ਨੌਵਾਂ ਅਧਿਆਇ
‘ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ’
1-3. (ੳ) ਗਲੀਲ ਦੀ ਝੀਲ ਵਿਚ ਯਿਸੂ ਦੇ ਚੇਲੇ ਕਿਉਂ ਡਰੇ ਹੋਏ ਸਨ ਅਤੇ ਯਿਸੂ ਨੇ ਕੀ ਕੀਤਾ ਸੀ? (ਅ) ਯਿਸੂ ਨੂੰ “ਪਰਮੇਸ਼ੁਰ ਦੀ ਸ਼ਕਤੀ” ਕਿਉਂ ਸੱਦਿਆ ਗਿਆ ਹੈ?
ਚੇਲੇ ਬਹੁਤ ਹੀ ਡਰੇ ਹੋਏ ਸਨ। ਉਹ ਕਿਸ਼ਤੀ ਵਿਚ ਗਲੀਲ ਦੀ ਝੀਲ ਪਾਰ ਕਰ ਰਹੇ ਸਨ ਜਦੋਂ ਤੂਫ਼ਾਨ ਨੇ ਉਨ੍ਹਾਂ ਨੂੰ ਆ ਘੇਰਿਆ। ਅਜਿਹੇ ਤੂਫ਼ਾਨ ਇਸ ਝੀਲ ਤੇ ਆਮ ਸਨ। ਇਨ੍ਹਾਂ ਆਦਮੀਆਂ ਵਿੱਚੋਂ ਕੁਝ ਤਜਰਬੇਕਾਰ ਮਛੇਰੇ ਸਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਅਜਿਹੇ ਤੂਫ਼ਾਨ ਆਉਂਦੇ ਦੇਖੇ ਸਨ।a (ਮੱਤੀ 4:18, 19) ਪਰ ਇਹ ਇਕ “ਵੱਡੀ ਅਨ੍ਹੇਰੀ” ਸੀ ਜਿਸ ਨੇ ਜਲਦੀ ਹੀ ਝੀਲ ਵਿਚ ਵੱਡੀਆਂ-ਵੱਡੀਆਂ ਲਹਿਰਾਂ ਭੜਕਾ ਦਿੱਤੀਆਂ ਸਨ। ਉਹ ਆਦਮੀ ਜ਼ੋਰ-ਜ਼ੋਰ ਨਾਲ ਚੱਪੂ ਚਲਾ ਰਹੇ ਸਨ ਪਰ ਤੂਫ਼ਾਨ ਉਨ੍ਹਾਂ ਨੂੰ ਦਮ ਨਹੀਂ ਲੈਣ ਦਿੰਦਾ ਸੀ। ਲਹਿਰਾਂ ਬੇੜੀ ਨੂੰ ਪਾਣੀ ਨਾਲ ਭਰ ਰਹੀਆਂ ਸਨ। ਇੰਨੀ ਹਲਚਲ ਦੇ ਬਾਵਜੂਦ ਯਿਸੂ ਸਾਰਾ ਦਿਨ ਭੀੜ ਨੂੰ ਸਿਖਾਉਣ ਤੋਂ ਬਾਅਦ ਥੱਕਾ-ਟੁੱਟਾ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਆਪਣੀ ਜਾਨ ਹੱਥੋਂ ਜਾਂਦੀ ਦੇਖ ਕੇ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ: “ਪ੍ਰਭੁ ਜੀ ਬਚਾ! ਅਸੀਂ ਤਾਂ ਮਰ ਚੱਲੇ ਹਾਂ!”—ਮਰਕੁਸ 4:35-38; ਮੱਤੀ 8:23-25.
2 ਯਿਸੂ ਨੂੰ ਕੋਈ ਡਰ ਨਹੀਂ ਸੀ। ਪੂਰੇ ਭਰੋਸੇ ਨਾਲ ਉਸ ਨੇ ਅਨ੍ਹੇਰੀ ਨੂੰ ਦਬਕਾਇਆ ਅਤੇ ਝੀਲ ਨੂੰ ਕਿਹਾ: “ਚੁੱਪ ਕਰ ਥੰਮ੍ਹ ਜਾਹ!” ਅਨ੍ਹੇਰੀ ਅਤੇ ਝੀਲ ਨੇ ਇਕਦਮ ਉਸ ਦਾ ਹੁਕਮ ਮੰਨਿਆ—ਤੂਫ਼ਾਨ ਥੰਮ੍ਹ ਗਿਆ, ਲਹਿਰਾਂ ਸ਼ਾਂਤ ਹੋ ਗਈਆਂ ਅਤੇ ਇਕ “ਵੱਡਾ ਚੈਨ ਹੋ ਗਿਆ।” ਚੇਲੇ ਭੈਭੀਤ ਹੋ ਗਏ। ਉਹ ਆਪਸ ਵਿਚ ਕਹਿਣ ਲੱਗੇ: “ਇਹ ਕੌਣ ਹੈ?” ਵੈਸੇ ਕਿਹੋ ਜਿਹਾ ਆਦਮੀ ਪੌਣ ਅਤੇ ਝੀਲ ਨੂੰ ਇਸ ਤਰ੍ਹਾਂ ਡਾਂਟ ਸਕਦਾ ਹੈ ਜਿਵੇਂ ਕੋਈ ਨਿਆਣੇ ਨੂੰ ਡਾਂਟਦਾ ਹੈ?—ਮਰਕੁਸ 4:39-41; ਮੱਤੀ 8:26, 27.
3 ਪਰ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ। ਯਹੋਵਾਹ ਨੇ ਉਸ ਨੂੰ ਸ਼ਕਤੀ ਦਿੱਤੀ ਸੀ, ਜਿਸ ਨਾਲ ਯਿਸੂ ਵੱਡੇ-ਵੱਡੇ ਕੰਮ ਕਰ ਸਕਦਾ ਸੀ। ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ‘ਮਸੀਹ ਨੂੰ ਪਰਮੇਸ਼ੁਰ ਦੀ ਸ਼ਕਤੀ’ ਸੱਦਿਆ ਸੀ। (1 ਕੁਰਿੰਥੀਆਂ 1:24) ਪਰਮੇਸ਼ੁਰ ਦੀ ਸ਼ਕਤੀ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਰਾਹੀਂ ਪ੍ਰਗਟ ਹੁੰਦੀ ਹੈ? ਨਾਲੇ ਯਿਸੂ ਦੇ ਇਸ ਸ਼ਕਤੀ ਨੂੰ ਵਰਤਣ ਦਾ ਸਾਡੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ?
ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਸ਼ਕਤੀ
4, 5. (ੳ) ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੀ ਕਰਨ ਦੀ ਸ਼ਕਤੀ ਤੇ ਅਧਿਕਾਰ ਸੌਂਪਿਆ ਸੀ? (ਅ) ਯਿਸੂ ਨੇ ਆਪਣੇ ਪਿਤਾ ਦੇ ਸ੍ਰਿਸ਼ਟੀ ਦੇ ਕੰਮ ਕਿਸ ਚੀਜ਼ ਦੀ ਮਦਦ ਨਾਲ ਪੂਰੇ ਕੀਤੇ ਸਨ?
4 ਯਿਸੂ ਦੀ ਉਸ ਸ਼ਕਤੀ ਬਾਰੇ ਜ਼ਰਾ ਸੋਚੋ ਜੋ ਉਸ ਕੋਲ ਧਰਤੀ ਉੱਤੇ ਆਉਣ ਤੋਂ ਪਹਿਲਾਂ ਸੀ। ਯਹੋਵਾਹ ਨੇ ਆਪਣੀ “ਅਨਾਦੀ ਸਮਰੱਥਾ” ਨਾਲ ਆਪਣੇ ਇਕਲੌਤੇ ਪੁੱਤਰ ਨੂੰ ਸ੍ਰਿਸ਼ਟ ਕੀਤਾ ਸੀ ਜੋ ਧਰਤੀ ਉੱਤੇ ਯਿਸੂ ਮਸੀਹ ਵਜੋਂ ਜਾਣਿਆ ਗਿਆ। (ਰੋਮੀਆਂ 1:20; ਕੁਲੁੱਸੀਆਂ 1:15) ਆਪਣੇ ਪੁੱਤਰ ਨੂੰ ਸ੍ਰਿਸ਼ਟ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਬਹੁਤ ਸ਼ਕਤੀ ਤੇ ਅਧਿਕਾਰ ਸੌਂਪਿਆ ਤਾਂਕਿ ਯਿਸੂ ਆਪਣੇ ਪਿਤਾ ਦੇ ਸ੍ਰਿਸ਼ਟੀ ਦੇ ਕੰਮਾਂ ਨੂੰ ਪੂਰਾ ਕਰ ਸਕੇ। ਪਰਮੇਸ਼ੁਰ ਦੇ ਪੁੱਤਰ ਬਾਰੇ ਬਾਈਬਲ ਕਹਿੰਦੀ ਹੈ ਕਿ “ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ।”—ਯੂਹੰਨਾ 1:3.
5 ਯਿਸੂ ਦੀ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਲਈ ਬਹੁਤ ਔਖਾ ਹੈ। ਜ਼ਰਾ ਉਸ ਸ਼ਕਤੀ ਦੀ ਕਲਪਨਾ ਕਰੋ ਜਿਸ ਦੁਆਰਾ ਬਲਵਾਨ ਦੂਤ, ਖਰਬਾਂ ਗਲੈਕਸੀਆਂ ਨਾਲ ਭਰਿਆ ਬ੍ਰਹਿਮੰਡ ਅਤੇ ਧਰਤੀ ਤੇ ਇਸ ਉੱਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਬਣਾਈਆਂ ਗਈਆਂ ਸਨ। ਇਹ ਸਾਰੇ ਕੰਮ ਪੂਰੇ ਕਰਨ ਵਾਸਤੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਇਸ ਸੰਸਾਰ ਦੀ ਸਭ ਤੋਂ ਤਾਕਤਵਰ ਸ਼ਕਤੀ ਦਿੱਤੀ ਗਈ ਸੀ ਯਾਨੀ ਪਰਮੇਸ਼ੁਰ ਦੀ ਪਵਿੱਤਰ ਆਤਮਾ। ਯਹੋਵਾਹ ਨੇ ਆਪਣੇ ਪੁੱਤਰ ਦੇ ਜ਼ਰੀਏ ਸਭ ਕੁਝ ਸ੍ਰਿਸ਼ਟ ਕੀਤਾ ਅਤੇ ਪੁੱਤਰ ਨੇ “ਰਾਜ ਮਿਸਤਰੀ” ਵਜੋਂ ਕੰਮ ਕਰਨ ਦਾ ਆਨੰਦ ਮਾਣਿਆ।—ਕਹਾਉਤਾਂ 8:22-31.
6. ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੂੰ ਕਿਹੋ ਜਿਹੀ ਸ਼ਕਤੀ ਤੇ ਅਧਿਕਾਰ ਮਿਲਿਆ ਸੀ?
6 ਜੀ ਉਠਾਏ ਜਾਣ ਤੋਂ ਬਾਅਦ ਇਸ ਇਕਲੌਤੇ ਪੁੱਤਰ ਨੂੰ ਹੋਰ ਵੀ ਸ਼ਕਤੀ ਤੇ ਅਧਿਕਾਰ ਮਿਲਿਆ ਸੀ। ਯਿਸੂ ਨੇ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਜੀ ਹਾਂ, ਯਿਸੂ ਨੂੰ ਹੁਣ ਹਰ ਜਗ੍ਹਾ ਉੱਤੇ ਇਖ਼ਤਿਆਰ ਦਿੱਤਾ ਗਿਆ ਹੈ। “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” ਹੋਣ ਕਰਕੇ ਯਿਸੂ ਨੂੰ ਆਪਣੇ ਪਿਤਾ ਦੇ ਖ਼ਿਲਾਫ਼ “ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ” ਦਾ ਨਾਸ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। (ਪਰਕਾਸ਼ ਦੀ ਪੋਥੀ 19:16; 1 ਕੁਰਿੰਥੀਆਂ 15:24-26) ਪਰਮੇਸ਼ੁਰ ਨੇ “ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ” ਮਤਲਬ ਕਿ ਯਹੋਵਾਹ ਤੋਂ ਸਿਵਾਇ ਸਭ ਕੁਝ ਯਿਸੂ ਅਧੀਨ ਹੈ।—ਇਬਰਾਨੀਆਂ 2:8; 1 ਕੁਰਿੰਥੀਆਂ 15:27.
7. ਸਾਨੂੰ ਇਸ ਗੱਲ ਦਾ ਪੱਕਾ ਯਕੀਨ ਕਿਉਂ ਹੈ ਕਿ ਯਿਸੂ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਨਹੀਂ ਕਰੇਗਾ?
7 ਕੀ ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਯਿਸੂ ਆਪਣੇ ਅਧਿਕਾਰ ਦਾ ਸ਼ਾਇਦ ਗ਼ਲਤ ਇਸਤੇਮਾਲ ਕਰੇਗਾ? ਬਿਲਕੁਲ ਨਹੀਂ! ਯਿਸੂ ਆਪਣੇ ਪਿਤਾ ਨਾਲ ਸੱਚ-ਮੁੱਚ ਪਿਆਰ ਕਰਦਾ ਹੈ ਅਤੇ ਉਹ ਉਸ ਨੂੰ ਨਾਰਾਜ਼ ਕਰਨ ਲਈ ਕੁਝ ਨਹੀਂ ਕਰੇਗਾ। (ਯੂਹੰਨਾ 8:29; 14:31) ਯਿਸੂ ਇਹ ਵੀ ਜਾਣਦਾ ਹੈ ਕਿ ਯਹੋਵਾਹ ਆਪਣੀ ਮਹਾਨ ਸ਼ਕਤੀ ਦਾ ਗ਼ਲਤ ਇਸਤੇਮਾਲ ਕਦੇ ਨਹੀਂ ਕਰਦਾ। ਉਸ ਨੇ ਖ਼ੁਦ ਦੇਖਿਆ ਹੈ ਕਿ ਯਹੋਵਾਹ “ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ” ਦਿਖਾਉਣ ਦੇ ਮੌਕੇ ਭਾਲਦਾ ਹੈ। (2 ਇਤਹਾਸ 16:9) ਵੈਸੇ ਆਪਣੇ ਪਿਤਾ ਵਾਂਗ ਯਿਸੂ ਵੀ ਇਨਸਾਨਾਂ ਨਾਲ ਪਿਆਰ ਕਰਦਾ ਹੈ, ਇਸ ਕਰਕੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਆਪਣੇ ਅਧਿਕਾਰ ਨੂੰ ਹਮੇਸ਼ਾ ਲੋਕਾਂ ਦੀ ਭਲਾਈ ਲਈ ਹੀ ਵਰਤੇਗਾ। (ਯੂਹੰਨਾ 13:1) ਇਸ ਦੇ ਸੰਬੰਧ ਵਿਚ ਯਿਸੂ ਨੇ ਇਕ ਵਧੀਆ ਰਿਕਾਰਡ ਸਥਾਪਿਤ ਕੀਤਾ ਹੈ। ਆਓ ਆਪਾਂ ਹੁਣ ਦੇਖੀਏ ਕਿ ਜਦੋਂ ਯਿਸੂ ਧਰਤੀ ਤੇ ਸੀ ਉਸ ਨੇ ਆਪਣੇ ਅਧਿਕਾਰ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਸੀ।
“ਬਚਨ ਵਿੱਚ ਸਮਰਥ”
8. ਯਿਸੂ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਨੂੰ ਕੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਨੂੰ ਕਿਸ ਤਰ੍ਹਾਂ ਵਰਤਿਆ ਸੀ?
8 ਜ਼ਾਹਰ ਹੁੰਦਾ ਹੈ ਕਿ ਜਦੋਂ ਯਿਸੂ ਨਾਸਰਤ ਸ਼ਹਿਰ ਵਿਚ ਵੱਡਾ ਹੋ ਰਿਹਾ ਸੀ, ਤਾਂ ਉੱਥੇ ਉਸ ਨੇ ਕੋਈ ਚਮਤਕਾਰ ਨਹੀਂ ਕੀਤਾ ਸੀ। ਪਰ ਸੰਨ 29 ਵਿਚ ਉਸ ਦੇ ਬਪਤਿਸਮੇ ਤੋਂ ਬਾਅਦ ਇਹ ਗੱਲ ਬਦਲ ਗਈ। ਉਸ ਸਮੇਂ ਉਹ ਤਕਰੀਬਨ 30 ਸਾਲਾਂ ਦਾ ਸੀ। (ਲੂਕਾ 3:21-23) ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ।” (ਰਸੂਲਾਂ ਦੇ ਕਰਤੱਬ 10:38) ਉਸ ਨੇ ਲੋਕਾਂ ਦਾ ‘ਭਲਾ ਕੀਤਾ’ ਜਿਸ ਤੋਂ ਜ਼ਾਹਰ ਹੁੰਦਾ ਕਿ ਉਸ ਨੇ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕੀਤਾ ਸੀ। ਉਸ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਹ ‘ਨਬੀ ਬਣਿਆ ਜੋ ਕਰਨੀ ਅਤੇ ਬਚਨ ਵਿੱਚ ਸਮਰਥ ਸੀ।’—ਲੂਕਾ 24:19.
9-11. (ੳ) ਯਿਸੂ ਨੇ ਆਮ ਤੌਰ ਤੇ ਆਪਣੀ ਸਿੱਖਿਆ ਕਿੱਥੇ ਦਿੱਤੀ ਸੀ ਅਤੇ ਉਸ ਨੂੰ ਸਿੱਖਿਆ ਦਿੰਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਿਆ ਸੀ? (ਅ) ਯਿਸੂ ਦੇ ਸਿੱਖਿਆ ਦੇਣ ਦੇ ਤਰੀਕੇ ਤੋਂ ਭੀੜਾਂ ਹੈਰਾਨ ਕਿਉਂ ਹੋਈਆਂ ਸਨ?
9 ਯਿਸੂ ਬਚਨ ਵਿਚ ਸਮਰਥ ਕਿਸ ਤਰ੍ਹਾਂ ਸੀ? ਉਸ ਨੇ ਅਕਸਰ ਝੀਲ ਦੇ ਕਿਨਾਰੇ, ਪਹਾੜੀ ਢਲਾਣਾਂ, ਚੌਂਕਾਂ ਜਾਂ ਬਾਜ਼ਾਰਾਂ ਵਿਚ ਲੋਕਾਂ ਨੂੰ ਸਿੱਖਿਆ ਦਿੱਤੀ ਸੀ। (ਮਰਕੁਸ 6:53-56; ਲੂਕਾ 5:1-3; 13:26) ਜੇ ਸੁਣਨ ਵਾਲਿਆਂ ਨੂੰ ਕੋਈ ਦਿਲਚਸਪੀ ਨਹੀਂ ਸੀ, ਤਾਂ ਉਹ ਉੱਠ ਕੇ ਜਾ ਸਕਦੇ ਸਨ। ਉਸ ਸਮੇਂ ਕਿਤਾਬਾਂ ਨਹੀਂ ਛਾਪੀਆਂ ਜਾਂਦੀਆਂ ਸਨ, ਇਸ ਲਈ ਲੋਕਾਂ ਨੂੰ ਉਸ ਦੀ ਗੱਲ ਸੁਣ ਕੇ ਆਪਣੇ ਦਿਲੋ-ਦਿਮਾਗ਼ ਵਿਚ ਬਿਠਾਉਣੀ ਪੈਂਦੀ ਸੀ। ਯਿਸੂ ਦੀ ਸਿੱਖਿਆ ਦਿਲਚਸਪ ਹੋਣ ਦੇ ਨਾਲ-ਨਾਲ ਆਸਾਨ ਵੀ ਸੀ। ਇਸ ਕਰਕੇ ਲੋਕ ਉਸ ਦੀਆਂ ਗੱਲਾਂ ਨੂੰ ਸਮਝ ਅਤੇ ਯਾਦ ਰੱਖ ਸਕਦੇ ਸਨ। ਪਰ ਯਿਸੂ ਲਈ ਇਹ ਕੋਈ ਔਖੀ ਗੱਲ ਨਹੀਂ ਸੀ। ਮਿਸਾਲ ਲਈ ਪਹਾੜੀ ਉਪਦੇਸ਼ ਉੱਤੇ ਗੌਰ ਕਰੋ।
10 ਸੰਨ 31 ਦੀ ਇਕ ਸਵੇਰ ਗਲੀਲ ਦੀ ਝੀਲ ਦੇ ਲਾਗੇ ਇਕ ਪਹਾੜੀ ਉੱਤੇ ਭੀੜ ਇਕੱਠੀ ਹੋਈ ਸੀ। ਕੁਝ ਲੋਕ ਸੌ ਕੁ ਕਿਲੋਮੀਟਰ ਦੂਰ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ। ਦੂਸਰੇ ਲੋਕ ਉੱਤਰ ਵੱਲੋਂ ਸਾਗਰ ਦੇ ਕਿਨਾਰੇ ਤੇ ਸਥਿਤ ਸੂਰ ਅਤੇ ਸੈਦਾ ਨਾਂ ਦੇ ਸ਼ਹਿਰਾਂ ਤੋਂ ਆਏ ਸਨ। ਕਈ ਰੋਗੀ ਯਿਸੂ ਨੂੰ ਹੱਥ ਲਾਉਣ ਲਈ ਉਸ ਦੇ ਨੇੜੇ ਆਏ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਸੀ। ਸਾਰੇ ਬੀਮਾਰਾਂ ਨੂੰ ਰਾਜ਼ੀ ਕਰਨ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। (ਲੂਕਾ 6:17-19) ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ। ਆਓ ਆਪਾਂ ਦੇਖੀਏ ਕਿਉਂ।
11 ਇਕ ਆਦਮੀ ਨੇ, ਜਿਸ ਨੇ ਕਈ ਸਾਲ ਪਹਿਲਾਂ ਇਹ ਉਪਦੇਸ਼ ਸੁਣਿਆ ਸੀ, ਲਿਖਿਆ: “ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ। ਕਿਉਂ ਜੋ ਉਹ . . . ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।” (ਮੱਤੀ 7:28, 29) ਯਿਸੂ ਇੰਨੇ ਅਧਿਕਾਰ ਨਾਲ ਹਰ ਗੱਲ ਕਹਿ ਰਿਹਾ ਸੀ ਕਿ ਇਸ ਦਾ ਉਨ੍ਹਾਂ ਤੇ ਬਹੁਤ ਅਸਰ ਹੋਇਆ। ਉਹ ਪਰਮੇਸ਼ੁਰ ਲਈ ਬੋਲਦਾ ਸੀ ਅਤੇ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਸਿੱਖਿਆ ਦਿੰਦਾ ਸੀ। (ਯੂਹੰਨਾ 7:16) ਯਿਸੂ ਸਭ ਕੁਝ ਸਾਫ਼-ਸਾਫ਼ ਕਹਿੰਦਾ ਸੀ, ਉਸ ਦੇ ਉਪਦੇਸ਼ ਦਿਲ ਨੂੰ ਕਾਇਲ ਕਰਦੇ ਸਨ ਅਤੇ ਉਸ ਦੀਆਂ ਗੱਲਾਂ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਂਦੇ ਸਨ। ਉਹ ਮਹੱਤਵਪੂਰਣ ਵਿਸ਼ਿਆਂ ਬਾਰੇ ਡੂੰਘੀਆਂ ਗੱਲਾਂ ਸਮਝਾ ਕੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚਦਾ ਸੀ। ਉਸ ਨੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਕਰਨੀ, ਪ੍ਰਾਰਥਨਾ ਕਰਨੀ ਤੇ ਪਰਮੇਸ਼ੁਰ ਦੇ ਰਾਜ ਦੀ ਭਾਲ ਕਰਨੀ ਸਿਖਾਈ ਅਤੇ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਦਾ ਰਾਜ਼ ਦੱਸਿਆ। (ਮੱਤੀ 5:3–7:27) ਉਸ ਦੀ ਸਿੱਖਿਆ ਨੇ ਸੱਚਾਈ ਅਤੇ ਧਾਰਮਿਕਤਾ ਦੇ ਪਿਆਸੇ ਲੋਕਾਂ ਨੂੰ ਕੁਝ ਕਰਨ ਲਈ ਪ੍ਰੇਰਿਆ। ਇਸ ਕਰਕੇ ਕਈ ਲੋਕ ਆਪਣਾ ਸਭ ਕੁਝ ਛੱਡਣ ਤੇ “ਆਪਣੇ ਆਪ ਦਾ ਇਨਕਾਰ” ਕਰਨ ਲਈ ਤਿਆਰ ਸਨ। (ਮੱਤੀ 16:24; ਲੂਕਾ 5:10, 11) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਦੇ ਸ਼ਬਦ ਕਿੰਨੇ ਸ਼ਕਤੀਸ਼ਾਲੀ ਸਨ!
‘ਕਰਨੀ ਵਿੱਚ ਸਮਰਥ’
12, 13. ਯਿਸੂ ‘ਕਰਨੀ ਵਿੱਚ ਸਮਰਥ’ ਕਿਸ ਤਰ੍ਹਾਂ ਸੀ ਅਤੇ ਉਸ ਦੀਆਂ ਕਰਾਮਾਤਾਂ ਵਿਚ ਕੀ-ਕੀ ਸ਼ਾਮਲ ਸੀ?
12 ਯਿਸੂ ‘ਕਰਨੀ ਵਿੱਚ ਵੀ ਸਮਰਥ ਸੀ।’ (ਲੂਕਾ 24:19) ਇੰਜੀਲਾਂ ਵਿਚ ਉਸ ਦੁਆਰਾ ਕੀਤੀਆਂ ਗਈਆਂ 30 ਤੋਂ ਜ਼ਿਆਦਾ ਕਰਾਮਾਤਾਂ ਬਾਰੇ ਦੱਸਿਆ ਗਿਆ ਹੈ। ਇਹ ਸਾਰੀਆਂ ਉਸ ਨੇ “ਪ੍ਰਭੁ ਦੀ ਸਮਰੱਥਾ” ਨਾਲ ਕੀਤੀਆਂ ਸਨ।b (ਲੂਕਾ 5:17) ਯਿਸੂ ਦੀਆਂ ਕਰਾਮਾਤਾਂ ਨੇ ਹਜ਼ਾਰਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਇਆ ਸੀ। ਇਨ੍ਹਾਂ ਵਿੱਚੋਂ ਸਿਰਫ਼ ਦੋ ਕਰਾਮਾਤਾਂ ਨੇ ਹੀ ਕੁਝ 20,000 ਲੋਕਾਂ ਉੱਤੇ ਪ੍ਰਭਾਵ ਪਾਇਆ ਸੀ ਜਦ ਉਸ ਨੇ “ਜਨਾਨੀਆਂ ਅਤੇ ਬਾਲਕਾਂ ਬਿਨਾਂ” 5,000 ਆਦਮੀਆਂ ਅਤੇ ਬਾਅਦ ਵਿਚ 4,000 ਆਦਮੀਆਂ ਨੂੰ ਰੋਟੀ ਖਿਲਾਈ ਸੀ!—ਮੱਤੀ 14:13-21; 15:32-38.
‘ਉਨ੍ਹਾਂ ਨੇ ਯਿਸੂ ਨੂੰ ਝੀਲ ਦੇ ਉੱਤੋਂ ਦੀ ਤੁਰਦਾ ਵੇਖਿਆ’
13 ਯਿਸੂ ਕੋਲ ਵੱਖੋ-ਵੱਖਰੀਆਂ ਕਰਾਮਾਤਾਂ ਕਰਨ ਦੀ ਸ਼ਕਤੀ ਸੀ। ਉਸ ਕੋਲ ਬੁਰੇ ਦੂਤਾਂ ਉੱਤੇ ਅਧਿਕਾਰ ਸੀ ਅਤੇ ਉਹ ਆਸਾਨੀ ਨਾਲ ਉਨ੍ਹਾਂ ਨੂੰ ਲੋਕਾਂ ਵਿੱਚੋਂ ਕੱਢ ਦਿੰਦਾ ਸੀ। (ਲੂਕਾ 9:37-43) ਉਸ ਨੇ ਪਾਣੀ ਨੂੰ ਮੈ ਵਿਚ ਬਦਲ ਕੇ ਦਿਖਾਇਆ ਕਿ ਉਸ ਕੋਲ ਕੁਦਰਤੀ ਪਦਾਰਥਾਂ ਉੱਤੇ ਵੀ ਸ਼ਕਤੀ ਸੀ। (ਯੂਹੰਨਾ 2:1-11) ਉਸ ਨੂੰ ਗਲੀਲ ਦੀ ਝੀਲ ਦੇ ਪਾਣੀਆਂ ਉੱਤੇ ਤੁਰਦਾ ਦੇਖ ਕੇ ਉਸ ਦੇ ਚੇਲੇ ਬਹੁਤ ਹੈਰਾਨ ਹੋਏ ਸਨ। (ਯੂਹੰਨਾ 6:18, 19) ਉਸ ਨੇ ਹਰ ਕਿਸਮ ਦੀ ਬੀਮਾਰੀ ਨੂੰ ਚੰਗਾ ਕਰ ਕੇ ਦਿਖਾਇਆ ਕਿ ਉਸ ਕੋਲ ਰੋਗਾਂ ਉੱਤੇ ਅਧਿਕਾਰ ਸੀ। (ਮਰਕੁਸ 3:1-5; ਯੂਹੰਨਾ 4:46-54) ਯਿਸੂ ਨੇ ਇਹ ਕਰਾਮਾਤਾਂ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀਆਂ ਸਨ। ਉਸ ਨੇ ਕੁਝ ਲੋਕ ਦੂਰੋਂ ਚੰਗੇ ਕੀਤੇ ਸਨ ਅਤੇ ਕੁਝ ਹੱਥ ਲਾ ਕੇ ਚੰਗੇ ਕੀਤੇ ਸਨ। (ਮੱਤੀ 8:2, 3, 5-13) ਕੁਝ ਲੋਕ ਇਕਦਮ ਠੀਕ ਹੋ ਗਏ ਸਨ ਅਤੇ ਕੁਝ ਲੋਕਾਂ ਨੂੰ ਚੰਗਾ ਹੋਣ ਲਈ ਥੋੜ੍ਹਾ ਸਮਾਂ ਲੱਗਾ ਸੀ।—ਮਰਕੁਸ 8:22-25; ਲੂਕਾ 8:43, 44.
14. ਯਿਸੂ ਨੇ ਕਿਹੜੀਆਂ ਹਾਲਤਾਂ ਵਿਚ ਦਿਖਾਇਆ ਸੀ ਕਿ ਉਸ ਕੋਲ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਸੀ?
14 ਯਿਸੂ ਕੋਲ ਤਾਂ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਵੀ ਸ਼ਕਤੀ ਸੀ। ਬਾਈਬਲ ਵਿਚ ਦੱਸੇ ਗਏ ਤਿੰਨ ਮੌਕਿਆਂ ਤੇ ਉਸ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ ਸੀ। ਇਕ ਵਾਰ ਉਸ ਨੇ ਇਕ 12 ਸਾਲਾਂ ਦੀ ਕੁੜੀ ਨੂੰ ਜ਼ਿੰਦਾ ਕੀਤਾ, ਇਕ ਹੋਰ ਵਾਰ ਉਸ ਨੇ ਇਕ ਵਿਧਵਾ ਦਾ ਇਕਲੌਤਾ ਬੇਟਾ ਜ਼ਿੰਦਾ ਕੀਤਾ ਅਤੇ ਇਕ ਹੋਰ ਵਾਰ ਉਸ ਨੇ ਦੋ ਭੈਣਾਂ ਦਾ ਪਿਆਰਾ ਵੀਰ ਜ਼ਿੰਦਾ ਕੀਤਾ। (ਲੂਕਾ 7:11-15; 8:49-56; ਯੂਹੰਨਾ 11:38-44) ਕਿਸੇ ਵੀ ਮੁਰਦੇ ਨੂੰ ਜ਼ਿੰਦਾ ਕਰਨਾ ਉਸ ਲਈ ਔਖਾ ਨਹੀਂ ਸੀ। ਉਸ ਨੇ 12 ਸਾਲਾਂ ਦੀ ਕੁੜੀ ਨੂੰ ਉਸ ਦੇ ਮਰਨ ਤੋਂ ਥੋੜ੍ਹੇ ਹੀ ਸਮੇਂ ਬਾਅਦ ਜ਼ਿੰਦਾ ਕੀਤਾ ਸੀ। ਵਿਧਵਾ ਦੇ ਬੇਟੇ ਨੂੰ ਸ਼ਾਇਦ ਉਸ ਨੇ ਉਸੇ ਦਿਨ ਜ਼ਿੰਦਾ ਕੀਤਾ ਸੀ ਜਦੋਂ ਉਸ ਦਾ ਜਨਾਜ਼ਾ ਜਾ ਰਿਹਾ ਸੀ। ਪਰ ਲਾਜ਼ਰ ਨੂੰ ਕਬਰ ਵਿਚ ਪਏ ਨੂੰ ਚਾਰ ਦਿਨ ਹੋ ਚੁੱਕੇ ਸਨ ਜਦ ਉਸ ਨੂੰ ਜ਼ਿੰਦਾ ਕੀਤਾ ਗਿਆ ਸੀ।
ਦੂਸਰਿਆਂ ਦੇ ਭਲੇ ਲਈ ਸ਼ਕਤੀ ਵਰਤੀ
15, 16. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਨੇ ਆਪਣੀ ਸ਼ਕਤੀ ਨੂੰ ਦੂਸਰਿਆਂ ਦੇ ਭਲੇ ਲਈ ਵਰਤਿਆ ਸੀ?
15 ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਭ੍ਰਿਸ਼ਟ ਹਾਕਮ ਕੀ ਕਰ ਬੈਠਦਾ ਜੇ ਉਸ ਕੋਲ ਯਿਸੂ ਜਿੰਨੀ ਸ਼ਕਤੀ ਹੁੰਦੀ? ਹਾਂ, ਉਹ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਜ਼ਰੂਰ ਕਰਦਾ। ਪਰ ਯਿਸੂ ਵਿਚ ਪਾਪ ਨਹੀਂ ਹੈ। (1 ਪਤਰਸ 2:22) ਉਹ ਨਾ ਖ਼ੁਦਗਰਜ਼, ਨਾ ਅਭਿਲਾਸ਼ੀ ਅਤੇ ਨਾ ਹੀ ਲੋਭੀ ਬਣਿਆ। ਅਜਿਹਿਆਂ ਔਗੁਣਾਂ ਕਰਕੇ ਹੀ ਅਪੂਰਣ ਇਨਸਾਨ ਆਪਣੀ ਤਾਕਤ ਨੂੰ ਦੂਸਰਿਆਂ ਦਾ ਨੁਕਸਾਨ ਕਰਨ ਲਈ ਵਰਤਦੇ ਹਨ।
16 ਯਿਸੂ ਨੇ ਆਪਣੀ ਸ਼ਕਤੀ ਨੂੰ ਆਪਣੇ ਫ਼ਾਇਦੇ ਲਈ ਨਹੀਂ, ਪਰ ਦੂਸਰਿਆਂ ਦੇ ਭਲੇ ਲਈ ਵਰਤਿਆ ਸੀ। ਜਦ ਉਸ ਨੂੰ ਭੁੱਖ ਲੱਗੀ ਸੀ, ਤਾਂ ਉਸ ਨੇ ਪੱਥਰਾਂ ਨੂੰ ਰੋਟੀ ਵਿਚ ਨਹੀਂ ਬਦਲਿਆ। (ਮੱਤੀ 4:1-4) ਉਸ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਸ਼ਕਤੀ ਨਾਲ ਆਪਣੇ ਆਪ ਨੂੰ ਅਮੀਰ ਨਹੀਂ ਬਣਾਇਆ ਸੀ। (ਮੱਤੀ 8:20) ਸਾਡੇ ਕੋਲ ਹੋਰ ਵੀ ਸਬੂਤ ਹੈ ਕਿ ਉਸ ਨੇ ਨਿਰਸੁਆਰਥ ਬਣ ਕੇ ਕਰਾਮਾਤਾਂ ਕੀਤੀਆਂ ਸਨ। ਜਦ ਉਸ ਨੇ ਚਮਤਕਾਰ ਕੀਤੇ ਸਨ, ਤਾਂ ਇਸ ਦਾ ਉਸ ਤੇ ਅਸਰ ਪੈਂਦਾ ਸੀ। ਮਿਸਾਲ ਲਈ ਜਦ ਉਹ ਰੋਗੀਆਂ ਨੂੰ ਚੰਗਾ ਕਰਦਾ ਸੀ, ਤਾਂ ਉਸ ਵਿੱਚੋਂ ਸ਼ਕਤੀ ਨਿਕਲਦੀ ਸੀ। ਉਹ ਸਿਰਫ਼ ਇੱਕੋ ਇਨਸਾਨ ਦੇ ਠੀਕ ਕਰਨ ਵਿਚ ਵੀ ਆਪਣੇ ਆਪ ਵਿੱਚੋਂ ਸ਼ਕਤੀ ਨਿਕਲਦੀ ਮਹਿਸੂਸ ਕਰਦਾ ਸੀ। (ਮਰਕੁਸ 5:25-34) ਇਸ ਦੇ ਬਾਵਜੂਦ ਉਸ ਨੇ ਲੋਕਾਂ ਦੀਆਂ ਭੀੜਾਂ ਨੂੰ ਲਾਗੇ ਆ ਕੇ ਉਸ ਨੂੰ ਹੱਥ ਲਾਉਣ ਦਿੱਤਾ ਅਤੇ ਉਹ ਸਭ ਠੀਕ ਕੀਤੇ ਗਏ ਸਨ। (ਲੂਕਾ 6:19) ਉਹ ਦੂਸਰਿਆਂ ਬਾਰੇ ਕਿੰਨਾ ਸੋਚਦਾ ਸੀ!
17. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਦਾ ਸੀ?
17 ਯਿਸੂ ਨੇ ਆਪਣੀ ਸ਼ਕਤੀ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਵਰਤਿਆ ਸੀ। ਉਸ ਨੇ ਨਾਟ-ਖੇਡ ਜਾਂ ਸਿਰਫ਼ ਦਿਖਾਵੇ ਲਈ ਕਰਾਮਾਤੀ ਕੰਮ ਨਹੀਂ ਕੀਤੇ ਸਨ। (ਮੱਤੀ 4:5-7) ਮਿਸਾਲ ਲਈ ਉਸ ਨੇ ਹੇਰੋਦੇਸ ਨੂੰ ਖ਼ੁਸ਼ ਕਰਨ ਲਈ ਕੋਈ ਕਰਾਮਾਤ ਨਹੀਂ ਕੀਤੀ ਸੀ। (ਲੂਕਾ 23:8, 9) ਆਪਣੀ ਸ਼ਕਤੀ ਦੀ ਨੁਮਾਇਸ਼ ਕਰਨ ਦੀ ਬਜਾਇ ਯਿਸੂ ਨੇ ਅਕਸਰ ਉਨ੍ਹਾਂ ਲੋਕਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ ਜਿਨ੍ਹਾਂ ਨੂੰ ਉਸ ਨੇ ਚੰਗਾ ਕੀਤਾ ਸੀ। (ਮਰਕੁਸ 5:43; 7:36) ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀਆਂ ਵੱਡੀਆਂ-ਵੱਡੀਆਂ ਕਰਾਮਾਤਾਂ ਬਾਰੇ ਸੁਣ ਕੇ ਹੀ ਉਸ ਦੇ ਮਗਰ ਲੱਗਣ।—ਮੱਤੀ 12:15-19.
18-20. (ੳ) ਯਿਸੂ ਨੇ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤੀ ਸੀ? (ਅ) ਤੁਹਾਡਾ ਉਸ ਤਰੀਕੇ ਬਾਰੇ ਕੀ ਵਿਚਾਰ ਹੈ ਜਿਸ ਨਾਲ ਯਿਸੂ ਨੇ ਇਕ ਬੋਲ਼ੇ ਆਦਮੀ ਨੂੰ ਠੀਕ ਕੀਤਾ ਸੀ?
18 ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਯਿਸੂ ਉਨ੍ਹਾਂ ਬੇਰਹਿਮ ਹਾਕਮਾਂ ਵਰਗਾ ਨਹੀਂ ਸੀ ਜਿਨ੍ਹਾਂ ਨੂੰ ਆਪਣੀ ਪਈ ਰਹਿੰਦੀ ਹੈ ਅਤੇ ਜੋ ਦੂਸਰਿਆਂ ਉੱਤੇ ਰੋਹਬ ਪਾਉਂਦੇ ਹਨ। ਯਿਸੂ ਨੂੰ ਲੋਕਾਂ ਦੀ ਪਰਵਾਹ ਸੀ। ਦੁਖੀਆਂ ਨੂੰ ਦੇਖ ਕੇ ਉਸ ਨੂੰ ਤਰਸ ਆਉਂਦਾ ਸੀ ਅਤੇ ਉਹ ਉਨ੍ਹਾਂ ਨੂੰ ਚੰਗਾ ਕਰਨਾ ਚਾਹੁੰਦਾ ਸੀ। (ਮੱਤੀ 14:14) ਉਹ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਤੇ ਜ਼ਰੂਰਤਾਂ ਜਾਣਦਾ ਸੀ ਅਤੇ ਉਨ੍ਹਾਂ ਦੇ ਫ਼ਾਇਦੇ ਲਈ ਆਪਣੀ ਸ਼ਕਤੀ ਵਰਤਦਾ ਸੀ। ਇਸ ਦੀ ਇਕ ਉਦਾਹਰਣ ਮਰਕੁਸ 7:31-37 ਵਿਚ ਮਿਲਦੀ ਹੈ।
19 ਇਸ ਮੌਕੇ ਤੇ ਭੀੜਾਂ ਦੀਆਂ ਭੀੜਾਂ ਯਿਸੂ ਦੇ ਆਲੇ-ਦੁਆਲੇ ਇਕੱਠੀਆਂ ਹੋਈਆਂ ਸਨ। ਉਹ ਲੋਕ ਆਪਣੇ ਨਾਲ ਕਈ ਰੋਗੀਆਂ ਨੂੰ ਲਿਆਏ ਸਨ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕਰ ਦਿੱਤਾ ਸੀ। (ਮੱਤੀ 15:29, 30) ਪਰ ਯਿਸੂ ਨੇ ਇਕ ਆਦਮੀ ਵੱਲ ਖ਼ਾਸ ਧਿਆਨ ਦਿੱਤਾ ਸੀ। ਉਹ ਆਦਮੀ ਬੋਲ਼ਾ ਹੋਣ ਤੋਂ ਇਲਾਵਾ ਥਥਲਾ ਵੀ ਸੀ। ਯਿਸੂ ਨੇ ਸ਼ਾਇਦ ਇਸ ਆਦਮੀ ਦੀ ਪਰੇਸ਼ਾਨੀ ਤੇ ਘਬਰਾਹਟ ਸਮਝੀ ਹੋਵੇ। ਇਸ ਕਰਕੇ ਯਿਸੂ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ। ਫਿਰ ਯਿਸੂ ਨੇ ਇਸ਼ਾਰਿਆਂ ਨਾਲ ਆਦਮੀ ਨੂੰ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ “ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ।”c (ਮਰਕੁਸ 7:33) ਫਿਰ ਯਿਸੂ ਨੇ ਅਕਾਸ਼ ਵੱਲ ਦੇਖ ਕੇ ਦੁਆ ਕਰਨ ਦਾ ਇਸ਼ਾਰਾ ਕੀਤਾ। ਯਿਸੂ ਦੇ ਇਨ੍ਹਾਂ ਇਸ਼ਾਰਿਆਂ ਤੋਂ ਉਸ ਆਦਮੀ ਨੇ ਸਮਝਿਆ ਹੋਣਾ ਕਿ ਯਿਸੂ ਉਸ ਨੂੰ ਇਹ ਕਹਿ ਰਿਹਾ ਸੀ: ‘ਮੈਂ ਜੋ ਤੇਰੇ ਲਈ ਹੁਣ ਕਰਨ ਲੱਗਾ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਕਰ ਰਿਹਾ ਹਾਂ।’ ਅਖ਼ੀਰ ਵਿਚ ਯਿਸੂ ਨੇ ਕਿਹਾ: “ਖੁੱਲ੍ਹ ਜਾਹ।” (ਮਰਕੁਸ 7:34) ਇਸ ਤੋਂ ਬਾਅਦ ਉਸ ਆਦਮੀ ਦੇ ਕੰਨ ਖੁੱਲ੍ਹ ਗਏ ਅਤੇ ਉਹ ਸਹੀ ਤਰ੍ਹਾਂ ਬੋਲਣ ਵੀ ਲੱਗ ਪਿਆ।
20 ਇਹ ਜਾਣ ਕੇ ਸਾਨੂੰ ਕਿੰਨਾ ਅੱਛਾ ਲੱਗਦਾ ਹੈ ਕਿ ਯਿਸੂ ਨੇ ਦੁਖੀਆਂ ਨੂੰ ਚੰਗਾ ਕਰਦੇ ਹੋਏ ਵੀ ਉਨ੍ਹਾਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਿਆ ਸੀ! ਇਸ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨੇ ਆਪਣਾ ਰਾਜ ਇਸ ਪਿਆਰ ਕਰਨ ਵਾਲੇ ਰਹਿਮ-ਦਿਲ ਹਾਕਮ ਦੇ ਹੱਥ ਸੌਂਪਿਆ ਹੈ।
ਆਉਣ ਵਾਲੀਆਂ ਚੀਜ਼ਾਂ ਦੀ ਝਲਕ
21, 22. (ੳ) ਯਿਸੂ ਦੇ ਚਮਤਕਾਰ ਕਿਸ ਚੀਜ਼ ਦੀ ਝਲਕ ਸਨ? (ਅ) ਯਿਸੂ ਕੋਲ ਕੁਦਰਤੀ ਸ਼ਕਤੀਆਂ ਉੱਤੇ ਅਧਿਕਾਰ ਹੋਣ ਕਰਕੇ ਅਸੀਂ ਉਸ ਦੇ ਰਾਜ ਅਧੀਨ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ?
21 ਧਰਤੀ ਤੇ ਯਿਸੂ ਨੇ ਜੋ ਚਮਤਕਾਰ ਕੀਤੇ ਸਨ, ਉਹ ਤਾਂ ਉਸ ਦੇ ਰਾਜ ਅਧੀਨ ਹੋਣ ਵਾਲੀਆਂ ਘਟਨਾਵਾਂ ਦੀ ਛੋਟੀ ਜਿਹੀ ਝਲਕ ਹੀ ਸਨ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਿਸੂ ਫਿਰ ਤੋਂ ਚਮਤਕਾਰ ਕਰੇਗਾ, ਪਰ ਇਸ ਵਾਰ ਪੂਰੀ ਧਰਤੀ ਤੇ! ਜ਼ਰਾ ਉਸ ਸ਼ਾਨਦਾਰ ਭਵਿੱਖ ਬਾਰੇ ਸੋਚੋ।
22 ਯਿਸੂ ਧਰਤੀ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸੁਧਾਰੇਗਾ। ਯਾਦ ਕਰੋ ਕਿ ਉਸ ਨੇ ਇਕ ਤੂਫ਼ਾਨ ਨੂੰ ਸ਼ਾਂਤ ਕਰ ਕੇ ਦਿਖਾਇਆ ਸੀ ਕਿ ਉਸ ਕੋਲ ਕੁਦਰਤੀ ਸ਼ਕਤੀਆਂ ਉੱਤੇ ਅਧਿਕਾਰ ਹੈ। ਤਾਂ ਫਿਰ ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਜਦ ਮਸੀਹ ਰਾਜ ਕਰ ਰਿਹਾ ਹੋਵੇਗਾ, ਤਾਂ ਮਨੁੱਖਜਾਤ ਨੂੰ ਕਿਸੇ ਤੂਫ਼ਾਨ, ਭੁਚਾਲ, ਜੁਆਲਾਮੁਖੀ ਦੇ ਫਟਣ ਜਾਂ ਕਿਸੇ ਹੋਰ ਆਫ਼ਤ ਤੋਂ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ। ਯਿਸੂ ਨੇ ਯਹੋਵਾਹ ਦੇ ਰਾਜ ਮਿਸਤਰੀ ਵਜੋਂ ਧਰਤੀ ਅਤੇ ਉਸ ਦੀ ਹਰ ਚੀਜ਼ ਬਣਾਉਣ ਵਿਚ ਹਿੱਸਾ ਲਿਆ ਹੈ। ਇਸ ਕਰਕੇ ਅਸੀਂ ਜਾਣਦੇ ਹਾਂ ਕਿ ਉਸ ਨੂੰ ਧਰਤੀ ਬਾਰੇ ਪੂਰੀ-ਪੂਰੀ ਜਾਣਕਾਰੀ ਹੈ। ਉਹ ਜਾਣਦਾ ਹੈ ਕਿ ਧਰਤੀ ਦੇ ਪਦਾਰਥ ਕਿਸ ਤਰ੍ਹਾਂ ਵਰਤੇ ਜਾਣੇ ਚਾਹੀਦੇ ਹਨ। ਉਸ ਦੇ ਰਾਜ ਅਧੀਨ ਸਾਰੀ ਧਰਤੀ ਫਿਰਦੌਸ ਵਿਚ ਬਦਲ ਦਿੱਤੀ ਜਾਵੇਗੀ।
23. ਰਾਜਾ ਬਣ ਕੇ ਯਿਸੂ ਮਨੁੱਖਜਾਤ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਕਰੇਗਾ?
23 ਮਨੁੱਖਜਾਤ ਦੀਆਂ ਜ਼ਰੂਰਤਾਂ ਬਾਰੇ ਕੀ? ਯਿਸੂ ਨੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਲੈ ਕੇ ਹਜ਼ਾਰਾਂ ਨੂੰ ਰੋਟੀ ਖਿਲਾਈ ਸੀ। ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਉਸ ਦੇ ਰਾਜ ਅਧੀਨ ਕੋਈ ਵੀ ਭੁੱਖਾ ਨਹੀਂ ਰਹੇਗਾ। ਯਕੀਨਨ ਉਸ ਸਮੇਂ ਚੋਖਾ ਭੋਜਨ ਹੋਵੇਗਾ ਜੋ ਸਾਰਿਆਂ ਨੂੰ ਬਰਾਬਰ-ਬਰਾਬਰ ਵੰਡਿਆ ਜਾਵੇਗਾ ਜਿਸ ਕਰਕੇ ਭੁੱਖ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। (ਜ਼ਬੂਰਾਂ ਦੀ ਪੋਥੀ 72:16) ਬੀਮਾਰੀਆਂ ਨੂੰ ਠੀਕ ਕਰ ਕੇ ਉਸ ਨੇ ਦਿਖਾਇਆ ਸੀ ਕਿ ਭਵਿੱਖ ਵਿਚ ਬੀਮਾਰ, ਅੰਨ੍ਹੇ, ਬੋਲ਼ੇ ਤੇ ਲੂਲ੍ਹੇ-ਲੰਗੜੇ ਸਭ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਚੰਗੇ ਕੀਤੇ ਜਾਣਗੇ। (ਯਸਾਯਾਹ 33:24; 35:5, 6) ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਉਸ ਦੀ ਸ਼ਕਤੀ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਕਿ ਸਵਰਗੀ ਰਾਜਾ ਹੋਣ ਦੇ ਨਾਤੇ ਉਹ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਬੇਸ਼ੁਮਾਰ ਮੁਰਦਿਆਂ ਨੂੰ ਜ਼ਿੰਦਾ ਕਰੇਗਾ ਜਿਨ੍ਹਾਂ ਨੂੰ ਉਸ ਦੇ ਪਿਤਾ ਨੇ ਯਾਦ ਰੱਖਿਆ ਹੈ।—ਯੂਹੰਨਾ 5:28, 29.
24. ਜਦ ਅਸੀਂ ਯਿਸੂ ਦੀ ਸ਼ਕਤੀ ਬਾਰੇ ਸੋਚਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਕਿਉਂ?
24 ਯਿਸੂ ਦੀ ਸ਼ਕਤੀ ਬਾਰੇ ਸੋਚਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੁੱਤਰ ਆਪਣੇ ਪਿਤਾ ਦੀ ਨਕਲ ਪੂਰੀ ਤਰ੍ਹਾਂ ਕਰਦਾ ਹੈ। (ਯੂਹੰਨਾ 14:9) ਇਸ ਲਈ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਯਿਸੂ ਨੇ ਆਪਣੀ ਸ਼ਕਤੀ ਵਰਤੀ ਸੀ ਉਸੇ ਤਰ੍ਹਾਂ ਯਹੋਵਾਹ ਵੀ ਆਪਣੀ ਸ਼ਕਤੀ ਵਰਤਦਾ ਹੈ। ਮਿਸਾਲ ਲਈ, ਜ਼ਰਾ ਸੋਚੋ ਕਿ ਯਿਸੂ ਨੇ ਇਕ ਕੋੜ੍ਹੀ ਨੂੰ ਕਿਸ ਤਰ੍ਹਾਂ ਚੰਗਾ ਕੀਤਾ ਸੀ। ਉਸ ਉੱਤੇ ਤਰਸ ਖਾਂਦੇ ਹੋਏ ਯਿਸੂ ਨੇ ਉਸ ਨੂੰ ਹੱਥ ਲਾ ਕੇ ਕਿਹਾ ਕਿ ਮੈਂ ਤੈਨੂੰ ਚੰਗਾ ਕਰਨਾ “ਚਾਹੁੰਦਾ” ਹਾਂ। (ਮਰਕੁਸ 1:40-42) ਇਨ੍ਹਾਂ ਬਿਰਤਾਂਤਾਂ ਰਾਹੀਂ ਮਾਨੋ ਯਹੋਵਾਹ ਸਾਨੂੰ ਕਹਿ ਰਿਹਾ ਹੈ ਕਿ ‘ਮੈਂ ਆਪਣੀ ਸ਼ਕਤੀ ਇਸ ਤਰ੍ਹਾਂ ਵਰਤਦਾ ਹਾਂ!’ ਕੀ ਤੁਸੀਂ ਆਪਣੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਵਡਿਆਈ ਕਰਨ ਅਤੇ ਉਸ ਦਾ ਸ਼ੁਕਰ ਕਰਨ ਲਈ ਪ੍ਰੇਰਿਤ ਨਹੀਂ ਹੁੰਦੇ ਜੋ ਆਪਣੀ ਸ਼ਕਤੀ ਇੰਨੇ ਪਿਆਰ ਨਾਲ ਵਰਤਦਾ ਹੈ?
a ਗਲੀਲ ਦੀ ਝੀਲ ਵਿਚ ਤੂਫ਼ਾਨਾਂ ਦਾ ਅਚਾਨਕ ਆਉਣਾ ਆਮ ਹੈ। ਇਹ ਝੀਲ ਸਮੁੰਦਰ ਦੀ ਸਤਹ ਤੋਂ 200 ਮੀਟਰ ਨੀਵੀਂ ਹੈ। ਉੱਥੇ ਦੀ ਹਵਾ ਆਲੇ-ਦੁਆਲੇ ਦੀ ਹਵਾ ਨਾਲੋਂ ਗਰਮ ਹੋਣ ਕਰਕੇ ਤੂਫ਼ਾਨ ਪੈਦਾ ਕਰ ਦਿੰਦੀ ਹੈ। ਨਾਲੇ ਉੱਤਰ ਵੱਲੋਂ ਹਰਮੋਨ ਪਹਾੜ ਤੋਂ ਅਨ੍ਹੇਰੀਆਂ ਫਰਾਟੇ ਮਾਰਦੀਆਂ ਯਰਦਨ ਦੀ ਵਾਦੀ ਵਿਚ ਦੀ ਵੱਗਦੀਆਂ ਹਨ। ਉੱਥੇ ਦਾ ਸ਼ਾਂਤ ਮੌਸਮ ਬੜੀ ਜਲਦੀ ਤੂਫ਼ਾਨੀ ਬਣ ਜਾਂਦਾ ਹੈ।
b ਇਸ ਤੋਂ ਇਲਾਵਾ ਇੰਜੀਲਾਂ ਵਿਚ ਕਈ ਵਾਰ ਇਕ ਕਰਾਮਾਤ ਦੇ ਜ਼ਿਕਰ ਥੱਲੇ ਕਈ ਕਰਾਮਾਤਾਂ ਦੀ ਗੱਲ ਕੀਤੀ ਜਾਂਦੀ ਸੀ। ਉਦਾਹਰਣ ਲਈ ਇਕ ਵਾਰ “ਸਾਰਾ ਨਗਰ” ਯਿਸੂ ਨੂੰ ਮਿਲਣ ਆਇਆ ਅਤੇ ਉਸ ਨੇ “ਬਹੁਤਿਆਂ” ਰੋਗੀਆਂ ਨੂੰ ਚੰਗਾ ਕੀਤਾ ਸੀ।—ਮਰਕੁਸ 1:32-34.
c ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਥੁੱਕਣ ਨੂੰ ਰਾਜ਼ੀ ਕਰਨ ਦਾ ਨਿਸ਼ਾਨ ਸਮਝਦੇ ਸਨ। ਯਹੂਦੀ ਰਾਬਿਨੀ ਲਿਖਤਾਂ ਵਿਚ ਥੁੱਕ ਨਾਲ ਇਲਾਜ ਕਰਨ ਬਾਰੇ ਦੱਸਿਆ ਗਿਆ ਹੈ। ਯਿਸੂ ਨੇ ਸ਼ਾਇਦ ਥੁੱਕ ਕੇ ਆਦਮੀ ਨੂੰ ਦੱਸਣਾ ਚਾਹਿਆ ਹੋਵੇ ਕਿ ਉਹ ਉਸ ਨੂੰ ਠੀਕ ਕਰਨ ਵਾਲਾ ਸੀ। ਕਾਰਨ ਜੋ ਮਰਜ਼ੀ ਹੋਵੇ, ਪਰ ਯਿਸੂ ਨੇ ਥੁੱਕ ਨੂੰ ਕਿਸੇ ਕਿਸਮ ਦੇ ਦਵਾ-ਦਾਰੂ ਵਜੋਂ ਨਹੀਂ ਵਰਤਿਆ ਸੀ।