ਅਧਿਆਇ 110
ਹੈਕਲ ਵਿਖੇ ਸੇਵਕਾਈ ਪੂਰੀ ਹੋਈ
ਯਿਸੂ ਹੈਕਲ ਵਿਖੇ ਆਖ਼ਰੀ ਵਾਰੀ ਦਿਖਾਈ ਦੇ ਰਿਹਾ ਹੈ। ਦਰਅਸਲ, ਉਹ ਆਪਣੇ ਮੁਕੱਦਮੇ ਅਤੇ ਮੌਤ ਦੀਆਂ ਘਟਨਾਵਾਂ ਨੂੰ ਛੱਡ, ਜਿਹੜੀਆਂ ਭਵਿੱਖ ਵਿਚ ਤਿੰਨਾਂ ਦਿਨਾਂ ਬਾਅਦ ਹਨ, ਧਰਤੀ ਉੱਤੇ ਆਪਣੀ ਜਨਤਕ ਸੇਵਕਾਈ ਸਮਾਪਤ ਕਰ ਰਿਹਾ ਹੈ। ਹੁਣ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਆਪਣੀ ਫਿਟਕਾਰ ਜਾਰੀ ਰੱਖਦਾ ਹੈ।
ਤਿੰਨ ਵਾਰੀ ਹੋਰ ਉਹ ਜ਼ੋਰ ਦੀ ਕਹਿੰਦਾ ਹੈ: “ਹੇ ਕਪਟੀ ਗ੍ਰੰਥੀਓ ਅਤੇ ਫ਼ਰੀਸੀਓ ਤੁਹਾਡੇ ਉੱਤੇ ਹਾਇ ਹਾਇ!” ਪਹਿਲਾਂ, ਉਹ ਉਨ੍ਹਾਂ ਉੱਤੇ ਹਾਇ ਘੋਸ਼ਿਤ ਕਰਦਾ ਹੈ ਕਿਉਂਕਿ ਉਹ ‘ਕਟੋਰੇ ਅਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹਨ ਪਰ ਅੰਦਰੋਂ ਓਹ ਲੁੱਟ ਅਤੇ ਬਦਪਰਹੇਜ਼ੀ ਨਾਲ ਭਰੇ ਹੋਏ ਹਨ।’ ਇਸ ਲਈ ਉਹ ਤਾੜਨਾ ਦਿੰਦਾ ਹੈ: “ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਓਹ ਬਾਹਰੋਂ ਵੀ ਸਾਫ਼ ਹੋਣਗੇ।”
ਫਿਰ ਉਹ ਗ੍ਰੰਥੀਆਂ ਅਤੇ ਫ਼ਰੀਸੀਆਂ ਉੱਤੇ ਅੰਦਰੂਨੀ ਗੰਦਗੀ ਅਤੇ ਸੜ੍ਹਾਂਦ ਲਈ ਹਾਇ ਘੋਸ਼ਿਤ ਕਰਦਾ ਹੈ ਜਿਸ ਨੂੰ ਉਹ ਬਾਹਰੀ ਭਗਤੀ ਦੁਆਰਾ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਕਹਿੰਦਾ ਹੈ: “ਤੁਸੀਂ ਕਲੀ ਫੇਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹੁਣੀਆਂ ਦਿਸਦੀਆਂ ਹਨ ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਪਰਕਾਰ ਦੀ ਪਲੀਤੀ ਨਾਲ ਭਰੀਆਂ ਹੋਈਆਂ ਹਨ।”
ਅੰਤ ਵਿਚ, ਉਨ੍ਹਾਂ ਦਾ ਪਖੰਡ ਇਸ ਗੱਲ ਤੋਂ ਵੀ ਪ੍ਰਗਟ ਹੁੰਦਾ ਹੈ ਕਿ ਉਹ ਆਪਣੇ ਦਾਨਸ਼ੀਲਤਾ ਦੇ ਕੰਮਾਂ ਵੱਲ ਧਿਆਨ ਖਿੱਚਣ ਦੇ ਲਈ ਨਬੀਆਂ ਵਾਸਤੇ ਕਬਰਾਂ ਬਣਾਉਣ ਅਤੇ ਉਨ੍ਹਾਂ ਨੂੰ ਸਜਾਉਣ ਵਿਚ ਇੱਛੁਕ ਹਨ। ਫਿਰ ਵੀ, ਜਿਵੇਂ ਯਿਸੂ ਪ੍ਰਗਟ ਕਰਦਾ ਹੈ, ਉਹ “ਨਬੀਆਂ ਦੇ ਖੂਨੀਆਂ ਦੇ ਪੁੱਤ੍ਰ” ਹਨ। ਸੱਚ-ਮੁੱਚ, ਜਿਹੜੇ ਉਨ੍ਹਾਂ ਦੇ ਪਖੰਡ ਦਾ ਭੇਤ ਖੋਲ੍ਹਣ ਦਾ ਹੌਸਲਾ ਕਰਦੇ ਹਨ ਉਹ ਖ਼ਤਰੇ ਵਿਚ ਹਨ!
ਅੱਗੇ ਜਾ ਕੇ ਯਿਸੂ ਨਿੰਦਿਆ ਦੇ ਆਪਣੇ ਸਭ ਤੋਂ ਸਖ਼ਤ ਸ਼ਬਦ ਕਹਿੰਦਾ ਹੈ। ਉਹ ਕਹਿੰਦਾ ਹੈ: “ਹੇ ਸੱਪੋ, ਹੇ ਨਾਗਾਂ ਦੇ ਬੱਚਿਓ! ਤੁਸੀਂ ਨਰਕ [“ਗ਼ਹੈਨਾ,” ਨਿ ਵ] ਦੇ ਡੰਨੋਂ ਕਿਸ ਬਿਧ ਭੱਜੋਗੇ?” ਗ਼ਹੈਨਾ ਉਹ ਵਾਦੀ ਹੈ ਜੋ ਯਰੂਸ਼ਲਮ ਦਾ ਕੂੜਾ-ਕਰਕਟ ਸੁੱਟਣ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸ ਲਈ ਯਿਸੂ ਕਹਿ ਰਿਹਾ ਹੈ ਕਿ ਗ੍ਰੰਥੀ ਅਤੇ ਫ਼ਰੀਸੀ ਆਪਣੇ ਦੁਸ਼ਟ ਕੰਮਾਂ ਦੇ ਪਿੱਛੇ ਲੱਗਣ ਦੇ ਕਾਰਨ, ਸਦੀਪਕ ਨਾਸ਼ ਭੋਗਣਗੇ।
ਉਨ੍ਹਾਂ ਦੇ ਸੰਬੰਧ ਵਿਚ ਜਿਨ੍ਹਾਂ ਨੂੰ ਉਹ ਆਪਣੇ ਪ੍ਰਤਿਨਿਧਾਂ ਦੇ ਤੌਰ ਤੇ ਭੇਜਦਾ ਹੈ, ਯਿਸੂ ਕਹਿੰਦਾ ਹੈ: “ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ ਉੱਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੀਆਂ ਸਮਾਜਾਂ ਵਿੱਚ ਕੋਰੜੇ ਮਾਰੋਗੇ ਅਤੇ ਸ਼ਹਿਰ ਸ਼ਹਿਰ ਉਨ੍ਹਾਂ ਦੇ ਮਗਰ ਪਓਗੇ। ਤਾਂਕਿ ਧਰਮੀਆਂ ਦਾ ਜਿੰਨਾ ਲਹੂ ਧਰਤੀ ਉੱਤੇ ਵਹਾਇਆ ਗਿਆ ਹਾਬਲ ਧਰਮੀ ਦੇ ਲਹੂ ਤੋਂ ਲੈ ਕੇ ਬਰਕਯਾਹ [ਦੂਜਾ ਇਤਹਾਸ ਵਿਚ ਯਹੋਯਾਦਾ ਸੱਦਿਆ ਗਿਆ] ਦੇ ਪੁੱਤ੍ਰ ਜ਼ਕਰਯਾਹ ਦੇ ਲਹੂ ਤੀਕ ਜਿਹ ਨੂੰ ਤੁਸਾਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਦਿੱਤਾ ਸੱਭੋ ਤੁਹਾਡੇ ਜੁੰਮੇ ਆਵੇ। ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਇਹ ਸਭ ਕੁਝ ਇਸ ਪੀਹੜੀ ਦੇ ਲੋਕਾਂ ਦੇ ਜੁੰਮੇ ਆਵੇਗਾ।”
ਕਿਉਂਕਿ ਜ਼ਕਰਯਾਹ ਨੇ ਇਸਰਾਏਲ ਦੇ ਆਗੂਆਂ ਨੂੰ ਤਾੜਨਾ ਦਿੱਤੀ ਸੀ, “ਉਨ੍ਹਾਂ ਨੇ ਉਸ ਦੇ ਵਿਰੁੱਧ ਮਤਾ ਪਕਾਇਆ ਅਤੇ ਪਾਤਸ਼ਾਹ ਦੇ ਹੁਕਮ ਨਾਲ ਉਹ ਨੂੰ ਯਹੋਵਾਹ ਦੇ ਭਵਨ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ।” ਪਰੰਤੂ, ਜਿਵੇਂ ਕਿ ਯਿਸੂ ਭਵਿੱਖਬਾਣੀ ਕਰਦਾ ਹੈ, ਇਸਰਾਏਲ ਅਜਿਹੇ ਵਹਾਏ ਗਏ ਸਾਰੇ ਧਰਮੀ ਲਹੂ ਦੀ ਸਜ਼ਾ ਭੁਗਤੇਗੀ। ਉਨ੍ਹਾਂ ਨੇ 37 ਵਰ੍ਹਿਆਂ ਬਾਅਦ, 70 ਸਾ.ਯੁ. ਵਿਚ, ਇਹ ਸਜ਼ਾ ਭੁਗਤੀ, ਜਦੋਂ ਰੋਮੀ ਸੈਨਾ ਨੇ ਯਰੂਸ਼ਲਮ ਨਾਸ਼ ਕੀਤਾ ਅਤੇ ਦਸ ਲੱਖ ਤੋਂ ਜ਼ਿਆਦਾ ਯਹੂਦੀ ਮਾਰੇ ਗਏ।
ਜਿਉਂ-ਜਿਉਂ ਯਿਸੂ ਇਸ ਭਿਆਨਕ ਦਸ਼ਾ ਦੇ ਬਾਰੇ ਵਿਚਾਰ ਕਰਦਾ ਹੈ, ਉਹ ਵਿਆਕੁਲ ਹੁੰਦਾ ਹੈ। “ਹੇ ਯਰੂਸ਼ਲਮ ਯਰੂਸ਼ਲਮ!” ਉਹ ਇਕ ਵਾਰੀ ਫਿਰ ਐਲਾਨ ਕਰਦਾ ਹੈ, “ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”
ਫਿਰ ਯਿਸੂ ਅੱਗੇ ਕਹਿੰਦਾ ਹੈ: “ਤੁਸੀਂ ਮੈਨੂੰ ਏਦੋਂ ਅੱਗੇ ਫੇਰ ਨਾ ਵੇਖੋਗੇ ਜਦ ਤੋੜੀ ਇਹ ਨਾ ਕਹੋਗੇ ਭਈ ਮੁਬਾਰਕ ਹੈ ਉਹ ਜਿਹੜਾ ਪ੍ਰਭੁ [“ਯਹੋਵਾਹ,” ਨਿ ਵ] ਦੇ ਨਾਮ ਉੱਤੇ ਆਉਂਦਾ ਹੈ।” ਉਹ ਦਿਨ ਮਸੀਹ ਦੀ ਮੌਜੂਦਗੀ ਦੇ ਦੌਰਾਨ ਹੋਵੇਗਾ ਜਦੋਂ ਉਹ ਆਪਣੇ ਸਵਰਗੀ ਰਾਜ ਵਿਚ ਆਵੇਗਾ ਅਤੇ ਲੋਕੀ ਉਸ ਨੂੰ ਨਿਹਚਾ ਦੀਆਂ ਅੱਖਾਂ ਨਾਲ ਦੇਖਣਗੇ।
ਹੁਣ ਯਿਸੂ ਹੈਕਲ ਵਿਚ ਉਸ ਥਾਂ ਤੇ ਜਾਂਦਾ ਹੈ ਜਿੱਥੇ ਉਹ ਖ਼ਜ਼ਾਨਾ ਬਕਸਿਆਂ ਨੂੰ ਅਤੇ ਲੋਕਾਂ ਨੂੰ ਉਨ੍ਹਾਂ ਵਿਚ ਪੈਸੇ ਪਾਉਂਦੇ ਹੋਏ ਦੇਖ ਸਕੇ। ਧਨਵਾਨ ਬਹੁਤ ਸਿੱਕੇ ਪਾਉਂਦੇ ਹਨ। ਪਰ ਫਿਰ ਇਕ ਕੰਗਾਲ ਵਿਧਵਾ ਆਉਂਦੀ ਹੈ ਅਤੇ ਬਹੁਤ ਘੱਟ ਕੀਮਤ ਦੇ ਦੋ ਛੋਟੇ ਸਿੱਕੇ ਪਾਉਂਦੀ ਹੈ।
ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਯਿਸੂ ਕਹਿੰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਖ਼ਜ਼ਾਨੇ ਵਿੱਚ ਪਾਉਂਦੇ ਹਨ ਉਨ੍ਹਾਂ ਸਭਨਾਂ ਨਾਲੋਂ ਇਸ ਕੰਗਾਲ ਵਿਧਵਾ ਨੇ ਬਹੁਤਾ ਪਾਇਆ।” ਉਹ ਜ਼ਰੂਰ ਹੈਰਾਨ ਹੋਏ ਹੋਣਗੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ। ਇਸ ਲਈ ਯਿਸੂ ਵਿਆਖਿਆ ਕਰਦਾ ਹੈ: “ਸਭਨਾਂ ਨੇ ਆਪਣੇ ਵਾਫ਼ਰ ਮਾਲ ਤੋਂ ਕੁਝ ਪਾਇਆ ਪਰ ਇਸ ਨੇ ਆਪਣੀ ਥੁੜ ਵਿੱਚੋਂ ਜੋ ਕੁਝ ਇਹ ਦਾ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।” ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਆਖ਼ਰੀ ਵਾਰੀ ਹੈਕਲ ਵਿੱਚੋਂ ਚਲਾ ਜਾਂਦਾ ਹੈ।
ਹੈਕਲ ਦੇ ਆਕਾਰ ਅਤੇ ਸੁੰਦਰਤਾ ਉੱਤੇ ਅਚੰਭਾ ਕਰਦੇ ਹੋਏ, ਉਸ ਦੇ ਚੇਲਿਆਂ ਵਿੱਚੋਂ ਇਕ ਬੋਲ ਉਠਦਾ ਹੈ: “ਗੁਰੂ ਜੀ ਵੇਖੋ, ਏਹ ਕਿਹੇ ਜਿਹੇ ਪੱਥਰ ਅਤੇ ਕਿਹੀਆਂ ਇਮਾਰਤਾਂ ਹਨ!” ਸੱਚ-ਮੁੱਚ ਹੀ, ਰਿਪੋਰਟ ਅਨੁਸਾਰ ਪੱਥਰ 11 ਮੀਟਰ ਤੋਂ ਜ਼ਿਆਦਾ ਲੰਬੇ, 5 ਮੀਟਰ ਤੋਂ ਜ਼ਿਆਦਾ ਚੌੜੇ, ਅਤੇ 3 ਮੀਟਰ ਤੋਂ ਜ਼ਿਆਦਾ ਉੱਚੇ ਹਨ!
“ਕੀ ਤੂੰ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ?” ਯਿਸੂ ਜਵਾਬ ਦਿੰਦਾ ਹੈ। “ਐਥੇ ਪੱਥਰ ਉੱਤੇ ਪੱਥਰ ਛੱਡਿਆ ਨਾ ਜਾਵੇਗਾ ਜਿਹੜਾ ਡੇਗਿਆ ਨਾ ਜਾਏ।”
ਇਨ੍ਹਾਂ ਗੱਲਾਂ ਨੂੰ ਕਹਿਣ ਦੇ ਬਾਅਦ, ਯਿਸੂ ਅਤੇ ਉਸ ਦੇ ਰਸੂਲ ਕਿਦਰੋਨ ਵਾਦੀ ਨੂੰ ਪਾਰ ਕਰ ਕੇ ਜ਼ੈਤੂਨ ਦੇ ਪਹਾੜ ਉੱਤੇ ਚੜ੍ਹ ਜਾਂਦੇ ਹਨ। ਇੱਥੋਂ ਦੀ ਉਹ ਹੇਠਾਂ ਉਸ ਸ਼ਾਨਦਾਰ ਹੈਕਲ ਨੂੰ ਦੇਖ ਸਕਦੇ ਹਨ। ਮੱਤੀ 23:25–24:3; ਮਰਕੁਸ 12:41–13:3; ਲੂਕਾ 21:1-6; 2 ਇਤਹਾਸ 24:20-22.
▪ ਹੈਕਲ ਦੀ ਆਪਣੀ ਆਖ਼ਰੀ ਯਾਤਰਾ ਦੇ ਦੌਰਾਨ ਯਿਸੂ ਕੀ ਕਰਦਾ ਹੈ?
▪ ਗ੍ਰੰਥੀਆਂ ਅਤੇ ਫ਼ਰੀਸੀਆਂ ਦਾ ਪਖੰਡ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ?
▪ ‘ਗ਼ਹੈਨਾ ਦੇ ਡੰਨ’ ਦਾ ਕੀ ਮਤਲਬ ਹੈ?
▪ ਯਿਸੂ ਕਿਉਂ ਕਹਿੰਦਾ ਹੈ ਕਿ ਵਿਧਵਾ ਨੇ ਧਨਵਾਨਾਂ ਨਾਲੋਂ ਜ਼ਿਆਦਾ ਚੰਦਾ ਦਿੱਤਾ ਹੈ?