ਕੀ ਧਨ ਤੁਹਾਨੂੰ ਖ਼ੁਸ਼ ਕਰ ਸਕਦਾ ਹੈ?
ਰਾਜਾ ਸੁਲੇਮਾਨ ਪੈਸੇ ਦੀ ਕੀਮਤ ਜਾਣਦਾ ਸੀ। ਉਸ ਨੇ ਲਿਖਿਆ: “ਰੋਟੀ ਹਾਸੀ ਲਈ ਬਣਾਈ ਜਾਂਦੀ ਹੈ, ਅਤੇ ਮੈ ਜੀ ਨੂੰ ਅਨੰਦ ਕਰਦੀ ਹੈ, ਪਰ ਰੋਕੜ ਸਭ ਕਾਸੇ ਦਾ ਉੱਤਰ ਹੈ।” (ਉਪਦੇਸ਼ਕ ਦੀ ਪੋਥੀ 10:19) ਦੋਸਤਾਂ ਨਾਲ ਖਾਣਾ-ਪੀਣਾ ਬਹੁਤ ਹੀ ਆਨੰਦਮਈ ਹੋ ਸਕਦਾ ਹੈ, ਪਰ ਰੋਟੀ ਜਾਂ ਮੈ ਖ਼ਰੀਦਣ ਲਈ ਪੈਸੇ ਦੀ ਲੋੜ ਪੈਂਦੀ ਹੈ। ਕਿਉਂ ਜੋ ਪੈਸੇ ਦੇ ਜ਼ਰੀਏ ਭੌਤਿਕ ਵਸਤਾਂ ਖ਼ਰੀਦੀਆਂ ਜਾਂਦੀਆਂ ਹਨ, ਇਹ “ਸਭ ਕਾਸੇ ਦਾ ਉੱਤਰ ਹੈ।”
ਭਾਵੇਂ ਕਿ ਸੁਲੇਮਾਨ ਬੇਹੱਦ ਧਨੀ ਸੀ, ਉਹ ਜਾਣਦਾ ਸੀ ਕਿ ਧਨ ਦੀਆਂ ਸੀਮਾਵਾਂ ਹੁੰਦੀਆਂ ਹਨ। ਉਸ ਨੂੰ ਅਹਿਸਾਸ ਸੀ ਕਿ ਭੌਤਿਕਵਾਦੀ ਜੀਵਨ-ਸ਼ੈਲੀ ਖ਼ੁਸ਼ੀ ਦਾ ਰਾਜ਼ ਨਹੀਂ ਹੈ। ਉਸ ਨੇ ਲਿਖਿਆ: “ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ, ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ।”—ਉਪਦੇਸ਼ਕ ਦੀ ਪੋਥੀ 5:10.
ਫ਼ਰਜ਼ ਕਰੋ ਕਿ ਇਕ ਧਨੀ ਵਿਅਕਤੀ ਹੋਰ ਵੀ ਧਨ ਹਾਸਲ ਕਰ ਲੈਂਦਾ ਹੈ। ਸੁਲੇਮਾਨ ਕਹਿੰਦਾ ਹੈ: “ਜਾਂ ਮਾਲ ਦਾ ਵਾਧਾ ਹੁੰਦਾ ਹੈ ਤਾਂ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ।” (ਉਪਦੇਸ਼ਕ ਦੀ ਪੋਥੀ 5:11) ਜਿਉਂ-ਜਿਉਂ ਇਕ ਵਿਅਕਤੀ ਦਾ “ਮਾਲ” ਵਧਦਾ ਹੈ, ਇਨ੍ਹਾਂ ਦੀ ਦੇਖ-ਰੇਖ ਕਰਨ ਲਈ ਹੋਰ ਲੋਕਾਂ ਦੀ ਲੋੜ ਪੈਂਦੀ ਹੈ। ਮੁਰੰਮਤ ਕਰਨ ਵਾਲੇ, ਨਿਗਰਾਨ, ਨੌਕਰ-ਚਾਕਰ, ਚੌਕੀਦਾਰ, ਅਤੇ ਹੋਰ ਕਈ, ਅਤੇ ਇਨ੍ਹਾਂ ਸਾਰਿਆਂ ਨੂੰ ਆਪਣੀ ਸੇਵਾ ਲਈ ਤਨਖ਼ਾਹ ਦੇਣੀ ਪੈਂਦੀ ਹੈ। ਸੋ ਸਿੱਟੇ ਵਜੋਂ, ਹੋਰ ਪੈਸੇ ਦੀ ਜ਼ਰੂਰਤ ਪੈਂਦੀ ਹੈ।
ਅਜਿਹੀ ਸਥਿਤੀ ਕਿਸੇ ਵਿਅਕਤੀ ਦੀ ਖ਼ੁਸ਼ੀ ਉੱਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਯੂਨਾਨੀ ਇਤਿਹਾਸਕਾਰ ਜ਼ੈਨੋਫ਼ਨ, ਜੋ ਚੌਥੀ ਸਦੀ ਸਾ.ਯੁ.ਪੂ. ਵਿਚ ਰਹਿੰਦਾ ਸੀ, ਨੇ ਗ਼ਰੀਬ ਤੋਂ ਅਮੀਰ ਬਣੇ ਇਕ ਆਦਮੀ ਦੀਆਂ ਟਿੱਪਣੀਆਂ ਦਰਜ ਕੀਤੀਆਂ:
“ਭਲਾ, ਤੁਸੀਂ ਇਹ ਸੋਚਦੇ ਹੋ . . . ਕਿ ਮੇਰੇ ਕੋਲ ਜਿੰਨਾ ਜ਼ਿਆਦਾ ਹੋਵੇਗਾ, ਮੈਂ ਉੱਨਾ ਹੀ ਜ਼ਿਆਦਾ ਖ਼ੁਸ਼ ਰਹਾਂਗਾ? ਤੁਹਾਨੂੰ ਨਹੀਂ ਪਤਾ,” ਉਸ ਨੇ ਅੱਗੇ ਕਿਹਾ, “ਕਿ ਮੈਨੂੰ ਹੁਣ ਖਾਣ, ਪੀਣ ਅਤੇ ਸੌਣ ਵਿਚ ਉਦੋਂ ਨਾਲੋਂ ਜ਼ਰਾ ਵੀ ਹੋਰ ਆਨੰਦ ਨਹੀਂ ਮਿਲਦਾ ਜਦੋਂ ਮੈਂ ਗ਼ਰੀਬ ਸੀ। ਇੰਨਾ ਜ਼ਿਆਦਾ ਹੋਣ ਦੇ ਕਾਰਨ ਮੈਨੂੰ ਕੇਵਲ ਇਹੋ ਹੀ ਮਿਲਿਆ ਹੈ ਕਿ ਹੁਣ ਮੈਨੂੰ ਜ਼ਿਆਦਾ ਦੀ ਦੇਖ-ਭਾਲ ਕਰਨੀ ਪੈਂਦੀ ਹੈ, ਦੂਜਿਆਂ ਨੂੰ ਜ਼ਿਆਦਾ ਵੰਡਣਾ ਪੈਂਦਾ ਹੈ, ਅਤੇ ਪਹਿਲਾਂ ਨਾਲੋਂ ਜ਼ਿਆਦਾ ਚੀਜ਼ਾਂ ਦੀ ਦੇਖ-ਰੇਖ ਕਰਨ ਦੀ ਖੇਚਲ ਕਰਨੀ ਪੈਂਦੀ ਹੈ। ਕਿਉਂਕਿ ਹੁਣ ਕਈ ਸਾਰੇ ਘਰੇਲੂ ਨੌਕਰ-ਚਾਕਰ ਭੋਜਨ ਲਈ, ਕਈ ਪਾਣੀ-ਧਾਣੀ ਲਈ, ਕਈ ਕੱਪੜਿਆਂ ਲਈ ਮੇਰੇ ਉੱਤੇ ਨਿਰਭਰ ਕਰਦੇ ਹਨ, ਨਾਲੇ ਕਈਆਂ ਨੂੰ ਡਾਕਟਰਾਂ ਦੀ ਲੋੜ ਹੈ; ਅਤੇ ਕੋਈ ਮੇਰੇ ਕੋਲ ਇਹ ਕਹਾਣੀ ਲੈ ਕੇ ਆਉਂਦਾ ਹੈ ਕਿ ਭੇਡਾਂ ਉੱਤੇ ਬਘਿਆੜਾਂ ਨੇ ਹਮਲਾ ਕਰ ਦਿੱਤਾ ਹੈ, ਜਾਂ ਬੈਲ ਚਟਾਨ ਉੱਤੋਂ ਡਿੱਗ ਕੇ ਮਰ ਗਏ ਹਨ, ਜਾਂ ਆ ਕੇ ਕਹਿੰਦੇ ਹਨ ਕਿ ਡੰਗਰਾਂ ਵਿਚ ਕੋਈ ਬੀਮਾਰੀ ਫੈਲ ਗਈ ਹੈ। ਅਤੇ ਇਸ ਕਰਕੇ ਮੈਨੂੰ ਇੱਦਾਂ ਲੱਗਦਾ ਹੈ . . . ਕਿ ਉਦੋਂ ਨਾਲੋਂ ਜਦੋਂ ਮੇਰੇ ਕੋਲ ਥੋੜ੍ਹਾ ਸੀ, ਹੁਣ ਮੇਰੇ ਕੋਲ ਜ਼ਿਆਦਾ ਹੋਣ ਕਰਕੇ ਜ਼ਿਆਦਾ ਮੁਸੀਬਤਾਂ ਹਨ।”
ਇਕ ਹੋਰ ਕਾਰਨ ਕਿ ਲੋਕ ਕਿਉਂ ਜ਼ਿਆਦਾ ਤੋਂ ਜ਼ਿਆਦਾ ਧਨ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਹੈ ਕਿ ਉਹ ਉਸ ਚੀਜ਼ ਤੋਂ ਬਹਿਕਾਏ ਜਾਂਦੇ ਹਨ ਜਿਸ ਨੂੰ ਯਿਸੂ ਮਸੀਹ ਨੇ “ਧਨ ਦਾ ਧੋਖਾ” ਆਖਿਆ ਸੀ। (ਮੱਤੀ 13:22) ਉਹ ਧੋਖਾ ਖਾ ਜਾਂਦੇ ਹਨ ਕਿਉਂਕਿ ਜਿਸ ਧਨ-ਦੌਲਤ ਨੂੰ ਉਹ ਲਗਨ ਨਾਲ ਭਾਲਦੇ ਹਨ, ਉਸ ਵਿਚ ਉਨ੍ਹਾਂ ਨੂੰ ਉਹ ਸੰਤੁਸ਼ਟੀ ਜਾਂ ਖ਼ੁਸ਼ੀ ਨਹੀਂ ਮਿਲਦੀ ਜਿਸ ਦੀ ਉਨ੍ਹਾਂ ਨੇ ਆਸ ਕੀਤੀ ਸੀ। ਉਹ ਸੋਚਦੇ ਹਨ ਕਿ ਜੋ ਥੋੜ੍ਹਾ ਧਨ ਨਹੀਂ ਕਰ ਸਕਿਆ, ਉਹ ਜ਼ਿਆਦਾ ਧਨ ਕਰੇਗਾ। ਇਸ ਲਈ ਹੋਰ ਧਨ ਇਕੱਠਾ ਕਰਨ ਦੀ ਲਗਾਤਾਰ ਕੋਸ਼ਿਸ਼ ਰਹਿੰਦੀ ਹੈ।
ਪੈਸਿਆਂ ਦਾ ਪਿਆਰ ਖ਼ੁਸ਼ੀ ਵੱਲ ਨਹੀਂ ਲੈ ਜਾਂਦਾ
ਆਪਣੀ ਸੰਪਤੀ ਦੀ ਚਿੰਤਾ ਕਰਨ ਦੇ ਕਾਰਨ ਇਕ ਅਮੀਰ ਆਦਮੀ ਸ਼ਾਇਦ ਰਾਤ ਦੀ ਮਿੱਠੀ ਨੀਂਦ ਦਾ ਮਜ਼ਾ ਨਾ ਲੈ ਸਕੇ। ਸੁਲੇਮਾਨ ਲਿਖਦਾ ਹੈ: “ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ।”—ਉਪਦੇਸ਼ਕ ਦੀ ਪੋਥੀ 5:12.
ਜਦੋਂ ਇਕ ਵਿਅਕਤੀ ਆਪਣੇ ਧਨ ਦੇ ਸੰਭਾਵੀ ਨੁਕਸਾਨ ਬਾਰੇ ਹੱਦੋਂ ਵੱਧ ਚਿੰਤਾ ਕਰਨ ਲੱਗ ਪੈਂਦਾ ਹੈ, ਤਾਂ ਕੇਵਲ ਉਸ ਦੀ ਨੀਂਦ ਹੀ ਹਰਾਮ ਨਹੀਂ ਹੁੰਦੀ। ਕੰਜੂਸ ਦਾ ਵਰਣਨ ਕਰਦੇ ਹੋਏ, ਸੁਲੇਮਾਨ ਲਿਖਦਾ ਹੈ: “ਉਹ ਆਪਣੀ ਸਾਰੀ ਉਮਰ ਅਨ੍ਹੇਰੇ ਵਿੱਚ ਖਾਂਦਾ ਹੈ, ਅਤੇ ਉਹ ਦੀ ਖੇਚਲ ਅਤੇ ਬਿਮਾਰੀ ਅਤੇ ਕੋਪ ਬਹੁਤ ਹਨ।” (ਉਪਦੇਸ਼ਕ ਦੀ ਪੋਥੀ 5:17) ਆਪਣੇ ਧਨ ਵਿਚ ਖ਼ੁਸ਼ੀ ਪਾਉਣ ਦੀ ਬਜਾਇ, ਉਹ “ਖੇਚਲ” ਨਾਲ ਖਾਂਦਾ ਹੈ, ਜਿਵੇਂ ਕਿ ਉਹ ਉਸ ਪੈਸੇ ਉੱਤੇ ਵੀ ਕੁੜ੍ਹਦਾ ਹੈ ਜੋ ਉਸ ਨੂੰ ਭੋਜਨ ਲਈ ਖ਼ਰਚਣੇ ਪੈਂਦੇ ਹਨ। ਅਜਿਹੀ ਰੋਗੀ ਮਨੋਬਿਰਤੀ ਮਾੜੀ ਸਹਿਤ ਲਿਆ ਸਕਦੀ ਹੈ। ਬਦਲੇ ਵਿਚ, ਮਾੜੀ ਸਿਹਤ ਕੰਜੂਸ ਦੀ ਚਿੰਤਾ ਵਧਾਉਂਦੀ ਹੈ, ਕਿਉਂਕਿ ਇਹ ਉਸ ਨੂੰ ਹੋਰ ਜ਼ਿਆਦਾ ਧਨ ਇਕੱਠਾ ਕਰਨ ਤੋਂ ਰੋਕਦੀ ਹੈ।
ਸ਼ਾਇਦ ਇਹ ਤੁਹਾਨੂੰ ਉਸ ਗੱਲ ਦੀ ਯਾਦ ਦਿਲਾਉਂਦਾ ਹੈ ਜੋ ਪੌਲੁਸ ਰਸੂਲ ਨੇ ਲਿਖੀ ਸੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ . . . ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।” (1 ਤਿਮੋਥਿਉਸ 6:9, 10) ਧਨ ਦੀ ਭਾਲ ਵਿਚ, ਲੋਕ ਠੱਗੀ ਕਰਦੇ ਹਨ, ਝੂਠ ਬੋਲਦੇ ਹਨ, ਚੋਰੀ ਕਰਦੇ ਹਨ, ਆਪਣੇ ਸਰੀਰ ਦਾ ਸੌਦਾ ਕਰਦੇ ਹਨ, ਅਤੇ ਇੱਥੋਂ ਤਕ ਕਿ ਖ਼ੂਨ ਵੀ ਕਰਦੇ ਹਨ। ਇਸ ਦੇ ਸਿੱਟੇ ਵਜੋਂ ਇਕ ਵਿਅਕਤੀ ਭਾਵਾਤਮਕ, ਸਰੀਰਕ, ਅਤੇ ਅਧਿਆਤਮਿਕ ਤੀਰਾਂ ਨਾਲ ਵਿੰਨ੍ਹਿਆ ਜਾਂਦਾ ਹੈ ਕਿਉਂਕਿ ਉਹ ਧਨ ਨੂੰ ਫੜਨ ਅਤੇ ਫੜੀ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਕੀ ਇਹ ਖ਼ੁਸ਼ੀ ਦਾ ਰਾਹ ਜਾਪਦਾ ਹੈ? ਬਿਲਕੁਲ ਨਹੀਂ!
ਸਾਡੇ ਕੋਲ ਜੋ ਹੈ ਉਸ ਵਿਚ ਹੀ ਸੰਤੁਸ਼ਟ ਰਹਿਣਾ
ਧਨ ਦੇ ਪ੍ਰਤੀ ਇਕ ਸੰਤੁਲਿਤ ਦ੍ਰਿਸ਼ਟੀਕੋਣ ਬਾਰੇ ਸੁਲੇਮਾਨ ਕੋਲ ਹੋਰ ਵੀ ਗੱਲਾਂ ਰਹਿੰਦੀਆਂ ਸਨ। ਉਸ ਨੇ ਲਿਖਿਆ: “ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨਿੱਕਲਿਆ ਤਿਵੇਂ ਉਹ ਨੰਗਾ ਹੀ, ਜਿਸ ਤਰਾਂ ਉਹ ਆਇਆ ਸੀ, ਮੁੜ ਜਾਵੇਗਾ, ਅਤੇ ਆਪਣੀ ਖੱਟੀ ਵਿੱਚੋਂ ਨਾਲ ਕੁਝ ਨਾ ਰੱਖੇਗਾ ਜੋ ਆਪਣੇ ਹੱਥ ਵਿੱਚ ਲੈ ਜਾਵੇ। ਵੇਖੋ, ਮੈਂ ਇਹ ਡਿੱਠਾ ਹੈ ਕਿ ਚੰਗਾ ਅਰ ਜੋਗ ਹੈ ਭਈ ਕੋਈ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਦਾ ਜੋ ਸੂਰਜ ਦੇ ਹੇਠ ਉਹ ਪਰਮੇਸ਼ੁਰ ਦੇ ਦਿੱਤੇ ਹੋਏ ਜੀਉਣ ਦੇ ਥੋੜੇ ਦਿਨਾਂ ਵਿੱਚ ਕਰਦਾ ਹੈ ਫਲ ਭੋਗੇ,—ਇਹੋ ਉਹ ਦਾ ਭਾਗ ਹੈ।”—ਉਪਦੇਸ਼ਕ ਦੀ ਪੋਥੀ 5:15, 18.
ਇਹ ਸ਼ਬਦ ਦਿਖਾਉਂਦੇ ਹਨ ਕਿ ਖ਼ੁਸ਼ੀ ਅਜਿਹੇ ਸਮੇਂ ਲਈ ਧਨ ਇਕੱਠਾ ਕਰਨ ਦੇ ਜਤਨ ਉੱਤੇ ਨਿਰਭਰ ਨਹੀਂ ਕਰਦੀ, ਜੋ ਸ਼ਾਇਦ ਸਾਡੇ ਲਈ ਕਦੀ ਆਵੇ ਹੀ ਨਾ। ਇਸ ਤੋਂ ਬਿਹਤਰ ਹੈ ਕਿ ਅਸੀਂ ਸੰਤੁਸ਼ਟ ਰਹੀਏ ਅਤੇ ਆਪਣੀ ਸਖ਼ਤ ਮਿਹਨਤ ਦੇ ਨਤੀਜਿਆਂ ਵਿਚ ਖ਼ੁਸ਼ੀਆਂ ਮਨਾਈਏ। ਪੌਲੁਸ ਰਸੂਲ ਨੇ ਤਿਮੋਥਿਉਸ ਦੇ ਨਾਂ ਆਪਣੇ ਪ੍ਰੇਰਿਤ ਪੱਤਰ ਵਿਚ ਸਮਾਨ ਵਿਚਾਰ ਦੱਸਦੇ ਹੋਏ ਕਿਹਾ: “ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਅਸੀਂ ਓਸ ਵਿੱਚੋਂ ਕੁਝ ਲੈ ਜਾ ਸੱਕਦੇ ਹਾਂ। ਪਰ ਜਦੋਂ ਸਾਨੂੰ ਭੋਜਨ ਬਸਤਰ ਮਿਲਿਆ ਹੋਇਆ ਹੈ ਤਾਂ ਸਾਡੇ ਲਈ ਇਹੋ ਬਥੇਰਾ ਹੈ।”—1 ਤਿਮੋਥਿਉਸ 6:7, 8; ਤੁਲਨਾ ਕਰੋ ਲੂਕਾ 12:16-21.
ਖ਼ੁਸ਼ੀ ਦਾ ਰਾਜ਼
ਸੁਲੇਮਾਨ ਕੋਲ ਧਨ ਅਤੇ ਈਸ਼ਵਰੀ ਬੁੱਧ ਦੋਵੇਂ ਬਹੁਤ ਸਨ। ਪਰੰਤੂ ਉਸ ਨੇ ਖ਼ੁਸ਼ੀ ਨੂੰ ਬੁੱਧ ਨਾਲ ਜੋੜਿਆ, ਪੈਸਿਆਂ ਨਾਲ ਨਹੀਂ। ਉਸ ਨੇ ਕਿਹਾ: “ਧੰਨ ਹੈ ਉਹ ਆਦਮੀ ਜਿਹ ਨੂੰ ਬੁੱਧ ਲੱਭਦੀ ਹੈ, ਅਤੇ ਉਹ ਪੁਰਸ਼ ਜਿਹ ਨੂੰ ਸਮਝ ਪ੍ਰਾਪਤ ਹੁੰਦੀ ਹੈ, ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ, ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। ਉਹ ਤਾਂ ਲਾਲਾਂ ਨਾਲੋਂ ਵੀ ਅਣਮੁੱਲ ਹੈ, ਅਤੇ ਜਿੰਨੀਆਂ ਵਸਤਾਂ ਦੀ ਤੈਨੂੰ ਲੋਚ ਹੈ ਓਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ। ਵੱਡੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ, ਅਤੇ ਖੱਬੇ ਹੱਥ ਵਿੱਚ ਧਨ ਤੇ ਆਦਰ ਹੈ। ਉਹ ਦੇ ਰਾਹ ਮਨ ਭਾਉਂਦੇ, ਅਤੇ ਉਹ ਦੇ ਸਾਰੇ ਪਹੇ ਸ਼ਾਂਤੀ ਦੇ ਹਨ। ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ ਉਹ ਓਹਨਾਂ ਲਈ ਜੀਉਣ ਦਾ ਬਿਰਛ ਹੈ, ਅਤੇ ਜੋ ਕੋਈ ਉਹ ਨੂੰ ਫੜੀ ਰੱਖਦਾ ਹੈ ਉਹ ਖੁਸ਼ ਰਹਿੰਦਾ ਹੈ।”—ਕਹਾਉਤਾਂ 3:13-18.
ਬੁੱਧ ਭੌਤਿਕ ਸੰਪਤੀ ਤੋਂ ਕਿਉਂ ਉੱਤਮ ਹੈ? ਸੁਲੇਮਾਨ ਨੇ ਲਿਖਿਆ: “ਬੁੱਧ ਦਾ ਸਾਯਾ [“ਸੁਰੱਖਿਆ,” ਨਿ ਵ] ਧਨ ਦੇ ਸਾਯੇ [“ਸੁਰੱਖਿਆ,” ਨਿ ਵ] ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।” (ਉਪਦੇਸ਼ਕ ਦੀ ਪੋਥੀ 7:12) ਜਦ ਕਿ ਪੈਸਾ ਕੁਝ ਹੱਦ ਤਕ ਸੁਰੱਖਿਆ ਦਿੰਦਾ ਹੈ, ਜਿਸ ਨਾਲ ਉਸ ਦਾ ਮਾਲਕ ਆਪਣੀਆਂ ਲੋੜੀਂਦੀਆਂ ਚੀਜ਼ਾਂ ਖ਼ਰੀਦ ਸਕਦਾ ਹੈ, ਬੁੱਧ ਇਕ ਵਿਅਕਤੀ ਨੂੰ ਉਨ੍ਹਾਂ ਜੋਖਮਾਂ ਨੂੰ ਮੁੱਲ ਲੈਣ ਤੋਂ ਰੋਕ ਸਕਦੀ ਹੈ ਜਿਨ੍ਹਾਂ ਵਿਚ ਉਸ ਦੀ ਜਾਨ ਵੀ ਜਾ ਸਕਦੀ ਹੈ। ਸੱਚੀ ਬੁੱਧ ਨਾ ਕੇਵਲ ਇਕ ਵਿਅਕਤੀ ਨੂੰ ਕੁਵੇਲੀ ਮੌਤ ਤੋਂ ਬਚਾਉਂਦੀ ਹੈ ਬਲਕਿ, ਪਰਮੇਸ਼ੁਰ ਦੇ ਉਚਿਤ ਡਰ ਉੱਤੇ ਆਧਾਰਿਤ ਹੋਣ ਦੇ ਕਾਰਨ, ਇਹ ਸਦੀਪਕ ਜੀਵਨ ਦੀ ਪ੍ਰਾਪਤੀ ਵੱਲ ਵੀ ਲੈ ਜਾਵੇਗੀ।
ਈਸ਼ਵਰੀ ਬੁੱਧ ਖ਼ੁਸ਼ੀ ਵੱਲ ਕਿਉਂ ਲੈ ਜਾਂਦੀ ਹੈ? ਕਿਉਂਕਿ ਸੱਚੀ ਖ਼ੁਸ਼ੀ ਕੇਵਲ ਯਹੋਵਾਹ ਪਰਮੇਸ਼ੁਰ ਤੋਂ ਹੀ ਆ ਸਕਦੀ ਹੈ। ਅਨੁਭਵ ਸਾਬਤ ਕਰਦਾ ਹੈ ਕਿ ਅਸਲੀ ਖ਼ੁਸ਼ੀ ਕੇਵਲ ਅੱਤ ਮਹਾਨ ਪ੍ਰਤੀ ਆਗਿਆਕਾਰਤਾ ਦੁਆਰਾ ਹੀ ਹਾਸਲ ਕੀਤੀ ਜਾ ਸਕਦੀ ਹੈ। ਸਥਾਈ ਖ਼ੁਸ਼ੀ ਪਰਮੇਸ਼ੁਰ ਅੱਗੇ ਪ੍ਰਵਾਨਿਤ ਸਥਿਤੀ ਹਾਸਲ ਕਰਨ ਉੱਤੇ ਨਿਰਭਰ ਕਰਦੀ ਹੈ। (ਮੱਤੀ 5:3-10) ਬਾਈਬਲ ਦੇ ਅਧਿਐਨ ਤੋਂ ਜੋ ਕੁਝ ਅਸੀਂ ਸਿੱਖਦੇ ਹਾਂ, ਉਸ ਨੂੰ ਲਾਗੂ ਕਰਨ ਦੁਆਰਾ ਅਸੀਂ ਉਸ “ਬੁੱਧ” ਨੂੰ ਵਧਾਵਾਂਗੇ ਜੋ “ਉੱਪਰੋਂ ਹੈ।” (ਯਾਕੂਬ 3:17) ਇਹ ਸਾਨੂੰ ਅਜਿਹੀ ਖ਼ੁਸ਼ੀ ਦੇਵੇਗੀ ਜੋ ਧਨ ਕਦੀ ਵੀ ਨਹੀਂ ਲਿਆ ਸਕਦਾ।
[ਸਫ਼ੇ 4, 5 ਉੱਤੇ ਤਸਵੀਰਾਂ]
ਰਾਜਾ ਸੁਲੇਮਾਨ ਜਾਣਦਾ ਸੀ ਕਿ ਕਿਹੜੀ ਚੀਜ਼ ਇਕ ਵਿਅਕਤੀ ਨੂੰ ਖ਼ੁਸ਼ ਕਰਦਾ ਹੈ। ਕੀ ਤੁਸੀਂ ਜਾਣਦੇ ਹੋ?