ਸੱਚੀ ਖ਼ੁਸ਼ੀ ਕਿੱਦਾਂ ਪਾਈਏ
ਬੋਧੀਆਂ ਦੇ ਇਕ ਧਾਰਮਿਕ ਆਗੂ ਦਲਾਈ ਲਾਮਾ ਨੇ ਕਿਹਾ: “ਮੇਰਾ ਵਿਸ਼ਵਾਸ ਹੈ ਕਿ ਸਾਡੀ ਜ਼ਿੰਦਗੀ ਦਾ ਮੁੱਖ ਮਕਸਦ ਹੈ ਖ਼ੁਸ਼ੀ ਭਾਲਣਾ।” ਫਿਰ ਉਸ ਨੇ ਸਮਝਾਇਆ ਕਿ ਖ਼ੁਸ਼ੀ ਆਪਣੇ ਮਨ ਅਤੇ ਦਿਲ ਨੂੰ ਕਾਬੂ ਵਿਚ ਰੱਖਣ ਜਾਂ ਅਨੁਸ਼ਾਸਨ ਦੇਣ ਨਾਲ ਪਾਈ ਜਾ ਸਕਦੀ ਹੈ। “ਅਸੀਂ ਆਪਣੇ ਮਨ ਦੀ ਮਦਦ ਨਾਲ ਹੀ ਪੂਰੀ ਖ਼ੁਸ਼ੀ ਹਾਸਲ ਕਰ ਸਕਦੇ ਹਾਂ।” ਉਹ ਕਹਿੰਦਾ ਹੈ ਕਿ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਦੀ ਕੋਈ ਲੋੜ ਨਹੀਂ ਹੈ।a
ਇਸ ਤੋਂ ਉਲਟ, ਜ਼ਰਾ ਯਿਸੂ ਤੇ ਗੌਰ ਕਰੋ ਜਿਸ ਨੇ ਪਰਮੇਸ਼ੁਰ ਵਿਚ ਦ੍ਰਿੜ੍ਹ ਵਿਸ਼ਵਾਸ ਦਿਖਾਇਆ ਤੇ ਜਿਸ ਦੀਆਂ ਸਿੱਖਿਆਵਾਂ ਨੇ ਸਦੀਆਂ ਤੋਂ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕੀਤਾ ਹੈ। ਯਿਸੂ ਚਾਹੁੰਦਾ ਸੀ ਕਿ ਇਨਸਾਨ ਹਮੇਸ਼ਾ ਖ਼ੁਸ਼ ਰਹੇ। ਉਸ ਨੇ ਆਪਣਾ ਮਸ਼ਹੂਰ ਪਹਾੜੀ ਉਪਦੇਸ਼ ਇਨ੍ਹਾਂ ਨੌਂ ਬਰਕਤਾਂ ਨਾਲ ਦੇਣਾ ਸ਼ੁਰੂ ਕੀਤਾ। ਇਹ “ਖ਼ੁਸ਼ ਹਨ . . ” ਆਰੰਭਕ ਸ਼ਬਦਾਂ ਨਾਲ ਸ਼ੁਰੂ ਹੁੰਦੀਆਂ ਹਨ। (ਮੱਤੀ 5:1-12, ਨਿ ਵ) ਉਸੇ ਉਪਦੇਸ਼ ਵਿਚ ਉਸ ਨੇ ਆਪਣੇ ਸਰੋਤਿਆਂ ਨੂੰ ਸਿਖਾਇਆ ਕਿ ਉਹ ਆਪਣੇ ਦਿਲਾਂ-ਦਿਮਾਗ਼ਾਂ ਨੂੰ ਜਾਂਚਣ, ਸ਼ੁੱਧ ਕਰਨ ਤੇ ਅਨੁਸ਼ਾਸਨ ਦੇਣ ਤੇ ਉਨ੍ਹਾਂ ਵਿੱਚੋਂ ਹਿੰਸਕ, ਗੰਦੇ ਅਤੇ ਸੁਆਰਥੀ ਵਿਚਾਰ ਕੱਢ ਕੇ ਸ਼ਾਂਤ, ਸਾਫ਼-ਸੁਥਰੇ ਅਤੇ ਸਨੇਹੀ ਵਿਚਾਰ ਭਰਨ। (ਮੱਤੀ 5:21, 22, 27, 28; 6:19-21) ਬਾਅਦ ਵਿਚ ਉਸ ਦੇ ਇਕ ਚੇਲੇ ਨੇ ਇਹ ਪ੍ਰੇਰਣਾ ਦਿੱਤੀ ਕਿ ਸਾਨੂੰ ‘ਸੱਚੀਆਂ, ਆਦਰ ਜੋਗ, ਜਥਾਰਥ, ਸ਼ੁੱਧ, ਸੁਹਾਉਣੀਆਂ, ਨੇਕ ਨਾਮੀ ਦੀਆਂ, ਗੁਣਵਾਨ ਅਤੇ ਸ਼ੁਭ ਗੱਲਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ।’—ਫ਼ਿਲਿੱਪੀਆਂ 4:8.
ਯਿਸੂ ਜਾਣਦਾ ਸੀ ਕਿ ਸੱਚੀ ਖ਼ੁਸ਼ੀ ਪਾਉਣ ਲਈ ਦੂਜਿਆਂ ਨਾਲ ਸਾਡਾ ਰਿਸ਼ਤਾ ਚੰਗਾ ਹੋਣਾ ਜ਼ਰੂਰੀ ਹੈ। ਅਸੀਂ ਇਨਸਾਨ ਇਕ ਸਮਾਜਕ ਪ੍ਰਾਣੀ ਹਾਂ। ਇਸ ਲਈ, ਜੇ ਅਸੀਂ ਖ਼ੁਦ ਨੂੰ ਦੂਜਿਆਂ ਤੋਂ ਵੱਖ ਰੱਖਾਂਗੇ ਜਾਂ ਜੇ ਦੂਜਿਆਂ ਨਾਲ ਹਮੇਸ਼ਾ ਲੜਦੇ ਹੀ ਰਹਾਂਗੇ, ਤਾਂ ਸਾਨੂੰ ਸੱਚੀ ਖ਼ੁਸ਼ੀ ਨਹੀਂ ਮਿਲ ਸਕਦੀ। ਅਸੀਂ ਤਾਂ ਹੀ ਖ਼ੁਸ਼ ਹੋ ਸਕਦੇ ਹਾਂ ਜੇ ਦੂਜੇ ਲੋਕ ਸਾਨੂੰ ਪਿਆਰ ਕਰਨ ਤੇ ਅਸੀਂ ਉਨ੍ਹਾਂ ਨੂੰ ਪਿਆਰ ਕਰੀਏ। ਯਿਸੂ ਨੇ ਸਿਖਾਇਆ ਕਿ ਅਜਿਹਾ ਪਿਆਰ ਦਿਖਾਉਣ ਲਈ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਹੋਣਾ ਬੜਾ ਜ਼ਰੂਰੀ ਹੈ। ਇਨ੍ਹਾਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਦੇਖਦੇ ਹਾਂ ਕਿ ਯਿਸੂ ਦੀ ਸਿੱਖਿਆ, ਦਲਾਈ ਲਾਮਾ ਦੀ ਸਿੱਖਿਆ ਤੋਂ ਬਿਲਕੁਲ ਹੀ ਵੱਖਰੀ ਹੈ ਕਿਉਂਕਿ ਯਿਸੂ ਨੇ ਸਿਖਾਇਆ ਕਿ ਪਰਮੇਸ਼ੁਰ ਤੋਂ ਆਜ਼ਾਦ ਰਹਿ ਕੇ ਇਨਸਾਨ ਨੂੰ ਸੱਚੀ ਖ਼ੁਸ਼ੀ ਨਹੀਂ ਮਿਲ ਸਕਦੀ। ਕਿਉਂ?—ਮੱਤੀ 4:4; 22:37-39.
ਆਪਣੀਆਂ ਅਧਿਆਤਮਿਕ ਲੋੜਾਂ ਦਾ ਖ਼ਿਆਲ ਰੱਖੋ
ਉਨ੍ਹਾਂ ਨੌਂ ਬਰਕਤਾਂ ਵਿੱਚੋਂ ਇਕ ਬਰਕਤ ਹੈ: “ਖ਼ੁਸ਼ ਹਨ ਉਹ ਜੋ ਆਪਣੀ ਅਧਿਆਤਮਿਕ ਲੋੜ ਦੇ ਪ੍ਰਤੀ ਸਚੇਤ ਹਨ।” (ਮੱਤੀ 5:3, ਨਿ ਵ) ਯਿਸੂ ਨੇ ਇੰਜ ਕਿਉਂ ਕਿਹਾ? ਕਿਉਂਕਿ ਜਾਨਵਰਾਂ ਦੀਆਂ ਅਧਿਆਤਮਿਕ ਲੋੜਾਂ ਨਹੀਂ ਹੁੰਦੀਆਂ, ਪਰ ਇਨਸਾਨਾਂ ਦੀਆਂ ਹੁੰਦੀਆਂ ਹਨ। ਪਰਮੇਸ਼ੁਰ ਦੇ ਸਰੂਪ ਤੇ ਬਣਾਏ ਹੋਣ ਕਰਕੇ ਅਸੀਂ ਇਨਸਾਨ ਪਿਆਰ, ਨਿਆਂ, ਦਇਆ ਅਤੇ ਬੁੱਧੀ ਵਰਗੇ ਪਰਮੇਸ਼ੁਰੀ ਗੁਣਾਂ ਨੂੰ ਪੈਦਾ ਕਰ ਸਕਦੇ ਹਾਂ। (ਉਤਪਤ 1:27; ਮੀਕਾਹ 6:8; 1 ਯੂਹੰਨਾ 4:8) ਸਾਡੀਆਂ ਅਧਿਆਤਮਿਕ ਲੋੜਾਂ ਵਿਚ ਇਹ ਵੀ ਸ਼ਾਮਲ ਹੈ ਕਿ ਸਾਡੀ ਜ਼ਿੰਦਗੀ ਦਾ ਕੋਈ ਮਕਸਦ ਜ਼ਰੂਰ ਹੋਵੇ।
ਅਸੀਂ ਆਪਣੀਆਂ ਅਧਿਆਤਮਿਕ ਲੋੜਾਂ ਕਿੱਦਾਂ ਪੂਰੀਆਂ ਕਰ ਸਕਦੇ ਹਾਂ? ਅਧਿਆਤਮਿਕ ਲੋੜਾਂ ਕੋਈ ਮੰਤਰ ਜਪ ਕੇ ਮਨਨ ਕਰਨ ਨਾਲ ਜਾਂ ਆਪਣੇ ਸੋਚਾਂ-ਵਿਚਾਰਾਂ ਤੇ ਭਾਵਨਾਵਾਂ ਦੀ ਜਾਂਚ ਕਰਨ ਨਾਲ ਨਹੀਂ ਪੂਰੀਆਂ ਕੀਤੀਆਂ ਜਾ ਸਕਦੀਆਂ। ਇਸ ਦੀ ਬਜਾਇ ਯਿਸੂ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜ਼ਰਾ ਗੌਰ ਕਰੋ ਕਿ ਯਿਸੂ ਨੇ ਕਿਹਾ ਕਿ ਸਾਡੀ ਜ਼ਿੰਦਗੀ ਲਈ ਜ਼ਰੂਰੀ “ਹਰੇਕ ਵਾਕ” ਪਰਮੇਸ਼ੁਰ ਦੇ ਮੁੱਖੋਂ ਹੀ ਨਿਕਲਦਾ ਹੈ। ਕੁਝ ਸਵਾਲਾਂ ਦੇ ਜਵਾਬ ਦੇਣ ਵਿਚ ਸਿਰਫ਼ ਪਰਮੇਸ਼ੁਰ ਹੀ ਸਾਡੀ ਮਦਦ ਕਰ ਸਕਦਾ ਹੈ। ਪਰਮੇਸ਼ੁਰ ਨੇ ਇਨ੍ਹਾਂ ਗੱਲਾਂ ਬਾਰੇ ਸਾਨੂੰ ਅੱਜ ਬਿਲਕੁਲ ਢੁਕਵੇਂ ਸਮੇਂ ਤੇ ਜਾਣਕਾਰੀ ਦਿੱਤੀ ਹੈ ਕਿਉਂਕਿ ਅੱਜ ਜ਼ਿੰਦਗੀ ਦੇ ਮਕਸਦ ਬਾਰੇ ਅਤੇ ਖ਼ੁਸ਼ੀ ਪਾਉਣ ਬਾਰੇ ਬਹੁਤ ਸਾਰੇ ਵਿਚਾਰਾਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਦੁਕਾਨਾਂ ਅਜਿਹੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਹਨ ਜੋ ਆਪਣੇ ਪਾਠਕਾਂ ਨੂੰ ਚੰਗੀ ਸਿਹਤ, ਧਨ-ਦੌਲਤ ਤੇ ਖ਼ੁਸ਼ੀ ਦੇਣ ਦਾ ਵਾਅਦਾ ਕਰਦੀਆਂ ਹਨ। ਇੰਟਰਨੈੱਟ ਉੱਤੇ ਅਜਿਹੇ ਸਾਈਟ ਵੀ ਮੌਜੂਦ ਹਨ ਜੋ ਖ਼ੁਸ਼ੀ ਪ੍ਰਾਪਤ ਕਰਨ ਦੇ ਤਰੀਕੇ ਦੱਸਦੇ ਹਨ।
ਪਰ ਜ਼ਿੰਦਗੀ ਵਿਚ ਮਕਸਦ ਤੇ ਖ਼ੁਸ਼ੀ ਹਾਸਲ ਕਰਨ ਦੇ ਮਾਮਲੇ ਵਿਚ ਮਨੁੱਖਾਂ ਦੀ ਸੋਚਣੀ ਅਕਸਰ ਗ਼ਲਤ ਹੁੰਦੀ ਹੈ। ਇਹ ਸੋਚਣੀ ਇਨਸਾਨਾਂ ਵਿਚ ਸੁਆਰਥੀ ਭਾਵਨਾਵਾਂ ਜਾਂ ਘਮੰਡ ਪੈਦਾ ਕਰਦੀ ਹੈ। ਅਜਿਹੀ ਸੋਚ ਸੀਮਿਤ ਗਿਆਨ, ਤਜਰਬੇ ਅਤੇ ਜ਼ਿਆਦਾਤਰ ਗ਼ਲਤ ਅੰਦਾਜ਼ਿਆਂ ਉੱਤੇ ਆਧਾਰਿਤ ਹੁੰਦੀ ਹੈ। ਮਿਸਾਲ ਵਜੋਂ, ਅੱਜ-ਕੱਲ੍ਹ ਸਵੈ-ਮਦਦ ਕਿਤਾਬਾਂ ਦੇ ਕਈ ਲੇਖਕ ਆਪਣੇ ਵਿਚਾਰ “ਵਿਕਾਸਵਾਦੀ ਮਨੋਵਿਗਿਆਨ” (Evolutionary Psychology) ਦੇ ਸਿਧਾਂਤ ਦੇ ਆਧਾਰ ਤੇ ਪੇਸ਼ ਕਰਦੇ ਹਨ ਜਿਸ ਵਿਚ ਇਹ ਮੰਨਿਆ ਜਾਂਦਾ ਹੈ ਕਿ ਇਨਸਾਨਾਂ ਦੀਆਂ ਭਾਵਨਾਵਾਂ ਸਾਡੇ ਅਖਾਉਤੀ ਪੂਰਵਜਾਂ ਯਾਨੀ ਕਿ ਜਾਨਵਰਾਂ ਤੋਂ ਆਈਆਂ ਹਨ। ਪਰ ਸੱਚ ਤਾਂ ਇਹ ਹੈ ਕਿ ਅਜਿਹੇ ਕਿਸੇ ਵੀ ਸਿਧਾਂਤ ਦੀ ਮਦਦ ਨਾਲ ਖ਼ੁਸ਼ੀ ਪਾਉਣ ਦੀ ਕੋਸ਼ਿਸ਼ ਕਰਨੀ ਬੇਕਾਰ ਹੈ ਜੋ ਸਾਡੇ ਸ੍ਰਿਸ਼ਟੀਕਰਤਾ ਦੀ ਭੂਮਿਕਾ ਨੂੰ ਨਜ਼ਰਅੰਦਾਜ਼ ਕਰਦੀ ਹੈ ਤੇ ਇਸ ਨਾਲ ਸਾਡੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੇਗੀ। ਇਕ ਪੁਰਾਣੇ ਨਬੀ ਨੇ ਕਿਹਾ: “ਬੁੱਧਵਾਨ ਲੱਜਿਆਵਾਨ ਹੋਣਗੇ . . . ਵੇਖੋ, ਓਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ,—ਓਹਨਾਂ ਦੀ ਏਹ ਕੀ ਬੁੱਧ ਹੋਈ?”—ਯਿਰਮਿਯਾਹ 8:9.
ਯਹੋਵਾਹ ਸਾਡੀ ਬਣਾਵਟ ਦੇ ਨਾਲ-ਨਾਲ ਇਹ ਵੀ ਜਾਣਦਾ ਹੈ ਕਿ ਸਾਨੂੰ ਕਿਹੜੀ ਗੱਲ ਤੋਂ ਸੱਚੀ ਖ਼ੁਸ਼ੀ ਮਿਲ ਸਕਦੀ ਹੈ। ਉਹ ਜਾਣਦਾ ਹੈ ਕਿ ਉਸ ਨੇ ਇਨਸਾਨ ਨੂੰ ਧਰਤੀ ਉੱਤੇ ਕਿਉਂ ਰੱਖਿਆ ਹੈ ਤੇ ਉਸ ਦਾ ਭਵਿੱਖ ਕਿੱਦਾਂ ਦਾ ਹੋਵੇਗਾ। ਉਸ ਨੇ ਇਹ ਸਾਰੀ ਜਾਣਕਾਰੀ ਬਾਈਬਲ ਵਿਚ ਦਿੱਤੀ ਹੈ। ਇਸ ਪ੍ਰੇਰਿਤ ਕਿਤਾਬ ਵਿਚ ਉਹ ਜੋ ਵੀ ਗੱਲਾਂ ਦੱਸਦਾ ਹੈ, ਉਹ ਚੰਗੇ ਦਿਲ ਵਾਲੇ ਲੋਕਾਂ ਨੂੰ ਆਕਰਸ਼ਿਤ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਦਿੰਦੀਆਂ ਹਨ। (ਲੂਕਾ 10:21; ਯੂਹੰਨਾ 8:32) ਯਿਸੂ ਦੇ ਦੋ ਚੇਲਿਆਂ ਨਾਲ ਵੀ ਇੰਜ ਹੀ ਹੋਇਆ ਸੀ। ਯਿਸੂ ਦੀ ਮੌਤ ਤੋਂ ਬਾਅਦ ਉਹ ਬੜੇ ਉਦਾਸ ਹੋ ਗਏ ਸਨ। ਪਰ ਜਦੋਂ ਉਨ੍ਹਾਂ ਨੇ ਮੁੜ ਜ਼ਿੰਦਾ ਹੋਏ ਯਿਸੂ ਦੇ ਮੂੰਹੋਂ ਇਹ ਸੁਣਿਆ ਕਿ ਇਨਸਾਨਾਂ ਦੀ ਮੁਕਤੀ ਲਈ ਪਰਮੇਸ਼ੁਰ ਦੇ ਮਕਸਦ ਵਿਚ ਉਸ ਦੀ ਕੀ ਭੂਮਿਕਾ ਹੈ, ਤਾਂ ਉਨ੍ਹਾਂ ਦੋ ਚੇਲਿਆਂ ਨੇ ਕਿਹਾ: “ਜਾਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲ੍ਹਦਾ ਸੀ ਤਾਂ ਕੀ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ?”—ਲੂਕਾ 24:32.
ਅਜਿਹੀ ਖ਼ੁਸ਼ੀ ਉਦੋਂ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਬਾਈਬਲ ਸੱਚਾਈ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲ਼ਦੇ ਹਾਂ। ਇਸ ਸੰਬੰਧ ਵਿਚ ਖ਼ੁਸ਼ੀ ਦੀ ਤੁਲਨਾ ਸਤਰੰਗੀ ਪੀਂਘ ਨਾਲ ਕੀਤੀ ਜਾ ਸਕਦੀ ਹੈ। ਜਦੋਂ ਮੌਸਮ ਪੀਂਘ ਲਈ ਢੁਕਵਾਂ ਹੁੰਦਾ ਹੈ, ਤਾਂ ਆਕਾਸ਼ ਵਿਚ ਸਤਰੰਗੀ ਪੀਂਘ ਪੈਂਦੀ ਹੈ, ਪਰ ਬਿਲਕੁਲ ਢੁਕਵੇਂ ਮੌਸਮ ਦੌਰਾਨ ਇਹ ਪੀਂਘ ਹੋਰ ਵੀ ਸਾਫ਼ ਦਿਖਾਈ ਦਿੰਦੀ ਹੈ—ਇੱਥੋਂ ਤਕ ਕਿ ਦੋਹਰੀ ਪੀਂਘ ਦਿਖਾਈ ਦਿੰਦੀ ਹੈ। ਇਸੇ ਤਰ੍ਹਾਂ ਬਾਈਬਲ ਸਿੱਖਿਆਵਾਂ ਤੇ ਚੱਲਣ ਨਾਲ ਸਾਨੂੰ ਜ਼ਿਆਦਾ ਖ਼ੁਸ਼ੀ ਮਿਲ ਸਕਦੀ ਹੈ। ਇਸ ਦੇ ਲਈ ਆਓ ਆਪਾਂ ਕੁਝ ਉਦਾਹਰਣਾਂ ਦੇਖੀਏ।
ਸਾਦੀ ਜ਼ਿੰਦਗੀ ਜੀਓ
ਪਹਿਲਾਂ ਧਨ-ਦੌਲਤ ਦੇ ਮਾਮਲੇ ਵਿਚ ਯਿਸੂ ਦੀ ਸਲਾਹ ਤੇ ਗੌਰ ਕਰੋ। ਜ਼ਿੰਦਗੀ ਵਿਚ ਧਨ-ਦੌਲਤ ਨੂੰ ਅਹਿਮ ਚੀਜ਼ ਬਣਾਉਣ ਖ਼ਿਲਾਫ਼ ਸਲਾਹ ਦੇਣ ਤੋਂ ਬਾਅਦ, ਉਸ ਨੇ ਇਕ ਬੇਮਿਸਾਲ ਗੱਲ ਕਹੀ। ਉਸ ਨੇ ਕਿਹਾ: “ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।” (ਮੱਤੀ 6:19-22) ਅਸਲ ਵਿਚ ਉਸ ਨੇ ਕਿਹਾ ਕਿ ਜੇ ਅਸੀਂ ਧਨ-ਦੌਲਤ ਤੇ ਤਾਕਤ ਹਾਸਲ ਕਰਨ ਵਿਚ ਹੀ ਲੱਗੇ ਰਹਿੰਦੇ ਹਾਂ ਜਾਂ ਇਸ ਤਰ੍ਹਾਂ ਦਾ ਹੋਰ ਕੋਈ ਦੁਨਿਆਵੀ ਟੀਚਾ ਰੱਖਦੇ ਹਾਂ, ਤਾਂ ਅਸੀਂ ਜ਼ਿਆਦਾ ਅਹਿਮ ਚੀਜ਼ਾਂ ਤੋਂ ਹੱਥ ਧੋ ਬੈਠਾਂਗੇ। ਕਿਉਂਕਿ ਯਿਸੂ ਨੇ ਇਕ ਹੋਰ ਮੌਕੇ ਤੇ ਕਿਹਾ ਸੀ ਕਿ “ਕਿਸੇ ਦਾ ਜੀਉਣ ਉਹ ਦੇ ਮਾਲ ਦੇ ਵਾਧੇ ਨਾਲ ਨਹੀਂ ਹੈ।” (ਲੂਕਾ 12:15) ਜੇ ਅਸੀਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ, ਆਪਣੇ ਪਰਿਵਾਰ ਨੂੰ ਤੇ ਇਸ ਨਾਲ ਸੰਬੰਧਿਤ ਹੋਰ ਗੱਲਾਂ ਨੂੰ ਪਹਿਲ ਦੇਈਏ ਜੋ ਸੱਚ-ਮੁੱਚ ਅਹਿਮੀਅਤ ਰੱਖਦੀਆਂ ਹਨ, ਤਾਂ ਸਾਡੀ “ਅੱਖ ਨਿਰਮਲ” ਯਾਨੀ ਸ਼ੁੱਧ ਹੋਵੇਗੀ।
ਧਿਆਨ ਦਿਓ ਕਿ ਯਿਸੂ ਜੋਗੀ ਬਣਨ ਜਾਂ ਹੱਦੋਂ ਵੱਧ ਆਤਮ-ਤਿਆਗੀ ਬਣਨ ਬਾਰੇ ਨਹੀਂ ਕਹਿ ਰਿਹਾ ਸੀ। ਕਿਉਂਕਿ ਯਿਸੂ ਆਪ ਵੀ ਕੋਈ ਜੋਗੀ ਨਹੀਂ ਸੀ। (ਮੱਤੀ 11:19; ਯੂਹੰਨਾ 2:1-11) ਇਸ ਦੀ ਬਜਾਇ, ਉਸ ਨੇ ਸਿਖਾਇਆ ਕਿ ਜੋ ਲੋਕ ਜ਼ਿੰਦਗੀ ਨੂੰ ਧਨ-ਦੌਲਤ ਇਕੱਠਾ ਕਰਨ ਦਾ ਸਿਰਫ਼ ਇਕ ਮੌਕਾ ਸਮਝਦੇ ਹਨ, ਉਹ ਆਪਣੀ ਜ਼ਿੰਦਗੀ ਦਾ ਆਨੰਦ ਨਹੀਂ ਲੈਂਦੇ।
ਜੋ ਲੋਕ ਛੋਟੀ ਉਮਰ ਵਿਚ ਹੀ ਬੜੇ ਧਨੀ ਹੋ ਗਏ ਹਨ, ਉਨ੍ਹਾਂ ਬਾਰੇ ਟਿੱਪਣੀ ਕਰਦੇ ਹੋਏ ਸਾਨ ਫ਼ਰਾਂਸਿਸਕੋ, ਅਮਰੀਕਾ ਦੇ ਇਕ ਮਨੋ-ਵਿਗਿਆਨੀ ਨੇ ਕਿਹਾ ਕਿ ਉਨ੍ਹਾਂ ਲਈ ਪੈਸਾ “ਤਣਾਉ ਤੇ ਪਰੇਸ਼ਾਨੀ ਦੀ ਜੜ੍ਹ” ਬਣ ਚੁੱਕਾ ਹੈ। ਉਸ ਨੇ ਅੱਗੇ ਕਿਹਾ ਕਿ ਇਹ ਲੋਕ “ਦੋ-ਤਿੰਨ ਘਰ ਖ਼ਰੀਦ ਲੈਂਦੇ ਹਨ, ਕਾਰ ਖ਼ਰੀਦ ਲੈਂਦੇ ਹਨ ਅਤੇ ਚੀਜ਼ਾਂ ਤੇ ਐਵੇਂ ਹੀ ਫ਼ਜ਼ੂਲ ਖ਼ਰਚਾ ਕਰਦੇ ਹਨ। ਜਦੋਂ ਇਨ੍ਹਾਂ ਚੀਜ਼ਾਂ ਨਾਲ ਵੀ ਉਨ੍ਹਾਂ ਦਾ ਮਕਸਦ ਪੂਰਾ ਨਹੀਂ ਹੁੰਦਾ [ਯਾਨੀ ਕੋਈ ਖ਼ੁਸ਼ੀ ਨਹੀਂ ਮਿਲਦੀ], ਤਾਂ ਉਹ ਨਿਰਾਸ਼ ਹੋ ਜਾਂਦੇ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖੋਖਲੀ ਲੱਗਦੀ ਹੈ ਤੇ ਉਨ੍ਹਾਂ ਨੂੰ ਕੁਝ ਸਮਝ ਨਹੀਂ ਆਉਂਦਾ ਕਿ ਉਹ ਆਪਣੀਆਂ ਜ਼ਿੰਦਗੀਆਂ ਦਾ ਕੀ ਕਰਨ।” ਇਸ ਤੋਂ ਉਲਟ, ਜੋ ਲੋਕ ਸਾਦੀ ਜ਼ਿੰਦਗੀ ਜੀਉਣ ਬਾਰੇ ਯਿਸੂ ਦੀ ਸਲਾਹ ਵੱਲ ਧਿਆਨ ਦਿੰਦੇ ਹਨ ਤੇ ਅਧਿਆਤਮਿਕ ਗੱਲਾਂ ਲਈ ਸਮਾਂ ਕੱਢਦੇ ਹਨ, ਉਨ੍ਹਾਂ ਲਈ ਸੱਚੀ ਖ਼ੁਸ਼ੀ ਪਾਉਣੀ ਬੜੀ ਆਸਾਨ ਹੈ।
ਹਵਾਈ ਵਿਚ ਰਹਿੰਦਾ ਇਕ ਠੇਕੇਦਾਰ ਟਾਮ, ਸ਼ਾਂਤ ਮਹਾਂਸਾਗਰ ਦੇ ਉਨ੍ਹਾਂ ਟਾਪੂਆਂ ਉੱਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਕਰਨ ਦੀਆਂ ਥਾਵਾਂ ਬਣਾਉਣ ਵਿਚ ਮਦਦ ਕਰਨ ਗਿਆ ਜਿੱਥੇ ਲੋਕ ਬੜੇ ਗ਼ਰੀਬ ਹਨ। ਟਾਮ ਨੂੰ ਇਨ੍ਹਾਂ ਨਿਮਰ ਲੋਕਾਂ ਵਿਚ ਇਕ ਖ਼ਾਸ ਗੱਲ ਨਜ਼ਰ ਆਈ। ਉਸ ਨੇ ਕਿਹਾ: “ਇਨ੍ਹਾਂ ਟਾਪੂਆਂ ਵਿਚ ਮੇਰੇ ਮਸੀਹੀ ਭੈਣ-ਭਰਾ ਸੱਚ-ਮੁੱਚ ਖ਼ੁਸ਼ ਸਨ। ਉਨ੍ਹਾਂ ਨੇ ਮੇਰੀ ਇਹ ਦੇਖਣ ਵਿਚ ਮਦਦ ਕੀਤੀ ਕਿ ਪੈਸਾ ਤੇ ਜ਼ਮੀਨ-ਜਾਇਦਾਦ ਸੱਚੀ ਖ਼ੁਸ਼ੀ ਦਾ ਰਾਜ਼ ਨਹੀਂ ਹਨ।” ਉਸ ਨੇ ਦੇਖਿਆ ਕਿ ਉਸ ਦੇ ਨਾਲ ਟਾਪੂਆਂ ਤੇ ਕੰਮ ਕਰਨ ਵਾਲੇ ਸਵੈ-ਸੇਵਕ ਆਪਣੀ ਜ਼ਿੰਦਗੀ ਤੋਂ ਕਿੰਨੇ ਸੰਤੁਸ਼ਟ ਸਨ। ਟਾਮ ਨੇ ਕਿਹਾ: “ਜੇ ਉਹ ਚਾਹੁੰਦੇ ਤਾਂ ਕਾਫ਼ੀ ਪੈਸਾ ਕਮਾ ਸਕਦੇ ਸਨ। ਪਰ ਉਨ੍ਹਾਂ ਨੇ ਅਧਿਆਤਮਿਕ ਗੱਲਾਂ ਨੂੰ ਪਹਿਲ ਦਿੱਤੀ ਅਤੇ ਸਿੱਧੀ-ਸਾਦੀ ਜ਼ਿੰਦਗੀ ਜੀਉਣ ਨੂੰ ਚੁਣਿਆ।” ਇਨ੍ਹਾਂ ਉਦਾਹਰਣਾਂ ਤੋਂ ਪ੍ਰੇਰਿਤ ਹੋ ਕੇ ਟਾਮ ਨੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਇਆ ਤਾਂਕਿ ਉਹ ਆਪਣੇ ਪਰਿਵਾਰ ਨਾਲ ਅਤੇ ਅਧਿਆਤਮਿਕ ਗੱਲਾਂ ਵਿਚ ਜ਼ਿਆਦਾ ਸਮਾਂ ਬਿਤਾ ਸਕੇ। ਅਜਿਹਾ ਕਦਮ ਉਠਾਉਣ ਦਾ ਉਸ ਨੂੰ ਕੋਈ ਅਫ਼ਸੋਸ ਨਹੀਂ ਹੈ।
ਖ਼ੁਸ਼ੀ ਅਤੇ ਆਤਮ-ਸਨਮਾਨ
ਖ਼ੁਸ਼ ਰਹਿਣ ਲਈ ਸਵੈ-ਮਾਣ ਜਾਂ ਆਤਮ-ਸਨਮਾਨ ਦੀ ਭਾਵਨਾ ਹੋਣੀ ਬੜੀ ਜ਼ਰੂਰੀ ਹੈ। ਇਨਸਾਨਾਂ ਦੀ ਨਾਮੁਕੰਮਲਤਾ ਤੇ ਕਮਜ਼ੋਰੀਆਂ ਕਰਕੇ ਕੁਝ ਲੋਕ ਆਪਣੇ ਆਪ ਨੂੰ ਬੜੇ ਘਟੀਆ ਮਹਿਸੂਸ ਕਰਦੇ ਹਨ। ਕਈ ਲੋਕਾਂ ਅੰਦਰ ਇਹ ਭਾਵਨਾਵਾਂ ਬਚਪਨ ਤੋਂ ਹੀ ਹੁੰਦੀਆਂ ਹਨ। ਸ਼ਾਇਦ ਇਨ੍ਹਾਂ ਜੜ੍ਹ ਫੜ ਚੁੱਕੀਆਂ ਭਾਵਨਾਵਾਂ ਤੇ ਕਾਬੂ ਪਾਉਣਾ ਮੁਸ਼ਕਲ ਲੱਗੇ, ਪਰ ਇਨ੍ਹਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਪਰਮੇਸ਼ੁਰ ਦੇ ਬਚਨ ਤੇ ਚੱਲ ਕੇ ਹੀ ਇਸ ਮੁਸ਼ਕਲ ਨੂੰ ਹੱਲ ਕੀਤਾ ਜਾ ਸਕਦਾ ਹੈ।
ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਸਾਡੇ ਬਾਰੇ ਕਿੱਦਾਂ ਮਹਿਸੂਸ ਕਰਦਾ ਹੈ। ਕੀ ਜਿਸ ਨਜ਼ਰੀਏ ਨਾਲ ਪਰਮੇਸ਼ੁਰ ਸਾਨੂੰ ਦੇਖਦਾ ਹੈ, ਉਹ ਇਨਸਾਨਾਂ ਦੇ ਨਜ਼ਰੀਏ ਨਾਲੋਂ—ਇੱਥੋਂ ਤਕ ਕਿ ਸਾਡੇ ਖ਼ੁਦ ਦੇ ਨਜ਼ਰੀਏ ਤੋਂ ਵੀ—ਜ਼ਿਆਦਾ ਅਹਿਮੀਅਤ ਨਹੀਂ ਰੱਖਦਾ? ਪਿਆਰ ਦੀ ਮੂਰਤ ਹੋਣ ਕਰਕੇ ਪਰਮੇਸ਼ੁਰ ਸਾਨੂੰ ਬਿਨਾਂ ਕਿਸੇ ਪੱਖਪਾਤ ਜਾਂ ਵੈਰ-ਵਿਰੋਧ ਦੇ ਦੇਖਦਾ ਹੈ। ਉਹ ਦੇਖਦਾ ਹੈ ਕਿ ਅਸੀਂ ਕਿੱਦਾਂ ਦੇ ਇਨਸਾਨ ਹਾਂ ਤੇ ਨਾਲ ਹੀ ਇਹ ਵੀ ਦੇਖਦਾ ਹੈ ਕਿ ਅਸੀਂ ਕਿੱਦਾਂ ਦੇ ਇਨਸਾਨ ਬਣ ਸਕਦੇ ਹਾਂ। (1 ਸਮੂਏਲ 16:7; 1 ਯੂਹੰਨਾ 4:8) ਅਸਲ ਵਿਚ ਜੋ ਲੋਕ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਨ ਉਹ ਉਨ੍ਹਾਂ ਲੋਕਾਂ ਨੂੰ ਬਹੁਮੁੱਲੇ ਸਮਝਦਾ ਹੈ। ਜੀ ਹਾਂ, ਭਾਵੇਂ ਉਨ੍ਹਾਂ ਵਿਚ ਕਿੰਨੀਆਂ ਹੀ ਕਮਜ਼ੋਰੀਆਂ ਕਿਉਂ ਨਾ ਹੋਣ, ਤਾਂ ਵੀ ਉਹ ਉਨ੍ਹਾਂ ਨੂੰ ਪਿਆਰ ਕਰਦਾ ਹੈ।—ਦਾਨੀਏਲ 9:23; ਹੱਜਈ 2:7.
ਪਰ ਪਰਮੇਸ਼ੁਰ ਸਾਡੀਆਂ ਕਮਜ਼ੋਰੀਆਂ ਤੇ ਸਾਡੇ ਪਾਪਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਉਹ ਸਾਡੇ ਤੋਂ ਉਮੀਦ ਰੱਖਦਾ ਹੈ ਕਿ ਅਸੀਂ ਸਹੀ ਕੰਮ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰੀਏ ਤੇ ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਉਹ ਸਾਡੀ ਮਦਦ ਕਰਦਾ ਹੈ। (ਲੂਕਾ 13:24) ਪਰ ਫਿਰ ਵੀ ਬਾਈਬਲ ਕਹਿੰਦੀ ਹੈ: “ਜਿਵੇਂ ਪਿਤਾ ਆਪਣੇ ਬੱਚਿਆਂ ਦਾ ਤਰਸ ਖਾਂਦਾ ਹੈ, ਤਿਵੇਂ ਯਹੋਵਾਹ ਆਪਣੇ ਡਰਨ ਵਾਲਿਆਂ ਦਾ ਤਰਸ ਖਾਂਦਾ ਹੈ।” ਬਾਈਬਲ ਇਹ ਵੀ ਕਹਿੰਦੀ ਹੈ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।”—ਜ਼ਬੂਰ 103:13; 130:3, 4.
ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਨਾਲ ਦੇਖਣਾ ਸਿੱਖੋ। ਇਹ ਗੱਲ ਵੀ ਇਕ ਵਿਅਕਤੀ ਦੀ ਖ਼ੁਸ਼ੀ ਨੂੰ ਵਧਾ ਸਕਦੀ ਹੈ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਆਪਣੇ ਪਿਆਰ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਵਿਚ ਭਰੋਸਾ ਰੱਖਦਾ ਹੈ—ਭਾਵੇਂ ਕਿ ਅਜਿਹੇ ਲੋਕ ਖ਼ੁਦ ਨੂੰ ਘਟੀਆ ਹੀ ਕਿਉਂ ਨਾ ਸਮਝਦੇ ਹੋਣ।—1 ਯੂਹੰਨਾ 3:19, 20.
ਖ਼ੁਸ਼ੀ ਲਈ ਆਸ਼ਾ ਬੜੀ ਜ਼ਰੂਰੀ ਹੈ
ਅੱਜ ਸਹੀ ਮਨੋਬਿਰਤੀ ਦੀ ਧਾਰਣਾ ਕਾਫ਼ੀ ਮਸ਼ਹੂਰ ਹੋ ਰਹੀ ਹੈ। ਇਸ ਧਾਰਣਾ ਮੁਤਾਬਕ ਆਸ਼ਾਵਾਦੀ ਹੋਣ ਨਾਲ ਹੀ ਸੱਚੀ ਖ਼ੁਸ਼ੀ ਪਾਈ ਜਾ ਸਕਦੀ ਹੈ। ਇਹ ਆਸ਼ਾਵਾਦੀ ਨਜ਼ਰੀਆ ਸਹੀ ਸੋਚਣੀ ਤੇ ਆਪਣੇ ਗੁਣਾਂ ਉੱਤੇ ਗੌਰ ਕਰਨ ਨਾਲ ਪੈਦਾ ਕੀਤਾ ਜਾ ਸਕਦਾ ਹੈ। ਜ਼ਿਆਦਾਤਰ ਲੋਕ ਇਹ ਮੰਨਣਗੇ ਕਿ ਜ਼ਿੰਦਗੀ ਅਤੇ ਭਵਿੱਖ ਬਾਰੇ ਆਸ਼ਾਵਾਦੀ ਨਜ਼ਰੀਆ ਸਾਡੀ ਖ਼ੁਸ਼ੀ ਨੂੰ ਵਧਾ ਸਕਦਾ ਹੈ। ਪਰ ਅਜਿਹਾ ਆਸ਼ਾਵਾਦੀ ਨਜ਼ਰੀਆ ਸਿਰਫ਼ ਚੰਗੀ ਸੋਚਣੀ ਉੱਤੇ ਨਹੀਂ, ਸਗੋਂ ਹਕੀਕਤ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਆਸ਼ਾਵਾਦੀ ਨਜ਼ਰੀਆ ਜਾਂ ਸਹੀ ਸੋਚਣੀ ਯੁੱਧ, ਭੁੱਖਮਰੀ, ਬੀਮਾਰੀਆਂ, ਪ੍ਰਦੂਸ਼ਣ, ਬੁਢਾਪੇ ਜਾਂ ਮੌਤ ਵਰਗੇ ਹਾਲਾਤਾਂ ਨੂੰ ਖ਼ਤਮ ਨਹੀਂ ਕਰ ਸਕਦੀ ਜੋ ਬਹੁਤ ਸਾਰੇ ਲੋਕਾਂ ਤੋਂ ਉਨ੍ਹਾਂ ਦੀ ਖ਼ੁਸ਼ੀ ਖੋਹ ਲੈਂਦੇ ਹਨ। ਪਰ ਫਿਰ ਵੀ ਇਨਸਾਨ ਦਾ ਆਸ਼ਾਵਾਦੀ ਹੋਣਾ ਬੜਾ ਜ਼ਰੂਰੀ ਹੈ।
ਹੈਰਾਨੀ ਦੀ ਗੱਲ ਹੈ ਕਿ ਬਾਈਬਲ ਵਿਚ ਆਸ਼ਾਵਾਦੀ ਸ਼ਬਦ ਨਹੀਂ ਪਾਇਆ ਜਾਂਦਾ। ਸਗੋਂ ਇਹ ਇਸ ਤੋਂ ਵੀ ਪ੍ਰਭਾਵਸ਼ਾਲੀ ਸ਼ਬਦ, ਆਸ਼ਾ ਵਰਤਦੀ ਹੈ। ਬਾਈਬਲ ਵਿਚ ਜਿਸ ਅਰਥ ਵਿਚ ਸ਼ਬਦ ਆਸ਼ਾ ਵਰਤਿਆ ਗਿਆ ਹੈ, ਉਸ ਅਨੁਸਾਰ ਵਾਈਨਜ਼ ਕੰਪਲੀਟ ਐਕਸਪੌਜ਼ੀਟਰੀ ਡਿਕਸ਼ਨਰੀ “ਆਸ਼ਾ” ਸ਼ਬਦ ਦੀ ਪਰਿਭਾਸ਼ਾ ਇੰਜ ਦਿੰਦੀ ਹੈ: “ਮਨਭਾਉਂਦੀ ਤੇ ਪੱਕੀ ਉਮੀਦ, . . . ਕਿਸੇ ਚੰਗੇ ਨਤੀਜੇ ਦੀ ਖ਼ੁਸ਼ੀ ਨਾਲ ਆਸ ਰੱਖਣੀ।” ਬਾਈਬਲ ਵਿਚ ਆਸ਼ਾ ਸ਼ਬਦ ਕਿਸੇ ਹਾਲਾਤ ਬਾਰੇ ਆਸ਼ਾਵਾਦੀ ਹੋਣ ਨਾਲੋਂ ਵੱਧ ਅਹਿਮੀਅਤ ਰੱਖਦਾ ਹੈ। ਇਹ ਆਸ਼ਾ ਅਜਿਹੀ ਚੀਜ਼ ਵੱਲ ਇਸ਼ਾਰਾ ਕਰਦੀ ਹੈ ਜਿਸ ਉੱਤੇ ਇਕ ਵਿਅਕਤੀ ਦੀ ਪੱਕੀ ਉਮੀਦ ਟਿਕੀ ਹੋਈ ਹੈ। (ਅਫ਼ਸੀਆਂ 4:4; 1 ਪਤਰਸ 1:3) ਮਿਸਾਲ ਵਜੋਂ, ਮਸੀਹੀ ਆਸ਼ਾ ਰੱਖਦੇ ਹਨ ਕਿ ਪਿਛਲੇ ਪੈਰੇ ਵਿਚ ਦੱਸੇ ਗਏ ਅਣਚਾਹੇ ਹਾਲਾਤਾਂ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। (ਜ਼ਬੂਰ 37:9-11, 29) ਪਰ ਇਸ ਆਸ਼ਾ ਵਿਚ ਹੋਰ ਵੀ ਕਈ ਗੱਲਾਂ ਸ਼ਾਮਲ ਹਨ।
ਮਸੀਹੀ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦੋਂ ਸਾਰੇ ਵਫ਼ਾਦਾਰ ਇਨਸਾਨਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਮੁਕੰਮਲ ਜ਼ਿੰਦਗੀ ਮਿਲੇਗੀ। (ਲੂਕਾ 23:42, 43) ਉਸ ਆਸ਼ਾ ਬਾਰੇ ਪਰਕਾਸ਼ ਦੀ ਪੋਥੀ 21:3, 4 ਕਹਿੰਦਾ ਹੈ: “ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ। . . . ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”
ਜਿਹੜਾ ਵੀ ਇਨਸਾਨ ਅਜਿਹੇ ਭਵਿੱਖ ਦੀ ਆਸ ਰੱਖਦਾ ਹੈ, ਉਹ ਹੁਣ ਵੀ ਖ਼ੁਸ਼ੀ ਪ੍ਰਾਪਤ ਕਰ ਸਕਦਾ ਹੈ, ਭਾਵੇਂ ਹਾਲਾਤ ਮਾੜੇ ਹੀ ਕਿਉਂ ਨਾ ਹੋਣ। (ਯਾਕੂਬ 1:12) ਤਾਂ ਫਿਰ ਤੁਸੀਂ ਕਿਉਂ ਨਹੀਂ ਬਾਈਬਲ ਦੀ ਜਾਂਚ ਕਰਦੇ ਅਤੇ ਪਤਾ ਲਾਉਂਦੇ ਕਿ ਤੁਸੀਂ ਇਸ ਵਿਚ ਕਿਉਂ ਵਿਸ਼ਵਾਸ ਕਰ ਸਕਦੇ ਹੋ। ਹਰ ਰੋਜ਼ ਬਾਈਬਲ ਪੜ੍ਹਨ ਨਾਲ ਆਪਣੀ ਇਸ ਆਸ਼ਾ ਨੂੰ ਮਜ਼ਬੂਤ ਕਰੋ। ਇੰਜ ਕਰਨ ਤੇ ਤੁਸੀਂ ਅਧਿਆਤਮਿਕ ਤੌਰ ਤੇ ਮਾਲਾ-ਮਾਲ ਹੋ ਜਾਓਗੇ। ਤੁਸੀਂ ਅਜਿਹੇ ਕੰਮਾਂ ਤੋਂ ਬਚੋਗੇ ਜੋ ਲੋਕਾਂ ਤੋਂ ਉਨ੍ਹਾਂ ਦੀ ਖ਼ੁਸ਼ੀ ਖੋਹ ਲੈਂਦੇ ਹਨ ਤੇ ਤੁਹਾਨੂੰ ਸੰਤੁਸ਼ਟੀ ਦਾ ਅਹਿਸਾਸ ਹੋਵੇਗਾ। ਜੀ ਹਾਂ, ਸੱਚੀ ਖ਼ੁਸ਼ੀ ਦਾ ਇੱਕੋ-ਇਕ ਰਾਜ਼ ਹੈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ। (ਉਪਦੇਸ਼ਕ 12:13) ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਹੀ ਖ਼ੁਸ਼ੀਆਂ ਭਰੀ ਜ਼ਿੰਦਗੀ ਮਿਲਦੀ ਹੈ ਕਿਉਂਕਿ ਯਿਸੂ ਨੇ ਕਿਹਾ: “ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।”—ਲੂਕਾ 11:28.
[ਫੁਟਨੋਟ]
a ਬੋਧੀ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ।
[ਸਫ਼ੇ 5 ਉੱਤੇ ਤਸਵੀਰ]
ਖ਼ੁਸ਼ੀ ਧਨ-ਦੌਲਤ ਇਕੱਠੀ ਕਰਨ, ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਰੱਖਣ ਜਾਂ ਇਨਸਾਨਾਂ ਦੇ ਸੀਮਿਤ ਗਿਆਨ ਵਿਚ ਭਰੋਸਾ ਰੱਖਣ ਨਾਲ ਨਹੀਂ ਮਿਲ ਸਕਦੀ
[ਸਫ਼ੇ 6 ਉੱਤੇ ਤਸਵੀਰ]
ਪਰਮੇਸ਼ੁਰ ਦੇ ਬਚਨ ਉਤੇ ਚੱਲ ਕੇ ਹੀ ਖ਼ੁਸ਼ੀਆਂ ਭਰੀ ਜ਼ਿੰਦਗੀ ਮਿਲਦੀ ਹੈ
[ਸਫ਼ੇ 7 ਉੱਤੇ ਤਸਵੀਰ]
ਮਸੀਹੀ ਆਸ਼ਾ ਤੋਂ ਇਕ ਵਿਅਕਤੀ ਨੂੰ ਖ਼ੁਸ਼ੀ ਮਿਲਦੀ ਹੈ