ਆਪਣੀ ਸਖ਼ਤ ਮਿਹਨਤ ਦਾ ਫਲ ਦੇਖੋ
1. ਕਿਹੜੀ ਗੱਲ ਕਰਕੇ ਪ੍ਰਚਾਰ ਲਈ ਸਾਡਾ ਜੋਸ਼ ਠੰਢਾ ਪੈ ਸਕਦਾ ਹੈ?
1 ਇਨਸਾਨ ‘ਆਪਣੇ ਸਾਰੇ ਧੰਦੇ ਦੇ ਵਿੱਚ ਆਪਣਾ ਜੀ ਪਰਚਾਉਣ’ ਲਈ ਬਣਾਇਆ ਗਿਆ ਸੀ। (ਉਪ. 2:24) ਪਰ ਜਦੋਂ ਸਾਨੂੰ ਆਪਣੇ ਪ੍ਰਚਾਰ ਦੇ ਚੰਗੇ ਨਤੀਜੇ ਨਿਕਲਦੇ ਨਜ਼ਰ ਨਹੀਂ ਆਉਂਦੇ, ਤਾਂ ਹੌਸਲਾ ਢਹਿ ਜਾਣ ਕਰਕੇ ਅਸੀਂ ਆਪਣੀ ਖ਼ੁਸ਼ੀ ਤੇ ਜੋਸ਼ ਗੁਆ ਸਕਦੇ ਹਾਂ। ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
2. ਸਾਨੂੰ ਆਪਣੇ ਤੋਂ ਜ਼ਿਆਦਾ ਉਮੀਦਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ, ਭਾਵੇਂ ਲੋਕ ਸਾਡੀ ਗੱਲ ਸੁਣਨ ਜਾਂ ਨਾ ਸੁਣਨ?
2 ਜ਼ਿਆਦਾ ਉਮੀਦਾਂ ਨਾ ਰੱਖੋ: ਯਾਦ ਰੱਖੋ ਕਿ ਭਾਵੇਂ ਕੁਝ ਹੀ ਲੋਕਾਂ ਨੇ ਯਿਸੂ ਦੀ ਗੱਲ ਸੁਣੀ ਸੀ, ਫਿਰ ਵੀ ਉਸ ਦਾ ਪ੍ਰਚਾਰ ਬਹੁਤ ਕਾਮਯਾਬ ਰਿਹਾ। (ਯੂਹੰ. 17:4) ਯਿਸੂ ਨੇ ਬੀ ਬੀਜਣ ਵਾਲੇ ਦੀ ਮਿਸਾਲ ਵਿਚ ਭਵਿੱਖਬਾਣੀ ਕੀਤੀ ਸੀ ਕਿ ਜ਼ਿਆਦਾਤਰ ਲੋਕਾਂ ਦੇ ਦਿਲਾਂ ਵਿਚ ਬੀ ਵਰਗੇ ਰਾਜ ਦਾ ਸੰਦੇਸ਼ ਜੜ੍ਹ ਨਹੀਂ ਫੜੇਗਾ। (ਮੱਤੀ 13:3-8, 18-22) ਪਰ ਫਿਰ ਵੀ ਸਾਡੀ ਮਿਹਨਤ ਰੰਗ ਲਿਆਵੇਗੀ।
3. ਅਸੀਂ ਕਿਵੇਂ ‘ਫਲ ਦੇ’ ਸਕਦੇ ਹਾਂ ਭਾਵੇਂ ਲੋਕ ਸਾਡਾ ਸੰਦੇਸ਼ ਘੱਟ ਸੁਣਦੇ ਹਨ?
3 ਅਸੀਂ ਜ਼ਿਆਦਾ ਫਲ ਕਿਵੇਂ ਦਿੰਦੇ ਹਾਂ: ਯਿਸੂ ਦੀ ਦਿੱਤੀ ਮਿਸਾਲ ਅਨੁਸਾਰ ਜਿਹੜੇ ਸੰਦੇਸ਼ ਨੂੰ ਸੁਣਦੇ ਹਨ, ਉਹ ‘ਫਲ ਦੇਣਗੇ।’ (ਮੱਤੀ 13:23) ਕਣਕ ਦੇ ਬੂਟੇ ਪੁੰਗਰਨ ਤੇ ਵੱਡੇ ਹੋਣ ਤੋਂ ਬਾਅਦ ਇਨ੍ਹਾਂ ਨੂੰ ਫਲ ਲੱਗਦਾ ਹੈ। ਇਹ ਫਲ ਕਣਕ ਦੇ ਛੋਟੇ-ਛੋਟੇ ਬੂਟੇ ਨਹੀਂ ਬਲਕਿ ਨਵੇਂ ਬੀ ਹੁੰਦੇ ਹਨ। ਇਸੇ ਤਰ੍ਹਾਂ ਜਿਹੜਾ ਫਲ ਸਫ਼ਲ ਮਸੀਹੀ ਦਿੰਦੇ ਹਨ, ਜ਼ਰੂਰੀ ਨਹੀਂ ਕਿ ਉਹ ਨਵੇਂ ਚੇਲੇ ਹੀ ਹੋਣ, ਬਲਕਿ ਉਸੇ ਬੀ ਤੋਂ ਨਿਕਲੇ ਬਹੁਤ ਸਾਰੇ ਬੀ ਹਨ ਯਾਨੀ ਰਾਜ ਦੇ ਬਾਰੇ ਕੀਤੀਆਂ ਸਾਡੀਆਂ ਬਹੁਤ ਸਾਰੀਆਂ ਗੱਲਾਂ ਹਨ। ਇਨ੍ਹਾਂ ਗੱਲਾਂ ਦੇ ਚੰਗੇ ਨਤੀਜਿਆਂ ਕਾਰਨ ਅਸੀਂ ਖ਼ੁਸ਼ ਹੋ ਸਕਦੇ ਹਾਂ, ਭਾਵੇਂ ਲੋਕ ਸੁਣਨ ਜਾਂ ਨਾ। ਅਸੀਂ ਯਹੋਵਾਹ ਦੇ ਨਾਂ ਨੂੰ ਪਵਿੱਤਰ ਕਰਨ ਵਿਚ ਯੋਗਦਾਨ ਪਾ ਰਹੇ ਹਾਂ। (ਯਸਾ. 43:10-12; ਮੱਤੀ 6:9) ਸਾਡੇ ਕੋਲ ਪਰਮੇਸ਼ੁਰ ਨਾਲ ਕੰਮ ਕਰਨ ਦਾ ਸਨਮਾਨ ਹੈ। (1 ਕੁਰਿੰ. 3:9) ਅਜਿਹੇ ‘ਬੁੱਲ੍ਹਾਂ ਦੇ ਫਲ’ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ।—ਇਬ. 13:15, 16.
4. ਸਾਡੇ ਪ੍ਰਚਾਰ ਦੇ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ ਜਿਨ੍ਹਾਂ ਬਾਰੇ ਸਾਨੂੰ ਸ਼ਾਇਦ ਪਤਾ ਨਾ ਲੱਗੇ?
4 ਇਸ ਤੋਂ ਇਲਾਵਾ, ਸਾਡੀ ਸਖ਼ਤ ਮਿਹਨਤ ਸ਼ਾਇਦ ਰੰਗ ਲਿਆਈ ਹੋਵੇ ਜੋ ਸਾਨੂੰ ਨਜ਼ਰ ਨਹੀਂ ਆਉਂਦੀ। ਜਿਹੜੇ ਕੁਝ ਲੋਕਾਂ ਨੇ ਯਿਸੂ ਦਾ ਸੰਦੇਸ਼ ਸੁਣਿਆ ਸੀ, ਹੋ ਸਕਦਾ ਹੈ ਕਿ ਉਹ ਯਿਸੂ ਦੁਆਰਾ ਧਰਤੀ ਉੱਤੇ ਆਪਣੀ ਸੇਵਕਾਈ ਪੂਰੀ ਕਰਨ ਤੋਂ ਬਾਅਦ ਹੀ ਉਸ ਦੇ ਚੇਲੇ ਬਣੇ ਸਨ। ਇਸੇ ਤਰ੍ਹਾਂ, ਅਸੀਂ ਜੋ ਰਾਜ ਦਾ ਬੀ ਬੀਜਦੇ ਹਾਂ, ਉਹ ਕਿਸੇ ਦੇ ਦਿਲ ਵਿਚ ਸ਼ਾਇਦ ਬਾਅਦ ਵਿਚ ਜੜ੍ਹ ਫੜ ਕੇ ਪੁੰਗਰੇ ਅਤੇ ਉਹ ਵਿਅਕਤੀ ਸੱਚਾਈ ਵਿਚ ਆ ਜਾਵੇ ਜਿਸ ਬਾਰੇ ਸਾਨੂੰ ਪਤਾ ਵੀ ਨਾ ਲੱਗੇ। ਸੋ ਕੋਈ ਸ਼ੱਕ ਨਹੀਂ ਕਿ ਸਾਡੇ ਪ੍ਰਚਾਰ ਦੇ ਬਹੁਤ ਚੰਗੇ ਨਤੀਜੇ ਨਿਕਲਦੇ ਹਨ। ਇਸ ਲਈ ਆਓ ਆਪਾਂ ‘ਫਲ ਦਿੰਦੇ ਰਹੀਏ’ ਅਤੇ ਆਪਣੇ ਆਪ ਨੂੰ ਯਿਸੂ ਦੇ ਚੇਲੇ ਸਾਬਤ ਕਰਦੇ ਰਹੀਏ।—ਯੂਹੰ. 15:8.