ਪਾਠਕਾਂ ਦੇ ਸਵਾਲ
ਕੀ ਤਿੰਨ ਰਾਜੇ ਸੱਚ-ਮੁੱਚ ਨਵ-ਜੰਮੇ ਯਿਸੂ ਨੂੰ ਦੇਖਣ ਆਏ ਸਨ?
ਦੁਨੀਆਂ ਭਰ ਵਿਚ ਯਿਸੂ ਦੇ ਜਨਮ ਬਾਰੇ ਕਹਾਣੀਆਂ ਦੱਸੀਆਂ ਜਾਂਦੀਆਂ ਹਨ ਜਿਨ੍ਹਾਂ ਵਿਚ ਤਿੰਨ ਰਾਜੇ ਤੋਹਫ਼ੇ ਲੈ ਕੇ ਯਿਸੂ ਨੂੰ ਦੇਖਣ ਆਏ। ਪਰ ਕੀ ਇਹ ਕਹਾਣੀਆਂ ਸੱਚ ਹਨ? ਬਾਈਬਲ ਯਿਸੂ ਦੇ ਜਨਮ ਬਾਰੇ ਕੀ ਕਹਿੰਦੀ ਹੈ? ਆਓ ਆਪਾਂ ਦੇਖੀਏ।
ਮੱਤੀ ਅਤੇ ਲੂਕਾ ਦੀਆਂ ਇੰਜੀਲਾਂ ਵਿਚ ਯਿਸੂ ਦੇ ਜਨਮ ਬਾਰੇ ਸਹੀ-ਸਹੀ ਦੱਸਿਆ ਗਿਆ ਹੈ। ਉਹ ਦੱਸਦੀਆਂ ਹਨ ਕਿ ਲਾਗੇ ਦੀਆਂ ਖੇਤਾਂ ਤੋਂ ਸਿਰਫ਼ ਚਰਵਾਹੇ ਨਵ-ਜੰਮੇ ਯਿਸੂ ਨੂੰ ਦੇਖਣ ਆਏ ਸਨ। ਭਾਵੇਂ ਕਿ ਕਈ ਕਹਾਣੀਆਂ ਵਿਚ ਰਾਜਿਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਇਹ ਆਦਮੀ ਸ਼ਾਹੀ ਘਰਾਣੇ ਦੇ ਨਹੀਂ ਸਨ। ਅਸਲ ਵਿਚ ਇਹ ਜੋਤਸ਼ੀ ਜਾਂ ਪੰਡਿਤ ਸਨ ਅਤੇ ਸਾਨੂੰ ਇਹ ਨਹੀਂ ਪਤਾ ਕਿ ਕਿੰਨੇ ਜਣੇ ਯਿਸੂ ਨੂੰ ਦੇਖਣ ਆਏ ਸਨ। ਜਦ ਇਹ ਜੋਤਸ਼ੀ ਯਿਸੂ ਕੋਲ ਪਹੁੰਚੇ, ਤਾਂ ਉਹ ਖੁਰਲੀ ਵਿਚ ਪਿਆ ਨਵ-ਜੰਮਿਆ ਕਾਕਾ ਨਹੀਂ ਸੀ, ਪਰ ਆਪਣੇ ਮਾਪਿਆਂ ਦੇ ਘਰ ਤੁਰਦਾ-ਫਿਰਦਾ ਬੱਚਾ ਸੀ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਆਉਣ ਨਾਲ ਯਿਸੂ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ!
ਲੂਕਾ ਦੀ ਇੰਜੀਲ ਵੱਲ ਗਹੁ ਨਾਲ ਦੇਖੋ। ਉੱਥੇ ਲਿਖਿਆ ਹੈ: “ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ। ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ . . . ਦੂਤ ਨੇ ਉਨ੍ਹਾਂ ਨੂੰ ਆਖਿਆ . . . ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ . . . ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ।”—ਲੂਕਾ 2:8-16.
ਉਸ ਸਮੇਂ ਸਿਰਫ਼ ਯੂਸੁਫ਼, ਮਰਿਯਮ ਅਤੇ ਚਰਵਾਹੇ ਯਿਸੂ ਨਾਲ ਸਨ। ਲੂਕਾ ਦੀ ਇੰਜੀਲ ਵਿਚ ਹੋਰ ਕਿਸੇ ਦਾ ਜ਼ਿਕਰ ਨਹੀਂ ਆਉਂਦਾ।
ਹੁਣ ਆਓ ਆਪਾਂ ਪਵਿੱਤਰ ਬਾਈਬਲ ਨਵਾਂ ਅਨੁਵਾਦ ਵਿਚ ਮੱਤੀ 2:1-11 ਵੱਲ ਧਿਆਨ ਦੇਈਏ: “ਯਿਸੂ ਦਾ ਜਨਮ ਯਹੂਦਾ ਦੇਸ਼ ਦੇ ਇਕ ਨਗਰ ਬੈਤਲਹਮ ਵਿਚ ਹੋਇਆ। ਉਸ ਸਮੇਂ ਯਹੂਦਾ ਦੇਸ਼ ਤੇ ਹੇਰੋਦੇਸ ਰਾਜ ਕਰਦਾ ਸੀ। ਯਿਸੂ ਦੇ ਜਨਮ ਦੇ ਕੁਝ ਚਿਰ ਪਿੱਛੋਂ ਪੂਰਬ ਦੇ ਤਾਰਿਆਂ ਦਾ ਗਿਆਨ ਰੱਖਣ ਵਾਲੇ ਕੁਝ ਪੰਡਿਤ ਯਰੂਸ਼ਲਮ ਵਿਚ ਆਏ; . . . ਉਹ ਘਰ ਦੇ ਅੰਦਰ ਗਏ ਅਤੇ ਬੱਚੇ ਨੂੰ ਮਾਤਾ ਮਰੀਅਮ ਦੇ ਨਾਲ ਦੇਖਿਆ।”
ਧਿਆਨ ਦਿਓ ਕਿ ਇੱਥੇ ਸਿਰਫ਼ ‘ਪੰਡਿਤਾਂ’ ਦੀ ਗੱਲ ਕੀਤੀ ਗਈ ਹੈ, ਤਿੰਨ ਪੰਡਿਤਾਂ ਦੀ ਨਹੀਂ। ਇਸ ਤੋਂ ਇਲਾਵਾ ਉਹ ਪੂਰਬ ਤੋਂ ਆ ਕੇ ਪਹਿਲਾਂ ਯਰੂਸ਼ਲਮ ਨੂੰ ਗਏ ਸਨ ਨਾ ਕਿ ਬੈਤਲਹਮ ਨੂੰ ਜਿੱਥੇ ਯਿਸੂ ਦਾ ਜਨਮ ਹੋਇਆ। ਜਦੋਂ ਉਹ ਯਰੂਸ਼ਲਮ ਪਹੁੰਚੇ, ਤਾਂ ਯਿਸੂ ਨਵ-ਜੰਮਿਆ ਬੱਚਾ ਨਹੀਂ ਸੀ, ਪਰ ਥੋੜ੍ਹਾ ਵੱਡਾ ਹੋ ਗਿਆ ਸੀ ਤੇ ਤਬੇਲੇ ਵਿਚ ਨਹੀਂ, ਸਗੋਂ ਘਰ ਵਿਚ ਰਹਿ ਰਿਹਾ ਸੀ।
ਹੋਰਨਾਂ ਬਾਈਬਲਾਂ ਵਿਚ ਪੰਡਿਤ ਦੀ ਬਜਾਇ ਜੋਤਸ਼ੀ ਸ਼ਬਦ ਵਰਤਿਆ ਗਿਆ ਹੈ। ਮੱਤੀ ਦੀ ਇੰਜੀਲ ਬਾਰੇ ਇਕ ਪੋਥੀ ਨੇ ਸਮਝਾਇਆ ਕਿ ਜਿਸ “ਯੂਨਾਨੀ ਸ਼ਬਦ ਦਾ ਤਰਜਮਾ ‘ਪੰਡਿਤ’ ਕੀਤਾ ਗਿਆ ਹੈ ਉਹ ਈਰਾਨ ਦੇ ਪੁਰਾਤਨ ਪੁਜਾਰੀਆਂ ਲਈ ਵਰਤਿਆ ਜਾਂਦਾ ਸੀ ਜੋ ਜੋਤਸ਼-ਵਿਦਿਆ ਵਿਚ ਮਾਹਰ ਸਨ।” ਇਕ ਹੋਰ ਕੋਸ਼ ਕਹਿੰਦਾ ਹੈ ਕਿ ਇਸ ਸ਼ਬਦ ਦਾ ਮਤਲਬ ਇਹ ਵੀ ਹੈ: “ਜਾਦੂਗਰ, ਮਾਂਦਰੀ, ਚਮਤਕਾਰ ਦਿਖਾਉਣ ਵਾਲਾ ਅਤੇ ਜਾਦੂ-ਟੂਣਾ ਕਰਨ ਵਾਲਾ।”
ਭਾਵੇਂ ਅੱਜ-ਕੱਲ੍ਹ ਜੋਤਸ਼-ਵਿਦਿਆ ਅਤੇ ਜਾਦੂ-ਟੂਣਾ ਆਮ ਹਨ, ਪਰ ਬਾਈਬਲ ਸਾਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੰਦੀ ਹੈ। (ਯਸਾਯਾਹ 47:13-15) ਯਹੋਵਾਹ ਪਰਮੇਸ਼ੁਰ ਇਨ੍ਹਾਂ ਚੀਜ਼ਾਂ ਨਾਲ ਸਖ਼ਤ ਨਫ਼ਰਤ ਕਰਦਾ ਹੈ। (ਬਿਵਸਥਾ ਸਾਰ 18:10-12) ਇਸ ਲਈ ਯਹੋਵਾਹ ਪਰਮੇਸ਼ੁਰ ਯਿਸੂ ਦੇ ਜਨਮ ਦੀ ਖ਼ਬਰ ਦੇਣ ਲਈ ਆਪਣੇ ਕਿਸੇ ਦੂਤ ਨੂੰ ਜੋਤਸ਼ੀਆਂ ਕੋਲ ਕਦੇ ਨਹੀਂ ਘੱਲਦਾ। ਪਰ ਯਹੋਵਾਹ ਨੇ ਸੁਪਨੇ ਵਿਚ ਜੋਤਸ਼ੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਰਾਜਾ ਹੇਰੋਦੇਸ ਕੋਲ ਵਾਪਸ ਨਾ ਮੁੜਨ ਕਿਉਂਕਿ ਉਹ ਯਿਸੂ ਨੂੰ ਮਾਰਨਾ ਚਾਹੁੰਦਾ ਸੀ। ਇਸ ਲਈ “ਓਹ ਹੋਰ ਰਸਤੇ ਆਪਣੇ ਦੇਸ ਨੂੰ ਮੁੜ ਗਏ।”—ਮੱਤੀ 2:11-16.
ਕੀ ਸੱਚੇ ਮਸੀਹੀ ਯਿਸੂ ਦੇ ਜਨਮ ਬਾਰੇ ਅਜਿਹੀਆਂ ਕਹਾਣੀਆਂ ਫੈਲਾਉਣਗੇ ਜੋ ਸੱਚਾਈ ਉੱਤੇ ਪਰਦਾ ਪਾਉਂਦੀਆਂ ਹਨ? ਬਿਲਕੁਲ ਨਹੀਂ! (w09-E 12/01)