ ਹੋਵੋ
21, 22. (ਉ) ਅੱਜ ਮਸਹ ਕੀਤੇ ਹੋਏ ਮਸੀਹੀ ਕਿਸ ਕੰਮ ਵਿਚ ਅਗਵਾਈ ਕਰਦੇ ਹਨ? (ਅ) ਪ੍ਰਚਾਰ ਦਾ ਕੰਮ ਕਿਸ ਦੀ ਮਦਦ ਨਾਲ ਪੂਰਾ ਕੀਤਾ ਜਾ ਰਿਹਾ ਹੈ, ਅਤੇ ਇਹ ਮਦਦ ਕਿਉਂ ਜ਼ਰੂਰੀ ਹੈ?
21 ਏਲੀਯਾਹ ਵਰਗੇ ਜੋਸ਼ ਨਾਲ, ਸੱਚੇ ਮਸਹ ਕੀਤੇ ਹੋਏ ਮਸੀਹੀਆਂ ਦੇ ਛੋਟੇ ਬਕੀਏ ਨੇ ਸਿੰਘਾਸਣ ਉੱਤੇ ਬੈਠੇ ਰਾਜਾ, ਯਿਸੂ ਮਸੀਹ ਦੇ ਪਾਰਥਿਵ ਹਿਤਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਨਿਭਾਈ ਹੈ। (ਮੱਤੀ 24:47) ਅਤੇ ਹੁਣ 60 ਤੋਂ ਜ਼ਿਆਦਾ ਸਾਲਾਂ ਲਈ, ਪਰਮੇਸ਼ੁਰ ਇਨ੍ਹਾਂ ਮਸਹ ਕੀਤੇ ਹੋਇਆਂ ਨੂੰ ਉਨ੍ਹਾਂ ਲੋਕਾਂ ਨੂੰ ਚੇਲੇ ਬਣਾਉਣ ਦੇ ਕੰਮ ਵਿਚ ਅਗਵਾਈ ਕਰਨ ਲਈ ਇਸਤੇਮਾਲ ਕਰਦਾ ਆਇਆ ਹੈ, ਜਿਨ੍ਹਾਂ ਨੂੰ ਉਸ ਨੇ ਪਰਾਦੀਸ ਧਰਤੀ ਉੱਤੇ ਸਦੀਪਕ ਜੀਵਨ ਦੀ ਅਦਭੁਤ ਉਮੀਦ ਦਿੱਤੀ ਹੈ। (ਮੱਤੀ 28:19, 20) ਇਹ ਲੱਖਾਂ ਹੀ ਲੋਕ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਨ ਕਿ ਥੋੜ੍ਹੇ ਜਿਹੇ ਰਹਿੰਦੇ ਮਸਹ ਕੀਤੇ ਹੋਏ ਵਿਅਕਤੀ ਜੋਸ਼ ਅਤੇ ਵਫ਼ਾਦਾਰੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੇ ਹਨ!
22 ਇਹ ਰਾਜ-ਪ੍ਰਚਾਰ ਦਾ ਕੰਮ ਅਪੂਰਣ ਇਨਸਾਨਾਂ ਰਾਹੀਂ ਅਤੇ ਸਿਰਫ਼ ਉਸ ਤਾਕਤ ਨਾਲ ਪੂਰਾ ਕੀਤਾ ਗਿਆ ਹੈ ਜੋ ਯਹੋਵਾਹ ਉਸ ਉੱਤੇ ਪ੍ਰਾਰਥਨਾਪੂਰਣ ਢੰਗ ਨਾਲ ਨਿਰਭਰ ਕਰਨ ਵਾਲੇ ਵਿਅਕਤੀਆਂ ਨੂੰ ਦਿੰਦਾ ਹੈ। “ਏਲੀਯਾਹ ਸਾਡੇ ਵਰਗਾ ਦੁਖ ਸੁਖ ਭੋਗਣ ਵਾਲਾ ਮਨੁੱਖ ਸੀ,” ਚੇਲੇ ਯਾਕੂਬ ਨੇ ਇਕ ਧਰਮੀ ਮਨੁੱਖ ਦੀ ਪ੍ਰਾਰਥਨਾ ਦਾ ਅਸਰ ਦਿਖਾਉਣ ਲਈ ਨਬੀ ਦੀ ਉਦਾਹਰਣ ਦਾ ਹਵਾਲਾ ਦਿੰਦੇ ਸਮੇਂ ਕਿਹਾ। (ਯਾਕੂਬ 5:16-18) ਏਲੀਯਾਹ ਹਮੇਸ਼ਾ ਭਵਿੱਖਬਾਣੀ ਜਾਂ ਚਮਤਕਾਰ ਨਹੀਂ ਕਰ ਰਿਹਾ ਸੀ। ਉਸ ਕੋਲ ਉਹੀ ਮਾਨਵੀ ਜਜ਼ਬਾਤ ਅਤੇ ਕਮਜ਼ੋਰੀਆਂ ਸਨ ਜੋ ਸਾਡੇ ਕੋਲ ਹਨ, ਪਰ ਉਸ ਨੇ ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕੀਤੀ। ਅਸੀਂ ਏਲੀਯਾਹ ਵਾਂਗ ਵਫ਼ਾਦਾਰ ਹੋ ਸਕਦੇ ਹਾਂ, ਕਿਉਂਕਿ ਸਾਡੇ ਕੋਲ ਵੀ ਪਰਮੇਸ਼ੁਰ ਦੀ ਸਹਾਇਤਾ ਹੈ ਅਤੇ ਉਹ ਸਾਨੂੰ ਮਜ਼ਬੂਤ ਬਣਾਉਂਦਾ ਹੈ।
23. ਸਾਡੇ ਕੋਲ ਵਫ਼ਾਦਾਰ ਅਤੇ ਆਸ਼ਾਵਾਦੀ ਹੋਣ ਲਈ ਚੰਗਾ ਕਾਰਨ ਕਿਉਂ ਹੈ?
23 ਸਾਡੇ ਕੋਲ ਵਫ਼ਾਦਾਰ ਅਤੇ ਆਸ਼ਾਵਾਦੀ ਹੋਣ ਲਈ ਚੰਗਾ ਕਾਰਨ ਹੈ। ਯਾਦ ਕਰੋ ਕਿ 70 ਸਾ.ਯੁ. ਵਿਚ ‘ਯਹੋਵਾਹ ਦੇ ਦਿਨ’ ਦੇ ਟੁੱਟ ਪੈਣ ਤੋਂ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਇਕ ਏਲੀਯਾਹ-ਸਮਾਨ ਕੰਮ ਕੀਤਾ ਸੀ। ਏਲੀਯਾਹ ਦੀ ਆਤਮਾ ਅਤੇ ਬਲ ਨਾਲ, ਸਾਰੀ ਧਰਤੀ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਇਕ ਸਮਾਨ ਪਰਮੇਸ਼ੁਰ-ਦਿੱਤ ਕੰਮ ਕੀਤਾ ਹੈ। ਇਹ ਸਪੱਸ਼ਟ ਤੌਰ ਤੇ ਸਾਬਤ ਕਰਦਾ ਹੈ ਕਿ ‘ਯਹੋਵਾਹ ਦਾ ਦਿਨ’ ਨੇੜੇ ਹੈ।
ਤੁਸੀਂ ਕਿਵੇਂ ਜਵਾਬ ਦਿਓਗੇ?
◻ ਕਰਮਲ ਪਰਬਤ ਉੱਤੇ ਯਹੋਵਾਹ ਦੀ ਈਸ਼ਵਰਤਾਈ ਕਿਵੇਂ ਸਾਬਤ ਹੋਈ ਸੀ?
◻ “ਆਉਣ ਵਾਲਾ ਏਲੀਯਾਹ” ਕੌਣ ਸੀ, ਅਤੇ ਉਸ ਨੇ ਕੀ ਕੀਤਾ ਸੀ?
◻ ਵਰਤਮਾਨ-ਦਿਨ ਦੇ ਮਸਹ ਕੀਤੇ ਹੋਏ ਮਸੀਹੀਆਂ ਨੇ ਕਿਵੇਂ ਦਿਖਾਇਆ ਹੈ ਕਿ ਉਨ੍ਹਾਂ ਕੋਲ ਏਲੀਯਾਹ ਦੀ ਆਤਮਾ ਹੈ?
◻ ਸਾਡੇ ਲਈ ਏਲੀਯਾਹ ਵਾਂਗ ਵਫ਼ਾਦਾਰ ਹੋਣਾ ਕਿਉਂ ਸੰਭਵ ਹੈ?
[ਸਫ਼ੇ 27 ਉੱਤੇ ਡੱਬੀ]
ਏਲੀਯਾਹ ਕਿਹੜੇ ਅਕਾਸ਼ ਨੂੰ ਚੜ੍ਹਿਆ ਸੀ?
“ਐਉਂ ਹੋਇਆ ਜਦ ਓਹ [ਏਲੀਯਾਹ ਅਤੇ ਅਲੀਸ਼ਾ] ਗੱਲਾਂ ਕਰਦੇ ਕਰਦੇ ਤੁਰੇ ਜਾਂਦੇ ਸਨ ਤਾਂ ਵੇਖੋ, ਉੱਥੇ ਇੱਕ ਅਗਨ ਰਥ ਤੇ ਅਗਨ ਘੋੜੇ ਦਿੱਸੇ ਜਿਨ੍ਹਾਂ ਨੇ ਉਨ੍ਹਾਂ ਦੋਹਾਂ ਨੂੰ ਵੱਖੋ ਵੱਖ ਕਰ ਦਿੱਤਾ ਅਤੇ ਏਲੀਯਾਹ ਵਾਵਰੋਲੇ ਵਿੱਚ ਅਕਾਸ਼ ਨੂੰ ਚੜ੍ਹ ਗਿਆ।”—2 ਰਾਜਿਆਂ 2:11.
ਇਸ ਘਟਨਾ ਵਿਚ ਸ਼ਬਦ “ਅਕਾਸ਼” ਦਾ ਕੀ ਮਤਲਬ ਹੈ? ਇਹ ਸ਼ਬਦ ਕਦੀ-ਕਦੀ ਪਰਮੇਸ਼ੁਰ ਅਤੇ ਉਸ ਦੇ ਦੂਤਮਈ ਪੁੱਤਰਾਂ ਦੇ ਅਧਿਆਤਮਿਕ ਨਿਵਾਸ-ਸਥਾਨ ਲਈ ਵਰਤਿਆ ਜਾਂਦਾ ਹੈ। (ਮੱਤੀ 6:9; 18:10) “ਅਕਾਸ਼” ਭੌਤਿਕ ਵਿਸ਼ਵ-ਮੰਡਲ ਨੂੰ ਵੀ ਸੰਕੇਤ ਕਰ ਸਕਦਾ ਹੈ। (ਬਿਵਸਥਾ ਸਾਰ 4:19) ਅਤੇ ਬਾਈਬਲ ਇਸ ਸ਼ਬਦ ਨੂੰ ਧਰਤੀ ਦੇ ਨਜ਼ਦੀਕੀ ਵਾਯੂਮੰਡਲ ਨੂੰ ਸੰਕੇਤ ਕਰਨ ਲਈ ਇਸਤੇਮਾਲ ਕਰਦੀ ਹੈ, ਜਿੱਥੇ ਪੰਛੀ ਉੱਡਦੇ-ਫਿਰਦੇ ਹਨ ਅਤੇ ਹਵਾ ਚੱਲਦੀ ਹੈ।—ਜ਼ਬੂਰ 78:26; ਮੱਤੀ 6:26.
ਇਨ੍ਹਾਂ ਵਿੱਚੋਂ ਏਲੀਯਾਹ ਨਬੀ ਕਿਹੜੇ ਅਕਾਸ਼ ਨੂੰ ਚੜ੍ਹਿਆ ਸੀ? ਜ਼ਾਹਰਾ ਤੌਰ ਤੇ, ਉਹ ਧਰਤੀ ਦੇ ਵਾਯੂਮੰਡਲ ਦੁਆਰਾ, ਇਕ ਦੂਸਰੀ ਜਗ੍ਹਾ ਤਬਾਦਲਾ ਕੀਤਾ ਗਿਆ ਸੀ ਅਤੇ ਦੁਨੀਆਂ ਦੇ ਕਿਸੇ ਵੱਖਰੇ ਥਾਂ ਉੱਤੇ ਰੱਖ ਦਿੱਤਾ ਗਿਆ ਸੀ। ਕਈ ਸਾਲਾਂ ਬਾਅਦ ਏਲੀਯਾਹ ਅਜੇ ਧਰਤੀ ਉੱਤੇ ਸੀ, ਕਿਉਂਕਿ ਉਸ ਨੇ ਯਹੂਦਾਹ ਦੇ ਰਾਜਾ ਯਹੋਰਾਮ ਨੂੰ ਇਕ ਪੱਤਰ ਲਿਖਿਆ ਸੀ। (2 ਇਤਹਾਸ 21:1, 12-15) ਇਹ ਹਕੀਕਤ ਕਿ ਏਲੀਯਾਹ ਯਹੋਵਾਹ ਪਰਮੇਸ਼ੁਰ ਦੇ ਅਧਿਆਤਮਿਕ ਨਿਵਾਸ ਨੂੰ ਨਹੀਂ ਚੜ੍ਹਿਆ, ਯਿਸੂ ਮਸੀਹ ਦੁਆਰਾ ਪੱਕੀ ਕੀਤੀ ਗਈ ਸੀ, ਜਿਸ ਨੇ ਐਲਾਨ ਕੀਤਾ: “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ,” ਯਾਨੀ ਕਿ ਯਿਸੂ ਖ਼ੁਦ। (ਯੂਹੰਨਾ 3:13) ਅਪੂਰਣ ਮਾਨਵ ਲਈ ਸਵਰਗੀ ਜੀਵਨ ਵੱਲ ਜਾਂਦਾ ਰਾਹ ਪਹਿਲੀ ਵਾਰ ਯਿਸੂ ਦੀ ਮੌਤ, ਪੁਨਰ-ਉਥਾਨ, ਅਤੇ ਆਰੋਹਣ ਤੋਂ ਬਾਅਦ ਖੋਲ੍ਹਿਆ ਗਿਆ ਸੀ।—ਯੂਹੰਨਾ 14:2, 3; ਇਬਰਾਨੀਆਂ 9:24; 10:19, 20.