ਯਿਸੂ ਦੀ ਰੀਸ ਕਰੋ ਜੋ ਹਮੇਸ਼ਾ ਜਾਗਦਾ ਰਿਹਾ
“ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ।”—ਮੱਤੀ 26:41.
ਤੁਸੀਂ ਕਿਵੇਂ ਜਵਾਬ ਦਿਓਗੇ?
ਸਾਡੀਆਂ ਪ੍ਰਾਰਥਨਾਵਾਂ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਅਸੀਂ ਸਚੇਤ ਹਾਂ?
ਅਸੀਂ ਕਿਹੜੇ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਪ੍ਰਚਾਰ ਦੇ ਕੰਮ ਵਿਚ ਸਚੇਤ ਰਹਿੰਦੇ ਹਾਂ?
ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਅਜ਼ਮਾਇਸ਼ਾਂ ਦੌਰਾਨ ਸਚੇਤ ਰਹੀਏ ਤੇ ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ?
1, 2. (ੳ) ਜਾਗਦੇ ਰਹਿਣ ਸੰਬੰਧੀ ਯਿਸੂ ਦੀ ਮਿਸਾਲ ਬਾਰੇ ਕਿਹੜੇ ਸਵਾਲ ਖੜ੍ਹੇ ਹੁੰਦੇ ਹਨ? (ਅ) ਕੀ ਯਿਸੂ ਦੀ ਮੁਕੰਮਲ ਮਿਸਾਲ ਸਾਡੇ ਵਰਗੇ ਪਾਪੀ ਇਨਸਾਨਾਂ ਦੀ ਮਦਦ ਕਰ ਸਕਦੀ ਹੈ? ਮਿਸਾਲ ਦਿਓ।
ਕਈ ਸ਼ਾਇਦ ਸੋਚਣ: ‘ਕੀ ਅਸੀਂ ਜਾਗਦੇ ਰਹਿਣ ਵਿਚ ਸੱਚ-ਮੁੱਚ ਯਿਸੂ ਦੀ ਨਕਲ ਕਰ ਸਕਦੇ ਹਾਂ? ਯਿਸੂ ਤਾਂ ਮੁਕੰਮਲ ਸੀ। ਇਸ ਤੋਂ ਇਲਾਵਾ ਯਿਸੂ ਨੂੰ ਭਵਿੱਖ ਬਾਰੇ ਵੀ ਕਈ ਗੱਲਾਂ ਪਤਾ ਸਨ। ਉਸ ਨੂੰ ਤਾਂ ਇਹ ਵੀ ਪਤਾ ਸੀ ਕਿ ਹਜ਼ਾਰਾਂ ਸਾਲਾਂ ਬਾਅਦ ਕੀ ਹੋਣ ਵਾਲਾ ਸੀ। ਤਾਂ ਫਿਰ, ਕੀ ਉਸ ਨੂੰ ਜਾਗਦੇ ਰਹਿਣ ਦੀ ਲੋੜ ਸੀ?’ (ਮੱਤੀ 24:37-39; ਇਬ. 4:15) ਆਓ ਆਪਾਂ ਪਹਿਲਾਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਖੀਏ ਤਾਂਕਿ ਅਸੀਂ ਜਾਣ ਸਕੀਏ ਕਿ ਜਾਗਦੇ ਰਹਿਣਾ ਕਿੰਨਾ ਕੁ ਜ਼ਰੂਰੀ ਹੈ।
2 ਕੀ ਯਿਸੂ ਦੀ ਮੁਕੰਮਲ ਮਿਸਾਲ ਸਾਡੇ ਵਰਗੇ ਪਾਪੀ ਇਨਸਾਨਾਂ ਦੀ ਮਦਦ ਕਰ ਸਕਦੀ ਹੈ? ਜੀ ਹਾਂ, ਕਿਉਂਕਿ ਵਧੀਆ ਸਿੱਖਿਅਕ ਤੋਂ ਸਿੱਖਣਾ ਸੰਭਵ ਹੈ। ਮਿਸਾਲ ਲਈ, ਕਲਪਨਾ ਕਰੋ ਕਿ ਇਕ ਆਦਮੀ ਤੀਰਅੰਦਾਜ਼ੀ ਕਰਨੀ ਸਿੱਖਣੀ ਸ਼ੁਰੂ ਕਰਦਾ ਹੈ। ਉਹ ਪਹਿਲੀ ਵਾਰ ਹੀ ਤੀਰ ਨਿਸ਼ਾਨੇ ʼਤੇ ਨਹੀਂ ਮਾਰ ਸਕਦਾ। ਇਸ ਲਈ ਉਹ ਸਿੱਖਦਾ ਤੇ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਸ ਕਲਾ ਵਿਚ ਸੁਧਾਰ ਕਰਨ ਲਈ ਉਸ ਨੂੰ ਆਪਣੇ ਉਸਤਾਦ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਜੋ ਕਿ ਇਕ ਮਾਹਰ ਤੀਰਅੰਦਾਜ਼ ਹੈ। ਉਹ ਧਿਆਨ ਨਾਲ ਦੇਖਦਾ ਹੈ ਕਿ ਉਸ ਦਾ ਉਸਤਾਦ ਕਿਵੇਂ ਖੜ੍ਹਦਾ ਹੈ, ਉਹ ਕਮਾਨ ਨੂੰ ਕਿੱਦਾਂ ਫੜਦਾ ਹੈ ਤੇ ਕਮਾਨ ਦੀ ਡੋਰੀ ʼਤੇ ਆਪਣੀਆਂ ਉਂਗਲੀਆਂ ਕਿਵੇਂ ਰੱਖਦਾ ਹੈ। ਉਹ ਹੌਲੀ-ਹੌਲੀ ਸਿੱਖਦਾ ਹੈ ਕਿ ਤੀਰ ਚਲਾਉਣ ਵੇਲੇ ਡੋਰੀ ਨੂੰ ਕਿੰਨਾ ਕੁ ਖਿੱਚਣਾ ਹੈ। ਉਹ ਹਵਾ ਦੇ ਰੁਖ ਨੂੰ ਧਿਆਨ ਵਿਚ ਰੱਖਣਾ ਵੀ ਸਿੱਖਦਾ ਹੈ। ਉਹ ਪੱਕੇ ਇਰਾਦੇ ਨਾਲ ਲਗਾਤਾਰ ਕੋਸ਼ਿਸ਼ ਕਰਦਾ ਹੋਇਆ ਅਤੇ ਆਪਣੇ ਉਸਤਾਦ ਦੇ ਤੀਰ ਚਲਾਉਣ ਦੇ ਅੰਦਾਜ਼ ਦੀ ਨਕਲ ਕਰਦਾ ਹੋਇਆ ਹੌਲੀ-ਹੌਲੀ ਤੀਰ ਨਿਸ਼ਾਨੇ ਦੇ ਨੇੜੇ ਮਾਰਦਾ ਹੈ। ਇਸੇ ਤਰ੍ਹਾਂ ਅਸੀਂ ਵੀ ਯਿਸੂ ਦੀਆਂ ਗੱਲਾਂ ਨੂੰ ਮੰਨਦੇ ਹੋਏ ਅਤੇ ਉਸ ਦੀ ਮੁਕੰਮਲ ਮਿਸਾਲ ʼਤੇ ਚੱਲਦੇ ਹੋਏ ਉਸ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ।
3. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਜਾਗਦੇ ਰਹਿਣ ਦੀ ਲੋੜ ਸੀ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
3 ਜਾਗਦੇ ਰਹਿਣ ਬਾਰੇ ਅਸੀਂ ਯਿਸੂ ਤੋਂ ਕੀ ਸਿੱਖ ਸਕਦੇ ਹਾਂ? ਕੀ ਉਸ ਨੂੰ ਜਾਗਦੇ ਰਹਿਣ ਦੀ ਲੋੜ ਸੀ? ਹਾਂ ਉਸ ਨੂੰ ਲੋੜ ਸੀ। ਮਿਸਾਲ ਲਈ, ਧਰਤੀ ʼਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ ਸੀ: “ਮੇਰੇ ਨਾਲ ਜਾਗਦੇ ਰਹੋ।” ਉਸ ਨੇ ਅੱਗੇ ਕਿਹਾ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਵੋ।” (ਮੱਤੀ 26:38, 41) ਭਾਵੇਂ ਕਿ ਉਹ ਹਰ ਸਮੇਂ ਜਾਗਦਾ ਰਿਹਾ, ਪਰ ਉਨ੍ਹਾਂ ਔਖੀਆਂ ਘੜੀਆਂ ਦੌਰਾਨ ਯਿਸੂ ਖ਼ਾਸ ਕਰ ਕੇ ਜਾਗਦਾ ਰਹਿਣਾ ਚਾਹੁੰਦਾ ਸੀ ਤੇ ਆਪਣੇ ਸਵਰਗੀ ਪਿਤਾ ਦੇ ਨੇੜੇ ਰਹਿਣਾ ਚਾਹੁੰਦਾ ਸੀ। ਉਹ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਵੀ ਉਸ ਵਾਂਗ ਜਾਗਦੇ ਰਹਿਣ ਦੀ ਲੋੜ ਸੀ ਸਿਰਫ਼ ਉਸ ਵੇਲੇ ਹੀ ਨਹੀਂ, ਸਗੋਂ ਆਉਣ ਵਾਲੇ ਸਮੇਂ ਵਿਚ ਵੀ। ਸੋ ਆਓ ਆਪਾਂ ਦੇਖੀਏ ਕਿ ਯਿਸੂ ਕਿਉਂ ਚਾਹੁੰਦਾ ਹੈ ਕਿ ਅਸੀਂ ਜਾਗਦੇ ਰਹੀਏ। ਇਸ ਤੋਂ ਬਾਅਦ ਅਸੀਂ ਤਿੰਨ ਤਰੀਕੇ ਦੇਖਾਂਗੇ ਜਿਨ੍ਹਾਂ ਦੇ ਜ਼ਰੀਏ ਅਸੀਂ ਯਿਸੂ ਦੀ ਨਕਲ ਕਰਦੇ ਹੋਏ ਹਰ ਰੋਜ਼ ਜਾਗਦੇ ਰਹਿ ਸਕਦੇ ਹਾਂ।
ਯਿਸੂ ਨੇ ਜਾਗਦੇ ਰਹਿਣ ਦੀ ਸਲਾਹ ਕਿਉਂ ਦਿੱਤੀ?
4. ਅੱਜ ਜਾਗਦੇ ਰਹਿਣ ਦਾ ਇਕ ਕਾਰਨ ਕੀ ਹੈ?
4 ਯਿਸੂ ਦੋ ਕਾਰਨਾਂ ਕਰਕੇ ਚਾਹੁੰਦਾ ਹੈ ਕਿ ਅਸੀਂ ਜਾਗਦੇ ਜਾਂ ਸਚੇਤ ਰਹੀਏ। ਇਕ ਕਾਰਨ ਇਹ ਹੈ ਕਿ ਅਸੀਂ ਭਵਿੱਖ ਬਾਰੇ ਸਾਰਾ ਕੁਝ ਨਹੀਂ ਜਾਣਦੇ। ਜਦੋਂ ਯਿਸੂ ਧਰਤੀ ʼਤੇ ਸੀ, ਕੀ ਉਹ ਭਵਿੱਖ ਬਾਰੇ ਸਾਰਾ ਕੁਝ ਜਾਣਦਾ ਸੀ? ਨਹੀਂ, ਉਸ ਨੇ ਨਿਮਰਤਾ ਨਾਲ ਕਬੂਲ ਕੀਤਾ: “ਉਸ ਦਿਨ ਜਾਂ ਉਸ ਵੇਲੇ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗੀ ਦੂਤ, ਨਾ ਪੁੱਤਰ, ਪਰ ਸਿਰਫ਼ ਪਿਤਾ ਜਾਣਦਾ ਹੈ।” (ਮੱਤੀ 24:36) ਉਸ ਸਮੇਂ ਯਿਸੂ ਨਹੀਂ ਜਾਣਦਾ ਸੀ ਕਿ ਇਸ ਦੁਸ਼ਟ ਦੁਨੀਆਂ ਦਾ ਅੰਤ ਕਦੋਂ ਹੋਵੇਗਾ। ਅੱਜ ਸਾਡੇ ਬਾਰੇ ਕੀ? ਕੀ ਸਾਨੂੰ ਭਵਿੱਖ ਬਾਰੇ ਸਾਰਾ ਕੁਝ ਪਤਾ ਹੈ? ਨਹੀਂ। ਅਸੀਂ ਨਹੀਂ ਜਾਣਦੇ ਕਿ ਯਹੋਵਾਹ ਕਦੋਂ ਆਪਣੇ ਪੁੱਤਰ ਨੂੰ ਇਸ ਦੁਸ਼ਟ ਦੁਨੀਆਂ ਦਾ ਅੰਤ ਕਰਨ ਲਈ ਭੇਜੇਗਾ। ਜੇ ਅਸੀਂ ਜਾਣਦੇ ਹੁੰਦੇ, ਤਾਂ ਕੀ ਸਾਨੂੰ ਜਾਗਦੇ ਰਹਿਣ ਦੀ ਲੋੜ ਹੁੰਦੀ? ਜਿੱਦਾਂ ਯਿਸੂ ਨੇ ਕਿਹਾ ਸੀ, ਇਸ ਦੁਨੀਆਂ ਦਾ ਅੰਤ ਅਚਾਨਕ ਆਵੇਗਾ। ਇਸ ਲਈ ਸਾਨੂੰ ਹਮੇਸ਼ਾ ਜਾਗਦੇ ਰਹਿਣ ਦੀ ਲੋੜ ਹੈ।—ਮੱਤੀ 24:43 ਪੜ੍ਹੋ।
5, 6. (ੳ) ਭਵਿੱਖ ਅਤੇ ਪਰਮੇਸ਼ੁਰ ਦੇ ਮਕਸਦ ਦਾ ਗਿਆਨ ਹੋਣ ਕਰਕੇ ਸਾਨੂੰ ਜਾਗਦੇ ਰਹਿਣ ਦੀ ਕਿਉਂ ਲੋੜ ਹੈ? (ਅ) ਸ਼ੈਤਾਨ ਬਾਰੇ ਪਤਾ ਹੋਣ ਕਰਕੇ ਸਾਨੂੰ ਖ਼ਬਰਦਾਰ ਰਹਿਣ ਦਾ ਦ੍ਰਿੜ੍ਹ ਇਰਾਦਾ ਕਿਉਂ ਕਰਨਾ ਚਾਹੀਦਾ ਹੈ?
5 ਜਾਗਦੇ ਰਹਿਣ ਦਾ ਦੂਜਾ ਕਾਰਨ ਇਹ ਹੈ ਕਿ ਅਸੀਂ ਭਵਿੱਖ ਬਾਰੇ ਬਹੁਤ ਸਾਰੀਆਂ ਗੱਲਾਂ ਜਾਣਦੇ ਹਾਂ। ਯਿਸੂ ਭਵਿੱਖ ਬਾਰੇ ਬਹੁਤ ਸਾਰੀਆਂ ਵਧੀਆ ਗੱਲਾਂ ਜਾਣਦਾ ਸੀ ਜੋ ਉਸ ਸਮੇਂ ਦੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਸਨ। ਸਾਨੂੰ ਯਿਸੂ ਜਿੰਨਾ ਗਿਆਨ ਨਹੀਂ ਹੈ, ਫਿਰ ਵੀ ਅਸੀਂ ਉਸ ਕਰਕੇ ਪਰਮੇਸ਼ੁਰ ਦੇ ਰਾਜ ਤੇ ਮਕਸਦ ਬਾਰੇ ਬਹੁਤ ਕੁਝ ਜਾਣਦੇ ਹਾਂ। ਜਦੋਂ ਅਸੀਂ ਆਪਣੇ ਆਲੇ-ਦੁਆਲੇ ਦੇਖਦੇ ਹਾਂ, ਭਾਵੇਂ ਸਕੂਲ ਵਿਚ, ਕੰਮ ʼਤੇ ਜਾਂ ਪ੍ਰਚਾਰ ਦੌਰਾਨ, ਤਾਂ ਕੀ ਅਸੀਂ ਇਹ ਨਹੀਂ ਦੇਖਦੇ ਕਿ ਜ਼ਿਆਦਾਤਰ ਲੋਕ ਇਨ੍ਹਾਂ ਸੱਚਾਈਆਂ ਬਾਰੇ ਨਹੀਂ ਜਾਣਦੇ? ਯਿਸੂ ਦੀ ਤਰ੍ਹਾਂ ਸਾਨੂੰ ਹਰ ਵੇਲੇ ਸਚੇਤ ਰਹਿਣ ਦੀ ਲੋੜ ਹੈ ਤਾਂਕਿ ਅਸੀਂ ਹਰ ਮੌਕੇ ਦਾ ਫ਼ਾਇਦਾ ਲੈਂਦੇ ਹੋਏ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਦੱਸ ਸਕੀਏ। ਹਰ ਮੌਕਾ ਅਨਮੋਲ ਹੈ ਤੇ ਅਸੀਂ ਕੋਈ ਵੀ ਮੌਕਾ ਹੱਥੋਂ ਗੁਆਉਣਾ ਨਹੀਂ ਚਾਹੁੰਦੇ ਕਿਉਂਕਿ ਲੋਕਾਂ ਦੀਆਂ ਜਾਨਾਂ ਖ਼ਤਰੇ ਵਿਚ ਹਨ!—1 ਤਿਮੋ. 4:16.
6 ਯਿਸੂ ਕੁਝ ਹੋਰ ਵੀ ਜਾਣਦਾ ਸੀ ਜਿਸ ਨੇ ਉਸ ਦੀ ਜਾਗਦੇ ਰਹਿਣ ਵਿਚ ਮਦਦ ਕੀਤੀ। ਉਹ ਜਾਣਦਾ ਸੀ ਕਿ ਸ਼ੈਤਾਨ ਉਸ ਨੂੰ ਫਸਾ ਕੇ ਉਸ ਉੱਤੇ ਜ਼ੁਲਮ ਕਰਨ ਅਤੇ ਉਸ ਦੀ ਵਫ਼ਾਦਾਰੀ ਤੋੜਨ ʼਤੇ ਤੁਲਿਆ ਹੋਇਆ ਸੀ। ਇਹ ਜਾਨੀ ਦੁਸ਼ਮਣ ਯਿਸੂ ਨੂੰ ਫਸਾਉਣ ਲਈ ਹਮੇਸ਼ਾ “ਮੌਕੇ ਦੀ ਉਡੀਕ” ਵਿਚ ਰਹਿੰਦਾ ਸੀ। (ਲੂਕਾ 4:13) ਪਰ ਯਿਸੂ ਕਦੇ ਅਵੇਸਲਾ ਨਹੀਂ ਹੋਇਆ। ਉਹ ਕਿਸੇ ਵੀ ਅਜ਼ਮਾਇਸ਼, ਵਿਰੋਧ ਤੇ ਜ਼ੁਲਮ ਸਹਿਣ ਲਈ ਤਿਆਰ ਰਹਿੰਦਾ ਸੀ। ਕੀ ਸਾਡੇ ਬਾਰੇ ਵੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ? ਅਸੀਂ ਜਾਣਦੇ ਹਾਂ ਕਿ ਸ਼ੈਤਾਨ “ਗਰਜਦੇ ਸ਼ੇਰ ਵਾਂਗ ਇੱਧਰ-ਉੱਧਰ ਘੁੰਮ ਰਿਹਾ ਹੈ ਕਿ ਕਿਸੇ ਨੂੰ ਨਿਗਲ ਜਾਵੇ।” ਇਸ ਲਈ ਬਾਈਬਲ ਸਾਰੇ ਮਸੀਹੀਆਂ ਨੂੰ ਕਹਿੰਦੀ ਹੈ: “ਹੋਸ਼ ਵਿਚ ਰਹੋ, ਖ਼ਬਰਦਾਰ ਰਹੋ।” (1 ਪਤ. 5:8) ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਸਚੇਤ ਰਹਿਣ ਲਈ ਪ੍ਰਾਰਥਨਾ ਕਰੋ
7, 8. ਯਿਸੂ ਨੇ ਪ੍ਰਾਰਥਨਾ ਕਰਨ ਬਾਰੇ ਕਿਹੜੀ ਸਲਾਹ ਦਿੱਤੀ ਤੇ ਉਸ ਨੇ ਇਸ ਬਾਰੇ ਆਪ ਕਿਹੜੀ ਮਿਸਾਲ ਰੱਖੀ?
7 ਬਾਈਬਲ ਤੋਂ ਪਤਾ ਲੱਗਦਾ ਹੈ ਕਿ ਸਚੇਤ ਰਹਿਣ ਲਈ ਪ੍ਰਾਰਥਨਾ ਕਰਨੀ ਜ਼ਰੂਰੀ ਹੈ। (ਕੁਲੁ. 4:2; 1 ਪਤ. 4:7) ਆਪਣੇ ਚੇਲਿਆਂ ਨੂੰ ਆਪਣੇ ਨਾਲ ਜਾਗਦੇ ਰਹਿਣ ਬਾਰੇ ਕਹਿਣ ਤੋਂ ਕੁਝ ਸਮੇਂ ਬਾਅਦ ਯਿਸੂ ਨੇ ਕਿਹਾ: “ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ ਕਿ ਤੁਸੀਂ ਕਿਸੇ ਪਰੀਖਿਆ ਦੌਰਾਨ ਡਿਗ ਨਾ ਪਵੋ।” (ਮੱਤੀ 26:41) ਕੀ ਇਸ ਦਾ ਇਹ ਮਤਲਬ ਸੀ ਕਿ ਉਨ੍ਹਾਂ ਨੂੰ ਸਿਰਫ਼ ਉਸ ਵੇਲੇ ਆਈਆਂ ਅਜ਼ਮਾਇਸ਼ਾਂ ਦੌਰਾਨ ਹੀ ਜਾਗਦੇ ਰਹਿਣ ਤੇ ਪ੍ਰਾਰਥਨਾ ਕਰਨ ਦੀ ਲੋੜ ਸੀ? ਨਹੀਂ, ਉਸ ਦੀ ਸਲਾਹ ਨੂੰ ਅਸੀਂ ਹਰ ਰੋਜ਼ ਲਾਗੂ ਕਰ ਸਕਦੇ ਹਾਂ।
8 ਪ੍ਰਾਰਥਨਾ ਕਰਨ ਦੇ ਮਾਮਲੇ ਵਿਚ ਯਿਸੂ ਨੇ ਵਧੀਆ ਮਿਸਾਲ ਰੱਖੀ। ਤੁਹਾਨੂੰ ਸ਼ਾਇਦ ਉਹ ਸਮਾਂ ਯਾਦ ਹੋਵੇ ਜਦੋਂ ਉਸ ਨੇ ਆਪਣੇ ਪਿਤਾ ਨੂੰ ਪੂਰੀ ਰਾਤ ਪ੍ਰਾਰਥਨਾ ਕੀਤੀ ਸੀ। ਉਸ ਵੇਲੇ ਯਿਸੂ ਕਫ਼ਰਨਾਹੂਮ ਵਿਚ ਠਹਿਰਿਆ ਹੋਇਆ ਸੀ ਜੋ ਕਿ ਮਛੇਰਿਆਂ ਦਾ ਸ਼ਹਿਰ ਸੀ। (ਲੂਕਾ 6:12, 13 ਪੜ੍ਹੋ।) ਆਓ ਆਪਾਂ ਜ਼ਰਾ ਉਸ ਸਮੇਂ ਦੀ ਕਲਪਨਾ ਕਰੀਏ। ਬਸੰਤ ਦੀ ਰੁੱਤ ਹੈ। ਜਿੱਦਾਂ ਹੀ ਸ਼ਾਮ ਹੁੰਦੀ ਹੈ, ਯਿਸੂ ਪਹਾੜ ʼਤੇ ਜਾਂਦਾ ਹੈ ਜਿੱਥੋਂ ਗਲੀਲ ਝੀਲ ਸਾਫ਼ ਦਿਖਾਈ ਦਿੰਦੀ ਹੈ। ਉਹ ਪਹਾੜ ਉੱਤੋਂ ਆਲੇ-ਦੁਆਲੇ ਅਨ੍ਹੇਰਾ ਹੁੰਦਾ ਦੇਖਦਾ ਹੈ। ਉਸ ਨੂੰ ਸ਼ਾਇਦ ਕਫ਼ਰਨਾਹੂਮ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਘਰਾਂ ਵਿਚ ਦੀਵੇ ਜਗਦੇ ਦਿਖਾਈ ਦਿੰਦੇ ਹਨ। ਜਦੋਂ ਯਿਸੂ ਯਹੋਵਾਹ ਨੂੰ ਪ੍ਰਾਰਥਨਾ ਕਰਦਾ ਹੈ, ਤਾਂ ਉਸ ਦਾ ਧਿਆਨ ਹੋਰ ਕਿਸੇ ਪਾਸੇ ਨਹੀਂ ਜਾਂਦਾ। ਪ੍ਰਾਰਥਨਾ ਕਰਦਿਆਂ ਕਈ ਘੰਟੇ ਨਿਕਲ ਜਾਂਦੇ ਹਨ। ਉਸ ਨੂੰ ਕੋਈ ਖ਼ਬਰ ਹੀ ਨਹੀਂ ਰਹਿੰਦੀ ਕਿ ਇਕ-ਇਕ ਕਰਕੇ ਦੀਵੇ ਕਦੋਂ ਦੇ ਬੁੱਝ ਚੁੱਕੇ ਹਨ, ਚੰਦ ਵੀ ਆਪਣਾ ਸਫ਼ਰ ਅੱਧਾ ਮੁਕਾ ਚੁੱਕਾ ਹੈ ਤੇ ਰਾਤ ਨੂੰ ਨਿਕਲਣ ਵਾਲੇ ਜੀਵ-ਜੰਤੂ ਵੀ ਭੋਜਨ ਦੀ ਭਾਲ ਕਰਨ ਲਈ ਝਾੜੀਆਂ ਵਿੱਚੋਂ ਬਾਹਰ ਆ ਗਏ ਹਨ। ਉਸ ਨੇ ਆਪਣੇ 12 ਰਸੂਲਾਂ ਨੂੰ ਚੁਣਨ ਦਾ ਅਹਿਮ ਫ਼ੈਸਲਾ ਕਰਨਾ ਹੈ, ਉਹ ਇਸ ਬਾਰੇ ਪ੍ਰਾਰਥਨਾ ਕਰਦਾ ਹੈ। ਉਹ ਸ਼ਾਇਦ ਆਪਣੇ ਪਿਤਾ ਨਾਲ ਆਪਣੇ ਹਰ ਚੇਲੇ ਬਾਰੇ ਖੁੱਲ੍ਹ ਕੇ ਗੱਲ ਕਰਦਾ ਹੈ ਤੇ ਉਸ ਨੂੰ ਹਰ ਚੇਲੇ ਬਾਰੇ ਆਪਣੇ ਵਿਚਾਰ ਦੱਸਦਾ ਹੈ। ਉਹ ਸਮਝ ਤੇ ਬੁੱਧ ਲਈ ਬੇਨਤੀ ਕਰਦਾ ਹੈ।
9. ਸਾਰੀ ਰਾਤ ਪ੍ਰਾਰਥਨਾ ਕਰਨ ਦੀ ਯਿਸੂ ਦੀ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ?
9 ਅਸੀਂ ਯਿਸੂ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਕੀ ਸਾਨੂੰ ਘੰਟਿਆਂ ਤਾਈਂ ਪ੍ਰਾਰਥਨਾ ਕਰਨੀ ਚਾਹੀਦੀ ਹੈ? ਨਹੀਂ, ਕਿਉਂਕਿ ਇਸ ਤਰ੍ਹਾਂ ਕਰਨਾ ਮੁਸ਼ਕਲ ਹੈ। ਯਿਸੂ ਨੇ ਆਪਣੇ ਚੇਲਿਆਂ ਬਾਰੇ ਕਿਹਾ ਸੀ: “ਦਿਲ ਤਾਂ ਤਿਆਰ ਹੈ, ਪਰ ਪਾਪੀ ਸਰੀਰ ਕਮਜ਼ੋਰ ਹੈ।” (ਮੱਤੀ 26:41) ਫਿਰ ਵੀ ਅਸੀਂ ਯਿਸੂ ਦੀ ਰੀਸ ਕਰ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਕੋਈ ਫ਼ੈਸਲਾ ਕਰਨਾ ਹੈ ਜਿਸ ਦਾ ਅਸਰ ਸਾਡੇ ʼਤੇ, ਸਾਡੇ ਪਰਿਵਾਰ ʼਤੇ ਅਤੇ ਸਾਡੇ ਮਸੀਹੀ ਭੈਣਾਂ-ਭਰਾਵਾਂ ʼਤੇ ਪਵੇਗਾ, ਤਾਂ ਕੀ ਉਹ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਸਵਰਗੀ ਪਿਤਾ ਤੋਂ ਸਲਾਹ ਮੰਗਦੇ ਹਾਂ? ਕੀ ਅਸੀਂ ਆਪਣੇ ਮਸੀਹੀ ਭੈਣਾਂ-ਭਰਾਵਾਂ ਲਈ ਪ੍ਰਾਰਥਨਾਵਾਂ ਕਰਦੇ ਹਾਂ? ਕੀ ਅਸੀਂ ਰਟੀਆਂ-ਰਟਾਈਆਂ ਪ੍ਰਾਰਥਨਾਵਾਂ ਕਰਨ ਦੀ ਬਜਾਇ ਦਿਲੋਂ ਪ੍ਰਾਰਥਨਾ ਕਰਦੇ ਹਾਂ? ਗੌਰ ਕਰੋ ਕਿ ਯਿਸੂ ਨੇ ਆਪਣੇ ਪਿਤਾ ਨਾਲ ਨਿੱਜੀ ਤੌਰ ਤੇ ਗੱਲਬਾਤ ਕਰਨ ਨੂੰ ਕਿੰਨਾ ਕੀਮਤੀ ਸਮਝਿਆ। ਅੱਜ ਦੇ ਰੁਝੇਵਿਆਂ ਵਿਚ ਅਸੀਂ ਆਸਾਨੀ ਨਾਲ ਜ਼ਿੰਦਗੀ ਦੇ ਕੰਮਾਂ ਵਿਚ ਫਸ ਕੇ ਅਹਿਮ ਗੱਲਾਂ ਨੂੰ ਭੁੱਲ ਸਕਦੇ ਹਾਂ। ਜੇ ਅਸੀਂ ਇਕੱਲੇ ਬੈਠ ਕੇ ਪ੍ਰਾਰਥਨਾ ਕਰਨ ਲਈ ਕਾਫ਼ੀ ਸਮਾਂ ਕੱਢਦੇ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੋਵੇਗੀ ਤੇ ਅਸੀਂ ਜਾਗਦੇ ਰਹਿ ਸਕਾਂਗੇ। (ਮੱਤੀ 6:6, 7) ਅਸੀਂ ਪਰਮੇਸ਼ੁਰ ਦੇ ਨੇੜੇ ਜਾਵਾਂਗੇ, ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਾਂਗੇ ਤੇ ਅਜਿਹਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਇਹ ਰਿਸ਼ਤਾ ਕਮਜ਼ੋਰ ਪੈ ਜਾਵੇ।—ਕਹਾ. 3:32.
ਪ੍ਰਚਾਰ ਕਰਨ ਵਿਚ ਸਚੇਤ ਰਹੋ
10. ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਯਿਸੂ ਗਵਾਹੀ ਦੇਣ ਦੇ ਮੌਕਿਆਂ ਪ੍ਰਤੀ ਸਚੇਤ ਰਿਹਾ?
10 ਯਹੋਵਾਹ ਨੇ ਯਿਸੂ ਨੂੰ ਜੋ ਕੰਮ ਦਿੱਤਾ ਸੀ ਉਹ ਉਸ ਪ੍ਰਤੀ ਸਚੇਤ ਰਿਹਾ। ਕਈ ਕੰਮ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਨੂੰ ਕਰਨ ਲਈ ਸਾਨੂੰ ਧਿਆਨ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਇਸ ਤਰ੍ਹਾਂ ਕਰਨ ਨਾਲ ਕੋਈ ਬੁਰੇ ਨਤੀਜੇ ਨਹੀਂ ਨਿਕਲਦੇ। ਕਈ ਕੰਮ ਕਰਨ ਲਈ ਸਾਨੂੰ ਪੂਰਾ ਧਿਆਨ ਦੇਣ ਤੇ ਸਚੇਤ ਰਹਿਣ ਦੀ ਲੋੜ ਹੁੰਦੀ ਹੈ। ਸਾਡਾ ਪ੍ਰਚਾਰ ਦਾ ਕੰਮ ਇਸ ਤਰ੍ਹਾਂ ਦਾ ਹੈ। ਯਿਸੂ ਹਮੇਸ਼ਾ ਜਾਗਦਾ ਰਿਹਾ ਤੇ ਖ਼ੁਸ਼ ਖ਼ਬਰੀ ਦੇਣ ਦੇ ਹਰ ਮੌਕੇ ਪ੍ਰਤੀ ਸਚੇਤ ਰਿਹਾ। ਮਿਸਾਲ ਲਈ, ਜਦੋਂ ਉਹ ਅਤੇ ਉਸ ਦੇ ਚੇਲੇ ਸਵੇਰ ਤੋਂ ਤੁਰ ਕੇ ਸੁਖਾਰ ਨਗਰ ਪਹੁੰਚੇ, ਤਾਂ ਉਸ ਦੇ ਚੇਲੇ ਖਾਣਾ ਖ਼ਰੀਦਣ ਲਈ ਚਲੇ ਗਏ। ਯਿਸੂ ਨਗਰ ਦੇ ਨੇੜੇ ਪੈਂਦੇ ਖੂਹ ʼਤੇ ਆਰਾਮ ਕਰਨ ਲਈ ਬੈਠ ਗਿਆ। ਪਰ ਉਹ ਸਚੇਤ ਰਿਹਾ ਤੇ ਉਸ ਨੇ ਗਵਾਹੀ ਦੇਣ ਦਾ ਮੌਕਾ ਦੇਖਿਆ। ਇਕ ਸਾਮਰੀ ਤੀਵੀਂ ਉੱਥੇ ਪਾਣੀ ਭਰਨ ਆਈ। ਯਿਸੂ ਚਾਹੁੰਦਾ ਤਾਂ ਥੋੜ੍ਹੀ ਦੇਰ ਸੌਂ ਸਕਦਾ ਸੀ ਜਾਂ ਗੱਲਬਾਤ ਨਾ ਕਰਨ ਦਾ ਕੋਈ ਬਹਾਨਾ ਸੋਚ ਸਕਦਾ ਸੀ। ਫਿਰ ਵੀ ਉਸ ਨੇ ਤੀਵੀਂ ਨਾਲ ਗੱਲ ਕੀਤੀ ਤੇ ਤੀਵੀਂ ਨੂੰ ਵਧੀਆ ਗਵਾਹੀ ਦਿੱਤੀ ਜਿਸ ਕਰਕੇ ਸ਼ਹਿਰ ਦੇ ਬਹੁਤ ਸਾਰੇ ਲੋਕਾਂ ਨੇ ਵੀ ਉਸ ʼਤੇ ਵਿਸ਼ਵਾਸ ਕੀਤਾ। (ਯੂਹੰ. 4:4-26, 39-42) ਕੀ ਅਸੀਂ ਵੀ ਯਿਸੂ ਦੀ ਮਿਸਾਲ ਉੱਤੇ ਹੋਰ ਚੰਗੇ ਤਰੀਕੇ ਨਾਲ ਚੱਲ ਸਕਦੇ ਹਾਂ? ਕੀ ਅਸੀਂ ਵੀ ਉਸ ਵਾਂਗ ਹਰ ਰੋਜ਼ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦੇ ਮੌਕੇ ਲੱਭ ਸਕਦੇ ਹਾਂ?
11, 12. (ੳ) ਯਿਸੂ ਨੇ ਉਨ੍ਹਾਂ ਨੂੰ ਕਿਵੇਂ ਜਵਾਬ ਦਿੱਤਾ ਜੋ ਪ੍ਰਚਾਰ ਦੇ ਕੰਮ ਤੋਂ ਉਸ ਦਾ ਧਿਆਨ ਭਟਕਾਉਣਾ ਚਾਹੁੰਦੇ ਸਨ? (ਅ) ਯਿਸੂ ਨੇ ਗਵਾਹੀ ਦੇਣ ਦੇ ਨਾਲ-ਨਾਲ ਹੋਰ ਕਿਨ੍ਹਾਂ ਕੰਮਾਂ ਲਈ ਵੀ ਸਮਾਂ ਕੱਢਿਆ?
11 ਕਈ ਵਾਰ ਭਲਾ ਚਾਹੁਣ ਵਾਲੇ ਲੋਕਾਂ ਨੇ ਯਿਸੂ ਦਾ ਧਿਆਨ ਉਸ ਦੇ ਕੰਮ ਤੋਂ ਭਟਕਾਉਣ ਦੀ ਕੋਸ਼ਿਸ਼ ਕੀਤੀ। ਕਫ਼ਰਨਾਹੂਮ ਵਿਚ ਯਿਸੂ ਦੇ ਚਮਤਕਾਰਾਂ ਤੋਂ ਪ੍ਰਭਾਵਿਤ ਹੋਏ ਲੋਕਾਂ ਨੇ ਚਾਹਿਆ ਕਿ ਯਿਸੂ ਉੱਥੇ ਹੀ ਰਹੇ। ਅਸੀਂ ਸਮਝ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਕਿਉਂ ਚਾਹੁੰਦੇ ਸਨ। ਪਰ ਯਿਸੂ ਨੂੰ “ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਕੋਲ ਭੇਜਿਆ ਗਿਆ” ਸੀ ਤਾਂਕਿ ਉਹ ਸਾਰੇ ਲੋਕਾਂ ਨੂੰ ਪ੍ਰਚਾਰ ਕਰ ਸਕੇ, ਨਾ ਕਿ ਸਿਰਫ਼ ਇਕ ਸ਼ਹਿਰ ਦੇ ਲੋਕਾਂ ਨੂੰ। (ਮੱਤੀ 15:24) ਇਸ ਲਈ ਉਸ ਨੇ ਲੋਕਾਂ ਨੂੰ ਕਿਹਾ: “ਇਹ ਜ਼ਰੂਰੀ ਹੈ ਕਿ ਮੈਂ ਹੋਰਨਾਂ ਸ਼ਹਿਰਾਂ ਵਿਚ ਵੀ ਜਾ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ, ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।” (ਲੂਕਾ 4:40-44) ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਯਿਸੂ ਨੇ ਹਮੇਸ਼ਾ ਪ੍ਰਚਾਰ ਦੇ ਕੰਮ ਨੂੰ ਪਹਿਲ ਦਿੱਤੀ। ਉਸ ਨੇ ਕਿਸੇ ਵੀ ਚੀਜ਼ ਨੂੰ ਆਪਣੇ ਕੰਮ ਵਿਚ ਰੁਕਾਵਟ ਨਹੀਂ ਬਣਨ ਦਿੱਤਾ।
12 ਕੀ ਯਿਸੂ ਆਪਣੇ ਕੰਮ ਵਿਚ ਇੰਨਾ ਖੁੱਭ ਗਿਆ ਕਿ ਉਹ ਬਾਕੀ ਸਾਰੀਆਂ ਗੱਲਾਂ ਤੋਂ ਅਵੇਸਲਾ ਹੋ ਗਿਆ ਸੀ? ਕੀ ਉਹ ਆਪਣੀ ਸੇਵਕਾਈ ਵਿਚ ਇੰਨਾ ਮਗਨ ਹੋ ਗਿਆ ਸੀ ਕਿ ਉਹ ਦੂਸਰਿਆਂ ਦੀਆਂ ਲੋੜਾਂ ਤੋਂ ਬੇਪਰਵਾਹ ਹੋ ਗਿਆ ਸੀ? ਨਹੀਂ, ਯਿਸੂ ਨੇ ਬਾਕੀ ਕੰਮਾਂ ਲਈ ਵੀ ਸਮਾਂ ਕੱਢਿਆ। ਉਸ ਨੇ ਜ਼ਿੰਦਗੀ ਦਾ ਆਨੰਦ ਲਿਆ ਤੇ ਆਪਣੇ ਦੋਸਤਾਂ ਨਾਲ ਸਮਾਂ ਵੀ ਬਿਤਾਇਆ। ਉਹ ਪਰਿਵਾਰਾਂ ਦਾ ਵੀ ਧਿਆਨ ਰੱਖਦਾ ਸੀ ਤੇ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਉਸ ਨੇ ਬੱਚਿਆਂ ਨੂੰ ਵੀ ਦਿਲ ਖੋਲ੍ਹ ਕੇ ਪਿਆਰ ਦਿੱਤਾ।—ਮਰਕੁਸ 10:13-16 ਪੜ੍ਹੋ।
13. ਅਸੀਂ ਯਿਸੂ ਵਾਂਗ ਪ੍ਰਚਾਰ ਦੇ ਕੰਮ ਵਿਚ ਸਚੇਤ ਕਿਵੇਂ ਰਹਿ ਸਕਦੇ ਹਾਂ?
13 ਅਸੀਂ ਯਿਸੂ ਵਾਂਗ ਪ੍ਰਚਾਰ ਦੇ ਕੰਮ ਵਿਚ ਸਚੇਤ ਕਿਵੇਂ ਰਹਿ ਸਕਦੇ ਹਾਂ? ਅਸੀਂ ਇਸ ਸੰਸਾਰ ਦੇ ਪਿੱਛੇ ਲੱਗ ਕੇ ਪ੍ਰਚਾਰ ਦੇ ਕੰਮ ਤੋਂ ਆਪਣਾ ਧਿਆਨ ਭਟਕਣ ਨਹੀਂ ਦਿੰਦੇ। ਸਾਡਾ ਭਲਾ ਚਾਹੁਣ ਵਾਲੇ ਦੋਸਤ ਤੇ ਰਿਸ਼ਤੇਦਾਰ ਸਾਨੂੰ ਸ਼ਾਇਦ ਪ੍ਰਚਾਰ ਦਾ ਕੰਮ ਥੋੜ੍ਹਾ ਕਰਨ ਲਈ ਕਹਿਣ ਜਾਂ ਚਾਹੁਣ ਕਿ ਅਸੀਂ ਵੀ ਉਨ੍ਹਾਂ ਵਾਂਗ ਜ਼ਿੰਦਗੀ ਗੁਜ਼ਾਰੀਏ। ਪਰ ਜੇ ਅਸੀਂ ਯਿਸੂ ਦੀ ਰੀਸ ਕਰਦੇ ਹਾਂ, ਤਾਂ ਅਸੀਂ ਆਪਣੀ ਸੇਵਕਾਈ ਨੂੰ ਆਪਣਾ ਭੋਜਨ ਮੰਨਾਂਗੇ। (ਯੂਹੰ. 4:34) ਪ੍ਰਚਾਰ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਖ਼ੁਸ਼ੀ ਮਿਲਦੀ ਹੈ। ਪਰ ਪ੍ਰਚਾਰ ਕਰਕੇ ਅਸੀਂ ਹੋਰ ਗੱਲਾਂ ਤੋਂ ਅਵੇਸਲੇ ਨਹੀਂ ਹੋਣਾ ਚਾਹੁੰਦੇ ਤੇ ਨਾ ਹੀ ਆਪਣੇ ਆਪ ਨੂੰ ਜ਼ਿਆਦਾ ਧਰਮੀ ਦਿਖਾਉਣਾ ਚਾਹੁੰਦੇ ਹਾਂ। ਯਿਸੂ ਵਾਂਗ ਅਸੀਂ ਵੀ ਖ਼ੁਸ਼ ਰਹਿਣਾ ਚਾਹੁੰਦੇ ਹਾਂ ਕਿਉਂਕਿ ਅਸੀਂ “ਖ਼ੁਸ਼ਦਿਲ ਪਰਮੇਸ਼ੁਰ” ਦੇ ਸੇਵਕ ਹਾਂ।—1 ਤਿਮੋ. 1:11.
ਅਜ਼ਮਾਇਸ਼ ਦੀ ਘੜੀ ਦੌਰਾਨ ਸਚੇਤ ਰਹੋ
14. ਪਰੀਖਿਆਵਾਂ ਵਿਚ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਤੇ ਕਿਉਂ?
14 ਜਿਵੇਂ ਅਸੀਂ ਦੇਖਿਆ ਹੈ, ਯਿਸੂ ਨੇ ਜਾਗਦੇ ਰਹਿਣ ਉੱਤੇ ਉਦੋਂ ਜ਼ਿਆਦਾ ਜ਼ੋਰ ਦਿੱਤਾ ਜਦੋਂ ਉਸ ਉੱਤੇ ਔਖੀ ਪਰੀਖਿਆ ਆਈ ਸੀ। (ਮਰਕੁਸ 14:37 ਪੜ੍ਹੋ।) ਜਦੋਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਸਾਨੂੰ ਉਸ ਦੀ ਮਿਸਾਲ ʼਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਪਰੀਖਿਆਵਾਂ ਵਿਚ ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕ ਇਕ ਜ਼ਰੂਰੀ ਸੱਚਾਈ ਭੁੱਲ ਜਾਂਦੇ ਹਨ ਜੋ ਇੰਨੀ ਅਹਿਮ ਹੈ ਕਿ ਇਹ ਕਹਾਉਤਾਂ ਦੀ ਕਿਤਾਬ ਵਿਚ ਦੋ ਵਾਰ ਕਹੀ ਗਈ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾ. 14:12; 16:25) ਜੇ ਅਸੀਂ ਆਪਣੀ ਸੋਚਣੀ ʼਤੇ ਭਰੋਸਾ ਰੱਖਦੇ ਹਾਂ ਖ਼ਾਸ ਕਰਕੇ ਉਦੋਂ ਜਦੋਂ ਅਸੀਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹਾਂ, ਤਾਂ ਅਸੀਂ ਸ਼ਾਇਦ ਆਪਣੇ ਆਪ ਨੂੰ ਤੇ ਆਪਣੇ ਪਿਆਰ ਕਰਨ ਵਾਲਿਆਂ ਨੂੰ ਖ਼ਤਰੇ ਵਿਚ ਪਾ ਦੇਈਏ।
15. ਅੱਜ ਇਨ੍ਹਾਂ ਮੁਸ਼ਕਲ ਸਮਿਆਂ ਵਿਚ ਪਰਿਵਾਰਾਂ ਦੇ ਮੁਖੀਆਂ ʼਤੇ ਕਿਹੜੀ ਅਜ਼ਮਾਇਸ਼ ਆ ਸਕਦੀ ਹੈ?
15 ਮਿਸਾਲ ਲਈ, ਇਕ ਪਰਿਵਾਰ ਦੇ ਮੁਖੀ ਨੂੰ “ਆਪਣੇ ਘਰ ਦੇ ਜੀਆਂ” ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੀ ਚਿੰਤਾ ਹੋਵੇ। (1 ਤਿਮੋ. 5:8) ਇਸੇ ਚਿੰਤਾ ਦਾ ਮਾਰਿਆ ਉਹ ਸ਼ਾਇਦ ਅਜਿਹੀ ਨੌਕਰੀ ਕਰਨ ਲੱਗ ਪਵੇ ਜਿਸ ਕਰਕੇ ਉਸ ਨੂੰ ਵਾਰ-ਵਾਰ ਮੀਟਿੰਗਾਂ ਤੋਂ ਗ਼ੈਰ-ਹਾਜ਼ਰ ਹੋਣਾ ਪਵੇ ਜਾਂ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਸਟੱਡੀ ਨਾ ਕਰ ਸਕੇ ਜਾਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਨਾ ਲੈ ਸਕੇ। ਜੇ ਉਹ ਇਨਸਾਨੀ ਸੋਚ ʼਤੇ ਭਰੋਸਾ ਕਰਦਾ ਹੈ, ਤਾਂ ਉਸ ਨੂੰ ਇਸ ਤਰ੍ਹਾਂ ਕਰਨਾ ਠੀਕ ਲੱਗੇਗਾ। ਪਰ ਇਸ ਤਰ੍ਹਾਂ ਕਰਨ ਨਾਲ ਉਹ ਸ਼ਾਇਦ ਸੱਚਾਈ ਵਿਚ ਢਿੱਲਾ ਪੈ ਕੇ ਜਾਂ ਸੱਚਾਈ ਨੂੰ ਛੱਡ ਕੇ ਮੌਤ ਦੇ ਰਾਹ ਪੈ ਜਾਵੇ। ਇਸ ਲਈ ਕਹਾਉਤਾਂ 3:5, 6 ਦੀ ਸਲਾਹ ʼਤੇ ਚੱਲਣਾ ਕਿੰਨਾ ਹੀ ਵਧੀਆ ਹੈ। ਸੁਲੇਮਾਨ ਨੇ ਕਿਹਾ: “ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।”
16. (ੳ) ਯਿਸੂ ਨੇ ਆਪਣੀ ਸਮਝ ʼਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ਦੀ ਬੁੱਧ ʼਤੇ ਭਰੋਸਾ ਕਿਵੇਂ ਰੱਖਿਆ? (ਅ) ਔਖੀਆਂ ਘੜੀਆਂ ਵਿਚ ਪਰਿਵਾਰ ਦੇ ਮੁਖੀ ਯਹੋਵਾਹ ʼਤੇ ਭਰੋਸਾ ਰੱਖ ਕੇ ਯਿਸੂ ਦੀ ਰੀਸ ਕਿਵੇਂ ਕਰਦੇ ਹਨ?
16 ਜਦੋਂ ਯਿਸੂ ਪਰੀਖਿਆ ਅਧੀਨ ਸੀ, ਤਾਂ ਉਸ ਨੇ ਕਦੀ ਆਪਣੀ ਸਮਝ ʼਤੇ ਭਰੋਸਾ ਨਹੀਂ ਕੀਤਾ। ਜ਼ਰਾ ਇਸ ਬਾਰੇ ਸੋਚੋ। ਉਹ ਧਰਤੀ ʼਤੇ ਸਭ ਤੋਂ ਬੁੱਧੀਮਾਨ ਇਨਸਾਨ ਸੀ, ਫਿਰ ਵੀ ਉਸ ਨੇ ਆਪਣੀ ਬੁੱਧੀ ਦਾ ਸਹਾਰਾ ਨਹੀਂ ਲਿਆ। ਮਿਸਾਲ ਲਈ, ਜਦੋਂ ਸ਼ੈਤਾਨ ਨੇ ਉਸ ਨੂੰ ਪਰਖਿਆ, ਤਾਂ ਯਿਸੂ ਨੇ ਜਵਾਬ ਦਿੱਤਾ: “ਧਰਮ-ਗ੍ਰੰਥ ਵਿਚ ਲਿਖਿਆ ਹੈ।” (ਮੱਤੀ 4:4, 7, 10) ਉਸ ਨੇ ਪਰੀਖਿਆ ਦਾ ਸਾਮ੍ਹਣਾ ਕਰਨ ਲਈ ਆਪਣੇ ਪਿਤਾ ਦੀ ਬੁੱਧ ʼਤੇ ਭਰੋਸਾ ਰੱਖਿਆ। ਇਸ ਤਰ੍ਹਾਂ ਕਰ ਕੇ ਉਸ ਨੇ ਨਿਮਰਤਾ ਦਿਖਾਈ ਜਿਸ ਨੂੰ ਸ਼ੈਤਾਨ ਘਟੀਆ ਸਮਝਦਾ ਹੈ। ਕੀ ਅਸੀਂ ਵੀ ਯਿਸੂ ਵਾਂਗ ਨਿਮਰ ਬਣ ਸਕਦੇ ਹਾਂ? ਪਰਿਵਾਰ ਦਾ ਮੁਖੀ ਜੋ ਯਿਸੂ ਵਾਂਗ ਜਾਗਦਾ ਰਹਿੰਦਾ ਹੈ, ਪਰਮੇਸ਼ੁਰ ਦੇ ਬਚਨ ਤੋਂ ਸਲਾਹ ਲੈਂਦਾ ਹੈ ਖ਼ਾਸ ਕਰਕੇ ਔਖੀਆਂ ਘੜੀਆਂ ਵਿਚ। ਦੁਨੀਆਂ ਭਰ ਵਿਚ ਹਜ਼ਾਰਾਂ ਹੀ ਪਰਿਵਾਰਾਂ ਦੇ ਮੁਖੀ ਇਸ ਤਰ੍ਹਾਂ ਕਰ ਰਹੇ ਹਨ। ਉਹ ਆਪਣੀ ਜ਼ਿੰਦਗੀ ਵਿਚ ਆਪਣੀਆਂ ਰੋਜ਼ ਦੀਆਂ ਜ਼ਰੂਰਤਾਂ ਦੀ ਬਜਾਇ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਭਗਤੀ ਨੂੰ ਪਹਿਲੀ ਥਾਂ ਦਿੰਦੇ ਹਨ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਰਿਵਾਰਾਂ ਨੂੰ ਸੱਚਾਈ ਵਿਚ ਤਕੜਾ ਰੱਖਦੇ ਹਨ। ਯਹੋਵਾਹ ਉਨ੍ਹਾਂ ਦੇ ਜਤਨਾਂ ʼਤੇ ਬਰਕਤ ਪਾਉਂਦਾ ਹੈ ਤੇ ਆਪਣੇ ਵਾਅਦੇ ਅਨੁਸਾਰ ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।—ਮੱਤੀ 6:33.
17. ਕਿਹੜੀ ਗੱਲ ਸਾਨੂੰ ਜਾਗਦੇ ਰਹਿਣ ਲਈ ਪ੍ਰੇਰਦੀ ਹੈ?
17 ਬਿਨਾਂ ਸ਼ੱਕ ਯਿਸੂ ਨੇ ਜਾਗਦੇ ਰਹਿਣ ਵਿਚ ਸਭ ਤੋਂ ਵਧੀਆ ਮਿਸਾਲ ਰੱਖੀ। ਉਸ ਦੀ ਮਿਸਾਲ ਸਾਡੇ ਲਈ ਫ਼ਾਇਦੇਮੰਦ ਹੈ ਤੇ ਉਸ ਦੀ ਮਿਸਾਲ ʼਤੇ ਚੱਲਣ ਨਾਲ ਸਾਡੀ ਜਾਨ ਬਚ ਸਕਦੀ ਹੈ। ਇਹ ਯਾਦ ਰੱਖੋ ਕਿ ਸ਼ੈਤਾਨ ਇਹੀ ਚਾਹੁੰਦਾ ਹੈ ਕਿ ਅਸੀਂ ਵੀ ਦੁਨੀਆਂ ਦੇ ਲੋਕਾਂ ਵਾਂਗ ਸੌਂ ਜਾਈਏ, ਸਾਡੀ ਨਿਹਚਾ ਕਮਜ਼ੋਰ ਪੈ ਜਾਵੇ, ਅਸੀਂ ਪਰਮੇਸ਼ੁਰ ਦੀ ਭਗਤੀ ਵਿਚ ਢਿੱਲੇ ਪੈ ਜਾਈਏ ਤੇ ਆਪਣੀ ਵਫ਼ਾਦਾਰੀ ਨੂੰ ਤੋੜ ਦੇਈਏ। (1 ਥੱਸ. 5:6) ਉਸ ਨੂੰ ਆਪਣੇ ਮਕਸਦ ਵਿਚ ਸਫ਼ਲ ਨਾ ਹੋਣ ਦਿਓ! ਯਿਸੂ ਵਾਂਗ ਸਚੇਤ ਰਹਿਣ ਲਈ ਪ੍ਰਾਰਥਨਾ ਕਰੋ ਅਤੇ ਪ੍ਰਚਾਰ ਕਰਨ ਵਿਚ ਤੇ ਅਜ਼ਮਾਇਸ਼ਾਂ ਦੌਰਾਨ ਸਚੇਤ ਰਹੋ। ਇਸ ਤਰ੍ਹਾਂ ਕਰ ਕੇ ਅਸੀਂ ਇਸ ਸੰਸਾਰ ਵਿਚ ਹੁਣ ਵੀ ਖ਼ੁਸ਼ੀ ਨਾਲ ਰਹਿ ਸਕਾਂਗੇ ਜਿਸ ਦਾ ਅੰਤ ਛੇਤੀ ਹੀ ਹੋਣ ਵਾਲਾ ਹੈ। ਨਾਲੇ ਜਦੋਂ ਸਾਡਾ ਮਾਲਕ ਇਸ ਦੁਨੀਆਂ ਦਾ ਅੰਤ ਕਰਨ ਆਵੇਗਾ, ਤਾਂ ਉਹ ਸਾਨੂੰ ਜਾਗਦੇ ਤੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਦਿਆਂ ਦੇਖੇਗਾ। ਉਸ ਵੇਲੇ ਸਾਨੂੰ ਵਫ਼ਾਦਾਰੀ ਦਾ ਇਨਾਮ ਦੇ ਕੇ ਯਹੋਵਾਹ ਨੂੰ ਕਿੰਨੀ ਖ਼ੁਸ਼ੀ ਹੋਵੇਗੀ!—ਪ੍ਰਕਾ. 16:15.
[ਸਫ਼ਾ 6 ਉੱਤੇ ਤਸਵੀਰ]
ਯਿਸੂ ਨੇ ਖੂਹ ʼਤੇ ਇਕ ਤੀਵੀਂ ਨੂੰ ਪ੍ਰਚਾਰ ਕੀਤਾ ਸੀ। ਤੁਸੀਂ ਹਰ ਰੋਜ਼ ਪ੍ਰਚਾਰ ਕਰਨ ਦੇ ਕਿਹੜੇ ਮੌਕੇ ਪੈਦਾ ਕਰਦੇ ਹੋ?
[ਸਫ਼ਾ 7 ਉੱਤੇ ਤਸਵੀਰ]
ਆਪਣੇ ਪਰਿਵਾਰ ਨੂੰ ਸੱਚਾਈ ਵਿਚ ਤਕੜਾ ਕਰਨ ਲਈ ਤੁਸੀਂ ਜੋ ਵੀ ਕਰਦੇ ਹੋ, ਉਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਸਚੇਤ ਰਹਿੰਦੇ ਹੋ