ਅਧਿਆਇ 16
ਤੁਸੀਂ ਕਿਵੇਂ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ
1. ਬਹੁਤੇਰਿਆਂ ਧਰਮਾਂ ਵਿਚ ਕਿਹੜੀਆਂ ਮਿਲਦੀਆਂ-ਜੁਲਦੀਆਂ ਗੱਲਾਂ ਸਪੱਸ਼ਟ ਹਨ?
ਇਕ ਪੂਰਬੀ ਦੇਸ਼ ਵਿਚ ਸੈਰ ਕਰ ਰਹੀ ਸੈਲਾਨੀ ਇਕ ਬੋਧੀ ਮੰਦਰ ਵਿਚ ਪਾਈਆਂ ਗਈਆਂ ਧਾਰਮਿਕ ਰਸਮਾਂ ਨੂੰ ਦੇਖ ਕੇ ਹੈਰਾਨ ਹੋਈ। ਭਾਵੇਂ ਕਿ ਮੂਰਤੀਆਂ ਮਰਿਯਮ ਜਾਂ ਮਸੀਹ ਦੀਆਂ ਨਹੀਂ ਸਨ, ਰਸਮਾਂ ਵਿੱਚੋਂ ਬਹੁਤੇਰੀਆਂ ਉਸ ਦੇ ਜੱਦੀ ਦੇਸ਼ ਦੇ ਗਿਰਜੇ ਦੀਆਂ ਰਸਮਾਂ ਨਾਲ ਮਿਲਦੀਆਂ-ਜੁਲਦੀਆਂ ਸਨ। ਮਿਸਾਲ ਲਈ, ਉਸ ਨੇ ਮਾਲਾ ਦੀ ਵਰਤੋਂ ਅਤੇ ਪ੍ਰਾਰਥਨਾ ਦੇ ਜਾਪ ਨੂੰ ਦੇਖਿਆ। ਦੂਜੇ ਲੋਕਾਂ ਨੇ ਵੀ ਅਜਿਹੀਆਂ ਤੁਲਨਾਵਾਂ ਕੀਤੀਆਂ ਹਨ। ਪੂਰਬ ਹੋਵੇ ਜਾਂ ਪੱਛਮ, ਭਗਤ-ਜਨ ਜਿਨ੍ਹਾਂ ਤਰੀਕਿਆਂ ਵਿਚ ਪਰਮੇਸ਼ੁਰ ਦੇ ਜਾਂ ਆਪਣੀ ਉਪਾਸਨਾ ਦੀਆਂ ਵਸਤੂਆਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਹ ਮਾਅਰਕੇ ਤੌਰ ਤੇ ਸਮਰੂਪ ਹਨ।
2. ਪ੍ਰਾਰਥਨਾ ਦਾ ਕਿਵੇਂ ਵਰਣਨ ਕੀਤਾ ਗਿਆ ਹੈ, ਅਤੇ ਅਨੇਕ ਲੋਕ ਕਿਉਂ ਪ੍ਰਾਰਥਨਾ ਕਰਦੇ ਹਨ?
2 ਬਹੁਤੇਰੇ ਖ਼ਾਸ ਤੌਰ ਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨ ਦੁਆਰਾ ਉਸ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਾਰਥਨਾ ਦਾ ਵਰਣਨ “ਮਨੁੱਖ ਦੁਆਰਾ ਪਾਕ ਜਾਂ ਪਵਿੱਤਰ—ਅਰਥਾਤ ਪਰਮੇਸ਼ੁਰ, ਦੇਵਤਿਆਂ, ਪਾਰਗਾਮੀ ਮੰਡਲ, ਜਾਂ ਅਲੌਕਿਕ ਸ਼ਕਤੀਆਂ—ਦੇ ਨਾਲ ਸੰਚਾਰ ਦਾ ਇਕ ਕਰਤੱਬ” ਦੇ ਤੌਰ ਤੇ ਕੀਤਾ ਗਿਆ ਹੈ। (ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ) ਪਰੰਤੂ, ਪ੍ਰਾਰਥਨਾ ਵਿਚ ਪਰਮੇਸ਼ੁਰ ਕੋਲ ਜਾਂਦਿਆਂ ਸਮੇਂ, ਕੁਝ ਵਿਅਕਤੀਆਂ ਦਾ ਕੇਵਲ ਇਹੋ ਹੀ ਵਿਚਾਰ ਹੁੰਦਾ ਹੈ ਕਿ ਉਨ੍ਹਾਂ ਨੂੰ ਇਸ ਵਿੱਚੋਂ ਕੀ ਲਾਭ ਹਾਸਲ ਹੋਵੇਗਾ। ਮਿਸਾਲ ਲਈ, ਇਕ ਵਾਰੀ ਇਕ ਮਨੁੱਖ ਨੇ ਯਹੋਵਾਹ ਦੇ ਇਕ ਗਵਾਹ ਨੂੰ ਪੁੱਛਿਆ: “ਜੇਕਰ ਤੂੰ ਮੇਰੇ ਲਈ ਪ੍ਰਾਰਥਨਾ ਕਰੇਂ, ਤਾਂ ਕੀ ਮੇਰੇ ਪਰਿਵਾਰ, ਨੌਕਰੀ, ਅਤੇ ਮੇਰੀ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਸੁਲਝਾਈਆਂ ਜਾਣਗੀਆਂ?” ਜ਼ਾਹਰਾ ਤੌਰ ਤੇ ਇਸ ਮਨੁੱਖ ਨੇ ਇਹੋ ਸੋਚਿਆ, ਪਰੰਤੂ ਅਨੇਕ ਲੋਕ ਪ੍ਰਾਰਥਨਾ ਕਰਦੇ ਹਨ ਅਤੇ ਇਹ ਪਾਉਂਦੇ ਹਨ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਜਾਰੀ ਰਹਿੰਦੀਆਂ ਹਨ। ਇਸ ਕਰਕੇ ਅਸੀਂ ਸ਼ਾਇਦ ਪੁੱਛੀਏ, ‘ਅਸੀਂ ਭਲਾ ਪਰਮੇਸ਼ੁਰ ਦੇ ਨੇੜੇ ਕਿਉਂ ਜਾਈਏ?’
ਪਰਮੇਸ਼ੁਰ ਦੇ ਨੇੜੇ ਕਿਉਂ ਜਾਈਏ
3. ਸਾਡੀਆਂ ਪ੍ਰਾਰਥਨਾਵਾਂ ਕਿਸ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਅਤੇ ਕਿਉਂ?
3 ਪ੍ਰਾਰਥਨਾ ਕੋਈ ਅਰਥਹੀਣ ਰਸਮ ਨਹੀਂ ਹੈ, ਨਾ ਹੀ ਉਹ ਸਿਰਫ਼ ਇਕ ਜ਼ਰੀਆ ਹੈ ਜਿਸ ਦੁਆਰਾ ਕੁਝ ਪ੍ਰਾਪਤ ਕੀਤਾ ਜਾਵੇ। ਪਰਮੇਸ਼ੁਰ ਕੋਲ ਜਾਣ ਦਾ ਇਕ ਮੁੱਖ ਕਾਰਨ ਹੈ, ਉਸ ਦੇ ਨਾਲ ਇਕ ਨਜ਼ਦੀਕੀ ਸੰਬੰਧ ਕਾਇਮ ਕਰਨਾ। ਇਸ ਕਰਕੇ ਸਾਡੀਆਂ ਪ੍ਰਾਰਥਨਾਵਾਂ ਯਹੋਵਾਹ ਪਰਮੇਸ਼ੁਰ ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ,” ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਕਿਹਾ। (ਜ਼ਬੂਰ 145:18) ਯਹੋਵਾਹ ਸਾਨੂੰ ਉਸ ਦੇ ਨਾਲ ਇਕ ਸ਼ਾਂਤਮਈ ਸੰਬੰਧ ਕਾਇਮ ਕਰਨ ਲਈ ਨਿਮੰਤ੍ਰਣ ਦਿੰਦਾ ਹੈ। (ਯਸਾਯਾਹ 1:18) ਇਸ ਨਿਮੰਤ੍ਰਣ ਨੂੰ ਪ੍ਰਤਿਕ੍ਰਿਆ ਦਿਖਾਉਣ ਵਾਲੇ ਵਿਅਕਤੀ, ਜ਼ਬੂਰਾਂ ਦੇ ਲਿਖਾਰੀ ਦੇ ਨਾਲ ਸਹਿਮਤ ਹਨ ਜਿਸ ਨੇ ਕਿਹਾ: “ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ।” ਕਿਉਂ? ਕਿਉਂਕਿ ਜੋ ਯਹੋਵਾਹ ਪਰਮੇਸ਼ੁਰ ਦੇ ਨੇੜੇ ਜਾਂਦੇ ਹਨ, ਉਹ ਸੱਚੀ ਖ਼ੁਸ਼ੀ ਅਤੇ ਮਨ ਦੀ ਸ਼ਾਂਤੀ ਦਾ ਆਨੰਦ ਮਾਣਨਗੇ।—ਜ਼ਬੂਰ 73:28.
4, 5. (ੳ) ਪਰਮੇਸ਼ੁਰ ਨੂੰ ਪ੍ਰਾਰਥਨਾ ਕਰਨੀ ਕਿਉਂ ਮਹੱਤਵਪੂਰਣ ਹੈ? (ਅ) ਪ੍ਰਾਰਥਨਾ ਦੁਆਰਾ ਅਸੀਂ ਪਰਮੇਸ਼ੁਰ ਦੇ ਨਾਲ ਕਿਸ ਤਰ੍ਹਾਂ ਦਾ ਸੰਬੰਧ ਕਾਇਮ ਕਰ ਸਕਦੇ ਹਾਂ?
4 ਪਰਮੇਸ਼ੁਰ ਨੂੰ ਕਿਉਂ ਪ੍ਰਾਰਥਨਾ ਕਰੀਏ ਜੇਕਰ ਉਹ ‘ਸਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਸਾਨੂੰ ਕਿਨ੍ਹਾਂ ਕਿਨ੍ਹਾਂ ਵਸਤਾਂ ਦੀ ਲੋੜ ਹੈ’? (ਮੱਤੀ 6:8; ਜ਼ਬੂਰ 139:4) ਪ੍ਰਾਰਥਨਾ ਪ੍ਰਦਰਸ਼ਿਤ ਕਰਦੀ ਹੈ ਕਿ ਸਾਨੂੰ ਪਰਮੇਸ਼ੁਰ ਵਿਚ ਨਿਹਚਾ ਹੈ ਅਤੇ ਅਸੀਂ ਉਸ ਨੂੰ ‘ਹਰੇਕ ਚੰਗੇ ਦਾਨ ਅਤੇ ਹਰੇਕ ਪੂਰਨ ਦਾਤ’ ਦਾ ਸ੍ਰੋਤ ਸਮਝਦੇ ਹਾਂ। (ਯਾਕੂਬ 1:17; ਇਬਰਾਨੀਆਂ 11:6) ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਤੋਂ ਪ੍ਰਸੰਨ ਹੁੰਦਾ ਹੈ। (ਕਹਾਉਤਾਂ 15:8) ਉਹ ਸਾਡੇ ਕਦਰ ਅਤੇ ਉਸਤਤ ਦੇ ਅਰਥਪੂਰਣ ਸ਼ਬਦਾਂ ਨੂੰ ਸੁਣਨ ਵਿਚ ਆਨੰਦ ਮਾਣਦਾ ਹੈ, ਜਿਵੇਂ ਕਿ ਇਕ ਪਿਤਾ ਆਪਣੇ ਛੋਟੇ ਬਾਲਕ ਨੂੰ ਸ਼ੁਕਰਗੁਜ਼ਾਰੀ ਦੇ ਸੁਹਿਰਦ ਸ਼ਬਦ ਬੋਲਦਿਆਂ ਸੁਣ ਕੇ ਖ਼ੁਸ਼ ਹੁੰਦਾ ਹੈ। (ਜ਼ਬੂਰ 119:108) ਜਿੱਥੇ ਕਿਤੇ ਇਕ ਅੱਛਾ ਪਿਤਾ-ਬਾਲਕ ਰਿਸ਼ਤਾ ਹੁੰਦਾ ਹੈ, ਉੱਥੇ ਨਿੱਘਾ ਸੰਚਾਰ ਰਹਿੰਦਾ ਹੈ। ਇਕ ਬਾਲਕ ਜੋ ਪ੍ਰੇਮ ਹਾਸਲ ਕਰਦਾ ਹੈ, ਆਪਣੇ ਪਿਤਾ ਦੇ ਨਾਲ ਵਾਰਤਾਲਾਪ ਕਰਨ ਲਈ ਇੱਛੁਕ ਹੁੰਦਾ ਹੈ। ਪਰਮੇਸ਼ੁਰ ਦੇ ਨਾਲ ਆਪਣੇ ਸੰਬੰਧ ਵਿਚ ਇਹੋ ਹੀ ਗੱਲ ਸੱਚ ਹੈ। ਜੇਕਰ ਅਸੀਂ ਸੱਚ-ਮੁੱਚ ਹੀ ਉਨ੍ਹਾਂ ਗੱਲਾਂ ਦੀ ਜੋ ਅਸੀਂ ਯਹੋਵਾਹ ਬਾਰੇ ਸਿੱਖ ਰਹੇ ਹਾਂ ਅਤੇ ਉਸ ਪ੍ਰੇਮ ਦੀ ਜੋ ਉਸ ਨੇ ਸਾਡੇ ਪ੍ਰਤੀ ਦਿਖਾਇਆ ਹੈ, ਕਦਰ ਪਾਉਂਦੇ ਹਾਂ, ਤਾਂ ਅਸੀਂ ਪ੍ਰਾਰਥਨਾ ਵਿਚ ਉਸ ਨੂੰ ਆਪਣੇ ਭਾਵ ਪ੍ਰਗਟ ਕਰਨ ਦੀ ਤੀਬਰ ਇੱਛਾ ਰੱਖਾਂਗੇ।—1 ਯੂਹੰਨਾ 4:16-18.
5 ਅੱਤ ਮਹਾਨ ਪਰਮੇਸ਼ੁਰ ਕੋਲ ਜਾਂਦਿਆਂ ਸਮੇਂ, ਸਾਨੂੰ ਆਦਰਪੂਰਣ ਹੋਣਾ ਚਾਹੀਦਾ ਹੈ, ਭਾਵੇਂ ਕਿ ਅਸੀਂ ਠੀਕ ਕਿਹੜੇ ਸ਼ਬਦ ਇਸਤੇਮਾਲ ਕਰਦੇ ਹਾਂ, ਬਾਰੇ ਸਾਨੂੰ ਹੱਦੋਂ ਵੱਧ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। (ਇਬਰਾਨੀਆਂ 4:16) ਯਹੋਵਾਹ ਤਕ ਸਾਡੀ ਪਹੁੰਚ ਹਮੇਸ਼ਾ ਰਹਿੰਦੀ ਹੈ। ਅਤੇ ਇਹ ਕੀ ਹੀ ਵਿਸ਼ੇਸ਼-ਸਨਮਾਨ ਹੈ ਕਿ ਅਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ‘ਅੱਗੇ ਆਪਣਾ ਮਨ ਖੋਲ੍ਹ’ ਸਕਦੇ ਹਾਂ! (ਜ਼ਬੂਰ 62:8) ਯਹੋਵਾਹ ਦੇ ਪ੍ਰਤੀ ਕਦਰਦਾਨੀ ਉਸ ਦੇ ਨਾਲ ਇਕ ਨਿੱਘਾ ਸੰਬੰਧ ਬਣਾਉਂਦੀ ਹੈ, ਉਸੇ ਤਰ੍ਹਾਂ ਦਾ ਸੰਬੰਧ ਜਿਸ ਦਾ ਆਨੰਦ ਵਫ਼ਾਦਾਰ ਮਨੁੱਖ ਅਬਰਾਹਾਮ ਨੇ ਪਰਮੇਸ਼ੁਰ ਦੇ ਮਿੱਤਰ ਦੇ ਤੌਰ ਤੇ ਮਾਣਿਆ ਸੀ। (ਯਾਕੂਬ 2:23) ਪਰੰਤੂ ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਨੂੰ ਪ੍ਰਾਰਥਨਾ ਕਰਦੇ ਸਮੇਂ, ਸਾਨੂੰ ਉਸ ਦੇ ਕੋਲ ਜਾਣ ਲਈ ਉਸ ਦੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।
ਪਰਮੇਸ਼ੁਰ ਦੇ ਨੇੜੇ ਜਾਣ ਲਈ ਜ਼ਰੂਰਤਾਂ
6, 7. ਭਾਵੇਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਪੈਸੇ ਦੀ ਮੰਗ ਨਹੀਂ ਕਰਦਾ ਹੈ, ਉਹ ਸਾਡੇ ਤੋਂ ਕੀ ਲੋੜਦਾ ਹੈ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ?
6 ਕੀ ਪਰਮੇਸ਼ੁਰ ਦੇ ਕੋਲ ਜਾਣ ਲਈ ਪੈਸੇ ਦੀ ਲੋੜ ਹੈ? ਅਨੇਕ ਲੋਕ ਪਾਦਰੀਆਂ ਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨ ਵਾਸਤੇ ਪੈਸੇ ਦਿੰਦੇ ਹਨ। ਕੁਝ ਇਹ ਵੀ ਵਿਸ਼ਵਾਸ ਰੱਖਦੇ ਹਨ ਕਿ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਉਨ੍ਹਾਂ ਦੇ ਚੰਦੇ ਦੀ ਰਕਮ ਦੇ ਅਨੁਸਾਰ ਸੁਣੀਆਂ ਜਾਣਗੀਆਂ। ਲੇਕਨ, ਪਰਮੇਸ਼ੁਰ ਦਾ ਬਚਨ ਇਹ ਨਹੀਂ ਕਹਿੰਦਾ ਹੈ ਕਿ ਪ੍ਰਾਰਥਨਾ ਰਾਹੀਂ ਯਹੋਵਾਹ ਕੋਲ ਜਾਣ ਲਈ ਮਾਲੀ ਪੇਸ਼ਕਸ਼ ਦੀ ਲੋੜ ਹੈ। ਉਸ ਦੇ ਅਧਿਆਤਮਿਕ ਪ੍ਰਬੰਧ ਅਤੇ ਉਸ ਦੇ ਨਾਲ ਪ੍ਰਾਰਥਨਾ ਦੁਆਰਾ ਸੰਬੰਧ ਕਾਇਮ ਕਰਨ ਦੀਆਂ ਬਰਕਤਾਂ ਬਿਨਾਂ ਕੀਮਤ ਦੇ ਉਪਲਬਧ ਹਨ।—ਯਸਾਯਾਹ 55:1, 2.
7 ਤਾਂ ਫਿਰ, ਕਿਸ ਚੀਜ਼ ਦੀ ਜ਼ਰੂਰਤ ਹੈ? ਸਹੀ ਦਿਲ ਦਾ ਰੁਝਾਨ ਇਕ ਆਵੱਸ਼ਕਤਾ ਹੈ। (2 ਇਤਹਾਸ 6:29, 30; ਕਹਾਉਤਾਂ 15:11) ਆਪਣੇ ਦਿਲ ਵਿਚ ਸਾਨੂੰ ਯਹੋਵਾਹ ਪਰਮੇਸ਼ੁਰ ਉੱਤੇ ਨਿਹਚਾ ਰੱਖਣੀ ਚਾਹੀਦੀ ਹੈ ਕਿ ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਅਤੇ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ” ਹੈ। (ਜ਼ਬੂਰ 65:2; ਇਬਰਾਨੀਆਂ 11:6) ਸਾਡਾ ਦਿਲ ਵੀ ਨਿਮਰ ਹੋਣਾ ਚਾਹੀਦਾ ਹੈ। (2 ਰਾਜਿਆਂ 22:19; ਜ਼ਬੂਰ 51:17) ਆਪਣੇ ਇਕ ਦ੍ਰਿਸ਼ਟਾਂਤ ਵਿਚ, ਯਿਸੂ ਮਸੀਹ ਨੇ ਪ੍ਰਦਰਸ਼ਿਤ ਕੀਤਾ ਕਿ ਪਰਮੇਸ਼ੁਰ ਦੇ ਕੋਲ ਜਾਂਦਿਆਂ ਸਮੇਂ ਇਕ ਆਜਜ਼ ਦਿਲ ਦਾ ਰੁਝਾਨ ਰੱਖਣ ਵਾਲਾ ਨਿਮਰ ਮਸੂਲੀਆ ਇਕ ਹੱਠੀ ਫ਼ਰੀਸੀ ਨਾਲੋਂ ਜ਼ਿਆਦਾ ਧਰਮੀ ਠਹਿਰਿਆ। (ਲੂਕਾ 18:10-14) ਜਿਉਂ ਹੀ ਅਸੀਂ ਪਰਮੇਸ਼ੁਰ ਕੋਲ ਪ੍ਰਾਰਥਨਾ ਵਿਚ ਜਾਂਦੇ ਹਾਂ, ਆਓ ਅਸੀਂ ਯਾਦ ਰੱਖੀਏ ਕਿ “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।”—ਕਹਾਉਤਾਂ 16:5.
8. ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ, ਤਾਂ ਸਾਨੂੰ ਆਪਣੇ ਆਪ ਨੂੰ ਕਿਸ ਚੀਜ਼ ਤੋਂ ਸ਼ੁੱਧ ਕਰਨਾ ਚਾਹੀਦਾ ਹੈ?
8 ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇਵੇ, ਤਾਂ ਸਾਨੂੰ ਆਪਣੇ ਆਪ ਨੂੰ ਪਾਪਪੂਰਣ ਆਚਰਣ ਤੋਂ ਸ਼ੁੱਧ ਕਰਨਾ ਚਾਹੀਦਾ ਹੈ। ਚੇਲੇ ਯਾਕੂਬ ਨੇ ਦੂਜਿਆਂ ਨੂੰ ਪਰਮੇਸ਼ੁਰ ਦੇ ਨੇੜੇ ਜਾਣ ਲਈ ਉਤਸ਼ਾਹਿਤ ਕਰਦੇ ਹੋਏ ਅੱਗੇ ਕਿਹਾ: “ਹੇ ਪਾਪੀਓ, ਆਪਣੇ ਹੱਥ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।” (ਯਾਕੂਬ 4:8) ਅਪਰਾਧੀ ਵੀ ਯਹੋਵਾਹ ਦੇ ਨਾਲ ਇਕ ਸ਼ਾਂਤਮਈ ਸੰਬੰਧ ਕਾਇਮ ਕਰ ਸਕਦੇ ਹਨ ਜੇਕਰ ਉਹ ਤੋਬਾ ਕਰਨ ਅਤੇ ਜੀਵਨ ਦੇ ਆਪਣੇ ਪੂਰਬਲੇ ਮਾਰਗ ਨੂੰ ਤਿਆਗ ਦੇਣ। (ਕਹਾਉਤਾਂ 28:13) ਯਹੋਵਾਹ ਸਾਡੀ ਨਹੀਂ ਸੁਣੇਗਾ ਜੇਕਰ ਅਸੀਂ ਕੇਵਲ ਢੌਂਗ ਹੀ ਕਰੀਏ ਕਿ ਅਸੀਂ ਆਪਣਾ ਮਾਰਗ ਸ਼ੁੱਧ ਕਰ ਲਿਆ ਹੈ। “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਪ੍ਰਭੁ ਦਾ ਮੂੰਹ ਕੁਕਰਮੀਆਂ ਦੇ ਵਿਰੁੱਧ ਹੈ।”—1 ਪਤਰਸ 3:12.
9. ਸਾਨੂੰ ਕਿਸ ਦੇ ਰਾਹੀਂ ਯਹੋਵਾਹ ਕੋਲ ਜਾਣਾ ਚਾਹੀਦਾ ਹੈ, ਅਤੇ ਕਿਉਂ?
9 ਬਾਈਬਲ ਬਿਆਨ ਕਰਦੀ ਹੈ: “ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।” (ਉਪਦੇਸ਼ਕ ਦੀ ਪੋਥੀ 7:20) ਇਸ ਕਰਕੇ ਸ਼ਾਇਦ ਤੁਸੀਂ ਪੁੱਛੋ: ‘ਤਾਂ ਫਿਰ, ਅਸੀਂ ਕਿਵੇਂ ਯਹੋਵਾਹ ਪਰਮੇਸ਼ੁਰ ਦੇ ਕੋਲ ਜਾ ਸਕਦੇ ਹਾਂ?’ ਬਾਈਬਲ ਜਵਾਬ ਦਿੰਦੀ ਹੈ: “ਜੇ ਕੋਈ ਪਾਪ ਕਰੇ ਤਾਂ ਪਿਤਾ ਦੇ ਕੋਲ ਸਾਡਾ ਇੱਕ ਸਹਾਇਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।” (1 ਯੂਹੰਨਾ 2:1) ਭਾਵੇਂ ਕਿ ਅਸੀਂ ਪਾਪੀ ਹਾਂ, ਅਸੀਂ ਯਿਸੂ ਮਸੀਹ ਦੇ ਰਾਹੀਂ, ਜੋ ਰਿਹਾਈ-ਕੀਮਤ ਦੇ ਤੌਰ ਤੇ ਸਾਡੇ ਲਈ ਮਰਿਆ, ਬੋਲੀ ਦੀ ਸੁਤੰਤਰਤਾ ਨਾਲ ਪਰਮੇਸ਼ੁਰ ਦੇ ਕੋਲ ਜਾ ਸਕਦੇ ਹਾਂ। (ਮੱਤੀ 20:28) ਉਹੋ ਇੱਕੋ-ਇਕ ਜ਼ਰੀਆ ਹੈ ਜਿਸ ਰਾਹੀਂ ਅਸੀਂ ਯਹੋਵਾਹ ਪਰਮੇਸ਼ੁਰ ਦੇ ਕੋਲ ਜਾ ਸਕਦੇ ਹਾਂ। (ਯੂਹੰਨਾ 14:6) ਸਾਨੂੰ ਮਨੋਂ ਮਿਥ ਲੈਣਾ ਨਹੀਂ ਚਾਹੀਦਾ ਹੈ ਕਿ ਜਾਣ-ਬੁੱਝ ਕੇ ਪਾਪ ਦਾ ਅਭਿਆਸ ਕਰਨ ਤੇ ਵੀ ਯਿਸੂ ਦੀ ਰਿਹਾਈ-ਕੀਮਤ ਦੀ ਲਿਆਕਤ ਸਾਡੇ ਪਾਪਾਂ ਨੂੰ ਢੱਕ ਦੇਵੇਗੀ। (ਇਬਰਾਨੀਆਂ 10:26) ਪਰੰਤੂ, ਜੇਕਰ ਅਸੀਂ ਬੁਰੇ ਕੰਮਾਂ ਤੋਂ ਪਰਹੇਜ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਫਿਰ ਵੀ ਕਦੇ-ਕਦਾਈਂ ਗ਼ਲਤੀ ਕਰ ਬੈਠਦੇ ਹਾਂ, ਤਾਂ ਅਸੀਂ ਤੋਬਾ ਕਰ ਸਕਦੇ ਹਾਂ ਅਤੇ ਪਰਮੇਸ਼ੁਰ ਤੋਂ ਮਾਫ਼ੀ ਮੰਗ ਸਕਦੇ ਹਾਂ। ਜਦੋਂ ਅਸੀਂ ਇਕ ਨਿਮਰ ਦਿਲ ਦੇ ਨਾਲ ਉਸ ਦੇ ਕੋਲ ਜਾਂਦੇ ਹਾਂ, ਤਾਂ ਉਹ ਸਾਡੀ ਸੁਣੇਗਾ।—ਲੂਕਾ 11:4.
ਪਰਮੇਸ਼ੁਰ ਨਾਲ ਗੱਲਾਂ ਕਰਨ ਦੇ ਮੌਕੇ
10. ਪ੍ਰਾਰਥਨਾ ਦੇ ਸੰਬੰਧ ਵਿਚ, ਅਸੀਂ ਯਿਸੂ ਦੀ ਕਿਵੇਂ ਪੈਰਵੀ ਕਰ ਸਕਦੇ ਹਾਂ, ਅਤੇ ਨਿੱਜੀ ਪ੍ਰਾਰਥਨਾ ਲਈ ਕੁਝ-ਕੁ ਕਿਹੜੇ ਅਵਸਰ ਹਨ?
10 ਯਿਸੂ ਮਸੀਹ, ਯਹੋਵਾਹ ਦੇ ਨਾਲ ਆਪਣੇ ਰਿਸ਼ਤੇ ਨੂੰ ਬਹੁਮੁੱਲ ਸਮਝਦਾ ਸੀ। ਇਸ ਕਰਕੇ, ਯਿਸੂ ਪਰਮੇਸ਼ੁਰ ਨਾਲ ਨਿੱਜੀ ਪ੍ਰਾਰਥਨਾ ਦੁਆਰਾ ਗੱਲਾਂ ਕਰਨ ਲਈ ਸਮਾਂ ਕੱਢਦਾ ਸੀ। (ਮਰਕੁਸ 1:35; ਲੂਕਾ 22:40-46) ਯਿਸੂ ਦੀ ਮਿਸਾਲ ਦੀ ਪੈਰਵੀ ਕਰਦੇ ਹੋਏ, ਪਰਮੇਸ਼ੁਰ ਨੂੰ ਨਿਯਮਿਤ ਤੌਰ ਤੇ ਪ੍ਰਾਰਥਨਾ ਕਰਨ ਵਿਚ ਸਾਡੀ ਭਲਾਈ ਹੈ। (ਰੋਮੀਆਂ 12:12) ਪ੍ਰਾਰਥਨਾ ਦੇ ਨਾਲ ਦਿਨ ਆਰੰਭ ਕਰਨਾ ਉਚਿਤ ਹੈ, ਅਤੇ ਰਾਤ ਨੂੰ ਸੌਣ ਤੋਂ ਪਹਿਲਾਂ, ਅਸੀਂ ਉਚਿਤ ਤੌਰ ਤੇ ਦਿਨ ਦੀਆਂ ਕ੍ਰਿਆਵਾਂ ਲਈ ਯਹੋਵਾਹ ਦਾ ਸ਼ੁਕਰਗੁਜ਼ਾਰ ਕਰ ਸਕਦੇ ਹਾਂ। ਦਿਨ ਦੇ ਦੌਰਾਨ, “ਹਰ ਸਮੇਂ” ਪਰਮੇਸ਼ੁਰ ਦੇ ਕੋਲ ਜਾਣ ਦਾ ਨਿਸ਼ਚਾ ਕਰੋ। (ਅਫ਼ਸੀਆਂ 6:18) ਅਸੀਂ ਆਪਣੇ ਦਿਲਾਂ ਵਿਚ ਵੀ ਚੁੱਪ-ਚਾਪ ਪ੍ਰਾਰਥਨਾ ਕਰ ਸਕਦੇ ਹਾਂ, ਇਹ ਜਾਣਦੇ ਹੋਏ ਕਿ ਯਹੋਵਾਹ ਸਾਨੂੰ ਸੁਣ ਸਕਦਾ ਹੈ। ਇਕਾਂਤ ਵਿਚ ਪਰਮੇਸ਼ੁਰ ਨਾਲ ਗੱਲਾਂ ਕਰਨੀਆਂ, ਉਸ ਦੇ ਨਾਲ ਸਾਡੇ ਸੰਬੰਧ ਨੂੰ ਮਜ਼ਬੂਤ ਬਣਾਉਣ ਵਿਚ ਸਾਡੀ ਮਦਦ ਕਰਦਾ ਹੈ, ਅਤੇ ਯਹੋਵਾਹ ਨੂੰ ਰੋਜ਼ਾਨਾ ਪ੍ਰਾਰਥਨਾ ਕਰਨੀ ਸਾਨੂੰ ਉਸ ਦੇ ਹੋਰ ਨੇੜੇ ਜਾਣ ਵਿਚ ਮਦਦ ਕਰਦਾ ਹੈ।
11. (ੳ) ਪਰਿਵਾਰਾਂ ਨੂੰ ਇਕੱਠੇ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ ਹੈ? (ਅ) ਜਦੋਂ ਤੁਸੀਂ ਪ੍ਰਾਰਥਨਾ ਦੀ ਸਮਾਪਤੀ ਤੇ “ਆਮੀਨ” ਕਹਿੰਦੇ ਹੋ, ਤਾਂ ਉਸ ਦਾ ਕੀ ਅਰਥ ਹੁੰਦਾ ਹੈ?
11 ਯਹੋਵਾਹ ਲੋਕਾਂ ਦੇ ਸਮੂਹਾਂ ਦੇ ਨਿਮਿੱਤ ਕੀਤੀਆਂ ਪ੍ਰਾਰਥਨਾਵਾਂ ਨੂੰ ਵੀ ਸੁਣਦਾ ਹੈ। (1 ਰਾਜਿਆਂ 8:22-53) ਅਸੀਂ ਇਕ ਪਰਿਵਾਰ ਦੇ ਤੌਰ ਤੇ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹਾਂ, ਜਿੱਥੇ ਘਰ ਦਾ ਸਿਰ ਅਗਵਾਈ ਲੈਂਦਾ ਹੈ। ਇਹ ਪਰਿਵਾਰਕ ਬੰਧਨ ਨੂੰ ਮਜ਼ਬੂਤ ਬਣਾਉਂਦਾ ਹੈ, ਅਤੇ ਬੱਚਿਆਂ ਲਈ ਯਹੋਵਾਹ ਵਾਸਤਵਿਕ ਬਣ ਜਾਂਦਾ ਹੈ ਜਿਉਂ-ਜਿਉਂ ਉਹ ਆਪਣੇ ਮਾਪਿਆਂ ਨੂੰ ਪਰਮੇਸ਼ੁਰ ਨੂੰ ਨਿਮਰਤਾ ਨਾਲ ਪ੍ਰਾਰਥਨਾ ਕਰਦਿਆਂ ਸੁਣਦੇ ਹਨ। ਜੇਕਰ ਕੋਈ ਵਿਅਕਤੀ ਪ੍ਰਾਰਥਨਾ ਵਿਚ ਇਕ ਸਮੂਹ ਦੀ ਪ੍ਰਤਿਨਿਧਤਾ ਕਰ ਰਿਹਾ ਹੈ, ਸ਼ਾਇਦ ਯਹੋਵਾਹ ਦੇ ਗਵਾਹਾਂ ਦੀ ਇਕ ਸਭਾ ਵਿਚ, ਉਦੋਂ ਕੀ ਹੁੰਦਾ ਹੈ? ਜੇਕਰ ਅਸੀਂ ਹਾਜ਼ਰੀਨਾਂ ਵਿਚ ਹੋਈਏ, ਤਾਂ ਆਓ ਅਸੀਂ ਧਿਆਨ ਦੇ ਨਾਲ ਸੁਣੀਏ ਤਾਂਕਿ ਪ੍ਰਾਰਥਨਾ ਦੀ ਸਮਾਪਤੀ ਤੇ ਅਸੀਂ ਪੂਰੇ ਦਿਲ ਨਾਲ “ਆਮੀਨ” ਕਹਿ ਸਕੀਏ, ਜਿਸ ਦਾ ਅਰਥ ਹੈ “ਇਸੇ ਤਰ੍ਹਾਂ ਹੋਵੇ।”—1 ਕੁਰਿੰਥੀਆਂ 14:16.
ਪ੍ਰਾਰਥਨਾਵਾਂ ਜੋ ਯਹੋਵਾਹ ਸੁਣਦਾ ਹੈ
12. (ੳ) ਪਰਮੇਸ਼ੁਰ ਕੁਝ ਪ੍ਰਾਰਥਨਾਵਾਂ ਦਾ ਜਵਾਬ ਕਿਉਂ ਨਹੀਂ ਦਿੰਦਾ ਹੈ? (ਅ) ਸਾਨੂੰ ਪ੍ਰਾਰਥਨਾ ਕਰਦੇ ਸਮੇਂ ਕੇਵਲ ਨਿੱਜੀ ਲੋੜਾਂ ਉੱਤੇ ਹੀ ਧਿਆਨ ਇਕਾਗਰ ਕਿਉਂ ਨਹੀਂ ਕਰਨਾ ਚਾਹੀਦਾ ਹੈ?
12 ਕੁਝ ਸ਼ਾਇਦ ਇਹ ਮਹਿਸੂਸ ਕਰਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਦਿੰਦਾ ਹੈ ਭਾਵੇਂ ਕਿ ਉਹ ਉਸ ਨੂੰ ਮਸੀਹ ਦੇ ਰਾਹੀਂ ਪ੍ਰਾਰਥਨਾ ਕਰਦੇ ਹਨ। ਪਰੰਤੂ, ਰਸੂਲ ਯੂਹੰਨਾ ਨੇ ਕਿਹਾ: “ਜੇ ਅਸੀਂ [ਪਰਮੇਸ਼ੁਰ] ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:14) ਤਾਂ ਫਿਰ, ਸਾਨੂੰ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਮੰਗਣਾ ਚਾਹੀਦਾ ਹੈ। ਕਿਉਂ ਜੋ ਉਹ ਸਾਡੀ ਅਧਿਆਤਮਿਕ ਕਲਿਆਣ ਵਿਚ ਦਿਲਚਸਪੀ ਰੱਖਦਾ ਹੈ, ਜੋ ਕੁਝ ਵੀ ਸਾਡੀ ਅਧਿਆਤਮਿਕਤਾ ਉੱਤੇ ਪ੍ਰਭਾਵ ਪਾਉਂਦਾ ਹੈ, ਉਹ ਪ੍ਰਾਰਥਨਾ ਲਈ ਇਕ ਉਚਿਤ ਵਿਸ਼ਾ ਹੈ। ਸਾਨੂੰ ਪੂਰਨ ਤੌਰ ਤੇ ਭੌਤਿਕ ਲੋੜਾਂ ਉੱਤੇ ਹੀ ਧਿਆਨ ਇਕਾਗਰ ਕਰਨ ਦੇ ਪਰਤਾਵੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮਿਸਾਲ ਲਈ, ਜਦ ਕਿ ਬੀਮਾਰੀ ਨਾਲ ਨਿਪਟਣ ਲਈ ਅੰਤਰਦ੍ਰਿਸ਼ਟੀ ਅਤੇ ਸਹਿਣ-ਸ਼ਕਤੀ ਲਈ ਪ੍ਰਾਰਥਨਾ ਕਰਨੀ ਉਚਿਤ ਹੈ, ਸਿਹਤ ਬਾਰੇ ਚਿੰਤਾਵਾਂ ਨੂੰ ਅਧਿਆਤਮਿਕ ਹਿੱਤਾਂ ਉੱਤੇ ਮਾਂਦ ਨਹੀਂ ਪਾਉਣਾ ਚਾਹੀਦਾ ਹੈ। (ਜ਼ਬੂਰ 41:1-3) ਇਸ ਗੱਲ ਬਾਰੇ ਸਚੇਤ ਹੋਣ ਤੋਂ ਬਾਅਦ ਕਿ ਉਹ ਆਪਣੀ ਸਿਹਤ ਦੇ ਬਾਰੇ ਬੇਹੱਦ ਚਿੰਤਾਤੁਰ ਸੀ, ਇਕ ਮਸੀਹੀ ਔਰਤ ਨੇ ਆਪਣੀ ਬੀਮਾਰੀ ਬਾਰੇ ਉਚਿਤ ਦ੍ਰਿਸ਼ਟੀਕੋਣ ਰੱਖਣ ਲਈ ਯਹੋਵਾਹ ਤੋਂ ਸਹਾਇਤਾ ਮੰਗੀ। ਨਤੀਜੇ ਵਜੋਂ, ਉਸ ਦੀਆਂ ਸਿਹਤ ਸਮੱਸਿਆਵਾਂ ਉਸ ਲਈ ਇੰਨੀ ਚਿੰਤਾ ਦੀ ਗੱਲ ਨਾ ਰਹੀ, ਅਤੇ ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ “ਸਮਰੱਥਾ ਦਾ ਅੱਤ ਵੱਡਾ ਮਹਾਤਮ” ਦਿੱਤਾ ਗਿਆ। (2 ਕੁਰਿੰਥੀਆਂ 4:7) ਅਧਿਆਤਮਿਕ ਤੌਰ ਤੇ ਦੂਜਿਆਂ ਦੀ ਮਦਦ ਕਰਨ ਦੀ ਉਸ ਦੀ ਇੱਛਾ ਤੀਬਰ ਹੋ ਗਈ, ਅਤੇ ਉਹ ਇਕ ਪੂਰਣ-ਕਾਲੀ ਰਾਜ ਘੋਸ਼ਕ ਬਣ ਗਈ।
13. ਜਿਵੇਂ ਕਿ ਮੱਤੀ 6:9-13 ਵਿਚ ਸੰਕੇਤ ਕੀਤਾ ਗਿਆ ਹੈ, ਕੁਝ ਉਪਯੁਕਤ ਵਿਸ਼ੇ ਕੀ ਹਨ ਜੋ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਸ਼ਾਮਲ ਕਰ ਸਕਦੇ ਹਾਂ?
13 ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕੀ ਸ਼ਾਮਲ ਕਰ ਸਕਦੇ ਹਾਂ ਤਾਂਕਿ ਯਹੋਵਾਹ ਉਨ੍ਹਾਂ ਨੂੰ ਸੁਣਨ ਵਿਚ ਪ੍ਰਸੰਨ ਹੋਵੇਗਾ? ਯਿਸੂ ਮਸੀਹ ਨੇ ਆਪਣਿਆਂ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ। ਮੱਤੀ 6:9-13 ਵਿਚ ਦਰਜ ਕੀਤੀ ਗਈ ਆਦਰਸ਼ ਪ੍ਰਾਰਥਨਾ ਵਿਚ, ਉਸ ਨੇ ਉਨ੍ਹਾਂ ਵਿਸ਼ਿਆਂ ਦਾ ਨਮੂਨਾ ਸਥਾਪਿਤ ਕੀਤਾ ਜਿਨ੍ਹਾਂ ਬਾਰੇ ਅਸੀਂ ਠੀਕ ਤੌਰ ਤੇ ਪ੍ਰਾਰਥਨਾ ਕਰ ਸਕਦੇ ਹਾਂ। ਸਾਡੀਆਂ ਪ੍ਰਾਰਥਨਾਵਾਂ ਵਿਚ ਮੁੱਖ ਵਿਸ਼ਾ ਕੀ ਹੋਣਾ ਚਾਹੀਦਾ ਹੈ? ਯਹੋਵਾਹ ਪਰਮੇਸ਼ੁਰ ਦੇ ਨਾਂ ਅਤੇ ਰਾਜ ਨੂੰ ਸਭ ਤੋਂ ਮਹੱਤਵਪੂਰਣ ਸਮਝਿਆ ਜਾਣਾ ਚਾਹੀਦਾ ਹੈ। ਆਪਣੀਆਂ ਭੌਤਿਕ ਜ਼ਰੂਰਤਾਂ ਲਈ ਬੇਨਤੀ ਕਰਨੀ ਉਚਿਤ ਹੈ। ਆਪਣੇ ਪਾਪਾਂ ਦੀ ਮਾਫ਼ੀ ਅਤੇ ਪਰਤਾਵਿਆਂ ਤੋਂ ਅਤੇ ਉਸ ਦੁਸ਼ਟ ਵਿਅਕਤੀ ਸ਼ਤਾਨ ਅਰਥਾਤ ਇਬਲੀਸ ਤੋਂ ਮੁਕਤੀ ਮੰਗਣੀ ਵੀ ਮਹੱਤਵਪੂਰਣ ਹੈ। ਯਿਸੂ ਇਹ ਨਹੀਂ ਚਾਹੁੰਦਾ ਸੀ ਕਿ ਅਸੀਂ ਇਸ ਪ੍ਰਾਰਥਨਾ ਦਾ ਅਰਥ ਸਮਝੇ ਬਿਨਾਂ ਹੀ, ਇਸ ਦਾ ਭਜਨ ਗਾਈਏ ਜਾਂ ਇਸ ਨੂੰ ਵਾਰ-ਵਾਰ ਦੁਹਰਾਈਏ। (ਮੱਤੀ 6:7) ਉਹ ਕਿਸ ਤਰ੍ਹਾਂ ਦਾ ਰਿਸ਼ਤਾ ਹੋਵੇਗਾ ਜੇਕਰ ਇਕ ਬੱਚਾ ਹਰ ਵਾਰ ਆਪਣੇ ਪਿਤਾ ਦੇ ਨਾਲ ਵਾਰਤਾਲਾਪ ਕਰਦੇ ਸਮੇਂ ਉਹੀ ਸ਼ਬਦਾਂ ਨੂੰ ਇਸਤੇਮਾਲ ਕਰਦਾ ਹੈ?
14. ਅਰਦਾਸਾਂ ਤੋਂ ਇਲਾਵਾ, ਸਾਨੂੰ ਕਿਹੜੀਆਂ ਪ੍ਰਾਰਥਨਾਵਾਂ ਪੇਸ਼ ਕਰਨੀਆਂ ਚਾਹੀਦੀਆਂ ਹਨ?
14 ਅਰਦਾਸਾਂ ਅਤੇ ਦਿਲੀ ਬੇਨਤੀਆਂ ਤੋਂ ਇਲਾਵਾ, ਸਾਨੂੰ ਉਸਤਤ ਅਤੇ ਧੰਨਵਾਦ ਦੀਆਂ ਪ੍ਰਾਰਥਨਾਵਾਂ ਪੇਸ਼ ਕਰਨੀਆਂ ਚਾਹੀਦੀਆਂ ਹਨ। (ਜ਼ਬੂਰਾਂ ਦੀ ਪੋਥੀ 34:1; 92:1; 1 ਥੱਸਲੁਨੀਕੀਆਂ 5:18) ਅਸੀਂ ਦੂਜਿਆਂ ਲਈ ਵੀ ਪ੍ਰਾਰਥਨਾ ਕਰ ਸਕਦੇ ਹਾਂ। ਆਪਣੇ ਦੁਖੀ ਜਾਂ ਸਤਾਏ ਗਏ ਅਧਿਆਤਮਿਕ ਭੈਣਾਂ-ਭਰਾਵਾਂ ਦੇ ਸੰਬੰਧ ਵਿਚ ਪ੍ਰਾਰਥਨਾਵਾਂ ਉਨ੍ਹਾਂ ਵਿਚ ਸਾਡੀ ਦਿਲਚਸਪੀ ਪ੍ਰਦਰਸ਼ਿਤ ਕਰਦੀਆਂ ਹਨ, ਅਤੇ ਯਹੋਵਾਹ ਸਾਨੂੰ ਅਜਿਹੀ ਚਿੰਤਾ ਪ੍ਰਗਟ ਕਰਦਿਆਂ ਸੁਣ ਕੇ ਪ੍ਰਸੰਨ ਹੁੰਦਾ ਹੈ। (ਲੂਕਾ 22:32; ਯੂਹੰਨਾ 17:20; 1 ਥੱਸਲੁਨੀਕੀਆਂ 5:25) ਅਸਲ ਵਿਚ, ਰਸੂਲ ਪੌਲੁਸ ਨੇ ਲਿਖਿਆ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”—ਫ਼ਿਲਿੱਪੀਆਂ 4:6, 7.
ਪ੍ਰਾਰਥਨਾ ਵਿਚ ਲੱਗੇ ਰਹੋ
15. ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਜੇਕਰ ਇੰਜ ਜਾਪੇ ਕਿ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਨਹੀਂ ਮਿਲ ਰਿਹਾ ਹੈ?
15 ਭਾਵੇਂ ਕਿ ਤੁਸੀਂ ਪਰਮੇਸ਼ੁਰ ਬਾਰੇ ਗਿਆਨ ਪ੍ਰਾਪਤ ਕਰ ਰਹੇ ਹੋ, ਤੁਸੀਂ ਸ਼ਾਇਦ ਇਹ ਮਹਿਸੂਸ ਕਰੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਦਾ ਕਦੇ-ਕਦੇ ਜਵਾਬ ਨਹੀਂ ਮਿਲਦਾ ਹੈ। ਇਹ ਇਸ ਕਰਕੇ ਹੋ ਸਕਦਾ ਹੈ ਕਿ ਕਿਸੇ ਵਿਸ਼ੇਸ਼ ਪ੍ਰਾਰਥਨਾ ਦਾ ਜਵਾਬ ਦੇਣ ਦਾ ਉਦੋਂ ਪਰਮੇਸ਼ੁਰ ਦਾ ਸਮਾਂ ਨਾ ਹੋਵੇ। (ਉਪਦੇਸ਼ਕ ਦੀ ਪੋਥੀ 3:1-9) ਯਹੋਵਾਹ ਕੁਝ ਸਮੇਂ ਲਈ ਸ਼ਾਇਦ ਇਕ ਸਥਿਤੀ ਨੂੰ ਜਾਰੀ ਰਹਿਣ ਦੇਵੇ, ਪਰੰਤੂ ਉਹ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ ਅਤੇ ਇੰਜ ਕਰਨ ਦਾ ਸਭ ਤੋਂ ਬਿਹਤਰ ਸਮਾਂ ਜਾਣਦਾ ਹੈ।—2 ਕੁਰਿੰਥੀਆਂ 12:7-9.
16. ਸਾਨੂੰ ਪ੍ਰਾਰਥਨਾ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ, ਅਤੇ ਇੰਜ ਕਰਨ ਨਾਲ ਪਰਮੇਸ਼ੁਰ ਦੇ ਨਾਲ ਸਾਡੇ ਸੰਬੰਧ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ?
16 ਪ੍ਰਾਰਥਨਾ ਕਰਦੇ ਰਹਿਣ ਵਿਚ ਸਾਡੀ ਦ੍ਰਿੜ੍ਹਤਾ ਸਾਡੀ ਉਸ ਗੱਲ ਵਿਚ ਦਿਲੀ ਦਿਲਚਸਪੀ ਪ੍ਰਗਟ ਕਰਦੀ ਹੈ ਜੋ ਅਸੀਂ ਪਰਮੇਸ਼ੁਰ ਨੂੰ ਕਹਿ ਰਹੇ ਹਾਂ। (ਲੂਕਾ 18:1-8) ਮਿਸਾਲ ਲਈ, ਅਸੀਂ ਸ਼ਾਇਦ ਇਕ ਖ਼ਾਸ ਕਮਜ਼ੋਰੀ ਉੱਤੇ ਪ੍ਰਬਲ ਹੋਣ ਲਈ ਯਹੋਵਾਹ ਤੋਂ ਮਦਦ ਮੰਗੀਏ। ਪ੍ਰਾਰਥਨਾ ਵਿਚ ਲੱਗੇ ਰਹਿਣ ਨਾਲ ਅਤੇ ਆਪਣੀਆਂ ਅਰਦਾਸਾਂ ਦੇ ਅਨੁਸਾਰ ਕਾਰਜ ਕਰਨ ਨਾਲ, ਅਸੀਂ ਆਪਣੀ ਸੁਹਿਰਦਤਾ ਪ੍ਰਦਰਸ਼ਿਤ ਕਰਦੇ ਹਾਂ। ਸਾਨੂੰ ਆਪਣੀਆਂ ਅਰਦਾਸਾਂ ਵਿਚ ਵਿਸ਼ਿਸ਼ਟ ਅਤੇ ਈਮਾਨਦਾਰ ਹੋਣਾ ਚਾਹੀਦਾ ਹੈ। ਉਦੋਂ ਤੀਬਰਤਾ ਨਾਲ ਪ੍ਰਾਰਥਨਾ ਕਰਨੀ ਖ਼ਾਸ ਤੌਰ ਤੇ ਮਹੱਤਵਪੂਰਣ ਹੈ ਜਦੋਂ ਅਸੀਂ ਇਕ ਪਰਤਾਵੇ ਨੂੰ ਅਨੁਭਵ ਕਰ ਰਹੇ ਹੁੰਦੇ ਹਾਂ। (ਮੱਤੀ 6:13) ਆਪਣੀਆਂ ਪਾਪੀ ਲਾਲਸਾਵਾਂ ਨੂੰ ਕਾਬੂ ਕਰਨ ਦਾ ਜਤਨ ਕਰਦੇ ਸਮੇਂ, ਜਿਉਂ-ਜਿਉਂ ਅਸੀਂ ਪ੍ਰਾਰਥਨਾ ਕਰਨੀ ਜਾਰੀ ਰੱਖਦੇ ਹਾਂ, ਅਸੀਂ ਦੇਖਾਂਗੇ ਕਿ ਯਹੋਵਾਹ ਕਿਵੇਂ ਸਾਡੀ ਮਦਦ ਕਰਦਾ ਹੈ। ਇਹ ਸਾਡੀ ਨਿਹਚਾ ਨੂੰ ਵਧਾਵੇਗਾ ਅਤੇ ਉਸ ਦੇ ਨਾਲ ਸਾਡੇ ਸੰਬੰਧ ਨੂੰ ਮਜ਼ਬੂਤ ਬਣਾਵੇਗਾ।—1 ਕੁਰਿੰਥੀਆਂ 10:13; ਫ਼ਿਲਿੱਪੀਆਂ 4:13.
17. ਪਰਮੇਸ਼ੁਰ ਦੀ ਸੇਵਾ ਕਰਨ ਵਿਚ ਅਸੀਂ ਇਕ ਸ਼ਰਧਾਪੂਰਣ ਰਵੱਈਏ ਤੋਂ ਕਿਵੇਂ ਲਾਭ ਉਠਾਵਾਂਗੇ?
17 ਯਹੋਵਾਹ ਪਰਮੇਸ਼ੁਰ ਦੀ ਪਵਿੱਤਰ ਸੇਵਾ ਕਰਨ ਵਿਚ ਇਕ ਸ਼ਰਧਾਪੂਰਣ ਰਵੱਈਆ ਵਿਕਸਿਤ ਕਰਨ ਦੇ ਦੁਆਰਾ, ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅਸੀਂ ਆਪਣੀ ਹੀ ਸ਼ਕਤੀ ਵਿਚ ਉਸ ਦੀ ਸੇਵਾ ਨਹੀਂ ਕਰਦੇ ਹਾਂ। ਉਹ ਯਹੋਵਾਹ ਹੀ ਹੈ ਜੋ ਸ਼ਕਤੀ ਦਿੰਦਾ ਹੈ। (1 ਕੁਰਿੰਥੀਆਂ 4:7) ਇਸ ਗੱਲ ਨੂੰ ਸਵੀਕਾਰ ਕਰਨਾ ਸਾਨੂੰ ਨਿਮਰ ਹੋਣ ਵਿਚ ਮਦਦ ਕਰੇਗਾ ਅਤੇ ਉਸ ਦੇ ਨਾਲ ਸਾਡੇ ਸੰਬੰਧ ਨੂੰ ਹੋਰ ਵਧੀਆ ਬਣਾਵੇਗਾ। (1 ਪਤਰਸ 5:5, 6) ਜੀ ਹਾਂ, ਸਾਡੇ ਕੋਲ ਪ੍ਰਾਰਥਨਾ ਵਿਚ ਲੱਗੇ ਰਹਿਣ ਦੇ ਠੋਸ ਕਾਰਨ ਹਨ। ਸਾਡੀਆਂ ਤੀਬਰ ਪ੍ਰਾਰਥਨਾਵਾਂ ਅਤੇ ਇਹ ਕੀਮਤੀ ਗਿਆਨ ਕਿ ਅਸੀਂ ਆਪਣੇ ਪ੍ਰੇਮਮਈ ਸਵਰਗੀ ਪਿਤਾ ਦੇ ਨੇੜੇ ਕਿਵੇਂ ਜਾ ਸਕਦੇ ਹਾਂ, ਸਾਡੇ ਜੀਵਨ ਨੂੰ ਸੱਚ-ਮੁੱਚ ਹੀ ਖ਼ੁਸ਼ ਬਣਾਵੇਗਾ।
ਯਹੋਵਾਹ ਦੇ ਨਾਲ ਸੰਚਾਰ ਯਕਤਰਫਾ ਨਹੀਂ
18. ਅਸੀਂ ਪਰਮੇਸ਼ੁਰ ਦੀ ਕਿਵੇਂ ਸੁਣ ਸਕਦੇ ਹਾਂ?
18 ਜੇਕਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇ, ਤਾਂ ਸਾਨੂੰ ਵੀ ਉਸ ਦੀ ਗੱਲ ਸੁਣਨੀ ਚਾਹੀਦੀ ਹੈ। (ਜ਼ਕਰਯਾਹ 7:13) ਉਹ ਹੁਣ ਈਸ਼ਵਰੀ ਤੌਰ ਤੇ ਪ੍ਰੇਰਿਤ ਨਬੀਆਂ ਦੁਆਰਾ ਆਪਣੇ ਸੰਦੇਸ਼ ਨਹੀਂ ਭੇਜਦਾ ਹੈ ਅਤੇ ਨਿਸ਼ਚੇ ਹੀ ਉਹ ਪ੍ਰੇਤਵਾਦੀ ਜ਼ਰੀਏ ਇਸਤੇਮਾਲ ਨਹੀਂ ਕਰਦਾ ਹੈ। (ਬਿਵਸਥਾ ਸਾਰ 18:10-12) ਪਰੰਤੂ ਅਸੀਂ ਉਸ ਦੇ ਬਚਨ, ਬਾਈਬਲ ਦਾ ਅਧਿਐਨ ਕਰ ਕੇ ਪਰਮੇਸ਼ੁਰ ਦੀ ਸੁਣ ਸਕਦੇ ਹਾਂ। (ਰੋਮੀਆਂ 15:4; 2 ਤਿਮੋਥਿਉਸ 3:16, 17) ਜਿਵੇਂ ਕਿ ਸਾਨੂੰ ਸ਼ਾਇਦ ਉਸ ਭੌਤਿਕ ਭੋਜਨ ਲਈ ਸੁਆਦ ਵਿਕਸਿਤ ਕਰਨਾ ਪਵੇ ਜੋ ਸਾਡੇ ਲਈ ਸਿਹਤਮੰਦ ਹੈ, ਸਾਨੂੰ ‘ਬਚਨ ਦੇ ਖਾਲਸ ਦੁੱਧ ਦੀ ਲੋਚ ਪੈਦਾ ਕਰਨ’ ਲਈ ਉਤੇਜਿਤ ਕੀਤਾ ਜਾਂਦਾ ਹੈ। ਰੋਜ਼ਾਨਾ ਪਰਮੇਸ਼ੁਰ ਦਾ ਬਚਨ ਪੜ੍ਹਨ ਦੇ ਦੁਆਰਾ ਅਧਿਆਤਮਿਕ ਭੋਜਨ ਲਈ ਸੁਆਦ ਵਿਕਸਿਤ ਕਰੋ।—1 ਪਤਰਸ 2:2, 3, ਨਿ ਵ; ਰਸੂਲਾਂ ਦੇ ਕਰਤੱਬ 17:11.
19. ਤੁਸੀਂ ਜੋ ਬਾਈਬਲ ਵਿਚ ਪੜ੍ਹਦੇ ਹੋ, ਉਸ ਉੱਤੇ ਮਨਨ ਕਰਨ ਦਾ ਕੀ ਲਾਭ ਹੈ?
19 ਤੁਸੀਂ ਜੋ ਬਾਈਬਲ ਵਿਚ ਪੜ੍ਹਦੇ ਹੋ, ਉਸ ਉੱਤੇ ਮਨਨ ਕਰੋ। (ਜ਼ਬੂਰ 1:1-3; 77:11, 12) ਇਸ ਦਾ ਮਤਲਬ ਹੈ ਸਾਮੱਗਰੀ ਉੱਤੇ ਸੋਚ-ਵਿਚਾਰ ਕਰਨਾ। ਤੁਸੀਂ ਇਸ ਦੀ ਤੁਲਨਾ ਭੋਜਨ ਹਜ਼ਮ ਕਰਨ ਦੇ ਨਾਲ ਕਰ ਸਕਦੇ ਹੋ। ਤੁਸੀਂ ਜੋ ਪੜ੍ਹ ਰਹੇ ਹੋ, ਇਸ ਦਾ ਉਨ੍ਹਾਂ ਗੱਲਾਂ ਦੇ ਨਾਲ ਸੰਬੰਧ ਜੋੜ ਕੇ ਜੋ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋ, ਅਧਿਆਤਮਿਕ ਭੋਜਨ ਹਜ਼ਮ ਕਰ ਸਕਦੇ ਹੋ। ਇਸ ਉੱਤੇ ਗੌਰ ਕਰੋ ਕਿ ਸਾਮੱਗਰੀ ਕਿਵੇਂ ਤੁਹਾਡੇ ਜੀਵਨ ਉੱਤੇ ਪ੍ਰਭਾਵ ਪਾਉਂਦੀ ਹੈ, ਜਾਂ ਇਸ ਉੱਤੇ ਵਿਚਾਰ ਕਰੋ ਕਿ ਇਹ ਯਹੋਵਾਹ ਦੇ ਗੁਣਾਂ ਅਤੇ ਵਰਤਾਉ ਬਾਰੇ ਕੀ ਪ੍ਰਗਟ ਕਰਦੀ ਹੈ। ਇੰਜ ਵਿਅਕਤੀਗਤ ਅਧਿਐਨ ਦੁਆਰਾ ਤੁਸੀਂ ਉਹ ਅਧਿਆਤਮਿਕ ਭੋਜਨ ਲੈ ਸਕਦੇ ਹੋ ਜੋ ਯਹੋਵਾਹ ਪ੍ਰਦਾਨ ਕਰਦਾ ਹੈ। ਇਹ ਤੁਹਾਨੂੰ ਪਰਮੇਸ਼ੁਰ ਦੇ ਹੋਰ ਨੇੜੇ ਲੈ ਜਾਵੇਗਾ ਅਤੇ ਦਿਨ ਪ੍ਰਤਿ ਦਿਨ ਦੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਕਰੇਗਾ।
20. ਮਸੀਹੀ ਸਭਾਵਾਂ ਵਿਚ ਹਾਜ਼ਰ ਹੋਣਾ ਸਾਨੂੰ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਕਿਵੇਂ ਮਦਦ ਕਰਦਾ ਹੈ?
20 ਜਿਵੇਂ ਇਸਰਾਏਲੀ ਲੋਕ ਧਿਆਨ ਦੇ ਨਾਲ ਸੁਣਦੇ ਸਨ ਜਦੋਂ ਉਹ ਪਰਮੇਸ਼ੁਰ ਦੀ ਬਿਵਸਥਾ ਦਾ ਪਬਲਿਕ ਪਠਨ ਸੁਣਨ ਲਈ ਇਕੱਠੇ ਹੁੰਦੇ ਸਨ, ਤੁਸੀਂ ਵੀ ਮਸੀਹੀ ਸਭਾਵਾਂ ਵਿਚ ਚਰਚਾ ਕੀਤੇ ਗਏ ਉਸ ਦੇ ਬਚਨ ਨੂੰ ਸੁਣਨ ਦੁਆਰਾ ਪਰਮੇਸ਼ੁਰ ਦੇ ਨੇੜੇ ਜਾ ਸਕਦੇ ਹੋ। ਉਸ ਸਮੇਂ ਦੇ ਸਿੱਖਿਅਕ ਪਰਮੇਸ਼ੁਰ ਦੀ ਬਿਵਸਥਾ ਦੇ ਆਪਣੇ ਪਠਨ ਨੂੰ ਅਰਥਪੂਰਣ ਬਣਾਉਂਦੇ ਸਨ, ਅਤੇ ਇੰਜ ਉਨ੍ਹਾਂ ਨੇ ਆਪਣੇ ਸ੍ਰੋਤਿਆਂ ਦੀ ਮਦਦ ਕੀਤੀ ਕਿ ਉਹ ਜੋ ਸੁਣ ਰਹੇ ਸਨ, ਉਸ ਨੂੰ ਸਮਝਣ ਅਤੇ ਉਸ ਨੂੰ ਲਾਗੂ ਕਰਨ ਲਈ ਉਤੇਜਿਤ ਹੋਣ। ਇਸ ਦਾ ਨਤੀਜਾ ਵੱਡੀ ਖ਼ੁਸ਼ੀ ਸੀ। (ਨਹਮਯਾਹ 8:8, 12) ਇਸ ਲਈ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਹਾਜ਼ਰ ਹੋਣਾ ਆਪਣਾ ਦਸਤੂਰ ਬਣਾਓ। (ਇਬਰਾਨੀਆਂ 10:24, 25) ਇਹ ਤੁਹਾਨੂੰ ਪਰਮੇਸ਼ੁਰ ਦਾ ਗਿਆਨ ਸਮਝਣ ਅਤੇ ਫਿਰ ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਲਈ ਮਦਦ ਕਰੇਗਾ ਅਤੇ ਤੁਹਾਨੂੰ ਖ਼ੁਸ਼ੀ ਲਿਆਵੇਗਾ। ਵਿਸ਼ਵ-ਵਿਆਪੀ ਮਸੀਹੀ ਭਾਈਚਾਰੇ ਦਾ ਇਕ ਹਿੱਸਾ ਹੋਣਾ ਤੁਹਾਨੂੰ ਯਹੋਵਾਹ ਦੇ ਨੇੜੇ ਰਹਿਣ ਵਿਚ ਮਦਦ ਕਰੇਗਾ। ਅਤੇ ਜਿਵੇਂ ਅਸੀਂ ਦੇਖਾਂਗੇ, ਤੁਸੀਂ ਪਰਮੇਸ਼ੁਰ ਦੇ ਲੋਕਾਂ ਵਿਚ ਸੱਚੀ ਸੁਰੱਖਿਆ ਪ੍ਰਾਪਤ ਕਰ ਸਕਦੇ ਹੋ।
ਆਪਣੇ ਗਿਆਨ ਨੂੰ ਪਰਖੋ
ਤੁਹਾਨੂੰ ਕਿਉਂ ਯਹੋਵਾਹ ਦੇ ਨੇੜੇ ਜਾਣਾ ਚਾਹੀਦਾ ਹੈ?
ਪਰਮੇਸ਼ੁਰ ਦੇ ਨੇੜੇ ਜਾਣ ਲਈ ਕਿਹੜੀਆਂ ਕੁਝ ਜ਼ਰੂਰਤਾਂ ਹਨ?
ਤੁਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਕੀ ਸ਼ਾਮਲ ਕਰ ਸਕਦੇ ਹੋ?
ਤੁਹਾਨੂੰ ਪ੍ਰਾਰਥਨਾ ਵਿਚ ਕਿਉਂ ਲੱਗੇ ਰਹਿਣਾ ਚਾਹੀਦਾ ਹੈ?
ਤੁਸੀਂ ਅੱਜ ਕਿਵੇਂ ਯਹੋਵਾਹ ਦੀ ਸੁਣ ਸਕਦੇ ਹੋ?
[ਪੂਰੇ ਸਫ਼ੇ 157 ਉੱਤੇ ਤਸਵੀਰ]