“ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ”
“ਮੈਂ ਇਸ ਕਰਕੇ ਜਨਮ ਲਿਆ ਅਤੇ ਦੁਨੀਆਂ ਵਿਚ ਆਇਆ ਤਾਂਕਿ ਸੱਚਾਈ ਬਾਰੇ ਗਵਾਹੀ ਦੇ ਸਕਾਂ।”—ਯੂਹੰ. 18:37.
1, 2. (ੳ) ਦੁਨੀਆਂ ਵਿਚ ਫੁੱਟ ਕਿਵੇਂ ਪੈਂਦੀ ਜਾ ਰਹੀ ਹੈ? (ਅ) ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਦੱਖਣੀ ਯੂਰਪ ਦੀ ਇਕ ਭੈਣ ਆਪਣੇ ਅਤੀਤ ਬਾਰੇ ਦੱਸਦੀ ਹੈ, “ਛੋਟੇ ਹੁੰਦਿਆਂ ਤੋਂ ਹੀ ਮੈਂ ਸਿਰਫ਼ ਬੇਇਨਸਾਫ਼ੀ ਦੇਖਦੀ ਆਈ ਹਾਂ। ਇਸ ਲਈ ਮੈਂ ਆਪਣੇ ਦੇਸ਼ ਦੀ ਰਾਜਨੀਤੀ ਦਾ ਸਾਥ ਦੇਣ ਦੀ ਬਜਾਇ, ਦੇਸ਼ ਦੇ ਬਾਗ਼ੀ ਵਿਚਾਰ ਰੱਖਣ ਵਾਲਿਆਂ ਨਾਲ ਰਲ਼ ਗਈ। ਦਰਅਸਲ ਮੈਂ ਕਈ ਸਾਲਾਂ ਤਕ ਇਕ ਅੱਤਵਾਦੀ ਦੀ ਪ੍ਰੇਮਿਕਾ ਸੀ।” ਦੱਖਣੀ ਅਫ਼ਰੀਕਾ ਦਾ ਇਕ ਭਰਾ ਦੱਸਦਾ ਕਿ ਉਹ ਹਿੰਸਾ ਕਰਨ ʼਤੇ ਕਿਉਂ ਉੱਤਰ ਆਉਂਦਾ ਸੀ: “ਮੈਂ ਇਹ ਮੰਨਦਾ ਸੀ ਕਿ ਮੇਰਾ ਕਬੀਲਾ ਬਾਕੀਆਂ ਨਾਲੋਂ ਬਿਹਤਰ ਸੀ ਅਤੇ ਮੈਂ ਇਕ ਰਾਜਨੀਤਿਕ ਪਾਰਟੀ ਨਾਲ ਰਲ਼ ਗਿਆ। ਸਾਨੂੰ ਸਿਖਾਇਆ ਜਾਂਦਾ ਸੀ ਕਿ ਆਪਣੇ ਵਿਰੋਧੀਆਂ ਨੂੰ ਬਰਛੇ ਨਾਲ ਮਾਰ ਦਿਓ, ਇੱਥੋਂ ਤਕ ਕਿ ਹੋਰ ਪਾਰਟੀ ਦਾ ਸਾਥ ਦੇਣ ਵਾਲੇ ਆਪਣੇ ਕਬੀਲੇ ਦੇ ਲੋਕਾਂ ਨੂੰ ਵੀ।” ਕੇਂਦਰੀ ਯੂਰਪ ਵਿਚ ਰਹਿਣ ਵਾਲੀ ਇਕ ਭੈਣ ਦੱਸਦੀ ਹੈ: “ਮੇਰੇ ਅੰਦਰ ਪੱਖਪਾਤ ਦਾ ਜ਼ਹਿਰ ਘੁਲਿਆ ਹੋਇਆ ਸੀ। ਮੈਂ ਦੂਸਰੇ ਦੇਸ਼ ਅਤੇ ਹੋਰ ਧਰਮ ਦੇ ਲੋਕਾਂ ਨਾਲ ਸਖ਼ਤ ਨਫ਼ਰਤ ਕਰਦੀ ਸੀ।”
2 ਅੱਜ ਬਹੁਤ ਸਾਰੇ ਲੋਕਾਂ ਦਾ ਰਵੱਈਆ ਇਨ੍ਹਾਂ ਭੈਣ-ਭਰਾਵਾਂ ਦੇ ਪੁਰਾਣੇ ਰਵੱਈਏ ਵਰਗਾ ਬਣ ਗਿਆ ਹੈ। ਆਜ਼ਾਦੀ ਪ੍ਰਾਪਤ ਕਰਨ ਲਈ ਅੱਜ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਹਿੰਸਾ ਦਾ ਸਹਾਰਾ ਲੈਂਦੀਆਂ ਹਨ। ਅੱਜ ਰਾਜਨੀਤੀ ਕਰਕੇ ਲੋਕਾਂ ਵਿਚ ਲੜਾਈਆਂ ਹੁੰਦੀਆਂ ਹਨ। ਬਹੁਤ ਸਾਰੇ ਦੇਸ਼ਾਂ ਵਿਚ ਪਰਦੇਸੀ ਨਫ਼ਰਤ ਦਾ ਸ਼ਿਕਾਰ ਹੁੰਦੇ ਹਨ। ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਲੋਕ “ਕਿਸੇ ਗੱਲ ʼਤੇ ਰਾਜ਼ੀ” ਨਹੀਂ ਹੋਣਗੇ। (2 ਤਿਮੋ. 3:1, 3) ਫੁੱਟ ਪੈ ਚੁੱਕੀ ਦੁਨੀਆਂ ਵਿਚ, ਮਸੀਹੀ ਆਪਸੀ ਏਕਤਾ ਨੂੰ ਕਿਵੇਂ ਬਰਕਰਾਰ ਰੱਖ ਸਕਦੇ ਹਨ? ਅਸੀਂ ਯਿਸੂ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਯਿਸੂ ਦੇ ਜ਼ਮਾਨੇ ਵਿਚ ਵੀ ਲੋਕਾਂ ਦੀ ਆਪੋ-ਆਪਣੀ ਰਾਜਨੀਤਿਕ ਵਿਚਾਰਧਾਰਾ ਸੀ। ਇਸ ਲੇਖ ਵਿਚ ਅਸੀਂ ਤਿੰਨ ਸਵਾਲਾਂ ʼਤੇ ਗੌਰ ਕਰਾਂਗੇ: ਯਿਸੂ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕਿਉਂ ਨਹੀਂ ਰਲ਼ਿਆ? ਯਿਸੂ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਦੇ ਲੋਕਾਂ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਲੈਣਾ ਚਾਹੀਦਾ? ਨਾਲੇ ਯਿਸੂ ਨੇ ਕਿਵੇਂ ਸਿਖਾਇਆ ਕਿ ਹਿੰਸਾ ਦਾ ਸਹਾਰਾ ਲੈਣਾ ਗ਼ਲਤ ਹੈ?
ਕੀ ਯਿਸੂ ਨੇ ਆਜ਼ਾਦੀ ਪਾਉਣ ਵਾਲੇ ਲੋਕਾਂ ਦਾ ਸਾਥ ਦਿੱਤਾ ਸੀ?
3, 4. (ੳ) ਯਿਸੂ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਕੀ ਚਾਹੁੰਦੇ ਸਨ? (ਅ) ਇਸ ਤਰ੍ਹਾਂ ਦੀਆਂ ਭਾਵਨਾਵਾਂ ਨੇ ਯਿਸੂ ਦੇ ਚੇਲਿਆਂ ʼਤੇ ਕੀ ਅਸਰ ਪਾਇਆ?
3 ਯਿਸੂ ਨੇ ਜਿਨ੍ਹਾਂ ਯਹੂਦੀਆਂ ਨੂੰ ਪ੍ਰਚਾਰ ਕੀਤਾ, ਉਨ੍ਹਾਂ ਵਿੱਚੋਂ ਬਹੁਤ ਸਾਰੇ ਯਹੂਦੀ ਰੋਮੀਆਂ ਤੋਂ ਆਜ਼ਾਦੀ ਚਾਹੁੰਦੇ ਸਨ। ਉਨ੍ਹਾਂ ਦਿਨਾਂ ਵਿਚ ਕੁਝ ਅਜਿਹੇ ਯਹੂਦੀ ਸਨ ਜੋ ਸਰਕਾਰ ਦੇ ਖ਼ਿਲਾਫ਼ ਲੜਦੇ ਸਨ ਅਤੇ ਲੋਕਾਂ ਦੇ ਦਿਲਾਂ ਵਿਚ ਆਜ਼ਾਦੀ ਦੀ ਭਾਵਨਾ ਨੂੰ ਹਵਾ ਦਿੰਦੇ ਸਨ। ਯਿਸੂ ਦੇ ਜ਼ਮਾਨੇ ਵਿਚ ਇਨ੍ਹਾਂ ਬਾਗ਼ੀ ਯਹੂਦੀਆਂ ਵਿੱਚੋਂ ਬਹੁਤ ਸਾਰੇ ਬਾਗ਼ੀ ਯਹੂਦਾ ਗਲੀਲੀ ਦੇ ਪਿੱਛੇ ਲੱਗੇ ਹੋਏ ਸਨ। ਯਹੂਦਾ ਇਕ ਝੂਠਾ ਮਸੀਹੀ ਸੀ ਜੋ ਲੋਕਾਂ ਨੂੰ ਗੁਮਰਾਹ ਕਰਦਾ ਸੀ। ਜੋਸੀਫ਼ਸ ਨਾਂ ਦੇ ਯਹੂਦੀ ਇਤਿਹਾਸਕਾਰ ਨੇ ਕਿਹਾ ਕਿ ਯਹੂਦਾ ਇਜ਼ਰਾਈਲੀਆਂ ਨੂੰ ਰੋਮ ਖ਼ਿਲਾਫ਼ ਲੜਨ ਲਈ ਕਹਿੰਦਾ ਸੀ ਅਤੇ ਜੋ ਟੈਕਸ ਦੇਣ ਲਈ ਤਿਆਰ ਸਨ ਉਨ੍ਹਾਂ ਨੂੰ “ਡਰਪੋਕ” ਕਹਿੰਦਾ ਸੀ। ਆਖ਼ਰ, ਰੋਮੀਆਂ ਨੇ ਯਹੂਦਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ। (ਰਸੂ. 5:37) ਬਹੁਤ ਸਾਰੇ ਬਾਗ਼ੀ ਯਹੂਦੀ ਆਪਣਾ ਮਕਸਦ ਪੂਰਾ ਕਰਨ ਲਈ ਹਿੰਸਾ ਕਰਨ ʼਤੇ ਵੀ ਉਤਾਰੂ ਹੋ ਗਏ ਸਨ।
4 ਜ਼ਿਆਦਾਤਰ ਯਹੂਦੀ ਬੇਸਬਰੀ ਨਾਲ ਆਉਣ ਵਾਲੇ ਮਸੀਹ ਦੀ ਉਡੀਕ ਕਰ ਰਹੇ ਸਨ। ਉਹ ਸੋਚਦੇ ਸਨ ਕਿ ਮਸੀਹ ਇਜ਼ਰਾਈਲ ਨੂੰ ਰੋਮੀਆਂ ਤੋਂ ਆਜ਼ਾਦ ਕਰਾ ਕੇ ਦੁਬਾਰਾ ਵੱਡੀ ਕੌਮ ਬਣਾਵੇਗਾ। (ਲੂਕਾ 2:38; 3:15) ਬਹੁਤ ਸਾਰੇ ਇਹ ਵੀ ਸੋਚਦੇ ਸਨ ਕਿ ਮਸੀਹ ਧਰਤੀ ʼਤੇ ਇਜ਼ਰਾਈਲ ਵਿਚ ਰਾਜ ਸਥਾਪਿਤ ਕਰੇਗਾ। ਜਦੋਂ ਇੱਦਾਂ ਹੋਵੇਗਾ, ਤਾਂ ਪੂਰੀ ਦੁਨੀਆਂ ਵਿਚ ਹੋਰ ਥਾਵਾਂ ʼਤੇ ਰਹਿਣ ਵਾਲੇ ਸਾਰੇ ਯਹੂਦੀ ਇਜ਼ਰਾਈਲ ਨੂੰ ਵਾਪਸ ਆ ਸਕਣਗੇ। ਇੱਥੋਂ ਤਕ ਕਿ ਇਕ ਵਾਰ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਪੁੱਛਿਆ: “ਕੀ ਤੂੰ ਉਹੀ ਹੈਂ ਜਿਸ ਨੇ ਆਉਣਾ ਸੀ ਜਾਂ ਫਿਰ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?” (ਮੱਤੀ 11:2, 3) ਸ਼ਾਇਦ ਯੂਹੰਨਾ ਇਹ ਜਾਣਨਾ ਚਾਹੁੰਦਾ ਸੀ ਕਿ ਕੋਈ ਹੋਰ ਵਿਅਕਤੀ ਯਹੂਦੀਆਂ ਦੀਆਂ ਉਮੀਦਾਂ ਪੂਰੀਆਂ ਕਰੇਗਾ। ਯਿਸੂ ਦੇ ਜੀਉਂਦਾ ਹੋਣ ਤੋਂ ਥੋੜ੍ਹੀ ਦੇਰ ਬਾਅਦ ਇੰਮਊਸ ਨੂੰ ਜਾਂਦੇ ਰਾਹ ਵਿਚ ਉਸ ਨੂੰ ਦੋ ਚੇਲੇ ਮਿਲੇ। ਉਨ੍ਹਾਂ ਨੇ ਯਿਸੂ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਯਿਸੂ ਨੇ ਹੀ ਇਜ਼ਰਾਈਲ ਨੂੰ ਆਜ਼ਾਦੀ ਦਿਵਾਉਣੀ ਸੀ। (ਲੂਕਾ 24:21 ਪੜ੍ਹੋ।) ਇਸ ਤੋਂ ਛੇਤੀ ਬਾਅਦ ਚੇਲਿਆਂ ਨੇ ਯਿਸੂ ਤੋਂ ਪੁੱਛਿਆ: “ਪ੍ਰਭੂ, ਕੀ ਤੂੰ ਇਸੇ ਸਮੇਂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰ ਰਿਹਾ ਹੈਂ?”—ਰਸੂ. 1:6.
5. (ੳ) ਗਲੀਲੀ ਲੋਕ ਯਿਸੂ ਨੂੰ ਆਪਣਾ ਰਾਜਾ ਕਿਉਂ ਬਣਾਉਣਾ ਚਾਹੁੰਦੇ ਸਨ? (ਅ) ਯਿਸੂ ਨੇ ਉਨ੍ਹਾਂ ਦੀ ਸੋਚ ਕਿਵੇਂ ਸੁਧਾਰੀ?
5 ਯਹੂਦੀਆਂ ਨੂੰ ਇਹ ਉਮੀਦ ਸੀ ਕਿ ਮਸੀਹ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਕਰੇਗਾ। ਸ਼ਾਇਦ ਇਹ ਇਕ ਕਾਰਨ ਸੀ ਜਿਸ ਕਰਕੇ ਗਲੀਲੀ ਚਾਹੁੰਦੇ ਸਨ ਕਿ ਯਿਸੂ ਉਨ੍ਹਾਂ ਦਾ ਰਾਜਾ ਬਣੇ। ਉਨ੍ਹਾਂ ਨੇ ਸੋਚਿਆ ਹੋਵੇਗਾ ਕਿ ਯਿਸੂ ਨਾਲੋਂ ਵਧੀਆ ਆਗੂ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹ ਬਹੁਤ ਵਧੀਆ ਭਾਸ਼ਣਕਾਰ ਸੀ, ਬੀਮਾਰਾਂ ਨੂੰ ਠੀਕ ਕਰ ਸਕਦਾ ਸੀ ਅਤੇ ਭੁੱਖਿਆਂ ਨੂੰ ਰੋਟੀ ਖੁਆ ਸਕਦਾ ਸੀ। ਜਦੋਂ ਯਿਸੂ ਨੇ ਲਗਭਗ 5,000 ਆਦਮੀਆਂ ਨੂੰ ਰੋਟੀ ਖੁਆਈ, ਤਾਂ ਲੋਕ ਬਹੁਤ ਹੈਰਾਨ ਹੋਏ। ਯਿਸੂ ਉਨ੍ਹਾਂ ਦੇ ਦਿਲ ਦੀ ਗੱਲ ਜਾਣਦਾ ਸੀ। ਬਾਈਬਲ ਕਹਿੰਦੀ ਹੈ: “ਯਿਸੂ ਜਾਣ ਗਿਆ ਕਿ ਉਹ ਉਸ ਨੂੰ ਫੜ ਕੇ ਜ਼ਬਰਦਸਤੀ ਰਾਜਾ ਬਣਾਉਣ ਵਾਲੇ ਸਨ, ਇਸ ਲਈ ਉਹ ਇਕੱਲਾ ਹੀ ਪਹਾੜ ʼਤੇ ਦੁਬਾਰਾ ਚਲਾ ਗਿਆ।” (ਯੂਹੰ. 6:10-15) ਅਗਲੇ ਦਿਨ ਜਦੋਂ ਲੋਕਾਂ ਦਾ ਜੋਸ਼ ਠੰਢਾ ਪੈ ਗਿਆ, ਤਾਂ ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਹ ਉਨ੍ਹਾਂ ਦੀਆਂ ਭੌਤਿਕ ਲੋੜਾਂ ਪੂਰੀਆਂ ਕਰਨ ਨਹੀਂ, ਸਗੋਂ ਪਰਮੇਸ਼ੁਰ ਦੇ ਰਾਜ ਬਾਰੇ ਦੱਸਣ ਆਇਆ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ।”—ਯੂਹੰ. 6:25-27.
6. ਯਿਸੂ ਨੇ ਸਾਫ਼-ਸਾਫ਼ ਕਿੱਦਾਂ ਦਿਖਾਇਆ ਕਿ ਉਹ ਰਾਜਨੀਤਿਕ ਤਾਕਤ ਨਹੀਂ ਚਾਹੁੰਦਾ ਸੀ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
6 ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਯਿਸੂ ਨੂੰ ਅਹਿਸਾਸ ਸੀ ਕਿ ਉਸ ਦੇ ਕੁਝ ਚੇਲੇ ਵਿਸ਼ਵਾਸ ਕਰਦੇ ਸਨ ਕਿ ਯਿਸੂ ਯਰੂਸ਼ਲਮ ਵਿਚ ਰਾਜ ਕਰੇਗਾ। ਉਨ੍ਹਾਂ ਦੀ ਸੋਚ ਸੁਧਾਰਨ ਲਈ ਯਿਸੂ ਨੇ ਚਾਂਦੀ ਦੇ ਟੁਕੜਿਆਂ ਦੀ ਮਿਸਾਲ ਦਿੱਤੀ। ਇਸ ਮਿਸਾਲ ਵਿਚ ‘ਇਕ ਉੱਚੇ ਖ਼ਾਨਦਾਨ ਦੇ ਆਦਮੀ’ ਯਾਨੀ ਯਿਸੂ ਨੇ ਕਾਫ਼ੀ ਸਮੇਂ ਲਈ ਦੂਰ ਦੇਸ਼ ਜਾਣਾ ਸੀ। (ਲੂਕਾ 19:11-13, 15) ਯਿਸੂ ਨੇ ਰੋਮੀ ਅਧਿਕਾਰੀ ਪੁੰਤੀਅਸ ਪਿਲਾਤੁਸ ਨੂੰ ਵੀ ਸਾਫ਼-ਸਾਫ਼ ਦੱਸਿਆ ਕਿ ਉਹ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦਾ। ਪਿਲਾਤੁਸ ਨੇ ਯਿਸੂ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” (ਯੂਹੰ. 18:33) ਸ਼ਾਇਦ ਪਿਲਾਤੁਸ ਨੂੰ ਇਸ ਗੱਲ ਦਾ ਡਰ ਸੀ ਕਿ ਯਿਸੂ ਲੋਕਾਂ ਨੂੰ ਰੋਮੀ ਸਰਕਾਰ ਦੇ ਖ਼ਿਲਾਫ਼ ਬਗਾਵਤ ਕਰਨ ਲਈ ਉਕਸਾਵੇਗਾ। ਪਰ ਜਵਾਬ ਵਿਚ ਯਿਸੂ ਨੇ ਕਿਹਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰ. 18:36) ਯਿਸੂ ਨੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ ਕਿਉਂਕਿ ਉਸ ਦਾ ਰਾਜ ਸਵਰਗ ਵਿਚ ਹੋਣਾ ਸੀ। ਯਿਸੂ ਨੇ ਕਿਹਾ ਕਿ ਉਹ ਧਰਤੀ ਉੱਤੇ “ਸੱਚਾਈ ਬਾਰੇ ਗਵਾਹੀ” ਦੇਣ ਆਇਆ ਸੀ।—ਯੂਹੰਨਾ 18:37 ਪੜ੍ਹੋ।
7. ਰਾਜਨੀਤਿਕ ਪਾਰਟੀਆਂ ਦਾ ਸਾਥ ਦੇਣ ਦੇ ਖ਼ਿਆਲ ਤੋਂ ਬਚਣਾ ਔਖਾ ਕਿਉਂ ਹੋ ਸਕਦਾ ਹੈ?
7 ਜੇ ਅਸੀਂ ਯਿਸੂ ਦੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ, ਤਾਂ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਾਥ ਨਹੀਂ ਦੇਵਾਂਗੇ, ਇੱਥੋਂ ਤਕ ਕਿ ਆਪਣੇ ਖ਼ਿਆਲਾਂ ਵਿਚ ਵੀ ਨਹੀਂ। ਇੱਦਾਂ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ। ਇਕ ਸਫ਼ਰੀ ਨਿਗਾਹਬਾਨ ਕਹਿੰਦਾ ਹੈ ਕਿ ਉਸ ਦੇ ਇਲਾਕੇ ਦੇ ਲੋਕਾਂ ਵਿਚ ਦੇਸ਼-ਭਗਤੀ ਦਾ ਜਜ਼ਬਾ ਵਧੀ ਜਾਂਦਾ ਹੈ ਅਤੇ ਉਹ ਛੇਤੀ ਹੀ ਭੜਕ ਉੱਠਦੇ ਹਨ। ਉਹ ਮੰਨਦੇ ਹਨ ਕਿ ਜੇ ਉਨ੍ਹਾਂ ਦੀ ਕੌਮ ਦੇ ਲੋਕ ਰਾਜ ਕਰਨ, ਤਾਂ ਉਨ੍ਹਾਂ ਦੀ ਜ਼ਿੰਦਗੀ ਵਧੀਆ ਹੋਵੇਗੀ। ਉਹ ਅੱਗੇ ਕਹਿੰਦਾ ਹੈ: “ਪਰ ਖ਼ੁਸ਼ੀ ਦੀ ਗੱਲ ਹੈ ਕਿ ਭੈਣ-ਭਰਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਰੁੱਝੇ ਰਹਿੰਦੇ ਹਨ ਜਿਸ ਕਰਕੇ ਉਹ ਆਪਣੀ ਮਸੀਹੀ ਏਕਤਾ ਬਣਾਈ ਰੱਖਦੇ ਹਨ। ਉਹ ਬੇਇਨਸਾਫ਼ੀ ਤੇ ਮੁਸ਼ਕਲਾਂ ਦੇ ਹੱਲ ਲਈ ਪਰਮੇਸ਼ੁਰ ʼਤੇ ਭਰੋਸਾ ਰੱਖਦੇ ਹਨ।”
ਯਿਸੂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਕਿਵੇਂ ਰਿਹਾ?
8. ਯਿਸੂ ਦੇ ਦਿਨਾਂ ਵਿਚ ਬਹੁਤ ਸਾਰੇ ਯਹੂਦੀ ਕਿਸ ਬੇਇਨਸਾਫ਼ੀ ਦਾ ਸ਼ਿਕਾਰ ਸਨ?
8 ਜਦੋਂ ਲੋਕ ਆਪਣੇ ਆਲੇ-ਦੁਆਲੇ ਬੇਇਨਸਾਫ਼ੀ ਦੇਖਦੇ ਹਨ, ਤਾਂ ਉਹ ਅਕਸਰ ਰਾਜਨੀਤਿਕ ਮਾਮਲਿਆਂ ਵਿਚ ਹੋਰ ਵੀ ਜ਼ਿਆਦਾ ਹਿੱਸਾ ਲੈਣ ਲੱਗ ਪੈਂਦੇ ਹਨ। ਯਿਸੂ ਦੇ ਦਿਨਾਂ ਵਿਚ ਟੈਕਸ ਦੇਣ ਦੇ ਮਾਮਲੇ ਕਰਕੇ ਬਹੁਤ ਸਾਰੇ ਲੋਕ ਰਾਜਨੀਤਿਕ ਪਾਰਟੀਆਂ ਦਾ ਸਾਥ ਦਿੰਦੇ ਸਨ। ਦਰਅਸਲ, ਯਹੂਦਾ ਗਲੀਲੀ ਨੇ ਰੋਮ ਦੇ ਖ਼ਿਲਾਫ਼ ਇਸੇ ਲਈ ਬਗਾਵਤ ਕੀਤੀ ਕਿਉਂਕਿ ਰੋਮੀਆਂ ਨੇ ਹਰ ਇਕ ਤੋਂ ਟੈਕਸ ਵਸੂਲਣ ਲਈ ਉਨ੍ਹਾਂ ਦੇ ਨਾਂ ਦਰਜ ਕਰਨੇ ਸ਼ੁਰੂ ਕਰ ਦਿੱਤੇ। ਲੋਕਾਂ ਨੂੰ ਬਹੁਤ ਸਾਰੇ ਟੈਕਸ ਦੇਣੇ ਪੈਂਦੇ ਸਨ, ਜਿਵੇਂ ਕਿ ਚੀਜ਼ਾਂ, ਜ਼ਮੀਨ-ਜਾਇਦਾਦ ਅਤੇ ਘਰਾਂ ਦੇ ਟੈਕਸ। ਇਸ ਤੋਂ ਇਲਾਵਾ, ਟੈਕਸ ਵਸੂਲਣ ਵਾਲੇ ਵੀ ਬਹੁਤ ਜ਼ਿਆਦਾ ਭ੍ਰਿਸ਼ਟ ਸਨ ਜਿਨ੍ਹਾਂ ਕਰਕੇ ਹਾਲਾਤ ਹੋਰ ਵੀ ਵਿਗੜ ਗਏ ਸਨ। ਉਹ ਕਈ ਵਾਰ ਵੱਡੀ ਪਦਵੀ ਲੈਣ ਲਈ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦਿੰਦੇ ਸਨ ਅਤੇ ਫਿਰ ਆਪਣੀ ਤਾਕਤ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਲੋਕਾਂ ਕੋਲੋਂ ਪੈਸੇ ਬਟੋਰਦੇ ਸਨ। ਯਰੀਹੋ ਵਿਚ ਟੈਕਸ ਵਸੂਲਣ ਵਾਲਿਆਂ ਦਾ ਮੁਖੀ ਜ਼ੱਕੀ ਲੋਕਾਂ ਕੋਲੋਂ ਪੈਸੇ ਬਟੋਰ-ਬਟੋਰ ਕੇ ਬਹੁਤ ਅਮੀਰ ਬਣ ਗਿਆ ਸੀ।—ਲੂਕਾ 19:2, 8.
9, 10. (ੳ) ਯਿਸੂ ਦੇ ਦੁਸ਼ਮਣਾਂ ਨੇ ਉਸ ਨੂੰ ਰਾਜਨੀਤਿਕ ਮਾਮਲਿਆਂ ਵਿਚ ਫਸਾਉਣ ਦੀ ਕੋਸ਼ਿਸ਼ ਕਿਵੇਂ ਕੀਤੀ? (ਅ) ਅਸੀਂ ਯਿਸੂ ਦੇ ਜਵਾਬ ਤੋਂ ਕੀ ਸਿੱਖਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
9 ਯਿਸੂ ਦੇ ਦੁਸ਼ਮਣ ਉਸ ਨੂੰ ਫਸਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਟੈਕਸ ਦੇਣ ਦੇ ਮਾਮਲੇ ਬਾਰੇ ਉਸ ਤੋਂ ਕੁਝ ਸਵਾਲ ਪੁੱਛੇ। ਉਨ੍ਹਾਂ ਨੇ ਉਸ ਨੂੰ ਰੋਮ ਦੇ ਸਮਰਾਟ ਨੂੰ ਦਿੱਤੇ ਜਾਂਦੇ ਇਕ ਦੀਨਾਰ ਦੇ ਟੈਕਸ ਬਾਰੇ ਪੁੱਛਿਆ ਜੋ ਸਾਰੇ ਯਹੂਦੀਆਂ ਲਈ ਦੇਣਾ ਲਾਜ਼ਮੀ ਸੀ। (ਮੱਤੀ 22:16-18 ਪੜ੍ਹੋ।) ਯਹੂਦੀਆਂ ਨੂੰ ਇਹ ਟੈਕਸ ਦੇਣ ਤੋਂ ਸਖ਼ਤ ਨਫ਼ਰਤ ਸੀ ਕਿਉਂਕਿ ਇਸ ਤੋਂ ਉਨ੍ਹਾਂ ਨੂੰ ਯਾਦ ਆਉਂਦਾ ਸੀ ਕਿ ਉਹ ਰੋਮ ਦੇ ਅਧੀਨ ਸਨ। ਹੇਰੋਦੇਸ ਦੇ ਪੈਰੋਕਾਰ ‘ਹੇਰੋਦੀ’ ਇਸ ਤਾਂਘ ਵਿਚ ਸਨ ਕਿ ਯਿਸੂ ਟੈਕਸ ਦੇਣ ਤੋਂ ਇਨਕਾਰ ਕਰੇ ਅਤੇ ਉਹ ਉਸ ਉੱਤੇ ਰੋਮ ਦਾ ਗੱਦਾਰ ਹੋਣ ਦਾ ਦੋਸ਼ ਮੜ੍ਹਨ। ਪਰ ਜੇ ਯਿਸੂ ਕਹੇਗਾ ਕਿ ਉਨ੍ਹਾਂ ਨੂੰ ਟੈਕਸ ਦੇਣਾ ਚਾਹੀਦਾ ਹੈ, ਤਾਂ ਲੋਕ ਉਸ ਦੇ ਪਿੱਛੇ ਚੱਲਣੋਂ ਹਟ ਜਾਣਗੇ। ਸੋ ਯਿਸੂ ਨੇ ਕੀ ਕੀਤਾ?
10 ਯਿਸੂ ਇਸ ਮਾਮਲੇ ਵਿਚ ਨਿਰਪੱਖ ਰਿਹਾ। ਉਸ ਨੇ ਕਿਹਾ: “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ ਦਿਓ, ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਯਿਸੂ ਜਾਣਦਾ ਸੀ ਕਿ ਬਹੁਤ ਸਾਰੇ ਟੈਕਸ ਵਸੂਲਣ ਵਾਲੇ ਭ੍ਰਿਸ਼ਟ ਸਨ, ਪਰ ਉਸ ਨੇ ਲੋਕਾਂ ਦਾ ਧਿਆਨ ਇਸ ਗੱਲ ਵੱਲ ਨਹੀਂ ਖਿੱਚਿਆ। ਇਸ ਦੀ ਬਜਾਇ, ਉਸ ਨੇ ਲੋਕਾਂ ਦਾ ਧਿਆਨ ਇਨਸਾਨਾਂ ਦੀਆਂ ਮੁਸ਼ਕਲਾਂ ਦੇ ਇੱਕੋ-ਇਕ ਹੱਲ ਯਾਨੀ ਪਰਮੇਸ਼ੁਰ ਦੇ ਰਾਜ ਵੱਲ ਖਿੱਚਿਆ। ਯਿਸੂ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ। ਸਾਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਪੱਖ ਨਹੀਂ ਲੈਣਾ ਚਾਹੀਦਾ, ਭਾਵੇਂ ਕਿ ਕੁਝ ਰਾਜਨੀਤਿਕ ਪਾਰਟੀਆਂ ਸਹੀ ਹੀ ਕਿਉਂ ਨਾ ਲੱਗਣ। ਮਸੀਹੀ ਪਰਮੇਸ਼ੁਰ ਦੇ ਰਾਜ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮਾਂ ਨੂੰ ਪਹਿਲ ਦਿੰਦੇ ਹਨ। ਇਸ ਲਈ ਅਸੀਂ ਕਿਸੇ ਵੀ ਰਾਜਨੀਤਿਕ ਪਾਰਟੀ ਜਾਂ ਉਨ੍ਹਾਂ ਵੱਲੋਂ ਕੀਤੀ ਜਾਂਦੀ ਬੇਇਨਸਾਫ਼ੀ ਬਾਰੇ ਕੱਟੜ ਵਿਚਾਰ ਨਹੀਂ ਰੱਖਦੇ।—ਮੱਤੀ 6:33.
11. ਬੇਇਨਸਾਫ਼ੀ ਵਿਰੁੱਧ ਲੜਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
11 ਬਹੁਤ ਸਾਰੇ ਯਹੋਵਾਹ ਦੇ ਗਵਾਹਾਂ ਨੇ ਕੱਟੜ ਰਾਜਨੀਤਿਕ ਵਿਚਾਰਾਂ ਦੀ ਜੜ੍ਹ ਨੂੰ ਆਪਣੇ ਦਿਲ ਵਿੱਚੋਂ ਪੁੱਟ ਸੁੱਟਿਆ ਹੈ। ਮਿਸਾਲ ਲਈ, ਗ੍ਰੇਟ ਬ੍ਰਿਟੇਨ ਵਿਚ ਰਹਿਣ ਵਾਲੀ ਇਕ ਭੈਣ ਯੂਨੀਵਰਸਿਟੀ ਵਿਚ ਸਮਾਜਕ ਸਿੱਖਿਆ ਦੀ ਪੜ੍ਹਾਈ ਕਰਦੀ ਸੀ ਜਿਸ ਕਰਕੇ ਉਸ ਨੇ ਕੱਟੜ ਰਾਜਨੀਤਿਕ ਵਿਚਾਰ ਅਪਣਾ ਲਏ ਸਨ। ਉਹ ਕਹਿੰਦੀ ਹੈ: “ਮੈਂ ਕਾਲੇ ਲੋਕਾਂ ਦੇ ਹੱਕਾਂ ਲਈ ਲੜਨਾ ਚਾਹੁੰਦੀ ਸੀ ਕਿਉਂਕਿ ਸਾਡੇ ਲੋਕਾਂ ਨੂੰ ਬਹੁਤ ਬੇਇਨਸਾਫ਼ੀ ਝੱਲਣੀ ਪਈ ਸੀ। ਭਾਵੇਂ ਮੈਂ ਬਹਿਸਬਾਜ਼ੀ ਵਿਚ ਹਮੇਸ਼ਾ ਜਿੱਤਦੀ ਸੀ, ਪਰ ਮੇਰੇ ਹੱਥ ਨਿਰਾਸ਼ਾ ਹੀ ਲੱਗਦੀ ਸੀ। ਮੈਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਕੌਮੀ ਪੱਖਪਾਤ ਦੀਆਂ ਜੜ੍ਹਾਂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਪੁੱਟਿਆ ਜਾਣਾ ਚਾਹੀਦਾ ਸੀ। ਜਦੋਂ ਮੈਂ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕੀਤਾ, ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਪਹਿਲਾਂ ਆਪਣੇ ਦਿਲ ਵਿੱਚੋਂ ਇਸ ਦੀ ਜੜ੍ਹ ਪੁੱਟਣੀ ਚਾਹੀਦੀ ਹੈ।” ਇਕ ਗੋਰੀ ਭੈਣ ਨੇ ਉਸ ਦੀ ਸੋਚ ਸੁਧਾਰਨ ਵਿਚ ਮਦਦ ਕੀਤੀ! ਉਹ ਅੱਗੇ ਕਹਿੰਦੀ ਹੈ: “ਮੈਂ ਹੁਣ ਸੈਨਤ ਭਾਸ਼ਾ ਦੀ ਮੰਡਲੀ ਵਿਚ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰ ਰਹੀ ਹਾਂ ਅਤੇ ਹਰ ਤਰ੍ਹਾਂ ਦੇ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹਾਂ।”
“ਆਪਣੀ ਤਲਵਾਰ ਮਿਆਨ ਵਿਚ ਪਾ”
12. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜੇ “ਖ਼ਮੀਰ” ਤੋਂ ਬਚ ਕੇ ਰਹਿਣ ਲਈ ਕਿਹਾ?
12 ਯਿਸੂ ਦੇ ਦਿਨਾਂ ਵਿਚ ਧਾਰਮਿਕ ਆਗੂ ਅਕਸਰ ਰਾਜਨੀਤਿਕ ਪਾਰਟੀਆਂ ਦਾ ਸਾਥ ਦਿੰਦੇ ਸਨ। ਮਿਸਾਲ ਲਈ, ਇਕ ਕਿਤਾਬ (ਡੇਲੀ ਲਾਈਫ਼ ਇਨ ਫਲਸਤੀਨ ਐਟ ਦ ਟਾਈਮ ਆਫ਼ ਕ੍ਰਾਈਸਟ) ਦੱਸਦੀ ਹੈ ਕਿ ਜਿੱਦਾਂ ਲੋਕ ਰਾਜਨੀਤਿਕ ਪਾਰਟੀਆਂ ਵਿਚ ਵੰਡੇ ਹੋਏ ਸਨ ਉੱਦਾਂ ਹੀ ਲੋਕ ਧਰਮਾਂ ਵਿਚ ਵੀ ਵੰਡੇ ਹੋਏ ਸਨ। ਇਸ ਲਈ ਯਿਸੂ ਨੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਖ਼ਬਰਦਾਰ ਰਹੋ! ਫ਼ਰੀਸੀਆਂ ਦੇ ਖਮੀਰ ਤੋਂ ਅਤੇ ਹੇਰੋਦੇਸ ਦੇ ਖਮੀਰ ਤੋਂ ਬਚ ਕੇ ਰਹੋ।” (ਮਰ. 8:15) ਹੇਰੋਦੇਸ ਦਾ ਜ਼ਿਕਰ ਕਰਦਿਆਂ ਯਿਸੂ ਸ਼ਾਇਦ ਹੇਰੋਦੀਆਂ ਬਾਰੇ ਗੱਲ ਕਰ ਰਿਹਾ ਸੀ। ਫ਼ਰੀਸੀ ਚਾਹੁੰਦੇ ਸਨ ਕਿ ਯਹੂਦੀਆਂ ਨੂੰ ਰੋਮੀ ਸਾਮਰਾਜ ਤੋਂ ਆਜ਼ਾਦੀ ਮਿਲ ਜਾਵੇ। ਮੱਤੀ ਦੀ ਕਿਤਾਬ ਵਿਚ ਲਿਖਿਆ ਹੈ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਸਦੂਕੀਆਂ ਵਿਰੁੱਧ ਵੀ ਚੇਤਾਵਨੀ ਦਿੱਤੀ ਸੀ। ਸਦੂਕੀ ਚਾਹੁੰਦੇ ਸਨ ਕਿ ਰੋਮ ਯਹੂਦੀਆਂ ʼਤੇ ਰਾਜ ਕਰਦਾ ਰਹੇ ਤਾਂਕਿ ਸਦੂਕੀਆਂ ਦੀਆਂ ਉੱਚੀਆਂ ਪਦਵੀਆਂ ਬਣੀਆਂ ਰਹਿਣ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਕਿ ਉਹ “ਖ਼ਮੀਰ” ਯਾਨੀ ਇਨ੍ਹਾਂ ਤਿੰਨਾਂ ਦੀਆਂ ਸਿੱਖਿਆਵਾਂ ਤੋਂ ਬਚ ਕੇ ਰਹਿਣ। (ਮੱਤੀ 16:6, 12) ਇਹ ਬਹੁਤ ਦਿਲਚਸਪ ਗੱਲ ਹੈ ਕਿ ਯਿਸੂ ਨੇ ਇਹ ਚੇਤਾਵਨੀ ਉਨ੍ਹਾਂ ਨੂੰ ਉਸ ਘਟਨਾ ਤੋਂ ਜਲਦੀ ਬਾਅਦ ਦਿੱਤੀ ਜਦੋਂ ਲੋਕ ਉਸ ਨੂੰ ਰਾਜਾ ਬਣਾਉਣਾ ਚਾਹੁੰਦੇ ਸਨ।
13, 14. (ੳ) ਧਰਮ ਅਤੇ ਰਾਜਨੀਤੀ ਵਿਚ ਗੱਠਜੋੜ ਹੋਣ ʼਤੇ ਅਕਸਰ ਕਿਹੜੇ ਨਤੀਜੇ ਨਿਕਲਦੇ ਹਨ? (ਅ) ਬੇਇਨਸਾਫ਼ੀ ਹੋਣ ʼਤੇ ਸਾਨੂੰ ਹਿੰਸਾ ਉੱਤੇ ਕਿਉਂ ਨਹੀਂ ਉੱਤਰ ਆਉਣਾ ਚਾਹੀਦਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
13 ਧਰਮ ਅਤੇ ਰਾਜਨੀਤੀ ਵਿਚ ਗੱਠਜੋੜ ਹੋਣ ʼਤੇ ਅਕਸਰ ਖ਼ੂਨ ਦੀਆਂ ਨਦੀਆਂ ਵਹਿੰਦੀਆਂ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਪੂਰੀ ਤਰ੍ਹਾਂ ਨਿਰਪੱਖ ਰਹਿਣ ਬਾਰੇ ਸਿਖਾਇਆ। ਇਹ ਇਕ ਕਾਰਨ ਸੀ ਜਿਸ ਕਰਕੇ ਮੁੱਖ ਪੁਜਾਰੀ ਅਤੇ ਫ਼ਰੀਸੀ ਯਿਸੂ ਨੂੰ ਜਾਨੋਂ ਮਾਰਨਾ ਚਾਹੁੰਦੇ ਸਨ। ਉਨ੍ਹਾਂ ਨੂੰ ਇਹ ਡਰ ਸੀ ਕਿ ਯਿਸੂ ਦੀ ਗੱਲ ਸੁਣ ਕੇ ਲੋਕ ਸ਼ਾਇਦ ਉਨ੍ਹਾਂ ਦੇ ਪਿੱਛੇ ਚੱਲਣੋਂ ਹਟ ਜਾਣ। ਜੇ ਇਸ ਤਰ੍ਹਾਂ ਹੁੰਦਾ, ਤਾਂ ਉਨ੍ਹਾਂ ਨੇ ਧਾਰਮਿਕ ਅਤੇ ਰਾਜਨੀਤਿਕ ਤਾਕਤ ਤੋਂ ਹੱਥ ਧੋ ਬੈਠਣੇ ਸਨ। ਉਨ੍ਹਾਂ ਨੇ ਕਿਹਾ: “ਜੇ ਅਸੀਂ ਇਸ ਨੂੰ ਨਾ ਰੋਕਿਆ, ਤਾਂ ਸਾਰੇ ਇਸ ਉੱਤੇ ਨਿਹਚਾ ਕਰਨ ਲੱਗ ਪੈਣਗੇ ਅਤੇ ਰੋਮੀ ਆ ਕੇ ਸਾਡੇ ਮੰਦਰ ਅਤੇ ਸਾਡੀ ਕੌਮ ਉੱਤੇ ਕਬਜ਼ਾ ਕਰ ਲੈਣਗੇ।” (ਯੂਹੰ. 11:48) ਇਸ ਲਈ ਮਹਾਂ ਪੁਜਾਰੀ ਕਾਇਫ਼ਾ ਨੇ ਯਿਸੂ ਨੂੰ ਮਾਰਨ ਦੀ ਸਾਜ਼ਸ਼ ਘੜੀ।—ਯੂਹੰ. 11:49-53; 18:14.
14 ਹਨੇਰਾ ਹੋਣ ਤਕ ਕਾਇਫ਼ਾ ਨੇ ਇੰਤਜ਼ਾਰ ਕੀਤਾ ਅਤੇ ਫਿਰ ਉਸ ਨੇ ਯਿਸੂ ਨੂੰ ਗਿਰਫ਼ਤਾਰ ਕਰਨ ਲਈ ਫ਼ੌਜੀਆਂ ਨੂੰ ਭੇਜਿਆ। ਪਰ ਯਿਸੂ ਉਨ੍ਹਾਂ ਦੀ ਸਾਜ਼ਸ਼ ਜਾਣਦਾ ਸੀ। ਆਪਣੇ ਚੇਲਿਆਂ ਨਾਲ ਆਖ਼ਰੀ ਵਾਰ ਖਾਣਾ ਖਾਣ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਕੁਝ ਤਲਵਾਰਾਂ ਲਿਆਉਣ ਲਈ ਕਿਹਾ। ਉਨ੍ਹਾਂ ਨੂੰ ਅਹਿਮ ਸਬਕ ਸਿਖਾਉਣ ਲਈ ਦੋ ਤਲਵਾਰਾਂ ਕਾਫ਼ੀ ਸਨ। (ਲੂਕਾ 22:36-38) ਉਸ ਰਾਤ ਇਕ ਭੀੜ ਯਿਸੂ ਨੂੰ ਗਿਰਫ਼ਤਾਰ ਕਰਨ ਆ ਗਈ। ਇਹ ਬੇਇਨਸਾਫ਼ੀ ਦੇਖ ਕੇ ਪਤਰਸ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਸ ਨੇ ਤਲਵਾਰ ਕੱਢ ਕੇ ਇਕ ਆਦਮੀ ʼਤੇ ਵਾਰ ਕਰ ਦਿੱਤਾ। (ਯੂਹੰ. 18:10) ਪਰ ਯਿਸੂ ਨੇ ਪਤਰਸ ਨੂੰ ਕਿਹਾ: “ਆਪਣੀ ਤਲਵਾਰ ਮਿਆਨ ਵਿਚ ਪਾ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ, ਉਹ ਤਲਵਾਰ ਨਾਲ ਹੀ ਵੱਢੇ ਜਾਣਗੇ।” (ਮੱਤੀ 26:52, 53) ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਅਹਿਮ ਸਬਕ ਸਿਖਾਇਆ? ਉਸ ਨੇ ਸਿਖਾਇਆ ਕਿ ਉਨ੍ਹਾਂ ਨੂੰ ਦੁਨੀਆਂ ਵਰਗੇ ਨਹੀਂ ਬਣਨਾ ਚਾਹੀਦਾ। ਯਿਸੂ ਨੇ ਕੁਝ ਘੰਟੇ ਪਹਿਲਾਂ ਇਸ ਬਾਰੇ ਹੀ ਪ੍ਰਾਰਥਨਾ ਕੀਤੀ ਸੀ। (ਯੂਹੰਨਾ 17:16 ਪੜ੍ਹੋ।) ਸਿਰਫ਼ ਪਰਮੇਸ਼ੁਰ ਕੋਲ ਹੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦਾ ਹੱਕ ਹੈ।
15, 16. (ੳ) ਪਰਮੇਸ਼ੁਰ ਦੇ ਬਚਨ ਨੇ ਮਸੀਹੀਆਂ ਨੂੰ ਸ਼ਾਂਤੀ-ਪਸੰਦ ਲੋਕ ਬਣਨ ਵਿਚ ਕਿਵੇਂ ਮਦਦ ਕੀਤੀ? (ਅ) ਦੁਨੀਆਂ ਅਤੇ ਮਸੀਹੀਆਂ ਵਿਚ ਯਹੋਵਾਹ ਨੂੰ ਕਿਹੜਾ ਫ਼ਰਕ ਨਜ਼ਰ ਆਉਂਦਾ ਹੈ?
15 ਦੱਖਣੀ ਯੂਰਪ ਵਿਚ ਰਹਿਣ ਵਾਲੀ ਭੈਣ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਉਸ ਨੇ ਇਹੀ ਸਬਕ ਸਿੱਖਿਆ। ਉਹ ਕਹਿੰਦੀ ਹੈ: “ਮੈਂ ਦੇਖਿਆ ਕਿ ਹਿੰਸਾ ਕਰਨ ਨਾਲ ਕਦੀ ਵੀ ਇਨਸਾਫ਼ ਨਹੀਂ ਮਿਲਦਾ। ਜਿਹੜੇ ਵੀ ਹਿੰਸਾ ਦਾ ਸਹਾਰਾ ਲੈਂਦੇ ਹਨ, ਉਨ੍ਹਾਂ ਨੂੰ ਅਕਸਰ ਮੌਤ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਨਾਲੇ ਬਹੁਤ ਸਾਰੇ ਲੋਕ ਕੁੜੱਤਣ ਨਾਲ ਭਰ ਜਾਂਦੇ ਹਨ। ਮੈਂ ਬਾਈਬਲ ਤੋਂ ਇਹ ਸਿੱਖ ਕੇ ਬਹੁਤ ਖ਼ੁਸ਼ ਹਾਂ ਕਿ ਸਿਰਫ਼ ਪਰਮੇਸ਼ੁਰ ਹੀ ਧਰਤੀ ʼਤੇ ਇਨਸਾਫ਼ ਲਿਆ ਸਕਦਾ ਹੈ। ਪਿਛਲੇ 25 ਸਾਲਾਂ ਤੋਂ ਮੈਂ ਇਸੇ ਸੰਦੇਸ਼ ਦਾ ਪ੍ਰਚਾਰ ਕਰ ਰਹੀ ਹਾਂ।” ਦੱਖਣੀ ਅਫ਼ਰੀਕਾ ਵਿਚ ਰਹਿਣ ਵਾਲੇ ਭਰਾ ਨੇ ਆਪਣੇ ਬਰਛੇ ਦੇ ਬਦਲੇ “ਪਵਿੱਤਰ ਸ਼ਕਤੀ ਦੀ ਤਲਵਾਰ” ਯਾਨੀ ਪਰਮੇਸ਼ੁਰ ਦੇ ਬਚਨ ਨੂੰ ਚੁੱਕਿਆ ਹੈ। (ਅਫ਼. 6:17) ਹੁਣ ਉਹ ਹਰ ਤਰ੍ਹਾਂ ਦੇ ਲੋਕਾਂ ਨੂੰ ਸ਼ਾਂਤੀ ਦਾ ਸੰਦੇਸ਼ ਸੁਣਾਉਂਦਾ ਹੈ ਚਾਹੇ ਉਹ ਕਿਸੇ ਵੀ ਕਬੀਲੇ ਦੇ ਹੋਣ। ਕੇਂਦਰੀ ਯੂਰਪ ਦੀ ਰਹਿਣ ਵਾਲੀ ਭੈਣ ਨੇ ਯਹੋਵਾਹ ਦੀ ਗਵਾਹ ਬਣਨ ਤੋਂ ਬਾਅਦ ਉਸ ਕੌਮ ਦੇ ਭਰਾ ਨਾਲ ਵਿਆਹ ਕਰਵਾਇਆ ਜਿਸ ਕੌਮ ਨੂੰ ਉਹ ਪਹਿਲਾਂ ਨਫ਼ਰਤ ਕਰਦੀ ਸੀ। ਇਹ ਤਿੰਨੇ ਭੈਣ-ਭਰਾ ਇਹ ਤਬਦੀਲੀਆਂ ਇਸ ਲਈ ਕਰ ਪਾਏ ਕਿਉਂਕਿ ਉਹ ਯਿਸੂ ਵਰਗੇ ਬਣਨਾ ਚਾਹੁੰਦੇ ਸਨ।
16 ਸਾਡੇ ਸਾਰਿਆਂ ਲਈ ਇੱਦਾਂ ਦੀਆਂ ਤਬਦੀਲੀਆਂ ਕਰਨੀਆਂ ਬਹੁਤ ਜ਼ਰੂਰੀ ਹਨ। ਬਾਈਬਲ ਕਹਿੰਦੀ ਹੈ ਕਿ ਮਨੁੱਖਜਾਤੀ ਉਛਲਦੇ ਸਮੁੰਦਰ ਵਾਂਗ ਹੈ ਜਿਸ ਨੂੰ ਕਦੇ ਚੈਨ ਨਹੀਂ ਮਿਲਦਾ। (ਯਸਾ. 17:12; 57:20, 21; ਪ੍ਰਕਾ. 13:1) ਰਾਜਨੀਤਿਕ ਮਾਮਲੇ ਲੋਕਾਂ ਨੂੰ ਉਕਸਾਉਂਦੇ ਅਤੇ ਫੁੱਟ ਪਾਉਂਦੇ ਹਨ। ਇਸ ਕਰਕੇ ਉਹ ਹਿੰਸਾ ਕਰਨ ʼਤੇ ਉਤਾਰੂ ਹੋ ਜਾਂਦੇ ਹਨ। ਪਰ ਅਸੀਂ ਸ਼ਾਂਤੀ-ਪਸੰਦ ਅਤੇ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਾਂ। ਫੁੱਟ ਪਈ ਦੁਨੀਆਂ ਵਿਚ ਯਹੋਵਾਹ ਆਪਣੇ ਲੋਕਾਂ ਨੂੰ ਏਕਤਾ ਦੇ ਬੰਧਨ ਵਿਚ ਬੱਝੇ ਵੇਖ ਕੇ ਕਿੰਨਾ ਖ਼ੁਸ਼ ਹੁੰਦਾ ਹੋਣਾ!—ਸਫ਼ਨਯਾਹ 3:17 ਪੜ੍ਹੋ।
17. (ੳ) ਅਸੀਂ ਕਿਨ੍ਹਾਂ ਤਿੰਨ ਤਰੀਕਿਆਂ ਨਾਲ ਆਪਣੀ ਏਕਤਾ ਵਧਾ ਸਕਦੇ ਹਾਂ? (ਅ) ਅਗਲੇ ਲੇਖ ਵਿਚ ਅਸੀਂ ਕਿਹੜੀ ਗੱਲ ʼਤੇ ਚਰਚਾ ਕਰਾਂਗੇ?
17 ਇਸ ਲੇਖ ਵਿਚ ਅਸੀਂ ਦੇਖਿਆ ਕਿ ਅਸੀਂ ਤਿੰਨ ਤਰੀਕਿਆਂ ਨਾਲ ਏਕਤਾ ਵਧਾ ਸਕਦੇ ਹਾਂ: (1) ਸਾਨੂੰ ਪੂਰਾ ਭਰੋਸਾ ਹੈ ਕਿ ਪਰਮੇਸ਼ੁਰ ਦਾ ਰਾਜ ਹਰ ਤਰ੍ਹਾਂ ਦੀ ਬੇਇਨਸਾਫ਼ੀ ਨੂੰ ਖ਼ਤਮ ਕਰੇਗਾ, (2) ਅਸੀਂ ਕਦੀ ਵੀ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲੈਂਦੇ ਅਤੇ (3) ਅਸੀਂ ਹਿੰਸਾ ਨਹੀਂ ਕਰਦੇ। ਪਰ ਪੱਖਪਾਤ ਕਰਕੇ ਸਾਡੀ ਏਕਤਾ ਖ਼ਤਰੇ ਵਿਚ ਪੈ ਸਕਦੀ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਪੱਖਪਾਤ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਾਂ।