ਯਹੋਵਾਹ ਦਾ ਬਚਨ ਜੀਉਂਦਾ ਹੈ
ਮੱਤੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਯਸੂ ਦੀ ਜ਼ਿੰਦਗੀ ਅਤੇ ਧਰਤੀ ਤੇ ਪ੍ਰਚਾਰ ਕਰਨ ਦੌਰਾਨ ਉਸ ਦੇ ਕੰਮਾਂ, ਉਪਦੇਸ਼, ਚਮਤਕਾਰ ਤੇ ਹੋਰ ਦਿਲਚਸਪ ਘਟਨਾਵਾਂ ਨੂੰ ਕਲਮਬੱਧ ਕਰਨ ਵਾਲਾ ਪਹਿਲਾ ਇਨਸਾਨ ਮੱਤੀ ਸੀ। ਮੱਤੀ ਯਿਸੂ ਦਾ ਨਜ਼ਦੀਕੀ ਸਾਥੀ ਸੀ ਜੋ ਪਹਿਲਾਂ ਮਸੂਲੀਆ ਹੋਇਆ ਕਰਦਾ ਸੀ। ਮੱਤੀ ਦੀ ਇੰਜੀਲ ਇਬਰਾਨੀ ਭਾਸ਼ਾ ਵਿਚ ਕਲਮਬੱਧ ਕੀਤੀ ਗਈ ਸੀ ਤੇ ਬਾਅਦ ਵਿਚ ਇਸ ਦਾ ਤਰਜਮਾ ਯੂਨਾਨੀ ਭਾਸ਼ਾ ਵਿਚ ਕੀਤਾ ਗਿਆ। ਮੱਤੀ ਨੇ ਇਬਰਾਨੀ ਭਾਸ਼ਾ ਵਿਚ ਆਪਣੀ ਪੋਥੀ ਤਕਰੀਬਨ 41 ਈ. ਵਿਚ ਪੂਰੀ ਕੀਤੀ ਤੇ ਇਸ ਇੰਜੀਲ ਵਿਚ ਯਹੋਵਾਹ ਦੇ ਰਾਜ, ਇਬਰਾਨੀ ਸ਼ਾਸਤਰ ਵਿਚ ਦਰਜ ਭਵਿੱਖਬਾਣੀਆਂ ਦੀ ਪੂਰਤੀ ਤੇ ਹੋਰ ਕਈ ਅਹਿਮ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ।
ਮੱਤੀ ਦੀ ਇੰਜੀਲ ਖ਼ਾਸ ਕਰਕੇ ਯਹੂਦੀ ਲੋਕਾਂ ਲਈ ਲਿਖੀ ਗਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦਾ ਪੁੱਤਰ ਯਿਸੂ ਵਾਅਦਾ ਕੀਤਾ ਹੋਇਆ ਮਸੀਹਾ ਸੀ। ਇਸ ਇੰਜੀਲ ਦੇ ਸੰਦੇਸ਼ ਨੂੰ ਪੜ੍ਹ ਕੇ ਪਰਮੇਸ਼ੁਰ, ਉਸ ਦੇ ਵਾਅਦਿਆਂ ਅਤੇ ਉਸ ਦੇ ਪੁੱਤਰ ਵਿਚ ਸਾਡੀ ਨਿਹਚਾ ਅੱਜ ਵੀ ਮਜ਼ਬੂਤ ਹੁੰਦੀ ਹੈ।—ਇਬ. 4:12.
“ਸੁਰਗ ਦਾ ਰਾਜ ਨੇੜੇ ਆਇਆ ਹੈ”
ਮੱਤੀ ਨੇ ਆਪਣੀ ਇੰਜੀਲ ਵਿਚ ਪਰਮੇਸ਼ੁਰ ਦੇ ਰਾਜ ਅਤੇ ਯਿਸੂ ਦੀਆਂ ਸਿੱਖਿਆਵਾਂ ਉੱਤੇ ਜ਼ੋਰ ਦਿੱਤਾ। ਉਸ ਨੇ ਇਸ ਗੱਲ ਨੂੰ ਇੰਨੀ ਅਹਿਮੀਅਤ ਨਹੀਂ ਦਿੱਤੀ ਕਿ ਯਿਸੂ ਦੀ ਜ਼ਿੰਦਗੀ ਵਿਚ ਹੋਈਆਂ ਘਟਨਾਵਾਂ ਨੂੰ ਸਿਲਸਿਲੇਵਾਰ ਦਰਜ ਕੀਤਾ ਜਾਣਾ ਚਾਹੀਦਾ ਹੈ। ਮਿਸਾਲ ਲਈ, ਯਿਸੂ ਦੇ ਪਹਾੜੀ ਉਪਦੇਸ਼ ਦਾ ਜ਼ਿਕਰ ਇੰਜੀਲ ਦੇ ਸ਼ੁਰੂ ਵਿਚ ਕੀਤਾ ਗਿਆ ਹੈ, ਪਰ ਇਹ ਉਪਦੇਸ਼ ਯਿਸੂ ਨੇ ਆਪਣੀ ਸੇਵਕਾਈ ਦੇ ਅੱਧ ਵਿਚ ਦਿੱਤਾ ਸੀ।
ਗਲੀਲ ਵਿਚ ਪ੍ਰਚਾਰ ਕਰਦੇ ਹੋਏ ਯਿਸੂ ਨੇ ਕਈ ਚਮਤਕਾਰ ਕੀਤੇ ਅਤੇ ਆਪਣੇ 12 ਚੇਲਿਆਂ ਨੂੰ ਪ੍ਰਚਾਰ ਕਰਨ ਸੰਬੰਧੀ ਹਿਦਾਇਤਾਂ ਦਿੱਤੀਆਂ। ਉਸ ਨੇ ਫ਼ਰੀਸੀਆਂ ਦੀ ਨਿੰਦਿਆ ਕੀਤੀ ਤੇ ਪਰਮੇਸ਼ੁਰ ਦੇ ਰਾਜ ਬਾਰੇ ਕਈ ਦ੍ਰਿਸ਼ਟਾਂਤ ਸੁਣਾਏ। ਗਲੀਲ ਤੋਂ ਫਿਰ ਯਿਸੂ “ਯਰਦਨ ਦੇ ਪਾਰ ਯਹੂਦਿਯਾ ਦੀਆਂ ਹੱਦਾਂ ਵਿੱਚ ਆਇਆ।” (ਮੱਤੀ 19:1) ਰਾਹ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: ‘ਅਸੀਂ ਯਰੂਸ਼ਲਮ ਨੂੰ ਜਾਂਦੇ ਹਾਂ ਅਤੇ ਮਨੁੱਖ ਦੇ ਪੁੱਤ੍ਰ ਨੂੰ ਮਾਰ ਸੁੱਟਣ ਦਾ ਹੁਕਮ ਦਿੱਤਾ ਜਾਵੇਗਾ ਅਤੇ ਉਹ ਤੀਏ ਦਿਨ ਫੇਰ ਜਿਵਾਇਆ ਜਾਵੇਗਾ।’—ਮੱਤੀ 20:18, 19.
ਕੁਝ ਸਵਾਲਾਂ ਦੇ ਜਵਾਬ:
3:16—ਯਿਸੂ ਦੇ ਬਪਤਿਸਮੇ ਸਮੇਂ ‘ਅਕਾਸ਼ ਖੁੱਲ੍ਹਣ’ ਦਾ ਕੀ ਮਤਲਬ ਹੈ? ਲੱਗਦਾ ਹੈ ਕਿ ਉਸ ਵੇਲੇ ਯਿਸੂ ਨੂੰ ਸਵਰਗ ਵਿਚ ਗੁਜ਼ਾਰੀ ਆਪਣੀ ਜ਼ਿੰਦਗੀ ਯਾਦ ਆ ਗਈ ਸੀ।
5:21, 22—ਕੀ ਗੁੱਸਾ ਕਰਨਾ ਦਿਲ ਵਿਚ ਗੁੱਸਾ ਰੱਖਣ ਤੋਂ ਜ਼ਿਆਦਾ ਖ਼ਰਾਬ ਹੈ? ਯਿਸੂ ਦੀ ਚੇਤਾਵਨੀ ਅਨੁਸਾਰ ਜੇ ਕੋਈ ਆਪਣੇ ਦਿਲ ਵਿਚ ਆਪਣੇ ਭਰਾ ਲਈ ਕ੍ਰੋਧ ਨੂੰ ਜਗ੍ਹਾ ਦਿੰਦਾ ਹੈ, ਤਾਂ ਉਹ ਗੰਭੀਰ ਪਾਪ ਕਰ ਰਿਹਾ ਹੁੰਦਾ ਹੈ। ਪਰ ਆਪਣੇ ਭਰਾ ਨੂੰ ਅਪਮਾਨ ਭਰੀਆਂ ਗੱਲਾਂ ਕਹਿ ਕੇ ਆਪਣਾ ਗੁੱਸਾ ਜ਼ਾਹਰ ਕਰਨਾ ਉਸ ਤੋਂ ਵੀ ਵੱਡਾ ਪਾਪ ਹੈ। ਛੋਟੀ ਅਦਾਲਤ ਵਿਚ ਸਜ਼ਾ ਮਿਲਣ ਦੀ ਗੱਲ ਤਾਂ ਇਕ ਪਾਸੇ ਰਹੀ, ਅਜਿਹਾ ਇਨਸਾਨ ਵੱਡੀ ਅਦਾਲਤ ਵਿਚ ਸਜ਼ਾ ਦੇ ਲਾਇਕ ਹੁੰਦਾ ਹੈ।
5:48—ਕੀ ਇਹ ਮੁਮਕਿਨ ਹੈ ਕਿ “ਜਿਵੇਂ [ਸਾਡਾ] ਸੁਰਗੀ ਪਿਤਾ ਸੰਪੂਰਣ ਹੈ” ਤਿਵੇਂ ਅਸੀਂ ਵੀ ਸੰਪੂਰਣ ਹੋਈਏ? ਹਾਂ, ਕੁਝ ਹੱਦ ਤਕ ਇਹ ਮੁਮਕਿਨ ਹੈ। ਇਹ ਗੱਲ ਕਹਿਣ ਤੋਂ ਪਹਿਲਾਂ ਯਿਸੂ ਨੇ ਦੂਜਿਆਂ ਨੂੰ ਦਿਲੋਂ ਪਿਆਰ ਕਰਨ ਦੇ ਮੁੱਦੇ ਨੂੰ ਉਜਾਗਰ ਕੀਤਾ ਸੀ। ਉਸ ਨੇ ਆਪਣੇ ਸੁਣਨ ਵਾਲਿਆਂ ਨੂੰ ਪਿਆਰ ਦੇ ਮਾਮਲੇ ਵਿਚ ਪਰਮੇਸ਼ੁਰ ਦੀ ਰੀਸ ਕਰਨ ਤੇ ਉਸ ਵਰਗੇ ਬਣਨ ਦੀ ਪ੍ਰੇਰਣਾ ਦਿੱਤੀ। (ਮੱਤੀ 5:43-47) ਯਹੋਵਾਹ ਵਾਂਗ ਅਸੀਂ ਕਿਸੇ ਵੀ ਤਰ੍ਹਾਂ ਦੀ ਦੁਸ਼ਮਣੀ ਨੂੰ ਛੱਡ ਕੇ ਸਾਰਿਆਂ ਨੂੰ ਆਪਣੇ ਪਿਆਰ ਵਿਚ ਸਮਾ ਸਕਦੇ ਹਾਂ।
7:16—ਯਹੋਵਾਹ ਦੀ ਭਗਤੀ ਕਰਨ ਵਾਲਿਆਂ ਦੀ ਪਛਾਣ ਕਿਨ੍ਹਾਂ “ਫਲਾਂ” ਤੋਂ ਹੁੰਦੀ ਹੈ? ਸੱਚੇ ਭਗਤਾਂ ਦੀ ਪਛਾਣ ਸਿਰਫ਼ ਉਨ੍ਹਾਂ ਦੇ ਚਾਲ-ਚਲਣ ਤੋਂ ਨਹੀਂ ਹੁੰਦੀ, ਸਗੋਂ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਵੀ ਹੁੰਦੀ ਹੈ।
10:34-38—ਕੀ ਪਰਿਵਾਰਾਂ ਵਿਚ ਫੁੱਟ ਦਾ ਕਾਰਨ ਬਾਈਬਲ ਦੀ ਸਿੱਖਿਆ ਹੈ? ਨਹੀਂ। ਘਰ ਵਿਚ ਫੁੱਟ ਉਦੋਂ ਪੈਂਦੀ ਹੈ ਜਦੋਂ ਬਾਈਬਲ ਦੀ ਸਿੱਖਿਆ ਨੂੰ ਠੁਕਰਾਉਣ ਵਾਲੇ ਘਰ ਦੇ ਜੀਅ ਉਸ ਸਿੱਖਿਆ ਨੂੰ ਮੰਨਣ ਵਾਲੇ ਜੀਆਂ ਦਾ ਵਿਰੋਧ ਕਰਦੇ ਹਨ।—ਲੂਕਾ 12:51-53.
11:2-6—ਪਰਮੇਸ਼ੁਰ ਦੀ ਆਵਾਜ਼ ਸੁਣਨ ਤੋਂ ਬਾਅਦ ਯੂਹੰਨਾ ਨੂੰ ਜੇ ਪਤਾ ਸੀ ਕਿ ਯਿਸੂ ਹੀ ਮਸੀਹਾ ਹੈ, ਤਾਂ ਉਸ ਨੇ ਕਿਉਂ ਪੁੱਛਿਆ ਸੀ ਕਿ “ਆਉਣ ਵਾਲਾ” ਮਸੀਹਾ ਉਹੀ ਸੀ ਜਾਂ ਕੋਈ ਹੋਰ? ਸ਼ਾਇਦ ਯੂਹੰਨਾ ਨੇ ਆਪਣੀ ਤਸੱਲੀ ਵਾਸਤੇ ਇਹ ਗੱਲ ਪੁੱਛੀ ਸੀ। ਯੂਹੰਨਾ ਜਾਣਨਾ ਚਾਹੁੰਦਾ ਸੀ ਕਿ ਰਾਜ-ਸੱਤਾ ਨੂੰ ਸੰਭਾਲਣ ਵਾਲਾ ਤੇ ਯਹੂਦੀਆਂ ਦੀਆਂ ਉਮੀਦਾਂ ਪੂਰੀਆਂ ਕਰਨ ਵਾਲਾ ਯਿਸੂ ਹੀ ਸੀ ਜਾਂ “ਕਿਸੇ ਹੋਰ” ਨੇ ਆਉਣਾ ਸੀ। ਯਿਸੂ ਦੇ ਜਵਾਬ ਤੋਂ ਸਾਫ਼ ਹੈ ਕਿ ਮਸੀਹਾ ਕੇਵਲ ਉਹੀ ਸੀ।
19:28—“ਇਸਰਾਏਲ ਦੀਆਂ ਬਾਰਾਂ ਗੋਤਾਂ” ਕੌਣ ਹਨ ਜਿਨ੍ਹਾਂ ਦਾ ਨਿਆਂ ਕੀਤਾ ਜਾਣਾ ਹੈ? ਇਹ ਬਾਰਾਂ ਗੋਤ ਮਸਹ ਕੀਤੇ ਹੋਏ ਮਸੀਹੀਆਂ ਨੂੰ ਨਹੀਂ ਦਰਸਾਉਂਦੇ। (ਗਲਾ. 6:16; ਪਰ. 7:4-8) ਯਿਸੂ ਨੇ ਆਪਣੇ ਰਸੂਲਾਂ ਨੂੰ ਕਿਹਾ ਸੀ ਕਿ ਉਹ ਸਵਰਗੀ ਸਿੰਘਾਸਣਾਂ ਤੇ ਬੈਠ ਕੇ ਨਿਆਂ ਕਰਨਗੇ ਨਾ ਕਿ ਦੂਸਰੇ ਸਵਰਗੀ ਮੈਂਬਰਾਂ ਦਾ ਨਿਆਂ ਕਰਨਗੇ। ਯਿਸੂ ਨੇ ਮਸਹ ਕੀਤੇ ਹੋਏ ਮਸੀਹੀਆਂ ਲਈ “ਰਾਜ ਠਹਿਰਾਇਆ” ਸੀ। ਉਨ੍ਹਾਂ ਨੇ ‘ਪਰਮੇਸ਼ੁਰ ਲਈ ਇੱਕ ਪਾਤਸ਼ਾਹੀ ਅਤੇ ਜਾਜਕ’ ਬਣਨਾ ਸੀ। (ਲੂਕਾ 22:28-30; ਪਰ. 5:10) ਇਹ “ਜਗਤ ਦਾ ਨਿਆਉਂ ਕਰਨਗੇ।” (1 ਕੁਰਿੰ. 6:2) ਇਸ ਦਾ ਮਤਲਬ ਹੈ ਕਿ ਸਵਰਗੀ ਸਿੰਘਾਸਣਾਂ ਤੇ ਬੈਠ ਕੇ ਉਹ “ਇਸਰਾਏਲ ਦੀਆਂ ਬਾਰਾਂ ਗੋਤਾਂ” ਯਾਨੀ ਆਮ ਮਨੁੱਖਜਾਤੀ ਦਾ ਨਿਆਂ ਕਰਨਗੇ। ਲੱਗਦਾ ਹੈ ਕਿ ਪ੍ਰਾਸਚਿਤ ਦੇ ਦਿਨ ਇਕੱਠੇ ਹੁੰਦੇ ਇਸਰਾਏਲ ਦੇ 12 ਗੋਤ ਆਮ ਮਨੁੱਖਜਾਤੀ ਨੂੰ ਦਰਸਾਉਂਦੇ ਹਨ।—ਲੇਵੀ., ਅਧਿਆਇ 16.
ਸਾਡੇ ਲਈ ਸਬਕ:
4:1-10. ਇਸ ਬਿਰਤਾਂਤ ਤੋਂ ਇਹ ਗੱਲ ਸਾਫ਼ ਹੈ ਕਿ ਸ਼ਤਾਨ ਅਸਲੀ ਹੈ ਤੇ ਦਿਲ ਵਿਚ ਕਿਸੇ ਬੁਰਿਆਈ ਨੂੰ ਨਹੀਂ ਦਰਸਾਉਂਦਾ। ਸ਼ਤਾਨ ਦੁਨੀਆਂ ਵਿਚ ‘ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦੇ ਅਭਮਾਨ’ ਰਾਹੀਂ ਸਾਨੂੰ ਲਲਚਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਤੇ ਅਮਲ ਕਰ ਕੇ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਾਂ।—1 ਯੂਹੰ. 2:16.
5:1–7:29. ਯਹੋਵਾਹ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖੋ। ਦੂਸਰਿਆਂ ਨਾਲ ਮੇਲ-ਮਿਲਾਪ ਕਰੋ। ਗੰਦੇ ਵਿਚਾਰਾਂ ਨੂੰ ਦਿਮਾਗੋਂ ਕੱਢੋ। ਵਾਅਦੇ ਦੇ ਪੱਕੇ ਰਹੋ। ਪ੍ਰਾਰਥਨਾ ਕਰਦਿਆਂ ਆਪਣੀਆਂ ਲੋੜਾਂ ਨੂੰ ਨਹੀਂ, ਸਗੋਂ ਪਰਮੇਸ਼ੁਰ ਦੀ ਮਰਜ਼ੀ ਨੂੰ ਪਹਿਲ ਦਿਓ। ਰੱਬ ਦੀਆਂ ਨਜ਼ਰਾਂ ਵਿਚ ਧਨੀ ਬਣੋ। ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਧਰਮ ਨੂੰ ਭਾਲੋ। ਇਕ-ਦੂਜੇ ਉੱਤੇ ਦੋਸ਼ ਨਾ ਲਾਓ। ਪਰਮੇਸ਼ੁਰ ਦੀ ਰਜ਼ਾ ਪੂਰੀ ਕਰੋ। ਵਾਹ, ਪਹਾੜੀ ਉਪਦੇਸ਼ ਵਿਚ ਕਿੰਨੇ ਅਨਮੋਲ ਹੀਰੇ!
9:37, 38. ਯਿਸੂ ਨੇ ਪਰਮੇਸ਼ੁਰ ਨੂੰ ਅਰਜ਼ ਕੀਤੀ ਕਿ ਉਹ “ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” ਸਾਨੂੰ ਯਿਸੂ ਦੀ ਇਸ ਅਰਜ਼ ਮੁਤਾਬਕ ਜ਼ੋਰਾਂ-ਸ਼ੋਰਾਂ ਨਾਲ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਣਾ ਚਾਹੀਦਾ ਹੈ।—ਮੱਤੀ 28:19, 20.
10:32, 33. ਸਿਰ ਉੱਚਾ ਕਰ ਕੇ ਯਹੋਵਾਹ ਬਾਰੇ ਗੱਲਾਂ ਕਰੋ ਨਾ ਕਿ ਡਰ-ਡਰ ਕੇ।
13:51, 52. ਪਰਮੇਸ਼ੁਰ ਦੇ ਰਾਜ ਬਾਰੇ ਗਿਆਨ ਤੇ ਸਮਝ ਹਾਸਲ ਕਰ ਕੇ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਜਾ ਕੇ ਦੂਜਿਆਂ ਨੂੰ ਵੀ ਇਹ ਗਿਆਨ ਵੰਡੀਏ।
14:12, 13, 23. ਏਕਾਂਤ ਵਿਚ ਧਿਆਨ ਲਾ ਕੇ ਰੱਬੀ ਗੱਲਾਂ ਤੇ ਮਨਨ ਕਰਨਾ ਬਹੁਤ ਜ਼ਰੂਰੀ ਹੈ।—ਮਰ. 6:46; ਲੂਕਾ 6:12.
17:20. ਪਹਾੜ ਵਰਗੀਆਂ ਮੁਸ਼ਕਲਾਂ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਵਿਚ ਦਰਾੜ ਪਾ ਸਕਦੀਆਂ ਹਨ, ਇਸ ਲਈ ਇਨ੍ਹਾਂ ਦਾ ਡੱਟ ਕੇ ਮੁਕਾਬਲਾ ਕਰਨ ਲਈ ਸਾਨੂੰ ਨਿਹਚਾ ਦੀ ਲੋੜ ਹੈ। ਸਾਨੂੰ ਯਹੋਵਾਹ ਦੇ ਵਾਅਦਿਆਂ ਉੱਤੇ ਆਪਣੀ ਨਿਹਚਾ ਪੱਕੀ ਕਰਨ ਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਲੋੜ ਹੈ।—ਮਰ. 11:23; ਲੂਕਾ 17:6.
18:1-4; 20:20-28. ਯਿਸੂ ਦੇ ਚੇਲੇ ਅਜਿਹੇ ਮਾਹੌਲ ਵਿਚ ਜੰਮੇ-ਪਲੇ ਸਨ ਜਿਸ ਵਿਚ ਸ਼ਾਨੋ-ਸ਼ੌਕਤ ਤੇ ਉੱਚੀ ਪਦਵੀ ਨੂੰ ਤਰਜੀਹ ਦਿੱਤੀ ਜਾਂਦੀ ਸੀ। ਉਨ੍ਹਾਂ ਵਿਚ ਅਕਸਰ ਬਹਿਸ ਛਿੜੀ ਰਹਿੰਦੀ ਸੀ ਕਿ ਉਨ੍ਹਾਂ ਵਿੱਚੋਂ ਕੌਣ ਵੱਡਾ ਹੈ। ਇਹ ਗ਼ਲਤ ਵਿਚਾਰ ਸਾਡੇ ਦਿਲ ਵਿਚ ਵੀ ਘਰ ਕਰ ਸਕਦੇ ਹਨ। ਇਨ੍ਹਾਂ ਤੋਂ ਬਚਣ ਲਈ ਸਾਨੂੰ ਸਦਾ ਨਿਮਰ ਹੋ ਕੇ ਕਲੀਸਿਯਾ ਵਿਚ ਮਿਲੇ ਸਨਮਾਨਾਂ ਅਤੇ ਜ਼ਿੰਮੇਵਾਰੀਆਂ ਪ੍ਰਤੀ ਸਹੀ ਨਜ਼ਰੀਆ ਰੱਖਣਾ ਚਾਹੀਦਾ ਹੈ।
‘ਮਨੁੱਖ ਦਾ ਪੁੱਤ੍ਰ ਫੜਵਾਇਆ ਜਾਵੇਗਾ’
ਯਿਸੂ ‘ਗਧੀ ਦੇ ਉੱਤੇ ਸਵਾਰ ਹੋ ਕੇ’ 9 ਨੀਸਾਨ 33 ਈ. ਨੂੰ ਯਰੂਸ਼ਲਮ ਆਇਆ। (ਮੱਤੀ 21:5) ਅਗਲੇ ਦਿਨ ਉਸ ਨੇ ਹੈਕਲ ਵਿਚ ਆ ਕੇ ਵਪਾਰੀਆਂ ਨੂੰ ਉੱਥੋਂ ਭਜਾਇਆ। ਉਸ ਨੇ 11 ਨੀਸਾਨ ਨੂੰ ਹੈਕਲ ਵਿਚ ਉਪਦੇਸ਼ ਦਿੱਤਾ, ਫ਼ਰੀਸੀਆਂ ਤੇ ਗ੍ਰੰਥੀਆਂ ਦੀ ਨਿੰਦਿਆ ਕੀਤੀ ਤੇ ਫਿਰ ‘ਆਪਣੇ ਆਉਣ ਅਰ ਜੁਗ ਦੇ ਅੰਤ ਦਾ ਲੱਛਣ’ ਆਪਣੇ ਚੇਲਿਆਂ ਨੂੰ ਦੱਸਿਆ। (ਮੱਤੀ 24:3) ਫਿਰ ਦੂਏ ਦਿਨ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਜਾਣਦੇ ਹੋ ਜੋ ਦੋਹੁੰ ਦਿਨਾਂ ਦੇ ਪਿੱਛੋਂ ਪਸਾਹ ਦਾ ਤਿਉਹਾਰ ਹੋਵੇਗਾ ਅਤੇ ਮਨੁੱਖ ਦਾ ਪੁੱਤ੍ਰ ਸਲੀਬ ਦਿੱਤੇ ਜਾਣ ਲਈ ਫੜਵਾਇਆ ਜਾਵੇਗਾ।”—ਮੱਤੀ 26:1, 2.
14 ਨੀਸਾਨ ਦੀ ਰਾਤ ਨੂੰ ਯਿਸੂ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਆਪਣੇ ਚੇਲਿਆਂ ਨੂੰ ਦਿੱਤਾ। ਉਸੇ ਰਾਤ ਯਹੂਦਾ ਨੇ ਯਿਸੂ ਨਾਲ ਦਗ਼ਾ ਕਰ ਕੇ ਉਸ ਨੂੰ ਫੜਵਾਇਆ। ਯਿਸੂ ਨੂੰ ਮਾਰਿਆ-ਕੁੱਟਿਆ ਗਿਆ ਤੇ ਸੂਲੀ ਉੱਤੇ ਟੰਗ ਕੇ ਮਾਰ ਦਿੱਤਾ ਗਿਆ। ਤੀਜੇ ਦਿਨ ਉਸ ਨੂੰ ਮੁੜ ਜ਼ਿੰਦਾ ਕੀਤਾ ਗਿਆ। ਸਵਰਗ ਨੂੰ ਚੜ੍ਹਨ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।”—ਮੱਤੀ 28:19.
ਕੁਝ ਸਵਾਲਾਂ ਦੇ ਜਵਾਬ:
22:3, 4, 9—ਵਿਆਹ ਦੀ ਦਾਅਵਤ ਲਈ ਤਿੰਨ ਸੱਦੇ ਕਦੋਂ ਦਿੱਤੇ ਗਏ ਸਨ? ਯਿਸੂ ਦੀ ਲਾੜੀ ਬਣਨ ਦਾ ਪਹਿਲਾ ਸੱਦਾ ਉਦੋਂ ਦਿੱਤਾ ਗਿਆ ਸੀ ਜਦ ਯਿਸੂ ਤੇ ਉਸ ਦੇ ਚੇਲਿਆਂ ਨੇ 29 ਈ. ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇਹ ਸੱਦਾ 33 ਈ. ਤਕ ਦਿੱਤਾ ਗਿਆ। ਦੂਜਾ ਸੱਦਾ ਪੰਤੇਕੁਸਤ 33 ਈ. ਨੂੰ ਦਿੱਤਾ ਗਿਆ ਸੀ ਜਦੋਂ ਪਵਿੱਤਰ ਆਤਮਾ ਚੇਲਿਆਂ ਤੇ ਪਾਈ ਗਈ ਸੀ ਅਤੇ ਇਹ ਸੱਦਾ 36 ਈ. ਤਕ ਦਿੱਤਾ ਜਾਂਦਾ ਰਿਹਾ। ਇਹ ਦੋਨੋਂ ਸੱਦੇ ਯਹੂਦੀਆਂ, ਯਹੂਦੀ ਧਰਮ ਅਪਣਾਉਣ ਵਾਲਿਆਂ ਅਤੇ ਸਾਮਰੀਆਂ ਨੂੰ ਹੀ ਦਿੱਤੇ ਗਏ ਸਨ। ਪਰ ਤੀਜਾ ਸੱਦਾ 36 ਈ. ਤੋਂ ਗ਼ੈਰ-ਯਹੂਦੀਆਂ ਨੂੰ ਦਿੱਤਾ ਜਾਣ ਲੱਗਾ ਜਦੋਂ ਰੋਮੀ ਅਫ਼ਸਰ ਕੁਰਨੇਲਿਯੁਸ ਪਹਿਲਾ ਗ਼ੈਰ-ਯਹੂਦੀ ਮਸੀਹੀ ਬਣਿਆ। ਇਹ ਸੱਦਾ ਅੱਜ ਵੀ ਦਿੱਤਾ ਜਾ ਰਿਹਾ ਹੈ।
23:15—ਦੂਸਰੀ ਕੌਮ ਦੇ ਬੰਦੇ ਫ਼ਰੀਸੀਆਂ ਦੀ ਸਿੱਖਿਆ ਅਧੀਨ ਯਹੂਦੀ ਬਣ ਕੇ ਫ਼ਰੀਸੀਆਂ ਨਾਲੋਂ ‘ਦੂਣੀ ਨਰਕ’ [“ਗ਼ਹੈਨਾ” NW] ਦੀ ਸਜ਼ਾ ਦੇ ਲਾਇਕ ਕਿਉਂ ਸਨ? ਯਹੂਦੀ ਬਣੇ ਇਹ ਬੰਦੇ ਪਹਿਲਾਂ ਸ਼ਾਇਦ ਘੋਰ ਪਾਪ ਕਰਦੇ ਹੋਣਗੇ। ਪਰ ਫ਼ਰੀਸੀਆਂ ਦਾ ਕੱਟੜਪੰਥੀ ਰਵੱਈਆ ਅਪਣਾ ਕੇ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਖ਼ਰਾਬ ਹੋ ਗਈ। ਸ਼ਾਇਦ ਉਹ ਫ਼ਰੀਸੀਆਂ ਤੋਂ ਵੀ ਜ਼ਿਆਦਾ ਬੁਰੇ ਹੋ ਗਏ ਸਨ। ਇਸ ਲਈ ਉਹ ਇਸ ਦੂਣੀ ਸਜ਼ਾ ਦੇ ਲਾਇਕ ਸਨ।
27:3-5—ਯਹੂਦਾ ਨੂੰ ਕਿਸ ਗੱਲ ਦਾ ਪਛਤਾਵਾ ਸੀ? ਇਸ ਦਾ ਕੋਈ ਸਬੂਤ ਨਹੀਂ ਕਿ ਯਿਸੂ ਨੂੰ ਦਗ਼ਾ ਦੇਣ ਤੋਂ ਬਾਅਦ ਯਹੂਦਾ ਨੇ ਸੱਚੇ ਦਿਲੋਂ ਪਛਤਾਵਾ ਕੀਤਾ। ਯਹੋਵਾਹ ਤੋਂ ਮਾਫ਼ੀ ਮੰਗਣ ਦੀ ਬਜਾਇ ਉਸ ਨੇ ਧਾਰਮਿਕ ਗੁਰੂਆਂ ਕੋਲ ਜਾ ਕੇ ਆਪਣੀ ਗ਼ਲਤੀ ਦਾ ਇਕਬਾਲ ਕੀਤਾ। ਯਹੂਦਾ ਦਾ ਪਾਪ ‘ਇਹੋ ਜਿਹਾ ਇੱਕ ਪਾਪ ਸੀ ਜਿਹੜਾ ਮੌਤ ਦਾ ਕਾਰਨ ਹੈ,’ ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਉਸ ਦੀ ਜ਼ਮੀਰ ਉਸ ਨੂੰ ਲਾਅਨਤਾਂ ਪਾਉਂਦੀ ਸੀ। (1 ਯੂਹੰ. 5:16) ਕੋਈ ਚਾਰਾ ਨਾ ਹੋਣ ਕਰਕੇ ਉਸ ਨੇ ਜਲਦਬਾਜ਼ੀ ਵਿਚ ਕੁਝ ਹੱਦ ਤਕ ਪਛਤਾਵਾ ਕੀਤਾ।
ਸਾਡੇ ਲਈ ਸਬਕ:
21:28-31. ਯਹੋਵਾਹ ਦੀ ਮਿਹਰ ਪਾਉਣ ਲਈ ਸਾਡੇ ਲਈ ਉਸ ਦੀ ਮਰਜ਼ੀ ਪੂਰੀ ਕਰਨੀ ਜ਼ਰੂਰੀ ਹੈ। ਇਹ ਅਸੀਂ ਪ੍ਰਚਾਰ ਤੇ ਚੇਲੇ ਬਣਾਉਣ ਦੇ ਕੰਮ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈ ਕੇ ਕਰ ਸਕਦੇ ਹਾਂ।—ਮੱਤੀ 24:14; 28:19, 20.
22:37-39. ਯਹੋਵਾਹ ਨੂੰ ਦਿਲੋਂ ਪਿਆਰ ਕਰਨ ਤੇ ਗੁਆਂਢੀ ਨੂੰ ਪਿਆਰ ਕਰਨ ਦੇ ਇਹ ਦੋ ਹੁਕਮ ਕਿੰਨੇ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਂਦੇ ਹਨ ਕਿ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ।
[ਸਫ਼ਾ 31 ਉੱਤੇ ਤਸਵੀਰ]
ਕੀ ਤੁਸੀਂ ਚੇਲੇ ਬਣਾਉਣ ਦੇ ਕੰਮ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈ ਰਹੇ ਹੋ?
[ਕ੍ਰੈਡਿਟ ਲਾਈਨ]
© 2003 BiblePlaces.com
[ਸਫ਼ਾ 31 ਉੱਤੇ ਤਸਵੀਰ]
ਮੱਤੀ ਨੇ ਪਰਮੇਸ਼ੁਰ ਦੇ ਰਾਜ ਦੇ ਵਿਸ਼ੇ ਨੂੰ ਉਜਾਗਰ ਕੀਤਾ