“ਤੁਹਾਡਾ ਛੁਟਕਾਰਾ ਹੋਣ ਵਾਲਾ ਹੈ”!
“ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”—ਲੂਕਾ 21:28.
1. ਕਿਹੜੀਆਂ ਘਟਨਾਵਾਂ 66 ਈਸਵੀ ਵਿਚ ਹੋਈਆਂ ਸਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਮੰਨ ਲਓ ਕਿ ਤੁਸੀਂ 66 ਈਸਵੀ ਵਿਚ ਯਰੂਸ਼ਲਮ ਵਿਚ ਇਕ ਮਸੀਹੀ ਵਜੋਂ ਰਹਿ ਰਹੇ ਹੋ। ਉੱਥੇ ਬਹੁਤ ਕੁਝ ਹੋ ਰਿਹਾ ਹੈ। ਫਲੋਰਸ ਨਾਂ ਦੇ ਇਕ ਰੋਮੀ ਅਧਿਕਾਰੀ ਨੇ ਮੰਦਰ ਦੇ ਖ਼ਜ਼ਾਨੇ ਵਿੱਚੋਂ ਸਿੱਕਿਆਂ ਦੀਆਂ 17 ਥੈਲੀਆਂ ਚੋਰੀ ਕਰ ਲਈਆਂ। ਯਹੂਦੀ ਇਕਦਮ ਗੁੱਸੇ ਵਿਚ ਅੱਗ ਬਬੂਲੇ ਹੋ ਗਏ। ਉਨ੍ਹਾਂ ਨੇ ਬਹੁਤ ਸਾਰੇ ਰੋਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਨ੍ਹਾਂ ਨੇ ਰੋਮੀਆਂ ਤੋਂ ਆਜ਼ਾਦ ਹੋਣ ਦੀ ਘੋਸ਼ਣਾ ਕਰ ਦਿੱਤੀ। ਪਰ ਰੋਮੀ ਹੱਥ ʼਤੇ ਹੱਥ ਧਰ ਕੇ ਬੈਠੇ ਨਹੀਂ ਰਹੇ। ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਸੈਸਟੀਅਸ ਗਲਸ ਦੇ ਅਧੀਨ 30,000 ਫ਼ੌਜੀਆਂ ਨੇ ਯਰੂਸ਼ਲਮ ਨੂੰ ਘੇਰਾ ਪਾ ਲਿਆ। ਬਾਗ਼ੀ ਯਹੂਦੀ ਮੰਦਰ ਵਿਚ ਜਾ ਕੇ ਲੁਕ ਗਏ, ਪਰ ਰੋਮੀ ਫ਼ੌਜੀ ਮੰਦਰ ਦੀ ਬਾਹਰਲੀ ਕੰਧ ਤਕ ਪਹੁੰਚ ਗਏ ਅਤੇ ਉਨ੍ਹਾਂ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਸਾਰੇ ਸ਼ਹਿਰ ਵਿਚ ਭਗਦੜ ਮੱਚ ਗਈ। ਇਹ ਸਾਰਾ ਕੁਝ ਦੇਖ ਕੇ ਤੁਹਾਨੂੰ ਕਿਵੇਂ ਲੱਗਦਾ?
2. ਮਸੀਹੀਆਂ ਨੂੰ ਕੀ ਕਰਨ ਦੀ ਲੋੜ ਸੀ ਜਦੋਂ ਉਨ੍ਹਾਂ ਨੇ ਸ਼ਹਿਰ ਨੂੰ ਰੋਮੀ ਫ਼ੌਜਾਂ ਨਾਲ ਘਿਰਿਆ ਦੇਖਣਾ ਸੀ ਅਤੇ ਇਹ ਕਿਵੇਂ ਮੁਮਕਿਨ ਸੀ?
2 ਕਈ ਸਾਲ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਘਟਨਾ ਬਾਰੇ ਚੇਤਾਵਨੀ ਦਿੰਦੇ ਹੋਏ ਕਿਹਾ ਸੀ: “ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ, ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ। ਉਸ ਸਮੇਂ ਜਿਹੜੇ ਯਹੂਦੀਆ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ ਅਤੇ ਜਿਹੜੇ ਯਰੂਸ਼ਲਮ ਵਿਚ ਹੋਣ, ਉਹ ਉੱਥੋਂ ਨਿਕਲ ਜਾਣ ਅਤੇ ਜਿਹੜੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਹੋਣ, ਉਹ ਸ਼ਹਿਰ ਵਿਚ ਨਾ ਆਉਣ।” (ਲੂਕਾ 21:20, 21) ਯਿਸੂ ਦੇ ਕਹੇ ਅਨੁਸਾਰ ਉਸ ਦੇ ਚੇਲੇ ਯਰੂਸ਼ਲਮ ਤੋਂ ਕਿਵੇਂ ਭੱਜਦੇ ਜਦ ਕਿ ਸਾਰਾ ਸ਼ਹਿਰ ਤਾਂ ਫ਼ੌਜੀਆਂ ਨਾਲ ਘਿਰਿਆ ਹੋਇਆ ਸੀ? ਪਰ ਇਕ ਹੈਰਾਨੀਜਨਕ ਘਟਨਾ ਵਾਪਰੀ। ਅਚਾਨਕ ਹੀ ਰੋਮੀ ਫ਼ੌਜਾਂ ਯਰੂਸ਼ਲਮ ਛੱਡ ਕੇ ਚਲੀਆਂ ਗਈਆਂ! ਯਿਸੂ ਦੇ ਕਹੇ ਅਨੁਸਾਰ ਹਮਲੇ ਦੇ ‘ਦਿਨ ਘਟਾਏ ਗਏ।’ (ਮੱਤੀ 24:22) ਫ਼ੌਜਾਂ ਦੇ ਵਾਪਸ ਜਾਣ ਤੋਂ ਬਾਅਦ ਹੁਣ ਚੇਲਿਆਂ ਕੋਲ ਹੋਰ ਵਫ਼ਾਦਾਰ ਮਸੀਹੀਆਂ ਦੇ ਨਾਲ ਇਕਦਮ ਪਹਾੜਾਂ ਨੂੰ ਭੱਜਣ ਦਾ ਮੌਕਾ ਸੀ।a 70 ਈਸਵੀ ਵਿਚ ਰੋਮੀ ਫ਼ੌਜਾਂ ਦੁਬਾਰਾ ਯਰੂਸ਼ਲਮ ਵਾਪਸ ਮੁੜ ਆਈਆਂ ਅਤੇ ਇਸ ਵਾਰ ਉਨ੍ਹਾਂ ਨੇ ਯਰੂਸ਼ਲਮ ਦਾ ਖੁਰਾ-ਖੋਜ ਮਿਟਾ ਦਿੱਤਾ। ਪਰ ਜਿਨ੍ਹਾਂ ਨੇ ਯਿਸੂ ਦਾ ਕਹਿਣਾ ਮੰਨਿਆ, ਉਹ ਬਚ ਗਏ।
3. ਸਾਡੇ ਹਾਲਾਤ ਪਹਿਲੀ ਸਦੀ ਦੇ ਮਸੀਹੀਆਂ ਵਰਗੇ ਕਿਵੇਂ ਹੋਣਗੇ ਅਤੇ ਅਸੀਂ ਇਸ ਲੇਖ ਵਿਚ ਕੀ ਚਰਚਾ ਕਰਾਂਗੇ?
3 ਸਾਡੇ ਹਾਲਾਤ ਬਹੁਤ ਜਲਦ ਉਨ੍ਹਾਂ ਵਰਗੇ ਹੋਣਗੇ। ਯਿਸੂ ਨੇ ਸਿਰਫ਼ ਮਸੀਹੀਆਂ ਨੂੰ ਯਰੂਸ਼ਲਮ ਦੀ ਤਬਾਹੀ ਬਾਰੇ ਹੀ ਚੇਤਾਵਨੀ ਨਹੀਂ ਦਿੱਤੀ, ਸਗੋਂ ਉਸ ਨੇ ਪਹਿਲੀ ਸਦੀ ਦੀਆਂ ਘਟਨਾਵਾਂ ਦੀ ਤੁਲਨਾ ਕਰਦੇ ਹੋਏ ਦੱਸਿਆ ਕਿ ਜਦੋਂ “ਮਹਾਂਕਸ਼ਟ” ਅਚਾਨਕ ਸ਼ੁਰੂ ਹੋਵੇਗਾ, ਤਾਂ ਕੀ-ਕੀ ਹੋਵੇਗਾ। (ਮੱਤੀ 24:3, 21, 29) ਜਿਵੇਂ ਯਰੂਸ਼ਲਮ ਦੀ ਤਬਾਹੀ ਵਿੱਚੋਂ ਵਫ਼ਾਦਾਰ ਮਸੀਹੀ ਬਚੇ ਸਨ, ਉਸੇ ਤਰ੍ਹਾਂ ਦੁਨੀਆਂ ਭਰ ਵਿਚ ਆਉਣ ਵਾਲੀ ਬਿਪਤਾ ਵਿੱਚੋਂ “ਵੱਡੀ ਭੀੜ” ਬਚੇਗੀ। (ਪ੍ਰਕਾਸ਼ ਦੀ ਕਿਤਾਬ 7:9, 13, 14 ਪੜ੍ਹੋ।) ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਬਾਈਬਲ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਕੀ ਦੱਸਦੀ ਹੈ। ਕਿਉਂ? ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਸਵਾਲ ਹੈ। ਸੋ ਆਓ ਆਪਾਂ ਚਰਚਾ ਕਰੀਏ ਕਿ ਇਹ ਘਟਨਾਵਾਂ ਸਾਡੇ ʼਤੇ ਕਿਵੇਂ ਅਸਰ ਪਾਉਣਗੀਆਂ।
ਮਹਾਂਕਸ਼ਟ ਦੀ ਸ਼ੁਰੂਆਤ
4. ਮਹਾਂਕਸ਼ਟ ਕਿਵੇਂ ਸ਼ੁਰੂ ਹੋਵੇਗਾ?
4 ਮਹਾਂਕਸ਼ਟ ਕਿਵੇਂ ਸ਼ੁਰੂ ਹੋਵੇਗਾ? ਸਾਰੇ ਝੂਠੇ ਧਰਮਾਂ ਦੇ ਨਾਸ਼ ਹੋਣ ਨਾਲ। ਬਾਈਬਲ ਵਿਚ ਝੂਠੇ ਧਰਮਾਂ ਨੂੰ “ਮਹਾਂ ਬਾਬਲ, ਕੰਜਰੀਆਂ ਦੀ ਅਤੇ ਧਰਤੀ ਉਤਲੀਆਂ ਘਿਣਾਉਣੀਆਂ ਚੀਜ਼ਾਂ ਦੀ ਮਾਂ” ਕਿਹਾ ਗਿਆ ਹੈ। (ਪ੍ਰਕਾ. 17:5-7) ਝੂਠੇ ਧਰਮਾਂ ਨੂੰ ਕੰਜਰੀ ਕਿਉਂ ਕਿਹਾ ਗਿਆ ਹੈ? ਕਿਉਂਕਿ ਧਾਰਮਿਕ ਆਗੂਆਂ ਨੇ ਪਰਮੇਸ਼ੁਰ ਨਾਲ ਬੇਵਫ਼ਾਈ ਕੀਤੀ ਹੈ। ਉਨ੍ਹਾਂ ਨੇ ਯਿਸੂ ਮਸੀਹ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰੀ ਦਿਖਾਉਣ ਦੀ ਬਜਾਇ ਮਨੁੱਖੀ ਸਰਕਾਰਾਂ ਦਾ ਸਾਥ ਦਿੱਤਾ ਅਤੇ ਬਾਈਬਲ ਦੀਆਂ ਸਿੱਖਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂਕਿ ਉਹ ਆਪਣਾ ਪ੍ਰਭਾਵ ਪਾ ਸਕਣ। ਉਹ ਚੁਣੇ ਹੋਏ ਮਸੀਹੀਆਂ ਵਾਂਗ ਸ਼ੁੱਧ ਭਗਤੀ ਨਹੀਂ ਕਰਦੇ। (2 ਕੁਰਿੰ. 11:2; ਯਾਕੂ. 1:27; ਪ੍ਰਕਾ. 14:4) ਪਰ ਮਹਾਂ ਬਾਬਲ ਨੂੰ ਕੌਣ ਨਾਸ਼ ਕਰੇਗਾ? ਯਹੋਵਾਹ “ਗੂੜ੍ਹੇ ਲਾਲ ਰੰਗ ਦੇ ਵਹਿਸ਼ੀ ਦਰਿੰਦੇ” ਦੇ ‘ਦਸ ਸਿੰਗਾਂ’ ਨੂੰ ਉਕਸਾਵੇਗਾ ਕਿ ਉਹ ਪਰਮੇਸ਼ੁਰ ਦੇ “ਇਸ ਇਰਾਦੇ ਨੂੰ ਪੂਰਾ ਕਰਨ।” ‘ਗੂੜ੍ਹੇ ਲਾਲ ਰੰਗ ਦਾ ਵਹਿਸ਼ੀ ਦਰਿੰਦਾ’ ਸੰਯੁਕਤ ਰਾਸ਼ਟਰ-ਸੰਘ ਨੂੰ ਅਤੇ “ਦਸ ਸਿੰਗ” ਦੁਨੀਆਂ ਦੀਆਂ ਸਾਰੀਆਂ ਰਾਜਨੀਤਿਕ ਤਾਕਤਾਂ ਨੂੰ ਦਰਸਾਉਂਦੇ ਹਨ ਜਿਹੜੇ ਇਸ ਦਾ ਸਮਰਥਨ ਕਰਦੇ ਹਨ।—ਪ੍ਰਕਾਸ਼ ਦੀ ਕਿਤਾਬ 17:3, 16-18 ਪੜ੍ਹੋ।
5, 6. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਮਹਾਂ ਬਾਬਲ ਦੇ ਨਾਸ਼ ਹੋਣ ਦਾ ਇਹ ਮਤਲਬ ਨਹੀਂ ਕਿ ਇਸ ਦੇ ਸਾਰੇ ਮੈਂਬਰਾਂ ਦਾ ਨਾਸ਼ ਹੋ ਜਾਵੇਗਾ?
5 ਕੀ ਝੂਠੇ ਧਰਮਾਂ ਦੇ ਸਾਰੇ ਲੋਕ ਮਾਰੇ ਜਾਣਗੇ ਜਦੋਂ ਮਹਾਂ ਬਾਬਲ ਦਾ ਨਾਸ਼ ਕੀਤਾ ਜਾਵੇਗਾ? ਨਹੀਂ। ਯਹੋਵਾਹ ਨੇ ਜ਼ਕਰਯਾਹ ਨਬੀ ਨੂੰ ਪਵਿੱਤਰ ਸ਼ਕਤੀ ਨਾਲ ਲਿਖਣ ਲਈ ਪ੍ਰੇਰਿਆ ਕਿ ਕੀ ਹੋਵੇਗਾ। ਕੋਈ ਵਿਅਕਤੀ, ਜੋ ਪਹਿਲਾਂ ਝੂਠੇ ਧਰਮਾਂ ਦਾ ਹਿੱਸਾ ਸੀ, ਕਹੇਗਾ: “ਮੈਂ ਨਬੀ ਨਹੀਂ ਹਾਂ, ਮੈਂ ਤਾਂ ਜ਼ਮੀਨ ਦੇ ਵਾਹਣ ਵਾਲਾ ਹਾਂ ਕਿਉਂ ਜੋ ਜੁਆਨੀ ਤੋਂ ਜ਼ਮੀਨ ਮੇਰੇ ਕਬਜ਼ੇ ਵਿੱਚ ਰਹੀ ਹੈ। ਜੇ ਕੋਈ ਉਹ ਨੂੰ ਆਖੇਗਾ ਕਿ ਤੇਰੇ ਹੱਥਾਂ ਦੇ ਵਿੱਚ ਏਹ ਜ਼ਖਮ ਕੀ ਹਨ? ਤਾਂ ਉਹ ਆਖੇਗਾ ਕਿ ਏਹ ਉਹੋ ਹੀ ਹਨ ਜਿਨ੍ਹਾਂ ਨਾਲ ਮੈਂ ਆਪਣੇ ਸੱਜਣਾਂ ਦੇ ਘਰ ਵਿੱਚ ਜ਼ਖਮੀ ਕੀਤਾ ਗਿਆ।” (ਜ਼ਕ. 13:4-6) ਸੋ ਇੱਥੋਂ ਤਕ ਕਿ ਕੁਝ ਧਾਰਮਿਕ ਆਗੂ ਵੀ ਧਾਰਮਿਕ ਨਾ ਹੋਣ ਦਾ ਪਖੰਡ ਕਰਨਗੇ ਅਤੇ ਇਹ ਮੰਨਣ ਤੋਂ ਇਨਕਾਰ ਕਰਨਗੇ ਕਿ ਉਹ ਕਦੀ ਝੂਠੇ ਧਰਮਾਂ ਦਾ ਹਿੱਸਾ ਸਨ।
6 ਉਸ ਸਮੇਂ ਦੌਰਾਨ ਪਰਮੇਸ਼ੁਰ ਦੇ ਲੋਕਾਂ ਨਾਲ ਕੀ ਹੋਵੇਗਾ? ਯਿਸੂ ਨੇ ਦੱਸਿਆ: “ਜੇ ਪਰਮੇਸ਼ੁਰ ਮਹਾਂਕਸ਼ਟ ਦੇ ਦਿਨਾਂ ਨੂੰ ਨਹੀਂ ਘਟਾਵੇਗਾ, ਤਾਂ ਕੋਈ ਨਹੀਂ ਬਚੇਗਾ। ਪਰ ਉਹ ਆਪਣੇ ਚੁਣੇ ਹੋਏ ਲੋਕਾਂ ਦੀ ਖ਼ਾਤਰ ਇਹ ਦਿਨ ਘਟਾਵੇਗਾ।” (ਮੱਤੀ 24:22) ਪਹਿਲੀ ਸਦੀ ਵਿਚ ਯਰੂਸ਼ਲਮ ਵਿਚ ਮਹਾਂਕਸ਼ਟ ਨੂੰ ‘ਘਟਾਇਆ’ ਗਿਆ ਸੀ। ਇਸ ਕਰਕੇ “ਚੁਣੇ ਹੋਏ ਲੋਕਾਂ” ਨੂੰ ਭੱਜਣ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਮਹਾਂਕਸ਼ਟ ਦੇ ਸ਼ੁਰੂ ਦੇ ਪੜਾਅ ਨੂੰ “ਚੁਣੇ ਹੋਏ ਲੋਕਾਂ” ਕਰਕੇ ‘ਘਟਾਇਆ’ ਜਾਵੇਗਾ। ‘ਦਸ ਸਿੰਗਾਂ’ ਯਾਨੀ ਰਾਜਨੀਤਿਕ ਤਾਕਤਾਂ ਨੂੰ ਪਰਮੇਸ਼ੁਰ ਦੇ ਲੋਕਾਂ ਨੂੰ ਨਾਸ਼ ਨਹੀਂ ਕਰਨ ਦਿੱਤਾ ਜਾਵੇਗਾ। ਇਸ ਦੀ ਬਜਾਇ, ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਥੋੜ੍ਹੇ ਸਮੇਂ ਲਈ ਸ਼ਾਂਤੀ ਦਾ ਮਾਹੌਲ ਹੋਵੇਗਾ।
ਪਰੀਖਿਆ ਤੇ ਨਿਆਂ ਦਾ ਸਮਾਂ
7, 8. ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਕੀ ਕਰਨ ਦਾ ਮੌਕਾ ਹੋਵੇਗਾ ਅਤੇ ਉਸ ਸਮੇਂ ਦੌਰਾਨ ਯਹੋਵਾਹ ਦੇ ਲੋਕ ਬਾਕੀਆਂ ਤੋਂ ਅਲੱਗ ਕਿਵੇਂ ਹੋਣਗੇ?
7 ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਕੀ ਹੋਵੇਗਾ? ਉਦੋਂ ਸਾਡੇ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਅਸਲ ਵਿਚ ਸਾਡੇ ਦਿਲ ਵਿਚ ਕੀ ਹੈ। ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਬਚਾਅ ਤੇ ਮਦਦ ਲਈ “ਪਹਾੜਾਂ ਅਤੇ ਚਟਾਨਾਂ” ਯਾਨੀ ਇਨਸਾਨੀ ਸੰਸਥਾਵਾਂ ਕੋਲ ਜਾਣਗੇ। (ਪ੍ਰਕਾ. 6:15-17) ਪਰ ਯਹੋਵਾਹ ਦੇ ਲੋਕ ਉਸ ਕੋਲੋਂ ਸੁਰੱਖਿਆ ਭਾਲਣਗੇ। ਜਦੋਂ ਪਹਿਲੀ ਸਦੀ ਵਿਚ ਕਸ਼ਟ ਨੂੰ ‘ਘਟਾਇਆ’ ਗਿਆ ਸੀ, ਤਾਂ ਯਹੂਦੀਆਂ ਲਈ ਇਹ ਸਮਾਂ ਅਚਾਨਕ ਮਸੀਹ ਦੇ ਚੇਲੇ ਬਣਨ ਦਾ ਨਹੀਂ ਸੀ। ਇਸ ਦੀ ਬਜਾਇ, ਜਿਹੜੇ ਪਹਿਲਾਂ ਹੀ ਮਸੀਹੀ ਸਨ, ਉਨ੍ਹਾਂ ਕੋਲ ਯਿਸੂ ਦੇ ਕਹੇ ਅਨੁਸਾਰ ਯਰੂਸ਼ਲਮ ਤੋਂ ਭੱਜਣ ਦਾ ਸਮਾਂ ਸੀ। ਇਸੇ ਤਰ੍ਹਾਂ ਜਦੋਂ ਭਵਿੱਖ ਵਿਚ ਥੋੜ੍ਹੇ ਸਮੇਂ ਲਈ ਸ਼ਾਂਤੀ ਦਾ ਮਾਹੌਲ ਹੋਵੇਗਾ, ਤਾਂ ਉਦੋਂ ਅਸੀਂ ਇਹ ਉਮੀਦ ਨਹੀਂ ਰੱਖ ਸਕਦੇ ਕਿ ਅਚਾਨਕ ਹੀ ਭੀੜਾਂ ਦੀਆਂ ਭੀੜਾਂ ਯਿਸੂ ਦੇ ਚੇਲੇ ਬਣ ਜਾਣਗੀਆਂ। ਪਰ ਇਸ ਸਮੇਂ ਦੌਰਾਨ ਸੱਚੇ ਭਗਤਾਂ ਕੋਲ ਇਹ ਦਿਖਾਉਣ ਦਾ ਮੌਕਾ ਹੋਵੇਗਾ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ ਅਤੇ ਚੁਣੇ ਹੋਏ ਮਸੀਹੀਆਂ ਦੀ ਮਦਦ ਕਰਦੇ ਹਨ।—ਮੱਤੀ 25:34-40.
8 ਅਸੀਂ ਇਹ ਸਾਫ਼-ਸਾਫ਼ ਨਹੀਂ ਜਾਣਦੇ ਕਿ ਉਸ ਪਰੀਖਿਆ ਦੀ ਘੜੀ ਦੌਰਾਨ ਕੀ-ਕੀ ਹੋਵੇਗਾ। ਪਰ ਅਸੀਂ ਇਹ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਸੌਖੀ ਨਹੀਂ ਹੋਵੇਗੀ ਅਤੇ ਸਾਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ। ਪਹਿਲੀ ਸਦੀ ਵਿਚ ਮਸੀਹੀਆਂ ਨੂੰ ਆਪਣੀਆਂ ਜ਼ਿੰਦਗੀਆਂ ਬਚਾਉਣ ਲਈ ਘਰ ਛੱਡਣੇ ਪਏ ਅਤੇ ਮੁਸ਼ਕਲਾਂ ਸਹਿਣੀਆਂ ਪਈਆਂ। (ਮਰ. 13:15-18) ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣਾ ਸਭ ਕੁਝ ਛੱਡਣ ਲਈ ਤਿਆਰ ਹਾਂ? ਕੀ ਮੈਂ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਕੁਝ ਵੀ ਕਰਨ ਲਈ ਤਿਆਰ ਹਾਂ?’ ਜ਼ਰਾ ਸੋਚੋ! ਉਸ ਸਮੇਂ ਦੌਰਾਨ ਸਿਰਫ਼ ਅਸੀਂ ਹੀ ਦਾਨੀਏਲ ਨਬੀ ਵਾਂਗ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰ ਰਹੇ ਹੋਵਾਂਗੇ।—ਦਾਨੀ. 6:10, 11.
9, 10. (ੳ) ਮਹਾਂਕਸ਼ਟ ਦੌਰਾਨ ਪਰਮੇਸ਼ੁਰ ਦੇ ਲੋਕ ਕਿਹੜਾ ਸੰਦੇਸ਼ ਸੁਣਾਉਣਗੇ? (ਅ) ਪਰਮੇਸ਼ੁਰ ਦੇ ਦੁਸ਼ਮਣ ਕੀ ਕਰਨਗੇ?
9 ਮਹਾਂਕਸ਼ਟ ਦੌਰਾਨ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦਾ ਸਮਾਂ ਨਹੀਂ ਹੋਵੇਗਾ। ਖ਼ੁਸ਼ ਖ਼ਬਰੀ ਸੁਣਾਉਣ ਦਾ ਸਮਾਂ ਲੰਘ ਚੁੱਕਾ ਹੋਵੇਗਾ। ਇਸ ਤੋਂ ਜਲਦੀ ਬਾਅਦ “ਅੰਤ” ਆ ਜਾਵੇਗਾ। (ਮੱਤੀ 24:14) ਪਰਮੇਸ਼ੁਰ ਦੇ ਲੋਕ ਦਲੇਰੀ ਨਾਲ ਸਖ਼ਤ ਸਜ਼ਾ ਦਾ ਸੰਦੇਸ਼ ਸੁਣਾਉਣਗੇ ਜਿਸ ਦਾ ਸਾਰੇ ਲੋਕਾਂ ਉੱਤੇ ਅਸਰ ਪਵੇਗਾ। ਸੰਦੇਸ਼ ਸ਼ਾਇਦ ਇਹ ਹੋਵੇ ਕਿ ਸ਼ੈਤਾਨ ਦੀ ਦੁਸ਼ਟ ਦੁਨੀਆਂ ਖ਼ਤਮ ਹੋਣ ਵਾਲੀ ਹੈ। ਬਾਈਬਲ ਇਸ ਸੰਦੇਸ਼ ਦੀ ਤੁਲਨਾ “ਗੜਿਆਂ” ਨਾਲ ਕਰਦੀ ਹੋਈ ਕਹਿੰਦੀ ਹੈ: “ਆਕਾਸ਼ੋਂ ਵੀਹ-ਵੀਹ ਕਿਲੋ ਭਾਰੇ ਗੜੇ ਲੋਕਾਂ ਉੱਤੇ ਪਏ ਅਤੇ ਗੜਿਆਂ ਦੀ ਮਾਰ ਕਰਕੇ ਲੋਕਾਂ ਨੇ ਪਰਮੇਸ਼ੁਰ ਦੀ ਨਿੰਦਿਆ ਕੀਤੀ ਕਿਉਂਕਿ ਗੜਿਆਂ ਨੇ ਬਹੁਤ ਤਬਾਹੀ ਮਚਾਈ।”—ਪ੍ਰਕਾ. 16:21.
10 ਸਾਡੇ ਦੁਸ਼ਮਣ ਇਸ ਸਖ਼ਤ ਸਜ਼ਾ ਦੇ ਸੰਦੇਸ਼ ਨੂੰ ਸੁਣਨਗੇ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅਧੀਨ ਹਿਜ਼ਕੀਏਲ ਨਬੀ ਨੇ ਸਮਝਾਇਆ ਕਿ ਮਾਗੋਗ ਦਾ ਗੋਗ ਯਾਨੀ ਕੌਮਾਂ ਦਾ ਗੱਠਜੋੜ ਕੀ ਕਰੇਗਾ: “ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ,— ਉਸ ਸਮੇਂ ਗੱਲਾਂ ਤੇਰੇ ਮਨ ਵਿੱਚ ਆਉਣਗੀਆਂ ਅਤੇ ਤੂੰ ਬੁਰੀ ਜੁਗਤੀ ਸੋਚੇਂਗਾ। ਅਤੇ ਤੂੰ ਆਖੇਂਗਾ, ਮੈਂ ਬੇਸਫੀਲਿਆਂ ਪਿੰਡਾਂ ਦੇ ਦੇਸ ਤੇ ਹੱਲਾ ਕਰਾਂਗਾ। ਮੈਂ ਉਨ੍ਹਾਂ ਤੇ ਹੱਲਾ ਕਰਾਂਗਾ ਜਿਹੜੇ ਅਰਾਮ ਤੇ ਬੇ-ਫਿਕਰੀ ਨਾਲ ਵੱਸਦੇ ਹਨ, ਓਹ ਸਾਰੇ ਦੇ ਸਾਰੇ ਜੋ ਬਿਨਾਂ ਕੰਧਾਂ ਦੇ ਵੱਸਦੇ ਹਨ, ਨਾ ਹੀ ਖਾਈਆਂ ਅਤੇ ਨਾ ਦਰਵੱਜੇ ਹਨ। ਤਾਂ ਜੋ ਤੂੰ ਲੁੱਟੇਂ ਅਤੇ ਲੁੱਟ ਦਾ ਮਾਲ ਖੋਹ ਲਵੇਂ ਅਤੇ ਉਨ੍ਹਾਂ ਉੱਜੜਿਆਂ ਥਾਂਵਾਂ ਤੇ ਜਿਹੜਿਆਂ ਹੁਣ ਆਬਾਦ ਹਨ ਅਤੇ ਉਨ੍ਹਾਂ ਲੋਕਾਂ ਤੇ ਜਿਹੜੇ ਸਾਰੀਆਂ ਕੌਮਾਂ ਵਿੱਚੋਂ ਇਕੱਠੇ ਹੋਏ ਹਨ ਆਪਣਾ ਹੱਥ ਚਲਾਵੇਂ, ਜਿਨ੍ਹਾਂ ਪਸੂਆਂ ਤੇ ਮਾਲ ਨੂੰ ਪਰਾਪਤ ਕੀਤਾ ਹੈ ਅਤੇ ਧਰਤੀ ਦੀ ਧੁੰਨੀ ਤੇ ਵੱਸਦੇ ਹਨ।” (ਹਿਜ਼. 38:10-12) ਪਰਮੇਸ਼ੁਰ ਦੇ ਲੋਕ ਸਾਰਿਆਂ ਤੋਂ ਵੱਖਰੇ ਨਜ਼ਰ ਆਉਣਗੇ ਜਿਵੇਂ ਕਿ ਉਹ “ਧਰਤੀ ਦੀ ਧੁੰਨੀ ਤੇ ਵੱਸਦੇ” ਹੋਣ। ਹੁਣ ਕੌਮਾਂ ਦਾ ਗੱਠਜੋੜ ਆਪਣੇ ਆਪ ਨੂੰ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨ ਤੋਂ ਰੋਕ ਨਹੀਂ ਸਕੇਗਾ। ਉਹ ਯਹੋਵਾਹ ਦੇ ਚੁਣੇ ਹੋਏ ਲੋਕਾਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਨੂੰ ਪਾੜ ਖਾਣ ਲਈ ਉਤਾਵਲਾ ਹੋਵੇਗਾ।
11. (ੳ) ਮਹਾਂਕਸ਼ਟ ਦੌਰਾਨ ਹੋਣ ਵਾਲੀਆਂ ਤਰਤੀਬਵਾਰ ਘਟਨਾਵਾਂ ਬਾਰੇ ਸਾਨੂੰ ਕੀ ਯਾਦ ਰੱਖਣ ਦੀ ਲੋੜ ਹੈ? (ਅ) ਜਦੋਂ ਲੋਕ ਆਕਾਸ਼ ਵਿਚ ਨਿਸ਼ਾਨੀਆਂ ਤੇ ਘਟਨਾਵਾਂ ਹੁੰਦੀਆਂ ਦੇਖਣਗੇ, ਤਾਂ ਲੋਕਾਂ ਨੂੰ ਕੀ ਹੋਵੇਗਾ?
11 ਅੱਗੇ ਕੀ ਹੋਵੇਗਾ? ਪਰਮੇਸ਼ੁਰ ਦਾ ਬਚਨ ਸਾਨੂੰ ਇਹ ਨਹੀਂ ਦੱਸਦਾ ਕਿ ਤਰਤੀਬਵਾਰ ਘਟਨਾਵਾਂ ਕਿਹੜੇ ਸਮੇਂ ʼਤੇ ਹੋਣਗੀਆਂ, ਪਰ ਕੁਝ ਘਟਨਾਵਾਂ ਇੱਕੋ ਸਮੇਂ ʼਤੇ ਹੀ ਵਾਪਰਨਗੀਆਂ। ਯਿਸੂ ਨੇ ਯੁਗ ਦੇ ਆਖ਼ਰੀ ਸਮੇਂ ਬਾਰੇ ਭਵਿੱਖਬਾਣੀ ਵਿਚ ਕਿਹਾ ਸੀ: “ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ, ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ, ਇਸ ਦੁਨੀਆਂ ਉੱਤੇ ਜੋ ਬੀਤੇਗੀ, ਉਸ ਬਾਰੇ ਸੋਚ ਕੇ ਲੋਕ ਡਰ ਤੇ ਚਿੰਤਾ ਨਾਲ ਚਕਰਾ ਜਾਣਗੇ, ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। ਅਤੇ ਫਿਰ ਉਹ ਮਨੁੱਖ ਦੇ ਪੁੱਤਰ ਨੂੰ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਬੱਦਲਾਂ ਵਿਚ ਆਉਂਦਾ ਦੇਖਣਗੇ।” (ਲੂਕਾ 21:25-27; ਮਰਕੁਸ 13:24-26 ਪੜ੍ਹੋ।) ਕੀ ਇਸ ਭਵਿੱਖਬਾਣੀ ਦੀ ਪੂਰਤੀ ਦੌਰਾਨ ਆਕਾਸ਼ ਵਿਚ ਦਿਲ-ਦਹਿਲਾਉਣ ਵਾਲੀਆਂ ਨਿਸ਼ਾਨੀਆਂ ਅਤੇ ਘਟਨਾਵਾਂ ਹੋਣਗੀਆਂ? ਸਾਨੂੰ ਇਹ ਦੇਖਣ ਲਈ ਇੰਤਜ਼ਾਰ ਕਰਨ ਦੀ ਲੋੜ ਹੈ। ਪਰ ਅਸੀਂ ਜਾਣਦੇ ਹਾਂ ਕਿ ਜਦੋਂ ਪਰਮੇਸ਼ੁਰ ਦੇ ਦੁਸ਼ਮਣ ਇਹ ਨਿਸ਼ਾਨੀਆਂ ਦੇਖਣਗੇ, ਤਾਂ ਉਨ੍ਹਾਂ ਦੇ ਦਿਲ ਖ਼ੌਫ਼ ਨਾਲ ਦਹਿਲ ਜਾਣਗੇ।
12, 13. (ੳ) ਉਦੋਂ ਕੀ ਹੋਵੇਗਾ ਜਦੋਂ ਯਿਸੂ “ਸ਼ਕਤੀ ਅਤੇ ਵੱਡੀ ਮਹਿਮਾ ਨਾਲ” ਆਵੇਗਾ? (ਅ) ਉਸ ਸਮੇਂ ਪਰਮੇਸ਼ੁਰ ਦੇ ਸੇਵਕ ਕੀ ਕਰਨਗੇ?
12 ਉਦੋਂ ਕੀ ਹੋਵੇਗਾ ਜਦੋਂ ਯਿਸੂ “ਸ਼ਕਤੀ ਅਤੇ ਵੱਡੀ ਮਹਿਮਾ ਨਾਲ” ਆਵੇਗਾ? ਉਹ ਵਫ਼ਾਦਾਰ ਲੋਕਾਂ ਨੂੰ ਇਨਾਮ ਦੇਵੇਗਾ ਅਤੇ ਜਿਹੜੇ ਵਫ਼ਾਦਾਰ ਨਹੀਂ ਹਨ, ਉਨ੍ਹਾਂ ਨੂੰ ਸਜ਼ਾ ਦੇਵੇਗਾ। (ਮੱਤੀ 24:46, 47, 50, 51; 25:19, 28-30) ਇਸ ਨੂੰ ਹੋਰ ਵਧੀਆ ਤਰੀਕੇ ਨਾਲ ਸਮਝਾਉਣ ਲਈ ਯਿਸੂ ਨੇ ਇਹ ਮਿਸਾਲ ਦਿੱਤੀ: “ਜਦੋਂ ਮਨੁੱਖ ਦਾ ਪੁੱਤਰ ਪੂਰੀ ਸ਼ਾਨੋ-ਸ਼ੌਕਤ ਨਾਲ ਆਪਣੇ ਸਾਰੇ ਦੂਤਾਂ ਸਣੇ ਆਵੇਗਾ, ਉਦੋਂ ਉਹ ਆਪਣੇ ਸ਼ਾਨਦਾਰ ਸਿੰਘਾਸਣ ਉੱਤੇ ਬੈਠੇਗਾ। ਫਿਰ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਉਹ ਲੋਕਾਂ ਨੂੰ ਇਸ ਤਰ੍ਹਾਂ ਇਕ-ਦੂਸਰੇ ਤੋਂ ਅੱਡ ਕਰੇਗਾ, ਜਿਸ ਤਰ੍ਹਾਂ ਚਰਵਾਹਾ ਭੇਡਾਂ ਅਤੇ ਬੱਕਰੀਆਂ ਨੂੰ ਅੱਡੋ-ਅੱਡ ਕਰਦਾ ਹੈ। ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ, ਪਰ ਬੱਕਰੀਆਂ ਨੂੰ ਆਪਣੇ ਖੱਬੇ ਪਾਸੇ ਖੜ੍ਹਾ ਕਰੇਗਾ।” (ਮੱਤੀ 25:31-33) ਭੇਡਾਂ ਤੇ ਬੱਕਰੀਆਂ ਵਰਗੇ ਲੋਕਾਂ ਨਾਲ ਕੀ ਹੋਵੇਗਾ? ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ। ਬੱਕਰੀਆਂ ਯਾਨੀ ਬੇਵਫ਼ਾ ਲੋਕਾਂ ਨੂੰ “ਹਮੇਸ਼ਾ ਲਈ ਖ਼ਤਮ” ਕੀਤਾ ਜਾਵੇਗਾ। ਪਰ ਭੇਡਾਂ ਯਾਨੀ ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।—ਮੱਤੀ 25:46.
13 ਬੱਕਰੀਆਂ ਵਰਗੇ ਲੋਕ ਕੀ ਕਰਨਗੇ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ? ਉਹ ‘ਆਪਣੀਆਂ ਛਾਤੀਆਂ ਪਿੱਟਣਗੇ।’ (ਮੱਤੀ 24:30) ਪਰ ਚੁਣੇ ਹੋਏ ਅਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਲੋਕ ਕੀ ਕਰਨਗੇ? ਉਹ ਉਹੀ ਕਰਨਗੇ ਜੋ ਯਿਸੂ ਨੇ ਕਿਹਾ ਸੀ: “ਜਦੋਂ ਇਹ ਗੱਲਾਂ ਹੋਣ ਲੱਗ ਪੈਣ, ਤਾਂ ਹੌਸਲਾ ਰੱਖਣਾ ਅਤੇ ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”—ਲੂਕਾ 21:28.
ਰਾਜ ਵਿਚ ਸੂਰਜ ਵਾਂਗ ਚਮਕਣਗੇ
14, 15. ਮਾਗੋਗ ਦੇ ਗੋਗ ਦੇ ਹਮਲੇ ਤੋਂ ਬਾਅਦ ਕਿਨ੍ਹਾਂ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਇਹ ਕਿਵੇਂ ਹੋਵੇਗਾ?
14 ਪਰਮੇਸ਼ੁਰ ਦੇ ਲੋਕਾਂ ਉੱਤੇ ਮਾਗੋਗ ਦੇ ਗੋਗ ਦੇ ਹਮਲੇ ਤੋਂ ਬਾਅਦ ਕੀ ਹੋਵੇਗਾ? ਬਾਈਬਲ ਦੱਸਦੀ ਹੈ ਕਿ ਮਨੁੱਖ ਦਾ ਪੁੱਤਰ “ਆਪਣੇ ਦੂਤਾਂ ਨੂੰ ਘੱਲੇਗਾ ਅਤੇ ਦੂਤ ਆਕਾਸ਼ ਦੇ ਇਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤਕ, ਚੌਹਾਂ ਪਾਸਿਆਂ ਤੋਂ ਉਸ ਦੇ ਚੁਣੇ ਹੋਏ ਲੋਕਾਂ ਨੂੰ ਇਕੱਠਾ ਕਰਨਗੇ।” (ਮਰ. 13:27; ਮੱਤੀ 24:31) ਇੱਥੇ ਇਕੱਠੇ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ, ਉਹ ਨਾ ਤਾਂ ਚੁਣੇ ਹੋਏ ਮਸੀਹੀਆਂ ਨੂੰ 33 ਈਸਵੀ ਵਿਚ ਪਹਿਲੀ ਵਾਰ ਚੁਣੇ ਜਾਣ ਬਾਰੇ ਹੈ ਅਤੇ ਨਾ ਹੀ ਧਰਤੀ ਉੱਤੇ ਬਾਕੀ ਰਹਿ ਚੁੱਕੇ ਚੁਣੇ ਹੋਏ ਮਸੀਹੀਆਂ ʼਤੇ ਆਖ਼ਰੀ ਮੋਹਰ ਲਾਉਣ ਬਾਰੇ ਹੈ। (ਮੱਤੀ 13:37, 38) ਆਖ਼ਰੀ ਮੋਹਰ ਮਹਾਂਕਸ਼ਟ ਦੇ ਸ਼ੁਰੂ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਲੱਗੇਗੀ। (ਪ੍ਰਕਾ. 7:1-4) ਸੋ ਫਿਰ ਇਹ ਇਕੱਠਾ ਕਰਨ ਦਾ ਕੰਮ ਕੀ ਹੈ? ਇਹ ਉਹ ਸਮਾਂ ਹੈ ਜਦੋਂ ਧਰਤੀ ਉੱਤੇ ਬਾਕੀ ਰਹਿ ਚੁੱਕੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲਿਜਾਇਆ ਜਾਵੇਗਾ। (1 ਥੱਸ. 4:15-17; ਪ੍ਰਕਾ. 14:1) ਇਹ ਘਟਨਾ ਮਾਗੋਗ ਦੇ ਗੋਗ ਦੇ ਹਮਲੇ ਦੇ ਸ਼ੁਰੂ ਹੋਣ ਤੋਂ ਬਾਅਦ ਹੋਵੇਗੀ। (ਹਿਜ਼. 38:11) ਫਿਰ ਜਿੱਦਾਂ ਯਿਸੂ ਨੇ ਕਿਹਾ ਸੀ, “ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿਚ ਸੂਰਜ ਵਾਂਗ ਚਮਕਣਗੇ।”—ਮੱਤੀ 13:43.b
15 ਚਰਚ ਦੇ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਮਸੀਹੀਆਂ ਨੂੰ ਮਨੁੱਖੀ ਸਰੀਰ ਵਿਚ ਸਵਰਗ ਲਿਜਾਇਆ ਜਾਵੇਗਾ। ਨਾਲੇ ਉਹ ਇਹ ਵੀ ਸੋਚਦੇ ਹਨ ਕਿ ਉਹ ਯਿਸੂ ਨੂੰ ਧਰਤੀ ਉੱਤੇ ਆਉਂਦਿਆਂ ਅਤੇ ਰਾਜ ਕਰਦਿਆਂ ਦੇਖਣਗੇ। ਪਰ ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜਦੋਂ ਯਿਸੂ ਵਾਪਸ ਆਵੇਗਾ, ਤਾਂ ਉਸ ਨੂੰ ਕੋਈ ਵੀ ਨਹੀਂ ਦੇਖ ਸਕੇਗਾ: “ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਆਕਾਸ਼ ਵਿਚ ਦਿਖਾਈ ਦੇਵੇਗੀ” ਅਤੇ ਯਿਸੂ “ਬੱਦਲਾਂ ਵਿਚ” ਆਵੇਗਾ। (ਮੱਤੀ 24:30) ਬਾਈਬਲ ਇਹ ਵੀ ਕਹਿੰਦੀ ਹੈ ਕਿ “ਹੱਡ-ਮਾਸ ਦੇ ਸਰੀਰ ਪਰਮੇਸ਼ੁਰ ਦੇ ਰਾਜ ਦੇ ਵਾਰਸ ਨਹੀਂ ਬਣਨਗੇ।” ਸੋ ਜਿਨ੍ਹਾਂ ਨੂੰ ਸਵਰਗ ਲਿਜਾਇਆ ਜਾਵੇਗਾ, ਉਨ੍ਹਾਂ ਨੂੰ ਪਹਿਲਾਂ “ਆਖ਼ਰੀ ਤੁਰ੍ਹੀ ਵਜਾਏ ਜਾਣ ਵੇਲੇ ਇਕ ਪਲ ਵਿਚ, ਹਾਂ, ਅੱਖ ਝਮਕਦਿਆਂ ਹੀ ਬਦਲ” ਜਾਣਾ ਪਵੇਗਾ।c (1 ਕੁਰਿੰਥੀਆਂ 15:50-53 ਪੜ੍ਹੋ।) ਧਰਤੀ ਉੱਤੇ ਬਚੇ ਹੋਏ ਵਫ਼ਾਦਾਰ ਚੁਣੇ ਹੋਇਆਂ ਨੂੰ ਇਕਦਮ ਇਕੱਠਾ ਕੀਤਾ ਜਾਵੇਗਾ।
16, 17. ਲੇਲੇ ਦੇ ਵਿਆਹ ਤੋਂ ਪਹਿਲਾਂ ਕੀ ਹੋਵੇਗਾ?
16 ਜਦੋਂ 1,44,000 ਨੂੰ ਸਵਰਗ ਲਿਜਾਇਆ ਜਾਵੇਗਾ, ਤਾਂ ਲੇਲੇ ਦੇ ਵਿਆਹ ਦੀਆਂ ਆਖ਼ਰੀ ਤਿਆਰੀਆਂ ਸ਼ੁਰੂ ਕੀਤੀਆਂ ਜਾਣਗੀਆਂ। (ਪ੍ਰਕਾ. 19:9) ਪਰ ਇਹ ਦਿਲਚਸਪ ਘਟਨਾ ਹੋਣ ਤੋਂ ਪਹਿਲਾਂ ਕੁਝ ਹੋਰ ਵੀ ਹੋਵੇਗਾ। ਯਾਦ ਰੱਖੋ ਜਦੋਂ ਚੁਣੇ ਹੋਏ ਅਜੇ ਧਰਤੀ ʼਤੇ ਹੋਣਗੇ, ਤਾਂ ਮਾਗੋਗ ਦਾ ਗੋਗ ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰੇਗਾ। (ਹਿਜ਼. 38:16) ਉਸ ਵੇਲੇ ਪਰਮੇਸ਼ੁਰ ਦੇ ਲੋਕ ਕੀ ਕਰਨਗੇ? ਉਹ ਅੱਗੇ ਦਿੱਤੀਆਂ ਹਿਦਾਇਤਾਂ ਨੂੰ ਮੰਨਣਗੇ: “ਤੁਹਾਨੂੰ ਏਸ ਥਾਂ ਲੜਨਾ ਨਹੀਂ ਪਵੇਗਾ, . . . ਤੁਸੀਂ ਪਾਲ ਬੰਨ੍ਹ ਕੇ ਚੁੱਪ ਚਾਪ ਖਲੋਤੇ ਰਹਿਣਾ ਅਤੇ ਯਹੋਵਾਹ ਦਾ ਬਚਾਓ ਜਿਹੜਾ ਤੁਹਾਡੇ ਲਈ ਹੈ ਵੇਖਣਾ! ਨਾ ਡਰੋ, ਨਾ ਘਾਬਰੋ।” (2 ਇਤ. 20:17) ਮਾਗੋਗ ਦੇ ਗੋਗ ਦੇ ਹਮਲੇ ਤੋਂ ਕੁਝ ਸਮੇਂ ਬਾਅਦ ਧਰਤੀ ʼਤੇ ਚੁਣੇ ਹੋਏ ਮਸੀਹੀਆਂ ਨੂੰ ਸਵਰਗ ਲਿਜਾਇਆ ਜਾਵੇਗਾ। ਫਿਰ ਪ੍ਰਕਾਸ਼ ਦੀ ਕਿਤਾਬ 17:14 ਸਾਨੂੰ ਦੱਸਦੀ ਹੈ ਕਿ ਮਾਗੋਗ ਦੇ ਗੋਗ ਦੇ ਹਮਲੇ ਕਰਕੇ ਸਵਰਗ ਵਿਚ ਕੀ ਹੋਵੇਗਾ। ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣ “ਲੇਲੇ ਨਾਲ ਯੁੱਧ ਕਰਨਗੇ, ਪਰ ਲੇਲਾ ਉਨ੍ਹਾਂ ਉੱਤੇ ਜਿੱਤ ਹਾਸਲ ਕਰੇਗਾ ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ। ਅਤੇ ਜਿਹੜੇ ਵਫ਼ਾਦਾਰ ਸੇਵਕ ਲੇਲੇ ਦੇ ਨਾਲ ਹਨ ਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਸੱਦ ਕੇ ਚੁਣਿਆ ਹੈ।” ਇਸ ਤਰ੍ਹਾਂ ਯਿਸੂ 1,44,000 ਚੁਣੇ ਹੋਏ ਰਾਜਿਆਂ ਨਾਲ ਧਰਤੀ ਉੱਤੇ ਪਰਮੇਸ਼ੁਰ ਦੇ ਲੋਕਾਂ ਨੂੰ ਬਚਾਵੇਗਾ।
17 ਇਸ ਹਮਲੇ ਕਰਕੇ ਆਰਮਾਗੇਡਨ ਦੀ ਲੜਾਈ ਸ਼ੁਰੂ ਹੋਵੇਗੀ ਜਿਸ ਨਾਲ ਯਹੋਵਾਹ ਦੇ ਪਵਿੱਤਰ ਨਾਂ ਦੀ ਮਹਿਮਾ ਹੋਵੇਗੀ। (ਪ੍ਰਕਾ. 16:16) ਜਿਹੜੇ ਲੋਕਾਂ ਦਾ ਨਿਆਂ ਬੱਕਰੀਆਂ ਯਾਨੀ ਬੇਵਫ਼ਾ ਲੋਕਾਂ ਵਜੋਂ ਕੀਤਾ ਜਾਵੇਗਾ, ਉਨ੍ਹਾਂ ਦਾ ਨਾਸ਼ ਕੀਤਾ ਜਾਵੇਗਾ। ਧਰਤੀ ਤੋਂ ਬੁਰਾਈ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ ਅਤੇ ਆਰਮਾਗੇਡਨ ਵਿੱਚੋਂ “ਵੱਡੀ ਭੀੜ” ਬਚ ਨਿਕਲੇਗੀ। ਇਸ ਤੋਂ ਇਲਾਵਾ, ਪ੍ਰਕਾਸ਼ ਦੀ ਕਿਤਾਬ ਵਿਚ ਦੱਸੀ ਅਖ਼ੀਰਲੀ ਮਜ਼ੇਦਾਰ ਘਟਨਾ ਹੋਵੇਗੀ ਯਾਨੀ ਲੇਲੇ ਦਾ ਵਿਆਹ। (ਪ੍ਰਕਾ. 21:1-4)d ਜਿਹੜੇ ਲੋਕ ਧਰਤੀ ਉੱਤੇ ਬਚਣਗੇ, ਉਹ ਪਰਮੇਸ਼ੁਰ ਦੀ ਮਿਹਰ ਪਾਉਣਗੇ ਅਤੇ ਉਸ ਦੇ ਪਿਆਰ ਤੇ ਖੁੱਲ੍ਹ-ਦਿਲੀ ਦਾ ਮਜ਼ਾ ਲੈਣਗੇ। ਵਿਆਹ ਦੀ ਕਿੰਨੀ ਹੀ ਵਧੀਆ ਦਾਅਵਤ ਹੋਵੇਗੀ! ਕੀ ਅਸੀਂ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਨਹੀਂ ਕਰ ਰਹੇ?—2 ਪਤਰਸ 3:13 ਪੜ੍ਹੋ।
18. ਜਲਦੀ ਹੀ ਹੋਣ ਵਾਲੀਆਂ ਘਟਨਾਵਾਂ ਬਾਰੇ ਜਾਣ ਕੇ ਸਾਨੂੰ ਸਾਰਿਆਂ ਨੂੰ ਹੁਣ ਕੀ ਕਰਨ ਦੀ ਲੋੜ ਹੈ?
18 ਜਲਦੀ ਹੀ ਬਹੁਤ ਸਾਰੀਆਂ ਖ਼ਾਸ ਘਟਨਾਵਾਂ ਵਾਪਰਨ ਵਾਲੀਆਂ ਹਨ। ਇਹ ਜਾਣ ਕੇ ਸਾਨੂੰ ਸਾਰਿਆਂ ਨੂੰ ਹੁਣ ਕੀ ਕਰਨ ਦੀ ਲੋੜ ਹੈ? ਯਹੋਵਾਹ ਪਰਮੇਸ਼ੁਰ ਨੇ ਪਤਰਸ ਰਸੂਲ ਨੂੰ ਆਪਣੀ ਪਵਿੱਤਰ ਸ਼ਕਤੀ ਦੁਆਰਾ ਲਿਖਵਾਇਆ: “ਕਿਉਂਕਿ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਿਘਲ ਜਾਣਗੀਆਂ, ਇਸ ਲਈ ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ ਅਤੇ ਯਹੋਵਾਹ ਦੇ ਦਿਨ ਨੂੰ ਯਾਦ ਰੱਖਦਿਆਂ ਇਸ ਦੇ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ। . . . ਇਸ ਲਈ ਪਿਆਰੇ ਭਰਾਵੋ, ਇਨ੍ਹਾਂ ਚੀਜ਼ਾਂ ਦੀ ਉਡੀਕ ਕਰਦੇ ਹੋਏ ਪੂਰੀ ਕੋਸ਼ਿਸ਼ ਕਰੋ ਕਿ ਤੁਸੀਂ ਅਖ਼ੀਰ ਵਿਚ ਉਸ ਦੀਆਂ ਨਜ਼ਰਾਂ ਵਿਚ ਬੇਦਾਗ਼, ਨਿਰਦੋਸ਼ ਅਤੇ ਸ਼ਾਂਤੀ ਨਾਲ ਰਹਿਣ ਵਾਲੇ ਪਾਏ ਜਾਓ।” (2 ਪਤ. 3:11, 12, 14) ਤਾਂ ਫਿਰ ਆਓ ਆਪਾਂ ਸਾਰੇ ਜਣੇ ਸ਼ੁੱਧ ਭਗਤੀ ਕਰਨ, ਝੂਠੇ ਧਰਮਾਂ ਨਾਲ ਕੋਈ ਵਾਸਤਾ ਨਾ ਰੱਖਣ ਅਤੇ ਸ਼ਾਂਤੀ ਦੇ ਰਾਜਕੁਮਾਰ ਯਿਸੂ ਮਸੀਹ ਦਾ ਸਾਥ ਦੇਣ ਦਾ ਪੱਕਾ ਇਰਾਦਾ ਕਰੀਏ।
c ਉਸ ਸਮੇਂ ਜਿਹੜੇ ਚੁਣੇ ਹੋਏ ਮਸੀਹੀ ਧਰਤੀ ਉੱਤੇ ਹੋਣਗੇ, ਉਨ੍ਹਾਂ ਦੇ ਸਰੀਰਾਂ ਨੂੰ ਸਵਰਗ ਨਹੀਂ ਲਿਜਾਇਆ ਜਾਵੇਗਾ। (1 ਕੁਰਿੰ. 15:48, 49) ਉਨ੍ਹਾਂ ਦੇ ਸਰੀਰਾਂ ਨਾਲ ਵੀ ਉਹੀ ਹੋਵੇਗਾ ਜੋ ਯਿਸੂ ਦੇ ਸਰੀਰ ਨਾਲ ਹੋਇਆ ਸੀ।