ਅਧਿਆਇ 97
ਅੰਗੂਰੀ ਬਾਗ਼ ਵਿਚ ਮਜ਼ਦੂਰ
ਯਿਸੂ ਨੇ ਹੁਣੇ ਹੀ ਕਿਹਾ: “ਬਥੇਰੇ ਪਹਿਲੇ ਪਿਛਲੇ ਹੋਣਗੇ ਅਤੇ ਪਿਛਲੇ, ਪਹਿਲੇ।” ਹੁਣ ਉਹ ਇਸ ਨੂੰ ਇਕ ਕਹਾਣੀ ਦੁਆਰਾ ਸਮਝਾਉਂਦਾ ਹੈ। ਉਹ ਸ਼ੁਰੂ ਕਰਦਾ ਹੈ: “ਸੁਰਗ ਦਾ ਰਾਜ ਤਾਂ ਇੱਕ ਘਰ ਦੇ ਮਾਲਕ ਵਰਗਾ ਹੈ ਜਿਹੜਾ ਤੜਕੇ ਘਰੋਂ ਨਿੱਕਲਿਆ ਭਈ ਆਪਣੇ ਅੰਗੂਰੀ ਬਾਗ਼ ਵਿੱਚ ਮਜੂਰ ਲਾਵੇ।”
ਯਿਸੂ ਜਾਰੀ ਰੱਖਦਾ ਹੈ: “ਜਾਂ [ਘਰ ਦੇ ਮਾਲਕ] ਨੇ ਮਜੂਰਾਂ ਨਾਲ ਇੱਕ ਇੱਕ ਅੱਠਿਆਨੀ [“ਦੀਨਾਰ,” ਨਿ ਵ] ਦਿਹਾੜੀ ਚੁਕਾ ਲਈ ਤਾਂ ਉਨ੍ਹਾਂ ਨੂੰ ਆਪਣੇ ਬਾਗ਼ ਵਿੱਚ ਘੱਲ ਦਿੱਤਾ। ਅਤੇ ਪਹਿਰਕੁ ਦਿਨ ਚੜ੍ਹੇ ਬਾਹਰ ਜਾਕੇ ਉਹ ਨੇ ਹੋਰਨਾਂ ਨੂੰ ਬਜਾਰ ਵਿੱਚ ਵੇਹਲੇ ਖੜੇ ਵੇਖਿਆ। ਅਤੇ ਉਨ੍ਹਾਂ ਨੂੰ ਆਖਿਆ, ਤੁਸੀਂ ਭੀ ਬਾਗ਼ ਵਿੱਚ ਜਾਓ ਅਰ ਜੋ ਹੱਕ ਹੋਵੇਗਾ ਸੋ ਤੁਹਾਨੂੰ ਦਿਆਂਗਾ, ਅਤੇ ਓਹ ਗਏ। ਫੇਰ ਦੁਪਹਿਰ ਅਰ ਤੀਏ ਪਹਿਰ ਦੇ ਲਗ ਭਗ ਬਾਹਰ ਜਾਕੇ ਉਹ ਨੇ ਉਸੇ ਤਰਾਂ ਕੀਤਾ। ਅਰ ਘੰਟਾਕੁ ਦਿਨ ਰਹਿੰਦੇ ਬਾਹਰ ਜਾਕੇ ਉਹ ਨੇ ਹੋਰਨਾਂ ਨੂੰ ਖੜੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਐਥੇ ਸਾਰਾ ਦਿਨ ਕਿਉਂ ਵੇਹਲੇ ਖੜੇ ਰਹੇ? ਉਨ੍ਹਾਂ ਨੇ ਉਸ ਨੂੰ ਕਿਹਾ, ਇਸ ਲਈ ਜੋ ਕਿਨੇ ਸਾਨੂੰ ਦਿਹਾੜੀ ਨਾ ਲਾਇਆ। ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਭੀ ਬਾਗ਼ ਵਿੱਚ ਜਾਓ।”
ਘਰ ਦਾ ਮਾਲਕ, ਜਾਂ ਅੰਗੂਰੀ ਬਾਗ਼ ਦਾ ਮਾਲਕ ਯਹੋਵਾਹ ਪਰਮੇਸ਼ੁਰ ਹੈ, ਅਤੇ ਅੰਗੂਰੀ ਬਾਗ਼ ਇਸਰਾਏਲ ਕੌਮ ਹੈ। ਅੰਗੂਰੀ ਬਾਗ਼ ਵਿਚ ਮਜ਼ਦੂਰ ਬਿਵਸਥਾ ਨੇਮ ਵਿਚ ਲਿਆਏ ਗਏ ਵਿਅਕਤੀ ਹਨ; ਇਹ ਖ਼ਾਸ ਤੌਰ ਤੇ ਉਹ ਯਹੂਦੀ ਹਨ ਜਿਹੜੇ ਰਸੂਲਾਂ ਦਿਆਂ ਦਿਨਾਂ ਵਿਚ ਰਹਿ ਰਹੇ ਹਨ। ਕੇਵਲ ਪੂਰੇ ਦਿਨ ਦੇ ਮਜ਼ਦੂਰਾਂ ਨਾਲ ਹੀ ਦਿਹਾੜੀ ਦਾ ਇਕਰਾਰ ਕੀਤਾ ਗਿਆ ਹੈ। ਦਿਨ ਭਰ ਦੇ ਕੰਮ ਦੀ ਮਜ਼ਦੂਰੀ ਇਕ ਦੀਨਾਰ ਹੈ। ਕਿਉਂਕਿ “ਪਹਿਰਕੁ” ਸਵੇਰੇ ਦੇ ਨੌਂ ਵਜੇ ਹੈ, ਜਿਹੜੇ ਪਹਿਰਕੁ, ਦੁਪਹਿਰ, ਤੀਏ ਪਹਿਰ, ਅਤੇ ਘੰਟਾਕੁ ਦਿਨ ਰਹਿੰਦੇ ਬੁਲਾਏ ਗਏ ਸਨ, ਉਹ ਕ੍ਰਮਵਾਰ ਕੇਵਲ 9, 6, 3, ਅਤੇ 1 ਘੰਟੇ ਲਈ ਕੰਮ ਕਰਦੇ ਹਨ।
ਬਾਰਾਂ-ਘੰਟੇ, ਜਾਂ ਪੂਰੇ ਦਿਨ, ਦੇ ਮਜ਼ਦੂਰ ਯਹੂਦੀ ਆਗੂਆਂ ਨੂੰ ਦਰਸਾਉਂਦੇ ਹਨ ਜਿਹੜੇ ਲਗਾਤਾਰ ਧਾਰਮਿਕ ਸੇਵਾ ਵਿਚ ਲਗੇ ਰਹੇ ਹਨ। ਉਹ ਯਿਸੂ ਦੇ ਚੇਲਿਆਂ ਵਾਂਗ ਨਹੀਂ ਹਨ, ਜਿਹੜੇ ਕਿ ਆਪਣਾ ਜ਼ਿਆਦਾਤਰ ਜੀਵਨ, ਮਾਹੀਗੀਰੀ ਦੇ ਕੰਮ ਜਾਂ ਹੋਰ ਕੰਮ-ਧੰਦੇ ਵਿਚ ਗੁਜ਼ਾਰਦੇ ਆਏ ਹਨ। ਕੇਵਲ 29 ਸਾ.ਯੁ. ਦੀ ਪਤਝੜ ਵਿਚ ਹੀ “ਘਰ ਦੇ ਮਾਲਕ” ਨੇ ਯਿਸੂ ਮਸੀਹ ਨੂੰ ਇਨ੍ਹਾਂ ਨੂੰ ਆਪਣੇ ਚੇਲਿਆਂ ਦੇ ਤੌਰ ਤੇ ਇਕੱਠੇ ਕਰਨ ਲਈ ਭੇਜਿਆ। ਇਸ ਤਰ੍ਹਾਂ ਇਹ ਅੰਗੂਰੀ ਬਾਗ਼ ਦੇ “ਪਿਛਲੇ,” ਜਾਂ ਘੰਟਾਕੁ ਦਿਨ ਰਹਿੰਦੇ ਵਾਲੇ ਮਜ਼ਦੂਰ ਬਣ ਗਏ।
ਆਖ਼ਰਕਾਰ, ਪ੍ਰਤੀਕਾਤਮਕ ਕੰਮ ਦਾ ਦਿਨ ਯਿਸੂ ਦੀ ਮੌਤ ਨਾਲ ਸਮਾਪਤ ਹੁੰਦਾ ਹੈ, ਅਤੇ ਮਜ਼ਦੂਰਾਂ ਨੂੰ ਮਜ਼ਦੂਰੀ ਦੇਣ ਦਾ ਸਮਾਂ ਆਉਂਦਾ ਹੈ। ਪਿਛਲਿਆਂ ਨੂੰ ਪਹਿਲਾਂ ਮਜ਼ਦੂਰੀ ਦੇਣ ਦੇ ਅਸਾਧਾਰਣ ਨਿਯਮ ਦਾ ਅਨੁਸਰਣ ਕੀਤਾ ਜਾਂਦਾ ਹੈ, ਜਿਵੇਂ ਸਮਝਾਇਆ ਗਿਆ ਹੈ: “ਜਾਂ ਸੰਝ ਹੋਈ ਬਾਗ਼ ਦੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਭਈ ਮਜੂਰਾਂ ਨੂੰ ਸੱਦ ਅਰ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੀਕਰ ਉਨ੍ਹਾਂ ਨੂੰ ਮਜੂਰੀ ਦੇਹ। ਅਤੇ ਜਾਂ ਓਹ ਆਏ ਜਿਹੜੇ ਘੰਟਾ ਦਿਨ ਰਹਿੰਦੇ ਕੰਮ ਲੱਗੇ ਸਨ ਤਾਂ ਉਨ੍ਹਾਂ ਨੂੰ ਵੀ ਇੱਕ ਇੱਕ ਅੱਠਿਆਨੀ [“ਦੀਨਾਰ,” ਨਿ ਵ] ਮਿਲੀ। ਅਤੇ ਜਾਂ ਪਹਿਲੇ ਆਏ ਉਨ੍ਹਾਂ ਇਹ ਸਮਝਿਆ ਭਈ ਸਾਨੂੰ ਕੁਝ ਵੱਧ ਮਿਲੂ ਅਤੇ ਉਨ੍ਹਾਂ ਨੂੰ ਵੀ ਇੱਕੋ ਇੱਕ ਅੱਠਿਆਨੀ [“ਦੀਨਾਰ,” ਨਿ ਵ] ਮਿਲੀ। ਪਰ ਓਹ ਇਹ ਲੈਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਅਰ ਤੈਂ ਇਨ੍ਹਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ। ਤਦ ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਜਵਾਬ ਦਿੱਤਾ ਭਈ ਮੈਂ ਤੇਰੇ ਉੱਤੇ ਕੁਝ ਬੇਇਨਸਾਫ਼ੀ ਨਹੀਂ ਕਰਦਾ। ਭਲਾ, ਤੈਂ ਮੇਰੇ ਨਾਲ ਇੱਕ ਅੱਠਿਆਨੀ [“ਦੀਨਾਰ,” ਨਿ ਵ] ਨਹੀਂ ਚੁਕਾਈ ਸੀ? ਤੂੰ ਆਪਣਾ ਲੈਕੇ ਚੱਲਿਆ ਜਾਹ ਪਰ ਮੇਰੀ ਮਰਜੀ ਹੈ ਕਿ ਜਿੰਨਾ ਤੈਨੂੰ ਦਿੱਤਾ ਉੱਨਾ ਹੀ ਇਸ ਪਿਛਲੇ ਨੂੰ ਭੀ ਦਿਆਂ। ਭਲਾ, ਮੇਰਾ ਇਖ਼ਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ? ਕੀ ਤੂੰ ਇਸੇ ਲਈ ਬੁਰੀ ਨਜ਼ਰ ਵੇਖਦਾ ਹੈਂ ਜੋ ਮੈਂ ਭਲਾ ਹਾਂ?” ਸਮਾਪਤੀ ਵਿਚ, ਯਿਸੂ ਨੇ ਪਹਿਲਾਂ ਕਹੇ ਮੁੱਦੇ ਨੂੰ ਦੁਹਰਾਉਂਦੇ ਹੋਏ ਕਿਹਾ: “ਇਸੇ ਤਰਾਂ ਪਿਛਲੇ ਪਹਿਲੇ ਹੋਣਗੇ ਅਤੇ ਪਹਿਲੇ, ਪਿਛਲੇ।”
ਦੀਨਾਰਾਂ ਦੀ ਪ੍ਰਾਪਤੀ ਯਿਸੂ ਦੀ ਮੌਤ ਤੇ ਨਹੀਂ, ਪਰੰਤੂ ਪੰਤੇਕੁਸਤ 33 ਸਾ.ਯੁ. ਵਿਚ, ਵਾਪਰਦੀ ਹੈ ਜਦੋਂ “ਮੁਖ਼ਤਿਆਰ,” ਅਰਥਾਤ ਮਸੀਹ ਆਪਣੇ ਚੇਲਿਆਂ ਉੱਤੇ ਪਵਿੱਤਰ ਆਤਮਾ ਵਹਾਉਂਦਾ ਹੈ। ਯਿਸੂ ਦੇ ਇਹ ਚੇਲੇ “ਪਿਛਲੇ,” ਜਾਂ ਘੰਟਾਕੁ ਦਿਨ ਰਹਿੰਦੇ ਲਗਾਏ ਗਏ ਮਜ਼ਦੂਰਾਂ ਸਮਾਨ ਹਨ। ਦੀਨਾਰ ਖ਼ੁਦ ਪਵਿੱਤਰ ਆਤਮਾ ਦੇ ਇਨਾਮ ਨੂੰ ਨਹੀਂ ਦਰਸਾਉਂਦਾ ਹੈ। ਦੀਨਾਰ ਉਹ ਚੀਜ਼ ਹੈ ਜਿਸ ਨੂੰ ਚੇਲਿਆਂ ਨੇ ਇਸ ਧਰਤੀ ਉੱਤੇ ਇਸਤੇਮਾਲ ਕਰਨਾ ਹੈ। ਇਹ ਉਹ ਚੀਜ਼ ਹੈ ਜਿਸ ਦਾ ਮਤਲਬ ਉਨ੍ਹਾਂ ਦੀ ਉਪਜੀਵਕਾ, ਅਰਥਾਤ ਉਨ੍ਹਾਂ ਦਾ ਸਦੀਪਕ ਜੀਵਨ ਹੈ। ਇਹ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਲਈ ਮਸਹ ਕੀਤੇ ਗਏ ਇਕ ਅਧਿਆਤਮਿਕ ਇਸਰਾਏਲੀ ਹੋਣ ਦਾ ਵਿਸ਼ੇਸ਼-ਸਨਮਾਨ ਹੈ।
ਜਲਦੀ ਹੀ ਜਿਹੜੇ ਪਹਿਲਾਂ ਮਜ਼ਦੂਰੀ ਤੇ ਲਏ ਗਏ ਸਨ, ਧਿਆਨ ਦਿੰਦੇ ਹਨ ਕਿ ਯਿਸੂ ਦੇ ਚੇਲਿਆਂ ਨੂੰ ਮਜ਼ਦੂਰੀ ਦਿੱਤੀ ਗਈ ਹੈ, ਅਤੇ ਉਹ ਉਨ੍ਹਾਂ ਨੂੰ ਪ੍ਰਤੀਕਾਤਮਕ ਦੀਨਾਰ ਇਸਤੇਮਾਲ ਕਰਦੇ ਹੋਏ ਦੇਖਦੇ ਹਨ। ਪਰੰਤੂ ਉਹ ਪਵਿੱਤਰ ਆਤਮਾ ਅਤੇ ਇਸ ਦੇ ਨਾਲ ਸੰਬੰਧਿਤ ਰਾਜ ਦੇ ਵਿਸ਼ੇਸ਼-ਸਨਮਾਨਾਂ ਤੋਂ ਜ਼ਿਆਦਾ ਹੋਰ ਵੀ ਚਾਹੁੰਦੇ ਹਨ। ਉਨ੍ਹਾਂ ਦਾ ਬੁੜਬੁੜਾਉਣਾ ਅਤੇ ਇਤਰਾਜ਼ ਮਸੀਹ ਦੇ ਚੇਲਿਆਂ, ਅਰਥਾਤ ਅੰਗੂਰੀ ਬਾਗ਼ ਦੇ “ਪਿਛਲੇ” ਮਜ਼ਦੂਰਾਂ ਦੀ ਸਤਾਹਟ ਦੇ ਰੂਪ ਵਿਚ ਹੁੰਦਾ ਹੈ।
ਕੀ ਉਹ ਪਹਿਲੀ ਸਦੀ ਦੀ ਪੂਰਤੀ, ਯਿਸੂ ਦੇ ਦ੍ਰਿਸ਼ਟਾਂਤ ਦੀ ਇੱਕੋ ਇਕ ਪੂਰਤੀ ਹੈ? ਨਹੀਂ, ਇਸ 20ਵੀਂ ਸਦੀ ਵਿਚ ਮਸੀਹੀ-ਜਗਤ ਦੇ ਪਾਦਰੀ, ਆਪਣੀਆਂ ਪਦਵੀਆਂ ਅਤੇ ਜ਼ਿੰਮੇਵਾਰੀਆਂ ਦੇ ਕਾਰਨ, ਪਰਮੇਸ਼ੁਰ ਦੇ ਪ੍ਰਤੀਕਾਤਮਕ ਅੰਗੂਰੀ ਬਾਗ਼ ਵਿਚ ਕੰਮ ਕਰਨ ਲਈ “ਪਹਿਲੇ” ਮਜ਼ਦੂਰੀ ਤੇ ਲਏ ਗਏ ਹਨ। ਉਹ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਨਾਲ ਸੰਬੰਧਿਤ ਸਮਰਪਿਤ ਪ੍ਰਚਾਰਕਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਕਿਸੇ ਵੀ ਯੋਗ ਕਾਰਜ-ਨਿਯੁਕਤੀ ਲਈ “ਪਿਛਲੇ” ਸਮਝਦੇ ਹਨ। ਪਰੰਤੂ ਅਸਲ ਵਿਚ, ਇਹੋ ਹੀ ਹਨ, ਜਿਨ੍ਹਾਂ ਨਾਲ ਪਾਦਰੀਆਂ ਨੇ ਨਫ਼ਰਤ ਕੀਤੀ, ਜਿਨ੍ਹਾਂ ਨੂੰ ਦੀਨਾਰ ਮਿਲਦਾ ਹੈ— ਅਰਥਾਤ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਮਸਹ ਕੀਤੇ ਹੋਏ ਰਾਜਦੂਤਾਂ ਦੇ ਤੌਰ ਤੇ ਸੇਵਾ ਕਰਨ ਦਾ ਸਨਮਾਨ। ਮੱਤੀ 19:30–20:16.
▪ ਅੰਗੂਰੀ ਬਾਗ਼ ਕਿਸ ਚੀਜ਼ ਨੂੰ ਦਰਸਾਉਂਦਾ ਹੈ? ਅੰਗੂਰੀ ਬਾਗ਼ ਦਾ ਮਾਲਕ ਅਤੇ 12-ਘੰਟੇ ਅਤੇ 1-ਘੰਟੇ ਦੇ ਮਜ਼ਦੂਰ ਕਿਨ੍ਹਾਂ ਨੂੰ ਦਰਸਾਉਂਦੇ ਹਨ?
▪ ਪ੍ਰਤੀਕਾਤਮਕ ਕੰਮ ਦਾ ਦਿਨ ਕਦੋਂ ਖ਼ਤਮ ਹੋਇਆ, ਅਤੇ ਮਜ਼ਦੂਰੀ ਕਦੋਂ ਦਿੱਤੀ ਗਈ ਸੀ?
▪ ਦੀਨਾਰ ਦੀ ਅਦਾਇਗੀ ਕਿਸ ਚੀਜ਼ ਨੂੰ ਦਰਸਾਉਂਦੀ ਹੈ?