ਪਾਠਕਾਂ ਵੱਲੋਂ ਸਵਾਲ
ਯਿਸੂ ਨੇ ਆਪਣੇ ਸਰੋਤਿਆਂ ਨੂੰ ਕਿਹਾ: “ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” ਪਰ ਅੱਜ ਇਨਸਾਨ ਕਿਵੇਂ “ਸੰਪੂਰਣ” ਹੋ ਸਕਦੇ ਹਨ?—ਮੱਤੀ 5:48.
ਇਸ ਸਵਾਲ ਦਾ ਜਵਾਬ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਬਾਈਬਲ ਵਿਚ “ਸੰਪੂਰਣ” ਅਤੇ “ਸੰਪੂਰਣਤਾਈ” ਸ਼ਬਦਾਂ ਨੂੰ ਕਿਵੇਂ ਵਰਤਿਆ ਗਿਆ ਹੈ। ਜ਼ਰੂਰੀ ਨਹੀਂ ਕਿ ਬਾਈਬਲ ਜਿਸ ਕਿਸੇ ਚੀਜ਼ ਜਾਂ ਗੱਲ ਨੂੰ ਸੰਪੂਰਣ ਕਹਿੰਦੀ ਹੈ, ਉਹ ਪੂਰੀ ਤਰ੍ਹਾਂ ਮੁਕੰਮਲ ਹੋਵੇ। ਪਰ ਯਹੋਵਾਹ ਪੂਰੀ ਤਰ੍ਹਾਂ ਸੰਪੂਰਣ ਹੈ। ਲੋਕ ਜਾਂ ਚੀਜ਼ਾਂ ਸਿਰਫ਼ ਕੁਝ ਹੱਦ ਤਕ ਸੰਪੂਰਣ ਜਾਂ ਮੁਕੰਮਲ ਹੋ ਸਕਦੀਆਂ ਹਨ। ਬਾਈਬਲ ਵਿਚ ਜਿਨ੍ਹਾਂ ਇਬਰਾਨੀ ਅਤੇ ਯੂਨਾਨੀ ਸ਼ਬਦਾਂ ਦਾ ਅਨੁਵਾਦ “ਸੰਪੂਰਣ” ਕੀਤਾ ਗਿਆ ਹੈ, ਉਨ੍ਹਾਂ ਦਾ ਅਕਸਰ ਮਤਲਬ ਹੁੰਦਾ ਹੈ ਕਿ ਕਿਸੇ ਸਰਕਾਰ ਦੁਆਰਾ ਠਹਿਰਾਏ ਮਿਆਰਾਂ ਅਨੁਸਾਰ “ਪੂਰਾ,” “ਪਰਿਪੱਕ” ਜਾਂ “ਨੁਕਸ-ਰਹਿਤ” ਹੋਣਾ।
ਆਦਮ ਅਤੇ ਹੱਵਾਹ ਨੂੰ ਨੈਤਿਕ ਅਤੇ ਸਰੀਰਕ ਪੱਖੋਂ ਮੁਕੰਮਲ ਬਣਾਇਆ ਗਿਆ ਸੀ ਜਿਸ ਕਰਕੇ ਉਨ੍ਹਾਂ ਦਾ ਪਰਮੇਸ਼ੁਰ ਨਾਲ ਰਿਸ਼ਤਾ ਬਹੁਤ ਵਧੀਆ ਸੀ। ਉਹ ਆਪਣੇ ਸਿਰਜਣਹਾਰ ਦੇ ਤੈਅ ਕੀਤੇ ਮਿਆਰ ਅਨੁਸਾਰ ਸੰਪੂਰਣ ਸਨ। ਅਣਆਗਿਆਕਾਰੀ ਕਰਕੇ ਉਹ ਇਸ ਮਿਆਰ ʼਤੇ ਖਰੇ ਨਹੀਂ ਉੱਤਰੇ ਅਤੇ ਇਸ ਕਰਕੇ ਉਨ੍ਹਾਂ ਨੇ ਆਪਣੇ ਲਈ ਅਤੇ ਆਪਣੀ ਔਲਾਦ ਲਈ ਮੁਕੰਮਲ ਜ਼ਿੰਦਗੀ ਗੁਆ ਦਿੱਤੀ। ਇਸ ਤਰ੍ਹਾਂ ਆਦਮ ਨੇ ਮਨੁੱਖਜਾਤੀ ਵਿਚ ਪਾਪ, ਨਾਮੁਕੰਮਲਤਾ ਅਤੇ ਮੌਤ ਫੈਲਾ ਦਿੱਤੀ।—ਰੋਮੀ. 5:12.
ਪਰ ਯਿਸੂ ਨੇ ਪਹਾੜ ਉੱਤੇ ਦਿੱਤੇ ਉਪਦੇਸ਼ ਵਿਚ ਸਪੱਸ਼ਟ ਕੀਤਾ ਸੀ ਕਿ ਨਾਮੁਕੰਮਲ ਇਨਸਾਨ ਵੀ ਕੁਝ ਹੱਦ ਤਕ ਸੰਪੂਰਣ ਹੋ ਸਕਦੇ ਹਨ। ਇਸ ਉਪਦੇਸ਼ ਵਿਚ ਉਸ ਨੇ ਸੰਪੂਰਣ ਪਿਆਰ ਲਈ ਮਿਆਰ ਤੈਅ ਕੀਤੇ। ਇਹ ਉਹ ਪਿਆਰ ਹੈ ਜੋ ਪਰਮੇਸ਼ੁਰ ਨੇ ਮਨੁੱਖਜਾਤੀ ਨੂੰ ਦਿਖਾਇਆ। ਯਿਸੂ ਨੇ ਕਿਹਾ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:44, 45) ਇਸ ਹੱਦ ਤਕ ਪਿਆਰ ਕਰਨ ਦੁਆਰਾ ਯਿਸੂ ਦੇ ਚੇਲੇ ਪਰਮੇਸ਼ੁਰ ਦੀ ਖਰੀ ਮਿਸਾਲ ਉੱਤੇ ਚੱਲ ਰਹੇ ਹੋਣਗੇ।
ਅੱਜ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਦੂਜਿਆਂ ਨਾਲ ਪਿਆਰ ਕਰਨ ਦੇ ਇਸ ਉੱਚੇ ਮਿਆਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਰੇ ਵੱਖੋ-ਵੱਖਰੇ ਪਿਛੋਕੜਾਂ, ਨਸਲਾਂ ਅਤੇ ਧਰਮਾਂ ਦੇ ਲੋਕਾਂ ਦੀ ਮਦਦ ਕਰਨ ਦੇ ਇੱਛੁਕ ਹਨ ਤਾਂਕਿ ਉਹ ਬਾਈਬਲ ਦਾ ਸੱਚਾ ਗਿਆਨ ਹਾਸਲ ਕਰ ਸਕਣ। 236 ਦੇਸ਼ਾਂ ਵਿਚ ਇਸ ਵੇਲੇ ਗਵਾਹ ਦਿਲਚਸਪੀ ਰੱਖਣ ਵਾਲੇ 70 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਵਾ ਰਹੇ ਹਨ।
ਯਿਸੂ ਨੇ ਪੁੱਛਿਆ: “ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ? ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ? ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਭਲਾ, ਪਰਾਈ ਕੌਮ ਦੇ ਲੋਕ ਭੀ ਇਹੋ ਨਹੀਂ ਕਰਦੇ?” (ਮੱਤੀ 5:46, 47) ਸੱਚੇ ਮਸੀਹੀ ਜ਼ਿਆਦਾ ਜਾਂ ਘੱਟ ਪੜ੍ਹੇ-ਲਿਖੇ ਜਾਂ ਕਿਸੇ ਖ਼ਾਸ ਨਸਲ ਦੇ ਲੋਕਾਂ ਨਾਲ ਪੱਖਪਾਤ ਨਹੀਂ ਕਰਦੇ ਅਤੇ ਨਾ ਹੀ ਉਨ੍ਹਾਂ ਨੂੰ ਸਿਰਫ਼ ਪਿਆਰ ਕਰਦੇ ਹਨ ਜੋ ਬਦਲੇ ਵਿਚ ਉਨ੍ਹਾਂ ਨੂੰ ਪਿਆਰ ਕਰਨ। ਇਸ ਦੇ ਉਲਟ, ਉਹ ਗ਼ਰੀਬਾਂ ਅਤੇ ਬੀਮਾਰਾਂ, ਛੋਟਿਆਂ ਅਤੇ ਵੱਡਿਆਂ ਦੀ ਮਦਦ ਕਰਦੇ ਹਨ। ਇਨ੍ਹਾਂ ਤਰੀਕਿਆਂ ਦੁਆਰਾ ਮਸੀਹੀ ਯਹੋਵਾਹ ਦੇ ਪਿਆਰ ਦੀ ਨਕਲ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਕੁਝ ਹੱਦ ਤਕ ਸੰਪੂਰਣ ਹੋ ਸਕਦੇ ਹਨ।
ਕੀ ਅਸੀਂ ਕਦੇ ਉਸ ਮੁਕੰਮਲ ਜ਼ਿੰਦਗੀ ਦਾ ਮਜ਼ਾ ਲੈ ਸਕਾਂਗੇ ਜੋ ਆਦਮ ਨੇ ਗੁਆ ਦਿੱਤੀ ਸੀ? ਜੀ ਹਾਂ, ਯਿਸੂ ਦੀ ਕੁਰਬਾਨੀ ਵਿਚ ਨਿਹਚਾ ਕਰਨ ਦੁਆਰਾ ਆਗਿਆਕਾਰ ਮਨੁੱਖਜਾਤੀ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇਗੀ ਜਦੋਂ ‘ਪਰਮੇਸ਼ੁਰ ਦਾ ਪੁੱਤ੍ਰ ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇਗਾ।’—1 ਯੂਹੰ. 3:8.