ਯਿਸੂ ਅਤੇ ਉਸ ਦੇ ਵਫ਼ਾਦਾਰ ਨੌਕਰ ਦਾ ਸਾਥ ਦਿਓ
“ਉਸ ਦਾ ਮਾਲਕ . . . ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।”—ਮੱਤੀ 24:45-47.
1, 2. (ੳ) ਬਾਈਬਲ ਮੁਤਾਬਕ ਸਾਡਾ ਆਗੂ ਕੌਣ ਹੈ? (ਅ) ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਸੱਚ-ਮੁੱਚ ਮਸੀਹੀ ਕਲੀਸਿਯਾ ਦੀ ਅਗਵਾਈ ਕਰ ਰਿਹਾ ਹੈ?
“ਨਾ ਤੁਸੀਂ ਮਾਲਕ ਕਹਾਓ ਕਿਉਂ ਜੋ ਤੁਹਾਡਾ ਮਾਲਕ [ਯਾਨੀ ਆਗੂ] ਇੱਕੋ ਹੈ ਅਰਥਾਤ ਮਸੀਹ।” (ਮੱਤੀ 23:10) ਇਨ੍ਹਾਂ ਸ਼ਬਦਾਂ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼ ਦੱਸਿਆ ਸੀ ਕਿ ਧਰਤੀ ਉੱਤੇ ਕਿਸੇ ਆਦਮੀ ਨੇ ਉਨ੍ਹਾਂ ਦਾ ਆਗੂ ਨਹੀਂ ਸੀ ਹੋਣਾ। ਉਨ੍ਹਾਂ ਦਾ ਆਗੂ ਸਵਰਗ ਵਿਚ ਹੋਣਾ ਸੀ। ਹਾਂ, ਉਨ੍ਹਾਂ ਦਾ ਇੱਕੋ ਆਗੂ ਸੀ—ਯਿਸੂ ਮਸੀਹ। ਇਹ ਖ਼ਾਸ ਅਹੁਦਾ ਯਿਸੂ ਨੂੰ ਯਹੋਵਾਹ ਪਰਮੇਸ਼ੁਰ ਨੇ ਦਿੱਤਾ ਹੈ। ਯਹੋਵਾਹ ਨੇ “ਉਸ ਨੂੰ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ . . . ਸਭਨਾਂ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਯਾ ਲਈ ਦੇ ਦਿੱਤਾ। ਇਹ ਉਸ ਦੀ ਦੇਹ ਹੈ।”—ਅਫ਼ਸੀਆਂ 1:20-23.
2 ਯਿਸੂ ਮਸੀਹ ਕਲੀਸਿਯਾ ਦੀਆਂ “ਸਭਨਾਂ ਵਸਤਾਂ ਉੱਤੇ ਸਿਰ” ਹੈ, ਇਸ ਲਈ ਕਲੀਸਿਯਾ ਵਿਚ ਉਸ ਦਾ ਹੀ ਅਧਿਕਾਰ ਚੱਲਦਾ ਹੈ। ਕਲੀਸਿਯਾ ਵਿਚ ਹੋ ਰਹੀ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਨਹੀਂ। ਯਿਸੂ ਹਰ ਕਲੀਸਿਯਾ ਦੀ ਰੂਹਾਨੀ ਹਾਲਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪਹਿਲੀ ਸਦੀ ਵਿਚ ਯੂਹੰਨਾ ਰਸੂਲ ਨੂੰ ਦਿੱਤੇ ਗਏ ਦਰਸ਼ਣ ਤੋਂ ਇਹ ਗੱਲ ਸਾਫ਼ ਜ਼ਾਹਰ ਹੁੰਦੀ ਹੈ। ਯਿਸੂ ਨੇ ਸੱਤ ਕਲੀਸਿਯਾਵਾਂ ਨੂੰ ਪੰਜ ਵਾਰ ਕਿਹਾ ਕਿ ਉਹ ਉਨ੍ਹਾਂ ਦੇ ਕੰਮਾਂ ਨੂੰ ਜਾਣਦਾ ਸੀ। ਜੀ ਹਾਂ, ਯਿਸੂ ਉਨ੍ਹਾਂ ਦੇ ਗੁਣ-ਔਗੁਣ ਦੋਵੇਂ ਜਾਣਦਾ ਸੀ ਅਤੇ ਉਸ ਨੇ ਉਨ੍ਹਾਂ ਦੇ ਕੰਮਾਂ ਮੁਤਾਬਕ ਉਨ੍ਹਾਂ ਨੂੰ ਸਲਾਹ ਤੇ ਹੱਲਾਸ਼ੇਰੀ ਦਿੱਤੀ ਸੀ। (ਪਰਕਾਸ਼ ਦੀ ਪੋਥੀ 2:2, 9, 13, 19; 3:1, 8, 15) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਿਸੂ ਮਸੀਹ ਏਸ਼ੀਆ ਮਾਈਨਰ, ਫਲਸਤੀਨ, ਸੀਰੀਆ, ਬੈਬੀਲੋਨੀਆ, ਯੂਨਾਨ, ਇਟਲੀ ਅਤੇ ਹੋਰਨਾਂ ਸ਼ਹਿਰਾਂ ਦੀਆਂ ਕਲੀਸਿਯਾਵਾਂ ਦੀ ਰੂਹਾਨੀ ਹਾਲਤ ਵੀ ਚੰਗੀ ਤਰ੍ਹਾਂ ਜਾਣਦਾ ਸੀ। (ਰਸੂਲਾਂ ਦੇ ਕਰਤੱਬ 1:8) ਲੇਕਿਨ, ਅੱਜ ਬਾਰੇ ਕੀ?
ਇਕ ਵਫ਼ਾਦਾਰ ਨੌਕਰ
3. ਯਿਸੂ ਦੀ ਤੁਲਨਾ ਸਿਰ ਨਾਲ ਤੇ ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕਰਨੀ ਢੁਕਵੀਂ ਕਿਉਂ ਹੈ?
3 ਜੀਉਂਦਾ ਕੀਤੇ ਜਾਣ ਤੋਂ ਬਾਅਦ ਪਰ ਆਪਣੇ ਪਿਤਾ ਕੋਲ ਸਵਰਗ ਨੂੰ ਵਾਪਸ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” ਉਸ ਨੇ ਇਹ ਵੀ ਕਿਹਾ ਸੀ: “ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:18-20) ਕਲੀਸਿਯਾ ਦੇ ਸਿਰ ਵਜੋਂ ਯਿਸੂ ਹਮੇਸ਼ਾ ਆਪਣੇ ਚੇਲਿਆਂ ਦੀ ਅਗਵਾਈ ਕਰਦਾ ਰਹੇਗਾ। ਅਫ਼ਸੁਸ ਅਤੇ ਕੁਲੁੱਸੈ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਕਲੀਸਿਯਾ ਦੀ ਤੁਲਨਾ “ਦੇਹੀ” ਨਾਲ ਕੀਤੀ ਸੀ ਜਿਸ ਦਾ ਸਿਰ ਯਿਸੂ ਮਸੀਹ ਹੈ। (ਅਫ਼ਸੀਆਂ 1:22, 23; ਕੁਲੁੱਸੀਆਂ 1:18) ਕਲੀਸਿਯਾ ਦੀ ਤੁਲਨਾ ਸਰੀਰ ਨਾਲ ਕਰਨੀ ਬਹੁਤ ਢੁਕਵੀਂ ਹੈ। ਸਰੀਰ ਸਿਰ ਨਾਲ ਜੁੜਿਆ ਰਹਿੰਦਾ ਹੈ ਅਤੇ ਸਰੀਰ ਉੱਤੇ ਸਿਰ ਦਾ ਅਧਿਕਾਰ ਚੱਲਦਾ ਹੈ। ਇਸ ਲਈ ‘ਇਸ ਤੁਲਨਾ ਤੋਂ ਸਿਰਫ਼ ਇਹੀ ਨਹੀਂ ਪਤਾ ਲੱਗਦਾ ਕਿ ਕਲੀਸਿਯਾ ਤੇ ਯਿਸੂ ਵਿਚਕਾਰ ਏਕਤਾ ਬਣੀ ਰਹਿੰਦੀ ਹੈ, ਪਰ ਇਹ ਵੀ ਕਿ ਕਲੀਸਿਯਾ ਦੇ ਮੈਂਬਰਾਂ ਉੱਤੇ ਸਿਰ ਵਜੋਂ ਯਿਸੂ ਦਾ ਅਧਿਕਾਰ ਚੱਲਦਾ ਹੈ। ਉਹ ਸਭ ਯਿਸੂ ਦੇ ਚਾਕਰ ਜਾਂ ਨੌਕਰ ਹਨ।’ (ਕੇਮਬ੍ਰਿਜ ਬਾਈਬਲ ਫ਼ੌਰ ਸਕੂਲਜ਼ ਐਂਡ ਕੌਲੇਜਿਜ਼) ਯਿਸੂ ਨੇ 1914 ਵਿਚ ਰਾਜ ਸੰਭਾਲਿਆ ਸੀ। ਉਸ ਸਮੇਂ ਤੋਂ ਉਹ ਕਿਸ ਨੂੰ ਆਪਣੇ ਚਾਕਰ ਵਜੋਂ ਇਸਤੇਮਾਲ ਕਰਦਾ ਆਇਆ ਹੈ?—ਦਾਨੀਏਲ 7:13, 14.
4. ਮਲਾਕੀ ਦੀ ਭਵਿੱਖਬਾਣੀ ਅਨੁਸਾਰ ਜਦ ਯਹੋਵਾਹ ਅਤੇ ਯਿਸੂ ਨੇ ਰੂਹਾਨੀ ਹੈਕਲ ਦਾ ਨਿਆਂ ਕੀਤਾ, ਤਾਂ ਉਨ੍ਹਾਂ ਨੇ ਕੀ ਪਾਇਆ?
4 ਮਲਾਕੀ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਪ੍ਰਭੁ” ਯਹੋਵਾਹ ਅਤੇ “ਨੇਮ ਦਾ ਦੂਤ” ਯਾਨੀ ਉਸ ਦਾ ਪੁੱਤਰ ਯਿਸੂ ਮਸੀਹ ਰੂਹਾਨੀ “ਹੈਕਲ” ਦਾ ਨਿਆਂ ਕਰਨ ਆਉਣਗੇ। ‘ਪਰਮੇਸ਼ੁਰ ਦੇ ਘਰ’ ਦਾ ਨਿਆਂ ਕਰਨ ਦਾ ਸਮਾਂ 1918 ਵਿਚ ਆਇਆ ਸੀ।a (ਮਲਾਕੀ 3:1; 1 ਪਤਰਸ 4:17) ਉਸ ਸਮੇਂ ਧਰਤੀ ਉੱਤੇ ਜੋ ਯਹੋਵਾਹ ਦੀ ਉਪਾਸਨਾ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਸਾਰਿਆਂ ਦਾ ਨਿਆਂ ਕੀਤਾ ਗਿਆ ਸੀ। ਈਸਾਈ-ਜਗਤ ਦੇ ਚਰਚਾਂ ਨੂੰ ਰੱਦ ਕੀਤਾ ਗਿਆ ਸੀ ਕਿਉਂਕਿ ਉਹ ਸਦੀਆਂ ਤੋਂ ਪਰਮੇਸ਼ੁਰ ਨੂੰ ਬਦਨਾਮ ਕਰਨ ਵਾਲੀਆਂ ਝੂਠੀਆਂ ਸਿੱਖਿਆਵਾਂ ਸਿਖਾਉਂਦੇ ਆ ਰਹੇ ਸਨ। ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿਚ ਕੀਤੇ ਗਏ ਕਤਲਾਮ ਵਿਚ ਵੀ ਵਧ-ਚੜ੍ਹ ਕੇ ਹਿੱਸਾ ਲਿਆ ਸੀ। ਪਰ, ਉਸ ਵੇਲੇ ਮਸਹ ਕੀਤੇ ਹੋਏ ਮਸੀਹੀਆਂ ਦੀ ਨਿਹਚਾ ਪਰਖੀ ਗਈ ਸੀ ਤੇ ਉਹ ਵਫ਼ਾਦਾਰ ਸਾਬਤ ਹੋਏ। ਕਿਹਾ ਜਾ ਸਕਦਾ ਹੈ ਕਿ ਉਹ ‘ਧਰਮ ਨਾਲ ਯਹੋਵਾਹ ਅੱਗੇ ਭੇਟ ਚੜ੍ਹਾ ਰਹੇ ਸਨ।’—ਮਲਾਕੀ 3:3.
5. ਯਿਸੂ ਦੀ ਭਵਿੱਖਬਾਣੀ ਮੁਤਾਬਕ ‘ਵਫ਼ਾਦਾਰ ਨੌਕਰ’ ਕੌਣ ਸਾਬਤ ਹੋਇਆ ਸੀ?
5 ਯਿਸੂ ਨੇ ਵੀ ਮਲਾਕੀ ਦੀ ਭਵਿੱਖਬਾਣੀ ਨਾਲ ਮਿਲਦੀ-ਜੁਲਦੀ ਭਵਿੱਖਬਾਣੀ ਕੀਤੀ ਸੀ। ਉਸ ਨੇ ਰਾਜੇ ਵਜੋਂ ਆਪਣੇ “ਆਉਣ ਅਰ ਜੁਗ ਦੇ ਅੰਤ” ਦਾ ਲੱਛਣ ਦੱਸਦੇ ਹੋਏ ‘ਵਫ਼ਾਦਾਰ ਨੌਕਰ’ ਵਰਗ ਦੀ ਪਛਾਣ ਕਰਨ ਵਿਚ ਆਪਣੇ ਚੇਲਿਆਂ ਦੀ ਮਦਦ ਕੀਤੀ ਸੀ। ਯਿਸੂ ਨੇ ਕਿਹਾ: “ਉਹ ਮਾਤਬਰ ਅਤੇ ਬੁੱਧਵਾਨ ਨੌਕਰ ਕੌਣ ਹੈ ਜਿਹ ਨੂੰ ਮਾਲਕ ਨੇ ਆਪਣੇ ਨੌਕਰਾਂ ਚਾਕਰਾਂ ਉੱਤੇ ਮੁਖ਼ਤਿਆਰ ਕੀਤਾ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਧੰਨ ਉਹ ਨੌਕਰ ਜਿਹ ਨੂੰ ਉਸ ਦਾ ਮਾਲਕ ਜਦ ਆਵੇ ਅਜਿਹਾ ਹੀ ਕਰਦਿਆਂ ਵੇਖੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।” (ਮੱਤੀ 24:3, 45-47) ਜਦ ਯਿਸੂ ਮਸੀਹ 1918 ਵਿਚ ਆਪਣੇ “ਨੌਕਰ” ਦਾ ਨਿਆਂ ਕਰਨ ਆਇਆ, ਤਦ ਉਸ ਨੇ ਕੀ ਪਾਇਆ? ਉਸ ਨੇ ਪਾਇਆ ਕਿ ਧਰਤੀ ਉੱਤੇ ਬਾਕੀ ਰਹਿੰਦੇ ਮਸਹ ਕੀਤੇ ਹੋਏ ਵਫ਼ਾਦਾਰ ਮਸੀਹੀ 1879 ਤੋਂ ਪਹਿਰਾਬੁਰਜ ਰਸਾਲੇ ਅਤੇ ਹੋਰਨਾਂ ਕਿਤਾਬਾਂ ਰਾਹੀਂ ਉਸ ਦੇ ਚੇਲਿਆਂ ਨੂੰ “ਵੇਲੇ ਸਿਰ” ਰੂਹਾਨੀ ਭੋਜਨ ਦੇ ਰਹੇ ਸੀ। ਯਿਸੂ ਨੇ ਇਨ੍ਹਾਂ ਮਸੀਹੀਆਂ ਨੂੰ ਆਪਣੇ “ਨੌਕਰ” ਵਜੋਂ ਸਵੀਕਾਰ ਕੀਤਾ ਅਤੇ 1919 ਵਿਚ ਉਨ੍ਹਾਂ ਨੂੰ ਧਰਤੀ ਉੱਤੇ ਆਪਣੀਆਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਧਰਤੀ ਉੱਤੇ ਮਸੀਹ ਦੀਆਂ ਚੀਜ਼ਾਂ ਦੀ ਦੇਖ-ਭਾਲ
6, 7. (ੳ) ਯਿਸੂ ਨੇ ਆਪਣੇ ਵਫ਼ਾਦਾਰ “ਨੌਕਰ” ਨੂੰ ਹੋਰ ਕਿਹੜਾ ਨਾਂ ਦਿੱਤਾ ਸੀ? (ਅ) ਮੁਖ਼ਤਿਆਰ ਸ਼ਬਦ ਦਾ ਕੀ ਮਤਲਬ ਹੈ?
6 ਆਪਣੇ ਆਉਣ ਬਾਰੇ ਤੇ “ਨੌਕਰ” ਦੀ ਪਛਾਣ ਬਾਰੇ ਭਵਿੱਖਬਾਣੀ ਕਰਨ ਤੋਂ ਕੁਝ ਮਹੀਨੇ ਪਹਿਲਾਂ ਯਿਸੂ ਨੇ ਇਸ “ਨੌਕਰ” ਵਰਗ ਦਾ ਜ਼ਿਕਰ ਹੋਰਨਾਂ ਸ਼ਬਦਾਂ ਵਿਚ ਵੀ ਕੀਤਾ ਸੀ ਜਿਨ੍ਹਾਂ ਤੋਂ ਸਾਨੂੰ ਉਸ ਦੀ ਜ਼ਿੰਮੇਵਾਰੀ ਬਾਰੇ ਪਤਾ ਚੱਲਦਾ ਹੈ। ਯਿਸੂ ਨੇ ਕਿਹਾ: “ਉਹ ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ ਕੌਣ ਹੈ ਜਿਹ ਨੂੰ ਮਾਲਕ ਆਪਣੇ ਨੌਕਰਾਂ ਚਾਕਰਾਂ ਉੱਤੇ ਠਹਿਰਾਵੇ ਭਈ ਵੇਲੇ ਸਿਰ ਉਨ੍ਹਾਂ ਨੂੰ ਰਸਤ ਦੇਵੇ? ਮੈਂ ਤੁਹਾਨੂੰ ਸੱਤ ਆਖਦਾ ਹਾਂ ਜੋ ਉਹ ਉਸ ਨੂੰ ਆਪਣੇ ਸਾਰੇ ਮਾਲ ਮਤਾ ਉੱਤੇ ਮੁਖ਼ਤਿਆਰ ਕਰ ਦੇਵੇਗਾ।”—ਲੂਕਾ 12:42, 44.
7 ਇੱਥੇ ਨੌਕਰ ਨੂੰ ਇਕ ਮੁਖ਼ਤਿਆਰ ਕਿਹਾ ਗਿਆ ਹੈ। ਯੂਨਾਨੀ ਭਾਸ਼ਾ ਵਿਚ ਮੁਖ਼ਤਿਆਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ “ਜਾਇਦਾਦ ਜਾਂ ਘਰਬਾਰ ਦੀ ਦੇਖ-ਭਾਲ ਕਰਦਾ ਹੈ।” ਇਹ ਨੌਕਰ ਵਰਗ ਅਜਿਹੇ ਗਿਆਨੀ-ਧਿਆਨੀ ਬੰਦਿਆਂ ਦਾ ਸਮੂਹ ਨਹੀਂ ਜੋ ਸਿਰਫ਼ ਬਾਈਬਲ ਦਾ ਅਧਿਐਨ ਕਰ ਕੇ ਉਸ ਦੀਆਂ ਗੱਲਾਂ ਸਮਝਾਉਣ ਦਾ ਕੰਮ ਕਰਦੇ ਹਨ। “ਵੇਲੇ ਸਿਰ” ਰੂਹਾਨੀ ਭੋਜਨ ਦੇਣ ਦੀ ਜ਼ਿੰਮੇਵਾਰੀ ਨਿਭਾਉਣ ਦੇ ਨਾਲ-ਨਾਲ “ਮਾਤਬਰ ਅਤੇ ਬੁੱਧਵਾਨ ਮੁਖ਼ਤਿਆਰ” ਧਰਤੀ ਉੱਤੇ ਮਸੀਹ ਦੇ ਸਾਰੇ ਨੌਕਰਾਂ-ਚਾਕਰਾਂ ਅਤੇ ਉਸ ਦੇ ‘ਸਾਰੇ ਮਾਲ ਮਤੇ’ ਦੀ ਦੇਖ-ਭਾਲ ਕਰਦਾ ਹੈ। ਆਓ ਆਪਾਂ ਦੇਖੀਏ ਕਿ ਇਹ “ਸਾਰਾ ਮਾਲ ਮਤਾ” ਕੀ ਹੈ।
8, 9. ਨੌਕਰ ਨੂੰ ਮਸੀਹ ਦੀਆਂ ਕਿਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ?
8 ਨੌਕਰ ਦੀਆਂ ਜ਼ਿੰਮੇਵਾਰੀਆਂ ਵਿਚ ਉਨ੍ਹਾਂ ਸਾਰੀਆਂ ਇਮਾਰਤਾਂ ਦੀ ਦੇਖ-ਭਾਲ ਕਰਨੀ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਮਸੀਹੀ ਪਰਮੇਸ਼ੁਰ ਦੇ ਕੰਮਾਂ ਜਾਂ ਉਸ ਦੀ ਭਗਤੀ ਕਰਨ ਲਈ ਵਰਤਦੇ ਹਨ। ਇਸ ਦਾ ਮਤਲਬ ਹੈ ਕਿ ਉਹ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ, ਕਿੰਗਡਮ ਹਾਲਾਂ ਅਤੇ ਅਸੈਂਬਲੀ ਹਾਲਾਂ ਦੀ ਦੇਖ-ਭਾਲ ਕਰਦੇ ਹਨ। ਨੌਕਰ ਵਰਗ ਦਾ ਇਸ ਤੋਂ ਵੀ ਜ਼ਰੂਰੀ ਕੰਮ ਇਹ ਹੈ ਕਿ ਉਹ ਸਾਡੀਆਂ ਵੱਖ-ਵੱਖ ਸਭਾਵਾਂ ਤੇ ਸੰਮੇਲਨਾਂ ਵਿਚ ਦਿੱਤੀ ਜਾਂਦੀ ਬਾਈਬਲ ਦੀ ਸਿੱਖਿਆ ਉੱਤੇ ਖ਼ਾਸ ਨਿਗਰਾਨੀ ਰੱਖਦਾ ਹੈ। ਇਨ੍ਹਾਂ ਸਭਾਵਾਂ ਤੇ ਸੰਮੇਲਨਾਂ ਵਿਚ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਰੋਜ਼ਾਨਾ ਜ਼ਿੰਦਗੀ ਵਿਚ ਬਾਈਬਲ ਸਿਧਾਂਤਾਂ ਨੂੰ ਲਾਗੂ ਕਰਨ ਦੇ ਵਧੀਆ ਸੁਝਾਅ ਵੀ ਦਿੱਤੇ ਜਾਂਦੇ ਹਨ।
9 ਵਫ਼ਾਦਾਰ ਨੌਕਰ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨ ਅਤੇ “ਸਾਰੀਆਂ ਕੌਮਾਂ ਨੂੰ ਚੇਲੇ” ਬਣਾਉਣ ਦੇ ਕੰਮ ਉੱਤੇ ਨਿਗਰਾਨੀ ਰੱਖਣ ਦੀ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨੀ ਸਿਖਾਉਂਦੇ ਹਨ ਜਿਨ੍ਹਾਂ ਨੂੰ ਸਿਖਾਉਣ ਦਾ ਕਲੀਸਿਯਾ ਦੇ ਸਿਰ ਯਿਸੂ ਮਸੀਹ ਨੇ ਹੁਕਮ ਦਿੱਤਾ ਸੀ। (ਮੱਤੀ 24:14; 28:19, 20; ਪਰਕਾਸ਼ ਦੀ ਪੋਥੀ 12:17) ਪ੍ਰਚਾਰ ਅਤੇ ਸਿਖਾਉਣ ਦੇ ਕੰਮ ਦੇ ਨਤੀਜੇ ਵਜੋਂ ਅੱਜ ਇਕ “ਵੱਡੀ ਭੀੜ” ਵਫ਼ਾਦਾਰੀ ਨਾਲ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦੇ ਰਹੀ ਹੈ। “ਵੱਡੀ ਭੀੜ” ਦੇ ਲੋਕਾਂ ਨੂੰ “ਸਾਰੀਆਂ ਕੌਮਾਂ ਦੇ ਪਦਾਰਥ” ਕਿਹਾ ਗਿਆ ਹੈ ਅਤੇ ਉਹ ਸਭ ਧਰਤੀ ਉੱਤੇ ਮਸੀਹ ਦੀਆਂ ਚੀਜ਼ਾਂ ਵਿਚ ਗਿਣੇ ਜਾਂਦੇ ਹਨ। ਇਨ੍ਹਾਂ ਦੀ ਵੀ ਦੇਖ-ਭਾਲ ਵਫ਼ਾਦਾਰ ਨੌਕਰ ਹੀ ਕਰਦਾ ਹੈ।—ਪਰਕਾਸ਼ ਦੀ ਪੋਥੀ 7:9; ਹੱਜਈ 2:7.
ਪ੍ਰਬੰਧਕ ਸਭਾ
10. ਪਹਿਲੀ ਸਦੀ ਵਿਚ ਕਿਹੜਾ ਸਮੂਹ ਫ਼ੈਸਲੇ ਕਰਦਾ ਸੀ ਅਤੇ ਇਸ ਦਾ ਕਲੀਸਿਯਾਵਾਂ ਉੱਤੇ ਕਿਹੋ ਜਿਹਾ ਅਸਰ ਪਿਆ?
10 ਵਫ਼ਾਦਾਰ ਨੌਕਰ ਦੀ ਜ਼ਿੰਮੇਵਾਰੀ ਬਹੁਤ ਭਾਰੀ ਹੈ। ਇਸ ਵਰਗ ਦੇ ਮੈਂਬਰਾਂ ਨੂੰ ਕਈ ਜ਼ਰੂਰੀ ਫ਼ੈਸਲੇ ਕਰਨੇ ਪੈਂਦੇ ਹਨ। ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਰਸੂਲਾਂ ਅਤੇ ਬਜ਼ੁਰਗਾਂ ਦਾ ਇਕ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰਦਾ ਸੀ। ਇਹ ਸਮੂਹ ਮਾਤਬਰ ਅਤੇ ਬੁੱਧਵਾਨ ਨੌਕਰ ਨੂੰ ਦਰਸਾਉਂਦਾ ਸੀ ਅਤੇ ਮਸੀਹੀ ਕਲੀਸਿਯਾ ਦੇ ਸਾਰੇ ਫ਼ੈਸਲੇ ਇਸ ਸਮੂਹ ਦੁਆਰਾ ਕੀਤੇ ਜਾਂਦੇ ਸਨ। (ਰਸੂਲਾਂ ਦੇ ਕਰਤੱਬ 15:1, 2) ਪਹਿਲੀ ਸਦੀ ਦੀ ਪ੍ਰਬੰਧਕ ਸਭਾ ਦੇ ਇਹ ਫ਼ੈਸਲੇ ਕਲੀਸਿਯਾਵਾਂ ਨੂੰ ਚਿੱਠੀਆਂ ਰਾਹੀਂ ਜਾਂ ਕੁਝ ਭਰਾਵਾਂ ਰਾਹੀਂ ਸੁਣਾਏ ਜਾਂਦੇ ਸਨ। ਭੈਣ-ਭਰਾ ਖ਼ੁਸ਼ੀ ਨਾਲ ਪ੍ਰਬੰਧਕ ਸਭਾ ਤੋਂ ਮਿਲੇ ਨਿਰਦੇਸ਼ਨ ਨੂੰ ਕਬੂਲ ਕਰਦੇ ਸਨ। ਇਸ ਤਰ੍ਹਾਂ ਪ੍ਰਬੰਧਕ ਸਭਾ ਨਾਲ ਮਿਲ ਕੇ ਕੰਮ ਕਰਨ ਦੇ ਨਤੀਜੇ ਵਜੋਂ ਕਲੀਸਿਯਾ ਵਿਚ ਸ਼ਾਂਤੀ ਤੇ ਏਕਤਾ ਵਧੀ।—ਰਸੂਲਾਂ ਦੇ ਕਰਤੱਬ 15:22-31; 16:4, 5; ਫ਼ਿਲਿੱਪੀਆਂ 2:2.
11. ਕਲੀਸਿਯਾ ਦੀ ਅਗਵਾਈ ਕਰਨ ਲਈ ਮਸੀਹ ਅੱਜ ਕਿਨ੍ਹਾਂ ਨੂੰ ਵਰਤ ਰਿਹਾ ਹੈ ਅਤੇ ਇਨ੍ਹਾਂ ਪ੍ਰਤੀ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ?
11 ਪਹਿਲੀ ਸਦੀ ਵਾਂਗ ਅੱਜ ਵੀ ਮਸਹ ਕੀਤੇ ਹੋਏ ਭਰਾਵਾਂ ਦਾ ਇਕ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਕੰਮ ਕਰਦਾ ਹੈ। ਇਨ੍ਹਾਂ ਵਫ਼ਾਦਾਰ ਬੰਦਿਆਂ ਨੂੰ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਸੌਂਪੀ ਗਈ ਹੈ, ਪਰ ਇਹ ਸਭ ਕਲੀਸਿਯਾ ਦੇ ਸਿਰ ਯਿਸੂ ਮਸੀਹ ਦੇ “ਸੱਜੇ ਹੱਥ” ਵਿਚ ਹਨ ਯਾਨੀ ਉਸ ਦੇ ਨਿਰਦੇਸ਼ਨ ਅਧੀਨ ਕੰਮ ਕਰਦੇ ਹਨ। (ਪਰਕਾਸ਼ ਦੀ ਪੋਥੀ 1:16, 20) ਪ੍ਰਬੰਧਕ ਸਭਾ ਦੇ ਮੈਂਬਰ ਐਲਬਰਟ ਸ਼੍ਰੋਡਰ, ਜੋ ਕੁਝ ਸਮਾਂ ਪਹਿਲਾਂ ਸਵਰਗਵਾਸ ਹੋ ਗਏ ਸਨ, ਨੇ ਆਪਣੀ ਜੀਵਨੀ ਵਿਚ ਕਿਹਾ: “ਪ੍ਰਬੰਧਕ ਸਭਾ ਹਰ ਬੁੱਧਵਾਰ ਇਕੱਠੀ ਹੁੰਦੀ ਹੈ। ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਨਿਰਦੇਸ਼ਨ ਲਈ ਉਹ ਯਹੋਵਾਹ ਦੀ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰਦੀ ਹੈ। ਉਸ ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਮਾਮਲੇ ਦਾ ਹੱਲ ਅਤੇ ਹਰ ਫ਼ੈਸਲਾ ਪਰਮੇਸ਼ੁਰ ਦੇ ਬਚਨ ਦੀ ਸਲਾਹ ਮੁਤਾਬਕ ਕੀਤਾ ਜਾਵੇ।”b ਅਸੀਂ ਇਨ੍ਹਾਂ ਵਫ਼ਾਦਾਰ ਭਰਾਵਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ। ਪੌਲੁਸ ਰਸੂਲ ਖ਼ਾਸ ਕਰਕੇ ਇਨ੍ਹਾਂ ਭਰਾਵਾਂ ਬਾਰੇ ਸਾਨੂੰ ਤਾਕੀਦ ਕਰਦਾ ਹੈ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ ਕਿਉਂ ਜੋ ਓਹ . . . ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ।”—ਇਬਰਾਨੀਆਂ 13:17.
ਵਫ਼ਾਦਾਰ ਨੌਕਰ ਦਾ ਆਦਰ ਕਰੋ
12, 13. ਬਾਈਬਲ ਵਿਚ ਨੌਕਰ ਵਰਗ ਦਾ ਆਦਰ ਕਰਨ ਦੇ ਕਿਹੜੇ ਕਾਰਨ ਦਿੱਤੇ ਗਏ ਹਨ?
12 ਸਾਨੂੰ ਵਫ਼ਾਦਾਰ ਨੌਕਰ ਵਰਗ ਦਾ ਆਦਰ ਇਸ ਲਈ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਆਗੂ ਯਿਸੂ ਮਸੀਹ ਦਾ ਆਦਰ ਕਰ ਰਹੇ ਹੋਵਾਂਗੇ। ਮਸਹ ਕੀਤੇ ਹੋਏ ਮਸੀਹੀਆਂ ਬਾਰੇ ਪੌਲੁਸ ਨੇ ਲਿਖਿਆ: “ਜਿਹੜਾ ਅਜ਼ਾਦ ਹੋ ਕੇ ਸੱਦਿਆ ਗਿਆ ਉਹ ਮਸੀਹ ਦਾ ਗੁਲਾਮ ਹੈ। ਤੁਸੀਂ ਮੁੱਲ ਨਾਲ ਲਏ ਹੋਏ ਹੋ।” (1 ਕੁਰਿੰਥੀਆਂ 7:22, 23; ਅਫ਼ਸੀਆਂ 6:6) ਤਾਂ ਫਿਰ, ਸਾਡਾ ਵਫ਼ਾਦਾਰੀ ਨਾਲ ਨੌਕਰ ਵਰਗ ਅਤੇ ਪ੍ਰਬੰਧਕ ਸਭਾ ਦੇ ਅਧੀਨ ਰਹਿਣਾ ਯਿਸੂ ਮਸੀਹ ਦੇ ਅਧੀਨ ਰਹਿਣ ਦੇ ਬਰਾਬਰ ਹੈ। ਯਿਸੂ ਇਨ੍ਹਾਂ ਮਸਹ ਕੀਤੇ ਹੋਏ ਭਰਾਵਾਂ ਨੂੰ ਅੱਜ ਧਰਤੀ ਉੱਤੇ ਆਪਣੀਆਂ ਚੀਜ਼ਾਂ ਦੀ ਦੇਖ-ਭਾਲ ਕਰਨ ਲਈ ਵਰਤ ਰਿਹਾ ਹੈ। ਇਸ ਲਈ ਇਨ੍ਹਾਂ ਦਾ ਆਦਰ ਕਰਨ ਨਾਲ ਅਸੀਂ ਦਿਖਾ ਰਹੇ ਹੋਵਾਂਗੇ ਕਿ ਅਸੀਂ ‘ਪਰਮੇਸ਼ੁਰ ਪਿਤਾ ਦੀ ਵਡਿਆਈ ਲਈ ਮੰਨ ਲਿਆ ਹੈ ਕਿ ਯਿਸੂ ਮਸੀਹ ਸਾਡਾ ਪ੍ਰਭੁ ਹੈ!’—ਫ਼ਿਲਿੱਪੀਆਂ 2:11.
13 ਮਸਹ ਕੀਤੇ ਹੋਏ ਮਸੀਹੀਆਂ ਨੂੰ “ਹੈਕਲ” ਕਿਹਾ ਗਿਆ ਹੈ ਜਿਸ ਵਿਚ ਯਹੋਵਾਹ ਦੀ “ਆਤਮਾ” ਵੱਸਦੀ ਹੈ। ਇਸ ਲਈ ਯਹੋਵਾਹ ਦੀਆਂ ਨਜ਼ਰਾਂ ਵਿਚ ਉਹ ਪਵਿੱਤਰ ਹਨ। (1 ਕੁਰਿੰਥੀਆਂ 3:16, 17; ਅਫ਼ਸੀਆਂ 2:19-22) ਜਦ ਯਿਸੂ ਨੇ ਇਨ੍ਹਾਂ ਭਰਾਵਾਂ ਨੂੰ ਧਰਤੀ ਉੱਤੇ ਆਪਣੀਆਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ, ਤਾਂ ਇਸ ਦਾ ਮਤਲਬ ਹੈ ਕਿ ਕਲੀਸਿਯਾ ਦੇ ਕੁਝ ਹੱਕਾਂ ਅਤੇ ਜ਼ਿੰਮੇਵਾਰੀਆਂ ਦੇ ਸੰਬੰਧ ਵਿਚ ਸਿਰਫ਼ ਮਸਹ ਕੀਤੇ ਹੋਏ ਮਸੀਹੀ ਹੀ ਫ਼ੈਸਲਾ ਕਰ ਸਕਦੇ ਹਨ। ਇਸ ਲਈ, ਕਲੀਸਿਯਾ ਦੇ ਸਾਰੇ ਮੈਂਬਰਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਮਾਤਬਰ ਨੌਕਰ ਅਤੇ ਪ੍ਰਬੰਧਕ ਸਭਾ ਦੀ ਅਗਵਾਈ ਨੂੰ ਕਬੂਲ ਕਰ ਕੇ ਇਨ੍ਹਾਂ ਵਫ਼ਾਦਾਰ ਭਰਾਵਾਂ ਦਾ ਸਾਥ ਦੇਣ। ਬਿਨਾਂ ਸ਼ੱਕ, ‘ਹੋਰ ਭੇਡਾਂ’ ਮਸੀਹ ਦੇ ਕੰਮ ਵਿਚ ਮਸਹ ਕੀਤੇ ਹੋਏ ਭਰਾਵਾਂ ਦੀ ਮਦਦ ਕਰਨੀ ਬਹੁਤ ਵੱਡਾ ਸਨਮਾਨ ਸਮਝਦੀਆਂ ਹਨ।—ਯੂਹੰਨਾ 10:16.
ਵਫ਼ਾਦਾਰੀ ਨਾਲ ਸਾਥ ਦੇਣਾ
14. ਯਸਾਯਾਹ ਦੀ ਭਵਿੱਖਬਾਣੀ ਮੁਤਾਬਕ ਹੋਰ ਭੇਡਾਂ ਮਸਹ ਕੀਤੇ ਹੋਏ ਮਸੀਹੀਆਂ ਦੇ ਪਿੱਛੇ ਕਿਵੇਂ ਚੱਲਦੀਆਂ ਹਨ?
14 ਯਸਾਯਾਹ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ ਹੋਰ ਭੇਡਾਂ ਨਿਮਰਤਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਦੇ ਅਧੀਨ ਰਹਿਣਗੀਆਂ। ਯਸਾਯਾਹ ਨੇ ਕਿਹਾ ਸੀ: “ਯਹੋਵਾਹ ਇਉਂ ਆਖਦਾ ਹੈ, ਮਿਸਰ ਦੀ ਕਮਾਈ, ਕੂਸ਼ ਦਾ ਬੁਪਾਰ, ਅਤੇ ਸਬਾ ਦੇ ਕੱਦ ਵਾਲੇ ਮਨੁੱਖ, ਓਹ ਲੰਘ ਕੇ ਤੇਰੇ ਕੋਲ ਆਉਣਗੇ, ਅਤੇ ਤੇਰੇ ਹੋਣਗੇ, ਉਹ ਤੇਰੇ ਪਿੱਛੇ ਚੱਲਣਗੇ, ਓਹ ਜਕੜੇ ਹੋਏ ਲੰਘਣਗੇ, ਓਹ ਤੇਰੇ ਅੱਗੇ ਮੱਥਾ ਟੇਕਣਗੇ, ਓਹ ਤੇਰੇ ਅੱਗੇ ਬੇਨਤੀ ਕਰਨਗੇ, ਕਿ ਪਰਮੇਸ਼ੁਰ ਤੇਰੇ ਨਾਲ ਹੀ ਹੈ, ਕੋਈ ਹੋਰ ਨਹੀਂ, ਕੋਈ ਹੋਰ ਪਰਮੇਸ਼ੁਰ ਨਹੀਂ।” (ਯਸਾਯਾਹ 45:14) “ਮਿਸਰ ਦੀ ਕਮਾਈ” ਉਨ੍ਹਾਂ ਮਿਸਰੀਆਂ ਨੂੰ ਦਰਸਾਉਂਦਾ ਹੈ ਜੋ ਆਪਣੀ ਮਰਜ਼ੀ ਨਾਲ ਇਸਰਾਏਲੀਆਂ ਨਾਲ ਮਿਸਰ ਵਿੱਚੋਂ ਆਏ ਸਨ। ਇਨ੍ਹਾਂ ਵਾਂਗ ਹੋਰ ਭੇਡਾਂ ਖ਼ੁਸ਼ੀ ਨਾਲ ਮਸਹ ਕੀਤੇ ਹੋਏ ਨੌਕਰ ਵਰਗ ਅਤੇ ਪ੍ਰਬੰਧਕ ਸਭਾ ਦੇ ਪਿੱਛੇ-ਪਿੱਛੇ ਚੱਲਦੀਆਂ ਹਨ ਯਾਨੀ ਉਨ੍ਹਾਂ ਦੀ ਅਗਵਾਈ ਅਧੀਨ ਤਨਖ਼ਾਹ ਤੋਂ ਬਿਨਾਂ ਸੇਵਾ ਕਰਦੀਆਂ ਹਨ। ਉਹ ਤਨ-ਮਨ-ਧਨ ਲਾ ਕੇ ਦੁਨੀਆਂ ਭਰ ਵਿਚ ਪ੍ਰਚਾਰ ਦਾ ਕੰਮ ਕਰਨ ਵਿਚ ਮਸਹ ਕੀਤੇ ਹੋਏ ਮਸੀਹੀਆਂ ਦੀ ਮਦਦ ਕਰ ਰਹੀਆਂ ਹਨ।—ਰਸੂਲਾਂ ਦੇ ਕਰਤੱਬ 1:8; ਪਰਕਾਸ਼ ਦੀ ਪੋਥੀ 12:17.
15. ਯਸਾਯਾਹ 61:5, 6 ਵਿਚ ਹੋਰ ਭੇਡਾਂ ਅਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਰਿਸ਼ਤੇ ਬਾਰੇ ਕੀ ਕਿਹਾ ਗਿਆ ਸੀ?
15 ਹੋਰ ਭੇਡਾਂ ਨੌਕਰ ਵਰਗ ਅਤੇ ਪ੍ਰਬੰਧਕ ਸਭਾ ਦੀ ਨਿਗਰਾਨੀ ਲਈ ਬਹੁਤ ਧੰਨਵਾਦੀ ਹਨ ਅਤੇ ਉਨ੍ਹਾਂ ਦੇ ਅਧੀਨ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਹਨ। ਉਹ ਜਾਣਦੀਆਂ ਹਨ ਕਿ ਮਸਹ ਕੀਤੇ ਹੋਏ ਮਸੀਹੀ “ਪਰਮੇਸ਼ੁਰ ਦੇ ਇਸਰਾਏਲ” ਦੇ ਮੈਂਬਰ ਹਨ। (ਗਲਾਤੀਆਂ 6:16) ‘ਓਪਰਿਆਂ ਤੇ ਪਰਦੇਸੀਆਂ’ ਵਾਂਗ ਹੋਰ ਭੇਡਾਂ ‘ਯਹੋਵਾਹ ਦੇ ਜਾਜਕਾਂ ਤੇ ਸੇਵਾਦਾਰਾਂ’ ਯਾਨੀ ਮਸਹ ਕੀਤੇ ਹੋਇਆਂ ਦੀ ਅਗਵਾਈ ਅਧੀਨ ਖ਼ੁਸ਼ੀ ਨਾਲ “ਹਾਲੀ ਤੇ ਮਾਲੀ” ਵਜੋਂ ਸੇਵਾ ਕਰਦੀਆਂ ਹਨ। (ਯਸਾਯਾਹ 61:5, 6) ਉਹ ਜੋਸ਼ ਨਾਲ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀਆਂ ਹਨ। ਅਤੇ ਸੱਚਾਈ ਵਿਚ ਆ ਰਹੇ ਨਵੇਂ ਲੋਕਾਂ ਦੀ ਦੇਖ-ਭਾਲ ਕਰਨ ਵਿਚ ਹੋਰ ਭੇਡਾਂ ਨੌਕਰ ਵਰਗ ਦਾ ਪੂਰਾ ਸਾਥ ਦਿੰਦੀਆਂ ਹਨ।
16. ਮਾਤਬਰ ਨੌਕਰ ਵਰਗ ਦਾ ਸਾਥ ਦੇਣ ਲਈ ਹੋਰ ਭੇਡਾਂ ਨੂੰ ਕਿਹੜੀ ਗੱਲ ਪ੍ਰੇਰਦੀ ਹੈ?
16 ਹੋਰ ਭੇਡਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਮਾਤਬਰ ਨੌਕਰ ਵਰਗ ਦੀ ਮਿਹਨਤ ਸਦਕਾ ਉਨ੍ਹਾਂ ਨੂੰ ਵੇਲੇ ਸਿਰ ਰੂਹਾਨੀ ਭੋਜਨ ਮਿਲਦਾ ਹੈ ਜਿਸ ਤੋਂ ਉਨ੍ਹਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਮਾਤਬਰ ਨੌਕਰ ਦੀ ਮਦਦ ਨਾਲ ਹੀ ਉਨ੍ਹਾਂ ਨੇ ਯਹੋਵਾਹ ਦੇ ਰਾਜ ਕਰਨ ਦੇ ਹੱਕ ਬਾਰੇ ਅਤੇ ਉਸ ਦੇ ਨਾਂ ਨੂੰ ਉੱਚਾ ਕਰਨ ਦੀ ਮਹੱਤਤਾ ਬਾਰੇ ਸਿੱਖਿਆ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਅਤੇ ਨਵੇਂ ਆਕਾਸ਼ ਤੇ ਨਵੀਂ ਧਰਤੀ ਬਾਰੇ ਵੀ ਸਿੱਖਿਆ ਹੈ। ਉਨ੍ਹਾਂ ਨੇ ਅਮਰ ਆਤਮਾ, ਮੁਰਦਿਆਂ ਦੀ ਹਾਲਤ, ਯਹੋਵਾਹ, ਉਸ ਦੇ ਪੁੱਤਰ ਤੇ ਪਵਿੱਤਰ ਆਤਮਾ ਬਾਰੇ ਸੱਚਾਈ ਸਿੱਖੀ ਹੈ। ਹੋਰ ਭੇਡਾਂ ਇਨ੍ਹਾਂ ਸਾਰੀਆਂ ਬਰਕਤਾਂ ਲਈ ਇੰਨੀਆਂ ਧੰਨਵਾਦੀ ਹਨ ਕਿ ਉਹ ਵਫ਼ਾਦਾਰੀ ਨਾਲ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਧਰਤੀ ਉੱਤੇ ਮਸੀਹ ਦੇ “ਭਰਾਵਾਂ” ਦਾ ਸਾਥ ਦਿੰਦੀਆਂ ਹਨ।—ਮੱਤੀ 25:40.
17. ਪ੍ਰਬੰਧਕ ਸਭਾ ਨੇ ਕਿਹੜਾ ਜ਼ਰੂਰੀ ਪ੍ਰਬੰਧ ਕੀਤਾ ਹੈ ਅਤੇ ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?
17 ਮਸਹ ਕੀਤੇ ਹੋਏ ਭਰਾਵਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ, ਇਸ ਲਈ ਉਹ ਮਸੀਹ ਦੀਆਂ ਚੀਜ਼ਾਂ ਦੀ ਦੇਖ-ਭਾਲ ਕਰਨ ਲਈ ਹਰ ਕਲੀਸਿਯਾ ਵਿਚ ਮੌਜੂਦ ਨਹੀਂ ਹੋ ਸਕਦੇ। ਨਤੀਜੇ ਵਜੋਂ, ਪ੍ਰਬੰਧਕ ਸਭਾ ਨੇ ਬ੍ਰਾਂਚ ਆਫ਼ਿਸਾਂ, ਜ਼ਿਲ੍ਹਿਆਂ, ਸਰਕਟਾਂ ਅਤੇ ਕਲੀਸਿਯਾਵਾਂ ਉੱਤੇ ਨਿਗਰਾਨੀ ਰੱਖਣ ਲਈ ਹੋਰ ਭੇਡਾਂ ਵਿੱਚੋਂ ਕੁਝ ਭਰਾਵਾਂ ਨੂੰ ਨਿਯੁਕਤ ਕੀਤਾ ਹੈ। ਇਹ ਭਰਾ ਮਸੀਹ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਇਨ੍ਹਾਂ ਨਿਗਾਹਬਾਨਾਂ ਦੇ ਅਧੀਨ ਰਹਿ ਕੇ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਿਸੂ ਮਸੀਹ ਅਤੇ ਵਫ਼ਾਦਾਰ ਨੌਕਰ ਵਰਗ ਪ੍ਰਤੀ ਵਫ਼ਾਦਾਰ ਹਾਂ? ਇਸ ਬਾਰੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਇਸ ਵਿਸ਼ੇ ਉੱਤੇ ਹੋਰ ਜਾਣਕਾਰੀ ਲਈ 1 ਮਾਰਚ 2004 ਦੇ ਪਹਿਰਾਬੁਰਜ ਦੇ ਸਫ਼ੇ 13-18 ਅਤੇ 1 ਦਸੰਬਰ 1992 (ਅੰਗ੍ਰੇਜ਼ੀ) ਦਾ ਸਫ਼ਾ 13 ਦੇਖੋ।
ਕੀ ਤੁਹਾਨੂੰ ਯਾਦ ਹੈ?
• ਸਾਡਾ ਆਗੂ ਕੌਣ ਹੈ ਅਤੇ ਕਿਸ ਗੱਲ ਤੋਂ ਪਤਾ ਲੱਗਦਾ ਹੈ ਕਿ ਕਲੀਸਿਯਾ ਵਿਚ ਹੋ ਰਹੀ ਕੋਈ ਗੱਲ ਉਸ ਤੋਂ ਲੁਕੀ ਹੋਈ ਨਹੀਂ?
• ਜਦ ਯਿਸੂ ਆਪਣੇ “ਨੌਕਰ” ਦਾ ਨਿਆਂ ਕਰਨ ਆਇਆ, ਤਾਂ ਕੌਣ ਵਫ਼ਾਦਾਰ ਸਾਬਤ ਹੋਇਆ ਅਤੇ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ?
• ਬਾਈਬਲ ਵਿਚ ਨੌਕਰ ਵਰਗ ਦਾ ਵਫ਼ਾਦਾਰੀ ਨਾਲ ਸਾਥ ਦੇਣ ਦੇ ਕਿਹੜੇ ਕਾਰਨ ਦਿੱਤੇ ਗਏ ਹਨ?
[ਸਫ਼ਾ 23 ਉੱਤੇ ਤਸਵੀਰਾਂ]
ਵਫ਼ਾਦਾਰ ਨੌਕਰ ਨੂੰ ਧਰਤੀ ਉੱਤੇ ਮਸੀਹ ਦੇ ‘ਮਾਲ ਮਤੇ’ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਮਾਲ ਮਤੇ ਵਿਚ ਭਗਤੀ ਦੀਆਂ ਥਾਵਾਂ ਦੀ ਦੇਖ-ਭਾਲ ਕਰਨੀ, ਰੂਹਾਨੀ ਭੋਜਨ ਦੇਣਾ ਅਤੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨੀ ਸ਼ਾਮਲ ਹੈ
[ਸਫ਼ਾ 25 ਉੱਤੇ ਤਸਵੀਰ]
ਹੋਰ ਭੇਡਾਂ ਜੋਸ਼ ਨਾਲ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈ ਕੇ ਵਫ਼ਾਦਾਰ ਨੌਕਰ ਵਰਗ ਦਾ ਸਾਥ ਦਿੰਦੀਆਂ ਹਨ