ਅਧਿਆਇ 42
ਯਿਸੂ ਫ਼ਰੀਸੀਆਂ ਨੂੰ ਫਿਟਕਾਰਦਾ ਹੈ
ਯਿਸੂ ਦਲੀਲ ਦਿੰਦਾ ਹੈ ਕਿ ਜੇਕਰ ਉਹ ਸ਼ਤਾਨ ਦੀ ਸ਼ਕਤੀ ਦੁਆਰਾ ਪਿ-ਸ਼ਾਚਾਂ ਨੂੰ ਕੱਢਦਾ ਹੈ, ਤਾਂ ਫਿਰ ਸ਼ਤਾਨ ਦੇ ਆਪਣੇ ਆਪ ਵਿਚ ਫੁੱਟ ਪੈ ਗਈ ਹੈ। “ਬਿਰਛ ਨੂੰ ਚੰਗਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਚੰਗਾ,” ਯਿਸੂ ਅੱਗੇ ਕਹਿੰਦਾ ਹੈ, “ਯਾ ਬਿਰਛ ਨੂੰ ਮਾੜਾ ਬਣਾਓ ਅਤੇ ਉਹ ਦੇ ਫਲ ਨੂੰ ਵੀ ਮਾੜਾ, ਕਿਉਂ ਜੋ ਬਿਰਛ ਆਪਣੇ ਫਲੋਂ ਹੀ ਪਛਾਣਿਆ ਜਾਂਦਾ ਹੈ।”
ਇਹ ਦੋਸ਼ ਲਾਉਣਾ ਮੂਰਖਤਾ ਹੈ ਕਿ ਯਿਸੂ ਦਾ ਪਿਸ਼ਾਚਾਂ ਨੂੰ ਕੱਢਣ ਦਾ ਚੰਗਾ ਫਲ ਸ਼ਤਾਨ ਦੀ ਸੇਵਾ ਕਰਨ ਦਾ ਇਕ ਨਤੀਜਾ ਹੈ। ਜੇਕਰ ਫਲ ਚੰਗਾ ਹੈ, ਤਾਂ ਬਿਰਛ ਮਾੜਾ ਨਹੀਂ ਹੋ ਸਕਦਾ ਹੈ। ਦੂਜੇ ਪਾਸੇ, ਯਿਸੂ ਉੱਤੇ ਫ਼ਰੀਸੀਆਂ ਦੇ ਬੇਤੁਕੇ ਦੋਸ਼ ਅਤੇ ਨਿਰਾਧਾਰ ਵਿਰੋਧਤਾ ਦੇ ਮਾੜੇ ਫਲ ਸਬੂਤ ਹਨ ਕਿ ਉਹ ਆਪ ਹੀ ਮਾੜੇ ਹਨ। “ਹੇ ਸੱਪਾਂ ਦੇ ਬੱਚਿਓ!” ਯਿਸੂ ਬੋਲ ਉਠਦਾ ਹੈ, “ਤੁਸੀਂ ਬੁਰੇ ਹੋਕੇ ਚੰਗੀਆਂ ਗੱਲਾਂ ਕਿੱਕੁਰ ਕਰ ਸੱਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹੋ ਮੂੰਹ ਉੱਤੇ ਆਉਂਦਾ ਹੈ।”
ਕਿਉਂਕਿ ਸਾਡੇ ਸ਼ਬਦ ਸਾਡੇ ਦਿਲ ਦੀ ਦਸ਼ਾ ਦਰਸਾਉਂਦੇ ਹਨ, ਅਸੀਂ ਜੋ ਕਹਿੰਦੇ ਹਾਂ ਉਹ ਨਿਆਉਂ ਲਈ ਆਧਾਰ ਮੁਹੱਈਆ ਕਰਦਾ ਹੈ। “ਮੈਂ ਤੁਹਾਨੂੰ ਆਖਦਾ ਹਾਂ,” ਯਿਸੂ ਕਹਿੰਦਾ ਹੈ, “ਭਈ ਮਨੁੱਖ ਹਰੇਕ ਅਕਾਰਥ ਗੱਲ ਜੋ ਬੋਲਣ ਨਿਆਉਂ ਦੇ ਦਿਨ ਉਹ ਦਾ ਹਿਸਾਬ ਦੇਣਗੇ। ਇਸ ਲਈ ਜੋ ਤੂੰ ਆਪਣੀਆਂ ਗੱਲਾਂ ਤੋਂ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਦੋਸ਼ੀ ਠਹਿਰਾਇਆ ਜਾਏਂਗਾ।”
ਯਿਸੂ ਦੇ ਸਾਰੇ ਸ਼ਕਤੀਸ਼ਾਲੀ ਕੰਮਾਂ ਦੇ ਬਾਵਜੂਦ, ਗ੍ਰੰਥੀ ਅਤੇ ਫ਼ਰੀਸੀ ਬੇਨਤੀ ਕਰਦੇ ਹਨ: “ਗੁਰੂ ਜੀ ਅਸੀਂ ਤੈਥੋਂ ਕੋਈ ਨਿਸ਼ਾਨੀ ਵੇਖਣੀ ਚਾਹੁੰਦੇ ਹਾਂ।” ਭਾਵੇਂ ਕਿ ਯਰੂਸ਼ਲਮ ਤੋਂ ਆਏ ਇਨ੍ਹਾਂ ਖ਼ਾਸ ਆਦਮੀਆਂ ਨੇ ਸ਼ਾਇਦ ਖ਼ੁਦ ਉਸ ਦੇ ਚਮਤਕਾਰ ਨਾ ਦੇਖੇ ਹੋਣ, ਅਖੰਡਨੀ ਚਸ਼ਮਦੀਦ ਗਵਾਹ ਇਨ੍ਹਾਂ ਦੇ ਹੋਣ ਬਾਰੇ ਸਬੂਤ ਦਿੰਦੇ ਹਨ। ਇਸ ਲਈ ਯਿਸੂ ਯਹੂਦੀ ਆਗੂਆਂ ਨੂੰ ਦੱਸਦਾ ਹੈ: “ਬੁਰੀ ਅਤੇ ਹਰਾਮਕਾਰ ਪੀੜ੍ਹੀ ਨਿਸ਼ਾਨੀ ਚਾਹੁੰਦੀ ਹੈ ਪਰ ਯੂਨਾਹ ਨਬੀ ਦੀ ਨਿਸ਼ਾਨੀ ਬਿਨਾ ਕੋਈ ਹੋਰ ਨਿਸ਼ਾਨੀ ਉਨ੍ਹਾਂ ਨੂੰ ਦਿੱਤੀ ਨਾ ਜਾਵੇਗੀ।”
ਵਿਆਖਿਆ ਕਰਦੇ ਹੋਏ ਕਿ ਉਹ ਦਾ ਕੀ ਮਤਲਬ ਹੈ, ਯਿਸੂ ਅੱਗੇ ਕਹਿੰਦਾ ਹੈ: “ਜਿਸ ਤਰਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਮੱਛੀ ਦੇ ਢਿੱਡ ਵਿੱਚ ਸੀ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਹੋਵੇਗਾ।” ਮੱਛੀ ਦੁਆਰਾ ਨਿਗਲੇ ਜਾਣ ਤੋਂ ਬਾਅਦ, ਯੂਨਾਹ ਬਾਹਰ ਆਇਆ, ਮਾਨੋ ਪੁਨਰ-ਉਥਿਤ ਹੋਇਆ ਹੋਵੇ, ਇਸੇ ਤਰ੍ਹਾਂ ਯਿਸੂ ਭਵਿੱਖ-ਸੂਚਨਾ ਦੇ ਰਿਹਾ ਹੈ ਕਿ ਉਹ ਮਰੇਗਾ ਅਤੇ ਤੀਜੇ ਦਿਨ ਜੀ ਉੱਠੇਗਾ। ਫਿਰ ਵੀ, ਜਦੋਂ ਯਿਸੂ ਬਾਅਦ ਵਿਚ ਪੁਨਰ-ਉਥਿਤ ਕੀਤਾ ਜਾਂਦਾ ਹੈ, ਤਾਂ ਯਹੂਦੀ ਆਗੂ “ਯੂਨਾਹ ਦੀ ਨਿਸ਼ਾਨੀ” ਨੂੰ ਰੱਦ ਕਰ ਦਿੰਦੇ ਹਨ।
ਇਸ ਲਈ ਯਿਸੂ ਕਹਿੰਦਾ ਹੈ ਕਿ ਨੀਨਵਾਹ ਦੇ ਲੋਕ ਜਿਨ੍ਹਾਂ ਨੇ ਯੂਨਾਹ ਦੇ ਪ੍ਰਚਾਰ ਕਰਨ ਤੇ ਤੋਬਾ ਕੀਤੀ ਸੀ, ਨਿਆਉਂ ਦੇ ਦਿਨ ਵਿਚ ਉਨ੍ਹਾਂ ਯਹੂਦੀਆਂ ਨੂੰ ਦੋਸ਼ੀ ਠਹਿਰਾਉਣ ਲਈ ਉੱਠਣਗੇ ਜਿਹੜੇ ਯਿਸੂ ਨੂੰ ਅਸਵੀਕਾਰ ਕਰਦੇ ਹਨ। ਇਸੇ ਤਰ੍ਹਾਂ, ਉਹ ਸ਼ਬਾ ਦੀ ਰਾਣੀ ਨਾਲ ਤੁਲਨਾ ਕਰਦਾ ਹੈ ਜਿਹੜੀ ਸੁਲੇਮਾਨ ਦੀ ਬੁੱਧੀ ਸੁਣਨ ਲਈ ਧਰਤੀ ਦੀ ਹੱਦੋਂ ਆਈ ਅਤੇ ਜੋ ਕੁਝ ਉਸ ਨੇ ਦੇਖਿਆ ਅਤੇ ਸੁਣਿਆ ਉਸ ਤੇ ਅਚੰਭਾ ਕੀਤਾ। “ਅਤੇ ਵੇਖੋ,” ਯਿਸੂ ਕਹਿੰਦਾ ਹੈ, “ਐਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।”
ਫਿਰ ਯਿਸੂ ਇਕ ਆਦਮੀ ਦਾ ਦ੍ਰਿਸ਼ਟਾਂਤ ਦਿੰਦਾ ਹੈ ਜਿਸ ਵਿੱਚੋਂ ਇਕ ਭ੍ਰਿਸ਼ਟ ਆਤਮਾ ਨਿਕਲਦੀ ਹੈ। ਪਰ, ਉਹ ਆਦਮੀ ਖਾਲੀ ਥਾਂ ਨੂੰ ਚੰਗੀਆਂ ਗੱਲਾਂ ਨਾਲ ਨਹੀਂ ਭਰਦਾ ਹੈ, ਇਸ ਲਈ ਸੱਤ ਹੋਰ ਭ੍ਰਿਸ਼ਟ ਆਤਮਾਵਾਂ ਉਸ ਵਿਚ ਸਮਾ ਜਾਂਦੀਆਂ ਹਨ। “ਇਸ ਬੁਰੀ ਪੀੜ੍ਹੀ ਦੇ ਲੋਕਾਂ ਦਾ ਵੀ ਠੀਕ ਇਹੋ ਜਿਹਾ ਹਾਲ ਹੋਵੇਗਾ,” ਯਿਸੂ ਕਹਿੰਦਾ ਹੈ। ਇਸਰਾਏਲੀ ਕੌਮ ਨੂੰ ਸਾਫ਼ ਕੀਤਾ ਗਿਆ ਸੀ ਅਤੇ ਉਸ ਨੇ ਸੁਧਾਰ ਦਾ ਅਨੁਭਵ ਕੀਤਾ ਸੀ—ਇਕ ਭ੍ਰਿਸ਼ਟ ਆਤਮਾ ਦੀ ਅਸਥਾਈ ਰਵਾਨਗੀ ਵਾਂਗ। ਪਰੰਤੂ ਕੌਮ ਦਾ ਪਰਮੇਸ਼ੁਰ ਦੇ ਨਬੀਆਂ ਨੂੰ ਰੱਦਣਾ, ਜੋ ਖ਼ੁਦ ਮਸੀਹ ਦੇ ਵਿਰੁੱਧ ਵਿਰੋਧਤਾ ਕਰਨ ਦੀ ਹੱਦ ਤਕ ਪਹੁੰਚਿਆ, ਉਨ੍ਹਾਂ ਦੀ ਬੁਰੀ ਦਸ਼ਾ ਨੂੰ ਸ਼ੁਰੂ ਨਾਲੋਂ ਹੋਰ ਬਦਤਰ ਪ੍ਰਗਟ ਕਰਦਾ ਹੈ।
ਜਦੋਂ ਯਿਸੂ ਅਜੇ ਬੋਲ ਹੀ ਰਿਹਾ ਹੁੰਦਾ ਹੈ, ਤਾਂ ਉਸ ਦੀ ਮਾਤਾ ਅਤੇ ਉਸ ਦੇ ਭਰਾ ਉੱਥੇ ਪਹੁੰਚ ਜਾਂਦੇ ਹਨ ਅਤੇ ਭੀੜ ਦੇ ਇਕ ਪਾਸੇ ਖੜ੍ਹੇ ਹੋ ਜਾਂਦੇ ਹਨ। ਇਸ ਲਈ ਕੋਈ ਕਹਿੰਦਾ ਹੈ: “ਵੇਖ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜੇ ਤੇਰੇ ਨਾਲ ਗੱਲ ਕਰਨੀ ਚਾਹੁੰਦੇ ਹਨ।”
“ਕੌਣ ਹੈ ਮੇਰੀ ਮਾਤਾ ਅਤੇ ਕੌਣ ਮੇਰੇ ਭਰਾ?” ਯਿਸੂ ਪੁੱਛਦਾ ਹੈ। ਆਪਣੇ ਚੇਲਿਆਂ ਵੱਲ ਆਪਣਾ ਹੱਥ ਵਧਾ ਕੇ ਉਹ ਕਹਿੰਦਾ ਹੈ: “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ। ਕਿਉਂਕਿ ਜੋ ਕੋਈ ਮੇਰੇ ਸੁਰਗੀ ਪਿਤਾ ਦੀ ਮਰਜੀ ਉੱਤੇ ਚੱਲਦਾ ਹੈ ਸੋਈ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ।” ਇਸ ਤਰ੍ਹਾਂ ਯਿਸੂ ਦਿਖਾਉਂਦਾ ਹੈ ਕਿ ਉਸ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਬੰਨ੍ਹਣ ਵਾਲੇ ਬੰਧਨ ਚਾਹੇ ਕਿੰਨੇ ਹੀ ਪਿਆਰੇ ਕਿਉਂ ਨਾ ਹੋਣ, ਤਾਂ ਵੀ ਉਸ ਦੇ ਚੇਲਿਆਂ ਨਾਲ ਉਸ ਦਾ ਰਿਸ਼ਤਾ ਜ਼ਿਆਦਾ ਪਿਆਰਾ ਹੈ। ਮੱਤੀ 12:33-50; ਮਰਕੁਸ 3:31-35; ਲੂਕਾ 8:19-21.
▪ ਫ਼ਰੀਸੀ “ਬਿਰਛ” ਅਤੇ “ਫਲ” ਦੋਨੋਂ ਨੂੰ ਚੰਗਾ ਬਣਾਉਣ ਤੋਂ ਕਿਸ ਤਰ੍ਹਾਂ ਅਸਫਲ ਹੁੰਦੇ ਹਨ?
▪ “ਯੂਨਾਹ ਦੀ ਨਿਸ਼ਾਨੀ” ਕੀ ਹੈ, ਅਤੇ ਇਹ ਬਾਅਦ ਵਿਚ ਕਿਵੇਂ ਰੱਦ ਕੀਤੀ ਜਾਂਦੀ ਹੈ?
▪ ਪਹਿਲੀ ਸਦੀ ਦੀ ਇਸਰਾਏਲੀ ਕੌਮ ਕਿਸ ਤਰ੍ਹਾਂ ਉਸ ਆਦਮੀ ਵਾਂਗ ਹੈ, ਜਿਸ ਵਿੱਚੋਂ ਇਕ ਭ੍ਰਿਸ਼ਟ ਆਤਮਾ ਨਿਕਲੀ ਸੀ?
▪ ਯਿਸੂ ਕਿਸ ਤਰ੍ਹਾਂ ਆਪਣੇ ਚੇਲਿਆਂ ਨਾਲ ਆਪਣੇ ਨਜ਼ਦੀਕੀ ਰਿਸ਼ਤੇ ਤੇ ਜ਼ੋਰ ਦਿੰਦਾ ਹੈ?