-
ਭਾਰੇ ਮੁੱਲ ਦੇ ਮੋਤੀ ਦੀ ਭਾਲਪਹਿਰਾਬੁਰਜ—2005 | ਫਰਵਰੀ 1
-
-
ਭਾਰੇ ਮੁੱਲ ਦੇ ਮੋਤੀ ਦੀ ਭਾਲ
“ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।”—ਮੱਤੀ 11:12.
1, 2. (ੳ) ਯਿਸੂ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਕਿਹੜੇ ਗੁਣ ਬਾਰੇ ਗੱਲ ਕੀਤੀ ਸੀ? (ਅ) ਯਿਸੂ ਨੇ ਕੀਮਤੀ ਮੋਤੀ ਦੇ ਦ੍ਰਿਸ਼ਟਾਂਤ ਵਿਚ ਕੀ ਕਿਹਾ ਸੀ?
ਕੀ ਤੁਹਾਡੀ ਜ਼ਿੰਦਗੀ ਵਿਚ ਅਜਿਹਾ ਕੁਝ ਹੈ ਜਿਸ ਨੂੰ ਪਾਉਣ ਲਈ ਤੁਸੀਂ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਹੋਵੋਗੇ? ਭਾਵੇਂ ਲੋਕ ਪੈਸਾ, ਸ਼ੌਹਰਤ ਜਾਂ ਮਾਣ ਦਾ ਲਗਨ ਨਾਲ ਪਿੱਛਾ ਕਰਦੇ ਹਨ, ਫਿਰ ਵੀ ਬਹੁਤ ਘੱਟ ਲੋਕ ਹੋਣਗੇ ਜੋ ਹਰ ਕੀਮਤ ਤੇ ਇਕ ਮਨਭਾਉਂਦੀ ਚੀਜ਼ ਹਾਸਲ ਕਰਨ ਦਾ ਜਤਨ ਕਰਨਗੇ। ਯਿਸੂ ਮਸੀਹ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਲਗਨ ਨਾਲ ਕਿਸੇ ਚੀਜ਼ ਦਾ ਪਿੱਛਾ ਕਰਨ ਬਾਰੇ ਗੱਲ ਕੀਤੀ ਸੀ।
2 ਉਸ ਨੇ ਇਹ ਦ੍ਰਿਸ਼ਟਾਂਤ ਸਿਰਫ਼ ਆਪਣੇ ਚੇਲਿਆਂ ਨੂੰ ਦੱਸਿਆ ਸੀ। ਉਸ ਨੇ ਕਿਹਾ: “ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦ ਉਹ ਨੂੰ ਇੱਕ ਮੋਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:36, 45, 46) ਇਸ ਦ੍ਰਿਸ਼ਟਾਂਤ ਰਾਹੀਂ ਯਿਸੂ ਆਪਣੇ ਚੇਲਿਆਂ ਨੂੰ ਕੀ ਸਿਖਾਉਣਾ ਚਾਹੁੰਦਾ ਸੀ? ਅਸੀਂ ਯਿਸੂ ਦੇ ਸ਼ਬਦਾਂ ਤੋਂ ਕੀ ਸਿੱਖ ਸਕਦੇ ਹਾਂ?
ਮੋਤੀਆਂ ਦੀ ਭਾਰੀ ਕੀਮਤ
3. ਪੁਰਾਣੇ ਸਮਿਆਂ ਵਿਚ ਮੋਤੀ ਇੰਨੇ ਕੀਮਤੀ ਕਿਉਂ ਸਮਝੇ ਜਾਂਦੇ ਸਨ?
3 ਪੁਰਾਣੇ ਸਮਿਆਂ ਤੋਂ ਮੋਤੀਆਂ ਨੂੰ ਸਜਾਵਟ ਲਈ ਵਰਤਿਆ ਗਿਆ ਹੈ। ਇਕ ਰੋਮੀ ਵਿਦਵਾਨ ਅਨੁਸਾਰ ਮੋਤੀਆਂ ਨੂੰ “ਸਭ ਤੋਂ ਕੀਮਤੀ ਚੀਜ਼ਾਂ ਵਿਚ ਗਿਣਿਆ ਜਾਂਦਾ ਸੀ।” ਸੋਨਾ, ਚਾਂਦੀ ਜਾਂ ਹੋਰ ਰਤਨਾਂ ਤੋਂ ਉਲਟ, ਜੀਉਂਦੇ ਜੀਵ ਮੋਤੀਆਂ ਨੂੰ ਬਣਾਉਂਦੇ ਹਨ। ਉਹ ਕਿਵੇਂ? ਸਿੱਪੀਆਂ ਵਿਚ ਰਹਿਣ ਵਾਲੇ ਕੁਝ ਜੀਵ ਛੋਟੇ-ਛੋਟੇ ਰੋੜਿਆਂ ਜਾਂ ਰੇਤ ਦੇ ਕਿਣਕਿਆਂ ਨੂੰ ਲੇਪ-ਲੇਪ ਕੇ ਚਮਕਦਾਰ ਮੋਤੀ ਬਣਾ ਦਿੰਦੇ ਹਨ। ਪੁਰਾਣੇ ਜ਼ਮਾਨਿਆਂ ਵਿਚ ਸਭ ਤੋਂ ਵਧੀਆ ਮੋਤੀ ਇਸਰਾਏਲ ਦੇਸ਼ ਤੋਂ ਬਹੁਤ ਦੂਰ ਲਾਲ ਸਮੁੰਦਰ, ਫ਼ਾਰਸੀ ਖਾੜੀ ਅਤੇ ਹਿੰਦ ਮਹਾਂਸਾਗਰ ਵਿੱਚੋਂ ਇਕੱਠੇ ਕੀਤੇ ਜਾਂਦੇ ਸਨ। ਇਸੇ ਕਰਕੇ ਯਿਸੂ ਨੇ ਅਜਿਹੇ ਵਪਾਰੀ ਬਾਰੇ ਗੱਲ ਕੀਤੀ ਸੀ ਜਿਹੜਾ “ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ।” ਕੀਮਤੀ ਮੋਤੀਆਂ ਨੂੰ ਲੱਭਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੁੰਦੀ ਹੈ।
4. ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਕਿਸ ਗੱਲ ਉੱਤੇ ਜ਼ੋਰ ਦਿੱਤਾ ਸੀ?
4 ਇਹ ਸੱਚ ਹੈ ਕਿ ਮੋਤੀ ਹਮੇਸ਼ਾ ਤੋਂ ਕਾਫ਼ੀ ਮਹਿੰਗੇ ਰਹੇ ਹਨ। ਪਰ ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਸਿਰਫ਼ ਮੋਤੀਆਂ ਦੀ ਕੀਮਤ ਉੱਤੇ ਜ਼ੋਰ ਨਹੀਂ ਦਿੱਤਾ ਸੀ। ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਪਰਮੇਸ਼ੁਰ ਦਾ ਰਾਜ ਭਾਰੇ ਮੁੱਲ ਦੇ ਮੋਤੀ ਵਰਗਾ ਹੈ, ਸਗੋਂ ਉਸ ਨੇ ਕਿਹਾ ਕਿ ਪਰਮੇਸ਼ੁਰ ਦਾ ਰਾਜ “ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ।” ਫਿਰ ਯਿਸੂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਭਾਰੇ ਮੁੱਲ ਦਾ ਮੋਤੀ ਲੱਭਣ ਤੇ ਉਸ ਵਪਾਰੀ ਨੇ ਕੀ ਕੀਤਾ ਸੀ। ਇਕ ਆਮ ਦੁਕਾਨਦਾਰ ਤੋਂ ਉਲਟ ਇਹ ਵਪਾਰੀ ਇਕ ਮਾਹਰ ਸੀ ਜੋ ਮੋਤੀਆਂ ਦੀਆਂ ਖੂਬੀਆਂ ਚੰਗੀ ਤਰ੍ਹਾਂ ਜਾਣਦਾ ਅਤੇ ਉਨ੍ਹਾਂ ਦੀ ਕਦਰ ਕਰਦਾ ਸੀ। ਉਹ ਪਰਖ ਸਕਦਾ ਸੀ ਕਿ ਕਿਹੜਾ ਮੋਤੀ ਦੂਸਰੇ ਮੋਤੀ ਤੋਂ ਜ਼ਿਆਦਾ ਕੀਮਤੀ ਸੀ। ਇਸ ਤੋਂ ਇਲਾਵਾ ਉਹ ਅਸਲੀ-ਨਕਲੀ ਮੋਤੀਆਂ ਵਿਚ ਫ਼ਰਕ ਝੱਟ ਪਛਾਣ ਸਕਦਾ ਸੀ। ਉਹ ਨਕਲੀ ਮਾਲ ਤੋਂ ਧੋਖਾ ਨਹੀਂ ਖਾਂਦਾ ਸੀ।
5, 6. (ੳ) ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀ ਹੋਰ ਕਿਹੜੀ ਖ਼ਾਸ ਗੱਲ ਹੈ? (ਅ) ਲੁਕੇ ਧਨ ਦੇ ਦ੍ਰਿਸ਼ਟਾਂਤ ਵਿਚ ਅਸੀਂ ਵਪਾਰੀ ਬਾਰੇ ਕੀ ਸਿੱਖਦੇ ਹਾਂ?
5 ਇਸ ਵਪਾਰੀ ਦੀ ਇਕ ਹੋਰ ਗੱਲ ਵੀ ਖ਼ਾਸ ਹੈ। ਇਕ ਆਮ ਵਪਾਰੀ ਪਹਿਲਾਂ ਪਤਾ ਕਰੇਗਾ ਕਿ ਉਹ ਇਸ ਮੋਤੀ ਨੂੰ ਕਿੰਨੇ ਕੁ ਪੈਸਿਆਂ ਲਈ ਵੇਚ ਸਕੇਗਾ ਤਾਂਕਿ ਉਸ ਨੂੰ ਨਫ਼ਾ ਹੋਵੇ। ਉਹ ਇਹ ਵੀ ਜਾਣਨਾ ਚਾਹੇਗਾ ਕਿ ਇਸ ਮੋਤੀ ਨੂੰ ਕੌਣ-ਕੌਣ ਖ਼ਰੀਦਣਾ ਚਾਹੇਗਾ। ਕਹਿਣ ਦਾ ਭਾਵ ਹੈ ਕਿ ਉਹ ਇਸ ਮੋਤੀ ਨੂੰ ਆਪਣੇ ਕੋਲ ਨਹੀਂ ਰੱਖੇਗਾ, ਸਗੋਂ ਉਹ ਉਸ ਨੂੰ ਵੇਚ ਕੇ ਬਹੁਤ ਸਾਰਾ ਨਫ਼ਾ ਕਮਾਉਣਾ ਚਾਹੇਗਾ। ਪਰ ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਉਹ ਸਿਰਫ਼ ਪੈਸਿਆਂ ਬਾਰੇ ਨਹੀਂ ਸੋਚ ਰਿਹਾ ਸੀ। ਦਰਅਸਲ ਉਹ ਇਸ ਮੋਤੀ ਨੂੰ ਹਾਸਲ ਕਰਨ ਲਈ ਆਪਣਾ “ਸਭ ਕੁਝ” ਵੇਚਣ ਲਈ ਤਿਆਰ ਸੀ। ਉਸ ਮਨਭਾਉਂਦੇ ਮੋਤੀ ਨੂੰ ਹਾਸਲ ਕਰਨ ਲਈ ਉਸ ਨੇ ਸ਼ਾਇਦ ਆਪਣੀ ਸਾਰੀ ਜਾਇਦਾਦ ਵੀ ਵੇਚ ਦਿੱਤੀ ਹੋਵੇ।
6 ਦੂਸਰੇ ਵਪਾਰੀ ਅਜਿਹਾ ਖ਼ਤਰਾ ਕਦੀ ਵੀ ਮੁੱਲ ਨਹੀਂ ਲੈਂਦੇ। ਉਨ੍ਹਾਂ ਦੀਆਂ ਨਜ਼ਰਾਂ ਵਿਚ ਇਸ ਵਪਾਰੀ ਨੇ ਜੋ ਕੀਤਾ ਉਹ ਬੇਵਕੂਫ਼ੀ ਸੀ। ਪਰ ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀਆਂ ਹੋਰ ਕਦਰਾਂ-ਕੀਮਤਾਂ ਸਨ। ਉਸ ਨੂੰ ਖ਼ੁਸ਼ੀ ਪੈਸਾ ਬਣਾਉਣ ਤੋਂ ਨਹੀਂ, ਸਗੋਂ ਇਸ ਅਨਮੋਲ ਮੋਤੀ ਨੂੰ ਹਾਸਲ ਕਰਨ ਤੋਂ ਮਿਲੀ ਸੀ। ਇਹ ਗੱਲ ਪਰਮੇਸ਼ੁਰ ਦੇ ਰਾਜ ਬਾਰੇ ਇਕ ਹੋਰ ਦ੍ਰਿਸ਼ਟਾਂਤ ਤੋਂ ਵੀ ਸਾਫ਼ ਦੇਖੀ ਜਾ ਸਕਦੀ ਹੈ: “ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।” (ਮੱਤੀ 13:44) ਜੀ ਹਾਂ, ਇਹ ਆਦਮੀ ਉਸ ਖ਼ੁਸ਼ੀ ਲਈ ਆਪਣਾ ਸਭ ਕੁਝ ਵੇਚਣ ਲਈ ਰਾਜ਼ੀ ਸੀ ਜੋ ਉਸ ਨੂੰ ਉਹ ਧਨ ਹਾਲਸ ਕਰਨ ਤੋਂ ਮਿਲੀ ਸੀ। ਕੀ ਅੱਜ ਅਜਿਹੇ ਇਨਸਾਨ ਹਨ? ਕੀ ਅਜਿਹਾ ਕੋਈ ਧਨ ਹੈ ਜਿਸ ਦੀ ਖ਼ਾਤਰ ਲੋਕ ਆਪਣਾ ਸਭ ਕੁਝ ਦੇਣ ਲਈ ਰਾਜ਼ੀ ਹਨ?
ਪਰਮੇਸ਼ੁਰ ਦੇ ਰਾਜ ਦੇ ਕਦਰਦਾਨ ਲੋਕ
7. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਬਹੁਤ ਕਦਰ ਕਰਦਾ ਸੀ?
7 ਕੀਮਤੀ ਮੋਤੀ ਦੇ ਦ੍ਰਿਸ਼ਟਾਂਤ ਵਿਚ ਯਿਸੂ ‘ਸੁਰਗ ਦੇ ਰਾਜ’ ਬਾਰੇ ਗੱਲ ਕਰ ਰਿਹਾ ਸੀ। ਯਿਸੂ ਖ਼ੁਦ ਇਸ ਰਾਜ ਦੀ ਬਹੁਤ ਕਦਰ ਕਰਦਾ ਸੀ। ਇੰਜੀਲਾਂ ਵਿਚ ਸਾਨੂੰ ਇਸ ਗੱਲ ਦਾ ਪੱਕਾ ਸਬੂਤ ਮਿਲਦਾ ਹੈ। ਸਾਲ 29 ਵਿਚ ਯਿਸੂ ਦੇ ਬਪਤਿਸਮੇ ਤੋਂ ਬਾਅਦ ਉਹ “ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” ਸਾਢੇ ਤਿੰਨ ਸਾਲਾਂ ਲਈ ਉਸ ਨੇ ਬੇਸ਼ੁਮਾਰ ਲੋਕਾਂ ਨੂੰ ਇਸ ਰਾਜ ਬਾਰੇ ਸਿੱਖਿਆ ਦਿੱਤੀ ਸੀ। ਉਹ ਇਸਰਾਏਲ ਦੇ ਪੂਰੇ ਦੇਸ਼ ਵਿਚ “ਨਗਰੋ ਨਗਰ ਅਤੇ ਪਿੰਡੋ ਪਿੰਡ ਫਿਰਦਾ ਹੋਇਆ ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।”—ਮੱਤੀ 4:17; ਲੂਕਾ 8:1.
8. ਯਿਸੂ ਨੇ ਕਿਵੇਂ ਦਿਖਾਇਆ ਸੀ ਕਿ ਪਰਮੇਸ਼ੁਰ ਦਾ ਰਾਜ ਭਵਿੱਖ ਵਿਚ ਲੋਕਾਂ ਲਈ ਕੀ ਕਰੇਗਾ?
8 ਯਿਸੂ ਨੇ ਬਹੁਤ ਸਾਰੇ ਚਮਤਕਾਰ ਕਰ ਕੇ ਇਹ ਵੀ ਦਿਖਾਇਆ ਸੀ ਕਿ ਭਵਿੱਖ ਵਿਚ ਪਰਮੇਸ਼ੁਰ ਦਾ ਰਾਜ ਲੋਕਾਂ ਲਈ ਕੀ-ਕੀ ਕਰੇਗਾ। ਮਿਸਾਲ ਲਈ, ਉਸ ਨੇ ਬੀਮਾਰਾਂ ਨੂੰ ਠੀਕ ਕੀਤਾ, ਭੁੱਖਿਆਂ ਨੂੰ ਰੋਟੀ ਖੁਆਈ, ਤੂਫ਼ਾਨਾਂ ਨੂੰ ਸ਼ਾਂਤ ਕੀਤਾ ਅਤੇ ਮੁਰਦਿਆਂ ਨੂੰ ਵੀ ਦੁਬਾਰਾ ਜ਼ਿੰਦਾ ਕੀਤਾ ਸੀ। (ਮੱਤੀ 14:14-21; ਮਰਕੁਸ 4:37-39; ਲੂਕਾ 7:11-17) ਅਖ਼ੀਰ ਵਿਚ ਸੂਲੀ ਉੱਤੇ ਆਪਣੀ ਜਾਨ ਕੁਰਬਾਨ ਕਰ ਕੇ ਯਿਸੂ ਨੇ ਦਿਖਾਇਆ ਕਿ ਉਹ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਜਿਸ ਤਰ੍ਹਾਂ ਉਹ ਵਪਾਰੀ ਭਾਰੇ ਮੁੱਲ ਦੇ ਮੋਤੀ ਵਾਸਤੇ ਆਪਣਾ ਸਭ ਕੁਝ ਵਾਰਨ ਲਈ ਤਿਆਰ ਸੀ, ਉਸੇ ਤਰ੍ਹਾਂ ਯਿਸੂ ਦਾ ਜੀਣਾ-ਮਰਨਾ ਸਿਰਫ਼ ਪਰਮੇਸ਼ੁਰ ਦੇ ਰਾਜ ਲਈ ਸੀ।—ਯੂਹੰਨਾ 18:37.
9. ਯਿਸੂ ਦੇ ਮੁਢਲੇ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਸੁਣ ਕੇ ਕੀ ਕੀਤਾ ਸੀ?
9 ਯਿਸੂ ਨੇ ਸਿਰਫ਼ ਆਪ ਹੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਨਹੀਂ ਦਿੱਤੀ ਸੀ, ਸਗੋਂ ਉਸ ਨੇ ਆਪਣੇ ਚੇਲੇ ਇਕੱਠੇ ਕੀਤੇ ਸਨ ਅਤੇ ਉਨ੍ਹਾਂ ਨੂੰ ਵੀ ਇਸ ਰਾਜ ਦੀ ਕਦਰ ਕਰਨੀ ਸਿਖਾਈ ਸੀ। ਅੰਦ੍ਰਿਯਾਸ ਦੀ ਮਿਸਾਲ ਲੈ ਲਵੋ। ਉਹ ਪਹਿਲਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਚੇਲਾ ਹੁੰਦਾ ਸੀ। ਪਰ ਜਦ ਉਸ ਨੇ ਯੂਹੰਨਾ ਦੇ ਮੂੰਹੋਂ ਯਿਸੂ ਬਾਰੇ ਗਵਾਹੀ ਸੁਣੀ ਕਿ ਉਹ “ਪਰਮੇਸ਼ੁਰ ਦਾ ਲੇਲਾ” ਸੀ, ਤਾਂ ਅੰਦ੍ਰਿਯਾਸ ਯਿਸੂ ਦਾ ਚੇਲਾ ਬਣ ਗਿਆ। ਉਸ ਵਕਤ ਅੰਦ੍ਰਿਯਾਸ ਦੇ ਨਾਲ ਜ਼ਬਦੀ ਦਾ ਪੁੱਤਰ ਯੂਹੰਨਾ ਵੀ ਸੀ ਅਤੇ ਉਹ ਵੀ ਯਿਸੂ ਦਾ ਚੇਲਾ ਬਣ ਗਿਆ। ਫਿਰ ਅੰਦ੍ਰਿਯਾਸ ਨੇ ਆਪਣੇ ਭਰਾ ਸ਼ਮਊਨ ਨੂੰ ਵੀ ਜਾ ਕੇ ਦੱਸਿਆ: ‘ਅਸਾਂ ਮਸੀਹ ਨੂੰ ਲੱਭ ਲਿਆ ਹੈ!’ ਇਹ ਸੁਣ ਕੇ ਸ਼ਮਊਨ (ਜੋ ਬਾਅਦ ਵਿਚ ਕੇਫਾਸ ਜਾਂ ਪਤਰਸ ਦੇ ਨਾਂ ਤੋਂ ਜਾਣਿਆ ਗਿਆ) ਅਤੇ ਫ਼ਿਲਿੱਪੁਸ ਤੇ ਫ਼ਿਲਿੱਪੁਸ ਦੇ ਦੋਸਤ ਨਥਾਨਿਏਲ ਨੇ ਵੀ ਪਛਾਣ ਲਿਆ ਕਿ ਯਿਸੂ ਹੀ ਮਸੀਹਾ ਸੀ। ਦਰਅਸਲ ਨਥਾਨਿਏਲ ਨੇ ਪ੍ਰਭਾਵਿਤ ਹੋ ਕੇ ਯਿਸੂ ਨੂੰ ਕਿਹਾ: “ਤੁਸੀਂ ਪਰਮੇਸ਼ੁਰ ਦੇ ਪੁੱਤ੍ਰ ਹੋ, ਤੁਸੀਂ ਇਸਰਾਏਲ ਦੇ ਪਾਤਸ਼ਾਹ ਹੋ!”—ਯੂਹੰਨਾ 1:35-49.
ਫ਼ੈਸਲਾ ਕਰਨ ਦਾ ਵਕਤ
10. ਯਿਸੂ ਦੇ ਚੇਲਿਆਂ ਨੇ ਕੀ ਕੀਤਾ ਸੀ ਜਦ ਯਿਸੂ ਨੇ ਉਨ੍ਹਾਂ ਨੂੰ ਉਸ ਦੇ ਮਗਰ ਆਉਣ ਲਈ ਕਿਹਾ ਸੀ?
10 ਮਸੀਹਾ ਲੱਭਣ ਤੇ ਅੰਦ੍ਰਿਯਾਸ, ਪਤਰਸ, ਯੂਹੰਨਾ ਅਤੇ ਹੋਰਨਾਂ ਲੋਕਾਂ ਨੂੰ ਜੋ ਖ਼ੁਸ਼ੀ ਮਿਲੀ ਸੀ ਉਸ ਦੀ ਤੁਲਨਾ ਉਸ ਵਪਾਰੀ ਦੀ ਖ਼ੁਸ਼ੀ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਕੀਮਤੀ ਮੋਤੀ ਲੱਭਿਆ ਸੀ। ਇੰਜੀਲਾਂ ਵਿਚ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਯਿਸੂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਉਨ੍ਹਾਂ ਨੇ ਕੀ ਕੀਤਾ ਸੀ। ਲੱਗਦਾ ਹੈ ਕਿ ਉਹ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿਚ ਲੱਗੇ ਰਹੇ। ਪਰ ਫਿਰ ਇਕ ਸਾਲ ਦੇ ਅੰਦਰ-ਅੰਦਰ ਯਿਸੂ ਫਿਰ ਤੋਂ ਅੰਦ੍ਰਿਯਾਸ, ਪਤਰਸ, ਯੂਹੰਨਾ ਅਤੇ ਯੂਹੰਨਾ ਦੇ ਭਰਾ ਯਾਕੂਬ ਨੂੰ ਮਿਲਿਆ। ਉਸ ਸਮੇਂ ਉਹ ਗਲੀਲ ਦੀ ਝੀਲ ਦੇ ਕੰਢੇ ਮਛਿਆਰਿਆਂ ਦਾ ਕੰਮ ਕਰਦੇ ਸਨ।a ਉਨ੍ਹਾਂ ਨੂੰ ਦੇਖ ਕੇ ਯਿਸੂ ਨੇ ਕਿਹਾ: “ਮੇਰੇ ਮਗਰ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਸ਼ਿਕਾਰੀ ਬਣਾਵਾਂਗਾ।” ਉਸ ਦੀ ਗੱਲ ਸੁਣ ਕੇ ਉਨ੍ਹਾਂ ਨੇ ਕੀ ਕੀਤਾ? ਮੱਤੀ ਦੀ ਇੰਜੀਲ ਵਿਚ ਪਤਰਸ ਅਤੇ ਅੰਦ੍ਰਿਯਾਸ ਬਾਰੇ ਲਿਖਿਆ ਹੈ: “ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਯਾਕੂਬ ਅਤੇ ਯੂਹੰਨਾ ਬਾਰੇ ਅਸੀਂ ਪੜ੍ਹਦੇ ਹਾਂ: “ਓਹ ਝੱਟ ਬੇੜੀ ਨੂੰ ਅਤੇ ਆਪਣੇ ਪਿਉ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” ਲੂਕਾ ਦੀ ਇੰਜੀਲ ਵਿਚ ਸਾਨੂੰ ਦੱਸਿਆ ਹੈ ਕਿ ਉਹ “ਸੱਭੋ ਕੁਝ ਛੱਡ ਕੇ ਉਹ ਦੇ ਮਗਰ ਹੋ ਤੁਰੇ।”—ਮੱਤੀ 4:18-22; ਲੂਕਾ 5:1-11.
11. ਯਿਸੂ ਦੇ ਚੇਲੇ ਇਕਦਮ ਉਸ ਦੇ ਮਗਰ ਕਿਉਂ ਲੱਗ ਪਏ ਸਨ?
11 ਕੀ ਯਿਸੂ ਦੇ ਚੇਲਿਆਂ ਨੇ ਉਸ ਮਗਰ ਜਾਣ ਦਾ ਫ਼ੈਸਲਾ ਕਾਹਲੀ ਨਾਲ ਕੀਤਾ ਸੀ? ਬਿਲਕੁਲ ਨਹੀਂ! ਭਾਵੇਂ ਉਹ ਯਿਸੂ ਨੂੰ ਪਹਿਲੀ ਵਾਰ ਮਿਲਣ ਤੋਂ ਬਾਅਦ ਆਪਣੇ ਕੰਮ-ਧੰਦੇ ਵਿਚ ਫਿਰ ਤੋਂ ਲੱਗ ਗਏ ਸਨ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਨੇ ਉਸ ਵਕਤ ਜੋ ਕੁਝ ਦੇਖਿਆ ਤੇ ਸੁਣਿਆ ਸੀ ਇਸ ਦਾ ਉਨ੍ਹਾਂ ਦੇ ਦਿਲਾਂ ਅਤੇ ਮਨਾਂ ਉੱਤੇ ਗਹਿਰਾ ਅਸਰ ਪਿਆ। ਉਨ੍ਹਾਂ ਕੋਲ ਇਨ੍ਹਾਂ ਗੱਲਾਂ ਉੱਤੇ ਸੋਚ-ਵਿਚਾਰ ਕਰਨ ਲਈ ਲਗਭਗ ਇਕ ਸਾਲ ਸੀ। ਪਰ ਹੁਣ ਫ਼ੈਸਲਾ ਕਰਨ ਦਾ ਵਕਤ ਆ ਗਿਆ ਸੀ। ਕੀ ਉਹ ਉਸ ਵਪਾਰੀ ਵਾਂਗ ਕਦਮ ਚੁੱਕਣ ਲਈ ਤਿਆਰ ਸਨ ਜਿਸ ਨੂੰ ਕੀਮਤੀ ਮੋਤੀ ਲੱਭਣ ਤੇ ਇੰਨੀ ਖ਼ੁਸ਼ੀ ਹੋਈ ਸੀ ਕਿ ਉਸ ਨੇ ਇਕਦਮ ਜਾ ਕੇ ਉਸ ਮੋਤੀ ਨੂੰ ਖ਼ਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ? ਜੀ ਹਾਂ, ਯਿਸੂ ਦੀਆਂ ਗੱਲਾਂ ਅਤੇ ਕੰਮਾਂ ਨੇ ਉਨ੍ਹਾਂ ਦੇ ਦਿਲਾਂ ਨੂੰ ਪ੍ਰਭਾਵਿਤ ਕੀਤਾ। ਉਹ ਜਾਣਦੇ ਸਨ ਕਿ ਹੁਣ ਕੁਝ ਕਰਨ ਦੀ ਲੋੜ ਸੀ। ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਇਕਦਮ ਸਭ ਕੁਝ ਛੱਡ ਕੇ ਯਿਸੂ ਦੇ ਮਗਰ ਹੋ ਤੁਰੇ।
12, 13. (ੳ) ਕੀ ਸਾਰੇ ਲੋਕਾਂ ਨੇ ਯਿਸੂ ਦੀਆਂ ਗੱਲਾਂ ਤੇ ਅਮਲ ਕੀਤਾ ਸੀ? (ਅ) ਯਿਸੂ ਨੇ ਆਪਣੇ ਵਫ਼ਾਦਾਰ ਚੇਲਿਆਂ ਬਾਰੇ ਕੀ ਕਿਹਾ ਸੀ ਅਤੇ ਉਸ ਦੇ ਸ਼ਬਦਾਂ ਦਾ ਕੀ ਮਤਲਬ ਸੀ?
12 ਇਹ ਵਫ਼ਾਦਾਰ ਚੇਲੇ ਇੰਜੀਲਾਂ ਵਿਚ ਜ਼ਿਕਰ ਕੀਤੇ ਗਏ ਹੋਰ ਕਈਆਂ ਲੋਕਾਂ ਤੋਂ ਕਿੰਨੇ ਵੱਖਰੇ ਸਨ! ਭਾਵੇਂ ਯਿਸੂ ਨੇ ਕਈ ਬੀਮਾਰ ਲੋਕਾਂ ਨੂੰ ਠੀਕ ਕੀਤਾ ਸੀ ਜਾਂ ਉਨ੍ਹਾਂ ਨੂੰ ਰੋਟੀ ਖੁਆਈ ਸੀ, ਪਰ ਇਹ ਲੋਕ ਆਪਣੇ ਰਸਤੇ ਚੱਲਦੇ ਰਹੇ। (ਲੂਕਾ 17:17, 18; ਯੂਹੰਨਾ 6:26) ਜਦ ਯਿਸੂ ਨੇ ਉਨ੍ਹਾਂ ਨੂੰ ਉਸ ਦੇ ਪਿੱਛੇ ਆਉਣ ਲਈ ਕਿਹਾ, ਤਾਂ ਉਹ ਬਹਾਨੇ ਬਣਾਉਂਦੇ ਰਹੇ। (ਲੂਕਾ 9:59-62) ਇਸ ਦੇ ਬਿਲਕੁਲ ਉਲਟ ਯਿਸੂ ਦੇ ਵਫ਼ਾਦਾਰ ਚੇਲਿਆਂ ਬਾਰੇ ਕਿਹਾ ਗਿਆ ਹੈ: “ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋਹ ਲੈਂਦੇ ਹਨ।”—ਮੱਤੀ 11:12.
13 ਇੱਥੇ “ਜ਼ੋਰ ਮਾਰਨ” ਦਾ ਕੀ ਮਤਲਬ ਹੈ? ਬਾਈਬਲ ਦੇ ਇਕ ਸ਼ਬਦ-ਕੋਸ਼ ਮੁਤਾਬਕ ਇਸ ਯੂਨਾਨੀ ਕ੍ਰਿਆ ਦਾ ਮਤਲਬ ਹੈ “ਪੂਰੀ ਕੋਸ਼ਿਸ਼ ਕਰਨੀ।” ਇਸ ਆਇਤ ਬਾਰੇ ਬਾਈਬਲ ਦਾ ਇਕ ਵਿਦਵਾਨ ਕਹਿੰਦਾ ਹੈ: ‘ਇਸ ਤੋਂ ਪਤਾ ਲੱਗਦਾ ਹੈ ਕਿ ਉਹ ਬੜੇ ਜੋਸ਼ ਨਾਲ ਮਸੀਹ ਦੇ ਰਾਜ ਮਗਰ ਲੱਗੇ ਹੋਏ ਸਨ। ਉਹ ਹੱਥ ਧੋ ਕੇ ਉਸ ਦੇ ਪਿੱਛੇ ਪਏ ਹੋਏ ਸਨ। ਉਹ ਬੇਦਿਲੀ ਨਾਲ ਨਹੀਂ, ਪਰ ਆਪਣੇ ਪੂਰੇ ਦਿਲ ਨਾਲ ਉਸ ਰਾਜ ਵਿਚ ਦਿਲਚਸਪੀ ਲੈ ਰਹੇ ਸਨ।’ ਉਸ ਵਪਾਰੀ ਵਾਂਗ ਇਨ੍ਹਾਂ ਚੰਦ ਇਨਸਾਨਾਂ ਨੇ ਬਹੁਤ ਜਲਦੀ ਪਛਾਣ ਲਿਆ ਕਿ ਅਸਲ ਵਿਚ ਕੀ ਕੀਮਤੀ ਸੀ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਖ਼ੁਸ਼ੀ ਨਾਲ ਆਪਣਾ ਸਾਰਾ ਕੁਝ ਵਾਰ ਦਿੱਤਾ।—ਮੱਤੀ 19:27, 28; ਫ਼ਿਲਿੱਪੀਆਂ 3:8.
ਹੋਰ ਲੋਕ ਵੀ ਮੋਤੀ ਦੀ ਭਾਲ ਵਿਚ ਲੱਗੇ
14. ਯਿਸੂ ਨੇ ਆਪਣੇ ਰਸੂਲਾਂ ਨੂੰ ਪ੍ਰਚਾਰ ਦੇ ਕੰਮ ਲਈ ਕਿਸ ਤਰ੍ਹਾਂ ਤਿਆਰ ਕੀਤਾ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?
14 ਯਿਸੂ ਨੇ ਪ੍ਰਚਾਰ ਕਰਦੇ ਹੋਏ ਦੂਸਰਿਆਂ ਨੂੰ ਵੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣੀ ਸਿਖਾਈ। ਪਹਿਲਾਂ ਉਸ ਨੇ ਆਪਣੇ ਚੇਲਿਆਂ ਵਿੱਚੋਂ 12 ਰਸੂਲ ਚੁਣੇ। ਇਨ੍ਹਾਂ ਨੂੰ ਉਸ ਨੇ ਸਿਖਾਇਆ ਕਿ ਪ੍ਰਚਾਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਅਤੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ। (ਮੱਤੀ 10:1-42; ਲੂਕਾ 6:12-16) ਅਗਲੇ ਦੋ ਕੁ ਸਾਲਾਂ ਤਕ ਉਹ ਦੇਸ਼ ਵਿਚ ਯਿਸੂ ਦੇ ਨਾਲ-ਨਾਲ ਪ੍ਰਚਾਰ ਕਰਦੇ ਗਏ ਅਤੇ ਉਸ ਨਾਲ ਉਨ੍ਹਾਂ ਦੀ ਦੋਸਤੀ ਹੋਰ ਵੀ ਪੱਕੀ ਹੁੰਦੀ ਗਈ। ਉਨ੍ਹਾਂ ਨੇ ਉਸ ਦੀਆਂ ਗੱਲਾਂ ਸੁਣੀਆਂ ਅਤੇ ਉਸ ਦੇ ਚਮਤਕਾਰ ਦੇਖੇ। (ਮੱਤੀ 13:16, 17) ਉਸ ਦੀ ਮਿਸਾਲ ਦਾ ਉਨ੍ਹਾਂ ਉੱਤੇ ਇੰਨਾ ਵੱਡਾ ਅਸਰ ਪਿਆ ਕਿ ਉਹ ਪਰਮੇਸ਼ੁਰ ਦੇ ਰਾਜ ਲਈ ਸਭ ਕੁਝ ਛੱਡਣ ਲਈ ਤਿਆਰ ਸਨ ਜਿਵੇਂ ਮੋਤੀਆਂ ਦਾ ਉਹ ਵਪਾਰੀ ਕੀਮਤੀ ਮੋਤੀ ਕਾਰਨ ਸਭ ਕੁਝ ਛੱਡਣ ਲਈ ਤਿਆਰ ਸੀ।
15. ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਹੋਣ ਦਾ ਕਿਹੜਾ ਕਾਰਨ ਦਿੱਤਾ ਸੀ?
15 ਇਨ੍ਹਾਂ 12 ਰਸੂਲਾਂ ਤੋਂ ਇਲਾਵਾ ਯਿਸੂ ਨੇ “ਸੱਤਰ ਹੋਰ ਵੀ ਠਹਿਰਾਏ ਅਰ ਹਰ ਨਗਰ ਅਤੇ ਹਰ ਥਾਂ ਜਿੱਥੇ ਆਪ ਜਾਣ ਵਾਲਾ ਸੀ ਉਨ੍ਹਾਂ ਨੂੰ ਦੋ ਦੋ ਕਰਕੇ ਆਪਣੇ ਅੱਗੇ ਘੱਲਿਆ।” ਉਸ ਨੇ ਇਨ੍ਹਾਂ ਚੇਲਿਆਂ ਨੂੰ ਵੀ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਕਹਿਣ ਕਿ “ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।” (ਲੂਕਾ 10:1-12) ਜਦ ਇਹ 70 ਪ੍ਰਚਾਰ ਕਰਨ ਤੋਂ ਬਾਅਦ ਵਾਪਸ ਆਏ, ਤਾਂ ਉਨ੍ਹਾਂ ਨੇ ਖ਼ੁਸ਼ੀ ਨਾਲ ਯਿਸੂ ਨੂੰ ਦੱਸਿਆ: “ਪ੍ਰਭੁ ਜੀ ਤੇਰੇ ਨਾਮ ਕਰਕੇ ਭੂਤ ਭੀ ਸਾਡੇ ਵੱਸ ਵਿੱਚ ਹਨ!” ਪਰ ਉਹ ਸ਼ਾਇਦ ਯਿਸੂ ਦੇ ਜਵਾਬ ਤੋਂ ਹੈਰਾਨ ਹੋਏ ਕਿ ਉਨ੍ਹਾਂ ਨੂੰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਮਿਲਣੀ ਸੀ। ਪਰਮੇਸ਼ੁਰ ਦੇ ਰਾਜ ਲਈ ਉਨ੍ਹਾਂ ਦੀ ਲਗਨ ਦਾ ਇਨਾਮ ਵੱਡਾ ਹੋਣਾ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਇਸ ਤੋਂ ਅਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ ਪਰ ਇਸ ਤੋਂ ਅਨੰਦ ਹੋਵੋ ਭਈ ਤੁਹਾਡੇ ਨਾਉਂ ਸੁਰਗ ਵਿੱਚ ਲਿਖੇ ਹੋਏ ਹਨ।”—ਲੂਕਾ 10:17, 20.
16, 17. (ੳ) ਯਿਸੂ ਨੇ ਆਪਣੀ ਆਖ਼ਰੀ ਸ਼ਾਮ ਨੂੰ ਆਪਣੇ ਵਫ਼ਾਦਾਰ ਰਸੂਲਾਂ ਨੂੰ ਕੀ ਕਿਹਾ ਸੀ? (ਅ) ਯਿਸੂ ਦੇ ਸ਼ਬਦ ਸੁਣ ਕੇ ਰਸੂਲਾਂ ਨੂੰ ਖ਼ੁਸ਼ੀ ਅਤੇ ਤਸੱਲੀ ਕਿਉਂ ਮਿਲੀ ਹੋਵੇਗੀ?
16 ਆਪਣੇ ਚੇਲਿਆਂ ਨਾਲ ਯਿਸੂ ਦੀ ਆਖ਼ਰੀ ਸ਼ਾਮ ਸਾਲ 33 ਵਿਚ 14 ਨੀਸਾਨ ਦੀ ਸ਼ਾਮ ਸੀ। ਉਸ ਵੇਲੇ ਉਸ ਨੇ ਇਕ ਸਮਾਰੋਹ ਮਨਾਉਣ ਦੀ ਰੀਤ ਸ਼ੁਰੂ ਕੀਤੀ ਅਤੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਨੂੰ ਮਨਾਉਂਦੇ ਰਹਿਣ। ਉਸ ਸ਼ਾਮ ਉਸ ਨੇ ਆਪਣੇ 11 ਵਫ਼ਾਦਾਰ ਰਸੂਲਾਂ ਨੂੰ ਦੱਸਿਆ: “ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਉਂ ਕਰੋਗੇ।”—ਲੂਕਾ 22:19, 20, 28-30.
17 ਯਿਸੂ ਦੇ ਇਹ ਸ਼ਬਦ ਸੁਣ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਅਤੇ ਕਿੰਨੀ ਤਸੱਲੀ ਮਿਲੀ ਹੋਵੇਗੀ! ਉਨ੍ਹਾਂ ਨੂੰ ਇਨਸਾਨਾਂ ਵਜੋਂ ਸਭ ਤੋਂ ਵੱਡਾ ਸਨਮਾਨ ਪੇਸ਼ ਕੀਤਾ ਜਾ ਰਿਹਾ ਸੀ। (ਮੱਤੀ 7:13, 14; 1 ਪਤਰਸ 2:9) ਉਸ ਵਪਾਰੀ ਦੀ ਤਰ੍ਹਾਂ ਉਨ੍ਹਾਂ ਨੇ ਵੀ ਬਹੁਤ ਕੁਝ ਕੁਰਬਾਨ ਕੀਤਾ ਸੀ ਤਾਂਕਿ ਉਹ ਯਿਸੂ ਦੇ ਮਗਰ ਲੱਗ ਸਕਣ ਅਤੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਸਕਣ। ਹੁਣ ਯਿਸੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਮਿਹਨਤ ਫ਼ਜ਼ੂਲ ਨਹੀਂ ਜਾਣੀ ਸੀ।
18. ਯਿਸੂ ਦੇ 11 ਰਸੂਲਾਂ ਤੋਂ ਇਲਾਵਾ ਹੋਰ ਕਿਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਤੋਂ ਲਾਭ ਹੋਣਾ ਸੀ?
18 ਉਸ ਸ਼ਾਮ ਜਿਹੜੇ ਰਸੂਲ ਯਿਸੂ ਦੇ ਨਾਲ ਸਨ ਸਿਰਫ਼ ਉਨ੍ਹਾਂ ਨੂੰ ਹੀ ਪਰਮੇਸ਼ੁਰ ਦੇ ਰਾਜ ਤੋਂ ਲਾਭ ਨਹੀਂ ਹੋਣਾ ਸੀ। ਯਹੋਵਾਹ ਦੀ ਮਰਜ਼ੀ ਸੀ ਕਿ ਕੁੱਲ ਮਿਲਾ ਕੇ 1,44,000 ਲੋਕ ਯਿਸੂ ਮਸੀਹ ਨਾਲ ਸਵਰਗ ਵਿਚ ਰਾਜ ਕਰਨ। ਇਸ ਤੋਂ ਇਲਾਵਾ ਯੂਹੰਨਾ ਰਸੂਲ ਨੇ ਦਰਸ਼ਣ ਵਿਚ ਇੱਕ ਵੱਡੀ ਭੀੜ, ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ, ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ ਦੇਖੀ ਅਤੇ ਇਸ ਭੀੜ ਨੂੰ ਕਹਿੰਦੇ ਸੁਣਿਆ ਕਿ “ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ!” ਇਹ ਲੋਕ ਧਰਤੀ ਉੱਤੇ ਪਰਮੇਸ਼ੁਰ ਦੇ ਰਾਜ ਦੀ ਪਰਜਾ ਹਨ।b—ਪਰਕਾਸ਼ ਦੀ ਪੋਥੀ 7:9, 10; 14:1, 4.
19, 20. (ੳ) ਸਾਰੀਆਂ ਕੌਮਾਂ ਦੇ ਲੋਕਾਂ ਨੂੰ ਕਿਹੜਾ ਮੌਕਾ ਦਿੱਤਾ ਜਾ ਰਿਹਾ ਹੈ? (ਅ) ਅਗਲੇ ਲੇਖ ਵਿਚ ਕਿਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ?
19 ਯਿਸੂ ਦੇ ਸਵਰਗ ਚੜ੍ਹਨ ਤੋਂ ਥੋੜ੍ਹੀ ਦੇਰ ਪਹਿਲਾਂ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਇਹ ਹੁਕਮ ਦਿੱਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ ਮੈਂ ਜੁਗ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ।” (ਮੱਤੀ 28:19, 20) ਜੀ ਹਾਂ, ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੇ ਯਿਸੂ ਦੇ ਚੇਲੇ ਬਣਨਾ ਸੀ। ਇਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਉੱਤੇ ਉਸ ਤਰ੍ਹਾਂ ਦਿਲ ਲਾਉਣਾ ਸੀ ਜਿਸ ਤਰ੍ਹਾਂ ਵਪਾਰੀ ਨੇ ਮੋਤੀ ਉੱਤੇ ਦਿਲ ਲਾਇਆ ਸੀ। ਫਿਰ ਉਨ੍ਹਾਂ ਨੂੰ ਸਵਰਗ ਵਿਚ ਜਾਂ ਧਰਤੀ ਉੱਤੇ ਰਾਜ ਦੀਆਂ ਬਰਕਤਾਂ ਮਿਲਣੀਆਂ ਸਨ।
20 ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਚੇਲੇ ਬਣਾਉਣ ਦਾ ਕੰਮ “ਜੁਗ ਦੇ ਅੰਤ ਤੀਕਰ” ਕੀਤਾ ਜਾਣਾ ਸੀ। ਤਾਂ ਕੀ ਸਾਡੇ ਜ਼ਮਾਨੇ ਵਿਚ ਵੀ ਉਸ ਵਪਾਰੀ ਵਰਗੇ ਲੋਕ ਹਨ ਜੋ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਆਪਣਾ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਹਨ? ਇਸ ਸਵਾਲ ਦਾ ਜਵਾਬ ਅਗਲੇ ਲੇਖ ਵਿਚ ਦਿੱਤਾ ਜਾਵੇਗਾ।
[ਫੁਟਨੋਟ]
a ਲੱਗਦਾ ਹੈ ਕਿ ਜ਼ਬਦੀ ਦਾ ਪੁੱਤਰ ਯੂਹੰਨਾ ਯਿਸੂ ਨੂੰ ਪਹਿਲੀ ਵਾਰ ਮਿਲਣ ਤੇ ਉਸ ਨਾਲ ਕੁਝ ਸਮੇਂ ਲਈ ਰਿਹਾ ਸੀ। ਇਸ ਸਮੇਂ ਦੌਰਾਨ ਉਸ ਨੇ ਯਿਸੂ ਨੂੰ ਕਈ ਕੰਮ ਕਰਦੇ ਦੇਖਿਆ ਹੋਣਾ ਅਤੇ ਇਸ ਕਰਕੇ ਹੀ ਉਹ ਇਨ੍ਹਾਂ ਗੱਲਾਂ ਬਾਰੇ ਆਪਣੀ ਇੰਜੀਲ ਵਿਚ ਸਾਫ਼-ਸਾਫ਼ ਲਿਖ ਸਕਿਆ ਸੀ। (ਯੂਹੰਨਾ ਦੇ 2-5 ਅਧਿਆਇ) ਇਸ ਤੋਂ ਬਾਅਦ ਉਹ ਦੁਬਾਰਾ ਆਪਣੇ ਪਰਿਵਾਰ ਨਾਲ ਮਛਿਆਰਿਆਂ ਦਾ ਕੰਮ ਕਰਨ ਲੱਗ ਪਿਆ ਸੀ। ਜਦ ਯਿਸੂ ਨੇ ਉਸ ਨੂੰ ਬੁਲਾਇਆ, ਤਾਂ ਉਹ ਇਸੇ ਕੰਮ-ਧੰਦੇ ਵਿਚ ਲੱਗਾ ਹੋਇਆ ਸੀ।
b ਹੋਰ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਪੁਸਤਕ ਦਾ 10ਵਾਂ ਅਧਿਆਇ ਦੇਖੋ।
-
-
ਅੱਜ ਰਾਜ ਨੂੰ ਭਾਲੋ ਜਿਵੇਂ ਮੋਤੀ ਨੂੰਪਹਿਰਾਬੁਰਜ—2005 | ਫਰਵਰੀ 1
-
-
ਅੱਜ ਰਾਜ ਨੂੰ ਭਾਲੋ ਜਿਵੇਂ ਮੋਤੀ ਨੂੰ
“ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ।”—ਮੱਤੀ 24:14.
1, 2. (ੳ) ਯਿਸੂ ਦੇ ਜ਼ਮਾਨੇ ਦੇ ਯਹੂਦੀ ਪਰਮੇਸ਼ੁਰ ਦੇ ਰਾਜ ਬਾਰੇ ਕਿਹੜੀਆਂ ਗੱਲਾਂ ਨਹੀਂ ਜਾਣਦੇ ਸਨ? (ਅ) ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ-ਕੀ ਸਿਖਾਇਆ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਸੀ?
ਜਦ ਯਿਸੂ ਧਰਤੀ ਉੱਤੇ ਆਇਆ ਸੀ, ਤਾਂ ਯਹੂਦੀ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਵਿਚ ਕਾਫ਼ੀ ਦਿਲਚਸਪੀ ਸੀ। (ਮੱਤੀ 3:1, 2; 4:23-25; ਯੂਹੰਨਾ 1:49) ਪਰ ਪਹਿਲਾਂ-ਪਹਿਲਾਂ ਉਨ੍ਹਾਂ ਨੇ ਇਹ ਨਹੀਂ ਸਮਝਿਆ ਸੀ ਕਿ ਉਸ ਰਾਜ ਵਿਚ ਕਿਸ ਨੇ ਰਾਜ ਕਰਨਾ ਸੀ, ਕਿੱਥੋਂ ਰਾਜ ਕਰਨਾ ਸੀ, ਕਿਸ ਉੱਤੇ ਰਾਜ ਕਰਨਾ ਸੀ ਅਤੇ ਕਿਸ ਹੱਦ ਤਕ ਰਾਜ ਕਰਨਾ ਸੀ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਉਹ ਰਾਜ ਸਵਰਗ ਵਿਚ ਸਥਾਪਿਤ ਕੀਤਾ ਜਾਣਾ ਸੀ। (ਯੂਹੰਨਾ 3:1-5) ਜਿਹੜੇ ਲੋਕ ਯਿਸੂ ਦੇ ਚੇਲੇ ਵੀ ਬਣੇ ਸਨ ਉਨ੍ਹਾਂ ਨੂੰ ਵੀ ਪੂਰੀ ਸਮਝ ਨਹੀਂ ਸੀ ਕਿ ਪਰਮੇਸ਼ੁਰ ਦਾ ਰਾਜ ਕੀ ਸੀ ਅਤੇ ਯਿਸੂ ਦੇ ਨਾਲ ਰਾਜ ਕਰਨ ਦੀ ਬਰਕਤ ਪਾਉਣ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਸੀ।—ਮੱਤੀ 20:20-22; ਲੂਕਾ 19:11; ਰਸੂਲਾਂ ਦੇ ਕਰਤੱਬ 1:6.
2 ਸਮੇਂ ਦੇ ਬੀਤਣ ਨਾਲ ਯਿਸੂ ਨੇ ਹੌਲੀ-ਹੌਲੀ ਆਪਣੇ ਚੇਲਿਆਂ ਨੂੰ ਇਸ ਰਾਜ ਬਾਰੇ ਕਈ ਗੱਲਾਂ ਸਿਖਾਈਆਂ। ਮਿਸਾਲ ਲਈ, ਉਸ ਨੇ ਭਾਰੇ ਮੁੱਲ ਦੇ ਮੋਤੀ ਦਾ ਦ੍ਰਿਸ਼ਟਾਂਤ ਦਿੱਤਾ ਸੀ ਜਿਸ ਦਾ ਜ਼ਿਕਰ ਪਿੱਛਲੇ ਲੇਖ ਵਿਚ ਕੀਤਾ ਗਿਆ ਸੀ। ਇਸ ਰਾਹੀਂ ਉਸ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਭਾਗੀ ਹੋਣ ਲਈ ਉਨ੍ਹਾਂ ਨੂੰ ਜਤਨ ਕਰਨ ਦੀ ਲੋੜ ਸੀ। (ਮੱਤੀ 6:33; 13:45, 46; ਲੂਕਾ 13:23, 24) ਇਸ ਸਿੱਖਿਆ ਦਾ ਉਨ੍ਹਾਂ ਦੇ ਦਿਲਾਂ ਤੇ ਇੰਨਾ ਗਹਿਰਾ ਅਸਰ ਪਿਆ ਕਿ ਉਨ੍ਹਾਂ ਨੇ ਜੀ ਤੋੜ ਕੋਸ਼ਿਸ਼ ਕਰ ਕੇ ਧਰਤੀ ਦੇ ਬੰਨ੍ਹੇ ਤਕ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ। ਅਸੀਂ ਉਨ੍ਹਾਂ ਦੀ ਮਿਹਨਤ ਬਾਰੇ ਰਸੂਲਾਂ ਦੇ ਕਰਤੱਬ ਨਾਂ ਦੀ ਪੋਥੀ ਵਿਚ ਪੜ੍ਹ ਸਕਦੇ ਹਾਂ।—ਰਸੂਲਾਂ ਦੇ ਕਰਤੱਬ 1:8; ਕੁਲੁੱਸੀਆਂ 1:23.
3. ਸਾਡੇ ਜ਼ਮਾਨੇ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਪਰਮੇਸ਼ੁਰ ਦੇ ਰਾਜ ਬਾਰੇ ਕੀ ਕਿਹਾ ਸੀ?
3 ਕੀ ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ? ਯਿਸੂ ਨੇ “ਜੁਗ ਦੇ ਅੰਤ” ਦੇ ਸਮੇਂ ਬਾਰੇ ਭਵਿੱਖਬਾਣੀ ਕਰਦੇ ਹੋਏ ਕਿਹਾ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” (ਮੱਤੀ 24:3, 14; ਮਰਕੁਸ 13:10) ਉਸ ਨੇ ਸਮਝਾਇਆ ਸੀ ਕਿ ਵਿਰੋਧਤਾ ਵਰਗੀਆਂ ਮੁਸ਼ਕਲਾਂ ਦੇ ਬਾਵਜੂਦ ਇਹ ਵੱਡਾ ਕੰਮ ਕੀਤਾ ਜਾਣਾ ਸੀ। ਇਸ ਦੇ ਨਾਲ-ਨਾਲ ਉਸ ਨੇ ਆਪਣੇ ਚੇਲਿਆਂ ਨੂੰ ਹੌਸਲਾ ਦਿੱਤਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:9-13) ਇਹ ਕੰਮ ਕਰਨ ਲਈ ਸਾਨੂੰ ਮੋਤੀਆਂ ਦੇ ਉਸ ਵਪਾਰੀ ਵਰਗੇ ਬਣਨ ਦੀ ਲੋੜ ਹੈ ਜਿਸ ਨੇ ਆਪਣਾ ਸਭ ਕੁਝ ਕੁਰਬਾਨ ਕਰ ਕੇ ਲਗਨ ਨਾਲ ਮੋਤੀ ਦੀ ਭਾਲ ਕੀਤੀ ਸੀ। ਕੀ ਅੱਜ ਅਜਿਹੇ ਲੋਕ ਹਨ ਜੋ ਨਿਹਚਾ ਅਤੇ ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਭਾਲ ਕਰ ਰਹੇ ਹਨ?
ਸੱਚਾਈ ਲੱਭਣ ਦੀ ਖ਼ੁਸ਼ੀ
4. ਅੱਜ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਦਾ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ?
4 ਯਿਸੂ ਦੇ ਦ੍ਰਿਸ਼ਟਾਂਤ ਵਿਚ ਵਪਾਰੀ ਬਹੁਤ ਖ਼ੁਸ਼ ਸੀ ਜਦ ਉਸ ਨੂੰ ਇਕ ‘ਭਾਰੇ ਮੁੱਲ ਦਾ ਮੋਤੀ ਮਿਲਿਆ।’ ਉਹ ਇੰਨਾ ਖ਼ੁਸ਼ ਸੀ ਕਿ ਮੋਤੀ ਖ਼ਰੀਦਣ ਲਈ ਉਸ ਨੇ ਆਪਣੀ ਪੂਰੀ ਵਾਹ ਲਾਈ। (ਇਬਰਾਨੀਆਂ 12:1) ਇਸੇ ਤਰ੍ਹਾਂ ਅੱਜ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸੱਚਾਈ ਸਿੱਖ ਕੇ ਲੋਕ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰਨ ਲਈ ਤਿਆਰ ਹੁੰਦੇ ਹਨ। ਭਰਾ ਮੈਕਮਿਲਨ ਦੀ ਮਿਸਾਲ ਉੱਤੇ ਗੌਰ ਕਰੋ। ਉਸ ਨੂੰ ਪਰਮੇਸ਼ੁਰ ਅਤੇ ਉਸ ਦੇ ਮਕਸਦਾਂ ਦੀ ਤਲਾਸ਼ ਸੀ। ਸੱਚਾਈ ਲੱਭਣ ਤੋਂ ਬਾਅਦ ਉਸ ਨੇ ਲਿਖਿਆ: “ਜੋ ਕੁਝ ਮੈਨੂੰ ਮਿਲਿਆ ਹੈ ਉਹ ਹੀ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ। ਇਹ ਲੋਕ ਸਾਡੇ ਵਰਗੇ ਹੀ ਹਨ ਕਿਉਂਕਿ ਇਹ ਹਰ ਕੌਮ ਤੇ ਹਰ ਜਾਤ ਤੋਂ ਹਨ, ਇਹ ਹਰ ਉਮਰ ਅਤੇ ਹਰ ਪੇਸ਼ੇ ਦੇ ਹਨ। ਸੱਚਾਈ ਕਿਸੇ ਦਾ ਪੱਖਪਾਤ ਨਹੀਂ ਕਰਦੀ। ਇਹ ਸਾਰੇ ਕਿਸਮ ਦੇ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।”
5. ਅਸੀਂ 2004 ਦੇ ਸੇਵਾ ਸਾਲ ਦੀ ਰਿਪੋਰਟ ਤੋਂ ਕੀ-ਕੀ ਦੇਖ ਸਕਦੇ ਹਾਂ?
5 ਇਨ੍ਹਾਂ ਸ਼ਬਦਾਂ ਦੀ ਸੱਚਾਈ ਇਸ ਗੱਲ ਤੋਂ ਦੇਖੀ ਜਾ ਸਕਦੀ ਹੈ ਕਿ ਹਰ ਸਾਲ ਕਈ ਹਜ਼ਾਰ ਨੇਕਦਿਲ ਲੋਕ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੰਦੇ ਹਨ ਅਤੇ ਉਸ ਦੀ ਮਰਜ਼ੀ ਪੂਰੀ ਕਰਦੇ ਹਨ। ਇਸੇ ਤਰ੍ਹਾਂ 2004 ਦੇ ਸੇਵਾ ਸਾਲ ਦੌਰਾਨ ਵੀ ਹੋਇਆ ਸੀ ਜੋ ਸਤੰਬਰ 2003 ਤੋਂ ਅਗਸਤ 2004 ਤਕ ਸੀ। ਇਨ੍ਹਾਂ 12 ਮਹੀਨਿਆਂ ਦੌਰਾਨ ਯਹੋਵਾਹ ਦੇ ਗਵਾਹਾਂ ਨੇ 235 ਦੇਸ਼ਾਂ ਵਿਚ ਪ੍ਰਚਾਰ ਦਾ ਕੰਮ ਕੀਤਾ। ਉਨ੍ਹਾਂ ਨੇ ਹਰ ਹਫ਼ਤੇ 60,85,387 ਲੋਕਾਂ ਨਾਲ ਬਾਈਬਲ ਸਟੱਡੀਆਂ ਕੀਤੀਆਂ ਸਨ ਅਤੇ ਇਸ ਇਕ ਸਾਲ ਵਿਚ 2,62,416 ਲੋਕਾਂ ਨੇ ਬਪਤਿਸਮਾ ਲਿਆ। ਇਸ ਤਰ੍ਹਾਂ ਗਵਾਹਾਂ ਨੇ ਹਰੇਕ ਕੌਮ, ਗੋਤ ਅਤੇ ਬੋਲੀ ਵਿੱਚੋਂ ਲੋਕਾਂ ਦੀ ਮਦਦ ਕੀਤੀ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਤੋਂ ਸੱਚਾਈ ਸਿੱਖ ਸਕਣ।—ਪਰਕਾਸ਼ ਦੀ ਪੋਥੀ 7:9.
6. ਹਰੇਕ ਸਾਲ ਯਹੋਵਾਹ ਦੀ ਭਗਤੀ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕਿਉਂ ਹੁੰਦਾ ਹੈ?
6 ਇਹ ਸਭ ਕੁਝ ਮੁਮਕਿਨ ਕਿਵੇਂ ਹੋਇਆ? ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਇਨ੍ਹਾਂ ਨੇਕਦਿਲ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਹੈ। (ਯੂਹੰਨਾ 6:65) ਪਰ ਸਾਨੂੰ ਉਨ੍ਹਾਂ ਦੀ ਵੀ ਮਿਹਨਤ ਨਹੀਂ ਭੁੱਲਣੀ ਚਾਹੀਦੀ ਜਿਨ੍ਹਾਂ ਨੇ ਪਰਮੇਸ਼ੁਰ ਦੇ ਰਾਜ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ। ਭਰਾ ਮੈਕਮਿਲਨ ਨੇ 79 ਸਾਲਾਂ ਦੀ ਉਮਰ ਤੇ ਲਿਖਿਆ ਸੀ: “ਜਿਸ ਪਲ ਤੋਂ ਮੈਂ ਬਾਈਬਲ ਵਿੱਚੋਂ ਉਹ ਵਾਅਦੇ ਪੜ੍ਹੇ ਸਨ ਕਿ ਪਰਮੇਸ਼ੁਰ ਬੀਮਾਰ ਤੇ ਮਰਨਹਾਰ ਇਨਸਾਨਾਂ ਲਈ ਕੀ ਕਰੇਗਾ, ਉਸ ਪਲ ਤੋਂ ਮੈਨੂੰ ਉਮੀਦ ਦੀ ਕਿਰਨ ਮਿਲੀ ਅਤੇ ਉਹ ਉਮੀਦ ਅੱਜ ਵੀ ਮੇਰੀ ਜ਼ਿੰਦਗੀ ਨੂੰ ਰੌਸ਼ਨ ਕਰ ਰਹੀ ਹੈ। ਉਸੇ ਵਕਤ ਮੈਂ ਤੈ ਕਰ ਲਿਆ ਸੀ ਕਿ ਮੈਂ ਬਾਈਬਲ ਦੀ ਹੋਰ ਵੀ ਸਿੱਖਿਆ ਲਵਾਂਗਾ ਤਾਂਕਿ ਮੈਂ ਆਪਣੇ ਵਰਗੇ ਹੋਰ ਕਈਆਂ ਲੋਕਾਂ ਦੀ ਮਦਦ ਕਰ ਸਕਾਂ ਜੋ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਗਿਆਨ ਭਾਲ ਰਹੇ ਹਨ।”
7. ਕਿਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਦੀ ਸੱਚਾਈ ਲੱਭਣ ਤੇ ਲੋਕ ਕਿੰਨੇ ਖ਼ੁਸ਼ ਅਤੇ ਜੋਸ਼ੀਲੇ ਹੁੰਦੇ ਹਨ?
7 ਅਜਿਹਾ ਜੋਸ਼ ਅੱਜ ਵੀ ਯਹੋਵਾਹ ਦੇ ਸੇਵਕਾਂ ਵਿਚ ਦੇਖਿਆ ਜਾ ਰਿਹਾ ਹੈ। ਵੀਐਨਾ, ਆਸਟ੍ਰੀਆ ਤੋਂ ਡਾਨੀਏਲਾ ਦੀ ਮਿਸਾਲ ਉੱਤੇ ਗੌਰ ਕਰੋ। ਉਹ ਕਹਿੰਦੀ ਹੈ: “ਬਚਪਨ ਤੋਂ ਰੱਬ ਮੇਰਾ ਸਭ ਤੋਂ ਅੱਛਾ ਦੋਸਤ ਰਿਹਾ ਹੈ। ਮੈਂ ਹਮੇਸ਼ਾ ਉਸ ਦਾ ਨਾਮ ਜਾਣਨਾ ਚਾਹੁੰਦੀ ਸੀ ਕਿਉਂਕਿ ਮੇਰੇ ਲਈ ਸਿਰਫ਼ ‘ਰੱਬ’ ਕਹਿਣਾ ਕਾਫ਼ੀ ਨਹੀਂ ਸੀ। ਪਰ ਉਹ ਨਾਂ ਜਾਣਨ ਲਈ ਮੈਨੂੰ ਉਸ ਦਿਨ ਦਾ ਇੰਤਜ਼ਾਰ ਕਰਨਾ ਪਿਆ ਜਦ ਯਹੋਵਾਹ ਦੇ ਗਵਾਹ ਸਾਡੇ ਘਰ ਆਏ। ਉਸ ਸਮੇਂ ਮੈਂ 17 ਸਾਲਾਂ ਦੀ ਸੀ। ਉਨ੍ਹਾਂ ਨੇ ਰੱਬ ਬਾਰੇ ਮੇਰੇ ਹਰ ਸਵਾਲ ਦਾ ਜਵਾਬ ਦਿੱਤਾ। ਆਖ਼ਰਕਾਰ ਮੈਨੂੰ ਸੱਚਾਈ ਮਿਲ ਹੀ ਗਈ। ਮੈਂ ਕਿੰਨੀ ਖ਼ੁਸ਼ ਸੀ! ਮੈਨੂੰ ਇੰਨਾ ਚਾਹ ਚੜ੍ਹਿਆ ਸੀ ਕਿ ਮੈਂ ਸਾਰਿਆਂ ਨੂੰ ਪ੍ਰਚਾਰ ਕਰਨ ਲੱਗ ਪਈ।” ਪਰ ਸਕੂਲ ਵਿਚ ਕਈ ਨੌਜਵਾਨ ਉਸ ਦਾ ਮਜ਼ਾਕ ਕਰਨ ਲੱਗ ਪਏ। ਪਰ ਡਾਨੀਏਲਾ ਕਹਿੰਦੀ ਹੈ: “ਭਾਵੇਂ ਉਹ ਮੇਰੀ ਮਸ਼ਕਰੀ ਕਰ ਰਹੇ ਸਨ, ਪਰ ਮੈਂ ਦੇਖ ਸਕਦੀ ਸੀ ਕਿ ਇਸ ਵਿਚ ਵੀ ਬਾਈਬਲ ਦੀਆਂ ਗੱਲਾਂ ਸੱਚ ਸਨ ਕਿਉਂਕਿ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲਿਆਂ ਨਾਲ ਨਫ਼ਰਤ ਕੀਤੀ ਜਾਵੇਗੀ ਅਤੇ ਉਹ ਉਸ ਦੇ ਨਾਂ ਦੀ ਖ਼ਾਤਰ ਸਤਾਏ ਜਾਣਗੇ। ਇਨ੍ਹਾਂ ਗੱਲਾਂ ਕਰਕੇ ਮੈਂ ਖ਼ੁਸ਼ ਵੀ ਹੋਈ ਤੇ ਹੈਰਾਨ ਵੀ।” ਡਾਨੀਏਲਾ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਕੇ ਬਪਤਿਸਮਾ ਲੈ ਲਿਆ। ਫਿਰ ਉਸ ਨੇ ਠਾਣ ਲਿਆ ਕਿ ਉਹ ਮਿਸ਼ਨਰੀ ਸੇਵਾ ਕਰੇਗੀ। ਵਿਆਹ ਤੋਂ ਬਾਅਦ ਡਾਨੀਏਲਾ ਆਪਣੇ ਪਤੀ ਹੈਲਮੁਟ ਨਾਲ ਉਨ੍ਹਾਂ ਅਫ਼ਰੀਕੀ, ਚੀਨੀ, ਫ਼ਿਲਪਾਈਨੀ ਅਤੇ ਭਾਰਤੀ ਲੋਕਾਂ ਨੂੰ ਪ੍ਰਚਾਰ ਕਰਨ ਲੱਗ ਪਈ ਜੋ ਵੀਐਨਾ ਵਿਚ ਰਹਿ ਰਹੇ ਸਨ। ਹੁਣ ਡਾਨੀਏਲਾ ਅਤੇ ਹੈਲਮੁਟ ਦੱਖਣੀ-ਪੱਛਮੀ ਅਫ਼ਰੀਕਾ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੇ ਹਨ।
ਉਨ੍ਹਾਂ ਨੇ ਹਾਰ ਨਹੀਂ ਮੰਨੀ
8. ਇਕ ਤਰੀਕਾ ਕੀ ਹੈ ਜਿਸ ਰਾਹੀਂ ਯਹੋਵਾਹ ਦੇ ਲੋਕ ਉਸ ਨੂੰ ਦਿਖਾ ਸਕਦੇ ਹਨ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਰਾਜ ਨੂੰ ਸਵੀਕਾਰ ਕਰਦੇ ਹਨ?
8 ਮਿਸ਼ਨਰੀ ਸੇਵਾ ਇਕ ਤਰੀਕਾ ਹੈ ਜਿਸ ਰਾਹੀਂ ਅੱਜ ਯਹੋਵਾਹ ਦੇ ਲੋਕ ਉਸ ਨੂੰ ਦਿਖਾ ਸਕਦੇ ਹਨ ਕਿ ਉਹ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਰਾਜ ਨੂੰ ਸਵੀਕਾਰ ਕਰਦੇ ਹਨ। ਯਿਸੂ ਦੇ ਦ੍ਰਿਸ਼ਟਾਂਤ ਦੇ ਵਪਾਰੀ ਦੀ ਤਰ੍ਹਾਂ ਇਹ ਭੈਣ-ਭਰਾ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਦੂਰ ਦੇਸ਼ਾਂ ਵਿਚ ਜਾਣ ਲਈ ਰਾਜ਼ੀ ਹੁੰਦੇ ਹਨ। ਇਹ ਮਿਸ਼ਨਰੀ ਭੈਣ-ਭਰਾ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਲੱਭਣ ਨਹੀਂ ਜਾਂਦੇ, ਸਗੋਂ ਉਹ ਇਸ ਖ਼ਬਰ ਨੂੰ ਧਰਤੀ ਦੇ ਕੋਣੇ-ਕੋਣੇ ਤਕ ਪਹੁੰਚਾਉਣ ਜਾਂਦੇ ਹਨ। ਉਹ ਲੋਕਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਨਾ ਸਿਖਾਉਂਦੇ ਹਨ। (ਮੱਤੀ 28:19, 20) ਕਈ ਦੇਸ਼ਾਂ ਵਿਚ ਉਨ੍ਹਾਂ ਨੇ ਬਹੁਤ ਤੰਗੀਆਂ ਕੱਟੀਆਂ ਹਨ। ਪਰ ਉਨ੍ਹਾਂ ਦੇ ਧੀਰਜ ਦਾ ਫਲ ਮਿੱਠਾ ਨਿਕਲਿਆ ਹੈ।
9, 10. ਮੱਧ ਅਫ਼ਰੀਕਨ ਗਣਰਾਜ ਵਰਗੇ ਮੁਲਕਾਂ ਵਿਚ ਮਿਸ਼ਨਰੀ ਭੈਣ-ਭਰਾ ਕਿਹੋ ਜਿਹੇ ਅਨੁਭਵਾਂ ਦਾ ਆਨੰਦ ਮਾਣ ਰਹੇ ਹਨ?
9 ਮਿਸਾਲ ਲਈ, ਜ਼ਰਾ ਗੌਰ ਕਰੋ ਕਿ ਮੱਧ ਅਫ਼ਰੀਕਨ ਗਣਰਾਜ ਵਿਚ ਕੀ ਹੋਇਆ ਹੈ। ਪਿੱਛਲੇ ਸਾਲ ਉਸ ਮੁਲਕ ਵਿਚ 16,184 ਲੋਕ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਲਈ ਇਕੱਠੇ ਹੋਏ ਸਨ। ਇਹ ਉੱਥੇ ਦੇ ਭੈਣਾਂ-ਭਰਾਵਾਂ ਦੀ ਗਿਣਤੀ ਤੋਂ ਸੱਤ ਗੁਣਾ ਜ਼ਿਆਦਾ ਸੀ। ਉੱਥੇ ਦੇ ਕਈ ਥਾਵਾਂ ਵਿਚ ਬਿਜਲੀ ਨਹੀਂ ਹੈ, ਇਸ ਲਈ ਲੋਕ ਆਪਣੇ ਕੰਮ-ਧੰਦੇ ਬਾਹਰ ਕਿਸੇ ਦਰਖ਼ਤ ਦੀ ਛਾਂ ਹੇਠ ਕਰਦੇ ਹਨ। ਮਿਸ਼ਨਰੀ ਵੀ ਆਪਣਾ ਕੰਮ ਇਸੇ ਤਰ੍ਹਾਂ ਕਰਦੇ ਹਨ ਅਤੇ ਉਹ ਕਿਸੇ ਦਰਖ਼ਤ ਦੀ ਛਾਂ ਹੇਠ ਬੈਠ ਕੇ ਲੋਕਾਂ ਨਾਲ ਬਾਈਬਲ ਸਟੱਡੀ ਕਰਦੇ ਹਨ। ਬਾਹਰ ਜ਼ਿਆਦਾ ਲੋਹ ਹੁੰਦੀ ਹੈ ਅਤੇ ਹਵਾ ਵੀ ਚੱਲਦੀ ਹੈ। ਬਾਹਰ ਬੈਠਣ ਦਾ ਇਕ ਹੋਰ ਵੀ ਫ਼ਾਇਦਾ ਹੋਇਆ ਹੈ। ਕਈ ਵਾਰ ਲੰਘਣ ਵਾਲੇ ਦੇਖ ਲੈਂਦੇ ਹਨ ਕਿ ਕੀ ਹੋ ਰਿਹਾ ਹੈ ਅਤੇ ਉਹ ਵੀ ਸਟੱਡੀ ਕਰਨ ਲਈ ਨਾਲ ਬੈਠ ਜਾਂਦੇ ਹਨ। ਉੱਥੇ ਦੇ ਲੋਕ ਬਾਈਬਲ ਪੜ੍ਹਨੀ ਪਸੰਦ ਕਰਦੇ ਹਨ ਅਤੇ ਉਨ੍ਹਾਂ ਲਈ ਬਾਈਬਲ ਬਾਰੇ ਗੱਲ ਕਰਨੀ ਉੱਨੀ ਹੀ ਆਮ ਹੈ ਜਿੰਨੀ ਹੋਰ ਦੇਸ਼ਾਂ ਵਿਚ ਕ੍ਰਿਕਟ ਵਗੈਰਾ ਬਾਰੇ ਗੱਪਸ਼ੱਪ ਮਾਰਨੀ ਆਮ ਹੈ।
10 ਇਕ ਵਾਰ ਇਕ ਮਿਸ਼ਨਰੀ ਭਰਾ ਬਾਹਰ ਬੈਠ ਕੇ ਕਿਸੇ ਨੂੰ ਬਾਈਬਲ ਸਟੱਡੀ ਕਰਾ ਰਿਹਾ ਸੀ। ਸਾਮ੍ਹਣੇ ਵਾਲੇ ਮਕਾਨ ਵਿਚ ਰਹਿਣ ਵਾਲਾ ਇਕ ਨੌਜਵਾਨ ਉਸ ਕੋਲ ਆਇਆ ਅਤੇ ਕਹਿਣ ਲੱਗਾ ਕਿ ਉਸ ਨੂੰ ਕੋਈ ਗਵਾਹ ਨਹੀਂ ਮਿਲਣ ਆਇਆ ਅਤੇ ਉਹ ਵੀ ਬਾਈਬਲ ਸਟੱਡੀ ਕਰਨੀ ਚਾਹੁੰਦਾ ਸੀ। ਸਾਡਾ ਭਰਾ ਇਹ ਸੁਣ ਕੇ ਬੜਾ ਖ਼ੁਸ਼ ਹੋਇਆ ਅਤੇ ਹੁਣ ਇਹ ਨੌਜਵਾਨ ਕਾਫ਼ੀ ਤਰੱਕੀ ਕਰ ਰਿਹਾ ਹੈ। ਉਸ ਮੁਲਕ ਵਿਚ ਪੁਲਸ ਵਾਲੇ ਵੀ ਕਈ ਵਾਰ ਯਹੋਵਾਹ ਦੇ ਗਵਾਹਾਂ ਨੂੰ ਸੜਕ ਉੱਤੇ ਰੋਕ ਲੈਂਦੇ ਹਨ। ਕਿਉਂ? ਕਿਸੇ ਉਲੰਘਣਾ ਕਾਰਨ ਨਹੀਂ, ਪਰ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਮੰਗਣ ਲਈ ਜਾਂ ਕਿਸੇ ਖ਼ਾਸ ਲੇਖ ਵਾਸਤੇ ਉਨ੍ਹਾਂ ਦਾ ਧੰਨਵਾਦ ਕਰਨ ਲਈ।
11. ਮੁਸ਼ਕਲਾਂ ਦੇ ਬਾਵਜੂਦ ਮਿਸ਼ਨਰੀ ਭੈਣ-ਭਰਾ ਆਪਣੀ ਸੇਵਾ ਬਾਰੇ ਕਿਵੇਂ ਮਹਿਸੂਸ ਕਰਦੇ ਹਨ?
11 ਕਈ ਭੈਣ-ਭਰਾ 40 ਜਾਂ 50 ਸਾਲ ਪਹਿਲਾਂ ਮਿਸ਼ਨਰੀ ਬਣੇ ਸਨ ਅਤੇ ਉਹ ਅੱਜ ਵੀ ਇਸ ਸੇਵਾ ਵਿਚ ਲੱਗੇ ਹੋਏ ਹਨ। ਉਹ ਵਫ਼ਾਦਾਰੀ ਅਤੇ ਲਗਨ ਨਾਲ ਇਹ ਕੰਮ ਕਰ ਰਹੇ ਹਨ ਅਤੇ ਉਹ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕਰਦੇ ਹਨ। ਇਕ ਮਿਸ਼ਨਰੀ ਜੋੜੇ ਬਾਰੇ ਸੋਚੋ ਜੋ ਪਿੱਛਲੇ 42 ਸਾਲਾਂ ਤੋਂ ਤਿੰਨ ਦੇਸ਼ਾਂ ਵਿਚ ਸੇਵਾ ਕਰ ਚੁੱਕਾ ਹੈ। ਉਹ ਭਰਾ ਕਹਿੰਦਾ ਹੈ: “ਸਾਨੂੰ ਕਈ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਮਿਸਾਲ ਲਈ, ਸਾਨੂੰ ਪਿੱਛਲੇ 35 ਸਾਲਾਂ ਦੌਰਾਨ ਕਈ ਵਾਰ ਮਲੇਰੀਆ ਹੋਇਆ ਹੈ। ਫਿਰ ਵੀ ਅਸੀਂ ਮਿਸ਼ਨਰੀ ਬਣਨ ਦਾ ਫ਼ੈਸਲਾ ਕਰ ਕੇ ਕਦੀ ਵੀ ਪਛਤਾਏ ਨਹੀਂ।” ਉਸ ਦੀ ਪਤਨੀ ਕਹਿੰਦੀ ਹੈ: “ਯਹੋਵਾਹ ਨੇ ਸਾਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਹਨ। ਪ੍ਰਚਾਰ ਕਰਨ ਤੋਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨੀ ਬਹੁਤ ਆਸਾਨ ਹੈ। ਜਦ ਅਸੀਂ ਉਨ੍ਹਾਂ ਲੋਕਾਂ ਨੂੰ ਸਭਾਵਾਂ ਵਿਚ ਆਉਂਦੇ ਦੇਖਦੇ ਹਾਂ ਜਿਨ੍ਹਾਂ ਨਾਲ ਅਸੀਂ ਬਾਈਬਲ ਪੜ੍ਹ ਰਹੇ ਹਾਂ, ਤਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਪਰਿਵਾਰ ਸਾਡੇ ਨਾਲ ਹੈ।”
ਉਹ ‘ਸਾਰੀਆਂ ਗੱਲਾਂ ਨੂੰ ਹਾਨ ਦੀਆਂ ਹੀ ਸਮਝਦੇ ਹਨ’
12. ਪਰਮੇਸ਼ੁਰ ਦੇ ਰਾਜ ਦੀ ਕਦਰ ਕਰਨ ਵਾਲੇ ਲੋਕ ਉਸ ਰਾਜ ਦੀ ਖ਼ਾਤਰ ਕੀ ਕਰਨ ਲਈ ਤਿਆਰ ਰਹਿੰਦੇ ਹਨ?
12 ਭਾਰੇ ਮੁੱਲ ਦਾ ਮੋਤੀ ਮਿਲਣ ਤੇ ਵਪਾਰੀ “ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।” (ਮੱਤੀ 13:46) ਪਰਮੇਸ਼ੁਰ ਦੇ ਰਾਜ ਦੇ ਕਦਰਦਾਨ ਲੋਕ ਵੀ ਉਸ ਰਾਜ ਲਈ ਆਪਣਾ ਸਭ ਕੁਝ ਛੱਡਣ ਲਈ ਤਿਆਰ ਰਹਿੰਦੇ ਹਨ। ਜ਼ਰਾ ਪੌਲੁਸ ਰਸੂਲ ਦੀ ਕਦਰਦਾਨੀ ਬਾਰੇ ਸੋਚੋ ਜਿਸ ਨੂੰ ਯਿਸੂ ਨਾਲ ਰਾਜ ਕਰਨ ਦਾ ਸਨਮਾਨ ਦਿੱਤਾ ਗਿਆ ਸੀ। ਉਸ ਨੇ ਕਿਹਾ: “ਮਸੀਹ ਯਿਸੂ ਆਪਣੇ ਪ੍ਰਭੁ ਦੇ ਗਿਆਨ ਦੀ ਉੱਤਮਤਾਈ ਦੇ ਕਾਰਨ ਸਾਰੀਆਂ ਗੱਲਾਂ ਨੂੰ ਮੈਂ ਹਾਨ ਦੀਆਂ ਹੀ ਸਮਝਦਾ ਹਾਂ ਅਤੇ ਉਹ ਦੀ ਖਾਤਰ ਮੈਂ ਇਨ੍ਹਾਂ ਸਭਨਾਂ ਗੱਲਾਂ ਦੀ ਹਾਨ ਝੱਲੀ ਅਤੇ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਭਈ ਮੈਂ ਮਸੀਹ ਨੂੰ ਖੱਟ ਲਵਾਂ।”—ਫ਼ਿਲਿੱਪੀਆਂ 3:8.
13. ਚੈੱਕ ਗਣਰਾਜ ਵਿਚ ਇਕ ਆਦਮੀ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਰਾਜ ਦੀ ਕਦਰ ਕਰਦਾ ਸੀ?
13 ਇਸੇ ਤਰ੍ਹਾਂ ਅੱਜ ਵੀ ਕਈ ਲੋਕ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਹਾਸਲ ਕਰਨ ਵਾਸਤੇ ਆਪਣੀ ਜ਼ਿੰਦਗੀ ਵਿਚ ਸੁਧਾਰ ਕਰਨ ਲਈ ਤਿਆਰ ਹੁੰਦੇ ਹਨ। ਮਿਸਾਲ ਲਈ, ਅਕਤੂਬਰ 2003 ਵਿਚ ਚੈੱਕ ਗਣਰਾਜ ਵਿਚ ਇਕ 60 ਸਾਲ ਦੇ ਆਦਮੀ ਨੂੰ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਨਾਂ ਦੀ ਕਿਤਾਬ ਮਿਲੀ। ਇਹ ਆਦਮੀ ਇਕ ਸਕੂਲ ਦਾ ਹੈੱਡ ਮਾਸਟਰ ਹੈ ਅਤੇ ਕਿਤਾਬ ਪੜ੍ਹਨ ਤੋਂ ਬਾਅਦ ਉਸ ਨੇ ਯਹੋਵਾਹ ਦੇ ਗਵਾਹਾਂ ਨੂੰ ਲੱਭਿਆ ਤਾਂਕਿ ਉਹ ਬਾਈਬਲ ਸਟੱਡੀ ਕਰ ਸਕੇ। ਉਸ ਨੇ ਸੋਹਣੀ ਤਰੱਕੀ ਕੀਤੀ ਅਤੇ ਉਹ ਸਾਰੀਆਂ ਮੀਟਿੰਗਾਂ ਵਿਚ ਆਉਣ ਲੱਗ ਪਿਆ। ਉਸ ਨੇ ਨਗਰ-ਪ੍ਰਧਾਨ ਅਤੇ ਨੇਤਾ ਬਣਨ ਲਈ ਇਲੈਕਸ਼ਨਾਂ ਦੀ ਦੌੜ ਦੌੜਨ ਦੀ ਇੱਛਾ ਵੀ ਛੱਡ ਦਿੱਤੀ। ਇਸ ਦੀ ਬਜਾਇ ਉਹ ਇਕ ਪ੍ਰਚਾਰਕ ਵਜੋਂ ਜ਼ਿੰਦਗੀ ਦੀ ਦੌੜ ਵਿਚ ਸ਼ਾਮਲ ਹੋ ਗਿਆ। ਉਸ ਨੇ ਕਿਹਾ: “ਮੈਂ ਸਕੂਲ ਵਿਚ ਆਪਣੇ ਵਿਦਿਆਰਥੀਆਂ ਨੂੰ ਬਾਈਬਲ ਬਾਰੇ ਕਾਫ਼ੀ ਪੁਸਤਕਾਂ-ਰਸਾਲੇ ਦਿੱਤੇ ਹਨ।” ਉਸ ਨੇ ਯਹੋਵਾਹ ਨੂੰ ਆਪਣਾ ਜੀਵਨ ਅਰਪਣ ਕਰ ਕੇ ਜੁਲਾਈ 2004 ਵਿਚ ਇਕ ਵੱਡੇ ਸੰਮੇਲਨ ਵਿਚ ਬਪਤਿਸਮਾ ਲੈ ਲਿਆ।
14. (ੳ) ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਲੱਖਾਂ ਲੋਕਾਂ ਨੇ ਕੀ ਕੀਤਾ ਹੈ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?
14 ਸੰਸਾਰ ਭਰ ਵਿਚ ਲੱਖਾਂ ਲੋਕਾਂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣ ਕੇ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕੀਤੀਆਂ ਹਨ। ਉਹ ਇਸ ਬੁਰੀ ਦੁਨੀਆਂ ਤੋਂ ਜੁਦਾ ਹੋਏ ਹਨ ਅਤੇ ਦੁਨਿਆਵੀ ਕੰਮਾਂ ਦਾ ਪਿੱਛਾ ਕਰਨੋਂ ਹਟ ਗਏ ਹਨ। ਉਨ੍ਹਾਂ ਨੇ ਆਪਣੇ ਪੁਰਾਣੇ ਸੁਭਾਅ ਨੂੰ ਬਦਲ ਲਿਆ ਹੈ ਅਤੇ ਸੰਸਾਰ ਨਾਲ ਮਿੱਤਰਤਾ ਨੂੰ ਛੱਡ ਦਿੱਤਾ ਹੈ। (ਯੂਹੰਨਾ 15:19; ਅਫ਼ਸੀਆਂ 4:22-24; ਯਾਕੂਬ 4:4; 1 ਯੂਹੰਨਾ 2:15-17) ਉਨ੍ਹਾਂ ਨੇ ਇਹ ਸਭ ਕੁਝ ਕਿਉਂ ਕੀਤਾ ਹੈ? ਕਿਉਂਕਿ ਉਨ੍ਹਾਂ ਲਈ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਇਸ ਦੁਨੀਆਂ ਦੀ ਹਰ ਚੀਜ਼ ਨਾਲੋਂ ਜ਼ਿਆਦਾ ਕੀਮਤੀ ਹਨ। ਕੀ ਤੁਸੀਂ ਵੀ ਪਰਮੇਸ਼ੁਰ ਦੇ ਰਾਜ ਬਾਰੇ ਇਸ ਤਰ੍ਹਾਂ ਸੋਚਦੇ ਹੋ? ਕੀ ਤੁਸੀਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਆਪਣਾ ਜੀਵਨ-ਢੰਗ ਅਤੇ ਆਪਣੀਆਂ ਕਦਰਾਂ-ਕੀਮਤਾਂ ਬਦਲਣ ਲਈ ਤਿਆਰ ਹੋ? ਅਜਿਹਾ ਕਰਨ ਨਾਲ ਤੁਹਾਨੂੰ ਅੱਜ ਅਤੇ ਹਮੇਸ਼ਾ ਲਈ ਆਸ਼ੀਰਵਾਦ ਮਿਲੇਗਾ।
ਵਾਢੀ ਦਾ ਸਮਾਂ
15. ਬਾਈਬਲ ਵਿਚ ਕੀ ਦੱਸਿਆ ਗਿਆ ਹੈ ਕਿ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਪਰਮੇਸ਼ੁਰ ਦੇ ਲੋਕ ਕੀ ਕਰ ਰਹੇ ਹੋਣਗੇ?
15 ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਤੇਰੇ ਲੋਕ ਤੇਰੀ ਭਰਤੀ ਦੇ ਵੇਲੇ ਆਪਣੇ ਆਪ ਨੂੰ ਖੁਸ਼ੀ ਨਾਲ ਪੇਸ਼ ਕਰਦੇ ਹਨ।” ਯਹੋਵਾਹ ਦੇ ਲੋਕਾਂ ਵਿਚਕਾਰ ‘ਤ੍ਰੇਲ ਵਰਗੇ ਜੁਆਨ’ ਹਨ ਅਤੇ “ਖਬਰ ਦੇਣ ਵਾਲਿਆਂ ਦਾ ਵੱਡਾ ਦਲ ਹੈ।” (ਜ਼ਬੂਰਾਂ ਦੀ ਪੋਥੀ 68:11; 110:3) ਪਰਮੇਸ਼ੁਰ ਦੇ ਲੋਕ, ਕੀ ਤੀਵੀਆਂ, ਕੀ ਆਦਮੀ, ਕੀ ਜਵਾਨ, ਕੀ ਬੁੱਢੇ ਸਾਰੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਲਗਨ ਨਾਲ ਉਸ ਦੀ ਸੇਵਾ ਕਰਦੇ ਹਨ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਕਰਨ ਲਈ ਬਹੁਤ ਕੁਰਬਾਨੀਆਂ ਵੀ ਦਿੱਤੀਆਂ ਹਨ। ਇਸ ਦਾ ਨਤੀਜਾ ਕੀ ਨਿਕਲਿਆ ਹੈ?
16. ਇਕ ਮਿਸਾਲ ਦਿਓ ਕਿ ਪਰਮੇਸ਼ੁਰ ਦੇ ਸੇਵਕ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਵਿਚ ਲੋਕਾਂ ਦੀ ਮਦਦ ਕਿਵੇਂ ਕਰ ਰਹੇ ਹਨ।
16 ਭਾਰਤ ਵਿਚ ਇਕ ਪਾਇਨੀਅਰ ਭੈਣ ਫ਼ਿਕਰਮੰਦ ਸੀ ਕਿ ਉਸ ਦੇਸ਼ ਦੇ 20 ਲੱਖ ਤੋਂ ਜ਼ਿਆਦਾ ਬੋਲ਼ੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਕਿਸ ਤਰ੍ਹਾਂ ਸਿਖਾਇਆ ਜਾਵੇਗਾ। (ਯਸਾਯਾਹ 35:5) ਉਸ ਨੇ ਬੰਗਲੌਰ ਦੇ ਇਕ ਕਾਲਜ ਵਿਚ ਸੈਨਤ ਭਾਸ਼ਾ ਦਾ ਕੋਰਸ ਕਰਨ ਦਾ ਫ਼ੈਸਲਾ ਕੀਤਾ। ਉੱਥੇ ਉਹ ਕਈ ਬੋਲ਼ੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਬਾਰੇ ਦੱਸ ਸਕੀ ਅਤੇ ਕਈ ਲੋਕ ਇਕੱਠੇ ਬੈਠ ਕੇ ਉਸ ਨਾਲ ਬਾਈਬਲ ਸਟੱਡੀ ਕਰਨ ਲੱਗੇ। ਕੁਝ ਹੀ ਹਫ਼ਤਿਆਂ ਦੇ ਅੰਦਰ-ਅੰਦਰ 12 ਕੁ ਲੋਕ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਆਉਣ ਲੱਗ ਪਏ। ਇਕ ਦਿਨ ਇਹ ਭੈਣ ਕਿਸੇ ਦੇ ਵਿਆਹ ਗਈ ਅਤੇ ਉੱਥੇ ਉਹ ਕਲਕੱਤਾ ਤੋਂ ਆਏ ਇਕ ਬੋਲ਼ੇ ਨੌਜਵਾਨ ਨੂੰ ਮਿਲੀ। ਉਸ ਨੌਜਵਾਨ ਨੇ ਕਈ ਸਵਾਲ ਪੁੱਛੇ ਕਿਉਂਕਿ ਉਹ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ। ਪਰ ਗੱਲ ਇਹ ਸੀ ਕਿ ਇਹ ਨੌਜਵਾਨ 1,600 ਕਿਲੋਮੀਟਰ ਦੂਰ ਕਲਕੱਤਾ ਨੂੰ ਵਾਪਸ ਜਾ ਕੇ ਕਾਲਜ ਸ਼ੁਰੂ ਕਰਨ ਵਾਲਾ ਸੀ ਜਿੱਥੇ ਸੈਨਤ ਭਾਸ਼ਾ ਜਾਣਨ ਵਾਲਾ ਕੋਈ ਗਵਾਹ ਨਹੀਂ ਸੀ। ਬੜੀ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੌਜਵਾਨ ਨੇ ਆਪਣੇ ਪਿਤਾ ਨੂੰ ਮਨਾ ਲਿਆ ਕਿ ਉਹ ਉਸ ਨੂੰ ਬੰਗਲੌਰ ਵਿਚ ਕਾਲਜ ਜਾਣ ਦੇਵੇ ਤਾਂਕਿ ਉਹ ਬਾਈਬਲ ਸਟੱਡੀ ਵੀ ਕਰਦਾ ਰਹੇ। ਉਸ ਨੇ ਕਾਫ਼ੀ ਤਰੱਕੀ ਕੀਤੀ ਅਤੇ ਸਾਲ ਕੁ ਬਾਅਦ ਉਸ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪ ਦਿੱਤੀ। ਹੁਣ ਉਹ ਆਪ ਕਈ ਹੋਰ ਬੋਲ਼ੇ ਲੋਕਾਂ ਨੂੰ ਬਾਈਬਲ ਪੜ੍ਹਾ ਰਿਹਾ ਹੈ ਜਿਨ੍ਹਾਂ ਵਿਚ ਉਸ ਦਾ ਇਕ ਬਚਪਨ ਦਾ ਦੋਸਤ ਵੀ ਹੈ। ਭਾਰਤ ਦਾ ਬ੍ਰਾਂਚ ਆਫ਼ਿਸ ਹੁਣ ਪਾਇਨੀਅਰਾਂ ਲਈ ਇੰਤਜ਼ਾਮ ਕਰ ਰਿਹਾ ਹੈ ਕਿ ਉਹ ਸੈਨਤ ਭਾਸ਼ਾ ਸਿੱਖ ਕੇ ਬੋਲ਼ੇ ਲੋਕਾਂ ਦੀ ਮਦਦ ਕਰਨ।
17. ਦੱਸੋ ਕਿ ਤੁਹਾਨੂੰ 2004 ਦੇ ਸੇਵਾ ਸਾਲ ਦੀ ਰਿਪੋਰਟ ਤੋਂ ਕੀ ਚੰਗਾ ਲੱਗਾ ਹੈ।
17 ਇਸ ਰਸਾਲੇ ਦੇ 19ਵੇਂ ਤੋਂ 22ਵੇਂ ਸਫ਼ਿਆਂ ਉੱਤੇ ਤੁਹਾਨੂੰ 2004 ਦੇ ਸੇਵਾ ਸਾਲ ਲਈ ਯਹੋਵਾਹ ਦੇ ਗਵਾਹਾਂ ਦੀ ਵਿਸ਼ਵ-ਵਿਆਪੀ ਰਿਪੋਰਟ ਮਿਲੇਗੀ। ਕਿਉਂ ਨਾ ਸਮਾਂ ਕੱਢ ਕੇ ਇਸ ਦੀ ਜਾਂਚ ਕਰੋ ਅਤੇ ਦੇਖੋ ਕਿ ਸੰਸਾਰ ਭਰ ਵਿਚ ਯਹੋਵਾਹ ਦੇ ਲੋਕ ਇਸ ਗੱਲ ਦਾ ਸਬੂਤ ਕਿਵੇਂ ਦੇ ਰਹੇ ਹਨ ਕਿ ਉਨ੍ਹਾਂ ਨੇ ਭਾਰੇ ਮੁੱਲ ਦੇ ਮੋਤੀ ਵੱਲ ਆਪਣਾ ਧਿਆਨ ਲਾਇਆ ਹੋਇਆ ਹੈ।
‘ਪਹਿਲਾਂ ਉਹ ਦੇ ਰਾਜ ਨੂੰ ਭਾਲੋ’
18. ਯਿਸੂ ਨੇ ਆਪਣੇ ਦ੍ਰਿਸ਼ਟਾਂਤ ਵਿਚ ਵਪਾਰੀ ਬਾਰੇ ਕਿਹੜੀ ਗੱਲ ਨਹੀਂ ਦੱਸੀ ਸੀ ਅਤੇ ਕਿਉਂ ਨਹੀਂ?
18 ਆਓ ਆਪਾਂ ਵਪਾਰੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਬਾਰੇ ਦੁਬਾਰਾ ਸੋਚੀਏ। ਧਿਆਨ ਦਿਓ ਕਿ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਵਪਾਰੀ ਆਪਣਾ ਸਭ ਕੁਝ ਵੇਚਣ ਤੋਂ ਬਾਅਦ ਆਪਣਾ ਗੁਜ਼ਾਰਾ ਕਿਵੇਂ ਤੋਰੇਗਾ। ਸ਼ਾਇਦ ਕੋਈ ਪੁੱਛੇ: ‘ਜੇ ਵਪਾਰੀ ਕੋਲ ਕੁਝ ਨਹੀਂ ਬਚਿਆ ਸੀ, ਤਾਂ ਉਸ ਨੇ ਆਪਣੇ ਲਈ ਰੋਟੀ, ਕੱਪੜੇ ਅਤੇ ਮਕਾਨ ਦਾ ਬੰਦੋਬਸਤ ਕਿਵੇਂ ਕਰਨਾ ਸੀ? ਉਸ ਨੂੰ ਉਸ ਕੀਮਤੀ ਮੋਤੀ ਦਾ ਕੀ ਫ਼ਾਇਦਾ ਹੋਣਾ ਸੀ?’ ਦੇਖਣ ਨੂੰ ਤਾਂ ਇਹ ਚੰਗੇ ਸਵਾਲ ਹਨ, ਪਰ ਕੀ ਯਿਸੂ ਨੇ ਆਪਣੇ ਚੇਲਿਆਂ ਨੂੰ ਤਾਕੀਦ ਨਹੀਂ ਕੀਤੀ ਸੀ: “ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ”? (ਮੱਤੀ 6:31-33) ਇਸ ਦ੍ਰਿਸ਼ਟਾਂਤ ਦੀ ਮੁੱਖ ਗੱਲ ਹੈ ਕਿ ਸਾਨੂੰ ਪੂਰੇ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ ਅਤੇ ਲਗਨ ਨਾਲ ਉਸ ਦੇ ਰਾਜ ਨੂੰ ਭਾਲਣਾ ਚਾਹੀਦਾ ਹੈ। ਕੀ ਅਸੀਂ ਇਸ ਤੋਂ ਕੁਝ ਸਿੱਖ ਸਕਦੇ ਹਾਂ?
19. ਅਸੀਂ ਭਾਰੇ ਮੁੱਲ ਦੇ ਮੋਤੀ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਕਿਹੜੀ ਖ਼ਾਸ ਗੱਲ ਸਿੱਖਦੇ ਹਾਂ?
19 ਚਾਹੇ ਅਸੀਂ ਹੁਣੇ-ਹੁਣੇ ਖ਼ੁਸ਼ ਖ਼ਬਰੀ ਸੁਣੀ ਹੈ ਜਾਂ ਅਸੀਂ ਕਈ ਸਾਲਾਂ ਤੋਂ ਪਰਮੇਸ਼ੁਰ ਦੇ ਰਾਜ ਨੂੰ ਭਾਲ ਕੇ ਦੂਸਰਿਆਂ ਨੂੰ ਵੀ ਉਸ ਦੀਆਂ ਬਰਕਤਾਂ ਬਾਰੇ ਦੱਸਦੇ ਆਏ ਹਾਂ, ਫਿਰ ਵੀ ਸਾਨੂੰ ਆਪਣਾ ਪੂਰਾ ਧਿਆਨ ਇਸ ਰਾਜ ਉੱਤੇ ਲਾਈ ਰੱਖਣਾ ਚਾਹੀਦਾ ਹੈ। ਅਸੀਂ ਮੁਸ਼ਕਲ ਸਮਿਆਂ ਵਿਚ ਜੀ ਰਹੇ ਹਾਂ, ਪਰ ਸਾਨੂੰ ਪੂਰਾ ਯਕੀਨ ਹੈ ਕਿ ਵਪਾਰੀ ਦੇ ਮੋਤੀ ਵਾਂਗ ਜੋ ਅਸੀਂ ਭਾਲ ਰਹੇ ਹਾਂ ਉਹ ਅਸਲੀ ਹੈ ਅਤੇ ਬਹੁਤ ਕੀਮਤੀ ਹੈ। ਦੁਨੀਆਂ ਦੀ ਹਾਲਤ ਅਤੇ ਬਾਈਬਲ ਦੀਆਂ ਭਵਿੱਖਬਾਣੀਆਂ ਦੀ ਪੂਰਤੀ ਤੋਂ ਸਾਨੂੰ ਪੱਕਾ ਸਬੂਤ ਮਿਲਦਾ ਹੈ ਕਿ ਅਸੀਂ “ਜੁਗ ਦੇ ਅੰਤ” ਦੇ ਸਮੇਂ ਵਿਚ ਜੀ ਰਹੇ ਹਾਂ। (ਮੱਤੀ 24:3) ਤਾਂ ਫਿਰ ਆਓ ਆਪਾਂ ਉਸ ਵਪਾਰੀ ਦੀ ਤਰ੍ਹਾਂ ਦਿਖਾਈਏ ਕਿ ਅਸੀਂ ਲਗਨ ਨਾਲ ਪਰਮੇਸ਼ੁਰ ਦੇ ਰਾਜ ਨੂੰ ਭਾਲ ਰਹੇ ਹਾਂ ਅਤੇ ਖ਼ੁਸ਼ੀ ਨਾਲ ਉਸ ਦਾ ਪ੍ਰਚਾਰ ਕਰ ਰਹੇ ਹਾਂ।—ਜ਼ਬੂਰਾਂ ਦੀ ਪੋਥੀ 9:1, 2.
-