ਭਲਾ ਕਰਦੇ ਰਹੋ
‘ਤੁਸੀਂ ਉਨ੍ਹਾਂ ਦਾ ਭਲਾ ਕਰੋ।’—ਲੂਕਾ 6:35.
1, 2. ਸਾਡੇ ਲਈ ਦੂਸਰਿਆਂ ਦਾ ਭਲਾ ਕਰਨਾ ਅਕਸਰ ਮੁਸ਼ਕਲ ਕਿਉਂ ਹੁੰਦਾ ਹੈ?
ਦੂਸਰਿਆਂ ਦਾ ਭਲਾ ਕਰਨਾ ਸਾਨੂੰ ਸ਼ਾਇਦ ਔਖਾ ਲੱਗੇ। ਅਸੀਂ ਜਿਨ੍ਹਾਂ ਲੋਕਾਂ ਨੂੰ ਪਿਆਰ ਕਰਦੇ ਹਾਂ, ਉਹ ਸ਼ਾਇਦ ਸਾਨੂੰ ਪਿਆਰ ਨਾ ਕਰਨ। ਅਸੀਂ ਲੋਕਾਂ ਨੂੰ “ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ” ਸੁਣਾਉਂਦੇ ਹਾਂ, ਪਰ ਉਹ ਸ਼ਾਇਦ ਸਾਡੀ ਗੱਲ ਨਾ ਸੁਣਨ ਤੇ ਨਾ ਹੀ ਕੋਈ ਕਦਰ ਦਿਖਾਉਣ। (1 ਤਿਮੋ. 1:11) ਹੋਰ ਲੋਕ “ਮਸੀਹ ਦੀ ਸਲੀਬ ਦੇ ਵੈਰੀ” ਹਨ। (ਫ਼ਿਲਿ. 3:18) ਮਸੀਹ ਦੇ ਨਕਸ਼ੇ-ਕਦਮਾਂ ʼਤੇ ਚੱਲਦਿਆਂ ਸਾਨੂੰ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
2 ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਤੁਸੀਂ ਆਪਣਿਆਂ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ।” (ਲੂਕਾ 6:35) ਆਓ ਆਪਾਂ ਇਸ ਸਲਾਹ ਉੱਤੇ ਡੂੰਘਾਈ ਨਾਲ ਸੋਚ-ਵਿਚਾਰ ਕਰੀਏ। ਅਸੀਂ ਯਿਸੂ ਦੀਆਂ ਹੋਰਨਾਂ ਗੱਲਾਂ ʼਤੇ ਵੀ ਸੋਚ-ਵਿਚਾਰ ਕਰਾਂਗੇ ਜੋ ਸਾਡੀ ਦੂਸਰਿਆਂ ਦਾ ਭਲਾ ਕਰਨ ਵਿਚ ਮਦਦ ਕਰਨਗੀਆਂ।
“ਆਪਣਿਆਂ ਵੈਰੀਆਂ ਨਾਲ ਪਿਆਰ ਕਰੋ”
3. (ੳ) ਮੱਤੀ 5:43-45 ਵਿਚ ਦਰਜ ਯਿਸੂ ਦੇ ਲਫ਼ਜ਼ਾਂ ਦਾ ਆਪਣੇ ਸ਼ਬਦਾਂ ਵਿਚ ਸਾਰ ਦਿਓ। (ਅ) ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਪ੍ਰਤੀ ਪਹਿਲੀ ਸਦੀ ਦੇ ਯਹੂਦੀ ਧਾਰਮਿਕ ਆਗੂ ਕੀ ਨਜ਼ਰੀਆ ਰੱਖਦੇ ਸਨ?
3 ਯਿਸੂ ਨੇ ਆਪਣੇ ਮਸ਼ਹੂਰ ਪਹਾੜੀ ਉਪਦੇਸ਼ ਵਿਚ ਆਪਣੇ ਸੁਣਨ ਵਾਲਿਆਂ ਨੂੰ ਨਸੀਹਤ ਦਿੱਤੀ ਸੀ ਕਿ ਉਹ ਆਪਣੇ ਵੈਰੀਆਂ ਨਾਲ ਪਿਆਰ ਕਰਨ ਤੇ ਸਤਾਉਣ ਵਾਲਿਆਂ ਲਈ ਦੁਆ ਕਰਨ। (ਮੱਤੀ 5:43-45 ਪੜ੍ਹੋ।) ਉਸ ਮੌਕੇ ʼਤੇ ਯਿਸੂ ਦਾ ਉਪਦੇਸ਼ ਸੁਣਨ ਵਾਲੇ ਸਾਰੇ ਲੋਕ ਯਹੂਦੀ ਸਨ ਤੇ ਉਹ ਪਰਮੇਸ਼ੁਰ ਦੇ ਇਸ ਹੁਕਮ ਤੋਂ ਚੰਗੀ ਤਰ੍ਹਾਂ ਜਾਣੂ ਸਨ: “ਤੂੰ ਬਦਲਾ ਨਾ ਲਵੀਂ, ਨਾ ਆਪਣੇ ਲੋਕਾਂ ਦੇ ਪਰਵਾਰ ਨਾਲ ਵੈਰ ਰੱਖੀਂ, ਪਰ ਤੂੰ ਆਪਣੇ ਗਵਾਂਢੀ ਨਾਲ ਆਪਣੇ ਜੇਹਾ ਪਿਆਰ ਕਰੀਂ।” (ਲੇਵੀ. 19:18) ਪਹਿਲੀ ਸਦੀ ਦੇ ਯਹੂਦੀ ਧਾਰਮਿਕ ਆਗੂ ਮੰਨਦੇ ਸਨ ਕਿ ਇਹ ਸ਼ਬਦ “ਆਪਣੇ ਲੋਕਾਂ ਦੇ ਪਰਵਾਰ” ਤੇ “ਆਪਣੇ ਗਵਾਂਢੀ” ਕੇਵਲ ਯਹੂਦੀਆਂ ਵੱਲ ਹੀ ਸੰਕੇਤ ਕਰਦੇ ਸਨ। ਮੂਸਾ ਦੀ ਬਿਵਸਥਾ ਵਿਚ ਇਸਰਾਏਲੀਆਂ ਨੂੰ ਹੁਕਮ ਦਿੱਤਾ ਗਿਆ ਸੀ ਕਿ ਉਹ ਦੂਸਰੇ ਧਰਮ ਦੇ ਲੋਕਾਂ ਤੋਂ ਵੱਖ ਰਹਿਣ। ਪਰ ਸਮੇਂ ਦੇ ਬੀਤਣ ਨਾਲ ਯਹੂਦੀ ਧਾਰਮਿਕ ਆਗੂ ਮੰਨਣ ਲੱਗੇ ਕਿ ਗ਼ੈਰ-ਯਹੂਦੀਆਂ ਨਾਲ ਨਫ਼ਰਤ ਕੀਤੀ ਜਾਣੀ ਚਾਹੀਦੀ ਸੀ ਕਿਉਂਕਿ ਉਹ ਉਨ੍ਹਾਂ ਦੇ ਵੈਰੀ ਸਨ।
4. ਯਿਸੂ ਦੇ ਚੇਲਿਆਂ ਨੇ ਆਪਣੇ ਦੁਸ਼ਮਣਾਂ ਨਾਲ ਕਿੱਦਾਂ ਪੇਸ਼ ਆਉਣਾ ਸੀ?
4 ਇਸ ਨਜ਼ਰੀਏ ਦੇ ਉਲਟ ਯਿਸੂ ਨੇ ਕਿਹਾ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” (ਮੱਤੀ 5:44) ਹਾਂ, ਉਸ ਦੇ ਚੇਲਿਆਂ ਨੇ ਆਪਣੇ ਵੈਰੀਆਂ ਨਾਲ ਪਿਆਰ ਨਾਲ ਪੇਸ਼ ਆਉਣਾ ਸੀ। ਇੰਜੀਲ ਦੇ ਲਿਖਾਰੀ ਲੂਕਾ ਦੇ ਅਨੁਸਾਰ ਯਿਸੂ ਨੇ ਕਿਹਾ: “ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਭਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ। ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਦੇ ਲਈ ਪ੍ਰਾਰਥਨਾ ਕਰੋ।” (ਲੂਕਾ 6:27, 28) ਯਿਸੂ ਦੇ ਪਹਿਲੀ ਸਦੀ ਦੇ ਚੇਲਿਆਂ ਵਾਂਗ ਅਸੀਂ ‘ਉਨ੍ਹਾਂ ਦਾ ਭਲਾ ਕਰਦੇ ਹਾਂ ਜੋ ਸਾਡੇ ਨਾਲ ਵੈਰ ਰੱਖਦੇ’ ਹਨ। ‘ਜੋ ਸਾਨੂੰ ਸਰਾਪ ਦਿੰਦੇ’ ਹਨ, ਅਸੀਂ ਉਨ੍ਹਾਂ ਨਾਲ ਪਿਆਰ ਨਾਲ ਗੱਲ ਕਰਦੇ ਹਾਂ। ਜੋ ਸਾਡੀ ਬੇਇੱਜ਼ਤੀ ਕਰਦੇ ਹਨ ਜਾਂ ‘ਸਤਾਉਂਦੇ’ ਹਨ ਅਸੀਂ ‘ਉਨ੍ਹਾਂ ਲਈ ਪ੍ਰਾਰਥਨਾ ਕਰਦੇ’ ਹਾਂ। ਅਸੀਂ ਉਨ੍ਹਾਂ ਵਾਸਤੇ ਯਹੋਵਾਹ ਨੂੰ ਦਿਲੋਂ ਦੁਆ ਕਰਦੇ ਹਾਂ ਕਿ ਉਹ ਬਦਲ ਜਾਣ ਅਤੇ ਯਹੋਵਾਹ ਬਾਰੇ ਸਿੱਖ ਕੇ ਉਸ ਦੀ ਮਿਹਰ ਪਾਉਣ।
5, 6. ਸਾਨੂੰ ਆਪਣੇ ਦੁਸ਼ਮਣਾਂ ਨਾਲ ਕਿਉਂ ਪਿਆਰ ਕਰਨਾ ਚਾਹੀਦਾ ਹੈ?
5 ਅਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਿਉਂ ਕਰੀਏ? ਕਿਉਂਕਿ ਯਿਸੂ ਨੇ ਕਿਹਾ ਸੀ: “ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ।” (ਮੱਤੀ 5:45) ਇਸ ਸਲਾਹ ʼਤੇ ਚੱਲਣ ਨਾਲ ਅਸੀਂ ਪਰਮੇਸ਼ੁਰ ਦੇ “ਪੁੱਤ੍ਰ” ਬਣਦੇ ਹਾਂ। ਕਹਿਣ ਦਾ ਮਤਲਬ ਕਿ ਅਸੀਂ ਯਹੋਵਾਹ ਦੀ ਰੀਸ ਕਰਦੇ ਹਾਂ ਜੋ “ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” ਲੂਕਾ ਦੀ ਇੰਜੀਲ ਪਰਮੇਸ਼ੁਰ ਬਾਰੇ ਕਹਿੰਦੀ ਹੈ ਕਿ “ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ।”—ਲੂਕਾ 6:35.
6 ਚੇਲਿਆਂ ਵਾਸਤੇ “ਆਪਣਿਆਂ ਵੈਰੀਆਂ ਨਾਲ ਪਿਆਰ” ਕਰਨ ਦੀ ਜ਼ਰੂਰਤ ʼਤੇ ਜ਼ੋਰ ਦਿੰਦਿਆਂ ਯਿਸੂ ਨੇ ਕਿਹਾ: “ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ? ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ? ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ, ਪਰਾਈ ਕੌਮ ਦੇ ਲੋਕ ਭੀ ਇਹੋ ਨਹੀਂ ਕਰਦੇ?” (ਮੱਤੀ 5:46, 47) ਜੇ ਅਸੀਂ ਸਿਰਫ਼ ਉਨ੍ਹਾਂ ਨਾਲ ਹੀ ਪਿਆਰ ਕਰਦੇ ਹਾਂ ਜੋ ਸਾਨੂੰ ਕਰਦੇ ਹਨ, ਤਾਂ ਇਸ ਨਾਲ ਸਾਨੂੰ ਕੋਈ “ਫਲ” ਯਾਨੀ ਪਰਮੇਸ਼ੁਰ ਦੀ ਮਿਹਰ ਹਾਸਲ ਨਹੀਂ ਹੋਵੇਗੀ। ਬਦਨਾਮ ਮਸੂਲੀਏ ਵੀ ਤਾਂ ਇਹੀ ਕਰਦੇ ਸਨ।—ਲੂਕਾ 5:30; 7:34.
7. ਇਹ ਕੋਈ ਵੱਡੀ ਗੱਲ ਕਿਉਂ ਨਹੀਂ ਜੇ ਅਸੀਂ ਸਿਰਫ਼ ਆਪਣੇ “ਭਾਈਆਂ” ਦੀ ਹੀ ਸੁੱਖ ਮੰਗਦੇ ਹਾਂ?
7 ਯਹੂਦੀ ਇਕ-ਦੂਜੇ ਨੂੰ ਪ੍ਰਣਾਮ ਕਰਦੇ ਵਕਤ “ਸ਼ਾਲੋਮ” ਕਹਿੰਦੇ ਸਨ ਜਿਸ ਦਾ ਮਤਲਬ ਹੈ “ਸ਼ਾਂਤੀ।” (ਨਿਆ. 19:20; ਯੂਹੰ. 20:19) ਇਹ ਕਹਿ ਕੇ ਉਹ ਦੂਜਿਆਂ ਦੀ ਸੁੱਖ ਮੰਗਦੇ ਸਨ। ਜੇ ਅਸੀਂ ਸਿਰਫ਼ ਉਨ੍ਹਾਂ ਦੀ ਹੀ ਸੁੱਖ ਮੰਗਦੇ ਹਾਂ ਜਿਨ੍ਹਾਂ ਨੂੰ ਅਸੀਂ ਆਪਣੇ ‘ਭਾਈ’ ਮੰਨਦੇ ਹਾਂ, ਤਾਂ ਅਸੀਂ ‘ਕੀ ਵੱਧ ਕਰਦੇ ਹਾਂ’? ਯਿਸੂ ਨੇ ਵੀ ਕਿਹਾ ਸੀ, “ਪਰਾਈ ਕੌਮ ਦੇ ਲੋਕ” ਵੀ ਇਹੋ ਕਰਦੇ ਸਨ।
8. ਯਿਸੂ ਆਪਣੇ ਸੁਣਨ ਵਾਲਿਆਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦੇ ਰਿਹਾ ਸੀ ਜਦੋਂ ਉਸ ਨੇ ਕਿਹਾ: ‘ਤੁਸੀਂ ਵੀ ਸੰਪੂਰਣ ਹੋਵੋ’?
8 ਨਾਮੁਕੰਮਲ ਹੋਣ ਕਰਕੇ ਯਿਸੂ ਦੇ ਚੇਲੇ ਗ਼ਲਤੀਆਂ ਕਰਦੇ ਸਨ। (ਰੋਮੀ. 5:12) ਫਿਰ ਵੀ ਯਿਸੂ ਨੇ ਆਪਣੇ ਉਪਦੇਸ਼ ਦੇ ਅੰਤ ਵਿਚ ਉਨ੍ਹਾਂ ਨੂੰ ਕਿਹਾ: “ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” (ਮੱਤੀ 5:48) ਯਿਸੂ ਆਪਣੇ ਸੁਣਨ ਵਾਲਿਆਂ ਨੂੰ ਆਪਣੇ “ਸੁਰਗੀ ਪਿਤਾ” ਦੀ ਰੀਸ ਕਰਨ ਲਈ ਕਹਿ ਰਿਹਾ ਸੀ। ਉਨ੍ਹਾਂ ਨੇ ਯਹੋਵਾਹ ਵਾਂਗ ਆਪਣੇ ਦੁਸ਼ਮਣਾਂ ਨੂੰ ਪਿਆਰ ਕਰ ਕੇ ਆਪਣੇ ਪਿਆਰ ਨੂੰ ਸੰਪੂਰਣ ਕਰਨਾ ਸੀ। ਸਾਨੂੰ ਵੀ ਇੱਦਾਂ ਹੀ ਕਰਨਾ ਚਾਹੀਦਾ ਹੈ।
ਮਾਫ਼ ਕਿਉਂ ਕਰੀਏ?
9. ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਸਾਡੇ ਕਰਜ਼ ਸਾਨੂੰ ਮਾਫ਼ ਕਰ”?
9 ਜਦ ਕੋਈ ਸਾਡੇ ਖ਼ਿਲਾਫ਼ ਪਾਪ ਕਰਦਾ ਹੈ, ਤਾਂ ਅਸੀਂ ਉਸ ਨੂੰ ਮਾਫ਼ ਕਰ ਕੇ ਭਲਾ ਕਰਦੇ ਹਾਂ। ਦਰਅਸਲ ਬਾਈਬਲ ਵਿਚ ਦਰਜ ਯਿਸੂ ਦੀ ਪ੍ਰਾਰਥਨਾ ਵਿਚ ਅਸੀਂ ਇਹ ਸ਼ਬਦ ਪੜ੍ਹਦੇ ਹਾਂ: “ਸਾਡੇ ਕਰਜ਼ ਸਾਨੂੰ ਮਾਫ਼ ਕਰ, ਜਿਵੇਂ ਅਸਾਂ ਵੀ ਆਪਣੇ ਕਰਜਾਈਆਂ ਨੂੰ ਮਾਫ਼ ਕੀਤਾ ਹੈ।” (ਮੱਤੀ 6:12) ਇੱਥੇ ਯਿਸੂ ਪੈਸੇ ਉਧਾਰ ਲੈਣ ਕਰਕੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਨਹੀਂ ਸੀ ਕਰ ਰਿਹਾ। ਲੂਕਾ ਦੀ ਇੰਜੀਲ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ “ਕਰਜ਼” ਸਾਡੇ ਪਾਪ ਹਨ ਕਿਉਂਕਿ ਲਿਖਿਆ ਹੈ: “ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ।”—ਲੂਕਾ 11:4.
10. ਮਾਫ਼ੀ ਦੇਣ ਦੇ ਮਾਮਲੇ ਵਿਚ ਅਸੀਂ ਕਿੱਦਾਂ ਪਰਮੇਸ਼ੁਰ ਦੀ ਰੀਸ ਕਰ ਸਕਦੇ ਹਾਂ?
10 ਸਾਨੂੰ ਪਰਮੇਸ਼ੁਰ ਦੀ ਰੀਸ ਕਰਨ ਦੀ ਲੋੜ ਹੈ ਜੋ ਤੋਬਾ ਕਰਨ ਵਾਲੇ ਪਾਪੀਆਂ ਨੂੰ ਬਿਨਾਂ ਝਿਜਕੇ ਮਾਫ਼ ਕਰ ਦਿੰਦਾ ਹੈ। ਰਸੂਲ ਪੌਲੁਸ ਨੇ ਲਿਖਿਆ: “ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।” (ਅਫ਼. 4:32) ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਗੀਤ ਵਿਚ ਗਾਇਆ: “ਯਹੋਵਾਹ ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ . . . ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ, ਨਾ ਸਾਡੀਆਂ ਬਦੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ . . . ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ! ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ। ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!”—ਜ਼ਬੂ. 103:8-14.
11. ਯਹੋਵਾਹ ਕਿਨ੍ਹਾਂ ਨੂੰ ਮਾਫ਼ ਕਰਦਾ ਹੈ?
11 ਲੋਕਾਂ ਨੂੰ ਪਰਮੇਸ਼ੁਰ ਤੋਂ ਤਾਂ ਹੀ ਮਾਫ਼ੀ ਮਿਲ ਸਕਦੀ ਹੈ ਜੇ ਪਹਿਲਾਂ ਉਹ ਆਪਣੇ ਖ਼ਿਲਾਫ਼ ਪਾਪ ਕਰਨ ਵਾਲਿਆਂ ਨੂੰ ਖਿਮਾ ਕਰਨ। (ਮਰ. 11:25) ਇਸ ਗੱਲ ʼਤੇ ਜ਼ੋਰ ਦਿੰਦਿਆਂ ਯਿਸੂ ਨੇ ਅੱਗੇ ਕਿਹਾ: “ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ। ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ।” (ਮੱਤੀ 6:14, 15) ਹਾਂ, ਯਹੋਵਾਹ ਸਿਰਫ਼ ਉਨ੍ਹਾਂ ਇਨਸਾਨਾਂ ਨੂੰ ਮਾਫ਼ ਕਰਦਾ ਹੈ ਜੋ ਖੁੱਲ੍ਹੇ ਦਿਲ ਨਾਲ ਦੂਸਰਿਆਂ ਨੂੰ ਮਾਫ਼ ਕਰਦੇ ਹਨ। ਪੌਲੁਸ ਨੇ ਵੀ ਸਾਨੂੰ ਇਹ ਨਸੀਹਤ ਦਿੱਤੀ ਹੈ: “ਜਿਵੇਂ ਯਹੋਵਾਹ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ।”—ਕੁਲੁ. 3:13.
“ਦੋਸ਼ ਨਾ ਲਾਓ”
12. ਦੂਜਿਆਂ ਉੱਤੇ ਦੋਸ਼ ਲਾਉਣ ਬਾਰੇ ਯਿਸੂ ਨੇ ਕੀ ਕਿਹਾ ਸੀ?
12 ਪਹਾੜੀ ਉਪਦੇਸ਼ ਵਿਚ ਯਿਸੂ ਨੇ ਭਲਾ ਕਰਨ ਦਾ ਇਕ ਹੋਰ ਤਰੀਕਾ ਦੱਸਿਆ ਸੀ। ਉਸ ਨੇ ਕਿਹਾ ਕਿ ਦੂਜਿਆਂ ਉੱਤੇ ਦੋਸ਼ ਨਾ ਲਾਓ ਯਾਨੀ ਉਨ੍ਹਾਂ ਵਿਚ ਨੁਕਸ ਨਾ ਕੱਢੋ। ਫਿਰ ਇਸ ਗੱਲ ਨੂੰ ਸਮਝਾਉਣ ਲਈ ਉਸ ਨੇ ਇਕ ਜ਼ਬਰਦਸਤ ਦ੍ਰਿਸ਼ਟਾਂਤ ਦਿੱਤਾ। (ਮੱਤੀ 7:1-5 ਪੜ੍ਹੋ।) ਆਓ ਦੇਖੀਏ ਕਿ ਯਿਸੂ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ: “ਦੋਸ਼ ਨਾ ਲਾਓ।”
13. ਯਿਸੂ ਦੀ ਗੱਲ ਸੁਣਨ ਵਾਲਿਆਂ ਨੇ ਕਿਸ ਅਰਥ ਵਿਚ ਹੋਰਨਾਂ ਨੂੰ ‘ਛੱਡ ਦੇਣਾ’ ਸੀ?
13 ਮੱਤੀ ਦੀ ਇੰਜੀਲ ਵਿਚ ਯਿਸੂ ਦੇ ਇਹ ਸ਼ਬਦ ਦਰਜ ਹਨ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ।” (ਮੱਤੀ 7:1) ਲੂਕਾ ਦੇ ਅਨੁਸਾਰ ਯਿਸੂ ਨੇ ਕਿਹਾ: “ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ। ਛੱਡ ਦਿਓ ਤਾਂ ਤੁਸੀਂ ਛੱਡੇ ਜਾਓਗੇ।” (ਲੂਕਾ 6:37) ਪਹਿਲੀ ਸਦੀ ਦੇ ਫ਼ਰੀਸੀ ਆਪਣੇ ਬਣਾਏ ਅਸੂਲਾਂ ਦੇ ਆਧਾਰ ʼਤੇ ਦੂਜਿਆਂ ਵਿਚ ਨੁਕਸ ਕੱਢਦੇ ਹੀ ਰਹਿੰਦੇ ਸਨ। ਯਿਸੂ ਦੀ ਗੱਲ ਸੁਣਨ ਵਾਲਿਆਂ ਵਿੱਚੋਂ ਜੇ ਕੋਈ ਇੱਦਾਂ ਕਰ ਰਿਹਾ ਸੀ, ਤਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਹਟ ਜਾਣਾ ਚਾਹੀਦਾ ਸੀ। ਉਸ ਨੂੰ ਹੋਰਨਾਂ ਨੂੰ ‘ਛੱਡ ਦੇਣਾ ਚਾਹੀਦਾ ਸੀ’ ਮਤਲਬ ਕਿ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਮਾਫ਼ ਕਰ ਦੇਣਾ ਚਾਹੀਦਾ ਸੀ। ਮਾਫ਼ ਕਰਨ ਬਾਰੇ ਪੌਲੁਸ ਨੇ ਵੀ ਵਧੀਆ ਸਲਾਹ ਦਿੱਤੀ।
14. ਮਾਫ਼ੀ ਦੇਣ ਦੁਆਰਾ ਯਿਸੂ ਦੇ ਚੇਲੇ ਲੋਕਾਂ ਵਿਚ ਕੀ ਕਰਨ ਦੀ ਇੱਛਾ ਪੈਦਾ ਕਰ ਸਕਦੇ ਹਨ?
14 ਯਿਸੂ ਦੇ ਚੇਲੇ ਦੂਜਿਆਂ ਨੂੰ ਮਾਫ਼ ਕਰ ਕੇ ਚੰਗੀ ਮਿਸਾਲ ਕਾਇਮ ਕਰ ਸਕਦੇ ਹਨ। ਉਨ੍ਹਾਂ ਦੀ ਮਿਸਾਲ ਦੇਖ ਕੇ ਲੋਕਾਂ ਵਿਚ ਹੋਰਨਾਂ ਨੂੰ ਮਾਫ਼ ਕਰਨ ਦੀ ਇੱਛਾ ਪੈਦਾ ਹੋ ਸਕਦੀ ਹੈ। ਯਿਸੂ ਨੇ ਕਿਹਾ: “ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮਿਣਿਆ ਜਾਵੇਗਾ।” (ਮੱਤੀ 7:2) ਲੋਕੀ ਉਸੇ ਤਰ੍ਹਾਂ ਸਾਡੇ ਨਾਲ ਪੇਸ਼ ਆਉਣਗੇ ਜਿਸ ਤਰ੍ਹਾਂ ਅਸੀਂ ਉਨ੍ਹਾਂ ਨਾਲ ਪੇਸ਼ ਆਵਾਂਗੇ।—ਗਲਾ. 6:7.
15. ਯਿਸੂ ਨੇ ਕਿਵੇਂ ਦਿਖਾਇਆ ਕਿ ਹੱਦੋਂ ਵੱਧ ਨੁਕਤਾਚੀਨੀ ਕਰਨੀ ਗ਼ਲਤ ਹੈ?
15 ਕਿਸੇ ਦੀ ਜ਼ਿਆਦਾ ਨੁਕਤਾਚੀਨੀ ਕਰਨੀ ਕਿੰਨੀ ਗ਼ਲਤ ਹੈ, ਇਸ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਪੁੱਛਿਆ: “ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈਂ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ? ਅਥਵਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ!” (ਮੱਤੀ 7:3, 4) ਦੂਜਿਆਂ ਵਿਚ ਨੁਕਸ ਕੱਢਣ ਵਾਲਾ ਬੰਦਾ ਛੋਟੀਆਂ-ਛੋਟੀਆਂ ਗੱਲਾਂ ਵਿਚ ਆਪਣੇ ਭਰਾ ਦੀ ਨੁਕਤਾਚੀਨੀ ਕਰਦਾ ਹੈ। ਇਸ ਤਰ੍ਹਾਂ ਕਰ ਕੇ ਉਹ ਦਿਖਾਉਂਦਾ ਹੈ ਕਿ ਉਸ ਦੇ ਭਰਾ ਨੂੰ ਸਮਝ ਨਹੀਂ ਹੈ। ਉਸ ਦੇ ਭਰਾ ਦੀ ਅੱਖ ਵਿਚ ਕੱਖ ਹੈ, ਪਰ ਉਸ ਦੀ ਆਪਣੀ ਅੱਖ ਵਿਚ “ਸ਼ਤੀਰ” ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਕਪਟੀ ਹੈ ਤੇ ਉੱਪਰੋਂ ਦੀ ਸਲਾਹ-ਮਸ਼ਵਰਾ ਦੇਣ ਦੀ ਜੁਰਅਤ ਕਰਦਾ ਹੈ।
16. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਫ਼ਰੀਸੀਆਂ ਦੀ ਅੱਖ ਵਿਚ “ਸ਼ਤੀਰ” ਸੀ?
16 ਯਹੂਦੀ ਧਾਰਮਿਕ ਆਗੂ ਲੋਕਾਂ ਦੀ ਨੁਕਤਾਚੀਨੀ ਕਰਨ ਵਿਚ ਸਭ ਤੋਂ ਅੱਗੇ ਸਨ। ਇਕ ਮਿਸਾਲ ʼਤੇ ਗੌਰ ਕਰੋ: ਯਿਸੂ ਨੇ ਜਦ ਇਕ ਅੰਨ੍ਹੇ ਨੂੰ ਸੁਜਾਖਾ ਕੀਤਾ, ਉਹ ਅੰਨ੍ਹਾ ਸਮਝ ਗਿਆ ਸੀ ਕਿ ਯਿਸੂ ਪਰਮੇਸ਼ੁਰ ਦਾ ਘੱਲਿਆ ਮਸੀਹਾ ਸੀ। ਪਰ ਫ਼ਰੀਸੀਆਂ ਨੇ ਉਸ ਨੂੰ ਝਿੜਕਦਿਆਂ ਕਿਹਾ: “ਤੂੰ ਤਾਂ ਨਿਰਾ ਪਾਪਾਂ ਵਿੱਚ ਜੰਮਿਆ ਹੈਂ, ਫੇਰ ਸਾਨੂੰ ਸਿਖਲਾਉਂਦਾ ਹੈਂ?” (ਯੂਹੰ. 9:30-34) ਫ਼ਰੀਸੀ ਆਪਣੇ ਆਪ ਨੂੰ ਜ਼ਿਆਦਾ ਹੀ ਧਰਮੀ ਸਮਝਦੇ ਸਨ ਅਤੇ ਬਾਕੀ ਲੋਕਾਂ ਨੂੰ ਹਮੇਸ਼ਾ ਨੀਵਾਂ ਦਿਖਾਉਂਦੇ ਸਨ। ਉਨ੍ਹਾਂ ਦੀ ਆਪਣੀ ਅੱਖ ਵਿਚ “ਸ਼ਤੀਰ” ਸੀ ਜਿਸ ਕਰਕੇ ਉਨ੍ਹਾਂ ਦੀ ਰੂਹਾਨੀ ਨਜ਼ਰ ਕਮਜ਼ੋਰ ਸੀ। ਇਸ ਕਰਕੇ ਯਿਸੂ ਨੇ ਕਿਹਾ: “ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।” (ਮੱਤੀ 7:5; ਲੂਕਾ 6:42) ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਲਾ ਕਰਨ ਤੇ ਉਨ੍ਹਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣ ਬਾਰੇ ਸੋਚਦੇ ਹਾਂ, ਤਾਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਉਨ੍ਹਾਂ ਦੀ ਨੁਕਤਾਚੀਨੀ ਨਹੀਂ ਕਰਾਂਗੇ। ਇਸ ਦੀ ਬਜਾਇ, ਅਸੀਂ ਮੰਨਾਂਗੇ ਕਿ ਅਸੀਂ ਖ਼ੁਦ ਗ਼ਲਤੀਆਂ ਕਰਦੇ ਹਾਂ ਤੇ ਇਸ ਵਜ੍ਹਾ ਕਰਕੇ ਹੋਰਨਾਂ ਵਿਚ ਨੁਕਸ ਕੱਢਣਾ ਛੱਡ ਦੇਵਾਂਗੇ।
ਹੋਰਨਾਂ ਨਾਲ ਕਿਵੇਂ ਪੇਸ਼ ਆਈਏ
17. ਮੱਤੀ 7:12 ਵਿਚ ਸਾਨੂੰ ਕੀ ਸਲਾਹ ਦਿੱਤੀ ਗਈ ਹੈ?
17 ਪਹਾੜੀ ਉਪਦੇਸ਼ ਵਿਚ ਯਿਸੂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਇਕ ਪਿਆਰੇ ਪਿਤਾ ਦੀ ਤਰ੍ਹਾਂ ਆਪਣੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਸੁਣਦਾ ਹੈ। (ਮੱਤੀ 7:7-12 ਪੜ੍ਹੋ।) ਧਿਆਨ ਦਿਓ ਕਿ ਯਿਸੂ ਨੇ ਹੋਰਨਾਂ ਨਾਲ ਪੇਸ਼ ਆਉਣ ਬਾਰੇ ਕਿਹੜੀ ਅਹਿਮ ਗੱਲ ਕਹੀ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12) ਇਸ ਅਸੂਲ ʼਤੇ ਚੱਲ ਕੇ ਅਸੀਂ ਦਿਖਾਵਾਂਗੇ ਕਿ ਅਸੀਂ ਸੱਚ-ਮੁੱਚ ਯਿਸੂ ਦੇ ਪੈਰੋਕਾਰ ਹਾਂ।
18. “ਤੁਰੇਤ” ਵਿਚ ਕਿਵੇਂ ਦਿਖਾਇਆ ਗਿਆ ਹੈ ਕਿ ਸਾਨੂੰ ਹੋਰਨਾਂ ਨਾਲ ਓਵੇਂ ਪੇਸ਼ ਆਉਣਾ ਚਾਹੀਦਾ ਹੈ ਜਿਵੇਂ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਨਾਲ ਆਉਣ?
18 ਯਿਸੂ ਦੇ ਇਹ ਕਹਿਣ ਮਗਰੋਂ ਕਿ ਸਾਨੂੰ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ ਤਾਂਕਿ ਲੋਕ ਵੀ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਣ, ਉਸ ਨੇ ਅੱਗੇ ਕਿਹਾ: “ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।” ਜੇ ਅਸੀਂ ਯਿਸੂ ਦੇ ਕਹਿਣ ਅਨੁਸਾਰ ਹੋਰਨਾਂ ਨਾਲ ਚੰਗੀ ਤਰ੍ਹਾਂ ਪੇਸ਼ ਆਈਏ, ਤਾਂ “ਤੁਰੇਤ” (ਉਤਪਤ ਤੋਂ ਲੈ ਕੇ ਬਿਵਸਥਾ ਸਾਰ ਦੀਆਂ ਪੋਥੀਆਂ) ਦਾ ਅਸਲੀ ਮਤਲਬ ਸਮਝ ਗਏ ਹਾਂ। ਇਨ੍ਹਾਂ ਪੋਥੀਆਂ ਵਿਚ ਇਕ ਸੰਤਾਨ ਦਾ ਜ਼ਿਕਰ ਆਉਂਦਾ ਹੈ ਜੋ ਹਮੇਸ਼ਾ ਲਈ ਬੁਰਿਆਈ ਨੂੰ ਜੜ੍ਹੋਂ ਪੁੱਟ ਦੇਵੇਗੀ। ਅਤੇ ਇਨ੍ਹਾਂ ਵਿਚ ਪਰਮੇਸ਼ੁਰ ਦੇ ਕਾਨੂੰਨਾਂ ਬਾਰੇ ਵੀ ਦੱਸਿਆ ਹੈ ਜੋ ਯਹੋਵਾਹ ਨੇ ਇਸਰਾਏਲੀਆਂ ਨੂੰ 1513 ਈ. ਪੂ. ਵਿਚ ਦਿੱਤੇ ਸਨ। (ਉਤ. 3:15) ਇਨ੍ਹਾਂ ਕਾਨੂੰਨਾਂ ਵਿਚ ਇਸਰਾਏਲੀਆਂ ਨੂੰ ਖ਼ਾਸਕਰ ਇਹ ਕਿਹਾ ਗਿਆ ਸੀ ਕਿ ਉਹ ਕਿਸੇ ਨਾਲ ਪੱਖਪਾਤ ਅਤੇ ਬੇਇਨਸਾਫ਼ੀ ਨਾ ਕਰਨ, ਬਲਕਿ ਦੁਖੀਆਂ ਤੇ ਓਪਰਿਆਂ ਦਾ ਭਲਾ ਕਰਨ।—ਲੇਵੀ. 19:9, 10, 15, 34.
19. “ਨਬੀਆਂ” ਵਿਚ ਕਿਵੇਂ ਦਿਖਾਇਆ ਗਿਆ ਹੈ ਕਿ ਸਾਨੂੰ ਭਲਾ ਕਰਨਾ ਚਾਹੀਦਾ ਹੈ?
19 ਜਦੋਂ ਯਿਸੂ ਨੇ “ਨਬੀਆਂ” ਦਾ ਜ਼ਿਕਰ ਕੀਤਾ, ਤਾਂ ਉਹ ਉਤਪਤ ਤੋਂ ਲੈ ਕੇ ਮਲਾਕੀ ਤਕ ਦੀਆਂ ਕਿਤਾਬਾਂ ਬਾਰੇ ਗੱਲ ਕਰ ਰਿਹਾ ਸੀ। ਇਨ੍ਹਾਂ ਕਿਤਾਬਾਂ ਵਿਚ ਦਰਜ ਕਈ ਭਵਿੱਖਬਾਣੀਆਂ ਯਿਸੂ ਵਿਚ ਪੂਰੀਆਂ ਹੋਈਆਂ ਸਨ। ਨਾਲੇ ਇਨ੍ਹਾਂ ਕਿਤਾਬਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਦਿੱਤੀ ਜਦ ਉਨ੍ਹਾਂ ਨੇ ਸਹੀ ਕੰਮ ਕੀਤੇ ਸਨ ਤੇ ਜਦ ਉਹ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਏ ਸਨ। ਮਿਸਾਲ ਲਈ, ਯਸਾਯਾਹ ਦੀ ਭਵਿੱਖਬਾਣੀ ਵਿਚ ਇਸਰਾਏਲੀਆਂ ਨੂੰ ਇਹ ਸਲਾਹ ਦਿੱਤੀ ਗਈ ਸੀ: “ਯਹੋਵਾਹ ਇਉਂ ਆਖਦਾ ਹੈ, ਇਨਸਾਫ਼ ਦੀ ਪਾਲਨਾ ਕਰੋ ਅਤੇ ਧਰਮ ਵਰਤੋ . . . ਧੰਨ ਹੈ ਉਹ ਮਨੁੱਖ ਜੋ ਏਹ ਕਰਦਾ ਹੈ, ਅਤੇ ਆਦਮ ਵੰਸ ਜੋ ਏਹ ਨੂੰ ਫੜ ਛੱਡਦਾ ਹੈ . . . ਅਤੇ ਆਪਣਾ ਹੱਥ ਹਰ ਬਦੀ ਦੇ ਕਰਨ ਤੋਂ ਰੋਕਦਾ ਹੈ।” (ਯਸਾ. 56:1, 2) ਹਾਂ, ਯਹੋਵਾਹ ਚਾਹੁੰਦਾ ਹੈ ਕਿ ਉਸ ਦੇ ਲੋਕ ਹਮੇਸ਼ਾ ਭਲਾ ਕਰਦੇ ਰਹਿਣ।
ਹਮੇਸ਼ਾ ਦੂਸਰਿਆਂ ਦਾ ਭਲਾ ਕਰੋ
20, 21. ਪਹਾੜੀ ਉਪਦੇਸ਼ ਦਾ ਲੋਕਾਂ ʼਤੇ ਕੀ ਅਸਰ ਪਿਆ ਅਤੇ ਤੁਹਾਨੂੰ ਇਨ੍ਹਾਂ ਗੱਲਾਂ ʼਤੇ ਕਿਉਂ ਮਨਨ ਕਰਨਾ ਚਾਹੀਦਾ ਹੈ?
20 ਅਸੀਂ ਕੁਝ ਹੀ ਅਹਿਮ ਨੁਕਤਿਆਂ ʼਤੇ ਧਿਆਨ ਦਿੱਤਾ ਹੈ ਜੋ ਯਿਸੂ ਨੇ ਆਪਣੇ ਸ਼ਾਨਦਾਰ ਪਹਾੜੀ ਉਪਦੇਸ਼ ਵਿਚ ਦੱਸੇ ਸਨ। ਯਕੀਨਨ, ਜਿਨ੍ਹਾਂ ਨੇ ਇਹ ਉਪਦੇਸ਼ ਸੁਣਿਆ ਸੀ, ਉਨ੍ਹਾਂ ʼਤੇ ਬਹੁਤ ਡੂੰਘਾ ਪ੍ਰਭਾਵ ਪਿਆ ਹੋਣਾ। ਬਾਈਬਲ ਦੱਸਦੀ ਹੈ: “ਐਉਂ ਹੋਇਆ ਕਿ ਜਾਂ ਯਿਸੂ ਏਹ ਗੱਲਾਂ ਕਰ ਹਟਿਆ ਤਾਂ ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ। ਕਿਉਂ ਜੋ ਉਹ ਉਨ੍ਹਾਂ ਦੇ ਗ੍ਰੰਥੀਆਂ ਵਾਂਙੁ ਨਹੀਂ ਪਰ ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।”—ਮੱਤੀ 7:28, 29.
21 ਇਸ ਗੱਲ ਵਿਚ ਕੋਈ ਸ਼ੰਕਾ ਨਹੀਂ ਕਿ ਯਿਸੂ ਹੀ ਬਾਈਬਲ ਵਿਚ ਦੱਸਿਆ ਗਿਆ “ਅਦਭੁੱਤ ਸਲਾਹਕਾਰ” ਹੈ। ( ਯਸਾ. 9:6, CL) ਪਹਾੜੀ ਉਪਦੇਸ਼ ਯਿਸੂ ਦੇ ਗਿਆਨ ਦੀ ਇਕ ਉੱਤਮ ਮਿਸਾਲ ਹੈ ਜਿਸ ਤੋਂ ਸਾਨੂੰ ਉਸ ਦੇ ਸਵਰਗੀ ਪਿਤਾ ਯਹੋਵਾਹ ਦੇ ਨਜ਼ਰੀਏ ਦਾ ਪਤਾ ਲੱਗਦਾ ਹੈ। ਇਸ ਤੋਂ ਇਲਾਵਾ ਸਾਨੂੰ ਇਸ ਉਪਦੇਸ਼ ਵਿਚ ਸੱਚੀ ਖ਼ੁਸ਼ੀ ਪਾਉਣ, ਵਿਭਚਾਰ ਨਾ ਕਰਨ, ਪਰਮੇਸ਼ੁਰ ਦੇ ਰਸਤੇ ʼਤੇ ਚੱਲਣ ਦੀ ਸਿੱਖਿਆ ਅਤੇ ਚੰਗੇ ਭਵਿੱਖ ਦੀ ਉਮੀਦ ਮਿਲਦੀ ਹੈ, ਨਾਲੇ ਹੋਰ ਬਹੁਤ ਕੁਝ। ਸੋ ਕਿਉਂ ਨਾ ਤੁਸੀਂ ਮੱਤੀ 5 ਤੋਂ 7 ਅਧਿਆਵਾਂ ਨੂੰ ਦੁਬਾਰਾ ਧਿਆਨ ਨਾਲ ਪੜ੍ਹੋ ਅਤੇ ਮਨਨ ਕਰੋ? ਪਹਾੜੀ ਉਪਦੇਸ਼ ਵਿਚ ਪਾਈਆਂ ਜਾਂਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੋ। ਇਸ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਯਹੋਵਾਹ ਨੂੰ ਕਿਵੇਂ ਖ਼ੁਸ਼ ਕਰ ਸਕਦੇ ਹੋ, ਦੂਸਰਿਆਂ ਨਾਲ ਪਿਆਰ ਨਾਲ ਪੇਸ਼ ਆ ਸਕਦੇ ਹੋ ਤੇ ਲਗਾਤਾਰ ਭਲੇ ਕੰਮ ਕਰ ਸਕਦੇ ਹੋ।
ਤੁਸੀਂ ਕੀ ਜਵਾਬ ਦਿਓਗੇ?
• ਸਾਨੂੰ ਆਪਣੇ ਵੈਰੀਆਂ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ?
• ਸਾਨੂੰ ਦੂਜਿਆਂ ਨੂੰ ਮਾਫ਼ ਕਿਉਂ ਕਰਨਾ ਚਾਹੀਦਾ ਹੈ?
• ਯਿਸੂ ਨੇ ਹੋਰਨਾਂ ʼਤੇ ਦੋਸ਼ ਲਾਉਣ ਬਾਰੇ ਕੀ ਕਿਹਾ ਸੀ?
• ਮੱਤੀ 7:12 ਦੇ ਅਨੁਸਾਰ ਸਾਨੂੰ ਦੂਸਰਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
[ਸਫ਼ਾ 10 ਉੱਤੇ ਸੁਰਖੀ]
ਕੀ ਤੁਹਾਨੂੰ ਪਤਾ ਹੈ ਕਿ ਯਿਸੂ ਨੇ ਕਿਉਂ ਕਿਹਾ ਸੀ: “ਦੋਸ਼ ਨਾ ਲਾਓ”?
[ਸਫ਼ਾ 8 ਉੱਤੇ ਤਸਵੀਰ]
ਸਾਨੂੰ ਉਨ੍ਹਾਂ ਲਈ ਕਿਉਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਜੋ ਸਾਨੂੰ ਸਤਾਉਂਦੇ ਹਨ?
[ਸਫ਼ਾ 10 ਉੱਤੇ ਤਸਵੀਰ]
ਕੀ ਤੁਸੀਂ ਹਮੇਸ਼ਾ ਦੂਸਰਿਆਂ ਨਾਲ ਓਵੇਂ ਪੇਸ਼ ਆਉਂਦੇ ਹੋ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਉਹ ਤੁਹਾਡੇ ਨਾਲ ਆਉਣ?