ਅਧਿਆਇ 10
“ਧਰਮ-ਗ੍ਰੰਥ ਵਿਚ ਲਿਖਿਆ ਹੈ”
1-3. ਨਾਸਰਤ ਦੇ ਲੋਕਾਂ ਨੂੰ ਯਿਸੂ ਆਪਣੇ ਬਾਰੇ ਕਿਹੜੀ ਜ਼ਰੂਰੀ ਗੱਲ ਦੱਸਣੀ ਚਾਹੁੰਦਾ ਹੈ ਅਤੇ ਇਸ ਗੱਲ ਦਾ ਯਕੀਨ ਦਿਵਾਉਣ ਲਈ ਉਹ ਕਿਹੜਾ ਸਬੂਤ ਦਿੰਦਾ ਹੈ?
ਯਿਸੂ ਨੇ ਹੁਣੇ-ਹੁਣੇ ਆਪਣੀ ਸੇਵਕਾਈ ਸ਼ੁਰੂ ਕੀਤੀ ਹੈ ਅਤੇ ਉਹ ਵਾਪਸ ਆਪਣੇ ਸ਼ਹਿਰ ਨਾਸਰਤ ਆਇਆ ਹੈ। ਉਹ ਚਾਹੁੰਦਾ ਹੈ ਕਿ ਲੋਕ ਉਸ ਬਾਰੇ ਇਹ ਜ਼ਰੂਰੀ ਗੱਲ ਜਾਣਨ ਕਿ ਉਹੀ ਵਾਅਦਾ ਕੀਤਾ ਹੋਇਆ ਮਸੀਹ ਹੈ! ਉਹ ਲੋਕਾਂ ਨੂੰ ਯਕੀਨ ਦਿਵਾਉਣ ਲਈ ਕਿਹੜਾ ਸਬੂਤ ਦਿੰਦਾ ਹੈ?
2 ਬਹੁਤ ਸਾਰੇ ਲੋਕਾਂ ਨੇ ਯਿਸੂ ਦੇ ਚਮਤਕਾਰਾਂ ਬਾਰੇ ਸੁਣਿਆ ਹੈ। ਇਸ ਲਈ ਸ਼ਾਇਦ ਉਹ ਚਾਹੁੰਦੇ ਹਨ ਕਿ ਉਹ ਉਨ੍ਹਾਂ ਨੂੰ ਕੋਈ ਚਮਤਕਾਰ ਕਰ ਕੇ ਦਿਖਾਏ। ਪਰ ਯਿਸੂ ਉਨ੍ਹਾਂ ਦੀ ਖ਼ਾਹਸ਼ ਪੂਰੀ ਕਰਨ ਦੀ ਬਜਾਇ ਹਮੇਸ਼ਾ ਵਾਂਗ ਸਭਾ ਘਰ ਵਿਚ ਚਲਾ ਜਾਂਦਾ ਹੈ। ਉੱਥੇ ਉਹ ਸਾਰਿਆਂ ਸਾਮ੍ਹਣੇ ਖੜ੍ਹਾ ਹੁੰਦਾ ਹੈ ਅਤੇ ਯਸਾਯਾਹ ਨਬੀ ਦੀ ਕਿਤਾਬ ਉਸ ਨੂੰ ਦਿੱਤੀ ਜਾਂਦੀ ਹੈ ਜੋ ਲੰਬੇ ਸਾਰੇ ਕਾਗਜ਼ ਦੇ ਰੂਪ ਵਿਚ ਹੈ ਅਤੇ ਦੋਵੇਂ ਸਿਰਿਆਂ ਤੋਂ ਡੰਡਿਆਂ ਉੱਤੇ ਲਪੇਟੀ ਹੋਈ ਹੈ। ਯਿਸੂ ਧਿਆਨ ਨਾਲ ਕਿਤਾਬ ਖੋਲ੍ਹਦਾ ਹੈ ਅਤੇ ਉਸ ਵਿੱਚੋਂ ਇਕ ਖ਼ਾਸ ਹਿੱਸਾ ਲੱਭ ਕੇ ਉੱਚੀ ਆਵਾਜ਼ ਵਿਚ ਪੜ੍ਹਦਾ ਹੈ। ਅੱਜ ਸਾਡੀ ਬਾਈਬਲ ਵਿਚ ਇਹ ਹਿੱਸਾ ਯਸਾਯਾਹ 61:1-3 ਵਿਚ ਪਾਇਆ ਜਾਂਦਾ ਹੈ।—ਲੂਕਾ 4:16-19.
3 ਸਭਾ ਘਰ ਵਿਚ ਆਏ ਲੋਕ ਇਸ ਭਵਿੱਖਬਾਣੀ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਕਿਉਂਕਿ ਇਹ ਮਸੀਹ ਬਾਰੇ ਹੈ। ਸਾਰਿਆਂ ਦੀਆਂ ਨਜ਼ਰਾਂ ਯਿਸੂ ʼਤੇ ਟਿਕੀਆਂ ਹੋਈਆਂ ਹਨ। ਹਰ ਪਾਸੇ ਚੁੱਪ ਦਾ ਮਾਹੌਲ ਹੈ। ਫਿਰ ਯਿਸੂ ਇਸ ਭਵਿੱਖਬਾਣੀ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ: “ਅੱਜ ਇਹ ਹਵਾਲਾ ਜੋ ਤੁਸੀਂ ਸੁਣਿਆ ਹੈ ਪੂਰਾ ਹੋਇਆ।” ਉਸ ਦੀਆਂ ਦਿਲ ਜਿੱਤ ਲੈਣ ਵਾਲੀਆਂ ਗੱਲਾਂ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ, ਪਰ ਫਿਰ ਵੀ ਕਈ ਚਾਹੁੰਦੇ ਹਨ ਕਿ ਉਹ ਕੋਈ ਚਮਤਕਾਰ ਕਰੇ। ਪਰ ਚਮਤਕਾਰ ਕਰਨ ਦੀ ਬਜਾਇ ਉਹ ਦਲੇਰੀ ਨਾਲ ਧਰਮ-ਗ੍ਰੰਥ ਵਿੱਚੋਂ ਹਵਾਲਾ ਦੇ ਕੇ ਦਿਖਾਉਂਦਾ ਹੈ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਹੈ। ਇਹ ਸੁਣ ਕੇ ਨਾਸਰਤ ਦੇ ਲੋਕ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦੇ ਹਨ!—ਲੂਕਾ 4:20-30.
4. ਯਿਸੂ ਨੇ ਆਪਣੀ ਸੇਵਕਾਈ ਦੌਰਾਨ ਕਿਹੜਾ ਨਮੂਨਾ ਕਾਇਮ ਕੀਤਾ ਅਤੇ ਇਸ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?
4 ਯਿਸੂ ਨੇ ਆਪਣੀ ਸੇਵਕਾਈ ਦੌਰਾਨ ਹਮੇਸ਼ਾ ਪਰਮੇਸ਼ੁਰ ਦੇ ਬਚਨ ʼਤੇ ਪੂਰਾ ਭਰੋਸਾ ਰੱਖਿਆ। ਇਹ ਸੱਚ ਹੈ ਕਿ ਉਸ ਦੇ ਚਮਤਕਾਰਾਂ ਤੋਂ ਸਾਬਤ ਹੋਇਆ ਕਿ ਉਸ ਕੋਲ ਪਰਮੇਸ਼ੁਰ ਦੀ ਸ਼ਕਤੀ ਸੀ। ਪਰ ਯਿਸੂ ਲਈ ਪਵਿੱਤਰ ਧਰਮ-ਗ੍ਰੰਥ ਜ਼ਿਆਦਾ ਅਹਿਮੀਅਤ ਰੱਖਦਾ ਸੀ। ਆਓ ਆਪਾਂ ਆਪਣੇ ਆਗੂ ਦੀ ਮਿਸਾਲ ʼਤੇ ਗੌਰ ਕਰੀਏ ਕਿ ਉਸ ਨੇ ਕਿਵੇਂ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ, ਉਹ ਕਿਵੇਂ ਇਸ ਦੇ ਪੱਖ ਵਿਚ ਬੋਲਿਆ ਤੇ ਉਸ ਨੇ ਕਿਵੇਂ ਇਸ ਦੀਆਂ ਗੱਲਾਂ ਨੂੰ ਸਮਝਾਇਆ।
ਉਸ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ
5. ਯਿਸੂ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦਾ ਸੀ ਅਤੇ ਉਹ ਆਪਣੀਆਂ ਗੱਲਾਂ ʼਤੇ ਕਿਵੇਂ ਪੂਰਾ ਉਤਰਿਆ?
5 ਯਿਸੂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਦਾ ਸੰਦੇਸ਼ ਕਿੱਥੋਂ ਸੀ। ਉਸ ਨੇ ਕਿਹਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰਨਾ 7:16) ਇਕ ਹੋਰ ਮੌਕੇ ਤੇ ਉਸ ਨੇ ਕਿਹਾ: “ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ; ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ।” (ਯੂਹੰਨਾ 8:28) ਫਿਰ ਉਸ ਨੇ ਕਿਹਾ: “ਮੈਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ, ਉਹ ਆਪਣੇ ਵੱਲੋਂ ਨਹੀਂ ਦੱਸਦਾ; ਪਰ ਪਿਤਾ ਜੋ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਮੇਰੇ ਰਾਹੀਂ ਆਪਣੇ ਕੰਮ ਕਰਦਾ ਹੈ।” (ਯੂਹੰਨਾ 14:10) ਯਿਸੂ ਆਪਣੀਆਂ ਇਨ੍ਹਾਂ ਗੱਲਾਂ ʼਤੇ ਪੂਰਾ ਉਤਰਿਆ ਕਿਉਂਕਿ ਉਸ ਨੇ ਵਾਰ-ਵਾਰ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ ਸਨ।
6, 7. (ੳ) ਯਿਸੂ ਨੇ ਇਬਰਾਨੀ ਧਰਮ-ਗ੍ਰੰਥ ਤੋਂ ਕਿੰਨੇ ਕੁ ਹਵਾਲੇ ਦਿੱਤੇ ਸਨ ਅਤੇ ਇਹ ਕਮਾਲ ਦੀ ਗੱਲ ਕਿਉਂ ਸੀ? (ਅ) ਯਿਸੂ ਦੀ ਸਿੱਖਿਆ ਗ੍ਰੰਥੀਆਂ ਦੀ ਸਿੱਖਿਆ ਤੋਂ ਕਿਵੇਂ ਵੱਖਰੀ ਸੀ?
6 ਜਦੋਂ ਅਸੀਂ ਯਿਸੂ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਇਬਰਾਨੀ ਧਰਮ-ਗ੍ਰੰਥ ਦੀਆਂ ਅੱਧੀਆਂ ਤੋਂ ਜ਼ਿਆਦਾ ਕਿਤਾਬਾਂ ਦੇ ਹਵਾਲੇ ਦਿੱਤੇ ਜਾਂ ਉਨ੍ਹਾਂ ਵਿੱਚੋਂ ਕਿਸੇ ਗੱਲ ਦਾ ਜ਼ਿਕਰ ਕੀਤਾ। ਪਰ ਅਸੀਂ ਸ਼ਾਇਦ ਸੋਚੀਏ ਕਿ ਯਿਸੂ ਨੇ ਸਾਢੇ ਤਿੰਨ ਸਾਲਾਂ ਤਕ ਪ੍ਰਚਾਰ ਕੀਤਾ, ਤਾਂ ਫਿਰ ਉਸ ਨੇ ਧਰਮ-ਗ੍ਰੰਥ ਦੀਆਂ ਸਾਰੀਆਂ ਕਿਤਾਬਾਂ ਤੋਂ ਹਵਾਲੇ ਕਿਉਂ ਨਹੀਂ ਦਿੱਤੇ? ਹੋ ਸਕਦਾ ਹੈ ਕਿ ਉਸ ਨੇ ਸਾਰੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਹੋਣ। ਯਾਦ ਰੱਖੋ ਕਿ ਬਾਈਬਲ ਵਿਚ ਯਿਸੂ ਦੀਆਂ ਕੁਝ ਹੀ ਗੱਲਾਂ ਅਤੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। (ਯੂਹੰਨਾ 21:25) ਦਰਅਸਲ ਤੁਸੀਂ ਬਾਈਬਲ ਵਿਚ ਦਰਜ ਯਿਸੂ ਦੀਆਂ ਗੱਲਾਂ ਨੂੰ ਕੁਝ ਹੀ ਘੰਟਿਆਂ ਵਿਚ ਪੜ੍ਹ ਸਕਦੇ ਹੋ। ਜ਼ਰਾ ਸੋਚੋ ਜੇ ਤੁਸੀਂ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸਿਰਫ਼ ਦੋ-ਤਿੰਨ ਘੰਟਿਆਂ ਲਈ ਗੱਲਬਾਤ ਕਰਦਿਆਂ ਇਬਰਾਨੀ ਧਰਮ-ਗ੍ਰੰਥ ਦੀਆਂ ਅੱਧੀਆਂ ਤੋਂ ਜ਼ਿਆਦਾ ਕਿਤਾਬਾਂ ਦੇ ਹਵਾਲੇ ਦੇ ਸਕੋ, ਤਾਂ ਕੀ ਇਹ ਕਮਾਲ ਦੀ ਗੱਲ ਨਹੀਂ ਹੋਵੇਗੀ? ਯਾਦ ਰੱਖੋ ਕਿ ਯਿਸੂ ਕੋਲ ਹਰ ਵੇਲੇ ਇਬਰਾਨੀ ਧਰਮ-ਗ੍ਰੰਥ ਦੀਆਂ ਕਿਤਾਬਾਂ ਨਹੀਂ ਹੁੰਦੀਆਂ ਸਨ। ਮਿਸਾਲ ਲਈ, ਪਹਾੜ ʼਤੇ ਆਪਣਾ ਮਸ਼ਹੂਰ ਉਪਦੇਸ਼ ਦਿੰਦੇ ਸਮੇਂ ਉਸ ਨੇ ਇਬਰਾਨੀ ਧਰਮ-ਗ੍ਰੰਥ ਤੋਂ ਮੂੰਹ-ਜ਼ਬਾਨੀ ਬਹੁਤ ਸਾਰੇ ਹਵਾਲੇ ਦਿੱਤੇ!
7 ਉਹ ਪਰਮੇਸ਼ੁਰ ਦੇ ਬਚਨ ਦਾ ਗਹਿਰਾ ਆਦਰ ਕਰਦਾ ਸੀ। ਲੋਕ “ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਹੈਰਾਨ ਰਹਿ ਗਏ, ਕਿਉਂਕਿ ਉਹ ਗ੍ਰੰਥੀਆਂ ਵਾਂਗ ਨਹੀਂ, ਸਗੋਂ ਪੂਰੇ ਅਧਿਕਾਰ ਨਾਲ ਉਨ੍ਹਾਂ ਨੂੰ ਸਿੱਖਿਆ ਦੇ ਰਿਹਾ ਸੀ।” (ਮਰਕੁਸ 1:22) ਜਦੋਂ ਗ੍ਰੰਥੀ ਸਿੱਖਿਆ ਦਿੰਦੇ ਸਨ, ਤਾਂ ਉਹ ਪੁਰਾਣੇ ਜ਼ਮਾਨੇ ਦੇ ਯਹੂਦੀ ਗੁਰੂਆਂ ਦੀਆਂ ਸਿੱਖਿਆਵਾਂ ਦੇ ਹਵਾਲੇ ਦੇਣਾ ਪਸੰਦ ਕਰਦੇ ਸਨ। ਇਹ ਸਿੱਖਿਆਵਾਂ ਆਮ ਤੌਰ ਤੇ ਜ਼ਬਾਨੀ ਦਿੱਤੀਆਂ ਜਾਂਦੀਆਂ ਸਨ। ਪਰ ਯਿਸੂ ਨੇ ਕਦੀ ਵੀ ਉਨ੍ਹਾਂ ਗੁਰੂਆਂ ਦੀਆਂ ਸਿੱਖਿਆਵਾਂ ਦੇ ਹਵਾਲੇ ਨਹੀਂ ਦਿੱਤੇ, ਸਗੋਂ ਉਹ ਜੋ ਵੀ ਸਿਖਾਉਂਦਾ ਸੀ ਪਰਮੇਸ਼ੁਰ ਦੇ ਬਚਨ ਵਿੱਚੋਂ ਸਿਖਾਉਂਦਾ ਸੀ। ਉਸ ਨੇ ਵਾਰ-ਵਾਰ ਕਿਹਾ: “ਧਰਮ-ਗ੍ਰੰਥ ਵਿਚ ਲਿਖਿਆ ਹੈ।” ਇੱਦਾਂ ਉਸ ਨੇ ਧਰਮ-ਗ੍ਰੰਥ ਵਿੱਚੋਂ ਆਪਣੇ ਚੇਲਿਆਂ ਨੂੰ ਸਿਖਾਇਆ ਅਤੇ ਲੋਕਾਂ ਦੇ ਗ਼ਲਤ ਵਿਚਾਰਾਂ ਨੂੰ ਸੁਧਾਰਿਆ।
8, 9. (ੳ) ਯਿਸੂ ਨੇ ਮੰਦਰ ਵਿੱਚੋਂ ਦਲਾਲਾਂ ਨੂੰ ਬਾਹਰ ਕੱਢਣ ਤੋਂ ਬਾਅਦ ਕੀ ਕਿਹਾ ਅਤੇ ਕਿਉਂ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਧਾਰਮਿਕ ਆਗੂ ਪਰਮੇਸ਼ੁਰ ਦੇ ਬਚਨ ਦਾ ਘੋਰ ਨਿਰਾਦਰ ਕਰਦੇ ਸਨ?
8 ਜਦੋਂ ਯਿਸੂ ਨੇ ਯਰੂਸ਼ਲਮ ਦੇ ਮੰਦਰ ਵਿੱਚੋਂ ਦਲਾਲਾਂ ਨੂੰ ਬਾਹਰ ਕੱਢਿਆ, ਤਾਂ ਉਸ ਨੇ ਕਿਹਾ: “ਇਹ ਲਿਖਿਆ ਹੈ: ‘ਮੇਰਾ ਘਰ ਪ੍ਰਾਰਥਨਾ ਕਰਨ ਦੀ ਜਗ੍ਹਾ ਹੋਵੇਗਾ,’ ਪਰ ਤੁਸੀਂ ਇਸ ਨੂੰ ਲੁਟੇਰਿਆਂ ਦਾ ਅੱਡਾ ਬਣਾਈ ਬੈਠੇ ਹੋ।” (ਮੱਤੀ 21:12, 13; ਯਸਾਯਾਹ 56:7; ਯਿਰਮਿਯਾਹ 7:11) ਇਸ ਤੋਂ ਇਕ ਦਿਨ ਪਹਿਲਾਂ ਯਿਸੂ ਨੇ ਉੱਥੇ ਕਈ ਚਮਤਕਾਰ ਕੀਤੇ ਸਨ ਜਿਸ ਕਰਕੇ ਕੁਝ ਮੁੰਡੇ ਦੰਗ ਰਹਿ ਗਏ ਅਤੇ ਉਨ੍ਹਾਂ ਨੇ ਉਸ ਦੀ ਵਡਿਆਈ ਕੀਤੀ। ਪਰ ਧਾਰਮਿਕ ਆਗੂ ਗੁੱਸੇ ਵਿਚ ਆ ਕੇ ਯਿਸੂ ਨੂੰ ਕਹਿਣ ਲੱਗੇ, ਕੀ ‘ਤੈਨੂੰ ਸੁਣਦਾ ਨਹੀਂ ਇਹ ਮੁੰਡੇ ਕੀ ਕਹਿ ਰਹੇ ਹਨ?’ ਉਸ ਨੇ ਕਿਹਾ: “ਹਾਂ, ਸੁਣਦਾ ਹੈ। ਕੀ ਤੁਸੀਂ ਇਹ ਨਹੀਂ ਪੜ੍ਹਿਆ: ‘ਤੂੰ ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ ਆਪਣੀ ਵਡਿਆਈ ਕਰਾਈ’?” (ਮੱਤੀ 21:16; ਜ਼ਬੂਰਾਂ ਦੀ ਪੋਥੀ 8:2) ਯਿਸੂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਨੂੰ ਇਹ ਸਭ ਕੁਝ ਕਰਨ ਦਾ ਅਧਿਕਾਰ ਪਰਮੇਸ਼ੁਰ ਦੇ ਬਚਨ ਤੋਂ ਮਿਲਿਆ ਸੀ।
9 ਬਾਅਦ ਵਿਚ ਧਾਰਮਿਕ ਆਗੂ ਇਕੱਠੇ ਹੋ ਕੇ ਯਿਸੂ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ: “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ?” (ਮੱਤੀ 21:23) ਉਹ ਉਨ੍ਹਾਂ ਨੂੰ ਸਾਫ਼-ਸਾਫ਼ ਦੱਸ ਚੁੱਕਾ ਸੀ ਕਿ ਉਸ ਨੂੰ ਇਹ ਅਧਿਕਾਰ ਕਿੱਥੋਂ ਮਿਲਿਆ ਸੀ। ਉਹ ਆਪਣੇ ਵੱਲੋਂ ਨਵੀਆਂ ਗੱਲਾਂ ਨਹੀਂ ਸਿਖਾ ਰਿਹਾ ਸੀ, ਸਗੋਂ ਉਹ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗੱਲਾਂ ਨੂੰ ਪੂਰਾ ਕਰ ਰਿਹਾ ਸੀ। ਯਿਸੂ ਦੇ ਅਧਿਕਾਰ ʼਤੇ ਸ਼ੱਕ ਕਰ ਕੇ ਪੁਜਾਰੀ ਅਤੇ ਗ੍ਰੰਥੀ ਯਹੋਵਾਹ ਅਤੇ ਉਸ ਦੇ ਬਚਨ ਦਾ ਘੋਰ ਨਿਰਾਦਰ ਕਰ ਰਹੇ ਸਨ। ਯਿਸੂ ਨੇ ਉਨ੍ਹਾਂ ਦੇ ਭੈੜੇ ਇਰਾਦਿਆਂ ਦਾ ਪਰਦਾਫ਼ਾਸ਼ ਕਰ ਕੇ ਉਨ੍ਹਾਂ ਦੀ ਨਿੰਦਿਆ ਕੀਤੀ। ਉਹ ਇਸੇ ਲਾਇਕ ਸਨ!—ਮੱਤੀ 21:23-46.
10. ਅਸੀਂ ਯਿਸੂ ਦੀ ਰੀਸ ਕਰਦਿਆਂ ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਕਿਵੇਂ ਵਰਤ ਸਕਦੇ ਹਾਂ ਅਤੇ ਸਾਡੇ ਕੋਲ ਕੀ ਹੈ ਜੋ ਯਿਸੂ ਕੋਲ ਨਹੀਂ ਸੀ?
10 ਯਿਸੂ ਵਾਂਗ ਅੱਜ ਸੱਚੇ ਮਸੀਹੀ ਵੀ ਪਰਮੇਸ਼ੁਰ ਦੇ ਬਚਨ ʼਤੇ ਪੂਰਾ ਭਰੋਸਾ ਰੱਖਦੇ ਹਨ। ਯਹੋਵਾਹ ਦੇ ਗਵਾਹ ਦੁਨੀਆਂ ਭਰ ਵਿਚ ਇਸ ਗੱਲ ਲਈ ਜਾਣੇ ਜਾਂਦੇ ਹਨ ਕਿ ਉਹ ਜੋਸ਼ ਨਾਲ ਬਾਈਬਲ ਦਾ ਸੰਦੇਸ਼ ਦੂਜਿਆਂ ਨਾਲ ਸਾਂਝਾ ਕਰਦੇ ਹਨ। ਸਾਡੀਆਂ ਸਾਰੀਆਂ ਕਿਤਾਬਾਂ ਤੇ ਮੈਗਜ਼ੀਨਾਂ ਵਿਚ ਬਾਈਬਲ ਦੇ ਹਵਾਲੇ ਦਿੱਤੇ ਜਾਂਦੇ ਹਨ। ਲੋਕਾਂ ਨੂੰ ਪ੍ਰਚਾਰ ਕਰਦਿਆਂ ਵੀ ਅਸੀਂ ਬਾਈਬਲ ਵਿੱਚੋਂ ਹਵਾਲੇ ਪੜ੍ਹ ਕੇ ਸੁਣਾਉਂਦੇ ਹਾਂ। (2 ਤਿਮੋਥਿਉਸ 3:16) ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਕੋਈ ਸਾਨੂੰ ਬਾਈਬਲ ਵਿੱਚੋਂ ਹਵਾਲਾ ਪੜ੍ਹਨ ਅਤੇ ਇਸ ਨੂੰ ਸਮਝਾਉਣ ਦਾ ਮੌਕਾ ਦਿੰਦਾ ਹੈ! ਭਾਵੇਂ ਕਿ ਅਸੀਂ ਯਿਸੂ ਵਾਂਗ ਸਾਰੇ ਹਵਾਲੇ ਮੂੰਹ-ਜ਼ਬਾਨੀ ਯਾਦ ਨਹੀਂ ਕਰ ਸਕਦੇ, ਪਰ ਫਿਰ ਵੀ ਸਾਡੇ ਕੋਲ ਬਹੁਤ ਸਾਰੀਆਂ ਕਿਤਾਬਾਂ ਤੇ ਮੈਗਜ਼ੀਨ ਹਨ ਜੋ ਯਿਸੂ ਕੋਲ ਨਹੀਂ ਸਨ। ਵੱਖ-ਵੱਖ ਭਾਸ਼ਾਵਾਂ ਵਿਚ ਪੂਰੀ ਬਾਈਬਲ ਹੋਣ ਦੇ ਨਾਲ-ਨਾਲ ਸਾਡੇ ਕੋਲ ਅਜਿਹੀਆਂ ਕਿਤਾਬਾਂ ਵੀ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਬਾਈਬਲ ਦੀ ਕੋਈ ਵੀ ਆਇਤ ਲੱਭ ਸਕਦੇ ਹਾਂ। ਤਾਂ ਫਿਰ, ਆਓ ਆਪਾਂ ਠਾਣ ਲਈਏ ਕਿ ਅਸੀਂ ਹਰ ਮੌਕੇ ʼਤੇ ਲੋਕਾਂ ਨੂੰ ਬਾਈਬਲ ਵਿੱਚੋਂ ਹਵਾਲੇ ਦੇ ਕੇ ਸਿਖਾਵਾਂਗੇ!
ਉਹ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਬੋਲਿਆ
11. ਯਿਸੂ ਨੂੰ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਕਿਉਂ ਬੋਲਣਾ ਪਿਆ?
11 ਯਿਸੂ ਨੇ ਪ੍ਰਾਰਥਨਾ ਵਿਚ ਆਪਣੇ ਪਿਤਾ ਨੂੰ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” (ਯੂਹੰਨਾ 17:17) ਯਿਸੂ ਨੂੰ ਵਾਰ-ਵਾਰ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਬੋਲਣਾ ਪਿਆ ਕਿਉਂਕਿ ਇਸ ਨੂੰ ਅਕਸਰ ਤੋੜਿਆ-ਮਰੋੜਿਆ ਜਾਂਦਾ ਸੀ। ਪਰ ਉਹ ਇਸ ਗੱਲੋਂ ਹੈਰਾਨ ਨਹੀਂ ਹੋਇਆ। ਉਹ ਜਾਣਦਾ ਸੀ ਕਿ ਇਸ “ਦੁਨੀਆਂ ਦਾ ਹਾਕਮ” ਸ਼ੈਤਾਨ “ਝੂਠਾ ਹੈ ਅਤੇ ਝੂਠ ਦਾ ਪਿਉ ਹੈ।” (ਯੂਹੰਨਾ 8:44; 14:30) ਜਦੋਂ ਸ਼ੈਤਾਨ ਨੇ ਯਿਸੂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ, ਤਾਂ ਯਿਸੂ ਨੇ ਤਿੰਨ ਵਾਰ ਧਰਮ-ਗ੍ਰੰਥ ਵਿੱਚੋਂ ਹਵਾਲੇ ਦੇ ਕੇ ਉਸ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ। ਸ਼ੈਤਾਨ ਨੇ ਜ਼ਬੂਰਾਂ ਦੀ ਪੋਥੀ ਵਿੱਚੋਂ ਇਕ ਹਵਾਲੇ ਨੂੰ ਜਾਣ-ਬੁੱਝ ਕੇ ਤੋੜਿਆ-ਮਰੋੜਿਆ, ਪਰ ਯਿਸੂ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ, ਇਸ ਲਈ ਉਸ ਨੇ ਇਕ ਹੋਰ ਹਵਾਲਾ ਦੇ ਕੇ ਸ਼ੈਤਾਨ ਨੂੰ ਮੂੰਹ-ਤੋੜ ਜਵਾਬ ਦਿੱਤਾ।—ਮੱਤੀ 4:6, 7.
12-14. (ੳ) ਧਾਰਮਿਕ ਆਗੂਆਂ ਨੇ ਮੂਸਾ ਦੇ ਕਾਨੂੰਨ ਦਾ ਨਿਰਾਦਰ ਕਿਵੇਂ ਕੀਤਾ ਸੀ? (ਅ) ਯਿਸੂ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਕਿਵੇਂ ਬੋਲਿਆ?
12 ਜਦੋਂ ਧਰਮ-ਗ੍ਰੰਥ ਦਾ ਗ਼ਲਤ ਇਸਤੇਮਾਲ ਕੀਤਾ ਜਾਂਦਾ ਸੀ ਜਾਂ ਉਸ ਦਾ ਗ਼ਲਤ ਮਤਲਬ ਕੱਢਿਆ ਜਾਂਦਾ ਸੀ, ਤਾਂ ਯਿਸੂ ਚੁੱਪ ਨਹੀਂ ਰਿਹਾ। ਉਸ ਸਮੇਂ ਦੇ ਧਾਰਮਿਕ ਆਗੂ ਪਰਮੇਸ਼ੁਰ ਦਾ ਬਚਨ ਤੋੜ-ਮਰੋੜ ਕੇ ਪੇਸ਼ ਕਰਦੇ ਸਨ। ਉਹ ਮੂਸਾ ਦੇ ਕਾਨੂੰਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਮੰਨਣ ʼਤੇ ਜ਼ੋਰ ਦਿੰਦੇ ਸਨ। ਪਰ ਜਿਨ੍ਹਾਂ ਅਸੂਲਾਂ ʼਤੇ ਇਹ ਕਾਨੂੰਨ ਬਣੇ ਸਨ, ਉਹ ਉਨ੍ਹਾਂ ਮੁਤਾਬਕ ਬਿਲਕੁਲ ਨਹੀਂ ਚੱਲਦੇ ਸਨ। ਇਸ ਤਰ੍ਹਾਂ ਕਰ ਕੇ ਉਹ ਮੂਸਾ ਦੇ ਕਾਨੂੰਨ ਦੀਆਂ ਜ਼ਿਆਦਾ ਜ਼ਰੂਰੀ ਗੱਲਾਂ ਜਿਵੇਂ ਕਿ ਨਿਆਂ, ਦਇਆ ਅਤੇ ਵਫ਼ਾਦਾਰੀ ਨੂੰ ਨਜ਼ਰਅੰਦਾਜ਼ ਕਰ ਰਹੇ ਸਨ। ਅਸਲ ਵਿਚ ਉਹ ਭਗਤੀ ਕਰਨ ਦਾ ਸਿਰਫ਼ ਦਿਖਾਵਾ ਕਰ ਰਹੇ ਸਨ। (ਮੱਤੀ 23:23) ਤਾਂ ਫਿਰ ਯਿਸੂ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਕਿਵੇਂ ਬੋਲਿਆ?
13 ਪਹਾੜ ʼਤੇ ਆਪਣੇ ਮਸ਼ਹੂਰ ਉਪਦੇਸ਼ ਵਿਚ ਯਿਸੂ ਮੂਸਾ ਦੇ ਕਿਸੇ ਕਾਨੂੰਨ ਨੂੰ ਸਮਝਾਉਣ ਤੋਂ ਪਹਿਲਾਂ ਇਹ ਕਹਿੰਦਾ ਸੀ: “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ।” ਪਰ ਉਸ ਕਾਨੂੰਨ ਦਾ ਅਸਲ ਮਤਲਬ ਸਮਝਾਉਣ ਲਈ ਉਹ ਕਹਿੰਦਾ ਸੀ: “ਪਰ ਮੈਂ ਤੁਹਾਨੂੰ ਕਹਿੰਦਾ ਹਾਂ।” ਮਿਸਾਲ ਲਈ, ਲੋਕ ਇਸ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਕਿ “ਤੂੰ ਖ਼ੂਨ ਨਾ ਕਰ।” ਪਰ ਯਿਸੂ ਨੇ ਕਿਹਾ ਕਿ ਜੇ ਕੋਈ ਕਿਸੇ ਨਾਲ ਨਫ਼ਰਤ ਵੀ ਕਰਦਾ ਹੈ, ਤਾਂ ਉਸ ਨੇ ਕਾਨੂੰਨ ਦਾ ਮਤਲਬ ਹੀ ਨਹੀਂ ਸਮਝਿਆ ਕਿਉਂਕਿ ਨਫ਼ਰਤ ਨੂੰ ਮਨ ਵਿਚ ਪਲ਼ਣ ਦੇਣ ਨਾਲ ਕੋਈ ਕਿਸੇ ਨੂੰ ਜਾਨੋਂ ਵੀ ਮਾਰ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਕਿਸੇ ਦੇ ਪਤੀ ਜਾਂ ਪਤਨੀ ਵੱਲ ਗੰਦੀ ਨਜ਼ਰ ਨਾਲ ਦੇਖਦਾ ਹੈ, ਤਾਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਹ ਆਪਣੇ ਦਿਲ ਵਿਚ ਹਰਾਮਕਾਰੀ ਕਰ ਬੈਠਾ ਹੈ। (ਮੱਤੀ 5:17, 18, 21, 22, 27-39) ਇਸ ਤਰ੍ਹਾਂ ਯਿਸੂ ਮੂਸਾ ਦੇ ਕਾਨੂੰਨ ਦੇ ਖ਼ਿਲਾਫ਼ ਨਹੀਂ ਬੋਲ ਰਿਹਾ ਸੀ, ਸਗੋਂ ਉਹ ਉਸ ਉੱਤੇ ਸਹੀ ਤਰੀਕੇ ਨਾਲ ਚੱਲਣ ʼਤੇ ਜ਼ੋਰ ਦੇ ਰਿਹਾ ਸੀ।
14 ਫਿਰ ਯਿਸੂ ਨੇ ਕਿਹਾ: “ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ: ‘ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ।’ ਪਰ ਮੈਂ ਤੁਹਾਨੂੰ ਕਹਿੰਦਾ ਹਾਂ: ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰਦੇ ਰਹੋ ਅਤੇ ਜੋ ਤੁਹਾਨੂੰ ਸਤਾਉਂਦੇ ਹਨ, ਉਨ੍ਹਾਂ ਲਈ ਪ੍ਰਾਰਥਨਾ ਕਰਦੇ ਰਹੋ।” (ਮੱਤੀ 5:43, 44) ਕੀ “ਆਪਣੇ ਦੁਸ਼ਮਣ ਨਾਲ ਵੈਰ” ਰੱਖਣ ਦਾ ਹੁਕਮ ਪਰਮੇਸ਼ੁਰ ਦੇ ਬਚਨ ਵਿਚ ਦਿੱਤਾ ਗਿਆ ਸੀ? ਹਰਗਿਜ਼ ਨਹੀਂ। ਇਹ ਸਿੱਖਿਆ ਧਾਰਮਿਕ ਆਗੂਆਂ ਨੇ ਆਪਣੇ ਕੋਲੋਂ ਘੜੀ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਕਾਨੂੰਨਾਂ ਵਿਚ ਆਪਣੀਆਂ ਸਿੱਖਿਆਵਾਂ ਦੀ ਮਿਲਾਵਟ ਕੀਤੀ ਸੀ। ਯਿਸੂ ਨਿਡਰ ਹੋ ਕੇ ਇਨਸਾਨੀ ਰੀਤਾਂ-ਰਿਵਾਜਾਂ ਦੀ ਨਿੰਦਿਆ ਕਰ ਕੇ ਪਰਮੇਸ਼ੁਰ ਦੇ ਬਚਨ ਦੇ ਪੱਖ ਵਿਚ ਬੋਲਿਆ।—ਮਰਕੁਸ 7:9-13.
15. ਯਿਸੂ ਨੇ ਕਿਵੇਂ ਸਾਬਤ ਕੀਤਾ ਕਿ ਪਰਮੇਸ਼ੁਰ ਦੇ ਕਾਨੂੰਨ ਸਖ਼ਤ ਨਹੀਂ ਹਨ?
15 ਧਾਰਮਿਕ ਆਗੂਆਂ ਦੀਆਂ ਗੱਲਾਂ ਤੋਂ ਲੱਗਦਾ ਸੀ ਕਿ ਪਰਮੇਸ਼ੁਰ ਦੇ ਕਾਨੂੰਨ ਬਹੁਤ ਸਖ਼ਤ ਸਨ। ਮਿਸਾਲ ਲਈ, ਇਕ ਵਾਰ ਜਦੋਂ ਯਿਸੂ ਦੇ ਚੇਲਿਆਂ ਨੇ ਕਣਕ ਦੇ ਖੇਤਾਂ ਵਿੱਚੋਂ ਦੀ ਲੰਘਦੇ ਹੋਏ ਸਿੱਟੇ ਤੋੜੇ, ਤਾਂ ਕੁਝ ਫ਼ਰੀਸੀ ਕਹਿਣ ਲੱਗੇ ਕਿ ਉਹ ਸਬਤ ਦਾ ਕਾਨੂੰਨ ਤੋੜ ਰਹੇ ਸਨ। ਪਰ ਯਿਸੂ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਉਦਾਹਰਣ ਦੇ ਕੇ ਦਿਖਾਇਆ ਕਿ ਉਨ੍ਹਾਂ ਦੀ ਸੋਚ ਕਿੰਨੀ ਗ਼ਲਤ ਸੀ। ਉਸ ਨੇ ਦਾਊਦ ਅਤੇ ਉਸ ਦੇ ਸਾਥੀਆਂ ਦਾ ਹਵਾਲਾ ਦਿੱਤਾ ਜਦੋਂ ਉਨ੍ਹਾਂ ਨੇ ਭੁੱਖ ਲੱਗਣ ਕਰਕੇ ਚੜ੍ਹਾਵੇ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਨੂੰ ਖਾਣ ਦਾ ਹੱਕ ਸਿਰਫ਼ ਪੁਜਾਰੀਆਂ ਦਾ ਬਣਦਾ ਸੀ। ਇੱਦਾਂ ਯਿਸੂ ਨੇ ਉਨ੍ਹਾਂ ਕੱਟੜ ਫ਼ਰੀਸੀਆਂ ਨੂੰ ਦਿਖਾਇਆ ਕਿ ਉਹ ਯਹੋਵਾਹ ਦੀ ਦਇਆ ਨੂੰ ਸਮਝ ਹੀ ਨਹੀਂ ਸਕੇ।—ਮਰਕੁਸ 2:23-27.
16. ਤਲਾਕ ਦੇ ਸੰਬੰਧ ਵਿਚ ਮੂਸਾ ਦੇ ਕਾਨੂੰਨ ਬਾਰੇ ਧਾਰਮਿਕ ਆਗੂਆਂ ਨੇ ਕੀ ਕਿਹਾ ਸੀ ਅਤੇ ਯਿਸੂ ਨੇ ਉਨ੍ਹਾਂ ਨੂੰ ਕੀ ਜਵਾਬ ਦਿੱਤਾ?
16 ਪਰਮੇਸ਼ੁਰ ਦੇ ਕਾਨੂੰਨਾਂ ਦੀ ਅਹਿਮੀਅਤ ਘਟਾਉਣ ਲਈ ਧਾਰਮਿਕ ਆਗੂ ਉਨ੍ਹਾਂ ਨੂੰ ਨਾ ਮੰਨਣ ਦੇ ਬਹਾਨੇ ਬਣਾਉਂਦੇ ਸਨ। ਮਿਸਾਲ ਲਈ, ਮੂਸਾ ਦੇ ਕਾਨੂੰਨ ਮੁਤਾਬਕ ਆਦਮੀ ਆਪਣੀ ਪਤਨੀ ਨੂੰ ਤਲਾਕ ਦੇ ਸਕਦਾ ਸੀ ਜੇ ਉਹ ਉਸ ਵਿਚ “ਕੋਈ ਬੇਸ਼ਰਮੀ ਦੀ ਗੱਲ” ਦੇਖਦਾ ਸੀ ਜਿਸ ਕਰਕੇ ਪਰਿਵਾਰ ਦਾ ਨਾਂ ਬਦਨਾਮ ਹੋ ਸਕਦਾ ਸੀ। (ਬਿਵਸਥਾ ਸਾਰ 24:1) ਪਰ ਧਾਰਮਿਕ ਆਗੂਆਂ ਨੇ ਇਸ ਗੱਲ ਦੀ ਆੜ ਵਿਚ ਬਹਾਨਾ ਬਣਾ ਲਿਆ ਕਿ ਇਕ ਆਦਮੀ ਆਪਣੀ ਤੀਵੀਂ ਨੂੰ ਕਿਸੇ ਵੀ ਵਜ੍ਹਾ ਕਰਕੇ ਤਲਾਕ ਦੇ ਸਕਦਾ ਸੀ। ਇੱਥੋਂ ਤਕ ਕਿ ਜੇ ਤੀਵੀਂ ਕੋਲੋਂ ਅਣਜਾਣੇ ਵਿਚ ਖਾਣਾ ਸੜ ਜਾਂਦਾ ਸੀ, ਤਾਂ ਵੀ ਉਸ ਨੂੰ ਤਲਾਕ ਦਿੱਤਾ ਜਾ ਸਕਦਾ ਸੀ!a ਯਿਸੂ ਨੇ ਸਾਫ਼-ਸਾਫ਼ ਦੱਸਿਆ ਕਿ ਧਾਰਮਿਕ ਆਗੂ ਆਪਣੇ ਫ਼ਾਇਦੇ ਲਈ ਮੂਸਾ ਦੇ ਕਾਨੂੰਨ ਦਾ ਬਿਲਕੁਲ ਗ਼ਲਤ ਮਤਲਬ ਕੱਢ ਰਹੇ ਸਨ। ਉਸ ਨੇ ਵਿਆਹ ਦੇ ਸੰਬੰਧ ਵਿਚ ਦਿੱਤੇ ਯਹੋਵਾਹ ਦੇ ਮੁਢਲੇ ਅਸੂਲ ਨੂੰ ਦੁਬਾਰਾ ਕਾਇਮ ਕੀਤਾ ਕਿ ਆਦਮੀ ਦੀ ਇਕ ਹੀ ਪਤਨੀ ਹੋਣੀ ਚਾਹੀਦੀ ਹੈ। ਨਾਲੇ ਹਰਾਮਕਾਰੀ ਤੋਂ ਸਿਵਾਇ ਕਿਸੇ ਹੋਰ ਕਾਰਨ ਕਰਕੇ ਆਪਣੇ ਜੀਵਨ ਸਾਥੀ ਨੂੰ ਤਲਾਕ ਨਹੀਂ ਦਿੱਤਾ ਜਾ ਸਕਦਾ।—ਮੱਤੀ 19:3-12.
17. ਅਸੀਂ ਯਿਸੂ ਵਾਂਗ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਸਹੀ ਮਤਲਬ ਕਿਵੇਂ ਸਮਝਾ ਸਕਦੇ ਹਾਂ?
17 ਅੱਜ ਵੀ ਜਦੋਂ ਲੋਕ ਬਾਈਬਲ ਦਾ ਗ਼ਲਤ ਮਤਲਬ ਕੱਢਦੇ ਹਨ, ਤਾਂ ਯਿਸੂ ਵਾਂਗ ਉਸ ਦੇ ਚੇਲੇ ਇਸ ਨੂੰ ਬਰਦਾਸ਼ਤ ਨਹੀਂ ਕਰਦੇ। ਉਹ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਸਹੀ ਮਤਲਬ ਸਮਝਾਉਂਦੇ ਹਨ। ਧਾਰਮਿਕ ਆਗੂਆਂ ਦੀਆਂ ਗੱਲਾਂ ਤੋਂ ਸ਼ਾਇਦ ਲੱਗੇ ਕਿ ਪਰਮੇਸ਼ੁਰ ਦੇ ਬਚਨ ਵਿਚ ਦਰਜ ਨੈਤਿਕ ਮਿਆਰ ਪੁਰਾਣੇ ਹੋ ਚੁੱਕੇ ਹਨ। ਉਹ ਝੂਠੀਆਂ ਸਿੱਖਿਆਵਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਵੇਂ ਇਹ ਬਾਈਬਲ ਤੋਂ ਲਈਆਂ ਗਈਆਂ ਹਨ। ਪਰ ਸਾਡੇ ਲਈ ਇਹ ਕਿੰਨੇ ਮਾਣ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਦੇ ਪੱਖ ਵਿਚ ਬੋਲ ਸਕਦੇ ਹਾਂ। ਮਿਸਾਲ ਲਈ, ਅਸੀਂ ਲੋਕਾਂ ਨੂੰ ਬਾਈਬਲ ਤੋਂ ਦਿਖਾ ਸਕਦੇ ਹਾਂ ਕਿ ਪਰਮੇਸ਼ੁਰ ਦੁੱਖ-ਤਕਲੀਫ਼ਾਂ ਲਈ ਜ਼ਿੰਮੇਵਾਰ ਨਹੀਂ ਹੈ। (ਅੱਯੂਬ 34:10) ਪਰ ਯਾਦ ਰੱਖੋ ਕਿ ਲੋਕਾਂ ਨਾਲ ਗੱਲ ਕਰਦੇ ਵੇਲੇ ਸਾਨੂੰ ਹਮੇਸ਼ਾ ਨਰਮਾਈ ਅਤੇ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ।—1 ਪਤਰਸ 3:15.
ਉਸ ਨੇ ਪਰਮੇਸ਼ੁਰ ਦੇ ਬਚਨ ਨੂੰ ਸਮਝਾਇਆ
18, 19. ਅਸੀਂ ਕਿਨ੍ਹਾਂ ਮਿਸਾਲਾਂ ਤੋਂ ਦੇਖ ਸਕਦੇ ਹਾਂ ਕਿ ਯਿਸੂ, ਪਰਮੇਸ਼ੁਰ ਦੇ ਬਚਨ ਨੂੰ ਜ਼ਬਰਦਸਤ ਤਰੀਕੇ ਨਾਲ ਸਮਝਾ ਸਕਦਾ ਸੀ?
18 ਯਿਸੂ ਸਵਰਗ ਵਿਚ ਸੀ ਜਦੋਂ ਇਬਰਾਨੀ ਧਰਮ-ਗ੍ਰੰਥ ਲਿਖਿਆ ਗਿਆ ਸੀ। ਉਸ ਨੂੰ ਕਿੰਨੀ ਖ਼ੁਸ਼ੀ ਹੋਈ ਹੋਣੀ ਜਦੋਂ ਉਸ ਨੂੰ ਧਰਤੀ ʼਤੇ ਆ ਕੇ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਸਮਝਾਉਣ ਦਾ ਮੌਕਾ ਮਿਲਿਆ! ਜ਼ਰਾ ਉਸ ਦਿਨ ਬਾਰੇ ਸੋਚੋ ਜਦੋਂ ਦੁਬਾਰਾ ਜੀਉਂਦਾ ਹੋਣ ਤੋਂ ਬਾਅਦ ਯਿਸੂ ਆਪਣੇ ਦੋ ਚੇਲਿਆਂ ਨੂੰ ਮਿਲਿਆ ਜੋ ਇੰਮਊਸ ਪਿੰਡ ਨੂੰ ਜਾ ਰਹੇ ਸਨ। ਉਹ ਯਿਸੂ ਨੂੰ ਪਛਾਣ ਨਾ ਸਕੇ ਅਤੇ ਉਸ ਨੂੰ ਦੱਸਣ ਲੱਗੇ ਕਿ ਉਹ ਆਪਣੇ ਪਿਆਰੇ ਪ੍ਰਭੂ ਦੀ ਮੌਤ ਕਾਰਨ ਬਹੁਤ ਉਦਾਸ ਅਤੇ ਪਰੇਸ਼ਾਨ ਸਨ। ਯਿਸੂ ਨੇ ਉਨ੍ਹਾਂ ਨੂੰ ਕੀ ਕਿਹਾ? “ਉਸ ਨੇ ਉਨ੍ਹਾਂ ਨੂੰ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਸਾਰੀਆਂ ਲਿਖਤਾਂ ਤੋਂ ਸ਼ੁਰੂ ਕਰ ਕੇ ਧਰਮ-ਗ੍ਰੰਥ ਵਿਚ ਉਸ ਬਾਰੇ ਲਿਖੀਆਂ ਗੱਲਾਂ ਦਾ ਮਤਲਬ ਸਮਝਾਇਆ।” ਇਸ ਦਾ ਉਨ੍ਹਾਂ ʼਤੇ ਕੀ ਅਸਰ ਹੋਇਆ? ਉਹ ਬਾਅਦ ਵਿਚ ਇਕ-ਦੂਜੇ ਨੂੰ ਕਹਿਣ ਲੱਗੇ: “ਜਦੋਂ ਉਹ ਰਾਹ ਵਿਚ ਸਾਨੂੰ ਧਰਮ-ਗ੍ਰੰਥ ਵਿਚ ਲਿਖੀਆਂ ਗੱਲਾਂ ਖੋਲ੍ਹ ਕੇ ਸਮਝਾ ਰਿਹਾ ਸੀ, ਤਾਂ ਕੀ ਸਾਡੇ ਦਿਲ ਜੋਸ਼ ਨਾਲ ਨਹੀਂ ਭਰ ਰਹੇ ਸਨ?”—ਲੂਕਾ 24:15-32.
19 ਉਸੇ ਦਿਨ ਯਿਸੂ ਆਪਣੇ ਰਸੂਲਾਂ ਅਤੇ ਹੋਰ ਚੇਲਿਆਂ ਨੂੰ ਵੀ ਮਿਲਿਆ। ਧਿਆਨ ਦਿਓ ਕਿ ਉਸ ਨੇ ਉਦੋਂ ਕੀ ਕੀਤਾ: “ਉਸ ਨੇ ਧਰਮ-ਗ੍ਰੰਥ ਦਾ ਮਤਲਬ ਸਮਝਣ ਲਈ ਉਨ੍ਹਾਂ ਦੇ ਮਨ ਪੂਰੀ ਤਰ੍ਹਾਂ ਖੋਲ੍ਹ ਦਿੱਤੇ।” (ਲੂਕਾ 24:45) ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਵੇਲੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ ਹੋਣੀ ਅਤੇ ਯਾਦ ਆਇਆ ਹੋਣਾ ਕਿ ਯਿਸੂ ਨੇ ਪਹਿਲਾਂ ਵੀ ਕਈ ਵਾਰ ਇੱਦਾਂ ਕੀਤਾ ਸੀ। ਯਿਸੂ ਅਕਸਰ ਧਰਮ-ਗ੍ਰੰਥ ਦੀਆਂ ਜਾਣੀਆਂ-ਪਛਾਣੀਆਂ ਆਇਤਾਂ ਨੂੰ ਅਜਿਹੇ ਤਰੀਕੇ ਨਾਲ ਸਮਝਾਉਂਦਾ ਸੀ ਕਿ ਇਸ ਦਾ ਲੋਕਾਂ ਦੇ ਦਿਲਾਂ ʼਤੇ ਗਹਿਰਾ ਅਸਰ ਪੈਂਦਾ ਸੀ। ਹਾਂ, ਯਿਸੂ ਕੋਲੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੀ ਨਵੀਂ ਅਤੇ ਡੂੰਘੀ ਸਮਝ ਮਿਲਦੀ ਸੀ।
20, 21. ਯਿਸੂ ਨੇ ਉਨ੍ਹਾਂ ਸ਼ਬਦਾਂ ਨੂੰ ਕਿਵੇਂ ਸਮਝਾਇਆ ਜੋ ਯਹੋਵਾਹ ਨੇ ਬਲ਼ਦੀ ਝਾੜੀ ਨੇੜੇ ਮੂਸਾ ਨੂੰ ਕਹੇ ਸਨ?
20 ਇਕ ਵਾਰ ਯਿਸੂ ਸਦੂਕੀਆਂ ਨਾਲ ਗੱਲ ਕਰ ਰਿਹਾ ਸੀ। ਸਦੂਕੀ, ਯਹੂਦੀ ਧਰਮ ਦੇ ਇਕ ਮੁੱਖ ਧਾਰਮਿਕ ਪੰਥ ਦੇ ਮੈਂਬਰ ਸਨ ਅਤੇ ਇਹ ਪੰਥ ਪੁਜਾਰੀ ਵਰਗ ਨਾਲ ਜੁੜਿਆ ਹੋਇਆ ਸੀ। ਉਹ ਇਹ ਨਹੀਂ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜਿਹੜੇ ਲੋਕ ਦੁਬਾਰਾ ਜੀਉਂਦੇ ਕੀਤੇ ਜਾਣਗੇ, ਉਨ੍ਹਾਂ ਬਾਰੇ ਪਰਮੇਸ਼ੁਰ ਨੇ ਜੋ ਕਿਹਾ ਸੀ, ਕੀ ਤੁਸੀਂ ਉਸ ਬਾਰੇ ਇਹ ਨਹੀਂ ਪੜ੍ਹਿਆ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’? ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ।” (ਮੱਤੀ 22:31, 32) ਸਦੂਕੀ ਇਸ ਆਇਤ ਤੋਂ ਚੰਗੀ ਤਰ੍ਹਾਂ ਵਾਕਫ਼ ਸਨ ਅਤੇ ਉਹ ਮੂਸਾ ਦਾ ਬਹੁਤ ਆਦਰ ਕਰਦੇ ਸਨ ਜਿਸ ਨੇ ਇਹ ਆਇਤ ਲਿਖੀ ਸੀ। ਕੀ ਤੁਸੀਂ ਦੇਖ ਸਕਦੇ ਹੋ ਕਿ ਯਿਸੂ ਦੇ ਸਮਝਾਉਣ ਦਾ ਤਰੀਕਾ ਕਿੰਨਾ ਜ਼ਬਰਦਸਤ ਸੀ?
21 ਮੂਸਾ ਨੇ 1514 ਈਸਵੀ ਪੂਰਵ ਵਿਚ ਯਹੋਵਾਹ ਨਾਲ ਬਲ਼ਦੀ ਝਾੜੀ ਨੇੜੇ ਗੱਲ ਕੀਤੀ ਸੀ। (ਕੂਚ 3:2, 6) ਉਸ ਵੇਲੇ ਅਬਰਾਹਾਮ ਨੂੰ ਮਰੇ 329 ਸਾਲ, ਇਸਹਾਕ ਨੂੰ 224 ਸਾਲ ਅਤੇ ਯਾਕੂਬ ਨੂੰ 197 ਸਾਲ ਹੋ ਚੁੱਕੇ ਸਨ। ਪਰ ਫਿਰ ਵੀ ਯਹੋਵਾਹ ਨੇ ਕਿਹਾ ਸੀ: ‘ਮੈਂ ਉਨ੍ਹਾਂ ਦਾ ਪਰਮੇਸ਼ੁਰ ਹਾਂ।’ ਸਦੂਕੀ ਜਾਣਦੇ ਸਨ ਕਿ ਯਹੋਵਾਹ ਗ਼ੈਰ-ਯਹੂਦੀ ਕੌਮਾਂ ਦੇ ਦੇਵੀ-ਦੇਵਤਿਆਂ ਵਰਗਾ ਨਹੀਂ ਸੀ ਜੋ ਕਥਾ-ਕਹਾਣੀਆਂ ਮੁਤਾਬਕ ਪਤਾਲ ਵਿਚ ਮਰੇ ਹੋਏ ਲੋਕਾਂ ʼਤੇ ਰਾਜ ਕਰਦੇ ਸਨ। ਇਸ ਦੀ ਬਜਾਇ ਜਿਵੇਂ ਯਿਸੂ ਨੇ ਕਿਹਾ ਸੀ ਕਿ ਯਹੋਵਾਹ “ਜੀਉਂਦਿਆਂ ਦਾ” ਪਰਮੇਸ਼ੁਰ ਹੈ। ਇਸ ਦਾ ਕੀ ਮਤਲਬ ਹੈ? ਯਿਸੂ ਨੇ ਆਪਣੀ ਗੱਲ ਖ਼ਤਮ ਕਰਦਿਆਂ ਬੜੇ ਦਮ ਨਾਲ ਕਿਹਾ: “ਉਸ ਦੀਆਂ ਨਜ਼ਰਾਂ ਵਿਚ ਉਹ ਸਾਰੇ ਜੀਉਂਦੇ ਹਨ।” (ਲੂਕਾ 20:38) ਯਹੋਵਾਹ ਦੇ ਪਿਆਰੇ ਸੇਵਕ ਜੋ ਮਰ ਚੁੱਕੇ ਹਨ, ਉਸ ਦੀ ਅਮਿੱਟ ਯਾਦਾਸ਼ਤ ਵਿਚ ਮਹਿਫੂਜ਼ ਹਨ। ਉਨ੍ਹਾਂ ਨੂੰ ਦੁਬਾਰਾ ਜੀਉਂਦਾ ਕਰਨ ਦਾ ਯਹੋਵਾਹ ਦਾ ਮਕਸਦ ਇੰਨਾ ਪੱਕਾ ਹੈ ਕਿ ਮਾਨੋ ਉਹ ਉਸ ਦੀਆਂ ਨਜ਼ਰਾਂ ਵਿਚ ਜੀਉਂਦੇ ਹਨ। (ਰੋਮੀਆਂ 4:16, 17) ਵਾਹ, ਯਿਸੂ ਨੇ ਕਿੰਨੇ ਹੀ ਵਧੀਆ ਤਰੀਕੇ ਨਾਲ ਪਰਮੇਸ਼ੁਰ ਦੇ ਬਚਨ ਨੂੰ ਸਮਝਾਇਆ! ਇਸੇ ਲਈ “ਲੋਕ ਉਸ ਦੀ ਸਿੱਖਿਆ ਤੋਂ ਦੰਗ ਰਹਿ ਗਏ।”—ਮੱਤੀ 22:33.
22, 23. (ੳ) ਪਰਮੇਸ਼ੁਰ ਦੇ ਬਚਨ ਨੂੰ ਸਮਝਾਉਣ ਵਿਚ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਸਿੱਖਾਂਗੇ?
22 ਅੱਜ ਸਾਡੇ ਲਈ ਇਹ ਕਿੰਨੇ ਸਨਮਾਨ ਵਾਲੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਪਰਮੇਸ਼ੁਰ ਦਾ ਬਚਨ ਸਮਝਾ ਸਕਦੇ ਹਾਂ। ਬੇਸ਼ੱਕ ਅਸੀਂ ਯਿਸੂ ਵਰਗੇ ਨਹੀਂ ਹਾਂ, ਪਰ ਫਿਰ ਵੀ ਅਸੀਂ ਲੋਕਾਂ ਨੂੰ ਕੋਈ ਜਾਣੀ-ਪਛਾਣੀ ਆਇਤ ਦਿਖਾ ਕੇ ਉਸ ਬਾਰੇ ਕੋਈ ਨਵੀਂ ਗੱਲ ਖੋਲ੍ਹ ਕੇ ਸਮਝਾ ਸਕਦੇ ਹਾਂ। ਮਿਸਾਲ ਲਈ, ਚਰਚ ਦੇ ਲੋਕਾਂ ਨੇ ਪ੍ਰਭੂ ਦੀ ਪ੍ਰਾਰਥਨਾ ਵਿਚ “ਤੇਰਾ ਨਾਂ ਪਵਿੱਤਰ ਕੀਤਾ ਜਾਵੇ” ਅਤੇ “ਤੇਰਾ ਰਾਜ ਆਵੇ” ਲਫ਼ਜ਼ ਰਟੇ ਹੁੰਦੇ ਹਨ, ਪਰ ਉਨ੍ਹਾਂ ਨੂੰ ਪਰਮੇਸ਼ੁਰ ਦਾ ਨਾਂ ਜਾਂ ਉਸ ਦੇ ਰਾਜ ਦਾ ਮਤਲਬ ਨਹੀਂ ਸਮਝਾਇਆ ਜਾਂਦਾ। (ਮੱਤੀ 6:9, 10) ਜਦੋਂ ਸਾਨੂੰ ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ਸਾਫ਼ ਅਤੇ ਸੌਖੇ ਸ਼ਬਦਾਂ ਵਿਚ ਸਮਝਾਉਣ ਦਾ ਮੌਕਾ ਮਿਲਦਾ ਹੈ, ਤਾਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ!
23 ਜੇ ਅਸੀਂ ਯਿਸੂ ਦੀ ਰੀਸ ਕਰਦਿਆਂ ਲੋਕਾਂ ਨੂੰ ਸੱਚਾਈ ਸਿਖਾਉਣੀ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦੇਣ, ਇਸ ਦੇ ਪੱਖ ਵਿਚ ਬੋਲਣ ਅਤੇ ਇਸ ਦੀਆਂ ਗੱਲਾਂ ਨੂੰ ਖੋਲ੍ਹ ਕੇ ਸਮਝਾਉਣ ਦੀ ਲੋੜ ਹੈ। ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਿਸੂ ਨੇ ਕਿੰਨੇ ਵਧੀਆ ਤਰੀਕੇ ਨਾਲ ਲੋਕਾਂ ਦੇ ਦਿਲਾਂ ਵਿਚ ਬਾਈਬਲ ਦੀ ਸੱਚਾਈ ਬਿਠਾਈ ਸੀ।
a ਪਹਿਲੀ ਸਦੀ ਦਾ ਇਤਿਹਾਸਕਾਰ ਜੋਸੀਫ਼ਸ ਇਕ ਤਲਾਕਸ਼ੁਦਾ ਫ਼ਰੀਸੀ ਸੀ। ਉਸ ਨੇ ਕਿਹਾ ਕਿ ਤਲਾਕ “ਕਿਸੇ ਵੀ ਕਾਰਨ ਕਰਕੇ ਦਿੱਤਾ ਜਾ ਸਕਦਾ ਹੈ (ਅਤੇ ਆਦਮੀਆਂ ਕੋਲ ਤਲਾਕ ਦੇਣ ਦੇ ਬਹੁਤ ਸਾਰੇ ਕਾਰਨ ਹਨ)।”