ਦਿਲਾਂ ਤੇ ਲਿਖੀ ਪਿਆਰ ਦੀ ਬਿਵਸਥਾ
“ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ।”—ਯਿਰਮਿਯਾਹ 31:33.
1, 2. (ੳ) ਆਪਾਂ ਹੁਣ ਕਿਸ ਗੱਲ ਉੱਤੇ ਗੌਰ ਕਰਨਾ ਹੈ? (ਅ) ਯਹੋਵਾਹ ਨੇ ਸੀਨਈ ਪਹਾੜ ਤੇ ਆਪਣੇ ਆਪ ਨੂੰ ਕਿਵੇਂ ਪ੍ਰਗਟਾਇਆ ਸੀ?
ਪਿਛਲੇ ਦੋ ਲੇਖਾਂ ਵਿਚ ਅਸੀਂ ਸਿੱਖਿਆ ਸੀ ਕਿ ਜਦ ਮੂਸਾ ਸੀਨਈ ਪਹਾੜ ਤੋਂ ਉਤਰਿਆ, ਤਾਂ ਉਸ ਦੇ ਚਿਹਰੇ ਤੋਂ ਯਹੋਵਾਹ ਦਾ ਤੇਜ ਚਮਕ ਰਿਹਾ ਸੀ। ਅਸੀਂ ਉਸ ਪਰਦੇ ਬਾਰੇ ਵੀ ਚਰਚਾ ਕੀਤੀ ਜਿਸ ਨਾਲ ਮੂਸਾ ਲੋਕਾਂ ਨਾਲ ਗੱਲ ਕਰਨ ਵੇਲੇ ਆਪਣਾ ਚਿਹਰਾ ਢੱਕ ਲੈਂਦਾ ਸੀ। ਆਓ ਆਪਾਂ ਹੁਣ ਇਕ ਹੋਰ ਗੱਲ ਉੱਤੇ ਗੌਰ ਕਰੀਏ ਜੋ ਅੱਜ ਮਸੀਹੀਆਂ ਲਈ ਮਾਅਨੇ ਰੱਖਦੀ ਹੈ।
2 ਜਦ ਮੂਸਾ ਪਹਾੜ ਉੱਤੇ ਸੀ, ਤਾਂ ਉਸ ਨੂੰ ਯਹੋਵਾਹ ਤੋਂ ਕੁਝ ਹਿਦਾਇਤਾਂ ਮਿਲੀਆਂ ਸਨ। ਸੀਨਈ ਪਹਾੜ ਕੋਲ ਇਕੱਠੇ ਹੋਏ ਇਸਰਾਏਲੀਆਂ ਨੇ ਪਰਮੇਸ਼ੁਰ ਦਾ ਸ਼ਕਤੀਸ਼ਾਲੀ ਪ੍ਰਗਟਾਵਾ ਦੇਖਿਆ। “ਗੱਜਾਂ ਹੋਈਆਂ ਅਰ ਲਿਸ਼ਕਾਂ ਪਈਆਂ ਅਰ ਇੱਕ ਕਾਲਾ ਬੱਦਲ ਪਹਾੜ ਉੱਤੇ ਸੀ ਅਰ ਤੁਰ੍ਹੀ ਦੀ ਅਵਾਜ਼ ਬਹੁਤ ਉੱਚੀ ਸੀ ਅਤੇ ਜਿੰਨੇ ਲੋਕ ਡੇਰੇ ਵਿੱਚ ਸਨ ਕੰਬ ਗਏ। . . . ਅਰ ਸਾਰੇ ਸੀਨਈ ਪਹਾੜ ਤੋਂ ਧੂੰਆਂ ਨਿੱਕਲਦਾ ਸੀ ਕਿਉਂ ਜੋ ਯਹੋਵਾਹ ਅੱਗ ਵਿੱਚ ਉਸ ਦੇ ਉੱਤੇ ਉੱਤਰਿਆ ਅਤੇ ਭੱਠੀ ਵਰਗਾ ਧੂੰਆਂ ਉਸ ਦੇ ਉੱਤੋਂ ਉੱਠ ਰਿਹਾ ਸੀ ਅਰ ਸਾਰਾ ਪਹਾੜ ਅੱਤ ਕੰਬ ਰਿਹਾ ਸੀ।”—ਕੂਚ 19:16-18.
3. ਯਹੋਵਾਹ ਨੇ ਇਸਰਾਏਲੀਆਂ ਨੂੰ ਦਸ ਹੁਕਮ ਕਿਸ ਤਰ੍ਹਾਂ ਦਿੱਤੇ ਸਨ ਅਤੇ ਉਹ ਕੀ ਸਮਝ ਗਏ ਸਨ?
3 ਯਹੋਵਾਹ ਨੇ ਇਕ ਦੂਤ ਰਾਹੀਂ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਸ ਹੁਕਮ ਦਿੱਤੇ। (ਕੂਚ 20:1-17) ਇਸ ਲਈ ਲੋਕਾਂ ਦੇ ਮਨਾਂ ਵਿਚ ਇਸ ਗੱਲ ਦਾ ਕੋਈ ਸ਼ੱਕ ਨਹੀਂ ਹੋ ਸਕਦਾ ਸੀ ਕਿ ਇਹ ਹੁਕਮ ਸਰਬਸ਼ਕਤੀਮਾਨ ਪਰਮੇਸ਼ੁਰ ਵੱਲੋਂ ਸਨ। ਯਹੋਵਾਹ ਨੇ ਇਹ ਹੁਕਮ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖੇ, ਜਿਨ੍ਹਾਂ ਨੂੰ ਮੂਸਾ ਨੇ ਚਕਨਾਚੂਰ ਕਰ ਦਿੱਤਾ ਸੀ ਜਦ ਉਸ ਨੇ ਇਸਰਾਏਲੀਆਂ ਨੂੰ ਸੋਨੇ ਦੇ ਵੱਛੇ ਦੀ ਪੂਜਾ ਕਰਦੇ ਦੇਖਿਆ। ਯਹੋਵਾਹ ਨੇ ਦੁਬਾਰਾ ਇਹ ਹੁਕਮ ਪੱਥਰ ਦੀਆਂ ਫੱਟੀਆਂ ਉੱਤੇ ਲਿਖੇ। ਇਸ ਵਾਰ ਜਦ ਮੂਸਾ ਇਨ੍ਹਾਂ ਫੱਟੀਆਂ ਨੂੰ ਲੈ ਕੇ ਪਹਾੜੋਂ ਥੱਲੇ ਉਤਰਿਆ, ਤਾਂ ਉਸ ਦਾ ਚਿਹਰਾ ਚਮਕ ਰਿਹਾ ਸੀ। ਉਦੋਂ ਸਾਰਿਆਂ ਨੇ ਸਮਝ ਹੀ ਲਿਆ ਹੋਣਾ ਸੀ ਕਿ ਇਹ ਹੁਕਮ ਬਹੁਤ ਅਹਿਮੀਅਤ ਰੱਖਦੇ ਸਨ।—ਕੂਚ 32:15-19; 34:1, 4, 29, 30.
4. ਦਸ ਹੁਕਮਾਂ ਦੀ ਅਹਿਮੀਅਤ ਕੀ ਸੀ?
4 ਜਿਨ੍ਹਾਂ ਦੋ ਫੱਟੀਆਂ ਉੱਤੇ ਦਸ ਹੁਕਮ ਲਿਖੇ ਸਨ, ਉਨ੍ਹਾਂ ਨੂੰ ਨੇਮ ਦੇ ਸੰਦੂਕ ਵਿਚ ਰੱਖਿਆ ਗਿਆ। ਇਸ ਸੰਦੂਕ ਨੂੰ ਪਹਿਲਾਂ ਡੇਹਰੇ ਦੇ ਅੱਤ ਪਵਿੱਤਰ ਸਥਾਨ ਵਿਚ ਅਤੇ ਫਿਰ ਬਾਅਦ ਵਿਚ ਹੈਕਲ ਦੇ ਅੱਤ ਪਵਿੱਤਰ ਸਥਾਨ ਵਿਚ ਰੱਖਿਆ ਗਿਆ ਸੀ। ਇਹ ਹੁਕਮ ਬਿਵਸਥਾ ਨੇਮ ਦਾ ਸਾਰ ਸਨ ਅਤੇ ਪਰਮੇਸ਼ੁਰ ਨੇ ਇਨ੍ਹਾਂ ਹੁਕਮਾਂ ਵਿਚ ਪਾਏ ਜਾਂਦੇ ਸਿਧਾਂਤਾਂ ਅਨੁਸਾਰ ਇਸਰਾਏਲ ਕੌਮ ਉੱਤੇ ਹਕੂਮਤ ਕੀਤੀ। ਉਨ੍ਹਾਂ ਹੁਕਮਾਂ ਤੋਂ ਸਬੂਤ ਮਿਲਿਆ ਕਿ ਇਸਰਾਏਲੀ ਯਹੋਵਾਹ ਦੀ ਖ਼ਾਸ ਪਰਜਾ ਸਨ ਯਾਨੀ ਉਸ ਦੇ ਚੁਣੇ ਹੋਏ ਲੋਕ।
5. ਪਰਮੇਸ਼ੁਰ ਦੇ ਹੁਕਮਾਂ ਤੋਂ ਇਸਰਾਏਲੀਆਂ ਲਈ ਉਸ ਦਾ ਪਿਆਰ ਕਿਵੇਂ ਜ਼ਾਹਰ ਹੁੰਦਾ ਸੀ?
5 ਇਨ੍ਹਾਂ ਹੁਕਮਾਂ ਤੋਂ ਅਸੀਂ ਯਹੋਵਾਹ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਮਿਸਾਲ ਲਈ, ਸਾਨੂੰ ਪਤਾ ਲੱਗਦਾ ਹੈ ਕਿ ਉਹ ਆਪਣੇ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਸੀ। ਇਹ ਹੁਕਮ ਉਨ੍ਹਾਂ ਲਈ ਇਕ ਕੀਮਤੀ ਤੋਹਫ਼ੇ ਦੀ ਤਰ੍ਹਾਂ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਮੰਨਿਆ। ਇਕ ਵਿਦਵਾਨ ਨੇ ਲਿਖਿਆ: ‘ਇਨਸਾਨਾਂ ਦੀ ਬਣਾਈ ਗਈ ਕੋਈ ਵੀ ਨਿਯਮਾਵਲੀ ਪਰਮੇਸ਼ੁਰ ਦੇ ਇਨ੍ਹਾਂ ਦਸ ਹੁਕਮਾਂ ਦੀ ਬਰਾਬਰੀ ਨਹੀਂ ਕਰ ਸਕਦੀ।’ ਮੂਸਾ ਦੀ ਬਿਵਸਥਾ ਬਾਰੇ ਯਹੋਵਾਹ ਨੇ ਕਿਹਾ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।”—ਕੂਚ 19:5, 6.
ਦਿਲਾਂ ਤੇ ਲਿਖੀ ਬਿਵਸਥਾ
6. ਪੱਥਰ ਤੇ ਲਿਖੇ ਹੁਕਮਾਂ ਨਾਲੋਂ ਕਿਹੜੀ ਬਿਵਸਥਾ ਜ਼ਿਆਦਾ ਅਹਿਮ ਸਾਬਤ ਹੋਈ ਹੈ?
6 ਜੀ ਹਾਂ, ਪਰਮੇਸ਼ੁਰ ਵੱਲੋਂ ਦਿੱਤੇ ਇਹ ਨਿਯਮ ਬਹੁਤ ਫ਼ਾਇਦੇਮੰਦ ਸਨ। ਪਰ ਕੀ ਤੁਸੀਂ ਜਾਣਦੇ ਹੋ ਕਿ ਮਸਹ ਕੀਤੇ ਹੋਏ ਮਸੀਹੀਆਂ ਕੋਲ ਪੱਥਰਾਂ ਤੇ ਲਿਖੇ ਦਸ ਹੁਕਮਾਂ ਨਾਲੋਂ ਵੀ ਕੀਮਤੀ ਚੀਜ਼ ਹੈ? ਯਹੋਵਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਉਹ ਆਪਣੇ ਲੋਕਾਂ ਨਾਲ ਇਕ ਨਵਾਂ ਨੇਮ ਬੰਨ੍ਹੇਗਾ ਜੋ ਇਸਰਾਏਲ ਕੌਮ ਨਾਲ ਬੰਨ੍ਹੇ ਗਏ ਬਿਵਸਥਾ ਨੇਮ ਤੋਂ ਵੱਖਰਾ ਹੋਵੇਗਾ। “ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ।” (ਯਿਰਮਿਯਾਹ 31:31-34) ਨਵੇਂ ਨੇਮ ਦੇ ਵਿਚੋਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਈ ਨਵੀਂ ਲਿਖਤੀ ਨਿਯਮਾਵਲੀ ਨਹੀਂ ਦਿੱਤੀ ਸੀ। ਉਸ ਨੇ ਆਪਣੇ ਕੰਮਾਂ ਤੇ ਸ਼ਬਦਾਂ ਰਾਹੀਂ ਯਹੋਵਾਹ ਦੀ ਨਵੀਂ ਬਿਵਸਥਾ ਆਪਣੇ ਚੇਲਿਆਂ ਦੇ ਦਿਲਾਂ ਤੇ ਮਨਾਂ ਵਿਚ ਬਿਠਾਈ।
7. “ਮਸੀਹ ਦੀ ਸ਼ਰਾ” ਪਹਿਲਾਂ ਕਿਨ੍ਹਾਂ ਨੂੰ ਦਿੱਤੀ ਗਈ ਸੀ ਤੇ ਬਾਅਦ ਵਿਚ ਹੋਰ ਕੌਣ ਉਸ ਉੱਤੇ ਚੱਲਣ ਲੱਗ ਪਏ?
7 ਇਸ ਨਵੀਂ ਬਿਵਸਥਾ ਨੂੰ “ਮਸੀਹ ਦੀ ਸ਼ਰਾ” ਕਿਹਾ ਗਿਆ ਹੈ। ਇਹ ਸ਼ਰਾ ਪਹਿਲਾਂ ਯਾਕੂਬ ਦੀ ਸੰਤਾਨ ਯਾਨੀ ਪੈਦਾਇਸ਼ੀ ਇਸਰਾਏਲੀਆਂ ਨੂੰ ਨਹੀਂ, ਸਗੋਂ ਇਕ ਰੂਹਾਨੀ ਕੌਮ “ਪਰਮੇਸ਼ੁਰ ਦੇ ਇਸਰਾਏਲ” ਨੂੰ ਦਿੱਤੀ ਗਈ ਸੀ। (ਗਲਾਤੀਆਂ 6:2, 16; ਰੋਮੀਆਂ 2:28, 29) ਪਰਮੇਸ਼ੁਰ ਦਾ ਇਸਰਾਏਲ ਮਸਹ ਕੀਤੇ ਹੋਏ ਮਸੀਹੀਆਂ ਦੀ ਕੌਮ ਹੈ। ਸਮੇਂ ਦੇ ਬੀਤਣ ਨਾਲ ਸਾਰੀਆਂ ਕੌਮਾਂ ਵਿੱਚੋਂ “ਇੱਕ ਵੱਡੀ ਭੀੜ” ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰਨ ਲੱਗ ਪਈ। (ਪਰਕਾਸ਼ ਦੀ ਪੋਥੀ 7:9, 10; ਜ਼ਕਰਯਾਹ 8:23) ਇਹ ਸਾਰੇ ਮਸੀਹੀ ਮਿਲ ਕੇ “ਇੱਕੋ ਇੱਜੜ” ਹਨ ਜਿਨ੍ਹਾਂ ਦਾ ਅਯਾਲੀ ਯਿਸੂ ਮਸੀਹ ਹੈ। ਇਸ ਲਈ ਦੋਨੋਂ ਵਰਗ ਦੇ ਮਸੀਹੀ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਵਿਚ “ਮਸੀਹ ਦੀ ਸ਼ਰਾ” ਉੱਤੇ ਚੱਲਦੇ ਹਨ।—ਯੂਹੰਨਾ 10:16.
8. ਮੂਸਾ ਦੀ ਬਿਵਸਥਾ ਅਤੇ ਮਸੀਹ ਦੀ ਸ਼ਰਾ ਵਿਚ ਕੀ ਫ਼ਰਕ ਸੀ?
8 ਪੈਦਾਇਸ਼ੀ ਇਸਰਾਏਲੀਆਂ ਤੋਂ ਉਲਟ, ਜੋ ਜਨਮ ਤੋਂ ਮੂਸਾ ਦੀ ਬਿਵਸਥਾ ਦੇ ਅਧੀਨ ਸਨ, ਮਸੀਹੀ ਆਪਣੀ ਮਰਜ਼ੀ ਨਾਲ ਮਸੀਹ ਦੀ ਸ਼ਰਾ ਉੱਤੇ ਚੱਲਣ ਦਾ ਫ਼ੈਸਲਾ ਕਰਦੇ ਹਨ। ਇਸ ਦਾ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿਸ ਜਾਤ ਜਾਂ ਦੇਸ਼ ਦੇ ਹਨ। ਉਹ ਯਹੋਵਾਹ ਅਤੇ ਉਸ ਦੇ ਰਾਹਾਂ ਬਾਰੇ ਸਿੱਖਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਪਰਮੇਸ਼ੁਰ ਦਾ ਨੇਮ “ਓਹਨਾਂ ਦੇ ਅੰਦਰ” ਯਾਨੀ “ਓਹਨਾਂ ਦੇ ਦਿਲਾਂ” ਉੱਤੇ ਲਿਖਿਆ ਗਿਆ ਹੈ, ਇਸ ਲਈ ਮਸਹ ਕੀਤੇ ਹੋਏ ਮਸੀਹੀ ਸਿਰਫ਼ ਸਜ਼ਾ ਦੇ ਡਰ ਤੋਂ ਜਾਂ ਫ਼ਰਜ਼ ਪੂਰਾ ਕਰਨ ਲਈ ਪਰਮੇਸ਼ੁਰ ਦੀ ਆਗਿਆ ਨਹੀਂ ਮੰਨਦੇ। ਇਸ ਦੀ ਬਜਾਇ ਉਹ ਦਿਲੋਂ ਪ੍ਰੇਰਿਤ ਹੋ ਕੇ ਯਹੋਵਾਹ ਦੇ ਆਗਿਆਕਾਰ ਰਹਿੰਦੇ ਹਨ। ਇਹੀ ਗੱਲ ਹੋਰ ਭੇਡਾਂ ਬਾਰੇ ਵੀ ਕਹੀ ਜਾ ਸਕਦੀ ਹੈ।
ਪਿਆਰ ਤੇ ਆਧਾਰਿਤ ਨਿਯਮ
9. ਯਿਸੂ ਨੇ ਕਿਵੇਂ ਦਿਖਾਇਆ ਕਿ ਪਿਆਰ ਹੀ ਯਹੋਵਾਹ ਦੇ ਹੁਕਮਾਂ ਦਾ ਆਧਾਰ ਸੀ?
9 ਯਹੋਵਾਹ ਦੇ ਸਾਰੇ ਨਿਯਮਾਂ ਅਤੇ ਹੁਕਮਾਂ ਦਾ ਸਾਰ ਇਕ ਲਫ਼ਜ਼ ਵਿਚ ਦਿੱਤਾ ਜਾ ਸਕਦਾ ਹੈ: ਪਿਆਰ। ਯਹੋਵਾਹ ਦੀ ਭਗਤੀ ਦਾ ਆਧਾਰ ਹਮੇਸ਼ਾ ਪਿਆਰ ਰਿਹਾ ਹੈ ਅਤੇ ਰਹੇਗਾ ਵੀ। ਜਦ ਇਕ ਆਦਮੀ ਨੇ ਯਿਸੂ ਨੂੰ ਬਿਵਸਥਾ ਦਾ ਸਭ ਤੋਂ ਵੱਡਾ ਹੁਕਮ ਪੁੱਛਿਆ, ਤਾਂ ਉਸ ਨੇ ਜਵਾਬ ਦਿੱਤਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” ਦੂਜਾ ਹੁਕਮ ਸੀ: “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” ਫਿਰ ਉਸ ਨੇ ਕਿਹਾ: “ਇਨ੍ਹਾਂ ਦੋਹਾਂ ਹੁਕਮਾਂ ਉੱਤੇ ਸਾਰੀ ਤੁਰੇਤ ਅਤੇ ਨਬੀਆਂ ਦੇ ਬਚਨ ਟਿਕੇ ਹੋਏ ਹਨ।” (ਮੱਤੀ 22:35-40) ਇਸ ਤਰ੍ਹਾਂ ਯਿਸੂ ਨੇ ਦਿਖਾਇਆ ਕਿ ਦਸ ਹੁਕਮ ਜਾਂ ਮੂਸਾ ਦੀ ਬਿਵਸਥਾ ਹੀ ਨਹੀਂ, ਸਗੋਂ ਬਾਈਬਲ ਦਾ ਸਮੁੱਚਾ ਇਬਰਾਨੀ ਸ਼ਾਸਤਰ ਪਿਆਰ ਉੱਤੇ ਟਿਕਿਆ ਹੋਇਆ ਸੀ।
10. ਸਾਨੂੰ ਕਿਵੇਂ ਪਤਾ ਹੈ ਕਿ ਮਸੀਹ ਦੀ ਸ਼ਰਾ ਪਿਆਰ ਉੱਤੇ ਆਧਾਰਿਤ ਹੈ?
10 ਕੀ ਮਸੀਹੀਆਂ ਦੇ ਦਿਲਾਂ ਉੱਤੇ ਲਿਖੀ ਬਿਵਸਥਾ ਵੀ ਪਰਮੇਸ਼ੁਰ ਲਈ ਅਤੇ ਲੋਕਾਂ ਲਈ ਪਿਆਰ ਉੱਤੇ ਆਧਾਰਿਤ ਹੈ? ਜੀ ਹਾਂ! ਮਸੀਹ ਦੀ ਸ਼ਰਾ ਵਿਚ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ ਪਿਆਰ ਕਰਨਾ ਸ਼ਾਮਲ ਹੈ। ਇਸ ਸ਼ਰਾ ਵਿਚ ਮਸੀਹੀਆਂ ਨੂੰ ਇਕ ਨਵਾਂ ਹੁਕਮ ਵੀ ਦਿੱਤਾ ਗਿਆ ਹੈ। ਉਨ੍ਹਾਂ ਨੂੰ ਯਿਸੂ ਵਾਂਗ ਇਕ-ਦੂਜੇ ਨੂੰ ਪਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਨੇ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਖ਼ੁਸ਼ੀ ਨਾਲ ਕੁਰਬਾਨ ਕਰ ਦਿੱਤੀ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਪਰਮੇਸ਼ੁਰ ਅਤੇ ਇਕ-ਦੂਜੇ ਨਾਲ ਪਿਆਰ ਕਰਨਾ ਸਿਖਾਇਆ ਜਿਵੇਂ ਉਸ ਨੇ ਉਨ੍ਹਾਂ ਨਾਲ ਪਿਆਰ ਕੀਤਾ ਸੀ। ਸੱਚੇ ਮਸੀਹੀਆਂ ਦੀ ਪਛਾਣ ਇਹੀ ਹੈ ਕਿ ਉਹ ਇਕ-ਦੂਜੇ ਨਾਲ ਪਿਆਰ ਕਰਦੇ ਹਨ। (ਯੂਹੰਨਾ 13:34, 35; 15:12, 13) ਯਿਸੂ ਨੇ ਉਨ੍ਹਾਂ ਨੂੰ ਆਪਣੇ ਵੈਰੀਆਂ ਨਾਲ ਪਿਆਰ ਕਰਨ ਲਈ ਵੀ ਕਿਹਾ ਸੀ।—ਮੱਤੀ 5:44.
11. ਯਿਸੂ ਨੇ ਪਰਮੇਸ਼ੁਰ ਅਤੇ ਇਨਸਾਨਾਂ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਸੀ?
11 ਯਿਸੂ ਨੇ ਪਿਆਰ ਦੀ ਉੱਤਮ ਮਿਸਾਲ ਕਾਇਮ ਕੀਤੀ। ਸਵਰਗ ਵਿਚ ਇਕ ਸ਼ਕਤੀਸ਼ਾਲੀ ਦੂਤ ਵਜੋਂ ਉਸ ਨੇ ਧਰਤੀ ਉੱਤੇ ਆ ਕੇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕਰਨ ਦਾ ਮੌਕਾ ਖ਼ੁਸ਼ੀ ਨਾਲ ਸਵੀਕਾਰ ਕੀਤਾ। ਦੂਸਰਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਤੋਂ ਇਲਾਵਾ ਉਸ ਨੇ ਲੋਕਾਂ ਨੂੰ ਜੀਉਣਾ ਸਿਖਾਇਆ। ਉਹ ਹਲੀਮ ਤੇ ਦਿਆਲੂ ਸੀ, ਦੂਸਰਿਆਂ ਦਾ ਲਿਹਾਜ਼ ਕਰਦਾ ਸੀ ਅਤੇ ਦੁਖੀ ਤੇ ਕੁਚਲੇ ਹੋਏ ਲੋਕਾਂ ਦੀ ਮਦਦ ਕਰਦਾ ਸੀ। ਉਸ ਨੇ ਦੂਸਰਿਆਂ ਨੂੰ “ਸਦੀਪਕ ਜੀਉਣ ਦੀਆਂ ਗੱਲਾਂ” ਦੱਸੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਬਾਰੇ ਸਿਖਾਇਆ।—ਯੂਹੰਨਾ 6:68.
12. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਲਈ ਪਿਆਰ ਅਤੇ ਲੋਕਾਂ ਲਈ ਪਿਆਰ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ?
12 ਪਰਮੇਸ਼ੁਰ ਲਈ ਪਿਆਰ ਅਤੇ ਲੋਕਾਂ ਲਈ ਪਿਆਰ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੈ। ਯੂਹੰਨਾ ਰਸੂਲ ਨੇ ਲਿਖਿਆ: “ਪ੍ਰੇਮ ਪਰਮੇਸ਼ੁਰ ਤੋਂ ਹੈ . . . ਜੇ ਕੋਈ ਆਖੇ ਭਈ ਮੈਂ ਪਰਮੇਸ਼ੁਰ ਨਾਲ ਪ੍ਰੇਮ ਰੱਖਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਹ ਨੇ ਵੇਖਿਆ ਹੈ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ੁਰ ਨਾਲ ਜਿਸ ਨੂੰ ਉਹ ਨੇ ਨਹੀਂ ਵੇਖਿਆ ਪ੍ਰੇਮ ਰੱਖ ਹੀ ਨਹੀਂ ਸੱਕਦਾ।” (1 ਯੂਹੰਨਾ 4:7, 20) ਯਹੋਵਾਹ ਪਿਆਰ ਦਾ ਸੋਮਾ ਹੀ ਨਹੀਂ, ਸਗੋਂ ਉਹ ਪਿਆਰ ਦੀ ਮੂਰਤ ਹੈ। ਉਹ ਹਰੇਕ ਕੰਮ ਪਿਆਰ ਦੀ ਖ਼ਾਤਰ ਕਰਦਾ ਹੈ। ਅਸੀਂ ਇਸ ਲਈ ਪਿਆਰ ਕਰਦੇ ਹਾਂ ਕਿਉਂਕਿ ਅਸੀਂ ਉਸ ਦੇ ਸਰੂਪ ਉੱਤੇ ਬਣਾਏ ਗਏ ਹਾਂ। (ਉਤਪਤ 1:27) ਜਦ ਅਸੀਂ ਹੋਰਨਾਂ ਨਾਲ ਪਿਆਰ ਕਰਦੇ ਹਾਂ, ਤਾਂ ਇਸ ਤੋਂ ਪਰਮੇਸ਼ੁਰ ਲਈ ਸਾਡਾ ਪਿਆਰ ਜ਼ਾਹਰ ਹੁੰਦਾ ਹੈ।
ਪਿਆਰ ਕਰਨ ਦਾ ਮਤਲਬ ਹੈ ਆਗਿਆਕਾਰੀ ਕਰਨੀ
13. ਪਰਮੇਸ਼ੁਰ ਨੂੰ ਪਿਆਰ ਕਰਨ ਲਈ ਸਾਨੂੰ ਪਹਿਲਾਂ ਕੀ ਕਰਨ ਦੀ ਲੋੜ ਹੈ?
13 ਅਸੀਂ ਪਰਮੇਸ਼ੁਰ ਨੂੰ ਪਿਆਰ ਕਿਸ ਤਰ੍ਹਾਂ ਕਰ ਸਕਦੇ ਹਾਂ ਜਿਸ ਨੂੰ ਅਸੀਂ ਦੇਖ ਨਹੀਂ ਸਕਦੇ? ਪਹਿਲਾ ਜ਼ਰੂਰੀ ਕਦਮ ਇਹ ਹੈ ਕਿ ਅਸੀਂ ਉਸ ਨੂੰ ਜਾਣੀਏ। ਕਿਸੇ ਅਜਨਬੀ ਨੂੰ ਪਿਆਰ ਕਰਨਾ ਜਾਂ ਉਸ ਉੱਤੇ ਭਰੋਸਾ ਰੱਖਣਾ ਮੁਮਕਿਨ ਨਹੀਂ ਹੈ। ਇਸ ਲਈ ਪਰਮੇਸ਼ੁਰ ਦਾ ਬਚਨ ਸਲਾਹ ਦਿੰਦਾ ਹੈ ਕਿ ਅਸੀਂ ਪਰਮੇਸ਼ੁਰ ਨੂੰ ਜਾਣੀਏ। ਕਿਸ ਤਰ੍ਹਾਂ? ਬਾਈਬਲ ਪੜ੍ਹ ਕੇ, ਪ੍ਰਾਰਥਨਾ ਕਰ ਕੇ ਅਤੇ ਉਨ੍ਹਾਂ ਨਾਲ ਸੰਗਤ ਕਰ ਕੇ ਜੋ ਉਸ ਨੂੰ ਪਹਿਲਾਂ ਹੀ ਜਾਣਦੇ ਤੇ ਪਿਆਰ ਕਰਦੇ ਹਨ। (ਜ਼ਬੂਰਾਂ ਦੀ ਪੋਥੀ 1:1, 2; ਫ਼ਿਲਿੱਪੀਆਂ 4:6; ਇਬਰਾਨੀਆਂ 10:25) ਬਾਈਬਲ ਦੀਆਂ ਚਾਰ ਇੰਜੀਲਾਂ ਖ਼ਾਸ ਕਰਕੇ ਲਾਭਦਾਇਕ ਹਨ ਕਿਉਂਕਿ ਇਨ੍ਹਾਂ ਵਿਚ ਯਿਸੂ ਮਸੀਹ ਦੀ ਜ਼ਿੰਦਗੀ ਤੇ ਸੇਵਕਾਈ ਬਾਰੇ ਪੜ੍ਹ ਕੇ ਅਸੀਂ ਯਹੋਵਾਹ ਦੀ ਸ਼ਖ਼ਸੀਅਤ ਬਾਰੇ ਸਿੱਖ ਸਕਦੇ ਹਾਂ। ਯਹੋਵਾਹ ਨੂੰ ਜਾਣਨ ਨਾਲ ਅਸੀਂ ਉਸ ਦੇ ਪਿਆਰ ਦੀ ਕਦਰ ਕਰਨ ਲੱਗਦੇ ਹਾਂ। ਨਤੀਜੇ ਵਜੋਂ, ਪਰਮੇਸ਼ੁਰ ਦਾ ਕਹਿਣਾ ਮੰਨਣ ਤੇ ਉਸ ਦੀ ਰੀਸ ਕਰਨ ਦੀ ਸਾਡੀ ਖ਼ਾਹਸ਼ ਵਧਦੀ ਜਾਂਦੀ ਹੈ। ਜੀ ਹਾਂ, ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੀ ਆਗਿਆ ਦੀ ਪਾਲਣਾ ਕਰੀਏ।
14. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਦੇ ਹੁਕਮ ਔਖੇ ਨਹੀਂ ਹਨ?
14 ਜਦ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦੀ ਪਸੰਦ-ਨਾਪਸੰਦ ਨੂੰ ਜਾਣਨ ਅਤੇ ਉਸ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਉਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਉਸ ਦੇ ਹੁਕਮ ਔਖੇ ਜਾਂ ਗਿਣਤੀ ਵਿਚ ਜ਼ਿਆਦਾ ਨਹੀਂ ਹਨ। ਪਿਆਰ ਸਾਨੂੰ ਪਰਮੇਸ਼ੁਰ ਦੇ ਹੁਕਮ ਮੰਨਣ ਲਈ ਪ੍ਰੇਰਦਾ ਹੈ। ਸਾਨੂੰ ਕਾਇਦੇ-ਕਾਨੂੰਨਾਂ ਦੀ ਲੰਮੀ-ਚੌੜੀ ਸੂਚੀ ਯਾਦ ਕਰਨ ਦੀ ਲੋੜ ਨਹੀਂ ਹੈ, ਸਗੋਂ ਪਰਮੇਸ਼ੁਰ ਲਈ ਸਾਡਾ ਪਿਆਰ ਸਾਨੂੰ ਹਰ ਕੰਮ ਉਸ ਦੀ ਮਰਜ਼ੀ ਅਨੁਸਾਰ ਕਰਨ ਲਈ ਪ੍ਰੇਰਦਾ ਹੈ। ਜੇ ਅਸੀਂ ਪਰਮੇਸ਼ੁਰ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਉਸ ਦੀ ਮਰਜ਼ੀ ਪੂਰੀ ਕਰ ਕੇ ਸਾਨੂੰ ਖ਼ੁਸ਼ੀ ਮਿਲੇਗੀ। ਪਰਮੇਸ਼ੁਰ ਦੀ ਕਿਰਪਾ ਸਾਡੇ ਉੱਤੇ ਹੋਵੇਗੀ ਤੇ ਸਾਨੂੰ ਲਾਭ ਹੋਵੇਗਾ ਕਿਉਂਕਿ ਉਸ ਦੇ ਹੁਕਮ ਸਾਡੇ ਭਲੇ ਲਈ ਹਨ।—ਯਸਾਯਾਹ 48:17.
15. ਕਿਹੜੀ ਗੱਲ ਸਾਨੂੰ ਯਹੋਵਾਹ ਵਰਗੇ ਬਣਨ ਲਈ ਪ੍ਰੇਰਿਤ ਕਰੇਗੀ? ਸਮਝਾਓ।
15 ਪਰਮੇਸ਼ੁਰ ਨੂੰ ਪਿਆਰ ਕਰਨ ਕਰਕੇ ਅਸੀਂ ਉਸ ਵਰਗੇ ਬਣਨਾ ਚਾਹੁੰਦੇ ਹਾਂ। ਜਦ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦੇ ਗੁਣਾਂ ਦੀ ਤਾਰੀਫ਼ ਕਰਦੇ ਹਾਂ ਅਤੇ ਉਸ ਵਰਗੇ ਬਣਨਾ ਚਾਹੁੰਦੇ ਹਾਂ। ਯਹੋਵਾਹ ਅਤੇ ਯਿਸੂ ਦੇ ਰਿਸ਼ਤੇ ਬਾਰੇ ਸੋਚੋ। ਉਹ ਸਵਰਗ ਵਿਚ ਲੱਖਾਂ-ਖਰਬਾਂ ਸਾਲਾਂ ਤਕ ਇਕ-ਦੂਜੇ ਦੇ ਨਾਲ ਸਨ। ਉਨ੍ਹਾਂ ਵਿਚ ਸੱਚਾ ਤੇ ਡੂੰਘਾ ਪਿਆਰ ਸੀ। ਯਿਸੂ ਦਾ ਬੋਲਣ, ਸੋਚਣ ਤੇ ਕੰਮ ਕਰਨ ਦਾ ਤਰੀਕਾ ਹੂ-ਬਹੂ ਆਪਣੇ ਪਿਤਾ ਯਹੋਵਾਹ ਵਰਗਾ ਸੀ, ਇਸੇ ਲਈ ਉਹ ਆਪਣੇ ਚੇਲਿਆਂ ਨੂੰ ਕਹਿ ਸਕਿਆ: “ਜਿਨ ਮੈਨੂੰ ਵੇਖਿਆ ਓਨ ਪਿਤਾ ਨੂੰ ਵੇਖਿਆ ਹੈ।” (ਯੂਹੰਨਾ 14:9) ਅਸੀਂ ਯਹੋਵਾਹ ਅਤੇ ਉਸ ਦੇ ਪੁੱਤਰ ਬਾਰੇ ਜਿੰਨਾ ਜ਼ਿਆਦਾ ਸਿੱਖਦੇ ਹਾਂ, ਉਨ੍ਹਾਂ ਲਈ ਉੱਨੀ ਜ਼ਿਆਦਾ ਸਾਡੀ ਕਦਰ ਵਧਦੀ ਹੈ ਅਤੇ ਅਸੀਂ ਉਨ੍ਹਾਂ ਦੀ ਰੀਸ ਕਰਨੀ ਚਾਹੁੰਦੇ ਹਾਂ। ਯਹੋਵਾਹ ਲਈ ਸਾਡਾ ਪਿਆਰ ਅਤੇ ਉਸ ਦੀ ਪਵਿੱਤਰ ਆਤਮਾ ‘ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਣ ਅਤੇ ਨਵੀਂ ਨੂੰ ਪਹਿਨਣ’ ਵਿਚ ਸਾਡੀ ਮਦਦ ਕਰਨਗੇ।—ਕੁਲੁੱਸੀਆਂ 3:9, 10; ਗਲਾਤੀਆਂ 5:22, 23.
ਪਿਆਰ ਦਾ ਕੰਮਾਂ ਦੁਆਰਾ ਸਬੂਤ
16. ਪ੍ਰਚਾਰ ਅਤੇ ਚੇਲੇ ਬਣਾਉਣ ਦੇ ਕੰਮ ਰਾਹੀਂ ਪਰਮੇਸ਼ੁਰ ਅਤੇ ਲੋਕਾਂ ਲਈ ਸਾਡਾ ਪਿਆਰ ਕਿਵੇਂ ਜ਼ਾਹਰ ਹੁੰਦਾ ਹੈ?
16 ਮਸੀਹੀ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਅਤੇ ਲੋਕਾਂ ਨੂੰ ਪਿਆਰ ਕਰਦੇ ਹਾਂ। ਇਹ ਪਿਆਰ ਸਾਨੂੰ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਤੇ ਚੇਲੇ ਬਣਾਉਣ ਲਈ ਪ੍ਰੇਰਦਾ ਹੈ। ਇਹ ਕੰਮ ਕਰ ਕੇ ਅਸੀਂ ਯਹੋਵਾਹ ਪਰਮੇਸ਼ੁਰ ਨੂੰ ਖ਼ੁਸ਼ ਕਰਦੇ ਹਾਂ “ਜੋ ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਇਸ ਤਰ੍ਹਾਂ ਸਾਨੂੰ ਦੂਸਰਿਆਂ ਦੀ ਮਦਦ ਕਰ ਕੇ ਖ਼ੁਸ਼ੀ ਮਿਲਦੀ ਹੈ ਅਤੇ ਅਸੀਂ ਉਨ੍ਹਾਂ ਨੂੰ ਦਿਖਾਉਂਦੇ ਹਾਂ ਕਿ ਮਸੀਹ ਦੀ ਸ਼ਰਾ ਉਨ੍ਹਾਂ ਦੇ ਦਿਲਾਂ ਉੱਤੇ ਵੀ ਲਿਖੀ ਜਾ ਸਕਦੀ ਹੈ। ਜਦ ਉਹ ਆਪਣੇ ਸੁਭਾਅ ਨੂੰ ਬਦਲ ਕੇ ਯਹੋਵਾਹ ਦੇ ਗੁਣ ਪ੍ਰਗਟ ਕਰਦੇ ਹਨ, ਤਾਂ ਇਹ ਦੇਖ ਕੇ ਸਾਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ। (2 ਕੁਰਿੰਥੀਆਂ 3:18) ਹਾਂ, ਯਹੋਵਾਹ ਨੂੰ ਜਾਣਨ ਵਿਚ ਹੋਰਨਾਂ ਦੀ ਮਦਦ ਕਰ ਕੇ ਅਸੀਂ ਉਨ੍ਹਾਂ ਨੂੰ ਇਕ ਬੇਸ਼ਕੀਮਤੀ ਤੋਹਫ਼ਾ ਦੇ ਰਹੇ ਹੁੰਦੇ ਹਾਂ। ਜਿਹੜੇ ਲੋਕ ਯਹੋਵਾਹ ਦੀ ਦੋਸਤੀ ਨੂੰ ਕਬੂਲ ਕਰਦੇ ਹਨ ਉਹ ਹਮੇਸ਼ਾ ਲਈ ਉਸ ਦੋਸਤੀ ਦਾ ਆਨੰਦ ਮਾਣ ਸਕਦੇ ਹਨ।
17. ਧਨ-ਦੌਲਤ ਦੇ ਮਗਰ ਲੱਗਣ ਦੀ ਬਜਾਇ ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਪੈਦਾ ਕਰਨਾ ਅਕਲਮੰਦੀ ਕਿਉਂ ਹੋਵੇਗੀ?
17 ਅਸੀਂ ਅਜਿਹੀ ਦੁਨੀਆਂ ਵਿਚ ਰਹਿੰਦੇ ਹਾਂ ਜਿੱਥੇ ਧਨ-ਦੌਲਤ ਹੀ ਸਭ ਕੁਝ ਮੰਨੀ ਜਾਂਦੀ ਹੈ। ਲੋਕ ਪੈਸੇ ਨੂੰ ਪਿਆਰ ਕਰਦੇ ਹਨ। ਪਰ ਧਨ-ਦੌਲਤ ਦਾ ਕੋਈ ਭਰੋਸਾ ਨਹੀਂ ਹੁੰਦਾ। ਉਹ ਚੋਰੀ ਜਾਂ ਨਸ਼ਟ ਹੋ ਸਕਦੀ ਹੈ। (ਮੱਤੀ 6:19) ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:16, 17) ਜੀ ਹਾਂ, ਯਹੋਵਾਹ ਹਮੇਸ਼ਾ ਲਈ ਰਹੇਗਾ ਅਤੇ ਉਸ ਨੂੰ ਪਿਆਰ ਕਰਨ ਤੇ ਉਸ ਦੀ ਸੇਵਾ ਕਰਨ ਵਾਲੇ ਵੀ ਹਮੇਸ਼ਾ ਲਈ ਰਹਿਣਗੇ। ਇਸ ਲਈ ਕੀ ਇਹ ਅਕਲਮੰਦੀ ਦੀ ਗੱਲ ਨਹੀਂ ਹੋਵੇਗੀ ਕਿ ਅਸੀਂ ਧਨ-ਦੌਲਤ ਦੇ ਮਗਰ ਲੱਗਣ ਦੀ ਬਜਾਇ ਪਰਮੇਸ਼ੁਰ ਅਤੇ ਲੋਕਾਂ ਲਈ ਪਿਆਰ ਪੈਦਾ ਕਰੀਏ?
18. ਇਕ ਮਿਸ਼ਨਰੀ ਭੈਣ ਨੇ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੱਤਾ ਸੀ?
18 ਜਦੋਂ ਅਸੀਂ ਯਹੋਵਾਹ ਅਤੇ ਲੋਕਾਂ ਨੂੰ ਪਿਆਰ ਕਰਦੇ ਹਾਂ, ਤਾਂ ਇਸ ਨਾਲ ਯਹੋਵਾਹ ਦੀ ਮਹਿਮਾ ਹੁੰਦੀ ਹੈ। ਸੋਨੀਆ ਨਾਂ ਦੀ ਮਿਸ਼ਨਰੀ ਭੈਣ ਦੀ ਮਿਸਾਲ ਉੱਤੇ ਗੌਰ ਕਰੋ ਜੋ ਸੈਨੇਗਾਲ ਵਿਚ ਰਹਿੰਦੀ ਹੈ। ਉਸ ਨੇ ਹਾਇਡੀ ਨਾਂ ਦੀ ਤੀਵੀਂ ਨਾਲ ਬਾਈਬਲ ਦਾ ਅਧਿਐਨ ਕੀਤਾ। ਹਾਇਡੀ ਨੂੰ ਆਪਣੇ ਪਤੀ ਤੋਂ ਐੱਚ. ਆਈ. ਵੀ. ਦੀ ਇਨਫ਼ੈਕਸ਼ਨ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਹਾਇਡੀ ਨੇ ਬਪਤਿਸਮਾ ਲੈ ਲਿਆ। ਇਸ ਤੋਂ ਕੁਝ ਹੀ ਸਮੇਂ ਬਾਅਦ ਐੱਚ. ਆਈ. ਵੀ ਨੇ ਏਡਜ਼ ਦਾ ਰੂਪ ਧਾਰਨ ਕਰ ਲਿਆ। ਹਾਇਡੀ ਬਹੁਤ ਬੀਮਾਰ ਹੋ ਗਈ ਜਿਸ ਕਰਕੇ ਉਸ ਨੂੰ ਹਸਪਤਾਲ ਦਾਖ਼ਲ ਹੋਣਾ ਪਿਆ। ਸੋਨੀਆ ਦੱਸਦੀ ਹੈ: “ਡਾਕਟਰਾਂ ਤੇ ਨਰਸਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਕਿੰਨਾ ਕੁ ਕਰ ਸਕਦੇ ਸਨ? ਇਸ ਲਈ ਹਾਇਡੀ ਦੀ ਦੇਖ-ਭਾਲ ਕਰਨ ਲਈ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਮੰਗੀ ਗਈ। ਦੂਜੀ ਰਾਤ ਮੈਂ ਉਸ ਦੇ ਪਲੰਘ ਕੋਲ ਫ਼ਰਸ਼ ਤੇ ਵਿਛਾਉਣਾ ਕਰ ਕੇ ਉਸ ਦੇ ਨਾਲ ਰਹੀ। ਉਸ ਦੀ ਮੌਤ ਤਕ ਮੈਂ ਉਸ ਦੀ ਦੇਖ-ਭਾਲ ਕੀਤੀ। ਹਾਇਡੀ ਦੇ ਡਾਕਟਰ ਨੇ ਕਿਹਾ: ‘ਜਦ ਰਿਸ਼ਤੇਦਾਰਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿਸੇ ਨੂੰ ਏਡਜ਼ ਦੀ ਬੀਮਾਰੀ ਲੱਗੀ ਹੈ, ਤਾਂ ਉਹ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ। ਫਿਰ ਤੁਸੀਂ ਇਕ ਗੋਰੀ ਹੋ ਕੇ ਹਾਇਡੀ ਦੀ ਮਦਦ ਕਿਉਂ ਕਰ ਰਹੇ ਹੋ ਜਦ ਕਿ ਤੁਹਾਡਾ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਨਾ ਹੀ ਤੁਸੀਂ ਦੋਵੇਂ ਇੱਕੋ ਦੇਸ਼ ਦੀਆਂ ਹੋ?’ ਮੈਂ ਉਸ ਨੂੰ ਸਮਝਾਇਆ ਕਿ ਹਾਇਡੀ ਮੇਰੀ ਭੈਣ ਵਰਗੀ ਸੀ, ਸਾਡਾ ਰਿਸ਼ਤਾ ਉੱਨਾ ਹੀ ਪੱਕਾ ਸੀ ਜਿੰਨਾ ਕਿ ਇੱਕੋ ਮਾਂ-ਬਾਪ ਦੀਆਂ ਧੀਆਂ ਦਾ ਹੁੰਦਾ ਹੈ। ਸੋ ਮੈਂ ਆਪਣੀ ਭੈਣ ਨੂੰ ਕਿਵੇਂ ਛੱਡ ਸਕਦੀ ਹਾਂ? ਉਸ ਦੀ ਦੇਖ-ਭਾਲ ਕਰਨ ਵਿਚ ਮੈਨੂੰ ਕੋਈ ਤਕਲੀਫ਼ ਨਹੀਂ।” ਹਾਇਡੀ ਦੀ ਦੇਖ-ਭਾਲ ਕਰ ਕੇ ਸੋਨੀਆ ਦੀ ਸਿਹਤ ਉੱਤੇ ਕੋਈ ਬੁਰਾ ਅਸਰ ਨਹੀਂ ਪਿਆ।
19. ਸਾਡੇ ਦਿਲਾਂ ਉੱਤੇ ਪਰਮੇਸ਼ੁਰ ਦੀ ਬਿਵਸਥਾ ਲਿਖੀ ਹੋਈ ਹੋਣ ਕਰਕੇ ਸਾਨੂੰ ਕਿਨ੍ਹਾਂ ਮੌਕਿਆਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ?
19 ਯਹੋਵਾਹ ਦੇ ਸੇਵਕਾਂ ਦੇ ਪਿਆਰ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ। ਪਰਮੇਸ਼ੁਰ ਦੇ ਲੋਕ ਕਿਸੇ ਲਿਖਤੀ ਬਿਵਸਥਾ ਉੱਤੇ ਨਹੀਂ ਚੱਲਦੇ। ਇਸ ਦੀ ਬਜਾਇ ਅਸੀਂ ਇਬਰਾਨੀਆਂ 8:10 ਦੇ ਸ਼ਬਦਾਂ ਦੀ ਪੂਰਤੀ ਦੇਖਦੇ ਹਾਂ: “ਏਹ ਉਹ ਨੇਮ ਹੈ ਜਿਹੜਾ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਉਨ੍ਹਾਂ ਦਿਨਾਂ ਦੇ ਮਗਰੋਂ, ਪ੍ਰਭੁ ਆਖਦਾ ਹੈ,—ਮੈਂ ਆਪਣੇ ਕਾਨੂਨ ਓਹਨਾਂ ਦਿਆਂ ਮਨਾਂ ਵਿੱਚ ਪਾਵਾਂਗਾ, ਅਤੇ ਓਹਨਾਂ ਦਿਆਂ ਹਿਰਦਿਆਂ ਉੱਤੇ ਉਨ੍ਹਾਂ ਨੂੰ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ, ਅਤੇ ਓਹ ਮੇਰੀ ਪਰਜਾ ਹੋਣਗੇ।” ਆਓ ਆਪਾਂ ਹਮੇਸ਼ਾ ਇਸ ਪਿਆਰ ਦੀ ਬਿਵਸਥਾ ਉੱਤੇ ਚੱਲਦੇ ਰਹੀਏ ਜੋ ਯਹੋਵਾਹ ਨੇ ਸਾਡੇ ਦਿਲਾਂ ਉੱਤੇ ਲਿਖੀ ਹੈ ਤੇ ਦੂਸਰਿਆਂ ਲਈ ਆਪਣੇ ਪਿਆਰ ਦਾ ਸਬੂਤ ਦੇਣ ਦੇ ਹਰ ਮੌਕੇ ਦਾ ਫ਼ਾਇਦਾ ਉਠਾਈਏ।
20. ਮਸੀਹ ਦੀ ਸ਼ਰਾ ਇਕ ਅਨਮੋਲ ਤੋਹਫ਼ਾ ਕਿਉਂ ਹੈ?
20 ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਸੇਵਕਾਂ ਦੇ ਇਕ ਅਜਿਹੇ ਭਾਈਚਾਰੇ ਵਿਚ ਹਾਂ ਜਿਨ੍ਹਾਂ ਦੇ ਮੈਂਬਰ ਪਿਆਰ ਦੀਆਂ ਚੰਗੀਆਂ ਮਿਸਾਲਾਂ ਹਨ! ਜਿਨ੍ਹਾਂ ਦੇ ਦਿਲਾਂ ਵਿਚ ਮਸੀਹ ਦੀ ਸ਼ਰਾ ਹੈ, ਉਨ੍ਹਾਂ ਕੋਲ ਇਸ ਨਫ਼ਰਤ ਭਰੀ ਦੁਨੀਆਂ ਵਿਚ ਰਹਿੰਦੇ ਹੋਏ ਵੀ ਪਿਆਰ ਦਾ ਅਨਮੋਲ ਤੋਹਫ਼ਾ ਹੈ। ਉਨ੍ਹਾਂ ਨੂੰ ਸਿਰਫ਼ ਯਹੋਵਾਹ ਦਾ ਹੀ ਪਿਆਰ ਨਹੀਂ ਮਿਲਦਾ, ਸਗੋਂ ਉਹ ਆਪਣੇ ਭੈਣਾਂ-ਭਰਾਵਾਂ ਦੇ ਪਿਆਰ ਦਾ ਵੀ ਆਨੰਦ ਮਾਣਦੇ ਹਨ। “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!” ਭਾਵੇਂ ਯਹੋਵਾਹ ਦੇ ਗਵਾਹ ਕਈ ਦੇਸ਼ਾਂ ਵਿਚ ਰਹਿੰਦੇ ਹਨ, ਵੱਖ-ਵੱਖ ਬੋਲੀਆਂ ਬੋਲਦੇ ਹਨ ਅਤੇ ਕਈ ਸਭਿਆਚਾਰਾਂ ਦੇ ਹਨ, ਫਿਰ ਵੀ ਉਹ ਬੇਮਿਸਾਲ ਏਕਤਾ ਦਾ ਆਨੰਦ ਮਾਣਦੇ ਹਨ। ਇਸ ਏਕਤਾ ਉੱਤੇ ਯਹੋਵਾਹ ਦੀ ਬਰਕਤ ਹੈ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਉੱਥੇ [ਜਿੱਥੇ ਲੋਕ ਪਿਆਰ ਨਾਲ ਵੱਸਦੇ ਹਨ] ਯਹੋਵਾਹ ਨੇ ਬਰਕਤ ਦਾ, ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ।”—ਜ਼ਬੂਰਾਂ ਦੀ ਪੋਥੀ 133:1-3.
ਕੀ ਤੁਸੀਂ ਜਵਾਬ ਦੇ ਸਕਦੇ ਹੋ?
• ਦਸ ਹੁਕਮ ਕਿੰਨੇ ਕੁ ਮਹੱਤਵਪੂਰਣ ਸਨ?
• ਦਿਲਾਂ ਉੱਤੇ ਲਿਖੀ ਸ਼ਰਾ ਕੀ ਹੈ?
• “ਮਸੀਹ ਦੀ ਸ਼ਰਾ” ਵਿਚ ਪਿਆਰ ਕਿੰਨਾ ਕੁ ਜ਼ਰੂਰੀ ਹੈ?
• ਅਸੀਂ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਅਤੇ ਲੋਕਾਂ ਲਈ ਆਪਣੇ ਪਿਆਰ ਦਾ ਸਬੂਤ ਦੇ ਸਕਦੇ ਹਾਂ?
[ਸਫ਼ੇ 25 ਉੱਤੇ ਤਸਵੀਰ]
ਇਸਰਾਏਲੀਆਂ ਕੋਲ ਪੱਥਰ ਦੀਆਂ ਫੱਟੀਆਂ ਉੱਤੇ ਲਿਖੇ ਹੁਕਮ ਸਨ
[ਸਫ਼ੇ 26 ਉੱਤੇ ਤਸਵੀਰਾਂ]
ਮਸੀਹੀਆਂ ਦੇ ਦਿਲਾਂ ਉੱਤੇ ਪਰਮੇਸ਼ੁਰ ਦੀ ਬਿਵਸਥਾ ਲਿਖੀ ਹੋਈ ਹੈ
[ਸਫ਼ੇ 28 ਉੱਤੇ ਤਸਵੀਰ]
ਸਾਲ 2004 ਦੇ ਜ਼ਿਲ੍ਹਾ ਸੰਮੇਲਨ ਵਿਚ ਸੋਨੀਆ ਸੈਨੇਗਾਲ ਦੀ ਇਕ ਕੁੜੀ ਨਾਲ