ਅਧਿਆਇ 96
ਯਿਸੂ ਅਤੇ ਇਕ ਧਨੀ ਜਵਾਨ ਸ਼ਾਸਕ
ਜਿਉਂ ਹੀ ਯਿਸੂ ਪੀਰਿਆ ਦੇ ਜ਼ਿਲ੍ਹੇ ਵਿੱਚੋਂ ਦੀ ਲੰਘਦੇ ਹੋਏ ਯਰੂਸ਼ਲਮ ਵੱਲ ਜਾਂਦਾ ਹੈ, ਇਕ ਜਵਾਨ ਸ਼ਾਸਕ ਦੌੜਦਾ ਹੋਇਆ ਆਉਂਦਾ ਹੈ ਅਤੇ ਉਸ ਦੇ ਅੱਗੇ ਆਪਣੇ ਗੋਡੇ ਨਿਵਾਉਂਦਾ ਹੈ। ਇਹ ਆਦਮੀ ਇਕ ਸ਼ਾਸਕ ਅਖਵਾਉਂਦਾ ਹੈ, ਸੰਭਵ ਇਸ ਦਾ ਮਤਲਬ ਹੈ ਕਿ ਉਹ ਇਕ ਸਥਾਨਕ ਯਹੂਦੀ ਸਭਾ-ਘਰ ਵਿਚ ਇਕ ਉੱਚੀ ਪਦਵੀ ਰੱਖਦਾ ਹੈ ਜਾਂ ਮਹਾਸਭਾ ਦਾ ਇਕ ਸਦੱਸ ਵੀ ਹੋ ਸਕਦਾ ਹੈ। ਨਾਲ ਹੀ, ਉਹ ਬਹੁਤ ਧਨੀ ਹੈ। “ਸਤ [“ਚੰਗੇ,” ਨਿ ਵ] ਗੁਰੂ ਜੀ,” ਉਹ ਪੁੱਛਦਾ ਹੈ, “ਮੈਂ ਕੀ ਕਰਾਂ ਜੋ ਸਦੀਪਕ ਜੀਉਣ ਦਾ ਅਧਿਕਾਰੀ ਹੋਵਾਂ?”
“ਤੂੰ ਮੈਨੂੰ ਸਤ [“ਚੰਗਾ,” ਨਿ ਵ] ਕਿਉਂ ਕਹਿੰਦਾ ਹੈਂ?” ਯਿਸੂ ਜਵਾਬ ਦਿੰਦਾ ਹੈ। “ਸਤ [“ਚੰਗਾ,” ਨਿ ਵ] ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ੁਰ।” ਸੰਭਵ ਹੈ ਕਿ ਜਵਾਨ ਆਦਮੀ ਇਕ ਪਦਵੀ ਦੇ ਤੌਰ ਤੇ ਸ਼ਬਦ “ਚੰਗਾ” ਇਸਤੇਮਾਲ ਕਰਦਾ ਹੈ, ਇਸ ਲਈ ਯਿਸੂ ਉਸ ਨੂੰ ਦੱਸਦਾ ਹੈ ਕਿ ਅਜਿਹੀ ਪਦਵੀ ਕੇਵਲ ਪਰਮੇਸ਼ੁਰ ਦੇ ਲਈ ਹੀ ਹੈ।
“ਪਰ ਜੇ ਤੂੰ ਜੀਉਣ ਵਿੱਚ ਵੜਨਾ ਚਾਹੁੰਦਾ ਹੈਂ ਤਾਂ ਹੁਕਮਾਂ ਨੂੰ ਮੰਨ,” ਯਿਸੂ ਜਾਰੀ ਰੱਖਦਾ ਹੈ।
“ਕਿਹੜੇ ਹੁਕਮ?” ਆਦਮੀ ਪੁੱਛਦਾ ਹੈ।
ਦਸ ਹੁਕਮਾਂ ਵਿੱਚੋਂ ਪੰਜ ਦਾ ਹਵਾਲਾ ਦਿੰਦੇ ਹੋਏ ਯਿਸੂ ਜਵਾਬ ਦਿੰਦਾ ਹੈ: “ਏਹ ਜੋ ਖੂਨ ਨਾ ਕਰ, ਜ਼ਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦਿਹ। ਆਪਣੇ ਮਾਂ ਪਿਉ ਦਾ ਆਦਰ ਕਰ।” ਅਤੇ ਇਕ ਹੋਰ ਵੀ ਮਹੱਤਵਪੂਰਣ ਹੁਕਮ ਆਖਦੇ ਹੋਏ, ਯਿਸੂ ਕਹਿੰਦਾ ਹੈ: “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”
“ਮੈਂ ਆਪਣੇ ਬਾਲਕਪੁਣੇ ਤੋਂ ਉਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ,” ਆਦਮੀ ਪੂਰੀ ਸੁਹਿਰਦਤਾ ਨਾਲ ਜਵਾਬ ਦਿੰਦਾ ਹੈ। “ਹੁਣ ਮੇਰੇ ਵਿੱਚ ਕੀ ਘਾਟਾ ਹੈ?”
ਆਦਮੀ ਦੀ ਤੀਬਰ, ਸੁਹਿਰਦ ਬੇਨਤੀ ਨੂੰ ਸੁਣਦੇ ਹੋਏ, ਯਿਸੂ ਉਸ ਲਈ ਪਿਆਰ ਮਹਿਸੂਸ ਕਰਦਾ ਹੈ। ਪਰੰਤੂ ਯਿਸੂ ਉਸ ਆਦਮੀ ਦੇ ਭੌਤਿਕ ਵਸਤਾਂ ਪ੍ਰਤੀ ਲਗਾਉ ਨੂੰ ਸਮਝ ਲੈਂਦਾ ਹੈ ਅਤੇ ਇਸ ਲਈ ਉਸ ਦੀ ਲੋੜ ਵੱਲ ਇਸ਼ਾਰਾ ਕਰਦਾ ਹੈ: “ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾਹ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦਿਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।”
ਯਿਸੂ, ਨਿਰਸੰਦੇਹ ਰਹਿਮ ਨਾਲ, ਦੇਖਦਾ ਹੈ ਜਿਉਂ ਹੀ ਆਦਮੀ ਉਠ ਕੇ ਵੱਡੇ ਦੁੱਖ ਨਾਲ ਮੁੜ ਜਾਂਦਾ ਹੈ। ਉਸ ਦੇ ਧਨ ਨੇ ਉਸ ਨੂੰ ਸੱਚੇ ਖ਼ਜ਼ਾਨੇ ਦੇ ਮੁੱਲ ਦੇ ਪ੍ਰਤੀ ਅੰਨ੍ਹਾ ਬਣਾ ਦਿੱਤਾ ਹੈ। ਯਿਸੂ ਵਿਰਲਾਪ ਕਰਦਾ ਹੈ: “ਜਿਹੜੇ ਦੌਲਤ ਰੱਖਦੇ ਹਨ ਉਨ੍ਹਾਂ ਦਾ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਕੇਡਾ ਹੀ ਔਖਾ ਹੋਵੇਗਾ!”
ਯਿਸੂ ਦੇ ਸ਼ਬਦ ਚੇਲਿਆਂ ਨੂੰ ਹੈਰਾਨ ਕਰ ਦਿੰਦੇ ਹਨ। ਪਰੰਤੂ ਉਹ ਹੋਰ ਵੀ ਹੈਰਾਨ ਹੁੰਦੇ ਹਨ ਜਦੋਂ ਉਹ ਅੱਗੇ ਜਾ ਕੇ ਇਕ ਆਮ ਨਿਯਮ ਦਿੰਦਾ ਹੈ: “ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਵੜਨਾ ਏਸ ਨਾਲੋਂ ਸੁਖਾਲਾ ਹੈ ਜੋ ਧਨਵਾਨ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਵੜੇ।”
“ਤਾਂ ਫੇਰ ਕੌਣ ਬਚ ਸੱਕਦਾ ਹੈ?” ਚੇਲੇ ਜਾਣਨਾ ਚਾਹੁੰਦੇ ਹਨ।
ਸਿੱਧਾ ਉਨ੍ਹਾਂ ਵੱਲ ਦੇਖਦੇ ਹੋਏ, ਯਿਸੂ ਜਵਾਬ ਦਿੰਦਾ ਹੈ: “ਮਨੁੱਖਾਂ ਕੋਲੋਂ ਇਹ ਅਣਹੋਣਾ ਹੈ ਪਰ ਪਰਮੇਸ਼ੁਰ ਕੋਲੋਂ ਨਹੀਂ ਕਿਉਂਕਿ ਪਰਮੇਸ਼ੁਰ ਕੋਲੋਂ ਸਭ ਕੁਝ ਹੋ ਸੱਕਦਾ ਹੈ।”
ਇਹ ਦੇਖਦੇ ਹੋਏ ਕਿ ਉਨ੍ਹਾਂ ਨੇ ਉਸ ਧਨੀ ਜਵਾਨ ਸ਼ਾਸਕ ਨਾਲੋਂ ਬਹੁਤ ਹੀ ਭਿੰਨ ਚੋਣ ਕੀਤੀ ਹੈ, ਪਤਰਸ ਕਹਿੰਦਾ ਹੈ: “ਵੇਖ ਅਸੀਂ ਸੱਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ।” ਇਸ ਲਈ ਉਹ ਪੁੱਛਦਾ ਹੈ: “ਫੇਰ ਸਾਨੂੰ ਕੀ ਲੱਭੂ?”
ਯਿਸੂ ਵਾਅਦਾ ਕਰਦਾ ਹੈ: “ਜਦ ਮਨੁੱਖ ਦਾ ਪੁੱਤ੍ਰ ਨਵੀਂ ਸਰਿਸ਼ਟ ਵਿੱਚ ਆਪਣੇ ਤੇਜ ਦੇ ਸਿੰਘਾਸਣ ਉੱਤੇ ਬੈਠੇਗਾ ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ ਬਾਰਾਂ ਸਿੰਘਾਸਣਾਂ ਉੱਤੇ ਬੈਠੋਗੇ ਅਤੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।” ਜੀ ਹਾਂ, ਯਿਸੂ ਦਿਖਾ ਰਿਹਾ ਹੈ ਕਿ ਧਰਤੀ ਉੱਤੇ ਹਾਲਤਾਂ ਦੀ ਇਕ ਨਵੀਂ ਸ੍ਰਿਸ਼ਟੀ ਹੋਵੇਗੀ, ਤਾਂ ਜੋ ਸਭ ਚੀਜ਼ਾਂ ਅਦਨ ਦੇ ਬਾਗ਼ ਵਾਂਗ ਹੋ ਜਾਣਗੀਆਂ। ਅਤੇ ਪਤਰਸ ਅਤੇ ਬਾਕੀ ਚੇਲੇ ਮਸੀਹ ਦੇ ਨਾਲ ਇਸ ਧਰਤੀ-ਭਰ ਦੇ ਪਰਾਦੀਸ ਉੱਪਰ ਰਾਜ ਕਰਨ ਦਾ ਇਨਾਮ ਪ੍ਰਾਪਤ ਕਰਨਗੇ। ਯਕੀਨਨ, ਅਜਿਹਾ ਮਹਾਨ ਇਨਾਮ ਕਿਸੇ ਵੀ ਤਰ੍ਹਾਂ ਦੇ ਬਲੀਦਾਨ ਦੇ ਯੋਗ ਹੈ!
ਪਰੰਤੂ, ਹੁਣ ਲਈ ਵੀ ਇਨਾਮ ਹਨ, ਜਿਵੇਂ ਕਿ ਯਿਸੂ ਦ੍ਰਿੜ੍ਹਤਾ ਨਾਲ ਬਿਆਨ ਕਰਦਾ ਹੈ: “ਅਜੇਹਾ ਕੋਈ ਨਹੀਂ ਜਿਹ ਨੇ ਘਰ ਯਾ ਭਾਈਆਂ ਯਾ ਭੈਣਾਂ ਯਾ ਮਾਂ ਯਾ ਪਿਉ ਯਾ ਬਾਲ ਬੱਚਿਆਂ ਯਾ ਜਮੀਨਾਂ ਨੂੰ ਮੇਰੇ ਅਤੇ ਇੰਜੀਲ ਦੇ ਲਈ ਛੱਡਿਆ ਹੋਵੇ, ਜਿਹੜਾ ਹੁਣ ਇਸ ਸਮੇਂ ਵਿੱਚ ਸੌ ਗੁਣਾ ਨਾ ਪਾਵੇ, ਘਰ ਅਤੇ ਭਾਈ ਅਤੇ ਭੈਣਾਂ ਅਤੇ ਮਾਵਾਂ ਅਤੇ ਬਾਲ ਬੱਚੇ ਅਤੇ ਜਮੀਨਾਂ ਪਰ ਦੁਖਾਂ ਨਾਲ ਅਤੇ ਅਗਲੇ ਜੁਗ ਵਿੱਚ ਸਦੀਪਕ ਜੀਉਣ।”
ਜਿਵੇਂ ਯਿਸੂ ਵਾਅਦਾ ਕਰਦਾ ਹੈ, ਉਸ ਦੇ ਚੇਲੇ ਸੰਸਾਰ ਵਿਚ ਜਿੱਥੇ ਵੀ ਜਾਣ, ਉਹ ਸੰਗੀ ਮਸੀਹੀਆਂ ਨਾਲ ਇਕ ਅਜਿਹੇ ਰਿਸ਼ਤੇ ਦਾ ਆਨੰਦ ਮਾਣਦੇ ਹਨ ਜਿਹੜਾ ਕਿ ਪ੍ਰਾਕਿਰਤਕ ਪਰਿਵਾਰ ਸਦੱਸਾਂ ਨਾਲ ਰਿਸ਼ਤੇ ਨਾਲੋਂ ਜ਼ਿਆਦਾ ਗਹਿਰਾ ਅਤੇ ਕੀਮਤੀ ਹੈ। ਉਹ ਧਨੀ ਜਵਾਨ ਸ਼ਾਸਕ ਸਪੱਸ਼ਟ ਤੌਰ ਤੇ ਇਹ ਇਨਾਮ ਅਤੇ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਸਦੀਪਕ ਜੀਵਨ ਦਾ ਇਨਾਮ ਦੋਨੋਂ ਨੂੰ ਹੀ ਗੁਆ ਬੈਠਦਾ ਹੈ।
ਬਾਅਦ ਵਿਚ ਯਿਸੂ ਅੱਗੇ ਕਹਿੰਦਾ ਹੈ: “ਪਰ ਬਥੇਰੇ ਜੋ ਪਹਿਲੇ ਹਨ ਸੋ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ।” ਉਸ ਦਾ ਕੀ ਮਤਲਬ ਹੈ?
ਉਸ ਦਾ ਮਤਲਬ ਹੈ ਕਿ ਬਹੁਤ ਲੋਕ ਜਿਹੜੇ ਧਾਰਮਿਕ ਵਿਸ਼ੇਸ਼ ਸਨਮਾਨਾਂ ਦਾ ਆਨੰਦ ਮਾਣਨ ਵਿਚ “ਪਹਿਲੇ” ਹਨ, ਜਿਵੇਂ ਕਿ ਉਹ ਧਨੀ ਜਵਾਨ ਸ਼ਾਸਕ, ਰਾਜ ਵਿਚ ਦਾਖ਼ਲ ਨਹੀਂ ਹੋਣਗੇ। ਉਹ “ਪਿਛਲੇ” ਹੋਣਗੇ। ਪਰੰਤੂ ਬਹੁਤੇਰੇ, ਜਿਨ੍ਹਾਂ ਵਿਚ ਯਿਸੂ ਦੇ ਨਿਮਰ ਚੇਲੇ ਵੀ ਸ਼ਾਮਲ ਹਨ, ਜਿਹੜੇ ਸਵੈ-ਸਤਵਾਦੀ ਫ਼ਰੀਸੀਆਂ ਵੱਲੋਂ “ਪਿਛਲੇ”—ਅਰਥਾਤ ਧਰਤੀ ਦੇ ਲੋਕ, ਜਾਂ ਅਮਹਾਰੇੱਟਸ ਦੇ ਤੌਰ ਤੇ—ਸਮਝੇ ਜਾਂਦੇ ਹਨ, “ਪਹਿਲੇ” ਬਣ ਜਾਣਗੇ। ਉਨ੍ਹਾਂ ਦਾ “ਪਹਿਲੇ” ਹੋਣ ਦਾ ਮਤਲਬ ਹੈ ਕਿ ਉਹ ਮਸੀਹ ਦੇ ਨਾਲ ਰਾਜ ਵਿਚ ਸਹਿ-ਸ਼ਾਸਕ ਬਣਨ ਦਾ ਵਿਸ਼ੇਸ਼-ਸਨਮਾਨ ਪ੍ਰਾਪਤ ਕਰਨਗੇ। ਮਰਕੁਸ 10:17-31; ਮੱਤੀ 19:16-30; ਲੂਕਾ 18:18-30.
▪ ਸਪੱਸ਼ਟ ਤੌਰ ਤੇ, ਧਨੀ ਜਵਾਨ ਆਦਮੀ ਕਿਸ ਕਿਸਮ ਦਾ ਸ਼ਾਸਕ ਹੈ?
▪ ਯਿਸੂ ਚੰਗਾ ਸੱਦੇ ਜਾਣ ਤੇ ਕਿਉਂ ਇਤਰਾਜ਼ ਕਰਦਾ ਹੈ?
▪ ਜਵਾਨ ਸ਼ਾਸਕ ਦਾ ਅਨੁਭਵ ਧਨੀ ਹੋਣ ਦੇ ਖ਼ਤਰੇ ਨੂੰ ਕਿਸ ਤਰ੍ਹਾਂ ਦਰਸਾਉਂਦਾ ਹੈ?
▪ ਯਿਸੂ ਆਪਣੇ ਅਨੁਯਾਈਆਂ ਨੂੰ ਕਿਹੜੇ-ਕਿਹੜੇ ਇਨਾਮ ਦਾ ਵਾਅਦਾ ਕਰਦਾ ਹੈ?
▪ ਕਿਸ ਤਰ੍ਹਾਂ ਪਹਿਲੇ ਪਿਛਲੇ, ਅਤੇ ਪਿਛਲੇ ਪਹਿਲੇ ਬਣ ਜਾਂਦੇ ਹਨ?