ਕੀ ਤੁਸੀਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾ ਰਹੇ ਹੋ?
“ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।”—ਉਪਦੇਸ਼ਕ ਦੀ ਪੋਥੀ 12:14.
1. ਯਹੋਵਾਹ ਨੇ ਆਪਣਿਆਂ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਹਨ?
ਯਹੋਵਾਹ ਉਨ੍ਹਾਂ ਲੋਕਾਂ ਨੂੰ ਸਹਾਰਾ ਦਿੰਦਾ ਹੈ ਜੋ ਉਸ ਨੂੰ ਆਪਣੇ ਮਹਾਨ ਕਰਤਾਰ ਵਜੋਂ ਚੇਤੇ ਰੱਖਦੇ ਹਨ। ਉਸ ਦਾ ਪ੍ਰੇਰਿਤ ਬਚਨ ਉਨ੍ਹਾਂ ਨੂੰ ਉਹ ਗਿਆਨ ਦਿੰਦਾ ਹੈ ਜੋ ਉਸ ਨੂੰ ਪੂਰੀ ਤਰ੍ਹਾਂ ਖ਼ੁਸ਼ ਕਰਨ ਲਈ ਜ਼ਰੂਰੀ ਹੈ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਈਸ਼ਵਰੀ ਇੱਛਾ ਪੂਰੀ ਕਰਨ ਲਈ ਅਤੇ ‘ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਿਣ’ ਲਈ ਉਨ੍ਹਾਂ ਦੀ ਅਗਵਾਈ ਕਰਦੀ ਹੈ। (ਕੁਲੁੱਸੀਆਂ 1:9, 10) ਇਸ ਤੋਂ ਇਲਾਵਾ, ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਰੂਹਾਨੀ ਭੋਜਨ ਅਤੇ ਪਰਮੇਸ਼ੁਰੀ ਨਿਰਦੇਸ਼ਨ ਦਿੰਦਾ ਹੈ। (ਮੱਤੀ 24:45-47) ਤਾਂ ਫਿਰ, ਕਈ ਤਰੀਕਿਆਂ ਵਿਚ ਪਰਮੇਸ਼ੁਰ ਦਿਆਂ ਲੋਕਾਂ ਨੂੰ ਸਵਰਗ ਤੋਂ ਬਰਕਤ ਮਿਲਦੀ ਹੈ ਜਿਉਂ-ਜਿਉਂ ਉਹ ਯਹੋਵਾਹ ਦੀ ਸੇਵਾ ਕਰਦੇ ਹਨ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦੱਸਣ ਦਾ ਜ਼ਰੂਰੀ ਕੰਮ ਪੂਰਾ ਕਰਦੇ ਹਨ।—ਮਰਕੁਸ 13:10.
2. ਯਹੋਵਾਹ ਦੀ ਸੇਵਾ ਦੇ ਸੰਬੰਧ ਵਿਚ ਕਿਹੜੇ ਸਵਾਲ ਉੱਠ ਸਕਦੇ ਹਨ?
2 ਸੱਚੇ ਮਸੀਹੀ ਯਹੋਵਾਹ ਦੀ ਪਵਿੱਤਰ ਸੇਵਾ ਵਿਚ ਮਗਨ ਰਹਿਣ ਵਿਚ ਖ਼ੁਸ਼ ਹਨ। ਲੇਕਿਨ, ਕੁਝ ਹੌਸਲਾ ਹਾਰ ਕੇ ਇਹ ਸੋਚਣ ਲੱਗ ਸਕਦੇ ਹਨ ਕਿ ਉਨ੍ਹਾਂ ਦੇ ਜਤਨ ਕੋਈ ਅਹਿਮੀਅਤ ਨਹੀਂ ਰੱਖਦੇ। ਮਿਸਾਲ ਲਈ, ਕਦੀ-ਕਦੀ ਸਮਰਪਿਤ ਮਸੀਹੀਆਂ ਨੂੰ ਸ਼ਾਇਦ ਸ਼ੱਕ ਹੋਵੇ ਕਿ ਉਨ੍ਹਾਂ ਦੇ ਚੰਗੇ ਜਤਨ ਸੱਚ-ਮੁੱਚ ਫ਼ਾਇਦੇਮੰਦ ਹਨ ਕਿ ਨਹੀਂ। ਪਰਿਵਾਰਕ ਸਟੱਡੀ ਅਤੇ ਹੋਰ ਕੰਮਾਂ ਬਾਰੇ ਵਿਚਾਰ ਕਰਦਿਆਂ ਪਰਿਵਾਰਕ ਸਿਰ ਦੇ ਮਨ ਵਿਚ ਸ਼ਾਇਦ ਅਜਿਹੇ ਸਵਾਲ ਆਉਣ: ‘ਕੀ ਯਹੋਵਾਹ ਸੱਚ-ਮੁੱਚ ਉਸ ਨਾਲ ਖ਼ੁਸ਼ ਹੈ ਜੋ ਅਸੀਂ ਕਰ ਰਹੇ ਹਾਂ? ਕੀ ਅਸੀਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾ ਰਹੇ ਹਾਂ?’ ਅਜਿਹੇ ਸਵਾਲਾਂ ਦਾ ਜਵਾਬ ਦੇਣ ਵਿਚ ਉਪਦੇਸ਼ਕ ਦੇ ਬੁੱਧੀਮਾਨ ਸ਼ਬਦ ਮਦਦ ਕਰ ਸਕਦੇ ਹਨ।
ਕੀ ਸਭ ਕੁਝ ਵਿਅਰਥ ਹੈ?
3. ਉਪਦੇਸ਼ਕ ਦੀ ਪੋਥੀ 12:8 ਦੇ ਅਨੁਸਾਰ ਵਿਅਰਥਪੁਣੇ ਦੀ ਹੱਦ ਕੀ ਹੈ?
3 ਕੁਝ ਲੋਕ ਸ਼ਾਇਦ ਸੋਚਣ ਕਿ ਬੁੱਧਵਾਨ ਮਨੁੱਖ ਦੇ ਇਹ ਸ਼ਬਦ ਜਵਾਨਾਂ ਅਤੇ ਬਿਰਧਾਂ ਦੋਹਾਂ ਲਈ ਇੰਨੇ ਉਤਸ਼ਾਹਜਨਕ ਨਹੀਂ ਹਨ। “ਵਿਅਰਥਾਂ ਦਾ ਵਿਅਰਥ, ਉਪਦੇਸ਼ਕ ਆਖਦਾ ਹੈ, ਸਭ ਵਿਅਰਥ ਹੈ!” (ਉਪਦੇਸ਼ਕ ਦੀ ਪੋਥੀ 12:8) ਅਸਲ ਵਿਚ, ਜਵਾਨੀ ਵਿਚ ਮਹਾਨ ਕਰਤਾਰ ਨੂੰ ਰੱਦ ਕਰਨਾ ਵਿਅਰਥਪੁਣੇ ਦੀ ਹੱਦ ਹੈ, ਯਾਨੀ ਉਸ ਦੀ ਸੇਵਾ ਕਰਨ ਤੋਂ ਬਗੈਰ ਬਿਰਧ ਹੋਣਾ ਅਤੇ ਲੰਬੀ ਜ਼ਿੰਦਗੀ ਦੇ ਫਲ ਵਜੋਂ ਸਿਰਫ਼ ਬੁਢਾਪਾ ਹੀ ਪਾਉਣਾ। ਸੰਸਾਰ ਸ਼ਤਾਨ ਅਰਥਾਤ ਇਬਲੀਸ, ਦੇ ਵੱਸ ਵਿਚ ਪਿਆ ਹੋਇਆ ਹੈ, ਇਸ ਲਈ ਭਾਵੇਂ ਮਰਨ ਦੇ ਸਮੇਂ ਅਜਿਹੇ ਵਿਅਕਤੀ ਕੋਲ ਇਸ ਸੰਸਾਰ ਦੀ ਧਨ-ਦੌਲਤ ਅਤੇ ਸ਼ੁਹਰਤ ਵੀ ਹੋਵੇ, ਉਸ ਲਈ ਸਭ ਕੁਝ ਵਿਅਰਥ ਜਾਂ ਫਜ਼ੂਲ ਹੈ।—1 ਯੂਹੰਨਾ 5:19.
4. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਸਭ ਕੁਝ ਵਿਅਰਥ ਨਹੀਂ ਹੈ?
4 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਵਜੋਂ ਸਵਰਗ ਵਿਚ ਧਨ ਜੋੜਨ ਵਾਲਿਆਂ ਲਈ ਸਭ ਕੁਝ ਵਿਅਰਥ ਨਹੀਂ ਹੈ। (ਮੱਤੀ 6:19, 20) ਪ੍ਰਭੂ ਦੇ ਸੰਤੋਖਜਨਕ ਕੰਮ ਵਿਚ ਉਨ੍ਹਾਂ ਕੋਲ ਕਰਨ ਲਈ ਬਥੇਰਾ ਹੈ ਅਤੇ ਅਜਿਹੀ ਮਿਹਨਤ ਥੋਥੀ ਜਾਂ ਬਿਲਕੁਲ ਵਿਅਰਥ ਨਹੀਂ ਹੈ। (1 ਕੁਰਿੰਥੀਆਂ 15:58) ਪਰ ਜੇ ਅਸੀਂ ਸਮਰਪਿਤ ਮਸੀਹੀ ਹਾਂ, ਤਾਂ ਕੀ ਅਸੀਂ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਮੇਸ਼ੁਰ ਦੇ ਦਿੱਤੇ ਹੋਏ ਕੰਮ ਵਿਚ ਮਗਨ ਰਹਿੰਦੇ ਹਾਂ? (2 ਤਿਮੋਥਿਉਸ 3:1) ਜਾਂ ਕੀ ਅਸੀਂ ਅਜਿਹਾ ਜੀਵਨ-ਢੰਗ ਅਪਣਾ ਲਿਆ ਹੈ ਜੋ ਆਮ ਤੌਰ ਤੇ ਸਾਡੇ ਗੁਆਂਢੀਆਂ ਵਰਗਾ ਹੈ? ਉਨ੍ਹਾਂ ਦਾ ਸੰਬੰਧ ਸ਼ਾਇਦ ਤਰ੍ਹਾਂ-ਤਰ੍ਹਾਂ ਦੇ ਧਰਮਾਂ ਨਾਲ ਹੋਵੇ ਅਤੇ ਉਹ ਸ਼ਾਇਦ ਕਾਫ਼ੀ ਪੂਜਾ-ਪਾਠ ਕਰਦੇ ਹੋਣ। ਉਹ ਸ਼ਾਇਦ ਨਿਯਮਿਤ ਤੌਰ ਤੇ ਆਪਣੇ ਮੰਦਰਾਂ ਜਾਂ ਗਿਰਜਿਆਂ ਨੂੰ ਜਾਂਦੇ ਹੋਣ ਅਤੇ ਆਪਣੀ ਉਪਾਸਨਾ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਦੇ ਹੋਣ। ਲੇਕਿਨ ਉਹ ਰਾਜ ਦੇ ਸੰਦੇਸ਼ ਦੇ ਪ੍ਰਚਾਰਕ ਨਹੀਂ ਹਨ। ਉਨ੍ਹਾਂ ਕੋਲ ਨਾ ਹੀ ਇਹ ਸਹੀ ਗਿਆਨ ਹੈ ਕਿ ‘ਓੜਕ ਦਾ ਸਮਾਂ’ ਹੁਣ ਹੈ ਅਤੇ ਨਾ ਹੀ ਉਹ ਇਨ੍ਹਾਂ ਦਿਨਾਂ ਦੀ ਤੀਬਰਤਾ ਬਾਰੇ ਜਾਣਦੇ ਹਨ।—ਦਾਨੀਏਲ 12:4.
5. ਜੇਕਰ ਜ਼ਿੰਦਗੀ ਦੇ ਆਮ ਕੰਮ-ਕਾਰ ਸਾਡੇ ਲਈ ਮੁੱਖ ਚੀਜ਼ਾਂ ਬਣ ਗਈਆਂ ਹਨ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
5 ਯਿਸੂ ਮਸੀਹ ਨੇ ਸਾਡੇ ਭੈੜੇ ਸਮਿਆਂ ਬਾਰੇ ਇਹ ਕਿਹਾ: “ਪਰ ਜਿਸ ਤਰਾਂ ਨੂਹ ਦੇ ਦਿਨ ਸਨ ਮਨੁੱਖ ਦੇ ਪੁੱਤ੍ਰ ਦਾ ਆਉਣਾ ਉਸੇ ਤਰਾਂ ਹੋਵੇਗਾ। ਕਿਉਂਕਿ ਜਿਸ ਤਰਾਂ ਪਰਲੋ ਤੋਂ ਅੱਗੇ ਦੇ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਵਿਆਹ ਕਰਦੇ ਅਤੇ ਕਰਾਉਂਦੇ ਸਨ ਉਸ ਦਿਨ ਤੀਕਰ ਕਿ ਨੂਹ ਕਿਸ਼ਤੀ ਉੱਤੇ ਚੜ੍ਹਿਆ। ਅਤੇ ਓਹ ਨਹੀਂ ਜਾਣਦੇ ਸਨ ਜਦ ਤਾਈਂ ਪਰਲੋ ਨਾ ਆਈ ਅਤੇ ਸਭਨਾਂ ਨੂੰ ਰੁੜ੍ਹਾ ਕੇ ਲੈ ਨਾ ਗਈ ਇਸੇ ਤਰਾਂ ਮਨੁੱਖ ਦੇ ਪੁੱਤ੍ਰ ਦਾ ਆਉਣਾ ਹੋਵੇਗਾ।” (ਮੱਤੀ 24:37-39) ਸੰਜਮ ਨਾਲ ਖਾਣ-ਪੀਣ ਵਿਚ ਕੋਈ ਗ਼ਲਤੀ ਨਹੀਂ ਹੈ ਅਤੇ ਵਿਆਹ ਦਾ ਪ੍ਰਬੰਧ ਖ਼ੁਦ ਪਰਮੇਸ਼ੁਰ ਦੁਆਰਾ ਕਾਇਮ ਕੀਤਾ ਗਿਆ ਸੀ। (ਉਤਪਤ 2:20-24) ਲੇਕਿਨ, ਜੇ ਆਮ ਕੰਮ-ਕਾਰ ਸਾਡੀ ਜ਼ਿੰਦਗੀ ਵਿਚ ਮੁੱਖ ਚੀਜ਼ਾਂ ਬਣ ਗਈਆਂ ਹਨ, ਤਾਂ ਕਿਉਂ ਨਾ ਇਸ ਮਾਮਲੇ ਬਾਰੇ ਪ੍ਰਾਰਥਨਾ ਕਰੋ? ਰਾਜ ਨੂੰ ਪਹਿਲਾਂ ਭਾਲਣ, ਸਹੀ ਕਦਮ ਚੁੱਕਣ ਅਤੇ ਆਪਣੇ ਫ਼ਰਜ਼ ਨੂੰ ਨਿਭਾਉਂਦੇ ਰਹਿਣ ਵਿਚ ਯਹੋਵਾਹ ਸਾਡੀ ਮਦਦ ਕਰ ਸਕਦਾ ਹੈ।—ਮੱਤੀ 6:33; ਰੋਮੀਆਂ 12:12; 2 ਕੁਰਿੰਥੀਆਂ 13:7.
ਸਮਰਪਣ ਅਤੇ ਪਰਮੇਸ਼ੁਰ ਪ੍ਰਤੀ ਸਾਡਾ ਫ਼ਰਜ਼
6. ਕੁਝ ਬਪਤਿਸਮਾ-ਪ੍ਰਾਪਤ ਵਿਅਕਤੀ ਕਿਸ ਮਹੱਤਵਪੂਰਣ ਤਰੀਕੇ ਵਿਚ ਪਰਮੇਸ਼ੁਰ ਪ੍ਰਤੀ ਆਪਣੇ ਫ਼ਰਜ਼ ਨੂੰ ਨਿਭਾਉਣ ਵਿਚ ਅਸਫ਼ਲ ਹੋ ਰਹੇ ਹਨ?
6 ਕੁਝ ਬਪਤਿਸਮਾ-ਪ੍ਰਾਪਤ ਮਸੀਹੀਆਂ ਨੂੰ ਸੱਚੇ ਦਿਲੋਂ ਪ੍ਰਾਰਥਨਾ ਕਰਨ ਦੀ ਲੋੜ ਹੈ ਕਿਉਂਕਿ ਉਹ ਉਨ੍ਹਾਂ ਸ਼ਾਸਤਰ-ਸੰਬੰਧੀ ਫ਼ਰਜ਼ਾਂ ਦੇ ਅਨੁਸਾਰ ਨਹੀਂ ਜੀ ਰਹੇ ਜੋ ਉਨ੍ਹਾਂ ਨੇ ਪਰਮੇਸ਼ੁਰ ਨੂੰ ਸਮਰਪਣ ਹੋਣ ਦੇ ਸਮੇਂ ਅਪਣਾਏ ਸਨ। ਕਈਆਂ ਸਾਲਾਂ ਤੋਂ, ਹਰ ਸਾਲ 3,00,000 ਤੋਂ ਜ਼ਿਆਦਾ ਲੋਕਾਂ ਨੇ ਬਪਤਿਸਮਾ ਲਿਆ ਹੈ, ਲੇਕਿਨ ਯਹੋਵਾਹ ਦੇ ਗਵਾਹਾਂ ਦੀ ਕੁੱਲ ਗਿਣਤੀ ਇਸ ਦੇ ਅਨੁਸਾਰ ਨਹੀਂ ਵਧਦੀ। ਕੁਝ ਜੋ ਰਾਜ ਦੇ ਪ੍ਰਚਾਰਕ ਬਣੇ ਸਨ ਖ਼ੁਸ਼ ਖ਼ਬਰੀ ਸੁਣਾਉਣ ਤੋਂ ਹਟ ਗਏ ਹਨ। ਲੇਕਿਨ, ਬਪਤਿਸਮਾ ਲੈਣ ਤੋਂ ਪਹਿਲਾਂ ਸਾਰਿਆਂ ਨੂੰ ਮਸੀਹੀ ਸੇਵਕਾਈ ਵਿਚ ਪੂਰਾ ਹਿੱਸਾ ਲੈਣਾ ਚਾਹੀਦਾ ਹੈ। ਇਸ ਲਈ ਉਹ ਜਾਣਦੇ ਹਨ ਕਿ ਯਿਸੂ ਨੇ ਆਪਣੇ ਸਾਰਿਆਂ ਚੇਲਿਆਂ ਨੂੰ ਇਹ ਹੁਕਮ ਦਿੱਤਾ ਸੀ ਕਿ “ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਸਿਹਤ ਦੀਆਂ ਅਨੋਖੀਆਂ ਹਾਲਤਾਂ ਜਾਂ ਉਨ੍ਹਾਂ ਦੇ ਵੱਸ ਤੋਂ ਬਾਹਰ ਦੂਸਰੇ ਕਾਰਨਾਂ ਤੋਂ ਇਲਾਵਾ, ਜਿਹੜੇ ਬਪਤਿਸਮਾ-ਪ੍ਰਾਪਤ ਮਸੀਹੀ ਪਰਮੇਸ਼ੁਰ ਅਤੇ ਮਸੀਹ ਬਾਰੇ ਗਵਾਹੀ ਨਹੀਂ ਦਿੰਦੇ, ਉਹ ਸਾਡੇ ਮਹਾਨ ਕਰਤਾਰ ਪ੍ਰਤੀ ਆਪਣੇ ਪੂਰੇ ਫ਼ਰਜ਼ ਨੂੰ ਨਹੀਂ ਨਿਭਾ ਰਹੇ।—ਯਸਾਯਾਹ 43:10-12.
7. ਉਪਾਸਨਾ ਕਰਨ ਲਈ ਸਾਨੂੰ ਨਿਯਮਿਤ ਤੌਰ ਤੇ ਇਕੱਠੇ ਕਿਉਂ ਹੋਣਾ ਚਾਹੀਦਾ ਹੈ?
7 ਪ੍ਰਾਚੀਨ ਇਸਰਾਏਲ ਇਕ ਕੌਮ ਵਜੋਂ ਪਰਮੇਸ਼ੁਰ ਨੂੰ ਸਮਰਪਿਤ ਸੀ, ਅਤੇ ਬਿਵਸਥਾ ਨੇਮ ਦੇ ਅਧੀਨ ਉਸ ਦਿਆਂ ਲੋਕਾਂ ਦੇ ਯਹੋਵਾਹ ਪ੍ਰਤੀ ਫ਼ਰਜ਼ ਸਨ। ਮਿਸਾਲ ਲਈ, ਸਾਰਿਆਂ ਆਦਮੀਆਂ ਨੂੰ ਤਿੰਨ ਸਾਲਾਨਾ ਪਰਬਾਂ ਲਈ ਇਕੱਠੇ ਹੋਣ ਦੀ ਲੋੜ ਸੀ, ਅਤੇ ਜਿਹੜਾ ਵੀ ਜਾਣ-ਬੁੱਝ ਕੇ ਪਸਾਹ ਨਹੀਂ ਮਨਾਉਂਦਾ ਸੀ, ਉਸ ਨੂੰ ਮੌਤ ਵਿਚ ‘ਛੇਕਿਆ ਜਾਂਦਾ’ ਸੀ। (ਗਿਣਤੀ 9:13; ਲੇਵੀਆਂ 23:1-43; ਬਿਵਸਥਾ ਸਾਰ 16:16) ਪਰਮੇਸ਼ੁਰ ਦੇ ਸਮਰਪਿਤ ਲੋਕਾਂ ਵਜੋਂ ਉਨ੍ਹਾਂ ਨੂੰ ਉਸ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਉਪਾਸਨਾ ਕਰਨ ਵਾਸਤੇ ਇਕੱਠਾ ਹੋਣਾ ਪੈਂਦਾ ਸੀ। (ਬਿਵਸਥਾ ਸਾਰ 31:10-13) ਬਿਵਸਥਾ ਵਿਚ ਇਹ ਨਹੀਂ ਕਿਹਾ ਗਿਆ ਸੀ ਕਿ ‘ਜੇ ਤੁਸੀਂ ਇਸ ਨੂੰ ਕਰ ਸਕਦੇ ਹੋ ਤਾਂ ਇਸ ਨੂੰ ਕਰੋ।’ ਜਿਹੜੇ ਹੁਣ ਯਹੋਵਾਹ ਨੂੰ ਸਮਰਪਿਤ ਹਨ ਉਨ੍ਹਾਂ ਲਈ ਉਪਾਸਨਾ ਕਰਨ ਲਈ ਇਕੱਠੇ ਹੋਣ ਦਾ ਹੁਕਮ ਪੌਲੁਸ ਦੇ ਸ਼ਬਦਾਂ ਉੱਤੇ ਹੋਰ ਜ਼ੋਰ ਪਾਉਂਦਾ ਹੈ ਕਿ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ ਜਿਵੇਂ ਕਈਆਂ ਦਾ ਦਸਤੂਰ ਹੈ ਸਗੋਂ ਇੱਕ ਦੂਏ ਨੂੰ ਉਪਦੇਸ਼ ਕਰੀਏ ਅਤੇ ਇਹ ਉੱਨਾ ਹੀ ਵਧੀਕ ਹੋਵੇ ਜਿੰਨਾ ਤੁਸੀਂ ਵੇਖਦੇ ਹੋ ਭਈ ਉਹ ਦਿਨ ਨੇੜੇ ਆਉਂਦਾ ਹੈ।” (ਇਬਰਾਨੀਆਂ 10:24, 25) ਜੀ ਹਾਂ, ਸੰਗੀ ਵਿਸ਼ਵਾਸੀਆਂ ਨਾਲ ਨਿਯਮਿਤ ਤੌਰ ਤੇ ਇਕੱਠੇ ਹੋਣਾ ਪਰਮੇਸ਼ੁਰ ਪ੍ਰਤੀ ਇਕ ਸਮਰਪਿਤ ਮਸੀਹੀ ਦਾ ਫ਼ਰਜ਼ ਹੈ।
ਸੋਚ-ਸਮਝ ਕੇ ਫ਼ੈਸਲੇ ਕਰੋ!
8. ਇਕ ਜਵਾਨ ਸਮਰਪਿਤ ਵਿਅਕਤੀ ਨੂੰ ਆਪਣੀ ਪਵਿੱਤਰ ਸੇਵਾ ਉੱਤੇ ਪ੍ਰਾਰਥਨਾਪੂਰਵਕ ਵਿਚਾਰ ਕਿਉਂ ਕਰਨਾ ਚਾਹੀਦਾ ਹੈ?
8 ਸ਼ਾਇਦ ਤੁਸੀਂ ਯਹੋਵਾਹ ਨੂੰ ਸਮਰਪਿਤ ਨੌਜਵਾਨ ਹੋ। ਜੇ ਤੁਸੀਂ ਰਾਜ ਦਿਆਂ ਹਿਤਾਂ ਨੂੰ ਜ਼ਿੰਦਗੀ ਵਿਚ ਪਹਿਲਾਂ ਰੱਖੋਗੇ ਤਾਂ ਤੁਹਾਨੂੰ ਵੱਡੀਆਂ ਬਰਕਤਾਂ ਮਿਲਣਗੀਆਂ। (ਕਹਾਉਤਾਂ 10:22) ਪ੍ਰਾਰਥਨਾ ਅਤੇ ਸਾਵਧਾਨੀ ਨਾਲ ਯੋਜਨਾਵਾਂ ਬਣਾਉਣ ਰਾਹੀਂ ਤੁਸੀਂ ਸ਼ਾਇਦ ਘੱਟੋ-ਘੱਟ ਆਪਣੀ ਜਵਾਨੀ ਕਿਸੇ ਕਿਸਮ ਦੀ ਪੂਰਣ-ਕਾਲੀ ਸੇਵਾ ਵਿਚ ਗੁਜ਼ਾਰ ਸਕਦੇ ਹੋ—ਇਸ ਵਧੀਆ ਤਰੀਕੇ ਵਿਚ ਤੁਸੀਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਦੇ ਹੋ। ਨਹੀਂ ਤਾਂ ਹੋ ਸਕਦਾ ਹੈ ਕਿ ਹੋਰ ਕੰਮ ਤੁਹਾਡੇ ਸਮੇਂ ਅਤੇ ਧਿਆਨ ਨੂੰ ਖਿੱਚਣਾ ਸ਼ੁਰੂ ਕਰ ਦੇਣ। ਆਮ ਲੋਕਾਂ ਵਾਂਗ ਤੁਸੀਂ ਵੀ ਸ਼ਾਇਦ ਜਲਦੀ ਵਿਆਹ ਕਰਾ ਕੇ ਭੌਤਿਕ ਚੀਜ਼ਾਂ ਹਾਸਲ ਕਰਨ ਲਈ ਕਰਜ਼ਾ ਸਿਰ ਚੜ੍ਹਾ ਲਵੋਗੇ। ਚੰਗੀ ਕਮਾਈ ਵਾਲਾ ਕੰਮ-ਧੰਦਾ ਸ਼ਾਇਦ ਤੁਹਾਡਾ ਬਹੁਤ ਸਾਰਾ ਸਮਾਂ ਅਤੇ ਸ਼ਕਤੀ ਲੈ ਲਵੇ। ਜੇ ਤੁਹਾਡੇ ਬੱਚੇ ਹੋਣ ਤਾਂ ਤੁਹਾਨੂੰ ਕਈਆਂ ਦਹਾਕਿਆਂ ਲਈ ਪਰਿਵਾਰਕ ਜ਼ਿੰਮੇਵਾਰੀ ਚੁੱਕਣੀ ਪਵੇਗੀ। (1 ਤਿਮੋਥਿਉਸ 5:8) ਤੁਸੀਂ ਸ਼ਾਇਦ ਆਪਣੇ ਮਹਾਨ ਕਰਤਾਰ ਨੂੰ ਭੁੱਲੇ ਨਹੀਂ ਹੋ ਪਰ ਇਹ ਯਾਦ ਰੱਖਣਾ ਅਕਲਮੰਦੀ ਦੀ ਗੱਲ ਹੈ ਕਿ ਅਗਾਊਂ ਯੋਜਨਾਵਾਂ ਬਣਾਉਣੀਆਂ, ਜਾਂ ਨਹੀਂ ਬਣਾਉਣੀਆਂ, ਤੁਹਾਡੇ ਬਾਕੀ ਦੇ ਜੀਵਨ ਲਈ ਰਾਹ ਤੈ ਕਰ ਸਕਦੀਆਂ ਹਨ। ਬਾਅਦ ਦਿਆਂ ਸਾਲਾਂ ਵਿਚ ਤੁਸੀਂ ਸ਼ਾਇਦ ਬੀਤੇ ਦਿਨਾਂ ਨੂੰ ਯਾਦ ਕਰ ਕੇ ਸੋਚੋਗੇ ਕਿ ਕਾਸ਼ ਮੈਂ ਆਪਣੀ ਜਵਾਨੀ ਆਪਣੇ ਮਹਾਨ ਕਰਤਾਰ ਦੀ ਪਵਿੱਤਰ ਸੇਵਾ ਵਿਚ ਪੂਰੀ ਤਰ੍ਹਾਂ ਗੁਜ਼ਾਰੀ ਹੁੰਦੀ। ਕਿਉਂ ਨਾ ਆਪਣੀਆਂ ਸੰਭਾਵਨਾਵਾਂ ਉੱਤੇ ਹੁਣ ਹੀ ਪ੍ਰਾਰਥਨਾਪੂਰਵਕ ਵਿਚਾਰ ਕਰੋ ਤਾਂਕਿ ਤੁਸੀਂ ਆਪਣੀ ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰਨ ਵਿਚ ਸੰਤੁਸ਼ਟੀ ਪਾ ਸਕੋ?
9. ਕਿਸੇ ਬਿਰਧ ਵਿਅਕਤੀ ਲਈ, ਜਿਸ ਨੇ ਅੱਗੇ ਕਲੀਸਿਯਾ ਵਿਚ ਭਾਰੀ ਜ਼ਿੰਮੇਵਾਰੀ ਚੁੱਕੀ ਸੀ, ਕੀ ਸੰਭਵ ਹੈ?
9 ਇਕ ਅਜਿਹੇ ਆਦਮੀ ਦੀਆਂ ਹਾਲਤਾਂ ਵੱਲ ਧਿਆਨ ਦਿਓ ਜਿਸ ਨੇ ਕਿਸੇ ਸਮੇਂ ‘ਪਰਮੇਸ਼ੁਰ ਦੇ ਇੱਜੜ’ ਦੇ ਚਰਵਾਹੇ ਵਜੋਂ ਸੇਵਾ ਕੀਤੀ ਸੀ। (1 ਪਤਰਸ 5:2, 3) ਕਿਸੇ ਕਾਰਨ ਕਰਕੇ ਉਸ ਨੇ ਆਪਣੀ ਮਰਜ਼ੀ ਨਾਲ ਅਜਿਹੇ ਸਨਮਾਨ ਛੱਡ ਦਿੱਤੇ। ਸੱਚ ਹੈ ਕਿ ਉਹ ਹੁਣ ਸਿਆਣਾ ਹੋ ਗਿਆ ਹੋਵੇ ਅਤੇ ਪਰਮੇਸ਼ੁਰ ਦੀ ਸੇਵਾ ਵਿਚ ਜਾਰੀ ਰਹਿਣਾ ਉਸ ਲਈ ਹੁਣ ਸ਼ਾਇਦ ਜ਼ਿਆਦਾ ਔਖਾ ਬਣ ਗਿਆ ਹੋਵੇ। ਪਰ ਕੀ ਉਸ ਨੂੰ ਪਰਮੇਸ਼ੁਰੀ ਸਨਮਾਨ ਪਾਉਣ ਲਈ ਫਿਰ ਕੋਸ਼ਿਸ਼ ਕਰਨੀ ਚਾਹੀਦੀ ਹੈ? ਅਜਿਹਾ ਮਨੁੱਖ ਦੂਸਰਿਆਂ ਲਈ ਕਿੰਨੀਆਂ ਬਰਕਤਾਂ ਲਿਆ ਸਕਦਾ ਹੈ ਜੇ ਉਹ ਕਲੀਸਿਯਾ ਵਿਚ ਜ਼ਿਆਦਾ ਜ਼ਿੰਮੇਵਾਰੀ ਚੁੱਕ ਸਕੇ! ਕਿਉਂ ਜੋ ਕੋਈ ਵੀ ਵਿਅਕਤੀ ਸਿਰਫ਼ ਆਪਣੇ ਹੀ ਲਈ ਨਹੀਂ ਜੀਉਂਦਾ, ਜੇ ਉਹ ਪਰਮੇਸ਼ੁਰ ਦੀ ਮਹਿਮਾ ਲਈ ਆਪਣੀ ਸੇਵਾ ਵਧਾ ਸਕੇਗਾ ਤਾਂ ਦੋਸਤ-ਮਿੱਤਰ ਅਤੇ ਉਸ ਦੇ ਆਪਣੇ ਵੀ ਖ਼ੁਸ਼ ਹੋਣਗੇ। (ਰੋਮੀਆਂ 14:7, 8) ਸਭ ਤੋਂ ਵੱਧ, ਯਹੋਵਾਹ ਉਸ ਦੀ ਸੇਵਾ ਵਿਚ ਕੀਤੇ ਗਏ ਕਿਸੇ ਦੇ ਵੀ ਕੰਮ ਨੂੰ ਨਹੀਂ ਭੁੱਲਦਾ। (ਇਬਰਾਨੀਆਂ 6:10-12) ਤਾਂ ਫਿਰ, ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਵਿਚ ਸਾਡੀ ਕੀ ਮਦਦ ਕਰ ਸਕਦਾ ਹੈ?
ਆਪਣੇ ਮਹਾਨ ਕਰਤਾਰ ਨੂੰ ਚੇਤੇ ਰੱਖਣ ਲਈ ਮਦਦ
10. ਆਪਣੇ ਮਹਾਨ ਕਰਤਾਰ ਨੂੰ ਯਾਦ ਰੱਖਣ ਦੇ ਮਾਮਲੇ ਵਿਚ ਉਪਦੇਸ਼ਕ ਵਧੀਆ ਸਲਾਹ ਕਿਉਂ ਦੇ ਸਕਦਾ ਸੀ?
10 ਆਪਣੇ ਮਹਾਨ ਕਰਤਾਰ ਨੂੰ ਯਾਦ ਰੱਖਣ ਲਈ ਉਪਦੇਸ਼ਕ ਵਧੀਆ ਸਲਾਹ ਪੇਸ਼ ਕਰ ਸਕਦਾ ਸੀ। ਯਹੋਵਾਹ ਨੇ ਉਸ ਨੂੰ ਬੇਹਿਸਾਬ ਬੁੱਧ ਦੇਣ ਦੁਆਰਾ ਉਸ ਦੀ ਦਿਲੀ ਪ੍ਰਾਰਥਨਾ ਦਾ ਜਵਾਬ ਦਿੱਤਾ ਸੀ। (1 ਰਾਜਿਆਂ 3:6-12) ਸੁਲੇਮਾਨ ਨੇ ਮਨੁੱਖਾਂ ਦਿਆਂ ਸਾਰਿਆਂ ਕੰਮਾਂ ਦੀ ਪੂਰੀ ਛਾਣ-ਬੀਣ ਕੀਤੀ। ਇਸ ਤੋਂ ਇਲਾਵਾ, ਉਹ ਆਪਣੀਆਂ ਲੱਭਤਾਂ ਲਿਖਣ ਲਈ ਈਸ਼ਵਰੀ ਤੌਰ ਤੇ ਪ੍ਰੇਰਿਤ ਕੀਤਾ ਗਿਆ ਸੀ ਤਾਂਕਿ ਦੂਸਰੇ ਵੀ ਇਨ੍ਹਾਂ ਤੋਂ ਫ਼ਾਇਦਾ ਉਠਾ ਸਕਣ। ਉਸ ਨੇ ਲਿਖਿਆ: “ਉਪਰੰਤ ਉਪਦੇਸ਼ਕ ਬੁੱਧਵਾਨ ਜੋ ਸੀ, ਉਸ ਨੇ ਲੋਕਾਂ ਨੂੰ ਗਿਆਨ ਦੀ ਸਿੱਖਿਆ ਦਿੱਤੀ,—ਹਾਂ, ਉਸ ਨੇ ਚੰਗੀ ਤਰਾਂ ਕੰਨ ਲਾਇਆ ਅਤੇ ਭਾਲ ਭਾਲ ਕੇ ਬਾਹਲੀਆਂ ਕਹਾਉਤਾਂ ਰਚੀਆਂ। ਉਪਦੇਸ਼ਕ ਮਨ ਭਾਉਂਦੀਆਂ ਗੱਲਾਂ ਦੀ ਭਾਲ ਵਿੱਚ ਰਿਹਾ ਅਤੇ ਜੋ ਕੁਝ ਲਿੱਖਿਆ ਗਿਆ ਸਿੱਧਾ ਅਰ ਸਚਿਆਈ ਦੀਆਂ ਗੱਲਾਂ ਸੀ।”—ਉਪਦੇਸ਼ਕ ਦੀ ਪੋਥੀ 12:9, 10.
11. ਸਾਨੂੰ ਸੁਲੇਮਾਨ ਦੀ ਸਲਾਹ ਕਿਉਂ ਸਵੀਕਾਰ ਕਰਨੀ ਚਾਹੀਦੀ ਹੈ?
11 ਪਵਿੱਤਰ ਬਾਈਬਲ ਦਾ ਨਵਾਂ ਅਨੁਵਾਦ ਇਨ੍ਹਾਂ ਸ਼ਬਦਾਂ ਨੂੰ ਇਸ ਤਰ੍ਹਾਂ ਦਰਜ ਕਰਦਾ ਹੈ: “ਉਪਦੇਸ਼ਕ ਆਪ ਬੁੱਧੀਵਾਨ ਸੀ, ਇਸ ਲਈ ਉਹ ਆਪ ਜੋ ਕੁਝ ਜਾਣਦਾ ਸੀ, ਉਹੋ ਹੀ ਲੋਕਾਂ ਨੂੰ ਵੀ ਸਿਖਾਉਂਦਾ ਰਿਹਾ। ਉਸ ਨੇ ਆਪਣੀਆਂ ਕਹਾਉਤਾਂ ਦਾ ਅਧਿਆਨ ਕੀਤਾ ਅਤੇ ਉਹਨਾਂ ਦੇ ਸਤ ਨੂੰ ਪਰਖਿਆ ਵੀ। ਉਸ ਨੇ ਸੁੰਦਰ ਸ਼ਬਦਾਂ ਦੀ ਖੋਜ ਕੀਤੀ ਅਤੇ ਸਤ ਨਾਲ ਭਰਪੂਰ ਸ਼ਬਦ ਲਿਖੇ।” ਸੁਲੇਮਾਨ ਨੇ ਸੋਹਣਿਆਂ ਸ਼ਬਦਾਂ ਅਤੇ ਦਿਲਚਸਪ ਅਤੇ ਫ਼ਾਇਦੇਮੰਦ ਵਿਸ਼ਿਆਂ ਦੁਆਰਾ ਆਪਣੇ ਪਾਠਕਾਂ ਦਿਆਂ ਦਿਲਾਂ ਤਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਕਿਉਂ ਜੋ ਬਾਈਬਲ ਵਿਚ ਉਸ ਦੇ ਸ਼ਬਦ ਪਵਿੱਤਰ ਸ਼ਕਤੀ ਦੁਆਰਾ ਪ੍ਰੇਰਿਤ ਕੀਤੇ ਗਏ ਹਨ ਅਸੀਂ ਉਸ ਦੀਆਂ ਲੱਭਤਾਂ ਅਤੇ ਬੁੱਧੀਮਾਨ ਸਲਾਹ ਨੂੰ ਬਿਨਾਂ ਝਿਜਕੇ ਸਵੀਕਾਰ ਕਰ ਸਕਦੇ ਹਾਂ।—2 ਤਿਮੋਥਿਉਸ 3:16, 17.
12. ਉਪਦੇਸ਼ਕ ਦੀ ਪੋਥੀ 12:11, 12 ਵਿਚ ਦਰਜ ਕੀਤੀ ਗਈ ਸੁਲੇਮਾਨ ਦੀ ਗੱਲ ਨੂੰ ਤੁਸੀਂ ਆਪਣਿਆਂ ਸ਼ਬਦਾਂ ਵਿਚ ਕਿਸ ਤਰ੍ਹਾਂ ਦੱਸੋਗੇ?
12 ਅੱਜ-ਕੱਲ੍ਹ ਦੇ ਛਪਾਈ ਕਰਨ ਦੇ ਤਰੀਕਿਆਂ ਤੋਂ ਬਗੈਰ ਸੁਲੇਮਾਨ ਦੇ ਸਮੇਂ ਵਿਚ ਬਹੁਤ ਕਿਤਾਬਾਂ ਮਿਲ ਸਕਦੀਆਂ ਸਨ। ਅਜਿਹੇ ਸਾਹਿੱਤ ਨੂੰ ਕਿਸ ਤਰ੍ਹਾਂ ਵਿਚਾਰਨਾ ਚਾਹੀਦਾ ਸੀ? ਉਸ ਨੇ ਕਿਹਾ: “ਬੁੱਧਵਾਨਾਂ ਦੇ ਬਚਨ ਪਰਾਣੀਆਂ ਵਰਗੇ ਹਨ ਅਤੇ ਇਕੱਠੇ ਬੋਲ ਲੱਗਿਆਂ ਹੋਇਆਂ ਕਿੱਲਾਂ ਵਰਗੇ ਜਿਹੜੇ ਇੱਕ ਅਯਾਲੀ ਕੋਲੋਂ ਦਿੱਤੇ ਗਏ ਹਨ। ਸੋ ਹੁਣ, ਹੇ ਮੇਰੇ ਪੁੱਤ੍ਰ, ਤੂੰ ਏਹਨਾਂ ਤੋਂ ਹੁਸ਼ਿਆਰੀ ਸਿੱਖ,—ਬਹੁਤ ਪੋਥੀਆਂ ਦੇ ਰਚਣ ਦਾ ਅੰਤ ਨਹੀਂ ਅਤੇ ਬਹੁਤ ਪੜ੍ਹਨਾ ਸਰੀਰ ਨੂੰ ਥਕਾਉਂਦਾ ਹੈ।”—ਉਪਦੇਸ਼ਕ ਦੀ ਪੋਥੀ 12:11, 12.
13. ਈਸ਼ਵਰੀ ਬੁੱਧ ਵਾਲੇ ਦੀਆਂ ਗੱਲਾਂ ਕਿਸ ਤਰ੍ਹਾਂ ਪਰਾਣੀਆਂ ਵਰਗੀਆਂ ਸਾਬਤ ਹੁੰਦੀਆਂ ਹਨ, ਅਤੇ ‘ਲੱਗੇ ਹੋਏ ਕਿੱਲਾਂ’ ਵਾਂਗ ਕੌਣ ਹਨ?
13 ਈਸ਼ਵਰੀ ਬੁੱਧ ਵਾਲੇ ਦੀਆਂ ਗੱਲਾਂ ਪਰਾਣੀਆਂ ਵਰਗੀਆਂ ਸਾਬਤ ਹੁੰਦੀਆਂ ਹਨ। ਕਿਸ ਤਰ੍ਹਾਂ? ਉਹ ਪੜ੍ਹਨ ਜਾਂ ਸੁਣਨ ਵਾਲੇ ਨੂੰ ਉਤੇਜਿਤ ਕਰਦੀਆਂ ਹਨ ਤਾਂਕਿ ਉਹ ਇਨ੍ਹਾਂ ਬੁੱਧੀਮਾਨ ਗੱਲਾਂ ਦੇ ਅਨੁਸਾਰ ਪ੍ਰਗਤੀ ਕਰ ਸਕੇ। ਇਸ ਤੋਂ ਇਲਾਵਾ, ਜਿਹੜੇ ‘ਇਕੱਠੇ ਕੀਤੇ ਗਏ ਬੋਲਾਂ’ ਜਾਂ ਸੱਚੀ ਬੁੱਧ ਅਤੇ ਫ਼ਾਇਦੇ ਦੀਆਂ ਗੱਲਾਂ ਵਿਚ ਆਪਣੇ ਆਪ ਨੂੰ ਮਗਨ ਕਰਦੇ ਹਨ, ਉਹ “ਲੱਗਿਆਂ ਹੋਇਆਂ ਕਿੱਲਾਂ ਵਰਗੇ” ਜਾਂ ਪੱਕੀ ਤਰ੍ਹਾਂ ਠੋਕੇ ਗਏ ਹਨ। ਇਹ ਇਸ ਲਈ ਹੈ ਕਿਉਂਕਿ ਅਜਿਹੇ ਵਿਅਕਤੀ ਦੇ ਚੰਗੇ ਸ਼ਬਦ ਯਹੋਵਾਹ ਦੀ ਬੁੱਧ ਦਿਖਾਉਂਦੇ ਹਨ ਅਤੇ ਇਸ ਲਈ ਇਹ ਪੜ੍ਹਨ ਜਾਂ ਸੁਣਨ ਵਾਲੇ ਨੂੰ ਸਥਿਰ ਬਣਾ ਸਕਦੇ ਹਨ ਅਤੇ ਸਹਾਰਾ ਦੇ ਸਕਦੇ ਹਨ। ਜੇਕਰ ਤੁਸੀਂ ਪਰਮੇਸ਼ੁਰ ਦਾ ਭੈ ਰੱਖਣ ਵਾਲੇ ਮਾਪੇ ਹੋ ਤਾਂ ਕੀ ਤੁਹਾਨੂੰ ਆਪਣਿਆਂ ਬੱਚਿਆਂ ਨੂੰ ਅਜਿਹੀ ਬੁੱਧ ਸਿਖਾਉਣੀ ਅਤੇ ਉਨ੍ਹਾਂ ਦਿਆਂ ਮਨਾਂ ਅਤੇ ਦਿਲਾਂ ਵਿਚ ਬਿਠਾਉਣੀ ਨਹੀਂ ਚਾਹੀਦੀ?—ਬਿਵਸਥਾ ਸਾਰ 6:4-9.
14. (ੳ) ਕਿਸ ਤਰ੍ਹਾਂ ਦੀਆਂ ਕਿਤਾਬਾਂ ਦਾ “ਬਹੁਤ ਪੜ੍ਹਨਾ” ਲਾਭਦਾਇਕ ਨਹੀਂ ਹੈ? (ਅ) ਸਾਨੂੰ ਕਿਹੜੇ ਸਾਹਿੱਤ ਵੱਲ ਪ੍ਰਮੁੱਖ ਧਿਆਨ ਦੇਣਾ ਚਾਹੀਦਾ ਹੈ, ਅਤੇ ਕਿਉਂ?
14 ਲੇਕਿਨ ਸੁਲੇਮਾਨ ਨੇ ਕਿਤਾਬਾਂ ਬਾਰੇ ਇਸ ਤਰ੍ਹਾਂ ਕਿਉਂ ਕਿਹਾ ਸੀ? ਯਹੋਵਾਹ ਦੇ ਬਚਨ ਦੀ ਤੁਲਨਾ ਵਿਚ ਸੰਸਾਰ ਦੀਆਂ ਬੇਅੰਤ ਕਿਤਾਬਾਂ ਸਿਰਫ਼ ਮਨੁੱਖੀ ਸੋਚਣੀ ਅਤੇ ਤਰਕ ਪੇਸ਼ ਕਰਦੀਆਂ ਹਨ। ਇਨ੍ਹਾਂ ਵਿਚ ਜ਼ਿਆਦਾਤਰ ਗੱਲਾਂ ਸ਼ਤਾਨ ਦੀ ਸੋਚਣੀ ਪ੍ਰਗਟ ਕਰਦੀਆਂ ਹਨ। (2 ਕੁਰਿੰਥੀਆਂ 4:4) ਇਸ ਲਈ, ਅਜਿਹੀਆਂ ਦੁਨਿਆਵੀ ਕਿਤਾਬਾਂ ਦਾ “ਬਹੁਤ ਪੜ੍ਹਨਾ” ਜ਼ਿਆਦਾ ਫ਼ਾਇਦਾ ਨਹੀਂ ਲਿਆਉਂਦਾ। ਦਰਅਸਲ, ਅਜਿਹੀਆਂ ਕਿਤਾਬਾਂ ਨੂੰ ਪੜ੍ਹਨਾ ਰੂਹਾਨੀ ਤੌਰ ਤੇ ਸਾਡਾ ਨੁਕਸਾਨ ਕਰ ਸਕਦਾ ਹੈ। ਸੁਲੇਮਾਨ ਵਾਂਗ ਆਓ ਆਪਾਂ ਉਸ ਉੱਤੇ ਮਨਨ ਕਰੀਏ ਜੋ ਪਰਮੇਸ਼ੁਰ ਦਾ ਬਚਨ ਜ਼ਿੰਦਗੀ ਬਾਰੇ ਕਹਿੰਦਾ ਹੈ। ਇਹ ਸਾਡੀ ਨਿਹਚਾ ਨੂੰ ਮਜ਼ਬੂਤ ਕਰੇਗਾ ਅਤੇ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਬਣਾਵੇਗਾ। ਦੂਸਰੀਆਂ ਕਿਤਾਬਾਂ ਜਾਂ ਜਾਣਕਾਰੀ ਦੇ ਸੋਮਿਆਂ ਵੱਲ ਜ਼ਿਆਦਾ ਧਿਆਨ ਦੇਣਾ ਸਾਨੂੰ ਥਕਾ ਸਕਦਾ ਹੈ। ਅਜਿਹੀਆਂ ਲਿਖਤਾਂ ਜਿਨ੍ਹਾਂ ਵਿਚ ਦੁਨਿਆਵੀ ਤਰਕ ਹੈ ਖ਼ਾਸ ਕਰਕੇ ਉਦੋਂ ਨੁਕਸਾਨਦੇਹ ਸਾਬਤ ਹੁੰਦੀਆਂ ਹਨ ਜਦੋਂ ਇਹ ਈਸ਼ਵਰੀ ਬੁੱਧ ਨਾਲ ਟਕਰਾਉਂਦੀਆਂ ਹਨ। ਇਹ ਪਰਮੇਸ਼ੁਰ ਅਤੇ ਉਸ ਦਿਆਂ ਮਕਸਦਾਂ ਵਿਚ ਸਾਡੀ ਨਿਹਚਾ ਨੂੰ ਨਾਸ਼ ਕਰ ਦਿੰਦੀਆਂ ਹਨ। ਤਾਂ ਫਿਰ ਆਓ ਆਪਾਂ ਯਾਦ ਰੱਖੀਏ ਕਿ ਸੁਲੇਮਾਨ ਦੇ ਦਿਨਾਂ ਅਤੇ ਸਾਡੇ ਦਿਨਾਂ ਦੀਆਂ ਸਭ ਤੋਂ ਲਾਭਦਾਇਕ ਲਿਖਤਾਂ ਉਹ ਹਨ ਜੋ “ਇੱਕ ਅਯਾਲੀ,” ਯਹੋਵਾਹ ਪਰਮੇਸ਼ੁਰ, ਦੀ ਬੁੱਧ ਪ੍ਰਗਟ ਕਰਦੀਆਂ ਹਨ। ਉਸ ਨੇ ਪਵਿੱਤਰ ਸ਼ਾਸਤਰ ਵਿਚ 66 ਕਿਤਾਬਾਂ ਦਿੱਤੀਆਂ ਹਨ ਅਤੇ ਸਾਨੂੰ ਇਨ੍ਹਾਂ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ। ਬਾਈਬਲ ਅਤੇ ‘ਮਾਤਬਰ ਨੌਕਰ’ ਦੁਆਰਾ ਪੇਸ਼ ਕੀਤੇ ਗਏ ਹੋਰ ਸਹਾਇਕ ਪ੍ਰਕਾਸ਼ਨ ਸਾਨੂੰ ‘ਪਰਮੇਸ਼ੁਰ ਦਾ ਗਿਆਨ’ ਪ੍ਰਾਪਤ ਕਰਨ ਵਿਚ ਮਦਦ ਦਿੰਦੇ ਹਨ।—ਕਹਾਉਤਾਂ 2:1-6.
ਪਰਮੇਸ਼ੁਰ ਪ੍ਰਤੀ ਸਾਡਾ ਪੂਰਾ ਫ਼ਰਜ਼
15. (ੳ) ਸੁਲੇਮਾਨ ਦੀ ਇਹ ਗੱਲ ਕਿ “ਇਨਸਾਨ ਦਾ ਇਹੋ ਰਿਣ ਹੈ” ਨੂੰ ਤੁਸੀਂ ਕਿਸ ਤਰ੍ਹਾਂ ਸਮਝਾਓਗੇ? (ਅ) ਜੇ ਅਸੀਂ ਪਰਮੇਸ਼ੁਰ ਪ੍ਰਤੀ ਆਪਣੇ ਰਿਣ ਜਾਂ ਫ਼ਰਜ਼ ਨੂੰ ਨਿਭਾਉਣਾ ਹੈ ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
15 ਪੂਰੀ ਛਾਣ-ਬੀਣ ਦਾ ਸਾਰ ਪੇਸ਼ ਕਰਦੇ ਹੋਏ, ਉਪਦੇਸ਼ਕ, ਸੁਲੇਮਾਨ ਕਹਿੰਦਾ ਹੈ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।” (ਉਪਦੇਸ਼ਕ ਦੀ ਪੋਥੀ 12:13, 14) ਸਾਡੇ ਮਹਾਨ ਕਰਤਾਰ ਲਈ ਗੁਣਕਾਰੀ ਭੈ, ਜਾਂ ਸ਼ਰਧਾਮਈ ਆਦਰ, ਸਾਨੂੰ ਅਤੇ ਆਸ ਹੈ ਕਿ ਸਾਡੇ ਪਰਿਵਾਰ ਨੂੰ ਵੀ, ਜੀਵਨ ਦੇ ਅਜਿਹੇ ਖ਼ਤਰੇ-ਭਰੇ ਰਾਹ ਤੇ ਚੱਲਣ ਤੋਂ ਸੁਰੱਖਿਅਤ ਰੱਖੇਗਾ ਜੋ ਸਾਡੇ ਉੱਤੇ ਬਹੁਤ ਦੁੱਖ-ਤਕਲੀਫ਼ ਲਿਆ ਸਕਦਾ ਹੈ। ਪਰਮੇਸ਼ੁਰ ਦਾ ਗੁਣਕਾਰੀ ਭੈ ਸ਼ੁੱਧ ਹੈ ਅਤੇ ਬੁੱਧ ਅਤੇ ਗਿਆਨ ਦਾ ਮੂਲ ਹੈ। (ਜ਼ਬੂਰ 19:9; ਕਹਾਉਤਾਂ 1:7) ਜੇ ਅਸੀਂ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਤੇ ਆਧਾਰਿਤ ਜਾਣਕਾਰੀ ਪਾਈਏ ਅਤੇ ਸਾਰਿਆਂ ਕੰਮਾਂ ਵਿਚ ਇਸ ਦੀ ਸਲਾਹ ਲਾਗੂ ਕਰੀਏ ਅਸੀਂ ਪਰਮੇਸ਼ੁਰ ਪ੍ਰਤੀ ਆਪਣੇ “ਰਿਣ” ਜਾਂ ਪੂਰੇ ਫ਼ਰਜ਼ ਨੂੰ ਨਿਭਾ ਰਹੇ ਹੋਵਾਂਗੇ। ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਕੰਮਾਂ ਜਾਂ ਫ਼ਰਜ਼ਾਂ ਦੀ ਸੂਚੀ ਬਣਾਉਣੀ ਚਾਹੀਦੀ ਹੈ। ਇਸ ਦੀ ਬਜਾਇ, ਜ਼ਿੰਦਗੀ ਦੀਆਂ ਸਮੱਸਿਆਵਾਂ ਸੁਲਝਾਉਣ ਵਿਚ ਸਾਨੂੰ ਬਾਈਬਲ ਤੋਂ ਅਗਵਾਈ ਭਾਲਣੀ ਚਾਹੀਦੀ ਹੈ ਅਤੇ ਹਮੇਸ਼ਾ ਪਰਮੇਸ਼ੁਰ ਦੇ ਤਰੀਕੇ ਅਨੁਸਾਰ ਕੰਮ ਕਰਨਾ ਚਾਹੀਦਾ ਹੈ।
16. ਨਿਆਉਂ ਦੇ ਸੰਬੰਧ ਵਿਚ ਯਹੋਵਾਹ ਕੀ ਕਰੇਗਾ?
16 ਸਾਨੂੰ ਪਤਾ ਹੈ ਕਿ ਸਾਡੇ ਮਹਾਨ ਕਰਤਾਰ ਤੋਂ ਕੋਈ ਵੀ ਗੱਲ ਛੁਪੀ ਨਹੀਂ ਰਹਿੰਦੀ। (ਕਹਾਉਤਾਂ 15:3) ਉਹ ‘ਇੱਕ ਇੱਕ ਕੰਮ ਦਾ ਨਿਆਉਂ ਕਰੇਗਾ।’ ਜੀ ਹਾਂ, ਅੱਤ ਮਹਾਨ ਸਾਰੀਆਂ ਗੱਲਾਂ ਦਾ ਨਿਆਉਂ ਕਰੇਗਾ, ਉਨ੍ਹਾਂ ਦਾ ਵੀ ਜੋ ਮਨੁੱਖੀ ਅੱਖਾਂ ਤੋਂ ਲੁਕੀਆਂ ਹਨ। ਇਹ ਜਾਣਨਾ ਸਾਨੂੰ ਪਰਮੇਸ਼ੁਰ ਦਿਆਂ ਹੁਕਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਪਰ ਸਭ ਤੋਂ ਵੱਡੀ ਪ੍ਰੇਰਣਾ ਸਾਡੇ ਸਵਰਗੀ ਪਿਤਾ ਲਈ ਪ੍ਰੇਮ ਹੋਣਾ ਚਾਹੀਦਾ ਹੈ ਕਿਉਂਕਿ ਯੂਹੰਨਾ ਰਸੂਲ ਨੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਣਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਕਿਉਂ ਜੋ ਪਰਮੇਸ਼ੁਰ ਦੇ ਹੁਕਮ ਸਾਡੀ ਹਮੇਸ਼ਾ ਦੀ ਭਲਾਈ ਲਈ ਦਿੱਤੇ ਗਏ ਹਨ, ਤਾਂ ਬਿਨਾਂ ਸ਼ੱਕ, ਇਨ੍ਹਾਂ ਦੀ ਪਾਲਣਾ ਕਰਨੀ ਸਿਰਫ਼ ਉਚਿਤ ਨਹੀਂ ਪਰ ਸੱਚ-ਮੁੱਚ ਬੁੱਧੀਮਾਨ ਵੀ ਹੈ। ਮਹਾਨ ਕਰਤਾਰ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਕੋਈ ਬੋਝ ਨਹੀਂ ਹੈ। ਉਹ ਉਸ ਪ੍ਰਤੀ ਆਪਣਾ ਫ਼ਰਜ਼ ਨਿਭਾਉਣਾ ਚਾਹੁੰਦੇ ਹਨ।
ਆਪਣਾ ਪੂਰਾ ਫ਼ਰਜ਼ ਨਿਭਾਓ
17. ਜੇ ਅਸੀਂ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਸੱਚ-ਮੁੱਚ ਨਿਭਾਉਣਾ ਚਾਹੁੰਦੇ ਹਾਂ, ਤਾਂ ਅਸੀਂ ਕੀ ਕਰਾਂਗੇ?
17 ਜੇਕਰ ਅਸੀਂ ਬੁੱਧਵਾਨ ਹਾਂ ਅਤੇ ਪਰਮੇਸ਼ੁਰ ਦਿਆਂ ਹੁਕਮਾਂ ਦੀ ਪਾਲਣਾ ਕਰਨ ਤੋਂ ਇਲਾਵਾ ਉਸ ਪ੍ਰਤੀ ਆਪਣਾ ਪੂਰਾ ਫ਼ਰਜ਼ ਸੱਚ-ਮੁੱਚ ਨਿਭਾਉਣਾ ਚਾਹੁੰਦੇ ਹਾਂ, ਤਾਂ ਅਸੀਂ ਉਸ ਨੂੰ ਨਾਰਾਜ਼ ਕਰਨ ਦਾ ਸ਼ਰਧਾਮਈ ਭੈ ਰੱਖਾਂਗੇ। ਸੱਚ-ਮੁੱਚ, “ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ” ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨ ਵਾਲਿਆਂ ਦੀ “ਸਮਝ ਚੰਗੀ” ਹੁੰਦੀ ਹੈ। (ਜ਼ਬੂਰ 111:10; ਕਹਾਉਤਾਂ 1:7) ਤਾਂ ਫਿਰ ਆਓ ਆਪਾਂ ਬੁੱਧ ਨਾਲ ਕੰਮ ਕਰੀਏ ਅਤੇ ਹਰੇਕ ਗੱਲ ਵਿਚ ਯਹੋਵਾਹ ਪ੍ਰਤੀ ਆਗਿਆਕਾਰ ਹੋਈਏ। ਇਹ ਖ਼ਾਸ ਕਰਕੇ ਹੁਣ ਜ਼ਰੂਰੀ ਹੈ ਕਿਉਂਕਿ ਰਾਜਾ ਯਿਸੂ ਮਸੀਹ ਮੌਜੂਦ ਹੈ ਅਤੇ ਪਰਮੇਸ਼ੁਰ ਦੇ ਨਿਯੁਕਤ ਕੀਤੇ ਗਏ ਨਿਆਂਕਾਰ ਦੇ ਤੌਰ ਤੇ ਉਸ ਦੁਆਰਾ ਨਿਆਉਂ ਦਾ ਦਿਨ ਨਜ਼ਦੀਕ ਹੈ।—ਮੱਤੀ 24:3; 25:31, 32.
18. ਜੇ ਅਸੀਂ ਯਹੋਵਾਹ ਪਰਮੇਸ਼ੁਰ ਪ੍ਰਤੀ ਆਪਣਾ ਪੂਰਾ ਫ਼ਰਜ਼ ਨਿਭਾਈਏ, ਤਾਂ ਸਾਡੇ ਲਈ ਕੀ ਨਤੀਜਾ ਹੋਵੇਗਾ?
18 ਪਰਮੇਸ਼ੁਰ ਹੁਣ ਸਾਡੇ ਸਾਰਿਆਂ ਦੀ ਛਾਣ-ਬੀਣ ਕਰ ਰਿਹਾ ਹੈ। ਕੀ ਅਸੀਂ ਰੂਹਾਨੀ ਰੁਚੀਆਂ ਰੱਖਦੇ ਹਾਂ, ਜਾਂ ਕੀ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਦੁਨਿਆਵੀ ਅਸਰਾਂ ਨੇ ਕਮਜ਼ੋਰ ਕਰ ਦਿੱਤਾ ਹੈ? (1 ਕੁਰਿੰਥੀਆਂ 2:10-16; 1 ਯੂਹੰਨਾ 2:15-17) ਭਾਵੇਂ ਅਸੀਂ ਜਵਾਨ ਹਾਂ ਜਾਂ ਬਿਰਧ, ਆਓ ਆਪਾਂ ਆਪਣੇ ਮਹਾਨ ਕਰਤਾਰ ਨੂੰ ਖ਼ੁਸ਼ ਕਰਨ ਲਈ ਜੋ ਵੀ ਕਰ ਸਕਦੇ ਹਾਂ ਕਰੀਏ। ਜੇ ਅਸੀਂ ਯਹੋਵਾਹ ਦੀ ਆਗਿਆ ਮੰਨਦੇ ਹਾਂ ਅਤੇ ਉਸ ਦੇ ਹੁਕਮਾਂ ਦੀ ਪਾਲਣ ਕਰਦੇ ਹਾਂ, ਤਾਂ ਅਸੀਂ ਇਸ ਬੀਤਦੇ ਜਾਂ ਰਹੇ ਸੰਸਾਰ ਦੀਆਂ ਵਿਅਰਥ ਚੀਜ਼ਾਂ ਨੂੰ ਰੱਦ ਕਰਾਂਗੇ। ਫਿਰ ਅਸੀਂ ਪਰਮੇਸ਼ੁਰ ਦੀ ਵਾਅਦਾ ਕੀਤੀ ਗਈ ਨਵੀਂ ਰੀਤੀ-ਵਿਵਸਥਾ ਵਿਚ ਸਦੀਪਕ ਜੀਵਨ ਦੀ ਉਮੀਦ ਦਿਲ ਵਿਚ ਬਿਠਾ ਸਕਦੇ ਹਾਂ। (2 ਪਤਰਸ 3:13) ਪਰਮੇਸ਼ੁਰ ਪ੍ਰਤੀ ਪੂਰਾ ਫ਼ਰਜ਼ ਨਿਭਾਉਣ ਵਾਲਿਆਂ ਲਈ ਕਿੰਨੀਆਂ ਵਧੀਆ ਸੰਭਾਵਨਾਵਾਂ!
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
◻ ਤੁਸੀਂ ਕਿਉਂ ਕਹੋਗੇ ਕਿ ਸਭ ਕੁਝ ਵਿਅਰਥ ਨਹੀਂ ਹੈ?
◻ ਨੌਜਵਾਨ ਮਸੀਹੀਆਂ ਨੂੰ ਆਪਣੀ ਪਵਿੱਤਰ ਸੇਵਾ ਉੱਤੇ ਪ੍ਰਾਰਥਨਾਪੂਰਵਕ ਧਿਆਨ ਕਿਉਂ ਦੇਣਾ ਚਾਹੀਦਾ ਹੈ?
◻ ਕਿਸ ਤਰ੍ਹਾਂ ਦੀਆਂ ਕਿਤਾਬਾਂ ਦਾ “ਬਹੁਤ ਪੜ੍ਹਨਾ” ਲਾਭਦਾਇਕ ਨਹੀਂ ਹੈ?
◻ ‘ਇਨਸਾਨ ਦਾ ਰਿਣ’ ਜਾਂ ਪੂਰਾ ਫ਼ਰਜ਼ ਕੀ ਹੈ?
[ਸਫ਼ੇ 20 ਉੱਤੇ ਤਸਵੀਰ]
ਯਹੋਵਾਹ ਦੀ ਸੇਵਾ ਕਰਨ ਵਾਲਿਆਂ ਲਈ ਸਭ ਕੁਝ ਵਿਅਰਥ ਨਹੀਂ ਹੈ
[ਸਫ਼ੇ 23 ਉੱਤੇ ਤਸਵੀਰ]
ਸੰਸਾਰ ਦੀਆਂ ਕਈਆਂ ਕਿਤਾਬਾਂ ਤੋਂ ਭਿੰਨ ਪਰਮੇਸ਼ੁਰ ਦਾ ਬਚਨ ਤਾਜ਼ਗੀਦਾਇਕ ਅਤੇ ਲਾਭਦਾਇਕ ਹੈ