“ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ”
“ਏਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ।”—ਮੱਤੀ 13:34.
1, 2. (ੳ) ਚੰਗੇ ਦ੍ਰਿਸ਼ਟਾਂਤ ਛੇਤੀ ਕਿਉਂ ਨਹੀਂ ਭੁੱਲਦੇ? (ਅ) ਯਿਸੂ ਨੇ ਕਿਹੋ ਜਿਹੇ ਦ੍ਰਿਸ਼ਟਾਂਤ ਦਿੱਤੇ ਸਨ ਅਤੇ ਇਸ ਦੇ ਸੰਬੰਧ ਵਿਚ ਕਿਹੜੇ ਸਵਾਲ ਪੈਦਾ ਹੁੰਦੇ ਹਨ? (ਫੁਟਨੋਟ ਵੀ ਦੇਖੋ।)
ਕੀ ਤੁਸੀਂ ਕੋਈ ਦ੍ਰਿਸ਼ਟਾਂਤ ਯਾਦ ਕਰ ਸਕਦੇ ਹੋ ਜੋ ਤੁਸੀਂ ਸ਼ਾਇਦ ਬਹੁਤ ਸਾਲ ਪਹਿਲਾਂ ਕਿਸੇ ਪਬਲਿਕ ਭਾਸ਼ਣ ਵਿਚ ਸੁਣਿਆ ਸੀ? ਚੰਗੇ ਦ੍ਰਿਸ਼ਟਾਂਤ ਛੇਤੀ ਭੁੱਲਦੇ ਨਹੀਂ ਹਨ। ਇਕ ਲੇਖਕ ਨੇ ਕਿਹਾ ਕਿ ‘ਸਾਡੇ ਕੰਨ ਜੋ ਦ੍ਰਿਸ਼ਟਾਂਤ ਸੁਣਦੇ ਹਨ, ਸਾਡਾ ਮਨ ਉਨ੍ਹਾਂ ਦੀ ਤਸਵੀਰ ਬਣਾਉਂਦਾ ਹੈ।’ ਅਸੀਂ ਤਸਵੀਰਾਂ ਦੀ ਮਦਦ ਨਾਲ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਇਸ ਲਈ ਦ੍ਰਿਸ਼ਟਾਂਤਾਂ ਦਾ ਇਸਤੇਮਾਲ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਨ੍ਹਾਂ ਰਾਹੀਂ ਸ਼ਬਦਾਂ ਵਿਚ ਜਾਨ ਪੈ ਜਾਂਦੀ ਹੈ ਅਤੇ ਸਿੱਖੀਆਂ ਗੱਲਾਂ ਸਾਡੇ ਮਨ ਵਿਚ ਹਮੇਸ਼ਾ ਲਈ ਬੈਠ ਜਾਂਦੀਆਂ ਹਨ।
2 ਧਰਤੀ ਉੱਤੇ ਅੱਜ ਤਕ ਯਿਸੂ ਮਸੀਹ ਜਿੰਨਾ ਮਹਾਨ ਸਿੱਖਿਅਕ ਪੈਦਾ ਨਹੀਂ ਹੋਇਆ। ਯਿਸੂ ਨੇ ਕਈ ਕਹਾਣੀਆਂ ਸੁਣਾਈਆਂ ਜੋ ਲਗਭਗ 2,000 ਸਾਲ ਬਾਅਦ ਅੱਜ ਵੀ ਲੋਕਾਂ ਨੂੰ ਯਾਦ ਹਨ।a ਯਿਸੂ ਨੇ ਸਿਖਾਉਣ ਲਈ ਇਹ ਖ਼ਾਸ ਤਰੀਕਾ ਕਿਉਂ ਵਰਤਿਆ ਸੀ? ਅਤੇ ਉਸ ਦੇ ਦ੍ਰਿਸ਼ਟਾਂਤ ਇੰਨੇ ਅਸਰਦਾਰ ਕਿਉਂ ਸਨ?
ਯਿਸੂ ਨੇ ਦ੍ਰਿਸ਼ਟਾਂਤ ਕਿਉਂ ਵਰਤੇ ਸਨ?
3. (ੳ) ਮੱਤੀ 13:34, 35 ਦੇ ਅਨੁਸਾਰ ਯਿਸੂ ਨੇ ਦ੍ਰਿਸ਼ਟਾਂਤ ਕਿਉਂ ਵਰਤੇ ਸਨ? (ਅ) ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਖਾਉਣ ਦੇ ਇਸ ਢੰਗ ਨੂੰ ਅਹਿਮ ਸਮਝਦਾ ਹੈ?
3 ਬਾਈਬਲ ਸਾਨੂੰ ਦੋ ਖ਼ਾਸ ਕਾਰਨ ਦਿੰਦੀ ਹੈ ਕਿ ਯਿਸੂ ਨੇ ਦ੍ਰਿਸ਼ਟਾਂਤ ਕਿਉਂ ਵਰਤੇ ਸਨ। ਪਹਿਲਾ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਸ ਨੇ ਆਪਣੇ ਬਾਰੇ ਭਵਿੱਖਬਾਣੀ ਪੂਰੀ ਕੀਤੀ। ਮੱਤੀ ਨੇ ਲਿਖਿਆ: “ਏਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ। ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ ਉਹ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ, ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ।” (ਮੱਤੀ 13:34, 35) ਇੱਥੇ ਮੱਤੀ ਉਸ “ਨਬੀ” ਦੀ ਗੱਲ ਕਰ ਰਿਹਾ ਸੀ ਜਿਸ ਨੇ ਜ਼ਬੂਰ 78:2 ਲਿਖਿਆ ਸੀ। ਜ਼ਬੂਰਾਂ ਦੇ ਇਸ ਲਿਖਾਰੀ ਨੇ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੇ ਅਧੀਨ ਯਿਸੂ ਦੇ ਜਨਮ ਤੋਂ ਕਈ ਸਦੀਆਂ ਪਹਿਲਾਂ ਇਹ ਗੱਲ ਲਿਖੀ ਸੀ। ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਸਦੀਆਂ ਪਹਿਲਾਂ ਯਹੋਵਾਹ ਨੇ ਲਿਖਵਾਇਆ ਸੀ ਕਿ ਉਸ ਦਾ ਪੁੱਤਰ ਸਿੱਖਿਆ ਦੇਣ ਲਈ ਦ੍ਰਿਸ਼ਟਾਂਤਾਂ ਨੂੰ ਵਰਤੇਗਾ? ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਿਖਾਉਣ ਦੇ ਇਸ ਢੰਗ ਨੂੰ ਅਹਿਮ ਸਮਝਦਾ ਹੈ।
4. ਯਿਸੂ ਦ੍ਰਿਸ਼ਟਾਂਤਾਂ ਵਿਚ ਗੱਲਾਂ ਕਿਉਂ ਕਰਦਾ ਸੀ?
4 ਦੂਜਾ ਕਾਰਨ ਇਹ ਹੈ ਕਿ ਦ੍ਰਿਸ਼ਟਾਂਤਾਂ ਰਾਹੀਂ ਯਿਸੂ ਨੂੰ ਪਤਾ ਲੱਗ ਜਾਂਦਾ ਸੀ ਕਿ ਕਿਨ੍ਹਾਂ ਲੋਕਾਂ ਦੇ ਦਿਲ ਕਠੋਰ ਸਨ ਅਤੇ ਕਿਨ੍ਹਾਂ ਦੇ ਦਿਲ ਨਿਮਰ ਸਨ। ਇਕ ਵਾਰ “ਭੀੜ” ਨੂੰ ਬੀ ਬੀਜਣ ਵਾਲੇ ਦੀ ਕਹਾਣੀ ਸੁਣਾਉਣ ਤੋਂ ਬਾਅਦ ਯਿਸੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ: “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?” ਯਿਸੂ ਨੇ ਕਿਹਾ: “ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਮੈਂ ਇਸ ਲਈ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਓਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ। ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ, ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ, ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ।”—ਮੱਤੀ 13:2, 10, 11, 13-15; ਯਸਾਯਾਹ 6:9, 10.
5. ਯਿਸੂ ਦੇ ਦ੍ਰਿਸ਼ਟਾਂਤਾਂ ਨੇ ਨਿਮਰ ਤੇ ਘਮੰਡੀ ਲੋਕਾਂ ਨੂੰ ਜੁਦਾ ਕਿਵੇਂ ਕੀਤਾ ਸੀ?
5 ਯਿਸੂ ਦੇ ਦ੍ਰਿਸ਼ਟਾਂਤਾਂ ਵਿਚ ਕਿਹੜੀ ਗੱਲ ਤੋਂ ਪਤਾ ਲੱਗਦਾ ਸੀ ਕਿ ਲੋਕਾਂ ਦੇ ਦਿਲ ਨਿਮਰ ਸਨ ਜਾਂ ਘਮੰਡੀ? ਕਦੀ-ਕਦੀ ਲੋਕਾਂ ਨੂੰ ਉਸ ਦੀਆਂ ਗੱਲਾਂ ਪੂਰੀ ਤਰ੍ਹਾਂ ਸਮਝਣ ਲਈ ਹੋਰ ਪੁੱਛ-ਗਿੱਛ ਕਰਨੀ ਪੈਂਦੀ ਸੀ। ਨਿਮਰ ਲੋਕ ਉਸ ਤੋਂ ਹੋਰ ਜਾਣਕਾਰੀ ਲੈਣ ਲਈ ਪ੍ਰੇਰਿਤ ਹੁੰਦੇ ਸਨ। (ਮੱਤੀ 13:36; ਮਰਕੁਸ 4:34) ਤਾਂ ਫਿਰ ਯਿਸੂ ਦੇ ਦ੍ਰਿਸ਼ਟਾਂਤਾਂ ਨੇ ਉਨ੍ਹਾਂ ਲੋਕਾਂ ਨੂੰ ਸੱਚਾਈ ਦੱਸੀ ਜੋ ਗਿਆਨ ਦੇ ਭੁੱਖੇ ਸਨ ਅਤੇ ਇਸ ਦੇ ਨਾਲ-ਨਾਲ ਉਸ ਦੇ ਦ੍ਰਿਸ਼ਟਾਂਤਾਂ ਨੇ ਘਮੰਡੀ ਲੋਕਾਂ ਤੋਂ ਸੱਚਾਈ ਲੁਕਾ ਕੇ ਰੱਖੀ। ਯਿਸੂ ਕਿੰਨਾ ਵਧੀਆ ਸਿੱਖਿਅਕ ਸੀ! ਆਓ ਆਪਾਂ ਇਸ ਉੱਤੇ ਗੌਰ ਕਰੀਏ ਕਿ ਉਸ ਦੇ ਦ੍ਰਿਸ਼ਟਾਂਤ ਇੰਨੇ ਅਸਰਦਾਰ ਕਿਉਂ ਸਨ।
ਉਸ ਨੇ ਖ਼ਾਸ-ਖ਼ਾਸ ਗੱਲਾਂ ਦੱਸੀਆਂ
6-8. (ੳ) ਪਹਿਲੀ ਸਦੀ ਵਿਚ ਯਿਸੂ ਦੇ ਸੁਣਨ ਵਾਲਿਆਂ ਕੋਲ ਕੀ ਨਹੀਂ ਸੀ? (ਅ) ਕਿਹੜੀਆਂ ਮਿਸਾਲਾਂ ਦਿਖਾਉਂਦੀਆਂ ਹਨ ਕਿ ਯਿਸੂ ਸਿਰਫ਼ ਖ਼ਾਸ ਗੱਲਾਂ ਹੀ ਦੱਸਦਾ ਸੀ?
6 ਕੀ ਤੁਸੀਂ ਕਦੀ ਇਸ ਬਾਰੇ ਸੋਚਿਆ ਹੈ ਕਿ ਪਹਿਲੀ ਸਦੀ ਦੇ ਚੇਲਿਆਂ ਲਈ ਯਿਸੂ ਤੋਂ ਸਿੱਖਿਆ ਲੈਣੀ ਕਿਹੋ ਜਿਹਾ ਤਜਰਬਾ ਸੀ? ਭਾਵੇਂ ਕਿ ਯਿਸੂ ਦੀ ਆਵਾਜ਼ ਸੁਣਨੀ ਉਨ੍ਹਾਂ ਲਈ ਇਕ ਵੱਡਾ ਸਨਮਾਨ ਸੀ, ਪਰ ਉਸ ਦੀਆਂ ਸਿੱਖਿਆਵਾਂ ਕਿਤੇ ਲਿਖੀਆਂ ਹੋਈਆਂ ਨਹੀਂ ਸਨ ਜਿਨ੍ਹਾਂ ਨੂੰ ਉਹ ਪੜ੍ਹ ਕੇ ਉਸ ਦੀਆਂ ਗੱਲਾਂ ਯਾਦ ਰੱਖ ਸਕਦੇ ਸਨ। ਇਸ ਦੀ ਬਜਾਇ ਉਨ੍ਹਾਂ ਨੂੰ ਯਿਸੂ ਦੇ ਸ਼ਬਦ ਆਪਣੇ ਦਿਲਾਂ ਅਤੇ ਮਨਾਂ ਤੇ ਲਿਖਣੇ ਪੈਂਦੇ ਸਨ। ਯਿਸੂ ਨੇ ਦ੍ਰਿਸ਼ਟਾਂਤਾਂ ਵਿਚ ਗੱਲਾਂ ਕੀਤੀਆਂ ਜਿਸ ਕਰਕੇ ਉਨ੍ਹਾਂ ਲਈ ਉਸ ਦੀਆਂ ਸਿੱਖਿਆਵਾਂ ਯਾਦ ਰੱਖਣੀਆਂ ਸੌਖੀਆਂ ਹੋ ਗਈਆਂ। ਉਹ ਕਿਸ ਤਰ੍ਹਾਂ?
7 ਯਿਸੂ ਸਿਰਫ਼ ਖ਼ਾਸ-ਖ਼ਾਸ ਗੱਲਾਂ ਦੱਸਦਾ ਸੀ। ਉਹ ਕਹਾਣੀ ਵਿਚ ਜ਼ਰੂਰੀ ਗੱਲਾਂ ਬੜੇ ਧਿਆਨ ਨਾਲ ਦੱਸਦਾ ਸੀ। ਮਿਸਾਲ ਲਈ, ਉਸ ਨੇ ਦੱਸਿਆ ਕਿ ਕਿੰਨੀਆਂ ਭੇਡਾਂ ਪਿੱਛੇ ਰਹਿ ਗਈਆਂ ਸਨ ਜਦੋਂ ਅਯਾਲੀ ਇਕ ਗੁਆਚੀ ਭੇਡ ਨੂੰ ਲੱਭਣ ਗਿਆ ਸੀ। ਉਸ ਨੇ ਦੱਸਿਆ ਕਿ ਕਾਮਿਆਂ ਨੇ ਅੰਗੂਰੀ ਬਾਗ਼ ਵਿਚ ਕਿੰਨੇ ਘੰਟਿਆਂ ਲਈ ਮਜ਼ਦੂਰੀ ਕੀਤੀ ਸੀ ਅਤੇ ਇਕ ਮਨੁੱਖ ਨੇ ਆਪਣੇ ਚਾਕਰਾਂ ਨੂੰ ਕਿੰਨੇ ਤੋੜੇ ਦਿੱਤੇ ਸਨ।—ਮੱਤੀ 18:12-14; 20:1-16; 25:14-30.
8 ਦ੍ਰਿਸ਼ਟਾਂਤ ਦਿੰਦੇ ਹੋਏ ਯਿਸੂ ਨੇ ਵਾਧੂ ਗੱਲਾਂ ਨਹੀਂ ਦੱਸੀਆਂ ਜੋ ਦ੍ਰਿਸ਼ਟਾਂਤ ਦੇ ਮਤਲਬ ਨੂੰ ਸਮਝਣਾ ਮੁਸ਼ਕਲ ਬਣਾ ਦੇਣ। ਮਿਸਾਲ ਲਈ, ਬੇਰਹਿਮ ਨੌਕਰ ਦੀ ਕਹਾਣੀ ਵਿਚ ਇਹ ਨਹੀਂ ਦੱਸਿਆ ਗਿਆ ਸੀ ਕਿ ਉਸ ਨੌਕਰ ਦੇ ਸਿਰ ਦਸ ਹਜ਼ਾਰ ਤੋੜਿਆਂ ਦਾ ਇੰਨਾ ਵੱਡਾ ਕਰਜ਼ਾ ਕਿਵੇਂ ਚੜ੍ਹਿਆ ਸੀ। ਯਿਸੂ ਮਾਫ਼ ਕਰਨ ਦੀ ਲੋੜ ਉੱਤੇ ਜ਼ੋਰ ਦੇ ਰਿਹਾ ਸੀ। ਇਸ ਕਹਾਣੀ ਵਿਚ ਜ਼ਰੂਰੀ ਗੱਲ ਇਹ ਨਹੀਂ ਸੀ ਕਿ ਉਹ ਨੌਕਰ ਕਰਜ਼ੇ ਵਿਚ ਕਿਵੇਂ ਡੁੱਬਿਆ ਸੀ, ਬਲਕਿ ਇਹ ਸੀ ਕਿ ਉਸ ਦਾ ਸਾਰਾ ਕਰਜ਼ਾ ਮਾਫ਼ ਕਰ ਦਿੱਤਾ ਗਿਆ ਸੀ ਅਤੇ ਕਿ ਇਸ ਤੋਂ ਬਾਅਦ ਉਸ ਨੌਕਰ ਨੇ ਇਕ ਹੋਰ ਨੌਕਰ ਨਾਲ ਕੀ ਕੀਤਾ ਸੀ ਜਿਸ ਨੇ ਉਸ ਤੋਂ ਥੋੜ੍ਹੇ ਜਿਹੇ ਪੈਸੇ ਉਧਾਰ ਲਏ ਸਨ। (ਮੱਤੀ 18:23-35) ਇਸੇ ਤਰ੍ਹਾਂ, ਉਜਾੜੂ ਪੁੱਤਰ ਦੀ ਕਹਾਣੀ ਵਿਚ ਯਿਸੂ ਨੇ ਇਹ ਨਹੀਂ ਸਮਝਾਇਆ ਕਿ ਛੋਟੇ ਪੁੱਤਰ ਨੇ ਅਚਾਨਕ ਜਾਇਦਾਦ ਵਿੱਚੋਂ ਆਪਣਾ ਹਿੱਸਾ ਕਿਉਂ ਮੰਗਿਆ ਸੀ ਅਤੇ ਉਸ ਨੇ ਕਿਉਂ ਸਾਰੀ ਜਾਇਦਾਦ ਉਡਾ ਦਿੱਤੀ ਸੀ। ਪਰ ਯਿਸੂ ਨੇ ਇਹ ਜ਼ਰੂਰ ਦੱਸਿਆ ਕਿ ਜਦੋਂ ਪੁੱਤਰ ਨੇ ਦਿੱਲੋਂ ਤੋਬਾ ਕੀਤੀ ਤੇ ਘਰ ਵਾਪਸ ਆਇਆ, ਤਾਂ ਪਿਤਾ ਨੇ ਆਪਣੇ ਪੁੱਤਰ ਦਾ ਸੁਆਗਤ ਕਿਵੇਂ ਕੀਤਾ ਸੀ। ਪਿਤਾ ਬਾਰੇ ਇਹ ਗੱਲਾਂ ਦੱਸਣੀਆਂ ਲਾਜ਼ਮੀ ਸਨ ਕਿਉਂਕਿ ਯਿਸੂ ਇਹ ਦੱਸਣਾ ਚਾਹੁੰਦਾ ਸੀ ਕਿ ਯਹੋਵਾਹ ਮਾਫ਼ ਕਰਨ ਵਿਚ “ਅੱਤ ਦਿਆਲੂ ਹੈ।”—ਯਸਾਯਾਹ 55:7; ਲੂਕਾ 15:11-32.
9, 10. (ੳ) ਯਿਸੂ ਆਪਣੇ ਦ੍ਰਿਸ਼ਟਾਂਤਾਂ ਵਿਚ ਲੋਕਾਂ ਬਾਰੇ ਕਿਹੜੀਆਂ ਗੱਲਾਂ ਦੱਸਦਾ ਸੀ? (ਅ) ਯਿਸੂ ਨੇ ਆਪਣੇ ਸੁਣਨ ਵਾਲਿਆਂ ਅਤੇ ਹੋਰਨਾਂ ਲਈ ਸੌਖਾ ਕਿਵੇਂ ਬਣਾਇਆ ਕਿ ਉਹ ਉਸ ਦੇ ਦ੍ਰਿਸ਼ਟਾਂਤ ਯਾਦ ਰੱਖ ਸਕਣ?
9 ਯਿਸੂ ਇਸ ਗੱਲ ਦਾ ਵੀ ਧਿਆਨ ਰੱਖਦਾ ਸੀ ਕਿ ਉਹ ਆਪਣੀਆਂ ਕਹਾਣੀਆਂ ਵਿਚ ਲੋਕਾਂ ਬਾਰੇ ਕਿਹੜੀ ਜਾਣਕਾਰੀ ਦਿੰਦਾ ਸੀ। ਯਿਸੂ ਕਿਸੇ ਦੀ ਸ਼ਕਲ-ਸੂਰਤ ਬਾਰੇ ਦੱਸਣ ਦੀ ਬਜਾਇ ਇਸ ਉੱਤੇ ਜ਼ੋਰ ਦਿੰਦਾ ਸੀ ਕਿ ਉਨ੍ਹਾਂ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ ਸੀ। ਮਿਸਾਲ ਲਈ ਯਿਸੂ ਨੇ ਇਹ ਨਹੀਂ ਦੱਸਿਆ ਕਿ ਸਾਮਰੀ ਗੁਆਂਢੀ ਦੇਖਣ ਨੂੰ ਕਿੱਦਾਂ ਸੀ, ਪਰ ਇਸ ਤੋਂ ਮਹੱਤਵਪੂਰਣ ਗੱਲ ਇਹ ਦੱਸੀ ਕਿ ਸਾਮਰੀ ਬੰਦੇ ਨੇ ਇਕ ਜ਼ਖ਼ਮੀ ਯਹੂਦੀ ਦੀ ਕਿਵੇਂ ਮਦਦ ਕੀਤੀ ਸੀ ਜੋ ਰਸਤੇ ਵਿਚ ਪਿਆ ਸੀ। ਯਿਸੂ ਨੇ ਉਹੀ ਗੱਲਾਂ ਦੱਸੀਆਂ ਜੋ ਇਹ ਸਿਖਾਉਣ ਲਈ ਜ਼ਰੂਰੀ ਸਨ ਕਿ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨਾਲ ਹੀ ਪਿਆਰ ਨਹੀਂ ਕਰਨਾ ਚਾਹੀਦਾ ਜੋ ਸਾਡੀ ਜਾਤ ਜਾਂ ਕੌਮ ਦੇ ਹਨ, ਸਗੋਂ ਸਾਰਿਆਂ ਨਾਲ ਪਿਆਰ ਕਰਨਾ ਚਾਹੀਦਾ ਹੈ।—ਲੂਕਾ 10:29, 33-37.
10 ਯਿਸੂ ਨੇ ਦ੍ਰਿਸ਼ਟਾਂਤ ਦੇਣ ਲਈ ਧਿਆਨ ਨਾਲ ਖ਼ਾਸ-ਖ਼ਾਸ ਗੱਲਾਂ ਚੁਣੀਆਂ ਸਨ ਜਿਸ ਕਰਕੇ ਉਸ ਦੇ ਦ੍ਰਿਸ਼ਟਾਂਤ ਵਧੀਆ ਤੇ ਸਪੱਸ਼ਟ ਸਨ। ਇਸ ਤਰ੍ਹਾਂ ਯਿਸੂ ਨੇ ਆਪਣੇ ਸੁਣਨ ਵਾਲਿਆਂ ਲਈ ਅਤੇ ਬਾਅਦ ਵਿਚ ਇੰਜੀਲ ਪੜ੍ਹਨ ਵਾਲਿਆਂ ਲਈ ਸੌਖਾ ਬਣਾਇਆ ਕਿ ਉਹ ਦ੍ਰਿਸ਼ਟਾਂਤ ਯਾਦ ਰੱਖ ਸਕਣ ਅਤੇ ਉਨ੍ਹਾਂ ਤੋਂ ਜ਼ਰੂਰੀ ਗੱਲਾਂ ਸਿੱਖ ਸਕਣ।
ਉਸ ਨੇ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਦ੍ਰਿਸ਼ਟਾਂਤ ਵਰਤੇ
11. ਕੁਝ ਮਿਸਾਲਾਂ ਦਿਓ ਕਿ ਯਿਸੂ ਦੀਆਂ ਕਹਾਣੀਆਂ ਉਨ੍ਹਾਂ ਚੀਜ਼ਾਂ ਬਾਰੇ ਸਨ ਜੋ ਉਸ ਨੇ ਗਲੀਲ ਵਿਚ ਬਚਪਨ ਵਿਚ ਦੇਖੀਆਂ ਸਨ।
11 ਯਿਸੂ ਅਜਿਹੇ ਦ੍ਰਿਸ਼ਟਾਂਤ ਵਰਤਣ ਵਿਚ ਮਾਹਰ ਸੀ ਜੋ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਸਿੱਧਾ ਸੰਬੰਧ ਰੱਖਦੇ ਸਨ। ਉਸ ਦੀਆਂ ਕਈ ਕਹਾਣੀਆਂ ਉਨ੍ਹਾਂ ਚੀਜ਼ਾਂ ਬਾਰੇ ਸਨ ਜੋ ਉਸ ਨੇ ਗਲੀਲ ਵਿਚ ਜ਼ਰੂਰ ਦੇਖੀਆਂ ਹੋਣਗੀਆਂ। ਜ਼ਰਾ ਉਸ ਦੇ ਬਚਪਨ ਬਾਰੇ ਸੋਚੋ। ਉਸ ਨੇ ਕਿੰਨੀ ਵਾਰ ਆਪਣੀ ਮਾਂ ਨੂੰ ਆਟੇ ਵਿਚ ਖ਼ਮੀਰ ਰਲਾਉਂਦੀ ਹੋਈ ਨੂੰ ਦੇਖਿਆ ਹੋਵੇਗਾ? (ਮੱਤੀ 13:33) ਉਸ ਨੇ ਕਿੰਨੀ ਵਾਰ ਮਛਿਆਰਿਆਂ ਨੂੰ ਗਲੀਲ ਦੀ ਝੀਲ ਵਿਚ ਜਾਲ ਸੁੱਟਦੇ ਹੋਏ ਦੇਖਿਆ ਹੋਵੇਗਾ? (ਮੱਤੀ 13:47) ਉਸ ਨੇ ਕਿੰਨੀ ਵਾਰ ਬਜ਼ਾਰ ਵਿਚ ਬੱਚਿਆਂ ਨੂੰ ਖੇਡਦੇ ਹੋਏ ਦੇਖਿਆ ਹੋਵੇਗਾ? (ਮੱਤੀ 11:16) ਇਸ ਤੋਂ ਇਲਾਵਾ ਯਿਸੂ ਨੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਹੋਣਗੀਆਂ ਜਿਵੇਂ ਕਿ ਉਸ ਨੇ ਲੋਕਾਂ ਨੂੰ ਬੀ ਬੀਜਦੇ, ਵਿਆਹ-ਸ਼ਾਦੀਆਂ ਕਰਦੇ-ਕਰਾਉਂਦੇ ਤੇ ਖੇਤਾਂ ਵਿਚ ਧੁੱਪੇ ਫ਼ਸਲਾਂ ਪੱਕਦੀਆਂ ਦੇਖੀਆਂ ਹੋਣਗੀਆਂ। ਇਹ ਸਭ ਚੀਜ਼ਾਂ ਉਸ ਦੇ ਦ੍ਰਿਸ਼ਟਾਂਤਾਂ ਵਿਚ ਮਿਲਦੀਆਂ ਹਨ।—ਮੱਤੀ 13:3-8; 25:1-12; ਮਰਕੁਸ 4:26-29.
12, 13. ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਇਲਾਕੇ ਬਾਰੇ ਜਾਣਦਾ ਸੀ?
12 ਤਾਂ ਫਿਰ ਇਸ ਵਿਚ ਕੋਈ ਹੈਰਾਨੀ ਨਹੀਂ ਕਿ ਯਿਸੂ ਦੇ ਕਈਆਂ ਦ੍ਰਿਸ਼ਟਾਂਤਾਂ ਵਿਚ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧ ਰੱਖਣ ਵਾਲੀਆਂ ਘਟਨਾਵਾਂ ਪਾਈਆਂ ਜਾਂਦੀਆਂ ਹਨ। ਸਿਖਾਉਣ ਵਿਚ ਦ੍ਰਿਸ਼ਟਾਂਤ ਇਸਤੇਮਾਲ ਕਰਨ ਦੀ ਅਹਿਮੀਅਤ ਸਮਝਣ ਵਾਸਤੇ ਇਸ ਗੱਲ ਉੱਤੇ ਗੌਰ ਕਰਨਾ ਜ਼ਰੂਰੀ ਹੈ ਕਿ ਯਹੂਦੀ ਲੋਕਾਂ ਲਈ ਉਸ ਦੇ ਸ਼ਬਦਾਂ ਦਾ ਕੀ ਮਤਲਬ ਸੀ। ਆਓ ਆਪਾਂ ਦੋ ਉਦਾਹਰਣਾਂ ਦੇਖੀਏ।
13 ਪਹਿਲੀ, ਕਣਕ ਅਤੇ ਜੰਗਲੀ ਬੂਟੀ ਦੇ ਦ੍ਰਿਸ਼ਟਾਂਤ ਵਿਚ ਯਿਸੂ ਨੇ ਅਜਿਹੇ ਮਨੁੱਖ ਬਾਰੇ ਦੱਸਿਆ ਜਿਸ ਨੇ ਆਪਣੇ ਖੇਤ ਵਿਚ ਕਣਕ ਬੀਜੀ, ਪਰ ਇਕ “ਵੈਰੀ” ਖੇਤ ਵਿਚ ਆਣ ਕੇ ਜੰਗਲੀ ਬੂਟੀ ਬੀਜ ਗਿਆ। ਯਿਸੂ ਨੇ ਖੇਤੀਬਾੜੀ ਦੀ ਗੱਲ ਕਿਉਂ ਕੀਤੀ ਸੀ? ਯਾਦ ਰੱਖੋ ਕਿ ਉਸ ਨੇ ਇਹ ਦ੍ਰਿਸ਼ਟਾਂਤ ਗਲੀਲ ਦੀ ਝੀਲ ਨੇੜੇ ਦੱਸਿਆ ਸੀ ਅਤੇ ਉੱਥੇ ਦੇ ਲੋਕਾਂ ਦਾ ਕੰਮ ਖੇਤੀਬਾੜੀ ਸੀ। ਇਕ ਕਿਸਾਨ ਲਈ ਇਸ ਤੋਂ ਵੱਡਾ ਨੁਕਸਾਨ ਕੀ ਹੋ ਸਕਦਾ ਸੀ ਕਿ ਉਸ ਦੇ ਖੇਤ ਵਿਚ ਇਕ ਦੁਸ਼ਮਣ ਆਣ ਕੇ ਜੰਗਲੀ ਬੂਟੀ ਬੀਜ ਜਾਵੇ? ਉਸ ਸਮੇਂ ਦੇ ਕਾਨੂੰਨਾਂ ਤੋਂ ਪਤਾ ਲੱਗਦਾ ਹੈ ਕਿ ਇੱਦਾਂ ਸੱਚੀਂ ਹੁੰਦਾ ਸੀ। ਕੀ ਇਹ ਸਪੱਸ਼ਟ ਨਹੀਂ ਹੈ ਕਿ ਯਿਸੂ ਨੇ ਅਜਿਹੀ ਸਥਿਤੀ ਬਾਰੇ ਗੱਲ ਕੀਤੀ ਜੋ ਉਸ ਦੇ ਸੁਣਨ ਵਾਲੇ ਸਮਝ ਸਕਦੇ ਸਨ?—ਮੱਤੀ 13:1, 2, 24-30.
14. ਸਾਮਰੀ ਗੁਆਂਢੀ ਦੀ ਕਹਾਣੀ ਵਿਚ ਇਹ ਗੱਲ ਅਹਿਮ ਕਿਉਂ ਹੈ ਕਿ ਯਿਸੂ ਨੇ ਉਸ ਰਸਤੇ ਬਾਰੇ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦਾ ਸੀ?
14 ਦੂਜੀ, ਸਾਮਰੀ ਗੁਆਂਢੀ ਦੀ ਕਹਾਣੀ ਨੂੰ ਯਾਦ ਕਰੋ। ਯਿਸੂ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ: “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾਂਦਾ ਸੀ ਅਤੇ ਡਾਕੂਆਂ ਦੇ ਕਾਬੂ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਨੰਗਾ ਕਰ ਕੇ ਮਾਰਿਆ ਅਰ ਅਧਮੋਇਆ ਛੱਡ ਕੇ ਚੱਲੇ ਗਏ।” (ਲੂਕਾ 10:30) ਇਹ ਗੱਲ ਅਹਿਮ ਹੈ ਕਿ ਯਿਸੂ ਨੇ ਉਸ ਰਸਤੇ ਦੀ ਗੱਲ ਕੀਤੀ ਜੋ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦਾ ਸੀ। ਜਦੋਂ ਯਿਸੂ ਇਹ ਕਹਾਣੀ ਦੱਸ ਰਿਹਾ ਸੀ, ਤਾਂ ਉਹ ਯਹੂਦਿਯਾ ਵਿਚ ਸੀ ਜੋ ਯਰੂਸ਼ਲਮ ਦੇ ਨੇੜੇ ਸੀ। ਇਸ ਲਈ ਸੰਭਵ ਹੈ ਕਿ ਉਸ ਦੇ ਸੁਣਨ ਵਾਲੇ ਇਸ ਰਸਤੇ ਨੂੰ ਜਾਣਦੇ ਸਨ। ਇਹ ਰਸਤਾ ਕਾਫ਼ੀ ਖ਼ਤਰਨਾਕ ਸੀ, ਖ਼ਾਸ ਕਰਕੇ ਜੇ ਇਕੱਲਾ ਮੁਸਾਫ਼ਰ ਉੱਧਰੋਂ ਦੀ ਲੰਘਦਾ ਹੋਵੇ। ਇਸ ਰਸਤੇ ਵਿਚ ਬਹੁਤ ਮੋੜ-ਘੇੜ ਸਨ ਤੇ ਇਹ ਵਿਰਾਨ ਜਗ੍ਹਾ ਵਿੱਚੋਂ ਦੀ ਲੰਘਦਾ ਸੀ, ਇਸ ਲਈ ਡਾਕੂਆਂ ਲਈ ਲੁਕਣ ਵਾਸਤੇ ਕਾਫ਼ੀ ਥਾਂ ਸੀ।
15. ਸਾਮਰੀ ਗੁਆਂਢੀ ਦੇ ਦ੍ਰਿਸ਼ਟਾਂਤ ਵਿਚ ਕੋਈ ਵੀ ਵਿਅਕਤੀ ਜਾਜਕ ਅਤੇ ਲੇਵੀ ਦੇ ਹੱਕ ਵਿਚ ਸਫ਼ਾਈ ਕਿਉਂ ਨਹੀਂ ਪੇਸ਼ ਕਰ ਸਕਦਾ ਸੀ?
15 “ਯਰੂਸ਼ਲਮ ਤੋਂ ਯਰੀਹੋ ਨੂੰ” ਜਾਂਦੇ ਰਸਤੇ ਬਾਰੇ ਇਕ ਹੋਰ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਹਾਣੀ ਦੇ ਅਨੁਸਾਰ ਪਹਿਲਾਂ ਇਕ ਜਾਜਕ, ਫਿਰ ਇਕ ਲੇਵੀ ਉਸ ਰਸਤਿਓਂ ਉਤਰਿਆ, ਪਰ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਉਸ ਬੰਦੇ ਦੀ ਮਦਦ ਨਹੀਂ ਕੀਤੀ ਸੀ। (ਲੂਕਾ 10:31, 32) ਜਾਜਕ ਯਰੂਸ਼ਲਮ ਦੀ ਹੈਕਲ ਵਿਚ ਸੇਵਾ ਕਰਦੇ ਸਨ ਅਤੇ ਲੇਵੀ ਉਨ੍ਹਾਂ ਦੀ ਸਹਾਇਤਾ ਕਰਦੇ ਸਨ। ਕਈ ਜਾਜਕ ਅਤੇ ਲੇਵੀ ਯਰੀਹੋ ਵਿਚ ਰਹਿੰਦੇ ਸਨ ਜਦੋਂ ਉਹ ਹੈਕਲ ਵਿਚ ਸੇਵਾ ਨਹੀਂ ਕਰ ਰਹੇ ਹੁੰਦੇ ਸਨ ਕਿਉਂਕਿ ਯਰੀਹੋ ਯਰੂਸ਼ਲਮ ਤੋਂ ਸਿਰਫ਼ 23 ਕਿਲੋਮੀਟਰ ਦੂਰ ਸੀ। ਇਸ ਲਈ ਉਹ ਅਕਸਰ ਇਸ ਰਸਤਿਓਂ ਲੰਘਦੇ ਸਨ। ਇਹ ਵੀ ਧਿਆਨ ਦਿਓ ਕਿ ਜਾਜਕ ਅਤੇ ਲੇਵੀ “ਯਰੂਸ਼ਲਮ ਤੋਂ” ਆ ਰਹੇ ਸਨ ਮਤਲਬ ਕਿ ਉਹ ਹੈਕਲ ਤੋਂ ਵਾਪਸ ਆ ਰਹੇ ਸਨ।b (ਟੇਢੇ ਟਾਈਪ ਸਾਡੇ।) ਇਸ ਲਈ ਉਨ੍ਹਾਂ ਦੀ ਲਾਪਰਵਾਹੀ ਦੇ ਸੰਬੰਧ ਵਿਚ ਕੋਈ ਇਹ ਨਹੀਂ ਕਹਿ ਸਕਦਾ ਕਿ ‘ਇਹ ਬੰਦੇ ਉਸ ਜ਼ਖਮੀ ਆਦਮੀ ਤੋਂ ਇਸ ਲਈ ਦੂਰ ਰਹੇ ਕਿਉਂਕਿ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਦਮੀ ਮਰਿਆ ਪਿਆ ਸੀ ਅਤੇ ਜੇ ਉਹ ਲਾਸ਼ ਨੂੰ ਹੱਥ ਲਾ ਦਿੰਦੇ, ਤਾਂ ਉਹ ਸੱਤਾਂ ਦਿਨਾਂ ਲਈ ਅਸ਼ੁੱਧ ਹੋਣ ਕਰਕੇ ਹੈਕਲ ਵਿਚ ਸੇਵਾ ਨਾ ਕਰ ਪਾਉਂਦੇ।’ (ਲੇਵੀਆਂ 21:1; ਗਿਣਤੀ 19:11, 16) ਇਸ ਤੋਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਦੇ ਦ੍ਰਿਸ਼ਟਾਂਤ ਵਿਚ ਉਹ ਗੱਲਾਂ ਸਨ ਜੋ ਉਸ ਦੇ ਸੁਣਨ ਵਾਲੇ ਜਾਣਦੇ ਸਨ।
ਉਸ ਨੇ ਸ੍ਰਿਸ਼ਟੀ ਦੀਆਂ ਉਦਾਹਰਣਾਂ ਵਰਤੀਆਂ
16. ਇਹ ਹੈਰਾਨੀ ਦੀ ਗੱਲ ਕਿਉਂ ਨਹੀਂ ਕਿ ਯਿਸੂ ਸ੍ਰਿਸ਼ਟੀ ਬਾਰੇ ਬਹੁਤ ਕੁਝ ਜਾਣਦਾ ਸੀ?
16 ਯਿਸੂ ਦੇ ਕਈ ਦ੍ਰਿਸ਼ਟਾਂਤ ਅਤੇ ਉਸ ਦੀਆਂ ਕਈ ਕਹਾਣੀਆਂ ਦਿਖਾਉਂਦੀਆਂ ਹਨ ਕਿ ਯਿਸੂ ਪੌਦਿਆਂ, ਜਾਨਵਰਾਂ ਅਤੇ ਮੌਸਮ ਬਾਰੇ ਬਹੁਤ ਕੁਝ ਜਾਣਦਾ ਸੀ। (ਮੱਤੀ 6:26, 28-30; 16:2, 3) ਉਸ ਨੂੰ ਇਹ ਗਿਆਨ ਕਿੱਥੋਂ ਮਿਲਿਆ ਸੀ? ਗਲੀਲ ਵਿਚ ਵੱਡੇ ਹੁੰਦੇ ਹੋਏ ਉਸ ਨੇ ਕਈ ਵਾਰ ਯਹੋਵਾਹ ਦੀ ਰਚਨਾ ਵੱਲ ਧਿਆਨ ਦਿੱਤਾ ਹੋਣਾ। ਇਸ ਤੋਂ ਇਲਾਵਾ ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ” ਅਤੇ ਯਹੋਵਾਹ ਨੇ ਉਸ ਨੂੰ ਸਭ ਕੁਝ ਬਣਾਉਣ ਲਈ “ਰਾਜ ਮਿਸਤਰੀ” ਵਜੋਂ ਇਸਤੇਮਾਲ ਕੀਤਾ ਸੀ। (ਕੁਲੁੱਸੀਆਂ 1:15, 16; ਕਹਾਉਤਾਂ 8:30, 31) ਇਸੇ ਕਰਕੇ ਤਾਂ ਉਹ ਸ੍ਰਿਸ਼ਟੀ ਬਾਰੇ ਬਹੁਤ ਕੁਝ ਜਾਣਦਾ ਸੀ। ਆਓ ਆਪਾਂ ਦੇਖੀਏ ਕਿ ਉਸ ਨੇ ਸਿੱਖਿਆ ਦੇਣ ਲਈ ਇਹ ਗਿਆਨ ਕਿਵੇਂ ਵਰਤਿਆ ਸੀ।
17, 18. (ੳ) ਯੂਹੰਨਾ ਦੇ 10ਵੇਂ ਅਧਿਆਇ ਵਿਚ ਯਿਸੂ ਦੇ ਸ਼ਬਦ ਕਿਵੇਂ ਦਿਖਾਉਂਦੇ ਹਨ ਕਿ ਉਹ ਭੇਡਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ? (ਅ) ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਨੂੰ ਜਾਣ ਵਾਲੇ ਲੋਕਾਂ ਨੇ ਅਯਾਲੀ ਅਤੇ ਭੇਡਾਂ ਦੇ ਰਿਸ਼ਤੇ ਬਾਰੇ ਕੀ ਦੇਖਿਆ ਹੈ?
17 ਯਿਸੂ ਦਾ ਇਕ ਸਭ ਤੋਂ ਕੋਮਲ ਭਾਵਨਾ ਵਾਲਾ ਦ੍ਰਿਸ਼ਟਾਂਤ ਯੂਹੰਨਾ ਦੇ 10ਵੇਂ ਅਧਿਆਇ ਵਿਚ ਮਿਲਦਾ ਹੈ। ਇਸ ਵਿਚ ਉਸ ਨੇ ਆਪਣੇ ਚੇਲਿਆਂ ਨਾਲ ਆਪਣੇ ਗੂੜ੍ਹੇ ਰਿਸ਼ਤੇ ਦੀ ਤੁਲਨਾ ਇਕ ਅਯਾਲੀ ਅਤੇ ਉਸ ਦੀਆਂ ਭੇਡਾਂ ਵਿਚ ਰਿਸ਼ਤੇ ਨਾਲ ਕੀਤੀ। ਯਿਸੂ ਦੇ ਸ਼ਬਦ ਦਿਖਾਉਂਦੇ ਹਨ ਕਿ ਉਹ ਭੇਡਾਂ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਕਿਹਾ ਕਿ ਭੇਡਾਂ ਵਫ਼ਾਦਾਰੀ ਨਾਲ ਆਪਣੇ ਅਯਾਲੀ ਦੇ ਮਗਰ-ਮਗਰ ਜਾਂਦੀਆਂ ਹਨ ਅਤੇ ਅਯਾਲੀ ਲਈ ਉਨ੍ਹਾਂ ਦੀ ਅਗਵਾਈ ਕਰਨੀ ਸੌਖੀ ਹੁੰਦੀ ਹੈ। (ਯੂਹੰਨਾ 10:2-4) ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਨੂੰ ਜਾਣ ਵਾਲੇ ਕਈਆਂ ਲੋਕਾਂ ਨੇ ਅਯਾਲੀ ਅਤੇ ਭੇਡਾਂ ਦਾ ਇਹ ਅਨੋਖਾ ਰਿਸ਼ਤਾ ਦੇਖਿਆ ਹੈ। ਉੱਨੀਵੀਂ ਸਦੀ ਵਿਚ ਵਿਗਿਆਨੀ ਹੈਨਰੀ ਟ੍ਰਿਸਟ੍ਰਮ ਨੇ ਲਿਖਿਆ: ‘ਇਕ ਵਾਰ ਮੈਂ ਅਯਾਲੀ ਨੂੰ ਆਪਣੀਆਂ ਭੇਡਾਂ ਨਾਲ ਖੇਡਦੇ ਦੇਖਿਆ। ਉਹ ਝੂਠੀ-ਮੂਠੀ ਉਨ੍ਹਾਂ ਤੋਂ ਭੱਜ ਗਿਆ ਤੇ ਭੇਡਾਂ ਵੀ ਉਸ ਦੇ ਮਗਰ-ਮਗਰ ਦੌੜੀਆਂ ਅਤੇ ਉਨ੍ਹਾਂ ਨੇ ਉਸ ਨੂੰ ਘੇਰ ਲਿਆ। ਫਿਰ ਉਹ ਉਸ ਦੇ ਆਲੇ-ਦੁਆਲੇ ਨੱਚਣ-ਟੱਪਣ ਲੱਗ ਪਈਆਂ।’
18 ਭੇਡਾਂ ਆਪਣੇ ਅਯਾਲੀ ਦੇ ਮਗਰ ਕਿਉਂ ਜਾਂਦੀਆਂ ਹਨ? ਯਿਸੂ ਨੇ ਕਿਹਾ: “ਕਿਉਂ ਜੋ ਓਹ ਉਸ ਦੀ ਅਵਾਜ਼ ਪਛਾਣਦੀਆਂ ਹਨ।” (ਯੂਹੰਨਾ 10:4) ਕੀ ਭੇਡਾਂ ਸੱਚ-ਮੁੱਚ ਆਪਣੇ ਅਯਾਲੀ ਦੀ ਆਵਾਜ਼ ਪਛਾਣਦੀਆਂ ਹਨ? ਇਕ ਲੇਖਕ ਨੇ ਆਪਣੇ ਤਜਰਬੇ ਤੋਂ ਲਿਖਿਆ: “ਕਦੀ-ਕਦੀ ਅਸੀਂ ਦੁਪਹਿਰ ਨੂੰ ਯਹੂਦਿਯਾ ਦੇ ਖੂਹਾਂ ਕੋਲ ਆਰਾਮ ਕਰਦੇ ਹੁੰਦੇ ਸੀ ਜਿੱਥੇ ਤਿੰਨ ਜਾਂ ਚਾਰ ਅਯਾਲੀ ਆਪਣੀਆਂ ਭੇਡਾਂ ਲੈ ਕੇ ਆਉਂਦੇ ਸਨ। ਇਹ ਸਾਰੀਆਂ ਭੇਡਾਂ ਇਕ ਦੂਜੀ ਨਾਲ ਰਲ-ਮਿਲ ਜਾਂਦੀਆਂ ਸਨ ਅਤੇ ਅਸੀਂ ਸੋਚਦੇ ਹੁੰਦੇ ਸੀ ਕਿ ਇਹ ਅਯਾਲੀ ਆਪੋ-ਆਪਣੀਆਂ ਭੇਡਾਂ ਕਿੱਦਾਂ ਪਛਾਣਨਗੇ। ਪਰ ਜਦੋਂ ਭੇਡਾਂ ਪਾਣੀ ਪੀ ਕੇ ਖੇਡ ਹਟਦੀਆਂ, ਤਾਂ ਅਯਾਲੀ ਇਕ ਦੂਜੇ ਤੋਂ ਦੂਰ-ਦੂਰ ਖੜ੍ਹ ਜਾਂਦੇ ਅਤੇ ਉਹ ਆਪੋ-ਆਪਣੀਆਂ ਭੇਡਾਂ ਨੂੰ ਆਵਾਜ਼ ਮਾਰਦੇ। ਸਾਰੀਆਂ ਭੇਡਾਂ ਆਪੋ-ਆਪਣੇ ਅਯਾਲੀ ਵੱਲ ਚੱਲੀਆਂ ਜਾਂਦੀਆਂ ਅਤੇ ਜਿੱਦਾਂ ਆਉਂਦੀਆਂ ਸਨ, ਉਦਾਂ ਹੀ ਚੱਲੀਆਂ ਜਾਂਦੀਆਂ।” ਯਿਸੂ ਆਪਣੀ ਗੱਲ ਸਮਝਾਉਣ ਲਈ ਇਸ ਤੋਂ ਵਧੀਆ ਦ੍ਰਿਸ਼ਟਾਂਤ ਨਹੀਂ ਵਰਤ ਸਕਦਾ ਸੀ। ਜੇ ਅਸੀਂ ਉਸ ਦੀਆਂ ਸਿੱਖਿਆਵਾਂ ਜਾਣੀਏ ਅਤੇ ਇਨ੍ਹਾਂ ਉੱਤੇ ਚੱਲੀਏ, ਤਾਂ ਇਹ “ਅੱਛਾ ਅਯਾਲੀ” ਪਿਆਰ ਅਤੇ ਕੋਮਲਤਾ ਨਾਲ ਸਾਡੀ ਦੇਖ-ਭਾਲ ਕਰੇਗਾ।—ਯੂਹੰਨਾ 10:11.
ਉਸ ਨੇ ਮਸ਼ਹੂਰ ਘਟਨਾਵਾਂ ਦਾ ਜ਼ਿਕਰ ਕੀਤਾ
19. ਇਕ ਸਿੱਖਿਆ ਨੂੰ ਗ਼ਲਤ ਸਾਬਤ ਕਰਨ ਲਈ ਯਿਸੂ ਨੇ ਇਕ ਜਾਣੀ-ਪਛਾਣੀ ਘਟਨਾ ਕਿਵੇਂ ਇਸਤੇਮਾਲ ਕੀਤੀ ਸੀ?
19 ਚੰਗੇ ਦ੍ਰਿਸ਼ਟਾਂਤ ਘਟਨਾਵਾਂ ਜਾਂ ਉਦਾਹਰਣਾਂ ਉੱਤੇ ਆਧਾਰਿਤ ਹੋ ਸਕਦੇ ਹਨ ਜਿਨ੍ਹਾਂ ਤੋਂ ਅਸੀਂ ਸਬਕ ਸਿੱਖ ਸਕਦੇ ਹਾਂ। ਇਕ ਵਾਰ ਯਿਸੂ ਨੇ ਇਕ ਮਸ਼ਹੂਰ ਘਟਨਾ ਬਾਰੇ ਗੱਲ ਕਰਦੇ ਹੋਏ ਮਾੜੇ ਕਰਮਾਂ ਦੀ ਸਿੱਖਿਆ ਨੂੰ ਗ਼ਲਤ ਸਾਬਤ ਕੀਤਾ। ਉਸ ਨੇ ਕਿਹਾ: “ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਢੱਠਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਭਲਾ, ਤੁਸੀਂ ਏਹ ਸਮਝਦੇ ਹੋ ਜੋ ਓਹ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਨਾਲੋਂ ਵੱਡੇ ਪਾਪੀ ਸਨ?” (ਲੂਕਾ 13:4) ਯਿਸੂ ਨੇ ਵਧੀਆ ਤਰੀਕੇ ਨਾਲ ਕਰਮਾਂ ਦੀ ਸਿੱਖਿਆ ਦਾ ਵਿਰੋਧ ਕੀਤਾ ਸੀ। ਉਹ ਅਠਾਰਾਂ ਲੋਕ ਇਸ ਲਈ ਨਹੀਂ ਮਰੇ ਸਨ ਕਿਉਂਕਿ ਰੱਬ ਉਨ੍ਹਾਂ ਨਾਲ ਨਾਰਾਜ਼ ਸੀ। ਇਸ ਦੀ ਬਜਾਇ ਉਨ੍ਹਾਂ ਦੀ ਮੌਤ ਇਕ ਦੁਰਘਟਨਾ ਸੀ ਕਿਉਂਕਿ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ ਦੀ ਪੋਥੀ 9:11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਸ ਤਰ੍ਹਾਂ ਯਿਸੂ ਇਕ ਜਾਣੀ-ਪਛਾਣੀ ਘਟਨਾ ਦਾ ਜ਼ਿਕਰ ਕਰ ਕੇ ਇਕ ਸਿੱਖਿਆ ਨੂੰ ਗ਼ਲਤ ਸਾਬਤ ਕਰ ਸਕਿਆ।
20, 21. (ੳ) ਫ਼ਰੀਸੀਆਂ ਨੇ ਯਿਸੂ ਦੇ ਚੇਲਿਆਂ ਨੂੰ ਕਿਉਂ ਨਿੰਦਿਆ ਸੀ? (ਅ) ਯਿਸੂ ਨੇ ਇਹ ਦਰਸਾਉਣ ਲਈ ਕਿਹੜਾ ਬਿਰਤਾਂਤ ਵਰਤਿਆ ਸੀ ਕਿ ਯਹੋਵਾਹ ਨਹੀਂ ਚਾਹੁੰਦਾ ਕਿ ਸਬਤ ਦਾ ਹੁਕਮ ਸਖ਼ਤੀ ਨਾਲ ਲਾਗੂ ਕੀਤਾ ਜਾਵੇ? (ੲ) ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?
20 ਸਿੱਖਿਆ ਦੇਣ ਵਿਚ ਯਿਸੂ ਨੇ ਪਵਿੱਤਰ ਲਿਖਤਾਂ ਵਿੱਚੋਂ ਵੀ ਉਦਾਹਰਣਾਂ ਵਰਤੀਆਂ ਸਨ। ਉਹ ਮੌਕਾ ਯਾਦ ਕਰੋ ਜਦੋਂ ਫ਼ਰੀਸੀਆਂ ਨੇ ਯਿਸੂ ਦੇ ਚੇਲਿਆਂ ਨੂੰ ਸਬਤ ਦੇ ਦਿਨ ਤੇ ਸਿੱਟੇ ਤੋੜ ਕੇ ਚੱਬਣ ਲਈ ਨਿੰਦਿਆ ਸੀ। ਦਰਅਸਲ, ਚੇਲਿਆਂ ਨੇ ਪਰਮੇਸ਼ੁਰ ਦੀ ਬਿਵਸਥਾ ਨਹੀਂ ਸਗੋਂ ਫ਼ਰੀਸੀਆਂ ਦੇ ਬਣਾਏ ਕਾਨੂੰਨ ਨੂੰ ਤੋੜਿਆ ਸੀ ਕਿ ਸਬਤ ਦੇ ਦਿਨ ਤੇ ਕੀ ਕਰਨਾ ਗ਼ਲਤ ਹੈ। ਇਹ ਦੱਸਣ ਲਈ ਕਿ ਪਰਮੇਸ਼ੁਰ ਵੱਲੋਂ ਸਬਤ ਮਨਾਉਣ ਦਾ ਹੁਕਮ ਇੰਨੀ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਸੀ, ਯਿਸੂ ਨੇ 1 ਸਮੂਏਲ 21:3-6 ਦੀ ਘਟਨਾ ਵੱਲ ਉਨ੍ਹਾਂ ਦਾ ਧਿਆਨ ਖਿੱਚਿਆ। ਜਦੋਂ ਦਾਊਦ ਅਤੇ ਉਸ ਦੇ ਬੰਦੇ ਭੁੱਖੇ ਸਨ, ਤਾਂ ਉਨ੍ਹਾਂ ਨੇ ਡੇਹਰੇ ਵਿਚ ਰੁੱਕ ਕੇ ਪਵਿੱਤਰ ਰੋਟੀਆਂ ਖਾਧੀਆਂ ਸਨ ਜੋ ਯਹੋਵਾਹ ਦੇ ਅੱਗੋਂ ਚੁੱਕੀਆਂ ਗਈਆਂ ਸਨ। ਆਮ ਤੌਰ ਤੇ ਇਹ ਰੋਟੀ ਸਿਰਫ਼ ਜਾਜਕ ਹੀ ਖਾ ਸਕਦੇ ਸਨ। ਪਰ ਇਨ੍ਹਾਂ ਹਾਲਾਤਾਂ ਅਧੀਨ ਦਾਊਦ ਅਤੇ ਉਸ ਦੇ ਬੰਦਿਆਂ ਨੂੰ ਖਾਣ ਲਈ ਮਨ੍ਹਾ ਨਹੀਂ ਕੀਤਾ ਗਿਆ ਸੀ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਸਿਰਫ਼ ਇਹੀ ਇਕ ਬਿਰਤਾਂਤ ਪਾਇਆ ਜਾਂਦਾ ਹੈ ਜਿੱਥੇ ਆਮ ਆਦਮੀਆਂ ਨੇ ਪਵਿੱਤਰ ਰੋਟੀ ਖਾਧੀ ਸੀ। ਯਿਸੂ ਜਾਣਦਾ ਸੀ ਕਿ ਕਿਹੜੀ ਉਦਾਹਰਣ ਵਰਤਣੀ ਠੀਕ ਸੀ ਅਤੇ ਯਹੂਦੀ ਹੋਣ ਦੇ ਨਾਤੇ ਉਸ ਦੇ ਸੁਣਨ ਵਾਲੇ ਵੀ ਉਸ ਬਿਰਤਾਂਤ ਨੂੰ ਚੰਗੀ ਤਰ੍ਹਾਂ ਜਾਣਦੇ ਸਨ।—ਮੱਤੀ 12:1-8.
21 ਯਿਸੂ ਕਿੰਨਾ ਮਹਾਨ ਸਿੱਖਿਅਕ ਸੀ! ਅਸੀਂ ਉਸ ਦੇ ਸਿੱਖਿਆ ਦੇਣ ਦੇ ਬੇਮਿਸਾਲ ਢੰਗ ਤੋਂ ਹੈਰਾਨ ਹੁੰਦੇ ਹਾਂ ਕਿ ਉਹ ਲੋਕਾਂ ਦੇ ਦਿਲਾਂ ਵਿਚ ਅਹਿਮ ਸੱਚਾਈਆਂ ਬਿਠਾ ਸਕਦਾ ਸੀ। ਪਰ ਸਿੱਖਿਆ ਦੇਣ ਵਿਚ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ? ਇਹ ਗੱਲ ਅਗਲੇ ਲੇਖ ਵਿਚ ਦੱਸੀ ਜਾਵੇਗੀ।
[ਫੁਟਨੋਟ]
a ਯਿਸੂ ਨੇ ਕਈ ਤਰ੍ਹਾਂ ਦੇ ਦ੍ਰਿਸ਼ਟਾਂਤ ਦਿੱਤੇ ਸਨ ਜਿਵੇਂ ਕਿ ਉਸ ਨੇ ਕਈ ਵਾਰ ਉਦਾਹਰਣਾਂ ਦਿੱਤੀਆਂ ਤੇ ਕਈ ਵਾਰ ਲੋਕਾਂ ਜਾਂ ਚੀਜ਼ਾਂ ਦੀ ਤੁਲਨਾ ਕੀਤੀ। ਯਿਸੂ ਖ਼ਾਸ ਕਰਕੇ ਕਹਾਣੀਆਂ ਸੁਣਾਉਣ ਲਈ ਮਸ਼ਹੂਰ ਸੀ। ਉਹ ‘ਛੋਟੀਆਂ-ਛੋਟੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਜਿਨ੍ਹਾਂ ਰਾਹੀਂ ਉਹ ਨੇਕੀ ਦਾ ਸਬਕ ਜਾਂ ਪਰਮੇਸ਼ੁਰ ਬਾਰੇ ਸੱਚਾਈ ਸਿਖਾਉਂਦਾ ਸੀ।’
b ਯਰੂਸ਼ਲਮ ਯਰੀਹੋ ਤੋਂ ਉਚਾਈ ਤੇ ਸੀ। ਇਸ ਲਈ “ਯਰੂਸ਼ਲਮ ਤੋਂ ਯਰੀਹੋ ਨੂੰ” ਜਾਣ ਵਾਲੇ ਮੁਸਾਫ਼ਰ ਨੂੰ ਹੇਠਾਂ ‘ਉਤਰਨਾ’ ਪੈਂਦਾ ਸੀ।
ਕੀ ਤੁਹਾਨੂੰ ਯਾਦ ਹੈ?
• ਯਿਸੂ ਨੇ ਸਿੱਖਿਆ ਦੇਣ ਵਿਚ ਦ੍ਰਿਸ਼ਟਾਂਤ ਕਿਉਂ ਵਰਤੇ ਸਨ?
• ਕਿਹੜੀ ਉਦਾਹਰਣ ਦਿਖਾਉਂਦੀ ਹੈ ਕਿ ਯਿਸੂ ਉਹੀ ਦ੍ਰਿਸ਼ਟਾਂਤ ਦੱਸਦਾ ਸੀ ਜੋ ਲੋਕਾਂ ਦੀ ਜ਼ਿੰਦਗੀ ਨਾਲ ਸੰਬੰਧ ਰੱਖਦੇ ਸਨ?
• ਯਿਸੂ ਨੇ ਆਪਣੇ ਦ੍ਰਿਸ਼ਟਾਂਤਾਂ ਵਿਚ ਸ੍ਰਿਸ਼ਟੀ ਬਾਰੇ ਆਪਣਾ ਗਿਆਨ ਕਿਵੇਂ ਵਰਤਿਆ ਸੀ?
• ਯਿਸੂ ਨੇ ਮਸ਼ਹੂਰ ਘਟਨਾਵਾਂ ਨੂੰ ਕਿਵੇਂ ਵਰਤਿਆ ਸੀ?
[ਸਫ਼ੇ 15 ਉੱਤੇ ਤਸਵੀਰਾਂ]
ਯਿਸੂ ਨੇ ਉਸ ਨੌਕਰ ਬਾਰੇ ਦੱਸਿਆ ਜਿਸ ਨੇ ਥੋੜ੍ਹਾ ਜਿਹਾ ਕਰਜ਼ਾ ਮਾਫ਼ ਨਹੀਂ ਕੀਤਾ ਸੀ ਅਤੇ ਉਸ ਪਿਤਾ ਬਾਰੇ ਜਿਸ ਨੇ ਆਪਣੇ ਪੁੱਤਰ ਨੂੰ ਮਾਫ਼ ਕੀਤਾ ਭਾਵੇਂ ਕਿ ਉਸ ਨੇ ਆਪਣਾ ਸਾਰਾ ਮਾਲ ਉਡਾ ਦਿੱਤਾ ਸੀ
[ਸਫ਼ੇ 16 ਉੱਤੇ ਤਸਵੀਰ]
ਯਿਸੂ ਦੁਆਰਾ ਦੱਸੀ ਗਈ ਸਾਮਰੀ ਗੁਆਂਢੀ ਦੀ ਕਹਾਣੀ ਦਾ ਕੀ ਅਰਥ ਸੀ?
[ਸਫ਼ੇ 17 ਉੱਤੇ ਤਸਵੀਰ]
ਕੀ ਭੇਡਾਂ ਸੱਚ-ਮੁੱਚ ਆਪਣੇ ਅਯਾਲੀ ਦੀ ਆਵਾਜ਼ ਪਛਾਣਦੀਆਂ ਹਨ?