ਰਾਜ ਦੀ ਖ਼ੁਸ਼ ਖ਼ਬਰੀ ਇਹ ਕੀ ਹੈ?
ਪਿਛਲੇ ਸਾਲ ਦੁਨੀਆਂ ਭਰ ਦੇ 235 ਦੇਸ਼ਾਂ ਵਿਚ 60,35,564 ਜਵਾਨ ਤੇ ਬਜ਼ੁਰਗ ਲੋਕਾਂ ਨੇ ਦੂਜਿਆਂ ਨਾਲ ਇਸ ਬਾਰੇ ਗੱਲ ਕਰਨ ਵਿਚ 1,17,12,70,425 ਘੰਟੇ ਬਿਤਾਏ। ਉਨ੍ਹਾਂ ਨੇ ਇਸ ਨੂੰ ਸਿਰਫ਼ ਮੂੰਹ-ਜ਼ਬਾਨੀ ਹੀ ਨਹੀਂ ਸਗੋਂ ਇਸ ਨੂੰ ਫੈਲਾਉਣ ਤੇ ਸਮਝਾਉਣ ਲਈ 70 ਕਰੋੜ ਤੋਂ ਵੀ ਜ਼ਿਆਦਾ ਕਿਤਾਬਾਂ ਤੇ ਰਸਾਲੇ ਲੋਕਾਂ ਨੂੰ ਵੰਡੇ। ਇਸ ਦੇ ਪ੍ਰਚਾਰ ਲਈ ਹਜ਼ਾਰਾਂ ਹੀ ਆਡੀਓ ਤੇ ਵਿਡਿਓ ਕੈਸਟਾਂ ਵੀ ਵੰਡੀਆਂ ਗਈਆਂ। ਆਖ਼ਰ ਇਹ ਕਿਹੜੀ ਚੀਜ਼ ਹੈ ਜਿਸ ਵਾਸਤੇ ਐਨਾ ਕੁਝ ਕੀਤਾ ਗਿਆ?
“ਇਹ” ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਹੈ। ਵਾਕਈ, ਮਨੁੱਖੀ ਇਤਿਹਾਸ ਵਿਚ “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ” ਪਹਿਲਾਂ ਕਦੇ ਵੀ ਐਨੇ ਵੱਡੇ ਪੱਧਰ ਤੇ ਨਹੀਂ ਹੋਇਆ ਜਿੰਨਾ ਅਸੀਂ ਅੱਜ ਹੁੰਦਾ ਦੇਖ ਰਹੇ ਹਾਂ।—ਮੱਤੀ 24:14.
ਸੰਸਾਰ ਭਰ ਵਿਚ ਜੋ ਲੋਕ ਪ੍ਰਚਾਰ ਕਰਨ ਤੇ ਸਿੱਖਿਆ ਦੇਣ ਦੇ ਇਸ ਕੰਮ ਨੂੰ ਕਰ ਰਹੇ ਹਨ ਉਹ ਸਾਰੇ ਹੀ ਸਵੈ-ਸੇਵਕ ਹਨ। ਜੇ ਦੁਨਿਆਵੀ ਨਜ਼ਰੀਏ ਤੋਂ ਦੇਖਿਆ ਜਾਵੇ, ਤਾਂ ਇਹ ਲੋਕ ਇਸ ਕੰਮ ਨੂੰ ਕਰਨ ਦੇ ਕਾਬਲ ਨਹੀਂ ਲੱਗਦੇ। ਤਾਂ ਫਿਰ ਇਨ੍ਹਾਂ ਦੀ ਹਿੰਮਤ ਤੇ ਕਾਮਯਾਬੀ ਦਾ ਰਾਜ਼ ਕੀ ਹੈ? ਰਾਜ ਦੀ ਖ਼ੁਸ਼ ਖ਼ਬਰੀ ਦੀ ਤਾਕਤ ਹੀ ਇਸ ਦਾ ਮੁੱਖ ਕਾਰਨ ਹੈ ਕਿਉਂਕਿ ਇਹ ਇਨਸਾਨਾਂ ਨੂੰ ਮਿਲਣ ਵਾਲੀਆਂ ਬਰਕਤਾਂ ਦੀ ਖ਼ਬਰ ਦਿੰਦੀ ਹੈ। ਇਹ ਉਹ ਬਰਕਤਾਂ ਹਨ ਜਿਨ੍ਹਾਂ ਲਈ ਸਾਰੇ ਲੋਕ ਤਰਸਦੇ ਹਨ ਜਿਵੇਂ ਖ਼ੁਸ਼ੀ, ਆਰਥਿਕ ਤੰਗੀਆਂ ਤੋਂ ਆਜ਼ਾਦੀ, ਚੰਗੀ ਸਰਕਾਰ, ਸ਼ਾਂਤੀ ਤੇ ਸੁਰੱਖਿਆ ਅਤੇ ਇਕ ਹੋਰ ਬਰਕਤ ਜਿਸ ਬਾਰੇ ਜ਼ਿਆਦਾਤਰ ਲੋਕ ਸ਼ਾਇਦ ਸੋਚ ਵੀ ਨਹੀਂ ਸਕਦੇ—ਸਦਾ ਦੀ ਜ਼ਿੰਦਗੀ! ਇਹ ਉਨ੍ਹਾਂ ਲੋਕਾਂ ਲਈ ਸੱਚ-ਮੁੱਚ ਇਕ ਖ਼ੁਸ਼ ਖ਼ਬਰੀ ਹੈ ਜੋ ਜ਼ਿੰਦਗੀ ਦੇ ਅਰਥ ਤੇ ਮਕਸਦ ਦੀ ਭਾਲ ਕਰ ਰਹੇ ਹਨ। ਜੀ ਹਾਂ, ਇਹ ਸਾਰੀਆਂ ਬਰਕਤਾਂ ਤੇ ਨਾਲੇ ਕਈ ਹੋਰ ਬਰਕਤਾਂ ਤੁਹਾਡੀਆਂ ਹੋ ਸਕਦੀਆਂ ਹਨ ਜੇ ਤੁਸੀਂ ਰਾਜ ਦੀ ਖ਼ੁਸ਼ ਖ਼ਬਰੀ ਨੂੰ ਸੁਣੋ ਤੇ ਉਸ ਦੇ ਮੁਤਾਬਕ ਚੱਲੋ।
ਰਾਜ ਕੀ ਹੈ?
ਪਰ ਇਹ ਰਾਜ ਕੀ ਹੈ ਜਿਸ ਦਾ ਖ਼ੁਸ਼ ਖ਼ਬਰੀ ਵਜੋਂ ਐਲਾਨ ਕੀਤਾ ਜਾ ਰਿਹਾ ਹੈ? ਇਹ ਉਹੀ ਰਾਜ ਹੈ ਜਿਸ ਬਾਰੇ ਕਰੋੜਾਂ ਲੋਕਾਂ ਨੂੰ ਇਨ੍ਹਾਂ ਜਾਣੇ-ਮਾਣੇ ਸ਼ਬਦਾਂ ਵਿਚ ਪ੍ਰਾਰਥਨਾ ਕਰਨੀ ਸਿਖਾਈ ਗਈ ਹੈ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।”—ਮੱਤੀ 6:9, 10.
ਇਹ ਉਹੀ ਰਾਜ ਹੈ ਜਿਸ ਬਾਰੇ 25 ਸਦੀਆਂ ਤੋਂ ਵੀ ਪਹਿਲਾਂ ਦਾਨੀਏਲ ਨਾਮਕ ਇਕ ਇਬਰਾਨੀ ਨਬੀ ਨੇ ਲਿਖਿਆ ਸੀ: “ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।”—ਦਾਨੀਏਲ 2:44.
ਇਸ ਲਈ, ਇਹ ਖ਼ੁਸ਼ ਖ਼ਬਰੀ ਪਰਮੇਸ਼ੁਰ ਦੇ ਰਾਜ ਜਾਂ ਸਰਕਾਰ ਬਾਰੇ ਹੈ ਜੋ ਧਰਤੀ ਤੇ ਫੈਲੀ ਸਾਰੀ ਬੁਰਾਈ ਖ਼ਤਮ ਕਰੇਗੀ ਤੇ ਫਿਰ ਸਾਰੀ ਧਰਤੀ ਉੱਤੇ ਸ਼ਾਂਤੀ ਨਾਲ ਸ਼ਾਸਨ ਕਰੇਗੀ। ਇਹ ਸਰਕਾਰ ਮਨੁੱਖਜਾਤੀ ਅਤੇ ਧਰਤੀ ਲਈ ਪਰਮੇਸ਼ੁਰ ਦੇ ਮੁਢਲੇ ਮਕਸਦ ਨੂੰ ਹਕੀਕਤ ਵਿਚ ਬਦਲ ਦੇਵੇਗੀ।—ਉਤਪਤ 1:28.
“ਸੁਰਗ ਦਾ ਰਾਜ ਨੇੜੇ ਆਇਆ ਹੈ”
ਤਕਰੀਬਨ 2,000 ਸਾਲ ਪਹਿਲਾਂ, ਇਕ ਅਜਿਹੇ ਧਰਮੀ ਆਦਮੀ ਨੇ ਪਹਿਲੀ ਵਾਰੀ ਲੋਕਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ ਸੀ ਜਿਸ ਦਾ ਪਹਿਰਾਵਾ ਤੇ ਸ਼ਖ਼ਸੀਅਤ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਸਨ। ਉਹ ਆਦਮੀ ਸੀ ਯਹੂਦੀ ਜਾਜਕ ਜ਼ਕਰਯਾਹ ਤੇ ਉਸ ਦੀ ਪਤਨੀ ਇਲੀਸਬਤ ਦਾ ਪੁੱਤਰ ਯੂਹੰਨਾ ਬਪਤਿਸਮਾ ਦੇਣ ਵਾਲਾ। ਏਲੀਯਾਹ ਨਬੀ ਵਾਂਗ ਯੂਹੰਨਾ ਵੀ ਊਠ ਦੇ ਵਾਲਾਂ ਤੋਂ ਬਣੇ ਕੱਪੜੇ ਪਾਉਂਦਾ ਸੀ ਤੇ ਆਪਣੇ ਲੱਕ ਦੁਆਲੇ ਚਮੜੇ ਦੀ ਪੇਟੀ ਬੰਨ੍ਹਦਾ ਸੀ। ਏਲੀਯਾਹ ਦਾ ਕੰਮ ਯੂਹੰਨਾ ਦੇ ਕੰਮ ਦੀ ਪੂਰਵ-ਝਲਕ ਸੀ। ਪਰ ਇਹ ਯੂਹੰਨਾ ਦਾ ਸੁਨੇਹਾ ਹੀ ਸੀ ਜਿਸ ਨੇ ਬਹੁਤ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਸ ਨੇ ਐਲਾਨ ਕੀਤਾ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।”—ਮੱਤੀ 3:1-6.
ਯੂਹੰਨਾ ਦੇ ਸੁਨੇਹੇ ਨੂੰ ਸੁਣਨ ਵਾਲੇ ਯਹੂਦੀ ਲੋਕ ਦਾਅਵਾ ਕਰਦੇ ਸਨ ਕਿ ਉਹ ਸੱਚੇ ਪਰਮੇਸ਼ੁਰ ਯਹੋਵਾਹ ਨੂੰ ਮੰਨਦੇ ਹਨ ਕਿਉਂਕਿ ਕੁਝ 1,500 ਸਾਲ ਪਹਿਲਾਂ, ਪੂਰੀ ਯਹੂਦੀ ਕੌਮ ਨੂੰ ਮੂਸਾ ਰਾਹੀਂ ਬਿਵਸਥਾ ਨੇਮ ਦਿੱਤਾ ਗਿਆ ਸੀ। ਯਰੂਸ਼ਲਮ ਵਿਚ ਅਜੇ ਵੀ ਸ਼ਾਨਦਾਰ ਹੈਕਲ ਮੌਜੂਦ ਸੀ ਜਿੱਥੇ ਸ਼ਰਾ ਦੇ ਮੁਤਾਬਕ ਬਲੀਆਂ ਚੜ੍ਹਾਈਆਂ ਜਾਂਦੀਆਂ ਸਨ। ਇਸ ਲਈ ਯਹੂਦੀ ਮੰਨਦੇ ਸਨ ਕਿ ਉਨ੍ਹਾਂ ਦੀ ਭਗਤੀ ਪਰਮੇਸ਼ੁਰ ਨੂੰ ਮਨਜ਼ੂਰ ਸੀ।
ਪਰ ਯੂਹੰਨਾ ਦੀ ਗੱਲ ਸੁਣਨ ਤੋਂ ਬਾਅਦ, ਕੁਝ ਲੋਕਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਧਰਮ ਪਰਮੇਸ਼ੁਰ ਨੂੰ ਖ਼ੁਸ਼ ਨਹੀਂ ਕਰਦਾ। ਯਹੂਦੀਆਂ ਦੀਆਂ ਧਾਰਮਿਕ ਸਿੱਖਿਆਵਾਂ ਵਿਚ ਯੂਨਾਨੀ ਸਭਿਆਚਾਰ ਤੇ ਫ਼ਲਸਫ਼ੇ ਦੀ ਮਿਲਾਵਟ ਹੋ ਚੁੱਕੀ ਸੀ। ਮੂਸਾ ਰਾਹੀਂ ਪਰਮੇਸ਼ੁਰ ਤੋਂ ਮਿਲੀ ਬਿਵਸਥਾ ਹੁਣ ਖ਼ਰਾਬ ਹੋ ਚੁੱਕੀ ਸੀ, ਇੱਥੋਂ ਤਕ ਕਿ ਇਨਸਾਨਾਂ ਦੇ ਆਪਣੇ ਵਿਸ਼ਵਾਸਾਂ ਅਤੇ ਰੀਤਾਂ-ਰਸਮਾਂ ਨਾਲ ਅਕਾਰਥ ਹੋ ਚੁੱਕੀ ਸੀ। (ਮੱਤੀ 15:6) ਆਪਣੇ ਪੱਥਰ-ਦਿਲ ਤੇ ਨਿਰਦਈ ਧਾਰਮਿਕ ਆਗੂਆਂ ਤੋਂ ਗੁਮਰਾਹ ਹੋਏ ਜ਼ਿਆਦਾਤਰ ਯਹੂਦੀ ਲੋਕਾਂ ਨੇ ਹੁਣ ਉਸ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਛੱਡ ਦਿੱਤੀ ਜਿਸ ਨਾਲ ਪਰਮੇਸ਼ੁਰ ਖ਼ੁਸ਼ ਹੁੰਦਾ। (ਯਾਕੂਬ 1:27) ਉਨ੍ਹਾਂ ਨੂੰ ਪਰਮੇਸ਼ੁਰ ਤੇ ਬਿਵਸਥਾ ਨੇਮ ਵਿਰੁੱਧ ਕੀਤੇ ਆਪਣੇ ਪਾਪਾਂ ਤੋਂ ਤੋਬਾ ਕਰਨ ਦੀ ਲੋੜ ਸੀ।
ਉਸ ਸਮੇਂ ਕਈ ਯਹੂਦੀ ਵਾਅਦਾ ਕੀਤੇ ਹੋਏ ਮਸੀਹਾ ਜਾਂ ਮਸੀਹ ਦੇ ਆਉਣ ਦੀ ਉਡੀਕ ਕਰ ਰਹੇ ਸਨ ਤੇ ਕੁਝ ਲੋਕ ਯੂਹੰਨਾ ਬਾਰੇ ਸੋਚ ਰਹੇ ਸਨ: “ਭਈ ਕਿਤੇ ਇਹੋ ਮਸੀਹ ਨਾ ਹੋਵੇ?” ਪਰ ਯੂਹੰਨਾ ਨੇ ਦੱਸਿਆ ਕਿ ਉਹ ਮਸੀਹਾ ਨਹੀਂ ਸੀ। ਉਸ ਨੇ ਉਨ੍ਹਾਂ ਦਾ ਧਿਆਨ ਕਿਸੇ ਹੋਰ ਵੱਲ ਦਿਵਾਇਆ ਜਿਸ ਬਾਰੇ ਉਸ ਨੇ ਕਿਹਾ: “[ਮੈਂ ਉਸ] ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਜੋਗ ਨਹੀਂ।” (ਲੂਕਾ 3:15, 16) ਆਪਣੇ ਚੇਲਿਆਂ ਨੂੰ ਯਿਸੂ ਦੀ ਪਛਾਣ ਕਰਾਉਂਦੇ ਹੋਏ ਯੂਹੰਨਾ ਨੇ ਕਿਹਾ: “ਵੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ!”—ਯੂਹੰਨਾ 1:29.
ਇਹ ਸੱਚ-ਮੁੱਚ ਖ਼ੁਸ਼ ਖ਼ਬਰੀ ਸੀ ਕਿਉਂਕਿ ਯੂਹੰਨਾ ਸਾਰੇ ਲੋਕਾਂ ਨੂੰ ਜ਼ਿੰਦਗੀ ਤੇ ਖ਼ੁਸ਼ੀ ਦੇ ਰਾਹ, ਯਾਨੀ ਯਿਸੂ ਬਾਰੇ ਦੱਸ ਰਿਹਾ ਸੀ ਜੋ “ਜਗਤ ਦਾ ਪਾਪ ਚੁੱਕ ਲੈ ਜਾਂਦਾ ਹੈ।” ਆਦਮ ਤੇ ਹੱਵਾਹ ਦੀ ਔਲਾਦ ਹੋਣ ਕਰਕੇ ਸਾਰੇ ਇਨਸਾਨ ਪਾਪ ਤੇ ਮੌਤ ਦੀ ਤਾਨਾਸ਼ਾਹੀ ਹਕੂਮਤ ਹੇਠ ਪੈਦਾ ਹੋਏ ਹਨ। ਰੋਮੀਆਂ 5:19 ਕਹਿੰਦਾ ਹੈ: “ਜਿਵੇਂ ਉਸ ਇੱਕ ਮਨੁੱਖ [ਆਦਮ] ਦੀ ਅਣਆਗਿਆਕਾਰੀ ਦੇ ਕਾਰਨ ਬਹੁਤ ਲੋਕ ਪਾਪੀ ਠਹਿਰਾਏ ਗਏ ਤਿਵੇਂ ਹੀ ਇਸ ਇੱਕ [ਯਿਸੂ] ਦੀ ਆਗਿਆਕਾਰੀ ਦੇ ਕਾਰਨ ਵੀ ਬਹੁਤ ਧਰਮੀ ਠਹਿਰਾਏ ਜਾਣਗੇ।” ਬਲੀ ਦੇ ਮੇਮਣੇ ਵਾਂਗ ਯਿਸੂ ਨੇ ‘ਪਾਪ ਚੁੱਕ ਲੈ ਜਾਣਾ’ ਸੀ ਤੇ ਇਨਸਾਨਾਂ ਦੀ ਦੁਖੀ ਹਾਲਤ ਨੂੰ ਬਦਲ ਦੇਣਾ ਸੀ। ਬਾਈਬਲ ਕਹਿੰਦੀ ਹੈ ਕਿ “ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।”—ਰੋਮੀਆਂ 6:23.
ਇਕ ਮੁਕੰਮਲ ਇਨਸਾਨ ਯਾਨੀ ਇਸ ਧਰਤੀ ਤੇ ਪੈਦਾ ਹੋਣ ਵਾਲੇ ਸਭ ਤੋਂ ਮਹਾਨ ਮਨੁੱਖ ਯਿਸੂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਬਾਈਬਲ ਵਿਚ ਮਰਕੁਸ 1:14, 15 ਦਾ ਬਿਰਤਾਂਤ ਸਾਨੂੰ ਦੱਸਦਾ ਹੈ: “ਉਪਰੰਤ ਯੂਹੰਨਾ ਦੇ ਫੜਵਾਏ ਜਾਣ ਦੇ ਪਿੱਛੋਂ ਯਿਸੂ ਗਲੀਲ ਵਿੱਚ ਆਇਆ ਅਰ ਉਸ ਨੇ ਪਰਮੇਸ਼ੁਰ ਦੀ ਖੁਸ਼ ਖਬਰੀ ਦਾ ਪਰਚਾਰ ਕਰ ਕੇ ਆਖਿਆ। ਸਮਾ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।”
ਜਿਨ੍ਹਾਂ ਲੋਕਾਂ ਨੇ ਯਿਸੂ ਦੇ ਇਸ ਸੁਨੇਹੇ ਨੂੰ ਸੁਣਿਆ ਤੇ ਖ਼ੁਸ਼ ਖ਼ਬਰੀ ਵਿਚ ਵਿਸ਼ਵਾਸ ਦਿਖਾਇਆ, ਉਨ੍ਹਾਂ ਨੂੰ ਮਹਾਨ ਬਰਕਤਾਂ ਮਿਲੀਆਂ। ਯੂਹੰਨਾ 1:12 ਕਹਿੰਦਾ ਹੈ: “ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਪੁੱਤ੍ਰ ਹੋਣ ਦਾ ਹੱਕ ਦਿੱਤਾ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਉੱਤੇ ਨਿਹਚਾ ਕੀਤੀ।” ਪਰਮੇਸ਼ੁਰ ਦੇ ਬੱਚੇ ਜਾਂ ਪੁੱਤਰ ਹੋਣ ਦੇ ਨਾਤੇ, ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲਣੀ ਸੀ।—1 ਯੂਹੰਨਾ 2:25.
ਪਰ ਰਾਜ ਦੀਆਂ ਬਰਕਤਾਂ ਹਾਸਲ ਕਰਨ ਦਾ ਹੱਕ ਸਿਰਫ਼ ਪਹਿਲੀ ਸਦੀ ਦੇ ਲੋਕਾਂ ਨੂੰ ਹੀ ਨਹੀਂ ਸੀ। ਜਿਵੇਂ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਅੱਜ ਸਾਰੀ ਧਰਤੀ ਉੱਤੇ ਐਲਾਨ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਲੋਕਾਂ ਨੂੰ ਸਿਖਾਇਆ ਜਾ ਰਿਹਾ ਹੈ। ਇਸ ਲਈ ਰਾਜ ਦੀਆਂ ਬਰਕਤਾਂ ਅਜੇ ਵੀ ਮਿਲ ਸਕਦੀਆਂ ਹਨ। ਤੁਹਾਨੂੰ ਅਜਿਹੀਆਂ ਬਰਕਤਾਂ ਪਾਉਣ ਲਈ ਕੀ ਕਰਨਾ ਚਾਹੀਦਾ ਹੈ? ਅਗਲਾ ਲੇਖ ਇਸ ਬਾਰੇ ਦੱਸੇਗਾ।