“ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?”
ਕ੍ਰਿਸਮਸ ਦਾ ਤਿਉਹਾਰ ਫਿਰ ਤੋਂ ਆ ਗਿਆ ਹੈ। ਦੁਨੀਆਂ ਭਰ ਵਿਚ ਲੋਕ ਯਿਸੂ ਦਾ ਜਨਮ ਦਿਨ ਮਨਾਉਂਦੇ ਹਨ। ਪਰ ਯਿਸੂ ਕੌਣ ਸੀ? ਪਰਮੇਸ਼ੁਰ ਦਾ ਪੁੱਤਰ ਜਾਂ ਕੋਈ ਦੀਨਦਾਰ ਯਹੂਦੀ ਬੰਦਾ ਜੋ ਪਹਿਲੀ ਸਦੀ ਵਿਚ ਆਪਣੇ ਇਲਾਕੇ ਦੇ ਧਰਮ ਵਿਚ ਪਰਿਵਰਤਨ ਕਰਨ ਤੇ ਤੁਲਿਆ ਹੋਇਆ ਸੀ? ਗ਼ਰੀਬਾਂ ਦਾ ਮਦਦਗਾਰ ਜਾਂ ਰੋਮੀ ਬਾਦਸ਼ਾਹੀ ਦਾ ਕੋਈ ਖ਼ਤਰਨਾਕ ਵਿਰੋਧੀ ਜਿਸ ਨੂੰ ਸੂਲੀ ਤੇ ਟੰਗਿਆ ਗਿਆ ਸੀ? ਜਾਂ ਕੀ ਉਹ ਇਕ ਰਿਸ਼ੀ-ਮੁਨੀ ਸੀ ਜੋ ਆਤਮ-ਗਿਆਨ ਅਤੇ ਅੰਦਰੂਨੀ ਬੁੱਧ ਬਾਰੇ ਸਿੱਖਿਆ ਦਿੰਦਾ ਸੀ। ਤੁਹਾਡੇ ਕੋਲ ਇਹ ਸਵਾਲ ਪੁੱਛਣ ਦਾ ਚੰਗਾ ਕਾਰਨ ਹੈ ਕਿ “ਅਸਲ ਵਿਚ ਯਿਸੂ ਕੌਣ ਸੀ?”
ਯਿਸੂ ਖ਼ੁਦ ਜਾਣਨਾ ਚਾਹੁੰਦਾ ਸੀ ਕਿ ਲੋਕ ਇਸ ਸਵਾਲ ਦੇ ਜਵਾਬ ਵਿਚ ਕੀ ਕਹਿ ਰਹੇ ਸਨ। ਉਸ ਨੇ ਆਪਣੇ ਚੇਲਿਆਂ ਨੂੰ ਇਕ ਵਾਰ ਪੁੱਛਿਆ ਕਿ “ਲੋਕ ਕੀ ਕਹਿੰਦੇ ਹਨ ਜੋ ਮੈਂ ਕੌਣ ਹਾਂ?” (ਮਰਕੁਸ 8:27) ਉਸ ਨੇ ਇਹ ਸਵਾਲ ਕਿਉਂ ਪੁੱਛਿਆ ਸੀ? ਕਿਉਂਕਿ ਬਹੁਤ ਸਾਰੇ ਲੋਕ ਉਸ ਦੇ ਮਗਰ ਤੁਰਨ ਤੋਂ ਹੱਟ ਗਏ ਸਨ। ਹੋਰ ਲੋਕ ਨਿਰਾਸ਼ ਸਨ ਅਤੇ ਝਮੇਲੇ ਵਿਚ ਪਏ ਹੋਏ ਸਨ ਕਿਉਂਕਿ ਜਦੋਂ ਉਨ੍ਹਾਂ ਨੇ ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਜਦੋਂ ਯਿਸੂ ਦੇ ਵੈਰੀਆਂ ਨੇ ਉਸ ਨੂੰ ਅਕਾਸ਼ ਵੱਲੋਂ ਕੋਈ ਨਿਸ਼ਾਨ ਦਿਖਾਉਣ ਲਈ ਕਿਹਾ ਸੀ ਤਾਂ ਯਿਸੂ ਨੇ ਕੋਈ ਨਿਸ਼ਾਨ ਨਹੀਂ ਦਿੱਤਾ ਸੀ। ਯਿਸੂ ਦੇ ਸਵਾਲ ਦੇ ਜਵਾਬ ਵਿਚ ਉਸ ਦੇ ਰਸੂਲਾਂ ਨੇ ਉਸ ਬਾਰੇ ਕੀ ਕਿਹਾ ਸੀ? ਉਨ੍ਹਾਂ ਨੇ ਦੱਸਿਆ ਕਿ ਆਮ ਤੌਰ ਤੇ ਲੋਕ ਕੀ ਕਹਿ ਰਹੇ ਸਨ “ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ।” (ਮੱਤੀ 16:13, 14) ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਫਲਸਤੀਨ ਵਿਚ ਲੋਕ ਉਸ ਨੂੰ ਕਾਫ਼ਰ, ਪਖੰਡੀ, ਝੂਠਾ ਨਬੀ, ਅਤੇ ਪਾਗਲ ਵੀ ਸੱਦ ਰਹੇ ਸਨ।
ਯਿਸੂ ਬਾਰੇ ਅਨੇਕ ਵਿਚਾਰ
ਜੇਕਰ ਯਿਸੂ ਇਹੀ ਸਵਾਲ ਅੱਜ ਪੁੱਛੇ ਤਾਂ ਉਹ ਸ਼ਾਇਦ ਇਸ ਤਰ੍ਹਾਂ ਪੁੱਛੇ: “ਵਿਦਵਾਨ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?” ਅੱਜ ਵੀ ਲੋਕਾਂ ਦੇ ਉੱਤਰਾਂ ਤੋਂ ਜ਼ਾਹਰ ਹੋਵੇਗਾ ਕਿ ਉਸ ਬਾਰੇ ਅਨੇਕ ਖ਼ਿਆਲ ਹਨ। ਸ਼ਿਕਾਗੋ ਦੀ ਯੂਨੀਵਰਸਿਟੀ ਦੇ ਡੇਵਿਡ ਟ੍ਰੇਸੀ ਦੇ ਮੁਤਾਬਕ ਯਿਸੂ ਦੀਆਂ ਕਹਿਣੀਆਂ ਅਤੇ ਕਰਨੀਆਂ ਬਾਰੇ ਵੱਖੋ-ਵੱਖਰੇ ਲੋਕਾਂ ਦੇ ਵੱਖੋ-ਵੱਖਰੇ ਵਿਸ਼ਵਾਸ ਹਨ। ਪਿਛਲੀ ਸਦੀ ਦੌਰਾਨ ਵਿਦਵਾਨਾਂ ਨੇ ਸਮਾਜਕ, ਮਾਨਵ, ਅਤੇ ਕਿਤਾਬੀ ਵਿਗਿਆਨ ਰਾਹੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਸੀ ਕਿ ਯਿਸੂ ਕੌਣ ਸੀ। ਇੰਨੀ ਸਾਰੀ ਜਾਂਚ-ਪੜਤਾਲ ਤੋਂ ਬਾਅਦ ਉਨ੍ਹਾਂ ਦਾ ਜਵਾਬ ਕੀ ਸੀ?
ਕੁਝ ਵਿਦਵਾਨ ਅਜੇ ਵੀ ਦਾਅਵਾ ਕਰਦੇ ਹਨ ਕਿ ਇਤਿਹਾਸ ਦਾ ਯਿਸੂ ਕੋਈ ਯਹੂਦੀ ਨਬੀ ਸੀ ਜੋ ਦੁਨੀਆਂ ਦੇ ਅੰਤ ਬਾਰੇ ਗੱਲ ਕਰ ਕੇ ਲੋਕਾਂ ਨੂੰ ਤੋਬਾ ਕਰਨ ਲਈ ਕਹਿੰਦਾ ਹੁੰਦਾ ਸੀ। ਪਰ ਉਹ ਯਿਸੂ ਨੂੰ ਪਰਮੇਸ਼ੁਰ ਦਾ ਪੁੱਤਰ, ਮਸੀਹਾ, ਅਤੇ ਮੁਕਤੀਦਾਤਾ ਸੱਦਣ ਤੋਂ ਝਿਜਕਦੇ ਹਨ। ਜ਼ਿਆਦਾਤਰ ਵਿਦਵਾਨ ਬਾਈਬਲ ਵਿਚ ਦੱਸੇ ਗਏ ਬਿਰਤਾਂਤ ਉੱਤੇ ਸ਼ੱਕ ਕਰਦੇ ਹਨ ਕਿ ਯਿਸੂ ਸਵਰਗ ਤੋਂ ਆਇਆ ਸੀ ਅਤੇ ਕਿ ਉਹ ਮੁਰਦਿਆਂ ਤੋਂ ਜੀ ਉਠਾਇਆ ਗਿਆ ਸੀ। ਦੂਸਰਿਆਂ ਅਨੁਸਾਰ ਯਿਸੂ ਤਾਂ ਸਿਰਫ਼ ਇਕ ਆਦਮੀ ਹੀ ਸੀ ਜਿਸ ਦੀ ਮਿਸਾਲੀ ਜ਼ਿੰਦਗੀ ਅਤੇ ਸਿੱਖਿਆ ਨੇ ਬਹੁਤ ਸਾਰੇ ਧਰਮ ਸ਼ੁਰੂ ਕਰਵਾ ਦਿੱਤੇ ਜਿਨ੍ਹਾਂ ਤੋਂ ਸਾਰਾ ਈਸਾਈ-ਜਗਤ ਪੈਦਾ ਹੋਇਆ ਹੈ। ਜਿਵੇਂ ਥੀਓਲੋਜੀ ਟੂਡੇ ਨਾਮਕ ਰਸਾਲੇ ਵਿਚ ਨੋਟ ਕੀਤਾ ਗਿਆ ਹੈ ਕਿ ਕਈ ਦੂਸਰੇ ਲੋਕ ਯਿਸੂ ਨੂੰ ‘ਸਨਕੀ, ਰਿਸ਼ੀ-ਮੁਨੀ, ਸਾਧੂ-ਸੰਤ, ਫ਼ਿਰਕੇ ਦਾ ਪ੍ਰਬੰਧਕ, ਸਮਾਜ ਦੀ ਨੁਕਤਾਚੀਨੀ ਕਰਨ ਵਾਲਾ ਗੱਭਰੂ ਕਵੀ, ਜਾਂ ਇਕ ਹੁਸ਼ਿਆਰ ਤੇ ਚਲਾਕ ਬੰਦਾ ਸਮਝਦੇ ਹਨ ਜੋ ਫਲਸਤੀਨ ਦੇ ਅੱਡਰੇ ਪਿੰਡਾਂ ਵਿਚ ਲੋਕਾਂ ਦੀਆਂ ਗ਼ਰੀਬ ਭੀੜਾਂ ਨੂੰ ਹੱਲਾ ਮਚਾਉਣ ਲਈ ਚੁੱਕਦਾ ਹੁੰਦਾ ਸੀ।’
ਯਿਸੂ ਬਾਰੇ ਇਨ੍ਹਾਂ ਤੋਂ ਵੀ ਜ਼ਿਆਦਾ ਅਨੋਖੇ ਖ਼ਿਆਲ ਹਨ। ਕਈ ਲੋਕ ਮੰਨਦੇ ਹਨ ਕਿ ਯਿਸੂ ਕਾਲਾ ਸੀ। ਇਹ ਵਿਚਾਰ ਰੈਪ ਸੰਗੀਤ, ਚਿੱਤਰਕਾਰੀ ਅਤੇ ਨਾਚ ਵਿਚ ਵੀ ਵਾਰ-ਵਾਰ ਪੇਸ਼ ਕੀਤਾ ਜਾਂਦਾ ਹੈ।a ਹੋਰ ਲੋਕ ਇਹ ਵੀ ਕਹਿੰਦੇ ਹਨ ਕਿ ਅਸਲ ਵਿਚ ਯਿਸੂ ਇਕ ਔਰਤ ਸੀ। ਸੰਨ 1993 ਦੀਆਂ ਗਰਮੀਆਂ ਵਿਚ ਕੈਲੇਫ਼ੋਰਨੀਆ ਵਿਖੇ ਔਰਿੰਜ ਕਾਉਂਟੀ ਦੇ ਮੇਲੇ ਵਿਚ ਲੋਕਾਂ ਨੇ “ਕਰੀਸਟੀ” ਦਾ ਬੁੱਤ ਦੇਖਿਆ ਜੋ ਸੂਲੀ ਤੇ ਟੰਗਿਆ ਹੋਇਆ “ਕ੍ਰਾਈਸਟ” ਸੀ, ਪਰ ਅਸਲ ਵਿਚ ਇਹ ਇਕ ਨੰਗੀ ਔਰਤ ਦਾ ਬੁੱਤ ਸੀ। ਤਕਰੀਬਨ ਉਸੇ ਸਮੇਂ ਨਿਊਯਾਰਕ ਵਿਖੇ “ਕ੍ਰਿਸਟਾ” ਨਾਂ ਦਾ ਅਜਿਹਾ ਇਕ ਹੋਰ ਬੁੱਤ ਦਿਖਾਇਆ ਜਾ ਰਿਹਾ ਸੀ। ਦੋਹਾਂ ਬੁੱਤਾਂ ਨੇ ਲੋਕਾਂ ਨੂੰ ਨਿਰਾਸ਼ ਕੀਤਾ ਅਤੇ ਬਹੁਤ ਸਾਰੀ ਬਹਿਸ ਸ਼ੁਰੂ ਹੋ ਗਈ। ਸੰਨ 1999 ਦੇ ਸ਼ੁਰੂ ਵਿਚ ਅਜਿਹੀ ਕਿਤਾਬ ਖ਼ਰੀਦੀ ਜਾ ਸਕਦੀ ਸੀ ਜਿਸ ਵਿਚ “ਯਿਸੂ ਨਾਂ ਦੇ ਮੁੰਡੇ ਅਤੇ ਉਸ ਦੇ ਏਂਜਲ ਨਾਂ ਦੇ ਕੁੱਤੇ ਦੇ ਆਪਸੀ ਪਿਆਰ ਦਾ ਜ਼ਿਕਰ ਸੀ।” ਉਨ੍ਹਾਂ ਦੀ ਦੋਸਤੀ “ਬਹੁਤ ਹੀ ਗੂੜ੍ਹੀ ਸੀ ਅਤੇ ਦਿਖਾਇਆ ਗਿਆ ਸੀ ਕਿ ਮੁੰਡਾ ਅਤੇ ਕੁੱਤਾ ਇਕ ਦੂਜੇ ਲਈ ਜਾਨ ਦੇਣ ਨੂੰ ਤਿਆਰ ਸਨ।”
ਯਿਸੂ ਦੀ ਅਸਲੀਅਤ ਜਾਣਨੀ ਜ਼ਰੂਰੀ ਹੈ?
ਤੁਹਾਨੂੰ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ ਕਿ ਯਿਸੂ ਕੌਣ ਸੀ ਅਤੇ ਅੱਜ ਕੌਣ ਹੈ? ਇਕ ਗੱਲ ਇਹ ਹੈ ਕਿ ਨੈਪੋਲੀਅਨ ਨੇ ਉਸ ਬਾਰੇ ਕਿਹਾ ਸੀ: “ਯਿਸੂ ਮਸੀਹ ਨੇ ਆਪਣੀ ਦ੍ਰਿਸ਼ਟਮਾਨ ਸਰੀਰਕ ਮੌਜੂਦਗੀ ਦੇ ਬਿਨਾਂ ਹੀ ਆਪਣੀ ਪਰਜਾ ਉੱਪਰ ਪ੍ਰਭਾਵ ਪਾਇਆ ਅਤੇ ਸ਼ਾਸਨ ਕੀਤਾ ਹੈ।” ਯਿਸੂ ਨੇ ਆਪਣੀ ਵਧੀਆ ਸਿੱਖਿਆ ਅਤੇ ਜ਼ਿੰਦਗੀ ਦੁਆਰਾ ਤਕਰੀਬਨ ਦੋ ਹਜ਼ਾਰ ਸਾਲਾਂ ਦੌਰਾਨ ਅਰਬਾਂ ਹੀ ਲੋਕਾਂ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਇਕ ਲੇਖਕ ਨੇ ਠੀਕ ਹੀ ਲਿਖਿਆ ਕਿ ਯਿਸੂ ਦੀ ਤੁਲਨਾ ਵਿਚ “ਸਾਰੀਆਂ ਸੈਨਾਵਾਂ ਜੋ ਕਦੀ ਕੂਚ ਕੀਤੀਆਂ, ਅਤੇ ਸਾਰੀਆਂ ਨੌ-ਸੈਨਾਵਾਂ ਜੋ ਕਦੀ ਬਣਾਈਆਂ ਗਈਆਂ, ਅਤੇ ਸਾਰੀਆਂ ਸੰਸਦਾਂ ਜੋ ਕਦੀ ਬੈਠੀਆਂ, ਸਾਰੇ ਰਾਜੇ ਜਿਨ੍ਹਾਂ ਨੇ ਕਦੀ ਰਾਜ ਕੀਤਾ, ਇਕੱਠੇ ਕੀਤੇ ਜਾਣ ਤੇ ਵੀ ਇਸ ਧਰਤੀ ਉੱਤੇ ਮਨੁੱਖ ਦੇ ਜੀਵਨ ਉੱਪਰ ਇਸ ਤਰ੍ਹਾਂ ਸ਼ਕਤੀਸ਼ਾਲੀ ਪ੍ਰਭਾਵ [ਹੋਰ ਕਿਸੇ ਨੇ] ਨਹੀਂ ਪਾਇਆ ਹੈ।”
ਇਸ ਤੋਂ ਇਲਾਵਾ ਤੁਹਾਨੂੰ ਯਿਸੂ ਦੀ ਅਸਲੀਅਤ ਜਾਣਨ ਦੀ ਜ਼ਰੂਰਤ ਹੈ ਕਿਉਂਕਿ ਉਹ ਤੁਹਾਡੇ ਭਵਿੱਖ ਉੱਤੇ ਸਿੱਧਾ ਅਸਰ ਪਾਵੇਗਾ। ਤੁਹਾਨੂੰ ਪਰਮੇਸ਼ੁਰ ਦੇ ਰਾਜ ਦੇ ਅਧੀਨ ਹੋਣ ਦਾ ਮੌਕਾ ਹੈ। ਇਹ ਰਾਜ ਸਵਰਗ ਵਿਚ ਸਥਾਪਿਤ ਹੈ ਅਤੇ ਯਿਸੂ ਮਸੀਹ ਇਸ ਦਾ ਰਾਜਾ ਹੈ। ਉਸ ਦੇ ਨਿਰਦੇਸ਼ਨ ਅਧੀਨ ਸਾਡੀ ਧਰਤੀ ਦੀ ਬੁਰੀ ਹਾਲਤ ਬਦਲੀ ਜਾਵੇਗੀ। ਇਸ ਦਾ ਵਾਤਾਵਰਣ ਸੁਧਾਰਿਆ ਜਾਵੇਗਾ ਅਤੇ ਇੱਥੇ ਫਿਰ ਤੋਂ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂ ਜੀਉਣਗੇ। ਬਾਈਬਲ ਦੀਆਂ ਭਵਿੱਖਬਾਣੀਆਂ ਸਾਨੂੰ ਉਮੀਦ ਦਿੰਦੀਆਂ ਹਨ ਕਿ ਯਿਸੂ ਦਾ ਰਾਜ ਭੁੱਖ ਮਿਟਾਵੇਗਾ, ਗ਼ਰੀਬਾਂ ਦੀ ਦੇਖ-ਭਾਲ ਕਰੇਗਾ, ਬੀਮਾਰਾਂ ਨੂੰ ਚੰਗਾ ਕਰੇਗਾ, ਅਤੇ ਮੁਰਦਿਆਂ ਨੂੰ ਜੀ ਉਠਾਏਗਾ।
ਤੁਸੀਂ ਯਕੀਨਨ ਜਾਣਨਾ ਚਾਹੋਗੇ ਕਿ ਇਸ ਤਰ੍ਹਾਂ ਦੀ ਸਰਕਾਰ ਉੱਤੇ ਕਿਸ ਤਰ੍ਹਾਂ ਦਾ ਸ਼ਖਸ ਰਾਜ ਕਰਦਾ ਹੈ। ਅਗਲੇ ਲੇਖ ਦੁਆਰਾ ਤੁਸੀਂ ਅਸਲੀ ਯਿਸੂ ਬਾਰੇ ਹੋਰ ਜਾਣ ਸਕਦੇ ਹੋ।
[ਫੁਟਨੋਟ]
a ਯਿਸੂ ਦੀ ਸ਼ਕਲ-ਸੂਰਤ ਬਾਰੇ 8 ਦਸੰਬਰ 1998 ਦੇ ਅੰਗ੍ਰੇਜ਼ੀ ਜਾਗਰੂਕ ਬਣੋ! ਰਸਾਲੇ ਵਿਚ “ਯਿਸੂ ਦੀ ਸ਼ਕਲ ਕਿਹੋ ਜਿਹੀ ਸੀ?” ਲੇਖ ਦੇਖੋ।