ਸਚੇਤ ਰਹੋ ਅਤੇ ਮਿਹਨਤੀ ਬਣੋ!
“ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।”—ਮੱਤੀ 25:13.
1. ਯੂਹੰਨਾ ਰਸੂਲ ਕਿਸ ਚੀਜ਼ ਦੀ ਉਤਸ਼ਾਹ ਨਾਲ ਉਡੀਕ ਕਰ ਰਿਹਾ ਸੀ?
ਬਾਈਬਲ ਵਿਚ ਦਰਜ ਆਖ਼ਰੀ ਵਾਰਤਾਲਾਪ ਵਿਚ, ਯਿਸੂ ਨੇ ਵਾਅਦਾ ਕੀਤਾ ਸੀ: “ਮੈਂ ਛੇਤੀ ਆਉਂਦਾ ਹਾਂ।” ਉਸ ਦੇ ਰਸੂਲ ਯੂਹੰਨਾ ਨੇ ਜਵਾਬ ਦਿੱਤਾ: “ਆਮੀਨ। ਹੇ ਪ੍ਰਭੁ ਯਿਸੂ, ਆਓ!” ਇਸ ਰਸੂਲ ਨੂੰ ਕੋਈ ਸ਼ੱਕ ਨਹੀਂ ਸੀ ਕਿ ਯਿਸੂ ਆਵੇਗਾ। ਯੂਹੰਨਾ ਉਨ੍ਹਾਂ ਰਸੂਲਾਂ ਵਿੱਚੋਂ ਸੀ ਜਿਨ੍ਹਾਂ ਨੇ ਯਿਸੂ ਨੂੰ ਪੁੱਛਿਆ ਸੀ: “ਇਹ ਗੱਲਾਂ ਕਦੋਂ ਹੋਣਗੀਆਂ, ਅਤੇ ਤੇਰੀ ਮੌਜੂਦਗੀ [ਯੂਨਾਨੀ, ਪਰੂਸੀਆ] ਦਾ ਅਤੇ ਰੀਤੀ-ਵਿਵਸਥਾ ਦੀ ਸਮਾਪਤੀ ਦਾ ਕੀ ਲੱਛਣ ਹੋਵੇਗਾ?” ਜੀ ਹਾਂ, ਯੂਹੰਨਾ ਨੇ ਭਰੋਸੇ ਨਾਲ ਯਿਸੂ ਦੀ ਭਾਵੀ ਮੌਜੂਦਗੀ ਦੀ ਉਡੀਕ ਕੀਤੀ ਸੀ।—ਪਰਕਾਸ਼ ਦੀ ਪੋਥੀ 22:20; ਮੱਤੀ 24:3, ਨਿ ਵ.
2. ਯਿਸੂ ਦੀ ਮੌਜੂਦਗੀ ਦੇ ਸੰਬੰਧ ਵਿਚ ਗਿਰਜਿਆਂ ਦੀ ਕੀ ਸਥਿਤੀ ਹੈ?
2 ਅੱਜ-ਕੱਲ੍ਹ ਅਜਿਹਾ ਭਰੋਸਾ ਬਹੁਤ ਘੱਟ ਪਾਇਆ ਜਾਂਦਾ ਹੈ। ਬਹੁਤ ਸਾਰੇ ਗਿਰਜੇ ਯਿਸੂ ਦੇ “ਆਉਣ” ਸੰਬੰਧੀ ਅਧਿਕਾਰਿਤ ਸਿਧਾਂਤ ਸਿਖਾਉਂਦੇ ਹਨ, ਪਰ ਉਨ੍ਹਾਂ ਦੇ ਬਹੁਤ ਥੋੜ੍ਹੇ ਮੈਂਬਰ ਅਸਲ ਵਿਚ ਉਸ ਦੇ ਆਉਣ ਦੀ ਆਸ ਰੱਖਦੇ ਹਨ, ਅਤੇ ਉਨ੍ਹਾਂ ਦੇ ਜੀਵਨ ਤੇ ਵੀ ਇਸ ਦਾ ਕੋਈ ਅਸਰ ਨਹੀਂ ਪੈਂਦਾ। ਕਿਤਾਬ ਨਵੇਂ ਨੇਮ ਵਿਚ ਪਰੂਸੀਆ (ਅੰਗ੍ਰੇਜ਼ੀ) ਟਿੱਪਣੀ ਕਰਦੀ ਹੈ: “ਗਿਰਜੇ ਦੇ ਮੈਂਬਰਾਂ ਦੀ ਜ਼ਿੰਦਗੀ, ਸੋਚ ਅਤੇ ਕੰਮ ਉੱਤੇ ਪਰੂਸੀਆ ਦੀ ਆਸ਼ਾ ਦਾ ਬਹੁਤ ਥੋੜ੍ਹਾ ਪ੍ਰਭਾਵ ਹੈ। . . . ਜਿਸ ਜੋਸ਼ ਨਾਲ ਗਿਰਜੇ ਨੂੰ ਪਸ਼ਚਾਤਾਪ ਅਤੇ ਇੰਜੀਲ ਦੇ ਪ੍ਰਚਾਰ ਦੇ ਕੰਮ ਕਰਨੇ ਚਾਹੀਦੇ ਹਨ, ਉਹ ਜੋਸ਼ ਜੇਕਰ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ, ਤਾਂ ਘੱਟ ਜ਼ਰੂਰ ਗਿਆ ਹੈ।” ਪਰ ਹਰੇਕ ਵਿਚ ਨਹੀਂ!
3. (ੳ) ਸੱਚੇ ਮਸੀਹੀ ਪਰੂਸੀਆ ਬਾਰੇ ਕਿਵੇਂ ਮਹਿਸੂਸ ਕਰਦੇ ਹਨ? (ਅ) ਅਸੀਂ ਹੁਣ ਖ਼ਾਸ ਤੌਰ ਤੇ ਕਿਸ ਚੀਜ਼ ਉੱਤੇ ਚਰਚਾ ਕਰਾਂਗੇ?
3 ਯਿਸੂ ਦੇ ਸੱਚੇ ਚੇਲੇ ਉਤਸੁਕਤਾ ਨਾਲ ਇਸ ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦੀ ਉਡੀਕ ਕਰ ਰਹੇ ਹਨ। ਵਫ਼ਾਦਾਰੀ ਨਾਲ ਇਸ ਤਰ੍ਹਾਂ ਕਰਦੇ ਹੋਏ, ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਪ੍ਰਤੀ ਸਹੀ ਦ੍ਰਿਸ਼ਟੀਕੋਣ ਰੱਖਣ ਦੀ ਜ਼ਰੂਰਤ ਹੈ ਜੋ ਯਿਸੂ ਦੀ ਮੌਜੂਦਗੀ ਵਿਚ ਸ਼ਾਮਲ ਹਨ ਅਤੇ ਸਾਨੂੰ ਇਨ੍ਹਾਂ ਅਨੁਸਾਰ ਚੱਲਣ ਦੀ ਲੋੜ ਹੈ। ਇਸ ਤਰ੍ਹਾਂ ਅਸੀਂ ‘ਅੰਤ ਤੋੜੀ ਸਹਿ’ ਸਕਾਂਗੇ ਅਤੇ ਬਚਾਏ ਜਾਵਾਂਗੇ। (ਮੱਤੀ 24:13) ਉਹ ਭਵਿੱਖਬਾਣੀ ਕਰਦੇ ਸਮੇਂ, ਜੋ ਅਸੀਂ ਮੱਤੀ ਅਧਿਆਇ 24 ਅਤੇ 25 ਵਿਚ ਪੜ੍ਹਦੇ ਹਾਂ, ਯਿਸੂ ਨੇ ਬੁੱਧੀਮਤਾ ਭਰੀ ਸਲਾਹ ਦਿੱਤੀ ਜਿਸ ਨੂੰ ਅਸੀਂ ਆਪਣੇ ਸਦੀਵੀ ਲਾਭ ਲਈ ਲਾਗੂ ਕਰ ਸਕਦੇ ਹਾਂ। ਅਧਿਆਇ 25 ਵਿਚ ਦ੍ਰਿਸ਼ਟਾਂਤ ਦਿੱਤੇ ਗਏ ਹਨ, ਜਿਹੜੇ ਤੁਸੀਂ ਜਾਣਦੇ ਹੀ ਹੋਵੋਗੇ। ਇਨ੍ਹਾਂ ਵਿਚ ਦਸ ਕੁਆਰੀਆਂ (ਅਕਲਮੰਦ ਅਤੇ ਮੂਰਖ ਕੁਆਰੀਆਂ) ਦਾ ਅਤੇ ਤੋੜਿਆਂ ਦਾ ਦ੍ਰਿਸ਼ਟਾਂਤ ਵੀ ਸ਼ਾਮਲ ਹੈ। (ਮੱਤੀ 25:1-30) ਅਸੀਂ ਇਨ੍ਹਾਂ ਦ੍ਰਿਸ਼ਟਾਂਤਾਂ ਤੋਂ ਕਿਵੇਂ ਲਾਭ ਪ੍ਰਾਪਤ ਕਰ ਸਕਦੇ ਹਾਂ?
ਪੰਜ ਕੁਆਰੀਆਂ ਵਾਂਗ ਸਚੇਤ ਹੋਵੋ!
4. ਕੁਆਰੀਆਂ ਦੇ ਦ੍ਰਿਸ਼ਟਾਂਤ ਦਾ ਸਾਰ ਕੀ ਹੈ?
4 ਤੁਸੀਂ ਸ਼ਾਇਦ ਕੁਆਰੀਆਂ ਦੇ ਦ੍ਰਿਸ਼ਟਾਂਤ ਨੂੰ ਦੁਬਾਰਾ ਪੜ੍ਹਨਾ ਚਾਹੋਗੇ ਜੋ ਮੱਤੀ 25:1-13 ਵਿਚ ਪਾਇਆ ਜਾਂਦਾ ਹੈ। ਇਸ ਦ੍ਰਿਸ਼ਟਾਂਤ ਵਿਚ ਇਕ ਸ਼ਾਨਦਾਰ ਯਹੂਦੀ ਵਿਆਹ ਹੋ ਰਿਹਾ ਹੈ। ਲਾੜਾ ਆਪਣੀ ਲਾੜੀ ਨੂੰ ਆਪਣੇ ਘਰ (ਜਾਂ ਆਪਣੇ ਪਿਤਾ ਦੇ ਘਰ) ਲਿਆਉਣ ਲਈ ਲਾੜੀ ਦੇ ਪਿਤਾ ਦੇ ਘਰ ਜਾਂਦਾ ਹੈ। ਬਰਾਤ ਵਿਚ ਸ਼ਾਇਦ ਸੰਗੀਤਕਾਰ ਤੇ ਗਾਇਕ ਵੀ ਹਨ, ਅਤੇ ਉਨ੍ਹਾਂ ਦੇ ਪਹੁੰਚਣ ਦਾ ਠੀਕ-ਠੀਕ ਸਮਾਂ ਪਤਾ ਨਹੀਂ ਹੈ। ਦ੍ਰਿਸ਼ਟਾਂਤ ਵਿਚ, ਦਸ ਕੁਆਰੀਆਂ ਰਾਤ ਤਕ ਲਾੜੇ ਦੇ ਆਉਣ ਦੀ ਉਡੀਕ ਕਰਦੀਆਂ ਹਨ। ਪੰਜ ਕੁਆਰੀਆਂ ਨੇ ਆਪਣੇ ਨਾਲ ਕਾਫ਼ੀ ਤੇਲ ਨਾ ਲਿਆਉਣ ਦੀ ਮੂਰਖਤਾ ਕੀਤੀ, ਅਤੇ ਇਸ ਲਈ ਉਨ੍ਹਾਂ ਨੂੰ ਹੋਰ ਤੇਲ ਖ਼ਰੀਦਣ ਲਈ ਜਾਣਾ ਪਿਆ। ਦੂਸਰੀਆਂ ਪੰਜ ਕੁਆਰੀਆਂ ਅਕਲਮੰਦ ਸਨ ਜਿਹੜੀਆਂ ਆਪਣੀਆਂ ਕੁੱਪੀਆਂ ਵਿਚ ਵਾਧੂ ਤੇਲ ਲਿਆਈਆਂ, ਤਾਂਕਿ ਉਡੀਕ ਕਰਦੇ ਸਮੇਂ ਲੋੜ ਪੈਣ ਤੇ ਉਹ ਆਪਣੀਆਂ ਮਸ਼ਾਲਾਂ ਵਿਚ ਦੁਬਾਰਾ ਤੇਲ ਪਾ ਸਕਣ। ਜਦੋਂ ਲਾੜਾ ਪਹੁੰਚਿਆ, ਤਾਂ ਸਿਰਫ਼ ਇਹ ਪੰਜ ਕੁਆਰੀਆਂ ਹੀ ਮੌਜੂਦ ਸਨ ਅਤੇ ਤਿਆਰ ਸਨ। ਇਸ ਲਈ ਇਨ੍ਹਾਂ ਨੂੰ ਹੀ ਵਿਆਹ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ। ਜਦੋਂ ਪੰਜ ਮੂਰਖ ਕੁਆਰੀਆਂ ਮੁੜੀਆਂ, ਤਾਂ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਉਹ ਅੰਦਰ ਨਾ ਜਾ ਸਕੀਆਂ।
5. ਕਿਹੜੇ ਸ਼ਾਸਤਰਵਚਨ ਕੁਆਰੀਆਂ ਦੇ ਦ੍ਰਿਸ਼ਟਾਂਤ ਦੇ ਲਾਖਣਿਕ ਅਰਥ ਉੱਤੇ ਚਾਨਣਾ ਪਾਉਂਦੇ ਹਨ?
5 ਇਸ ਦ੍ਰਿਸ਼ਟਾਂਤ ਦੇ ਬਹੁਤ ਸਾਰੇ ਪਹਿਲੂਆਂ ਨੂੰ ਲਾਖਣਿਕ ਤੌਰ ਤੇ ਸਮਝਿਆ ਜਾ ਸਕਦਾ ਹੈ। ਉਦਾਹਰਣ ਲਈ, ਬਾਈਬਲ ਯਿਸੂ ਨੂੰ ਲਾੜਾ ਕਹਿੰਦੀ ਹੈ। (ਯੂਹੰਨਾ 3:28-30) ਯਿਸੂ ਨੇ ਆਪਣੀ ਤੁਲਨਾ ਪਾਤਸ਼ਾਹ ਦੇ ਪੁੱਤਰ ਨਾਲ ਕੀਤੀ ਜਿਸ ਲਈ ਵਿਆਹ ਦੀ ਦਾਅਵਤ ਤਿਆਰ ਕੀਤੀ ਗਈ ਸੀ। (ਮੱਤੀ 22:1-14) ਅਤੇ ਬਾਈਬਲ, ਮਸੀਹ ਦੀ ਤੁਲਨਾ ਇਕ ਪਤੀ ਨਾਲ ਕਰਦੀ ਹੈ। (ਅਫ਼ਸੀਆਂ 5:23) ਦਿਲਚਸਪੀ ਦੀ ਗੱਲ ਹੈ ਕਿ ਦੂਸਰੇ ਸ਼ਾਸਤਰਵਚਨਾਂ ਵਿਚ ਮਸਹ ਕੀਤੇ ਹੋਏ ਮਸੀਹੀਆਂ ਨੂੰ ਮਸੀਹ ਦੀ ਲਾੜੀ ਕਿਹਾ ਗਿਆ ਹੈ, ਪਰ ਇਸ ਦ੍ਰਿਸ਼ਟਾਂਤ ਵਿਚ ਲਾੜੀ ਦਾ ਕੋਈ ਜ਼ਿਕਰ ਨਹੀਂ ਆਉਂਦਾ ਹੈ। (ਯੂਹੰਨਾ 3:29; ਪਰਕਾਸ਼ ਦੀ ਪੋਥੀ 19:7; 21:2, 9) ਪਰ, ਇਹ ਦਸ ਕੁਆਰੀਆਂ ਬਾਰੇ ਜ਼ਰੂਰ ਗੱਲ ਕਰਦਾ ਹੈ, ਅਤੇ ਦੂਸਰੇ ਸ਼ਾਸਤਰਵਚਨਾਂ ਵਿਚ ਮਸਹ ਕੀਤੇ ਹੋਇਆਂ ਦੀ ਤੁਲਨਾ ਕੁਆਰੀ ਨਾਲ ਕੀਤੀ ਗਈ ਹੈ ਜਿਸ ਦੀ ਮਸੀਹ ਨਾਲ ਕੁੜਮਾਈ ਹੋਈ ਹੋਈ ਹੈ।—2 ਕੁਰਿੰਥੀਆਂ 11:2.a
6. ਯਿਸੂ ਨੇ ਕੁਆਰੀਆਂ ਦੇ ਦ੍ਰਿਸ਼ਟਾਂਤ ਨੂੰ ਖ਼ਤਮ ਕਰਨ ਤੇ ਕਿਹੜਾ ਉਪਦੇਸ਼ ਦਿੱਤਾ?
6 ਅਜਿਹੇ ਵੇਰਵਿਆਂ ਅਤੇ ਭਵਿੱਖ-ਸੂਚਕ ਅਰਥ ਤੋਂ ਇਲਾਵਾ, ਅਸੀਂ ਇਸ ਦ੍ਰਿਸ਼ਟਾਂਤ ਤੋਂ ਯਕੀਨਨ ਚੰਗੇ ਸਿਧਾਂਤ ਸਿੱਖ ਸਕਦੇ ਹਾਂ। ਉਦਾਹਰਣ ਲਈ, ਧਿਆਨ ਦਿਓ ਕਿ ਯਿਸੂ ਇਨ੍ਹਾਂ ਸ਼ਬਦਾਂ ਨਾਲ ਦ੍ਰਿਸ਼ਟਾਂਤ ਖ਼ਤਮ ਕਰਦਾ ਹੈ: “ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।” ਇਸ ਲਈ ਦ੍ਰਿਸ਼ਟਾਂਤ ਸਾਨੂੰ ਸਿਖਾਉਂਦਾ ਹੈ ਕਿ ਸਾਨੂੰ ਸਚੇਤ ਰਹਿਣ ਅਤੇ ਇਸ ਦੁਸ਼ਟ ਰੀਤੀ-ਵਿਵਸਥਾ ਦੇ ਨੇੜੇ ਆ ਰਹੇ ਅੰਤ ਪ੍ਰਤੀ ਖ਼ਬਰਦਾਰ ਰਹਿਣ ਦੀ ਜ਼ਰੂਰਤ ਹੈ। ਇਹ ਅੰਤ ਜ਼ਰੂਰ ਆਵੇਗਾ, ਭਾਵੇਂ ਅਸੀਂ ਸਹੀ-ਸਹੀ ਤਾਰੀਖ਼ ਨਹੀਂ ਦੱਸ ਸਕਦੇ। ਇਸ ਮਾਮਲੇ ਵਿਚ, ਕੁਆਰੀਆਂ ਦੇ ਦੋ ਸਮੂਹਾਂ ਦੁਆਰਾ ਪ੍ਰਦਰਸ਼ਿਤ ਕੀਤੇ ਗਏ ਰਵੱਈਏ ਵੱਲ ਧਿਆਨ ਦਿਓ।
7. ਦ੍ਰਿਸ਼ਟਾਂਤ ਵਿਚ ਪੰਜ ਕੁਆਰੀਆਂ ਕਿਸ ਭਾਵ ਵਿਚ ਮੂਰਖ ਸਾਬਤ ਹੋਈਆਂ?
7 ਯਿਸੂ ਨੇ ਕਿਹਾ: ‘ਉਨ੍ਹਾਂ ਵਿੱਚੋਂ ਪੰਜ ਤਾਂ ਮੂਰਖ ਸਨ।’ ਕੀ ਉਹ ਇਸ ਕਰਕੇ ਮੂਰਖ ਸਨ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਲਾੜਾ ਆ ਰਿਹਾ ਸੀ? ਕੀ ਉਹ ਮੌਜ-ਮਸਤੀ ਕਰਨ ਗਈਆਂ ਸਨ? ਜਾਂ ਕੀ ਉਨ੍ਹਾਂ ਨੂੰ ਭੁਲੇਖਾ ਪਿਆ ਸੀ? ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ। ਯਿਸੂ ਨੇ ਕਿਹਾ ਸੀ ਕਿ ਇਹ ਪੰਜ ਕੁਆਰੀਆਂ “ਲਾੜੇ ਦੇ ਮਿਲਨ ਨੂੰ ਨਿੱਕਲੀਆਂ” ਸਨ। ਉਹ ਜਾਣਦੀਆਂ ਸਨ ਕਿ ਉਹ ਆ ਰਿਹਾ ਸੀ, ਅਤੇ ਉਹ “ਵਿਆਹ” ਵਿਚ ਸ਼ਾਮਲ ਹੋਣਾ ਚਾਹੁੰਦੀਆਂ ਸਨ। ਪਰ, ਕੀ ਉਹ ਪੂਰੀ ਤਰ੍ਹਾਂ ਤਿਆਰ ਸਨ? ਉਨ੍ਹਾਂ ਨੇ ਕੁਝ ਦੇਰ ਤਕ, ਅਰਥਾਤ “ਅੱਧੀ ਰਾਤ” ਤਕ ਉਸ ਦੀ ਉਡੀਕ ਕੀਤੀ, ਪਰ ਉਹ ਉਸ ਦੇ ਆਉਣ ਤਕ ਉਡੀਕ ਕਰਨ ਲਈ ਤਿਆਰ ਨਹੀਂ ਸਨ—ਚਾਹੇ ਉਹ ਉਨ੍ਹਾਂ ਵੱਲੋਂ ਆਸ ਕੀਤੇ ਗਏ ਸਮੇਂ ਨਾਲੋਂ ਜਲਦੀ ਜਾਂ ਦੇਰ ਨਾਲ ਆਉਂਦਾ।
8. ਦ੍ਰਿਸ਼ਟਾਂਤ ਵਿਚ ਪੰਜ ਕੁਆਰੀਆਂ ਕਿਸ ਤਰ੍ਹਾਂ ਚਤਰ ਸਾਬਤ ਹੋਈਆਂ?
8 ਦੂਸਰੀਆਂ ਪੰਜ—ਜਿਨ੍ਹਾਂ ਨੂੰ ਯਿਸੂ ਨੇ ਚਤਰ ਕਿਹਾ—ਵੀ ਆਪਣੀਆਂ ਮਸ਼ਾਲਾਂ ਬਾਲ਼ ਕੇ ਲਾੜੇ ਨੂੰ ਮਿਲਣ ਗਈਆਂ। ਉਨ੍ਹਾਂ ਨੂੰ ਵੀ ਉਡੀਕ ਕਰਨੀ ਪਈ, ਪਰ ਉਹ “ਚਤਰ” ਸਨ। “ਚਤਰ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ “ਸਿਆਣਾ, ਸਮਝਦਾਰ ਅਤੇ ਅਮਲੀ ਤੌਰ ਤੇ ਵਿਵਹਾਰਕ” ਹੋਣ ਦਾ ਭਾਵ ਰੱਖ ਸਕਦਾ ਹੈ। ਇਨ੍ਹਾਂ ਪੰਜ ਕੁਆਰੀਆਂ ਨੇ ਆਪਣੀਆਂ ਮਸ਼ਾਲਾਂ ਵਿਚ ਲੋੜ ਪੈਣ ਤੇ ਦੁਬਾਰਾ ਤੇਲ ਪਾਉਣ ਲਈ ਕੁੱਪੀਆਂ ਵਿਚ ਵਾਧੂ ਤੇਲ ਲਿਆ ਕੇ ਆਪਣੇ ਆਪ ਨੂੰ ਚਤਰ ਸਾਬਤ ਕੀਤਾ। ਅਸਲ ਵਿਚ, ਲਾੜੇ ਦੇ ਆਉਣ ਤਕ ਤਿਆਰ ਰਹਿਣ ਦਾ ਉਨ੍ਹਾਂ ਦਾ ਇਰਾਦਾ ਇੰਨਾ ਪੱਕਾ ਸੀ ਕਿ ਉਹ ਕਿਸੇ ਨੂੰ ਵੀ ਆਪਣਾ ਤੇਲ ਦੇਣ ਲਈ ਤਿਆਰ ਨਹੀਂ ਸਨ। ਅਜਿਹੀ ਸਚੇਤਤਾ ਗ਼ਲਤ ਨਹੀਂ ਸੀ, ਕਿਉਂਕਿ ਜਦੋਂ ਲਾੜਾ ਆਇਆ ਤਾਂ ਉਹ ਉੱਥੇ ਮੌਜੂਦ ਸਨ ਅਤੇ ਪੂਰੀ ਤਰ੍ਹਾਂ ਤਿਆਰ ਸਨ। ਜਿਹੜੀਆਂ “ਤਿਆਰ ਸਨ ਉਹ ਦੇ ਨਾਲ ਵਿਆਹ ਵਿੱਚ ਜਾ ਵੜੀਆਂ ਅਤੇ ਬੂਹਾ ਮਾਰਿਆ ਗਿਆ।”
9, 10. ਕੁਆਰੀਆਂ ਦਾ ਦ੍ਰਿਸ਼ਟਾਂਤ ਸਾਨੂੰ ਕਿਹੜਾ ਸਬਕ ਸਿਖਾਉਂਦਾ ਹੈ, ਅਤੇ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
9 ਯਿਸੂ ਵਿਆਹ ਦੇ ਮੌਕੇ ਤੇ ਸ਼ਿਸ਼ਟਾਚਾਰ ਦਿਖਾਉਣ ਦਾ ਸਬਕ ਨਹੀਂ ਸਿਖਾ ਰਿਹਾ ਸੀ, ਨਾ ਹੀ ਆਪਣੀਆਂ ਚੀਜ਼ਾਂ ਦੂਸਰਿਆਂ ਨਾਲ ਸਾਂਝੀਆਂ ਕਰਨ ਦਾ ਸਬਕ ਦੇ ਰਿਹਾ ਸੀ। ਉਸ ਦੇ ਕਹਿਣ ਦਾ ਅਰਥ ਸੀ: “ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।” ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਯਿਸੂ ਦੀ ਮੌਜੂਦਗੀ ਦੇ ਸੰਬੰਧ ਵਿਚ ਸੱਚ-ਮੁੱਚ ਸਚੇਤ ਹਾਂ?’ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਯਿਸੂ ਹੁਣ ਸਵਰਗ ਵਿਚ ਸ਼ਾਸਨ ਕਰ ਰਿਹਾ ਹੈ, ਪਰ ਅਸੀਂ ਇਸ ਹਕੀਕਤ ਵੱਲ ਕਿੰਨਾ ਕੁ ਧਿਆਨ ਦਿੰਦੇ ਹਾਂ ਕਿ ‘ਮਨੁੱਖ ਦਾ ਪੁੱਤ੍ਰ ਛੇਤੀ ਹੀ ਸਮਰੱਥਾ ਅਰ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਵੇਗਾ’? (ਮੱਤੀ 24:30) “ਅੱਧੀ ਰਾਤ” ਨੂੰ, ਲਾੜੇ ਦਾ ਆਉਣਾ ਯਕੀਨਨ ਉਸ ਸਮੇਂ ਨਾਲੋਂ ਜ਼ਿਆਦਾ ਨੇੜੇ ਸੀ ਜਦੋਂ ਦਸ ਕੁਆਰੀਆਂ ਉਸ ਨੂੰ ਮਿਲਣ ਲਈ ਨਿਕਲੀਆਂ ਸਨ। ਇਸੇ ਤਰ੍ਹਾਂ, ਮੌਜੂਦਾ ਦੁਸ਼ਟ ਰੀਤੀ-ਵਿਵਸਥਾ ਦਾ ਨਾਸ਼ ਕਰਨ ਲਈ ਮਨੁੱਖ ਦੇ ਪੁੱਤਰ ਦਾ ਆਉਣਾ ਉਸ ਸਮੇਂ ਨਾਲੋਂ ਨੇੜੇ ਹੈ ਜਦੋਂ ਅਸੀਂ ਉਤਸ਼ਾਹ ਨਾਲ ਉਸ ਦੇ ਆਉਣ ਦੀ ਉਡੀਕ ਕਰਨੀ ਸ਼ੁਰੂ ਕੀਤੀ ਸੀ। (ਰੋਮੀਆਂ 13:11-14) ਕੀ ਅਸੀਂ ਸਚੇਤਤਾ ਬਣਾਈ ਰੱਖੀ ਹੈ, ਅਤੇ ਜਿਉਂ-ਜਿਉਂ ਉਹ ਸਮਾਂ ਨੇੜੇ ਆ ਰਿਹਾ ਹੈ, ਕੀ ਅਸੀਂ ਹੋਰ ਜ਼ਿਆਦਾ ਸਚੇਤ ਰਹਿੰਦੇ ਹਾਂ?
10 ‘ਜਾਗਦੇ ਰਹੋ’ ਦੇ ਹੁਕਮ ਨੂੰ ਮੰਨਣ ਲਈ ਲਗਾਤਾਰ ਸਚੇਤ ਰਹਿਣ ਦੀ ਜ਼ਰੂਰਤ ਹੈ। ਪੰਜ ਕੁਆਰੀਆਂ ਨੇ ਆਪਣਾ ਤੇਲ ਖ਼ਤਮ ਕਰ ਲਿਆ ਅਤੇ ਹੋਰ ਖ਼ਰੀਦਣ ਲਈ ਚਲੀਆਂ ਗਈਆਂ। ਇਸੇ ਤਰ੍ਹਾਂ ਅੱਜ ਇਕ ਮਸੀਹੀ ਦਾ ਧਿਆਨ ਕਿਸੇ ਹੋਰ ਪਾਸੇ ਲੱਗ ਸਕਦਾ ਹੈ ਜਿਸ ਕਰਕੇ ਉਹ ਯਿਸੂ ਦੇ ਆਉਣ ਵੇਲੇ ਪੂਰੀ ਤਰ੍ਹਾਂ ਤਿਆਰ ਨਹੀਂ ਹੋਵੇਗਾ। ਪਹਿਲੀ ਸਦੀ ਦੇ ਕੁਝ ਮਸੀਹੀਆਂ ਨਾਲ ਇਸ ਤਰ੍ਹਾਂ ਹੋਇਆ ਸੀ। ਅੱਜ ਵੀ ਕੁਝ ਮਸੀਹੀਆਂ ਨਾਲ ਇਸ ਤਰ੍ਹਾਂ ਹੋ ਸਕਦਾ ਹੈ। ਇਸ ਲਈ, ਆਓ ਅਸੀਂ ਆਪਣੇ ਆਪ ਤੋਂ ਪੁੱਛੀਏ, ‘ਕੀ ਮੇਰੇ ਨਾਲ ਤਾਂ ਨਹੀਂ ਇਸ ਤਰ੍ਹਾਂ ਹੋ ਰਿਹਾ?’—1 ਥੱਸਲੁਨੀਕੀਆਂ 5:6-8; ਇਬਰਾਨੀਆਂ 2:1; 3:12; 12:3; ਪਰਕਾਸ਼ ਦੀ ਪੋਥੀ 16:15.
ਮਿਹਨਤੀ ਬਣੋ, ਜਿਉਂ-ਜਿਉਂ ਅੰਤ ਨੇੜੇ ਆਉਂਦਾ ਹੈ
11. ਯਿਸੂ ਨੇ ਕਿਹੜਾ ਅਗਲਾ ਦ੍ਰਿਸ਼ਟਾਂਤ ਦਿੱਤਾ, ਅਤੇ ਇਹ ਕਿਹੜੇ ਦ੍ਰਿਸ਼ਟਾਂਤ ਦੇ ਸਮਾਨ ਸੀ?
11 ਆਪਣੇ ਅਗਲੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਸਿਰਫ਼ ਸਚੇਤ ਰਹਿਣ ਲਈ ਹੀ ਤਾਕੀਦ ਨਹੀਂ ਕੀਤੀ। ਅਕਲਮੰਦ ਅਤੇ ਮੂਰਖ ਕੁਆਰੀਆਂ ਦਾ ਦ੍ਰਿਸ਼ਟਾਂਤ ਦੱਸਣ ਤੋਂ ਬਾਅਦ, ਉਸ ਨੇ ਤੋੜਿਆਂ ਦਾ ਦ੍ਰਿਸ਼ਟਾਂਤ ਸੁਣਾਇਆ। (ਮੱਤੀ 25:14-30 ਪੜ੍ਹੋ।) ਕਈ ਗੱਲਾਂ ਵਿਚ, ਇਹ ਦ੍ਰਿਸ਼ਟਾਂਤ ਪਹਿਲਾਂ ਦੱਸੇ ਗਏ ਅਸ਼ਰਫ਼ੀਆਂ ਦੇ ਦ੍ਰਿਸ਼ਟਾਂਤ ਨਾਲ ਮਿਲਦਾ-ਜੁਲਦਾ ਹੈ, ਜੋ ਯਿਸੂ ਨੇ ਇਸ ਕਰਕੇ ਦਿੱਤਾ ਸੀ ਕਿਉਂਕਿ ਬਹੁਤ ਸਾਰੇ ਲੋਕ “ਸਮਝੇ ਭਈ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ।”—ਲੂਕਾ 19:11-27.
12. ਤੋੜਿਆਂ ਦੇ ਦ੍ਰਿਸ਼ਟਾਂਤ ਦਾ ਸਾਰ ਕੀ ਹੈ?
12 ਤੋੜਿਆਂ ਦੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਇਕ ਮਨੁੱਖ ਬਾਰੇ ਦੱਸਿਆ ਜਿਸ ਨੇ ਪਰਦੇਸ ਜਾਣ ਤੋਂ ਪਹਿਲਾਂ ਆਪਣੇ ਤਿੰਨ ਚਾਕਰਾਂ ਨੂੰ ਬੁਲਾਇਆ। ਇਕ ਨੂੰ ਉਸ ਨੇ ਪੰਜ ਤੋੜੇ ਦਿੱਤੇ, ਦੂਸਰੇ ਨੂੰ ਦੋ, ਅਤੇ ਤੀਸਰੇ ਨੂੰ ਸਿਰਫ਼ ਇਕ—“ਹਰੇਕ ਨੂੰ ਉਹ ਦੇ ਗੁਣ ਦੇ ਅਨੁਸਾਰ ਦਿੱਤਾ।” ਸੰਭਵ ਤੌਰ ਤੇ ਇਹ ਚਾਂਦੀ ਦਾ ਤੋੜਾ ਸੀ, ਜਿਸ ਦੀ ਕੀਮਤ ਉਸ ਸਮੇਂ ਇਕ ਮਜ਼ਦੂਰ ਦੀ 14 ਸਾਲ ਦੀ ਕਮਾਈ ਦੇ ਬਰਾਬਰ ਸੀ—ਬਹੁਤ ਸਾਰਾ ਪੈਸਾ! ਜਦੋਂ ਉਹ ਮਨੁੱਖ ਵਾਪਸ ਆਉਂਦਾ ਹੈ, ਤਾਂ ਉਹ ਚਾਕਰਾਂ ਤੋਂ ਲੇਖਾ ਲੈਂਦਾ ਹੈ ਕਿ ਉਨ੍ਹਾਂ ਨੇ ਉਸ ਦੀ “ਬਹੁਤ ਚਿਰ” ਦੀ ਗ਼ੈਰ-ਮੌਜੂਦਗੀ ਦੌਰਾਨ ਕੀ ਕੁਝ ਕੀਤਾ ਸੀ। ਪਹਿਲੇ ਦੋ ਚਾਕਰਾਂ ਨੇ ਉਨ੍ਹਾਂ ਸੌਂਪੇ ਗਏ ਤੋੜਿਆਂ ਨੂੰ ਦੁੱਗਣਾ ਕਰ ਲਿਆ ਸੀ। ਮਾਲਕ ਨੇ ਦੋਵਾਂ ਨੂੰ “ਸ਼ਾਬਾਸ਼ੇ” ਕਿਹਾ, ਅਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਜ਼ਿੰਮੇਵਾਰੀ ਦੇਣ ਦਾ ਵਾਅਦਾ ਕੀਤਾ ਅਤੇ ਕਿਹਾ: “ਆਪਣੇ ਮਾਲਕ ਦੀ ਖ਼ੁਸ਼ੀ ਵਿੱਚ ਦਾਖਿਲ ਹੋ।” ਜਿਸ ਚਾਕਰ ਨੂੰ ਇਕ ਤੋੜਾ ਦਿੱਤਾ ਗਿਆ ਸੀ, ਉਸ ਨੇ ਇਹ ਦਾਅਵਾ ਕਰਦੇ ਹੋਏ ਕਿ ਮਾਲਕ ਬਹੁਤ ਕਠੋਰ ਆਦਮੀ ਹੈ, ਆਪਣਾ ਤੋੜਾ ਕਿਸੇ ਲਾਭਦਾਇਕ ਕੰਮ ਵਿਚ ਨਹੀਂ ਲਗਾਇਆ। ਉਸ ਨੇ ਪੈਸੇ ਲੁਕਾ ਦਿੱਤੇ, ਤੇ ਵਿਆਜ ਤੇ ਸਰਾਫ਼ਾਂ ਨੂੰ ਵੀ ਨਹੀਂ ਦਿੱਤੇ। ਮਾਲਕ ਨੇ ਉਸ ਨੂੰ “ਦੁਸ਼ਟ ਅਤੇ ਆਲਸੀ” ਕਿਹਾ ਕਿਉਂਕਿ ਉਸ ਨੇ ਆਪਣੇ ਮਾਲਕ ਦੇ ਲਾਭ ਲਈ ਕੰਮ ਨਹੀਂ ਕੀਤਾ ਸੀ। ਸਿੱਟੇ ਵਜੋਂ, ਉਹ ਤੋੜਾ ਵੀ ਉਸ ਕੋਲੋਂ ਲੈ ਲਿਆ ਗਿਆ, ਅਤੇ ਉਸ ਨੂੰ ਬਾਹਰ ਸੁੱਟ ਦਿੱਤਾ ਗਿਆ ਜਿੱਥੇ “ਰੋਣਾ ਅਤੇ ਕਚੀਚੀਆਂ ਵੱਟਣਾ” ਹੋਵੇਗਾ।
13. ਯਿਸੂ ਦ੍ਰਿਸ਼ਟਾਂਤ ਵਿਚ ਦੱਸੇ ਗਏ ਮਾਲਕ ਦੇ ਸਮਾਨ ਕਿਵੇਂ ਸਾਬਤ ਹੋਇਆ?
13 ਇਕ ਵਾਰ ਫਿਰ, ਇਸ ਦ੍ਰਿਸ਼ਟਾਂਤ ਦੇ ਵੇਰਵੇ ਲਾਖਣਿਕ ਤੌਰ ਤੇ ਸਮਝੇ ਜਾ ਸਕਦੇ ਹਨ। ਉਦਾਹਰਣ ਲਈ, ਯਿਸੂ, ਜਿਸ ਨੂੰ ਪਰਦੇਸ ਜਾ ਰਹੇ ਆਦਮੀ ਦੁਆਰਾ ਚਿਤ੍ਰਿਤ ਕੀਤਾ ਗਿਆ ਹੈ, ਆਪਣੇ ਚੇਲਿਆਂ ਨੂੰ ਛੱਡ ਕੇ ਸਵਰਗ ਨੂੰ ਜਾਵੇਗਾ, ਅਤੇ ਰਾਜ ਸੱਤਾ ਪ੍ਰਾਪਤ ਕਰਨ ਤਕ ਲੰਮਾ ਸਮਾਂ ਉਡੀਕ ਕਰੇਗਾ।b (ਜ਼ਬੂਰ 110:1-4; ਰਸੂਲਾਂ ਦੇ ਕਰਤੱਬ 2:34-36; ਰੋਮੀਆਂ 8:34; ਇਬਰਾਨੀਆਂ 10:12, 13) ਪਰ ਇਕ ਵਾਰ ਫਿਰ ਅਸੀਂ ਇਕ ਵੱਡਾ ਸਬਕ ਜਾਂ ਸਿਧਾਂਤ ਸਿੱਖ ਸਕਦੇ ਹਾਂ ਜਿਸ ਨੂੰ ਸਾਨੂੰ ਸਾਰਿਆਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਲਾਗੂ ਕਰਨਾ ਚਾਹੀਦਾ ਹੈ। ਇਹ ਸਿਧਾਂਤ ਕੀ ਹੈ?
14. ਤੋੜਿਆਂ ਦਾ ਦ੍ਰਿਸ਼ਟਾਂਤ ਕਿਹੜੀ ਮੁੱਖ ਜ਼ਰੂਰਤ ਉੱਤੇ ਜ਼ੋਰ ਦਿੰਦਾ ਹੈ?
14 ਭਾਵੇਂ ਸਾਡੀ ਆਸ਼ਾ ਸਵਰਗ ਵਿਚ ਅਮਰ ਜੀਵਨ, ਜਾਂ ਧਰਤੀ ਉੱਤੇ ਫਿਰਦੌਸ ਵਿਚ ਅਨੰਤ ਕਾਲ ਦਾ ਜੀਵਨ ਪ੍ਰਾਪਤ ਕਰਨਾ ਹੈ, ਯਿਸੂ ਦੇ ਦ੍ਰਿਸ਼ਟਾਂਤ ਤੋਂ ਇਹ ਗੱਲ ਸਾਫ਼ ਜ਼ਾਹਰ ਹੈ ਕਿ ਸਾਨੂੰ ਮਸੀਹੀ ਕੰਮਾਂ ਵਿਚ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਅਸਲ ਵਿਚ, ਇਸ ਦ੍ਰਿਸ਼ਟਾਂਤ ਤੋਂ ਜਿਹੜਾ ਸੰਦੇਸ਼ ਮਿਲਦਾ ਹੈ ਉਸ ਦਾ ਸਾਰ ਇਕ ਸ਼ਬਦ ਵਿਚ ਦਿੱਤਾ ਜਾ ਸਕਦਾ ਹੈ: ਮਿਹਨਤ। ਰਸੂਲਾਂ ਨੇ ਪੰਤੇਕੁਸਤ 33 ਸਾ.ਯੁ. ਤੋਂ ਇਕ ਨਮੂਨਾ ਕਾਇਮ ਕੀਤਾ। ਅਸੀਂ ਪੜ੍ਹਦੇ ਹਾਂ: “ਹੋਰ ਵੀ ਬਹੁਤੀਆਂ ਗੱਲਾਂ ਨਾਲ [ਪਤਰਸ] ਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ ਭਈ ਆਪਣੇ ਆਪ ਨੂੰ ਇਸ ਕੱਬੀ ਪੀਹੜੀ ਕੋਲੋਂ ਬਚਾਓ।” (ਰਸੂਲਾਂ ਦੇ ਕਰਤੱਬ 2:40-42) ਅਤੇ ਉਸ ਨੂੰ ਆਪਣੇ ਜਤਨਾਂ ਦਾ ਕਿੰਨਾ ਵਧੀਆ ਫਲ ਮਿਲਿਆ! ਜਿਉਂ-ਜਿਉਂ ਦੂਸਰੇ ਲੋਕ ਰਸੂਲਾਂ ਨਾਲ ਮਿਲ ਕੇ ਮਸੀਹੀ ਪ੍ਰਚਾਰ ਦਾ ਕੰਮ ਕਰਨ ਲੱਗ ਪਏ, ਉਨ੍ਹਾਂ ਨੇ ਵੀ ਮਿਹਨਤ ਕੀਤੀ, ਅਤੇ “ਸਾਰੇ ਸੰਸਾਰ ਵਿੱਚ” ਖ਼ੁਸ਼ ਖ਼ਬਰੀ ‘ਵਧਦੀ ਗਈ।’—ਕੁਲੁੱਸੀਆਂ 1:3-6, 23; 1 ਕੁਰਿੰਥੀਆਂ 3:5-9.
15. ਤੋੜਿਆਂ ਦੇ ਦ੍ਰਿਸ਼ਟਾਂਤ ਦੇ ਸਬਕ ਨੂੰ ਅਸੀਂ ਕਿਵੇਂ ਇਕ ਖ਼ਾਸ ਤਰੀਕੇ ਨਾਲ ਲਾਗੂ ਕਰ ਸਕਦੇ ਹਾਂ?
15 ਇਸ ਦ੍ਰਿਸ਼ਟਾਂਤ ਦੇ ਸੰਦਰਭ ਨੂੰ ਯਾਦ ਰੱਖੋ—ਇਹ ਯਿਸੂ ਦੀ ਮੌਜੂਦਗੀ ਦੀ ਭਵਿੱਖਬਾਣੀ ਸੀ। ਸਾਡੇ ਕੋਲ ਕਾਫ਼ੀ ਸਬੂਤ ਹਨ ਕਿ ਯਿਸੂ ਦੀ ਪਰੂਸੀਆ ਚੱਲ ਰਹੀ ਹੈ ਅਤੇ ਜਲਦੀ ਹੀ ਆਪਣੇ ਸਿਖਰ ਤੇ ਪਹੁੰਚ ਜਾਵੇਗੀ। ਯਾਦ ਕਰੋ ਕਿ ਯਿਸੂ ਨੇ “ਅੰਤ” ਦਾ ਸੰਬੰਧ ਉਸ ਕੰਮ ਨਾਲ ਜੋੜਿਆ ਸੀ ਜੋ ਮਸੀਹੀਆਂ ਨੇ ਕਰਨਾ ਹੈ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:14) ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਅਸੀਂ ਕਿਸ ਚਾਕਰ ਵਰਗੇ ਹਾਂ? ਆਪਣੇ ਆਪ ਤੋਂ ਪੁੱਛੋ: ‘ਕੀ ਇਹ ਸਿੱਟਾ ਕੱਢਣ ਦਾ ਕੋਈ ਕਾਰਨ ਹੈ ਕਿ ਮੈਂ ਉਸ ਚਾਕਰ ਵਰਗਾ ਹਾਂ ਜਿਸ ਨੇ ਸੌਂਪੇ ਗਏ ਤੋੜੇ ਨੂੰ ਲੁਕਾ ਦਿੱਤਾ ਸੀ, ਅਤੇ ਜਿਹੜਾ ਸ਼ਾਇਦ ਆਪਣੇ ਨਿੱਜੀ ਕੰਮ ਕਰਨ ਵਿਚ ਰੁੱਝਾ ਹੋਇਆ ਸੀ? ਜਾਂ ਕੀ ਇਹ ਸਪੱਸ਼ਟ ਹੈ ਕਿ ਮੈਂ ਉਨ੍ਹਾਂ ਚੰਗੇ ਤੇ ਵਫ਼ਾਦਾਰ ਚਾਕਰਾਂ ਵਰਗਾ ਹਾਂ? ਕੀ ਮੈਂ ਹਰ ਮੌਕੇ ਤੇ ਮਾਲਕ ਦੇ ਲਾਭ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ?’
ਉਸ ਦੀ ਮੌਜੂਦਗੀ ਦੌਰਾਨ ਸਚੇਤ ਰਹੋ ਅਤੇ ਮਿਹਨਤੀ ਬਣੋ
16. ਜਿਨ੍ਹਾਂ ਦੋ ਦ੍ਰਿਸ਼ਟਾਂਤਾਂ ਉੱਤੇ ਅਸੀਂ ਚਰਚਾ ਕੀਤੀ ਹੈ, ਉਹ ਤੁਹਾਨੂੰ ਕਿਹੜਾ ਸੰਦੇਸ਼ ਦਿੰਦੇ ਹਨ?
16 ਜੀ ਹਾਂ, ਇਨ੍ਹਾਂ ਦੋਨਾਂ ਦ੍ਰਿਸ਼ਟਾਂਤਾਂ ਦੇ ਲਾਖਣਿਕ ਅਤੇ ਭਵਿੱਖ-ਸੂਚਕ ਅਰਥ ਤੋਂ ਇਲਾਵਾ, ਇਨ੍ਹਾਂ ਤੋਂ ਸਾਨੂੰ ਸਪੱਸ਼ਟ ਤੌਰ ਤੇ ਉਤਸ਼ਾਹ ਵੀ ਮਿਲਦਾ ਹੈ ਜੋ ਯਿਸੂ ਆਪ ਦਿੰਦਾ ਹੈ। ਉਸ ਦਾ ਸੰਦੇਸ਼ ਹੈ: ਸਚੇਤ ਹੋਵੋ; ਮਿਹਨਤੀ ਬਣੋ, ਖ਼ਾਸ ਕਰਕੇ ਜਦੋਂ ਮਸੀਹ ਦੀ ਪਰੂਸੀਆ ਦਾ ਲੱਛਣ ਦਿਖਾਈ ਦਿੰਦਾ ਹੈ। ਲੱਛਣ ਹੁਣ ਦਿਖਾਈ ਦੇ ਰਿਹਾ ਹੈ। ਤਾਂ ਫਿਰ, ਕੀ ਅਸੀਂ ਸੱਚ-ਮੁੱਚ ਸਚੇਤ ਅਤੇ ਮਿਹਨਤੀ ਹਾਂ?
17, 18. ਚੇਲੇ ਯਾਕੂਬ ਨੇ ਯਿਸੂ ਦੀ ਮੌਜੂਦਗੀ ਬਾਰੇ ਕਿਹੜੀ ਸਲਾਹ ਦਿੱਤੀ ਸੀ?
17 ਯਿਸੂ ਦਾ ਮਤਰੇਆ ਭਰਾ ਯਾਕੂਬ, ਯਿਸੂ ਦੁਆਰਾ ਭਵਿੱਖਬਾਣੀ ਕਰਨ ਵੇਲੇ ਜ਼ੈਤੂਨ ਦੇ ਪਹਾੜ ਉੱਤੇ ਨਹੀਂ ਸੀ; ਪਰ ਉਸ ਨੇ ਬਾਅਦ ਵਿਚ ਇਸ ਬਾਰੇ ਜਾਣਿਆ, ਅਤੇ ਇਸ ਦਾ ਅਰਥ ਸਪੱਸ਼ਟ ਤੌਰ ਤੇ ਸਮਝਿਆ। ਉਸ ਨੇ ਲਿਖਿਆ: “ਸੋ ਹੇ ਭਰਾਵੋ, ਪ੍ਰਭੁ ਦੇ ਆਉਣ ਤੀਕ ਧੀਰਜ ਕਰੋ। ਵੇਖੋ, ਕਰਸਾਣ ਧਰਤੀ ਦੇ ਉੱਤਮ ਫਲ ਦੀ ਉਡੀਕ ਕਰਦਾ ਹੈ ਅਤੇ ਓਹ ਦੇ ਲਈ ਧੀਰਜ ਕਰਦਾ ਹੈ ਜਿੰਨਾ ਚਿਰ ਓਸ ਉੱਤੇ ਪਹਿਲੀ ਅਤੇ ਪਿੱਛਲੀ ਵਰਖਾ ਨਾ ਪਵੇ। ਤੁਸੀਂ ਵੀ ਧੀਰਜ ਕਰੋ। ਆਪਣਿਆਂ ਮਨਾਂ ਨੂੰ ਤਕੜਿਆਂ ਰੱਖੋ ਕਿਉਂ ਜੋ ਪ੍ਰਭੁ ਦਾ ਆਉਣਾ ਨੇੜੇ ਹੀ ਹੈ।” (ਟੇਢੇ ਟਾਈਪ ਸਾਡੇ) —ਯਾਕੂਬ 5:7, 8.
18 ਇਹ ਭਰੋਸਾ ਦੇਣ ਤੋਂ ਬਾਅਦ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਆਪਣੇ ਧਨ ਦਾ ਗ਼ਲਤ ਪ੍ਰਯੋਗ ਕਰਦੇ ਹਨ, ਯਾਕੂਬ ਮਸੀਹੀਆਂ ਨੂੰ ਯਹੋਵਾਹ ਦੁਆਰਾ ਕਾਰਵਾਈ ਕਰਨ ਦੀ ਉਡੀਕ ਕਰਨ ਵਿਚ ਬੇਸਬਰੇ ਨਾ ਹੋਣ ਦੀ ਤਾਕੀਦ ਕਰਦਾ ਹੈ। ਇਕ ਬੇਸਬਰਾ ਮਸੀਹੀ ਬਦਲੇਖ਼ੋਰ ਬਣ ਸਕਦਾ ਹੈ, ਮਾਨੋ ਉਸ ਨੇ ਹੀ ਗ਼ਲਤ ਕੰਮਾਂ ਨੂੰ ਸੁਧਾਰਨਾ ਹੈ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਨਿਆਂ ਦਾ ਸਮਾਂ ਜ਼ਰੂਰ ਆਵੇਗਾ। ਕਿਸਾਨ ਦੀ ਉਦਾਹਰਣ ਇਸ ਗੱਲ ਨੂੰ ਚਿਤ੍ਰਿਤ ਕਰਦੀ ਹੈ, ਜਿਵੇਂ ਯਾਕੂਬ ਸਮਝਾਉਂਦਾ ਹੈ।
19. ਇਕ ਇਸਰਾਏਲੀ ਕਿਸਾਨ ਕਿਸ ਤਰ੍ਹਾਂ ਦਾ ਧੀਰਜ ਰੱਖ ਸਕਦਾ ਸੀ?
19 ਇਕ ਇਸਰਾਏਲੀ ਕਿਸਾਨ ਨੂੰ ਬੀ ਬੀਜਣ ਮਗਰੋਂ, ਪਹਿਲਾਂ ਬੀ ਦੇ ਪੁੰਗਰਨ ਦੀ, ਫਿਰ ਪੌਦੇ ਦੇ ਪੱਕਣ ਦੀ, ਅਤੇ ਅਖ਼ੀਰ ਵਾਢੀ ਦੀ ਉਡੀਕ ਕਰਨੀ ਪੈਂਦੀ ਸੀ। (ਲੂਕਾ 8:5-8; ਯੂਹੰਨਾ 4:35) ਉਨ੍ਹਾਂ ਮਹੀਨਿਆਂ ਦੌਰਾਨ, ਉਸ ਨੂੰ ਚਿੰਤਾ ਲੱਗੀ ਰਹਿੰਦੀ ਸੀ, ਤੇ ਸ਼ਾਇਦ ਚਿੰਤਾ ਕਰਨ ਦੇ ਕਈ ਕਾਰਨ ਵੀ ਸਨ। ਕੀ ਪਹਿਲੀ ਵਰਖਾ ਹੋਵੇਗੀ ਤੇ ਕਾਫ਼ੀ ਹੋਵੇਗੀ? ਪਿਛਲੀ ਵਰਖਾ ਬਾਰੇ ਕੀ? ਕੀ ਫ਼ਸਲ ਨੂੰ ਕੀਟ-ਪਤੰਗੇ ਜਾਂ ਤੂਫ਼ਾਨ ਨਸ਼ਟ ਤਾਂ ਨਹੀਂ ਕਰ ਦੇਵੇਗਾ? (ਯੋਏਲ 1:4; 2:23-25 ਦੀ ਤੁਲਨਾ ਕਰੋ।) ਫਿਰ ਵੀ, ਆਮ ਤੌਰ ਤੇ ਇਕ ਇਸਰਾਏਲੀ ਕਿਸਾਨ ਯਹੋਵਾਹ ਉੱਤੇ ਅਤੇ ਉਸ ਦੁਆਰਾ ਨਿਯਤ ਕੀਤੇ ਗਏ ਕੁਦਰਤੀ ਚੱਕਰਾਂ ਉੱਤੇ ਭਰੋਸਾ ਕਰ ਸਕਦਾ ਸੀ। (ਬਿਵਸਥਾ ਸਾਰ 11:14; ਯਿਰਮਿਯਾਹ 5:24) ਇਹ ਕਿਹਾ ਜਾ ਸਕਦਾ ਹੈ ਕਿ ਉਸ ਕਿਸਾਨ ਦਾ ਧੀਰਜ ਅਸਲ ਵਿਚ ਉਸ ਦੀ ਪੱਕੀ ਆਸ ਸੀ। ਵਿਸ਼ਵਾਸ ਨਾਲ, ਉਹ ਜਾਣਦਾ ਸੀ ਕਿ ਜਿਸ ਦੀ ਉਹ ਉਡੀਕ ਕਰ ਰਿਹਾ ਸੀ ਉਹ ਜ਼ਰੂਰ ਆਵੇਗਾ। ਉਹ ਸੱਚ-ਮੁੱਚ ਆਵੇਗਾ!
20. ਅਸੀਂ ਯਾਕੂਬ ਦੀ ਸਲਾਹ ਅਨੁਸਾਰ ਧੀਰਜ ਕਿਵੇਂ ਦਿਖਾ ਸਕਦੇ ਹਾਂ?
20 ਜਦ ਕਿ ਇਕ ਕਿਸਾਨ ਨੂੰ ਵਾਢੀ ਦੇ ਸਮੇਂ ਬਾਰੇ ਕੁਝ ਪਤਾ ਹੋ ਸਕਦਾ ਸੀ, ਪਰ ਪਹਿਲੀ ਸਦੀ ਦੇ ਮਸੀਹੀ ਇਹ ਪਤਾ ਨਹੀਂ ਲਗਾ ਸਕਦੇ ਸਨ ਕਿ ਯਿਸੂ ਦੀ ਮੌਜੂਦਗੀ ਕਦੋਂ ਹੋਵੇਗੀ। ਪਰ ਉਸ ਨੇ ਜ਼ਰੂਰ ਆਉਣਾ ਸੀ। ਯਾਕੂਬ ਨੇ ਲਿਖਿਆ: “ਪ੍ਰਭੁ ਦਾ ਆਉਣਾ [ਯੂਨਾਨੀ, ਪਰੂਸੀਆ] ਨੇੜੇ ਹੀ ਹੈ।” ਯਾਕੂਬ ਦੁਆਰਾ ਇਨ੍ਹਾਂ ਸ਼ਬਦਾਂ ਨੂੰ ਲਿਖਣ ਵੇਲੇ, ਮਸੀਹ ਦੀ ਮੌਜੂਦਗੀ ਦਾ ਲੱਛਣ ਵੱਡੇ ਪੈਮਾਨੇ ਤੇ ਜਾਂ ਪੂਰੀ ਧਰਤੀ ਉੱਤੇ ਪ੍ਰਗਟ ਨਹੀਂ ਹੋਇਆ ਸੀ। ਪਰ ਇਹ ਹੁਣ ਪ੍ਰਗਟ ਹੋ ਚੁੱਕਾ ਹੈ! ਇਸ ਲਈ ਸਾਨੂੰ ਇਸ ਸਮੇਂ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ? ਲੱਛਣ ਸੱਚ-ਮੁੱਚ ਦਿਖਾਈ ਦੇ ਰਿਹਾ ਹੈ। ਅਸੀਂ ਇਸ ਨੂੰ ਦੇਖਦੇ ਹਾਂ। ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ, ‘ਮੈਂ ਲੱਛਣ ਨੂੰ ਪੂਰਾ ਹੁੰਦੇ ਦੇਖਦਾ ਹਾਂ।’ ਅਸੀਂ ਭਰੋਸੇ ਨਾਲ ਕਹਿ ਸਕਦੇ ਹਾਂ, ‘ਪ੍ਰਭੁ ਦੀ ਮੌਜੂਦਗੀ ਹੁਣ ਹੈ ਅਤੇ ਇਸ ਦਾ ਸਿਖਰ ਵੀ ਨੇੜੇ ਹੈ।’
21. ਅਸੀਂ ਕੀ ਕਰਨ ਦਾ ਪੱਕਾ ਇਰਾਦਾ ਰੱਖਦੇ ਹਾਂ?
21 ਇਸ ਕਰਕੇ ਸਾਡੇ ਕੋਲ ਬਹੁਤ ਹੀ ਚੰਗਾ ਕਾਰਨ ਹੈ ਕਿ ਅਸੀਂ ਯਿਸੂ ਦੇ ਦੋ ਦ੍ਰਿਸ਼ਟਾਂਤਾਂ ਜਿਨ੍ਹਾਂ ਉੱਤੇ ਅਸੀਂ ਚਰਚਾ ਕੀਤੀ ਹੈ, ਦੇ ਬੁਨਿਆਦੀ ਸਬਕ ਨੂੰ ਆਪਣੇ ਦਿਲ ਵਿਚ ਬਿਠਾਈਏ ਅਤੇ ਉਸ ਦੇ ਅਨੁਸਾਰ ਚੱਲੀਏ। ਉਸ ਨੇ ਕਿਹਾ ਸੀ: “ਇਸ ਕਰਕੇ ਜਾਗਦੇ ਰਹੋ ਕਿਉਂ ਜੋ ਤੁਸੀਂ ਨਾ ਉਸ ਦਿਨ, ਨਾ ਉਸ ਘੜੀ ਨੂੰ ਜਾਣਦੇ ਹੋ।” (ਮੱਤੀ 25:13) ਬਿਨਾਂ ਸ਼ੱਕ, ਇਹੋ ਸਮਾਂ ਹੈ ਜਿਸ ਵਿਚ ਸਾਨੂੰ ਆਪਣੀ ਮਸੀਹੀ ਸੇਵਾ ਵਿਚ ਜੋਸ਼ੀਲੇ ਹੋਣਾ ਚਾਹੀਦਾ ਹੈ। ਆਓ ਅਸੀਂ ਆਪਣੀਆਂ ਰੋਜ਼ਾਨਾਂ ਜ਼ਿੰਦਗੀਆਂ ਵਿਚ ਦਿਖਾਈਏ ਕਿ ਅਸੀਂ ਯਿਸੂ ਦੀ ਗੱਲ ਨੂੰ ਸਮਝਦੇ ਹਾਂ। ਆਓ ਅਸੀਂ ਸਚੇਤ ਹੋਈਏ! ਆਓ ਅਸੀਂ ਮਿਹਨਤੀ ਬਣੀਏ!
[ਫੁਟਨੋਟ]
a ਇਸ ਦ੍ਰਿਸ਼ਟਾਂਤ ਦੇ ਲਾਖਣਿਕ ਵੇਰਵਿਆਂ ਨੂੰ ਜਾਣਨ ਲਈ, ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਪਰਮੇਸ਼ੁਰ ਦਾ ਹਜ਼ਾਰ ਵਰ੍ਹੇ ਦਾ ਰਾਜ ਨੇੜੇ ਹੈ (ਅੰਗ੍ਰੇਜ਼ੀ) ਕਿਤਾਬ, ਸਫ਼ੇ 169-211 ਦੇਖੋ।
b ਪਰਮੇਸ਼ੁਰ ਦਾ ਹਜ਼ਾਰ ਵਰ੍ਹੇ ਦਾ ਰਾਜ ਨੇੜੇ ਹੈ ਕਿਤਾਬ, ਸਫ਼ੇ 212-56 ਦੇਖੋ।
ਕੀ ਤੁਹਾਨੂੰ ਯਾਦ ਹੈ?
◻ ਅਕਲਮੰਦ ਅਤੇ ਮੂਰਖ ਕੁਆਰੀਆਂ ਦੇ ਦ੍ਰਿਸ਼ਟਾਂਤ ਤੋਂ ਤੁਸੀਂ ਕਿਹੜੀ ਮੁੱਖ ਗੱਲ ਸਿੱਖੀ ਹੈ?
◻ ਤੋੜਿਆਂ ਦੇ ਦ੍ਰਿਸ਼ਟਾਂਤ ਦੁਆਰਾ, ਯਿਸੂ ਤੁਹਾਨੂੰ ਕਿਹੜੀ ਬੁਨਿਆਦੀ ਸਲਾਹ ਦੇ ਰਿਹਾ ਹੈ?
◻ ਇਕ ਇਸਰਾਏਲੀ ਕਿਸਾਨ ਦੇ ਧੀਰਜ ਵਾਂਗ, ਤੁਹਾਡੇ ਧੀਰਜ ਦਾ ਪਰੂਸੀਆ ਨਾਲ ਕੀ ਸੰਬੰਧ ਹੈ?
◻ ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਅਸੀਂ ਰੁਮਾਂਚਕ ਅਤੇ ਚੁਣੌਤੀ ਭਰੇ ਸਮੇਂ ਵਿਚ ਜੀ ਰਹੇ ਹਾਂ?
[ਸਫ਼ੇ 23 ਉੱਤੇ ਤਸਵੀਰਾਂ]
ਤੁਸੀਂ ਕੁਆਰੀਆਂ ਦੇ ਅਤੇ ਤੋੜਿਆਂ ਦੇ ਦ੍ਰਿਸ਼ਟਾਂਤ ਤੋਂ ਕਿਹੜੇ ਸਬਕ ਸਿੱਖਦੇ ਹੋ?