ਯਹੋਵਾਹ ਦਾ ਭੈ ਦਾਇਕ ਦਿਨ ਨੇੜੇ ਹੈ
“ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।”—ਮਲਾਕੀ 3:16.
1, 2. ਮਲਾਕੀ ਕਿਹੜੇ ਭੈ ਦਾਇਕ ਦਿਨ ਦੇ ਬਾਰੇ ਪੂਰਬ-ਚੇਤਾਵਨੀ ਦਿੰਦਾ ਹੈ?
ਭੈ ਦਾਇਕ! ਜਿਵੇਂ ਹੀ ਅਗਸਤ 6, 1945, ਨੂੰ ਪਹੁ ਫੁੱਟੀ, ਇਕ ਵੱਡਾ ਸ਼ਹਿਰ ਇਕ ਪਲ ਵਿਚ ਤਬਾਹ ਹੋ ਗਿਆ। ਕੁਝ 80,000 ਲੋਕ ਮਰੇ! ਹਜ਼ਾਰਾਂ ਲੋਕ ਗੰਭੀਰ ਤਰ੍ਹਾਂ ਨਾਲ ਜ਼ਖਮੀ ਹੋਏ! ਭੜਕਦੀ ਹੋਈ ਅੱਗ! ਨਿਊਕਲੀ ਬੰਬ ਨੇ ਆਪਣਾ ਕੰਮ ਕਰ ਦਿਖਾਇਆ ਸੀ। ਉਸ ਤਬਾਹੀ ਦੇ ਦੌਰਾਨ ਯਹੋਵਾਹ ਦੇ ਗਵਾਹਾਂ ਦਾ ਕੀ ਹੋਇਆ? ਹੀਰੋਸ਼ੀਮਾ ਵਿਚ ਇੱਕੋ-ਇਕ ਯਹੋਵਾਹ ਦਾ ਗਵਾਹ ਸੀ—ਜੋ ਆਪਣੀ ਮਸੀਹੀ ਖਰਿਆਈ ਦੇ ਕਾਰਨ ਇਕ ਕੈਦਖਾਨੇ ਦੀਆਂ ਸੁਰੱਖਿਅਕ ਕੰਧਾਂ ਪਿੱਛੇ ਬੰਦ ਸੀ। ਕੈਦਖਾਨਾ ਡਿੱਗ ਕੇ ਮਲਬਾ ਬਣ ਗਿਆ, ਪਰ ਸਾਡੇ ਭਾਈ ਨੂੰ ਚੋਟ ਨਹੀਂ ਆਈ। ਜਿਵੇਂ ਕਿ ਉਸ ਨੇ ਕਿਹਾ, ਉਹ ਕੈਦਖਾਨੇ ਤੋਂ ਐਟਮ ਬੰਬਾਰੀ ਦੁਆਰਾ ਛੁਡਾਇਆ ਗਿਆ—ਸ਼ਾਇਦ ਕੇਵਲ ਇੱਕੋ ਇਕ ਭਲਾ ਕੰਮ ਜੋ ਉਸ ਬੰਬ ਨੇ ਕੀਤਾ।
2 ਭਾਵੇਂ ਕਿ ਉਹ ਬੰਬ ਵਿਸਫੋਟ ਡਰਾਉਣਾ ਸੀ, ਉਹ ਮਹੱਤਤਾ ਵਿਚ ਕੁਝ ਵੀ ਨਹੀਂ ਹੈ ਜਦੋਂ ਉਸ ਦੀ ਤੁਲਨਾ ‘ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ’ ਨਾਲ ਕੀਤੀ ਜਾਂਦੀ ਹੈ, ਜੋ ਬਿਲਕੁਲ ਸਾਡੇ ਅੱਗੇ ਹੈ। (ਮਲਾਕੀ 4:5) ਜੀ ਹਾਂ, ਭੂਤਕਾਲ ਵਿਚ ਭੈ ਦਾਇਕ ਦਿਨ ਹੋਏ ਹਨ, ਪਰੰਤੂ ਯਹੋਵਾਹ ਦਾ ਇਹ ਦਿਨ ਉਨ੍ਹਾਂ ਸਭ ਦਿਨਾਂ ਤੋਂ ਵੱਡਾ ਹੋਵੇਗਾ।—ਮਰਕੁਸ 13:19.
3. ਜਲ-ਪਰਲੋ ਦੇ ਸਮੇਂ ਤਕ “ਸਾਰੇ ਸਰੀਰਾਂ” ਅਤੇ ਨੂਹ ਦੇ ਪਰਿਵਾਰ ਵਿਚ ਕਿਹੜੀ ਭਿੰਨਤਾ ਧਿਆਨ ਦੇਣ ਯੋਗ ਹੈ?
3 ਨੂਹ ਦੇ ਦਿਨਾਂ ਵਿਚ “ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ,” ਅਤੇ ਪਰਮੇਸ਼ੁਰ ਨੇ ਕਿਹਾ: “ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ।” (ਉਤਪਤ 6:12, 13) ਜਿਵੇਂ ਕਿ ਮੱਤੀ 24:39 ਵਿਚ ਲਿਖਿਆ ਹੋਇਆ ਹੈ, ਯਿਸੂ ਨੇ ਕਿਹਾ ਕਿ ਲੋਕਾਂ ਨੇ “ਕੋਈ ਧਿਆਨ ਨਹੀਂ ਦਿੱਤਾ ਜਦ ਤਕ ਪਰਲੋ ਆ ਕੇ ਉਨ੍ਹਾਂ ਸਭਨਾਂ ਨੂੰ ਰੁੜ੍ਹਾ ਕੇ ਨਾ ਲੈ ਗਈ।” (ਨਿ ਵ) ਪਰੰਤੂ ਵਫ਼ਾਦਾਰ ਨੂਹ, “ਧਰਮ ਦਾ ਪਰਚਾਰਕ,” ਆਪਣੇ ਪਰਿਵਾਰ ਸਮੇਤ, ਜੋ ਪਰਮੇਸ਼ੁਰ ਦਾ ਭੈ ਮੰਨਣ ਵਾਲੇ ਸਨ, ਉਸ ਜਲ-ਪਰਲੋ ਵਿੱਚੋਂ ਬਚ ਨਿਕਲਿਆ।—2 ਪਤਰਸ 2:5.
4. ਸਦੂਮ ਅਤੇ ਅਮੂਰਾਹ ਦੁਆਰਾ ਕਿਹੜਾ ਉਦਾਹਰਣ ਚੇਤਾਵਨੀ ਵਜੋਂ ਮੁਹੱਈਆ ਕੀਤਾ ਜਾਂਦਾ ਹੈ?
4 ਉਸੇ ਤਰ੍ਹਾਂ, ਯਹੂਦਾਹ 7 ਬਿਆਨ ਕਰਦਾ ਹੈ, “ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ . . . ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ।” ਉਹ ਅਧਰਮੀ ਲੋਕ ਆਪਣੇ ਘਿਣਾਉਣੇ ਅਤੇ ਭ੍ਰਿਸ਼ਟ ਜੀਵਨ-ਢੰਗ ਦੇ ਕਾਰਨ ਨਾਸ਼ ਹੋਏ। ਇਸ ਆਧੁਨਿਕ ਸੰਸਾਰ ਦੇ ਕਾਮ-ਉਤੇਜਕ ਸਮਾਜ ਸਾਵਧਾਨ ਹੋਣ! ਪਰੰਤੂ, ਧਿਆਨ ਦਿਓ ਕਿ ਪਰਮੇਸ਼ੁਰ ਦਾ ਭੈ ਮੰਨਣ ਵਾਲਾ ਲੂਤ ਅਤੇ ਉਸ ਦੀਆਂ ਧੀਆਂ ਨੂੰ ਉਸ ਤਬਾਹੀ ਵਿੱਚੋਂ ਜੀਵਿਤ ਬਚਾਇਆ ਗਿਆ ਸੀ, ਤਿਵੇਂ ਹੀ ਯਹੋਵਾਹ ਦੇ ਉਪਾਸਕਾਂ ਨੂੰ ਵੀ ਤੇਜ਼ੀ ਨਾਲ ਆ ਰਹੇ ਵੱਡੇ ਕਸ਼ਟ ਦੇ ਦੌਰਾਨ ਸੁਰੱਖਿਅਤ ਰੱਖਿਆ ਜਾਵੇਗਾ।—2 ਪਤਰਸ 2:6-9.
5. ਯਰੂਸ਼ਲਮ ਉੱਤੇ ਪੂਰੇ ਕੀਤੇ ਗਏ ਨਿਆਉਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
5 ਫਿਰ ਚੇਤਾਵਨੀ ਵਜੋਂ ਉਸ ਸਮੇਂ ਮੁਹੱਈਆ ਕੀਤੇ ਗਏ ਉਦਾਹਰਣਾਂ ਉੱਤੇ ਵਿਚਾਰ ਕਰੋ, ਜਦੋਂ ਯਹੋਵਾਹ ਨੇ ਯਰੂਸ਼ਲਮ, ਉਹ ਮਹਾਨ ਸ਼ਹਿਰ ਜੋ ਇਕ ਸਮੇਂ ਤੇ “ਸਾਰੀ ਧਰਤੀ ਦੀ ਖੁਸ਼ੀ” ਹੁੰਦਾ ਸੀ, ਨੂੰ ਨਾਸ਼ ਕਰਨ ਵਾਸਤੇ ਹਮਲਾਵਰ ਸੈਨਾਵਾਂ ਦਾ ਇਸਤੇਮਾਲ ਕੀਤਾ ਸੀ। (ਜ਼ਬੂਰ 48:2) ਇਹ ਦੁਖਦਾਈ ਘਟਨਾਵਾਂ, ਪਹਿਲਾਂ 607 ਸਾ.ਯੁ.ਪੂ. ਵਿਚ ਅਤੇ ਫਿਰ 70 ਸਾ.ਯੁ. ਵਿਚ, ਵਾਪਰੀਆਂ ਕਿਉਂਕਿ ਪਰਮੇਸ਼ੁਰ ਦੇ ਨਾਂ-ਮਾਤਰ ਲੋਕਾਂ ਨੇ ਸੱਚੀ ਉਪਾਸਨਾ ਨੂੰ ਛੱਡ ਦਿੱਤਾ ਸੀ। ਖ਼ੁਸ਼ੀ ਦੀ ਗੱਲ ਹੈ, ਯਹੋਵਾਹ ਦੇ ਨਿਸ਼ਠਾਵਾਨ ਸੇਵਕ ਬਚ ਨਿਕਲੇ। 70 ਸਾ.ਯੁ. ਦੀ ਤਬਾਹੀ ਨੂੰ ਅਜਿਹਾ ‘ਕਸ਼ਟ ਜੋ ਸਰਿਸ਼ਟ ਦੇ ਮੁੱਢੋਂ ਜਿਹ ਨੂੰ ਪਰਮੇਸ਼ੁਰ ਨੇ ਸਾਜਿਆ ਹੈ ਨਾ ਹੁਣ ਤੋੜੀ ਹੋਇਆ ਹੈ’ ਦੇ ਤੌਰ ਤੇ ਵਰਣਨ ਕੀਤਾ ਜਾਂਦਾ ਹੈ। ਇਸ ਨੇ ਸਦਾ ਲਈ ਧਰਮ-ਤਿਆਗੀ ਯਹੂਦੀ ਰੀਤੀ-ਵਿਵਸਥਾ ਨੂੰ ਖ਼ਤਮ ਕਰ ਦਿੱਤਾ, ਅਤੇ ਨਿਸ਼ਚੇ ਹੀ ਇਸ ਤਰੀਕੇ ਤੋਂ ਉਹ ਫਿਰ “ਨਾ ਕਦੇ ਹੋਵੇਗਾ।” (ਮਰਕੁਸ 13:19) ਪਰੰਤੂ ਈਸ਼ਵਰੀ ਨਿਆਉਂ ਦੀ ਇਹ ਪੂਰਤੀ ਵੀ ਉਸ “ਵੱਡੀ ਬਿਪਤਾ” ਦੀ ਕੇਵਲ ਇਕ ਝਲਕ ਹੀ ਸੀ ਜੋ ਹੁਣ ਪੂਰੀ ਵਿਸ਼ਵ ਰੀਤੀ-ਵਿਵਸਥਾ ਲਈ ਖ਼ਤਰਾ ਪੇਸ਼ ਕਰਦੀ ਹੈ।—ਪਰਕਾਸ਼ ਦੀ ਪੋਥੀ 7:14.
6. ਯਹੋਵਾਹ ਕਿਉਂ ਤਬਾਹੀਆਂ ਨੂੰ ਹੋਣ ਦਿੰਦਾ ਹੈ?
6 ਪਰਮੇਸ਼ੁਰ ਕਿਉਂ ਇੰਨੇ ਜਾਨੀ ਨੁਕਸਾਨ ਵਾਲੀਆਂ ਭਿਆਨਕ ਤਬਾਹੀਆਂ ਨੂੰ ਹੋਣ ਦਿੰਦਾ ਹੈ? ਨੂਹ, ਸਦੂਮ ਅਤੇ ਅਮੂਰਾਹ, ਅਤੇ ਯਰੂਸ਼ਲਮ, ਦੇ ਸੰਬੰਧ ਵਿਚ ਯਹੋਵਾਹ ਉਨ੍ਹਾਂ ਉੱਤੇ ਨਿਆਉਂ ਕਰ ਰਿਹਾ ਸੀ ਜਿਨ੍ਹਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਵਿਗਾੜ ਲਿਆ ਸੀ, ਜਿਨ੍ਹਾਂ ਨੇ ਇਸ ਸੁੰਦਰ ਧਰਤੀ ਨੂੰ ਸ਼ਾਬਦਿਕ ਪ੍ਰਦੂਸ਼ਣ ਅਤੇ ਨੈਤਿਕ ਭ੍ਰਿਸ਼ਟਤਾ ਦੇ ਨਾਲ ਗੰਦਾ ਕਰ ਦਿੱਤਾ ਸੀ, ਅਤੇ ਜਿਨ੍ਹਾਂ ਨੇ ਸੱਚੀ ਉਪਾਸਨਾ ਤੋਂ ਧਰਮ-ਤਿਆਗ ਕਰ ਲਿਆ ਸੀ, ਜਾਂ ਉਸ ਨੂੰ ਰੱਦ ਕਰ ਦਿੱਤਾ ਸੀ। ਅੱਜ ਅਸੀਂ ਨਿਆਉਂ ਦੀ ਇਕ ਸਰਬ-ਸੰਮਿਲਿਤ ਪੂਰਤੀ ਦੇ ਕੰਢੇ ਤੇ ਖੜ੍ਹੇ ਹਾਂ ਜੋ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।—2 ਥੱਸਲੁਨੀਕੀਆਂ 1:6-9.
“ਅੰਤ ਦੇ ਦਿਨਾਂ ਵਿੱਚ”
7. (ੳ) ਪ੍ਰਾਚੀਨ ਈਸ਼ਵਰੀ ਨਿਆਉਂ ਕਿਸ ਚੀਜ਼ ਨੂੰ ਭਵਿੱਖ-ਸੂਚਿਤ ਕਰਦੇ ਸਨ? (ਅ) ਸਾਡੇ ਅੱਗੇ ਕਿਹੜਾ ਸ਼ਾਨਦਾਰ ਭਵਿੱਖ ਹੈ?
7 ਪ੍ਰਾਚੀਨ ਸਮੇਂ ਦੇ ਉਹ ਵਿਨਾਸ਼ ਉਸ ਭੈ ਦਾਇਕ ਵੱਡੇ ਕਸ਼ਟ ਨੂੰ ਭਵਿੱਖ-ਸੂਚਿਤ ਕਰਦੇ ਹਨ ਜਿਸ ਦਾ ਵਰਣਨ 2 ਪਤਰਸ 3:3-13 ਵਿਚ ਕੀਤਾ ਗਿਆ ਹੈ। ਰਸੂਲ ਕਹਿੰਦਾ ਹੈ: “ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਅੰਤ ਦੇ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਦੇ ਹੋਏ ਆਉਣਗੇ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਣਗੇ।” ਫਿਰ, ਨੂਹ ਦੇ ਦਿਨਾਂ ਉੱਤੇ ਕੇਂਦ੍ਰਿਤ ਕਰਦੇ ਹੋਏ, ਪਤਰਸ ਲਿਖਦਾ ਹੈ: “ਓਸ ਸਮੇਂ ਦਾ ਜਗਤ ਪਾਣੀ ਵਿੱਚ ਡੁੱਬ ਕੇ ਨਾਸ ਹੋਇਆ। ਪਰ ਅਕਾਸ਼ ਅਤੇ ਧਰਤੀ ਜਿਹੜੇ ਹੁਣ ਹਨ ਸਾੜੇ ਜਾਣ ਲਈ ਓਸੇ ਬਚਨ ਨਾਲ ਰੱਖ ਛੱਡੇ ਹੋਏ ਹਨ ਅਤੇ ਭਗਤੀਹੀਣ ਮਨੁੱਖਾਂ ਦੇ ਨਿਆਉਂ ਅਤੇ ਨਾਸ ਹੋਣ ਦੇ ਦਿਨ ਤੀਕ ਸਾਂਭੇ ਰਹਿਣਗੇ।” ਉਸ ਸਭ ਤੋਂ ਵੱਡੇ ਕਸ਼ਟ ਦੇ ਮਗਰੋਂ, ਮਸੀਹਾ ਦਾ ਬਹੁਤ ਚਿਰ ਤੋਂ ਉਡੀਕਿਆ ਰਾਜ ਸ਼ਾਸਨ ਨਵੇਂ ਆਕਾਰ ਅਪਣਾਵੇਗਾ—“ਨਵੇਂ ਅਕਾਸ਼ ਅਤੇ ਨਵੀਂ ਧਰਤੀ . . . ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” ਕਿੰਨਾ ਹੀ ਆਨੰਦਿਤ ਭਵਿੱਖ!
8. ਵਿਸ਼ਵ ਘਟਨਾਵਾਂ ਕਿਸ ਤਰ੍ਹਾਂ ਸਿਖਰ ਦੇ ਵੱਲ ਵਧ ਰਹੀਆਂ ਹਨ?
8 ਸਾਡੀ 20ਵੀਂ ਸਦੀ ਦੇ ਦੌਰਾਨ, ਵਿਸ਼ਵ ਘਟਨਾਵਾਂ ਸਿਖਰ ਦੇ ਵੱਲ ਲਗਾਤਾਰ ਵਧਦੀਆਂ ਗਈਆਂ ਹਨ। ਭਾਵੇਂ ਕਿ ਹੀਰੋਸ਼ੀਮਾ ਦੀ ਤਬਾਹੀ ਕੋਈ ਈਸ਼ਵਰੀ ਬਲਾ ਨਹੀਂ ਸੀ, ਇਸ ਨੂੰ ਉਨ੍ਹਾਂ “ਭਿਆਨਕ ਚੀਜ਼ਾਂ” ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਯਿਸੂ ਨੇ ਅੰਤ ਦੇ ਸਮੇਂ ਲਈ ਭਵਿੱਖਬਾਣੀ ਕੀਤੀਆਂ ਸਨ। (ਲੂਕਾ 21:11) ਇਸ ਨੇ ਇਕ ਨਿਊਕਲੀ ਖ਼ਤਰਾ ਆਰੰਭ ਕੀਤਾ ਜੋ ਹਾਲੇ ਵੀ ਮਨੁੱਖਜਾਤੀ ਦੇ ਉੱਤੇ ਤੂਫ਼ਾਨੀ ਬੱਦਲ ਵਾਂਗ ਮੰਡਲਾ ਰਿਹਾ ਹੈ। ਇਸ ਲਈ, ਨਵੰਬਰ 29, 1993, ਦੀ ਦ ਨਿਊ ਯਾਰਕ ਟਾਇਮਜ਼ ਵਿਚ ਇਕ ਸਿਰਲੇਖ ਕਹਿੰਦਾ ਹੈ: “ਬੰਦੂਕਾਂ ਨੂੰ ਸ਼ਾਇਦ ਥੋੜ੍ਹੀ ਬਹੁਤ ਜ਼ੰਗ ਲੱਗਾ ਹੋਇਆ ਹੋਵੇ ਪਰ ਨਿਊਕਲੀ ਹਥਿਆਰ ਹਾਲੇ ਵੀ ਲਿਸ਼ਕ ਰਹੇ ਹਨ।” ਇਸ ਸਮੇਂ ਦੇ ਦੌਰਾਨ, ਅੰਤਰਰਾਸ਼ਟਰੀ, ਅੰਤਰਜਾਤੀ, ਅਤੇ ਅੰਤਰ-ਕਬਾਇਲੀ ਯੁੱਧ ਇਕ ਭਿਆਨਕ ਫਸਲ ਕੱਟਦੇ ਜਾ ਰਹੇ ਹਨ। ਭੂਤਕਾਲੀਨ ਸਮਿਆਂ ਵਿਚ ਜ਼ਖਮੀਆਂ ਦੀ ਬਹੁਮਤ ਗਿਣਤੀ ਸੈਨਿਕਾਂ ਵਿੱਚੋਂ ਸੀ। ਅੱਜਕਲ੍ਹ, ਰਿਪੋਰਟ ਦੇ ਅਨੁਸਾਰ ਯੁੱਧਾਂ ਵਿਚ 80 ਫੀ ਸਦੀ ਜ਼ਖਮੀ ਲੋਕ ਅਸੈਨਿਕ ਲੋਕ ਹਨ, ਅਤੇ ਇਨ੍ਹਾਂ ਤੋਂ ਇਲਾਵਾ ਲੱਖਾਂ ਹੋਰ ਲੋਕ ਹਨ ਜਿਨ੍ਹਾਂ ਨੂੰ ਸ਼ਰਨਾਰਥੀਆਂ ਦੇ ਤੌਰ ਤੇ ਆਪਣੀ ਜਨਮ-ਭੂਮੀ ਛੱਡ ਕੇ ਭੱਜਣਾ ਪੈਂਦਾ ਹੈ।
9. ਧਾਰਮਿਕ ਆਗੂਆਂ ਨੇ ਕਿਸ ਤਰ੍ਹਾਂ ਸੰਸਾਰ ਨਾਲ ਮਿੱਤਰਤਾ ਦਿਖਾਈ ਹੈ?
9 ਧਾਰਮਿਕ ਆਗੂਆਂ ਨੇ ਯੁੱਧਾਂ ਅਤੇ ਖ਼ੂਨੀ ਇਨਕਲਾਬਾਂ ਵਿਚ ਕ੍ਰਿਆਸ਼ੀਲ ਢੰਗ ਨਾਲ ਹਿੱਸਾ ਲੈ ਕੇ ਅਕਸਰ “ਸੰਸਾਰ ਨਾਲ ਮਿੱਤਰਤਾ” ਦਿਖਾਈ ਹੈ, ਅਤੇ ਅਜੇ ਵੀ ਦਿਖਾਉਂਦੇ ਹਨ। (ਯਾਕੂਬ 4:4, ਨਿ ਵ) ਕਈਆਂ ਨੇ ਵਪਾਰਕ ਸੰਸਾਰ ਦੇ ਲਾਲਚੀ ਸ਼ਾਹ ਵਪਾਰੀਆਂ ਨਾਲ ਮਿਲ ਕੇ ਕੰਮ ਕੀਤਾ ਹੈ, ਜਿਉਂ-ਜਿਉਂ ਇਹ ਵੱਡੇ ਪੈਮਾਨੇ ਤੇ ਸ਼ਸਤਰਾਂ ਦਾ ਉਤਪਾਦਨ ਕਰਦੇ ਹਨ ਅਤੇ ਨਸ਼ੀਲੀ ਦਵਾਈਆਂ ਦੇ ਸਾਮਰਾਜ ਕਾਇਮ ਕਰਦੇ ਹਨ। ਉਦਾਹਰਣ ਦੇ ਤੌਰ ਤੇ, ਦੱਖਣੀ ਅਮਰੀਕਾ ਦੇ ਨਸ਼ੀਲੀ ਦਵਾਈਆਂ ਦੇ ਇਕ ਪ੍ਰਮੁੱਖ ਵਪਾਰੀ ਦੇ ਕਤਲ ਨੂੰ ਰਿਪੋਰਟ ਕਰਦੇ ਹੋਏ, ਦ ਨਿਊ ਯਾਰਕ ਟਾਇਮਜ਼ ਨੇ ਬਿਆਨ ਕੀਤਾ: “ਆਪਣੇ ਨਸ਼ੀਲੀ ਦਵਾਈਆਂ ਦੇ ਵਪਾਰ ਨੂੰ ਕਾਨੂੰਨੀ ਕਾਰੋਬਾਰੀ ਧਨ ਦੇ ਦਾਅਵਿਆਂ ਅਤੇ ਪਰਉਪਕਾਰੀ ਦੀ ਮੂਰਤ ਪਿੱਛੇ ਛੁਪਾਉਂਦੇ ਹੋਏ, ਉਹ ਆਪਣਾ ਨਿੱਜੀ ਰੇਡੀਓ ਕਾਰਜਕ੍ਰਮ ਪ੍ਰਸਤੁਤ ਕਰਦਾ ਸੀ ਅਤੇ ਅਕਸਰ ਉਸ ਦੇ ਨਾਲ ਰੋਮਨ ਕੈਥੋਲਿਕ ਪਾਦਰੀ ਹੁੰਦੇ ਸਨ।” ਦ ਵੌਲ ਸਟ੍ਰੀਟ ਜਰਨਲ ਨੇ ਰਿਪੋਰਟ ਕੀਤਾ ਕਿ ਉਨ੍ਹਾਂ ਲੱਖਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕਰਨ ਤੋਂ ਇਲਾਵਾ ਜੋ ਨਸ਼ਈ ਬਣ ਗਏ ਹਨ, ਨਸ਼ੀਲੀ ਦਵਾਈਆਂ ਦੇ ਇਸ ਪ੍ਰਮੁੱਖ ਵਪਾਰੀ ਨੇ ਖ਼ੁਦ ਹਜ਼ਾਰਾਂ ਦੇ ਕਤਲ ਨੂੰ ਵੀ ਨਿਰਦੇਸ਼ਿਤ ਕੀਤਾ ਹੈ। ਲੰਡਨ ਦੇ ਦ ਟਾਇਮਜ਼ ਨੇ ਟਿੱਪਣੀ ਕੀਤੀ: “ਅਕਸਰ ਕਾਤਲ ਧੰਨਵਾਦ ਦੇਣ ਲਈ ਇਕ ਖ਼ਾਸ ਪੂਜਾ-ਸਮਾਰੋਹ ਲਈ ਪੈਸੇ ਦਿੰਦੇ ਹਨ . . . ਉਸੇ ਸਮੇਂ ਜਦੋਂ ਉਨ੍ਹਾਂ ਦੇ ਸ਼ਿਕਾਰ ਦਾ ਮਾਤਮੀ ਪੂਜਾ-ਸਮਾਰੋਹ ਕਿਤੇ ਹੋਰ ਹੋ ਰਿਹਾ ਹੁੰਦਾ ਹੈ।” ਕਿੰਨੀ ਦੁਸ਼ਟਤਾ!
10. ਸਾਨੂੰ ਸੰਸਾਰ ਦੀਆਂ ਵਿਗੜਦੀਆਂ ਹਾਲਾਤਾਂ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਣਾ ਚਾਹੀਦਾ ਹੈ?
10 ਕੌਣ ਜਾਣਦਾ ਹੈ ਕਿ ਪਿਸ਼ਾਚ-ਪ੍ਰੇਰਿਤ ਮਨੁੱਖ ਇਸ ਧਰਤੀ ਉੱਤੇ ਅਜੇ ਹੋਰ ਕੀ-ਕੀ ਤਬਾਹੀ ਲਿਆਉਣਗੇ? ਜਿਵੇਂ ਕਿ 1 ਯੂਹੰਨਾ 5:19 ਬਿਆਨ ਕਰਦਾ ਹੈ, “ਸਾਰਾ ਸੰਸਾਰ ਉਸ ਦੁਸ਼ਟ,” ਸ਼ਤਾਨ ਅਰਥਾਤ ਇਬਲੀਸ, “ਦੇ ਵੱਸ ਵਿੱਚ ਪਿਆ ਹੋਇਆ ਹੈ।” ਅੱਜਕਲ੍ਹ “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਫਿਰ ਵੀ, ਖ਼ੁਸ਼ੀ ਦੀ ਗੱਲ ਹੈ ਕਿ ਰੋਮੀਆਂ 10:13 ਸਾਨੂੰ ਭਰੋਸਾ ਦਿਵਾਉਂਦਾ ਹੈ ਕਿ “ਹਰੇਕ ਜਿਹੜਾ ਪ੍ਰਭੁ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ।”
ਪਰਮੇਸ਼ੁਰ ਨਿਆਉਂ ਲਈ ਨੇੜੇ ਆਉਂਦਾ ਹੈ
11. ਇਸਰਾਏਲ ਵਿਚ ਕਿਹੜੀਆਂ ਹਾਲਾਤਾਂ ਨੇ ਮਲਾਕੀ ਦੀ ਭਵਿੱਖਬਾਣੀ ਨੂੰ ਪ੍ਰੇਰਿਤ ਕੀਤਾ?
11 ਮਨੁੱਖਜਾਤੀ ਦੇ ਨੇੜਲੇ ਭਵਿੱਖ ਦੇ ਸੰਬੰਧ ਵਿਚ, ਮਲਾਕੀ ਦੀ ਭਵਿੱਖਬਾਣੀ ਰੌਸ਼ਨੀ ਪਾਉਂਦੀ ਹੈ ਕਿ ਕੀ ਹੋਣ ਵਾਲਾ ਹੈ। ਪ੍ਰਾਚੀਨ ਇਬਰਾਨੀ ਨਬੀਆਂ ਦੀ ਲੰਬੀ ਲੜੀ ਵਿਚ ਮਲਾਕੀ ਅਖ਼ੀਰ ਵਿਚ ਸੂਚੀਬੱਧ ਕੀਤਾ ਗਿਆ ਹੈ। ਇਸਰਾਏਲ ਨੇ 607 ਸਾ.ਯੁ.ਪੂ. ਵਿਚ ਯਰੂਸ਼ਲਮ ਦੀ ਤਬਾਹੀ ਦਾ ਅਨੁਭਵ ਕੀਤਾ ਸੀ। ਪਰੰਤੂ 70 ਸਾਲਾਂ ਦੇ ਬਾਅਦ ਯਹੋਵਾਹ ਨੇ ਉਸ ਕੌਮ ਨੂੰ ਉਸ ਦੇ ਦੇਸ਼ ਵਿਚ ਪੁਨਰ-ਸਥਾਪਿਤ ਕਰ ਕੇ ਦਇਆਵਾਨ ਪ੍ਰੇਮਪੂਰਣ-ਦਿਆਲਗੀ ਦਿਖਾਈ ਸੀ। ਮਗਰ, ਸੌ ਸਾਲਾਂ ਦੇ ਅੰਦਰ-ਅੰਦਰ ਇਸਰਾਏਲ ਫਿਰ ਤੋਂ ਧਰਮ-ਤਿਆਗ ਅਤੇ ਦੁਸ਼ਟਤਾ ਦੇ ਵੱਲ ਰੁੜ੍ਹਨ ਲੱਗ ਪਿਆ। ਲੋਕ ਯਹੋਵਾਹ ਦੇ ਨਾਂ ਦੀ ਨਿਰਾਦਰੀ ਕਰ ਰਹੇ ਸਨ, ਉਸ ਦੇ ਧਾਰਮਿਕ ਨਿਯਮਾਂ ਨੂੰ ਅਣਡਿੱਠ ਕਰ ਰਹੇ ਸਨ, ਅਤੇ ਬਲੀਦਾਨ ਲਈ ਅੰਨ੍ਹੇ, ਲੰਙੇ, ਅਤੇ ਬੀਮਾਰ ਜਾਨਵਰਾਂ ਨੂੰ ਲਿਆਉਣ ਦੇ ਦੁਆਰਾ ਉਸ ਦੀ ਹੈਕਲ ਨੂੰ ਦੂਸ਼ਿਤ ਕਰ ਰਹੇ ਸਨ। ਉਹ ਆਪਣੀ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ ਤਾਂਕਿ ਉਹ ਵਿਦੇਸ਼ੀ ਔਰਤਾਂ ਨਾਲ ਵਿਆਹ ਕਰ ਸਕਣ।—ਮਲਾਕੀ 1:6-8; 2:13-16.
12, 13. (ੳ) ਮਸਹ ਕੀਤੇ ਹੋਏ ਜਾਜਕੀ ਸਮੂਹ ਲਈ ਕਿਹੜਾ ਸੋਧਣ ਜ਼ਰੂਰੀ ਸੀ? (ਅ) ਵੱਡੀ ਭੀੜ ਵੀ ਉਸ ਸੋਧਣ ਤੋਂ ਕਿਸ ਤਰ੍ਹਾਂ ਲਾਭ ਪ੍ਰਾਪਤ ਕਰਦੀ ਹੈ?
12 ਇਕ ਸੋਧਣ ਕਾਰਜ ਦੀ ਜ਼ਰੂਰਤ ਸੀ। ਇਹ ਮਲਾਕੀ 3:1-4 ਵਿਚ ਵਰਣਨ ਕੀਤਾ ਗਿਆ ਹੈ। ਪ੍ਰਾਚੀਨ ਇਸਰਾਏਲ ਦੀ ਤਰ੍ਹਾਂ, ਯਹੋਵਾਹ ਦੇ ਆਧੁਨਿਕ ਗਵਾਹਾਂ ਨੂੰ ਸਾਫ਼ ਕਰਨ ਦੀ ਜ਼ਰੂਰਤ ਸੀ, ਇਸ ਲਈ ਮਲਾਕੀ ਦੁਆਰਾ ਵਰਣਨ ਕੀਤਾ ਗਿਆ ਸੋਧਣ ਕਾਰਜ ਉਨ੍ਹਾਂ ਉੱਤੇ ਲਾਗੂ ਕੀਤਾ ਜਾ ਸਕਦਾ ਹੈ। ਜਿਵੇਂ-ਜਿਵੇਂ ਪਹਿਲਾ ਵਿਸ਼ਵ ਯੁੱਧ ਸਮਾਪਤ ਹੋ ਰਿਹਾ ਸੀ, ਕਈ ਬਾਈਬਲ ਸਟੂਡੈਂਟਸ, ਜਿਵੇਂ ਕਿ ਗਵਾਹ ਉਸ ਸਮੇਂ ਜਾਣੇ ਜਾਂਦੇ ਸਨ, ਨੇ ਸੰਸਾਰਕ ਮਾਮਲਿਆਂ ਵਿਚ ਸਖ਼ਤ ਨਿਰਪੱਖਤਾ ਕਾਇਮ ਨਹੀਂ ਰੱਖੀ। 1918 ਵਿਚ, ਯਹੋਵਾਹ ਨੇ ਆਪਣੇ ‘ਨੇਮ ਦੇ ਦੂਤ,’ ਯਿਸੂ ਮਸੀਹ ਨੂੰ ਆਪਣੇ ਉਪਾਸਕਾਂ ਦੇ ਛੋਟੇ ਸਮੂਹ ਨੂੰ ਸੰਸਾਰਕ ਦਾਗ਼ਾਂ ਤੋਂ ਸਾਫ਼ ਕਰਨ ਲਈ ਆਪਣੇ ਅਧਿਆਤਮਿਕ ਹੈਕਲ ਪ੍ਰਬੰਧ ਵਿਖੇ ਭੇਜਿਆ। ਭਵਿੱਖ-ਸੂਚਕ ਤੌਰ ਤੇ, ਯਹੋਵਾਹ ਨੇ ਪੁੱਛਿਆ ਸੀ: “[ਦੂਤ] ਦੇ ਆਉਣ ਦੇ ਦਿਨ ਨੂੰ ਕੌਣ ਸਹਾਰ ਸੱਕਦਾ ਹੈ ਅਤੇ ਕੌਣ ਖੜਾ ਰਹੇਗਾ ਜਦ ਉਹ ਪਰਗਟ ਹੋਵੇਗਾ? ਕਿਉਂ ਜੋ ਉਹ ਸੁਨਿਆਰੇ ਦੀ ਅੱਗ ਅਤੇ ਧੋਬੀ ਦੇ ਸਾਬਣ ਵਰਗਾ ਹੈ। ਉਹ ਚਾਂਦੀ ਨੂੰ ਤਾਉਣ ਅਤੇ ਸਾਫ਼ ਕਰਨ ਲਈ ਬੈਠੇਗਾ ਅਤੇ ਲੇਵੀਆਂ [ਮਸਹ ਕੀਤਾ ਹੋਇਆ ਜਾਜਕੀ ਸਮੂਹ] ਨੂੰ ਚਾਂਦੀ ਵਾਂਙੁ ਸਾਫ਼ ਕਰੇਗਾ ਅਤੇ ਓਹਨਾਂ ਨੂੰ ਸੋਨੇ ਵਾਂਙੁ ਅਤੇ ਚਾਂਦੀ ਵਾਂਙੁ ਤਾਵੇਗਾ ਅਤੇ ਓਹ ਧਰਮ ਨਾਲ ਯਹੋਵਾਹ ਲਈ ਭੇਟ ਚੜ੍ਹਾਉਣਗੇ।” ਇਕ ਸਾਫ਼ ਕੀਤੇ ਗਏ ਲੋਕਾਂ ਦੇ ਤੌਰ ਤੇ, ਉਨ੍ਹਾਂ ਨੇ ਅਜਿਹਾ ਹੀ ਕੀਤਾ ਹੈ!
13 ਉਸ ਮਸਹ ਕੀਤੇ ਹੋਏ ਜਾਜਕੀ ਸਮੂਹ ਦੀ ਗਿਣਤੀ ਕੇਵਲ 1,44,000 ਹੈ। (ਪਰਕਾਸ਼ ਦੀ ਪੋਥੀ 7:4-8; 14:1, 3) ਪਰ, ਅੱਜਕਲ੍ਹ ਦੇ ਦੂਜੇ ਸਮਰਪਿਤ ਮਸੀਹੀਆਂ ਦੇ ਬਾਰੇ ਕੀ? ਹੁਣ ਲੱਖਾਂ ਦੀ ਤਾਦਾਦ ਤਕ ਵਧਦੀ ਹੋਈ, ਇਹ “ਇੱਕ ਵੱਡੀ ਭੀੜ” ਬਣਦੀ ਹੈ, ਅਤੇ ਇਨ੍ਹਾਂ ਨੂੰ ਵੀ ‘ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਂਦੇ ਹੋਏ ਅਤੇ ਉਨ੍ਹਾਂ ਨੂੰ ਚਿੱਟਾ ਕਰਦੇ ਹੋਏ’ ਸੰਸਾਰਕ ਤੌਰ-ਤਰੀਕਿਆਂ ਤੋਂ ਸਾਫ਼ ਹੋਣ ਦੀ ਜ਼ਰੂਰਤ ਹੈ। (ਪਰਕਾਸ਼ ਦੀ ਪੋਥੀ 7:9, 14) ਇਸ ਤਰ੍ਹਾਂ, ਲੇਲੇ, ਮਸੀਹ ਯਿਸੂ ਦੇ ਰਿਹਾਈ-ਕੀਮਤ ਦੇ ਬਲੀਦਾਨ ਉੱਤੇ ਨਿਹਚਾ ਰੱਖਣ ਦੇ ਦੁਆਰਾ, ਉਹ ਯਹੋਵਾਹ ਦੇ ਸਾਮ੍ਹਣੇ ਇਕ ਸਵੱਛ ਸਥਿਤੀ ਕਾਇਮ ਰੱਖਣ ਦੇ ਯੋਗ ਹੁੰਦੇ ਹਨ। ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਹ ਪੂਰਣ ਵੱਡੇ ਕਸ਼ਟ, ਯਹੋਵਾਹ ਦੇ ਉਸ ਭੈ ਦਾਇਕ ਦਿਨ ਵਿੱਚੋਂ ਬਚ ਨਿਕਲਣਗੇ।—ਸਫ਼ਨਯਾਹ 2:2, 3.
14. ਅੱਜ ਪਰਮੇਸ਼ੁਰ ਦੇ ਲੋਕ ਜਿਉਂ-ਜਿਉਂ ਨਵਾਂ ਵਿਅਕਤਿੱਤਵ ਵਿਕਸਿਤ ਕਰਦੇ ਜਾਂਦੇ ਹਨ, ਉਨ੍ਹਾਂ ਨੂੰ ਕਿਹੜੇ ਸ਼ਬਦਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ?
14 ਜਾਜਕੀ ਬਕੀਏ ਦੇ ਨਾਲ, ਇਸ ਵੱਡੀ ਭੀੜ ਨੂੰ ਪਰਮੇਸ਼ੁਰ ਦੇ ਅਗਲੇ ਸ਼ਬਦਾਂ ਉੱਤੇ ਧਿਆਨ ਦੇਣਾ ਚਾਹੀਦਾ ਹੈ: “ਮੈਂ ਨਿਆਉਂ ਲਈ ਤੁਹਾਡੇ ਨੇੜੇ ਆਵਾਂਗਾ ਅਤੇ ਮੈਂ ਚੁਸਤ ਗਵਾਹ ਹੋਵਾਂਗਾ ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸੌਂਹ ਖਾਣ ਵਾਲਿਆਂ ਦੇ ਵਿਰੁੱਧ ਅਤੇ ਮਜੂਰ ਨੂੰ ਮਜੂਰੀ ਲਈ ਦੁਖ ਦੇਣ ਵਾਲਿਆਂ ਦੇ ਵਿਰੁੱਧ, ਵਿੱਧਵਾ ਅਤੇ ਅਨਾਥ ਨੂੰ ਦੁਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੈਥੋਂ ਨਹੀਂ ਡਰਦੇ . . . ਕਿਉਂ ਜੋ ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:5, 6) ਨਹੀਂ, ਯਹੋਵਾਹ ਦੇ ਮਿਆਰ ਨਹੀਂ ਬਦਲਦੇ ਹਨ, ਇਸ ਲਈ ਯਹੋਵਾਹ ਦੇ ਭੈ ਵਿਚ, ਉਸ ਦੇ ਲੋਕਾਂ ਨੂੰ ਅੱਜ ਹਰ ਤਰ੍ਹਾਂ ਦੀ ਮੂਰਤੀ ਪੂਜਾ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਜਿਉਂ-ਜਿਉਂ ਉਹ ਮਸੀਹੀ ਵਿਅਕਤਿੱਤਵ ਵਿਕਸਿਤ ਕਰਦੇ ਜਾਂਦੇ ਹਨ, ਉਨ੍ਹਾਂ ਨੂੰ ਸੱਚੇ, ਈਮਾਨਦਾਰ, ਅਤੇ ਉਦਾਰ ਹੋਣਾ ਚਾਹੀਦਾ ਹੈ।—ਕੁਲੁੱਸੀਆਂ 3:9-14.
15. (ੳ) ਯਹੋਵਾਹ ਕਿਹੜਾ ਦਇਆਵਾਨ ਨਿਮੰਤ੍ਰਣ ਦਿੰਦਾ ਹੈ? (ਅ) ਅਸੀਂ ਕਿਸ ਤਰ੍ਹਾਂ ਯਹੋਵਾਹ ਨੂੰ ‘ਠੱਗਣ’ ਤੋਂ ਬਚ ਸਕਦੇ ਹਾਂ?
15 ਯਹੋਵਾਹ ਉਨ੍ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਸ਼ਾਇਦ ਉਸ ਦੇ ਧਾਰਮਿਕ ਰਾਹਾਂ ਤੋਂ ਮੂੰਹ ਮੋੜ ਲਿਆ ਹੈ, ਇਹ ਕਹਿੰਦੇ ਹੋਏ ਨਿਮੰਤ੍ਰਣ ਦਿੰਦਾ ਹੈ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।” ਜੇਕਰ ਉਹ ਪੁੱਛਣ: “ਅਸੀਂ ਕਿਹੜੀ ਗੱਲ ਵਿੱਚ ਮੁੜੀਏ?” ਉਹ ਜਵਾਬ ਦਿੰਦਾ ਹੈ: “ਤੁਸਾਂ ਮੈਨੂੰ ਠੱਗ ਲਿਆ।” ਅਤੇ ਅੱਗਲੇ ਸਵਾਲ: “ਕਿਹੜੀ ਗੱਲ ਵਿੱਚ ਅਸਾਂ ਤੈਨੂੰ ਠੱਗ ਲਿਆ?” ਦੇ ਜਵਾਬ ਵਿਚ ਯਹੋਵਾਹ ਕਹਿੰਦਾ ਹੈ ਕਿ ਉਨ੍ਹਾਂ ਨੇ ਉਸ ਦੀ ਹੈਕਲ ਸੇਵਕਾਈ ਲਈ ਸਭ ਤੋਂ ਚੰਗੀ ਭੇਟ ਨਾ ਲਿਆ ਕੇ ਉਸ ਨੂੰ ਠੱਗ ਲਿਆ ਹੈ। (ਮਲਾਕੀ 3:7, 8) ਯਹੋਵਾਹ ਦੇ ਲੋਕਾਂ ਦਾ ਇਕ ਭਾਗ ਬਣਨ ਦੇ ਕਾਰਨ, ਸਾਨੂੰ ਸੱਚ-ਮੁੱਚ ਹੀ ਆਪਣੀਆਂ ਤਾਕਤਾਂ, ਕਾਬਲੀਅਤਾਂ, ਅਤੇ ਭੌਤਿਕ ਸੰਪਤੀਆਂ ਦਾ ਸਭ ਤੋਂ ਚੰਗਾ ਭਾਗ ਯਹੋਵਾਹ ਦੀ ਸੇਵਾ ਲਈ ਅਰਪਣ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ। ਇਸ ਤਰ੍ਹਾਂ, ਪਰਮੇਸ਼ੁਰ ਨੂੰ ਠੱਗਣ ਦੀ ਬਜਾਇ, ਅਸੀਂ ‘ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲਦੇ ਰਹਿੰਦੇ ਹਾਂ।’—ਮੱਤੀ 6:33.
16. ਮਲਾਕੀ 3:10-12 ਵਿਚ ਸਾਨੂੰ ਕੀ ਉਤਸ਼ਾਹ ਮਿਲਦਾ ਹੈ?
16 ਉਨ੍ਹਾਂ ਸਭਨਾਂ ਲਈ ਇਕ ਉੱਤਮ ਪ੍ਰਤਿਫਲ ਹੈ ਜੋ ਸੰਸਾਰ ਦੇ ਸੁਆਰਥੀ, ਭੌਤਿਕਵਾਦੀ ਤਰੀਕਿਆਂ ਨੂੰ ਪਿੱਛੇ ਛੱਡ ਦਿੰਦੇ ਹਨ, ਜਿਵੇਂ ਕਿ ਮਲਾਕੀ 3:10-12 ਸੰਕੇਤ ਕਰਦਾ ਹੈ: “ਉਸੇ ਨਾਲ ਮੈਨੂੰ ਜ਼ਰਾ ਪਰਤਾਓ, ਸੈਨਾਂ ਦਾ ਯਹੋਵਾਹ ਆਖਦਾ ਹੈ, ਕੀ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!” ਯਹੋਵਾਹ ਸਾਰੇ ਕਦਰਦਾਨ ਵਿਅਕਤੀਆਂ ਨਾਲ ਅਧਿਆਤਮਿਕ ਖ਼ੁਸ਼ਹਾਲੀ ਅਤੇ ਫਲਦਾਇਕਤਾ ਦਾ ਵਾਅਦਾ ਕਰਦਾ ਹੈ। ਉਹ ਅੱਗੇ ਕਹਿੰਦਾ ਹੈ: “ਸਾਰੀਆਂ ਕੌਮਾਂ ਤੁਹਾਨੂੰ ਧੰਨ ਆਖਣਗੀਆਂ ਅਤੇ ਤੁਸੀਂ ਖੁਸ਼ੀ ਦਾ ਦੇਸ ਹੋਵੋਗੇ।” ਕੀ ਅੱਜ ਪੂਰੀ ਧਰਤੀ ਵਿਚ ਪਰਮੇਸ਼ੁਰ ਦੇ ਲੱਖਾਂ ਹੀ ਧੰਨਵਾਦੀ ਲੋਕਾਂ ਦੇ ਨਾਲ ਇਹ ਸੱਚ ਸਾਬਤ ਨਹੀਂ ਹੋਇਆ ਹੈ?
ਜੀਵਨ ਦੀ ਪੁਸਤਕ ਵਿਚ ਖਰਿਆਈ ਰੱਖਣ ਵਾਲੇ
17-19. (ੳ) ਰਵਾਂਡਾ ਵਿਚ ਗੜਬੜ ਨੇ ਉੱਥੇ ਸਾਡੇ ਭਾਈਆਂ ਨੂੰ ਕਿਵੇਂ ਅਸਰ ਕੀਤਾ ਹੈ? (ਅ) ਇਹ ਸਾਰੇ ਨਿਹਚਾਵਾਨ ਵਿਅਕਤੀ ਕਿਹੜੇ ਵਿਸ਼ਵਾਸ ਦੇ ਨਾਲ ਅੱਗੇ ਵਧੇ ਹਨ?
17 ਇਸ ਨੁਕਤੇ ਤੇ, ਅਸੀਂ ਆਪਣੇ ਰਵਾਂਡਾ ਦੇ ਭੈਣ-ਭਰਾਵਾਂ ਦੀ ਖਰਿਆਈ ਉੱਤੇ ਟਿੱਪਣੀ ਕਰ ਸਕਦੇ ਹਾਂ। ਉਨ੍ਹਾਂ ਨੇ ਹਮੇਸ਼ਾ ਹੀ ਯਹੋਵਾਹ ਦੀ ਉਪਾਸਨਾ ਦੇ ਅਧਿਆਤਮਿਕ ਘਰ ਵਿਚ ਸਭ ਤੋਂ ਵਧੀਆ ਅਧਿਆਤਮਿਕ ਭੇਟਾਂ ਚੜ੍ਹਾਈਆਂ ਹਨ। ਉਦਾਹਰਣ ਦੇ ਲਈ, ਦਸੰਬਰ 1993 ਵਿਚ ਉਨ੍ਹਾਂ ਦੇ “ਈਸ਼ਵਰੀ ਸਿੱਖਿਆ” ਜ਼ਿਲ੍ਹਾ ਮਹਾਂ-ਸੰਮੇਲਨ ਤੇ, ਉਨ੍ਹਾਂ ਦੇ 2,080 ਰਾਜ ਪ੍ਰਕਾਸ਼ਕਾਂ ਨੇ 4,075 ਲੋਕਾਂ ਦੀ ਕੁਲ ਹਾਜ਼ਰੀ ਇਕੱਠੀ ਕੀਤੀ। ਉੱਥੇ 230 ਨਵੇਂ ਗਵਾਹਾਂ ਨੇ ਬਪਤਿਸਮਾ ਲਿਆ, ਅਤੇ ਇਨ੍ਹਾਂ ਵਿੱਚੋਂ ਤਕਰੀਬਨ 150 ਲੋਕਾਂ ਨੇ ਅੱਗਲੇ ਮਹੀਨੇ ਸਹਿਯੋਗੀ ਪਾਇਨੀਅਰ ਸੇਵਾ ਲਈ ਆਪਣੇ ਨਾਂ ਦਿੱਤੇ।
18 ਜਦੋਂ ਅਪ੍ਰੈਲ 1994 ਵਿਚ ਨਸਲੀ ਨਫ਼ਰਤ ਭੜਕ ਉੱਠੀ, ਤਾਂ ਘੱਟੋ-ਘੱਟ 180 ਗਵਾਹ ਮਾਰੇ ਗਏ, ਜਿਨ੍ਹਾਂ ਵਿਚ ਰਾਜਧਾਨੀ ਕਿਗਾਲੀ ਦਾ ਨਗਰ ਨਿਗਾਹਬਾਨ ਅਤੇ ਉਸ ਦਾ ਪੂਰਾ ਪਰਿਵਾਰ ਸ਼ਾਮਲ ਸਨ। ਕਿਗਾਲੀ ਵਿਖੇ ਵਾਚ ਟਾਵਰ ਸੋਸਾਇਟੀ ਦੇ ਦਫ਼ਤਰ ਵਿਚ ਛੇ ਅਨੁਵਾਦਕ, ਚਾਰ ਹੁਟੂ ਅਤੇ ਦੋ ਟੂਟਸੀ, ਕਈ ਹਫ਼ਤਿਆਂ ਲਈ ਭਾਰੀ ਖ਼ਤਰੇ ਦੇ ਅਧੀਨ ਉਦੋਂ ਤਕ ਕੰਮ ਕਰਦੇ ਰਹੇ, ਜਦੋਂ ਤਕ ਟੂਟਸੀ ਨੂੰ ਉੱਥੋਂ ਭੱਜਣਾ ਨਾ ਪਿਆ। ਪਰੰਤੂ ਉਹ ਇਕ ਚੌਕੀ ਤੇ ਹੀ ਮਾਰੇ ਗਏ। ਅਖ਼ੀਰ ਵਿਚ, ਬਾਕੀ ਦੇ ਚਾਰ ਆਪਣੇ ਬਚੇ ਹੋਏ ਕੰਪਿਊਟਰ ਸਾਜ਼-ਸਾਮਾਨ ਨੂੰ ਲੈ ਕੇ ਗੋਮਾ, ਜ਼ੇਅਰ ਵਿਚ, ਭੱਜ ਗਏ, ਜਿੱਥੇ ਉਹ ਨਿਸ਼ਠਾ ਦੇ ਨਾਲ ਦ ਵਾਚਟਾਵਰ ਨੂੰ ਕਿਨਯਾਰਵਾਂਡਾ ਭਾਸ਼ਾ ਵਿਚ ਅਨੁਵਾਦ ਕਰਦੇ ਰਹੇ।—ਯਸਾਯਾਹ 54:17.
19 ਭਾਵੇਂ ਕਿ ਇਹ ਸ਼ਰਨਾਰਥੀ ਗਵਾਹ ਦੁਖਦਾਈ ਸਥਿਤੀਆਂ ਵਿਚ ਸਨ, ਉਨ੍ਹਾਂ ਨੇ ਹਮੇਸ਼ਾ ਹੀ ਭੌਤਿਕ ਚੀਜ਼ਾਂ ਤੋਂ ਪਹਿਲਾਂ ਅਧਿਆਤਮਿਕ ਖ਼ੁਰਾਕ ਮੰਗੀ ਹੈ। ਵੱਡੀ ਕੁਰਬਾਨੀ ਦੇ ਨਾਲ, ਕਈ ਦੇਸ਼ਾਂ ਤੋਂ ਪ੍ਰੇਮਪੂਰਣ ਭਾਈ ਉਨ੍ਹਾਂ ਤਕ ਰਸਦ ਪਹੁੰਚਾਉਣ ਵਿਚ ਸਫ਼ਲ ਹੋਏ ਹਨ। ਸ਼ਬਦਾਂ ਦੇ ਦੁਆਰਾ ਅਤੇ ਤਣਾਉ ਦੇ ਅਧੀਨ ਆਪਣੀ ਵਿਧੀਪੂਰਬਕਤਾ ਦੇ ਦੁਆਰਾ, ਇਨ੍ਹਾਂ ਸ਼ਰਨਾਰਥੀਆਂ ਨੇ ਇਕ ਅਦਭੁਤ ਗਵਾਹੀ ਦਿੱਤੀ ਹੈ। ਉਨ੍ਹਾਂ ਨੇ ਸੱਚ-ਮੁੱਚ ਹੀ ਯਹੋਵਾਹ ਦੀ ਉਪਾਸਨਾ ਲਈ ਆਪਣਾ ਸਭ ਤੋਂ ਚੰਗਾ ਭਾਗ ਲਿਆਉਣਾ ਜਾਰੀ ਰੱਖਿਆ ਹੈ। ਉਨ੍ਹਾਂ ਨੇ ਪੌਲੁਸ ਵਰਗਾ ਵਿਸ਼ਵਾਸ ਪ੍ਰਦਰਸ਼ਿਤ ਕੀਤਾ ਹੈ ਜੋ ਰੋਮੀਆਂ 14:8 ਵਿਚ ਅਭਿਵਿਅਕਤ ਕੀਤਾ ਗਿਆ ਹੈ: “ਜੇ ਅਸੀਂ ਜੀਵੀਏ ਤਾਂ ਪ੍ਰਭੁ ਦੇ ਲਈ ਜੀਉਂਦੇ ਹਾਂ ਅਰ ਜੇ ਅਸੀਂ ਮਰੀਏ ਤਾਂ ਪ੍ਰਭੁ ਦੇ ਲਈ ਮਰਦੇ ਹਾਂ। ਗੱਲ ਕਾਹਦੀ ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਪ੍ਰਭੁ ਦੇ ਹੀ।”
20, 21. (ੳ) ਯਹੋਵਾਹ ਦੀ ਯਾਦਗੀਰੀ ਦੀ ਪੁਸਤਕ ਵਿਚ ਕਿਨ੍ਹਾਂ ਦੇ ਨਾਂ ਨਹੀਂ ਲਿਖੇ ਜਾਂਦੇ ਹਨ? (ਅ) ਕਿਨ੍ਹਾਂ ਦੇ ਨਾਂ ਉਸ ਪੁਸਤਕ ਵਿਚ ਪਾਏ ਜਾਂਦੇ ਹਨ, ਅਤੇ ਕਿਉਂ?
20 ਯਹੋਵਾਹ ਉਨ੍ਹਾਂ ਸਾਰਿਆਂ ਦਾ ਰਿਕਾਰਡ ਰੱਖਦਾ ਹੈ ਜੋ ਖਰਿਆਈ ਵਿਚ ਉਸ ਦੀ ਸੇਵਾ ਕਰਦੇ ਹਨ। ਮਲਾਕੀ ਦੀ ਭਵਿੱਖਬਾਣੀ ਅੱਗੇ ਕਹਿੰਦੀ ਹੈ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।”—ਮਲਾਕੀ 3:16.
21 ਅੱਜ ਇਹ ਕਿੰਨਾ ਹੀ ਮਹੱਤਵਪੂਰਣ ਹੈ ਕਿ ਅਸੀਂ ਯਹੋਵਾਹ ਦੇ ਨਾਂ ਨੂੰ ਆਦਰ ਦੇਣ ਵਿਚ ਈਸ਼ਵਰੀ ਭੈ ਦਿਖਾਈਏ! ਅਜਿਹਾ ਕਰਨ ਨਾਲ, ਅਸੀਂ ਪ੍ਰਤਿਕੂਲ ਨਿਆਉਂ ਦਾ ਦੁਖ ਨਹੀਂ ਭੋਗਾਂਗੇ, ਜਿਵੇਂ ਕਿ ਉਹ ਲੋਕ ਭੋਗਣਗੇ ਜੋ ਇਸ ਸੰਸਾਰ ਦੀ ਵਿਵਸਥਾ ਦਾ ਪ੍ਰਸ਼ੰਸਾਮਈ ਢੰਗ ਨਾਲ ਸਮਰਥਨ ਕਰਦੇ ਹਨ। ਪਰਕਾਸ਼ ਦੀ ਪੋਥੀ 17:8 ਦੱਸਦੀ ਹੈ ਕਿ ‘ਉਨ੍ਹਾਂ ਦੇ ਨਾਉਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖੇ ਗਏ ਹਨ।’ ਤਾਰਕਿਕ ਢੰਗ ਨਾਲ, ਯਹੋਵਾਹ ਦੀ ਜੀਵਨ ਦੀ ਪੁਸਤਕ ਵਿਚ ਲਿਖਿਆ ਗਿਆ ਸਰਬੋਤਮ ਨਾਂ ਜੀਵਨ ਦਾ ਮੁੱਖ ਕਰਤਾ, ਪਰਮੇਸ਼ੁਰ ਦੇ ਆਪਣੇ ਪੁੱਤਰ, ਯਿਸੂ ਮਸੀਹ ਦਾ ਹੈ। ਮੱਤੀ 12:21 ਐਲਾਨ ਕਰਦੀ ਹੈ: “ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।” ਯਿਸੂ ਦੇ ਰਿਹਾਈ-ਕੀਮਤ ਦਾ ਬਲੀਦਾਨ ਉਨ੍ਹਾਂ ਸਾਰਿਆਂ ਨੂੰ ਸਦੀਪਕ ਜੀਵਨ ਦੀ ਗਾਰੰਟੀ ਦਿੰਦਾ ਹੈ ਜੋ ਇਸ ਉੱਤੇ ਨਿਹਚਾ ਰੱਖਦੇ ਹਨ। ਉਸ ਪੋਥੀ ਵਿਚ ਯਿਸੂ ਦੇ ਨਾਂ ਦੇ ਨਾਲ ਸਾਡੇ ਵਿਅਕਤੀਗਤ ਨਾਂ ਦਾ ਲਿਖਿਆ ਜਾਣਾ ਕਿੰਨਾ ਹੀ ਵੱਡਾ ਵਿਸ਼ੇਸ਼-ਸਨਮਾਨ ਹੈ!
22. ਜਦੋਂ ਯਹੋਵਾਹ ਨਿਆਉਂ ਦੀ ਪੂਰਤੀ ਕਰੇਗਾ ਤਦ ਕਿਹੜੀ ਭਿੰਨਤਾ ਸਪੱਸ਼ਟ ਹੋਵੇਗੀ?
22 ਨਿਆਉਂ ਵਿਚ ਪਰਮੇਸ਼ੁਰ ਦਿਆਂ ਸੇਵਕਾਂ ਦਾ ਕੀ ਹੋਵੇਗਾ? ਮਲਾਕੀ 3:17, 18 ਵਿਚ ਯਹੋਵਾਹ ਜਵਾਬ ਦਿੰਦਾ ਹੈ: “ਮੈਂ ਓਹਨਾਂ ਨੂੰ ਬਖਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤ੍ਰ ਨੂੰ ਬਖਸ਼ ਦਿੰਦਾ ਹੈ। ਤਦ ਤੁਸੀਂ ਮੁੜੋਗੇ ਅਤੇ ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।” ਇਹ ਵਿਭਾਜਨ ਸਾਰਿਆਂ ਨੂੰ ਸਪੱਸ਼ਟ ਹੋਵੇਗਾ: ਦੁਸ਼ਟ, ਸਦੀਪਕ ਸਜ਼ਾ ਦੇ ਲਈ ਵੱਖਰੇ ਕੀਤੇ ਜਾਣਗੇ, ਅਤੇ ਧਰਮੀ, ਰਾਜ ਦੇ ਖੇਤਰ ਵਿਚ ਸਦੀਪਕ ਜੀਵਨ ਦੇ ਲਈ ਸਵੀਕ੍ਰਿਤ ਕੀਤੇ ਜਾਣਗੇ। (ਮੱਤੀ 25:31-46) ਇਸ ਤਰ੍ਹਾਂ, ਭੇਡ-ਸਮਾਨ ਵਿਅਕਤੀਆਂ ਦੀ ਇਕ ਵੱਡੀ ਭੀੜ ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ ਵਿੱਚੋਂ ਬਚ ਨਿਕਲੇਗੀ। (w95 4/15)
ਕੀ ਤੁਹਾਨੂੰ ਯਾਦ ਹੈ?
◻ ਬਾਈਬਲ ਸਮਿਆਂ ਵਿਚ ਯਹੋਵਾਹ ਨੇ ਕਿਹੜੇ-ਕਿਹੜੇ ਨਿਆਉਂ ਦੀ ਪੂਰਤੀ ਕੀਤੀ ਹੈ?
◻ ਅੱਜ ਦੇ ਹਾਲਾਤ ਅਤੇ ਪ੍ਰਾਚੀਨ ਸਮਿਆਂ ਦੇ ਹਾਲਾਤ ਕਿਸ ਤਰ੍ਹਾਂ ਸਮਾਨਾਂਤਰ ਹਨ?
◻ ਮਲਾਕੀ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਕਿਹੜਾ ਸੋਧਣ ਹੋਇਆ ਹੈ?
◻ ਪਰਮੇਸ਼ੁਰ ਦੀ ਯਾਦਗੀਰੀ ਦੀ ਪੁਸਤਕ ਵਿਚ ਕਿਨ੍ਹਾਂ ਦੇ ਨਾਂ ਲਿਖੇ ਜਾਂਦੇ ਹਨ?