ਤੁਹਾਡੀ ਸੋਚ ʼਤੇ ਕਿਸ ਦਾ ਅਸਰ ਹੈ?
“ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ।”—ਰੋਮੀ. 12:2.
1, 2. (ੳ) ਜਦੋਂ ਪਤਰਸ ਨੇ ਯਿਸੂ ਨੂੰ ਆਪਣੇ ʼਤੇ ਤਰਸ ਖਾਣ ਲਈ ਕਿਹਾ, ਤਾਂ ਯਿਸੂ ਨੇ ਕੀ ਜਵਾਬ ਦਿੱਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।) (ਅ) ਯਿਸੂ ਨੇ ਇਹ ਜਵਾਬ ਕਿਉਂ ਦਿੱਤਾ?
ਯਿਸੂ ਦੇ ਚੇਲਿਆਂ ਨੂੰ ਬਹੁਤ ਹੈਰਾਨੀ ਹੋਈ। ਉਹ ਸੋਚਦੇ ਸਨ ਕਿ ਯਿਸੂ ਇਜ਼ਰਾਈਲ ਦਾ ਰਾਜ ਮੁੜ ਸਥਾਪਿਤ ਕਰੇਗਾ, ਪਰ ਯਿਸੂ ਨੇ ਕਿਹਾ ਕਿ ਜਲਦੀ ਹੀ ਉਸ ਨੂੰ ਅਤਿਆਚਾਰ ਸਹਿਣਾ ਪਵੇਗਾ ਅਤੇ ਮਰਨਾ ਪਵੇਗਾ। ਪਤਰਸ ਰਸੂਲ ਨੇ ਕਿਹਾ: “ਪ੍ਰਭੂ, ਆਪਣੇ ʼਤੇ ਤਰਸ ਖਾ, ਤੇਰੇ ਨਾਲ ਇੱਦਾਂ ਨਹੀਂ ਹੋਵੇਗਾ।” ਯਿਸੂ ਨੇ ਜਵਾਬ ਵਿਚ ਕਿਹਾ: “ਹੇ ਸ਼ੈਤਾਨ, ਪਰੇ ਹਟ! ਮੇਰੇ ਰਾਹ ਵਿਚ ਰੋੜਾ ਨਾ ਬਣ ਕਿਉਂਕਿ ਤੂੰ ਪਰਮੇਸ਼ੁਰ ਵਾਂਗ ਨਹੀਂ, ਸਗੋਂ ਇਨਸਾਨਾਂ ਵਾਂਗ ਸੋਚਦਾ ਹੈਂ।”—ਮੱਤੀ 16:21-23; ਰਸੂ. 1:6.
2 ਯਿਸੂ ਨੇ ਇਹ ਜਵਾਬ ਦੇ ਕੇ ਸਾਫ਼ ਕੀਤਾ ਕਿ ਯਹੋਵਾਹ ਦੀ ਸੋਚ ਅਤੇ ਸ਼ੈਤਾਨ ਦੇ ਅਸਰ ਹੇਠ ਦੁਨੀਆਂ ਦੀ ਸੋਚ ਵਿਚ ਫ਼ਰਕ ਹੈ। (1 ਯੂਹੰ. 5:19) ਪਤਰਸ ਨੇ ਯਿਸੂ ਨੂੰ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਵਾਂਗ ਸੁਆਰਥੀ ਬਣਨ ਦੀ ਹੱਲਾਸ਼ੇਰੀ ਦਿੱਤੀ। ਪਰ ਯਿਸੂ ਜਾਣਦਾ ਸੀ ਕਿ ਯਹੋਵਾਹ ਚਾਹੁੰਦਾ ਸੀ ਕਿ ਉਹ ਅਤਿਆਚਾਰ ਅਤੇ ਮੌਤ ਦਾ ਸਾਮ੍ਹਣਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰੇ ਜਿਸ ਦਾ ਉਸ ਨੇ ਬਹੁਤ ਜਲਦੀ ਸਾਮ੍ਹਣਾ ਕਰਨਾ ਸੀ। ਯਿਸੂ ਦੇ ਜਵਾਬ ਤੋਂ ਸਾਫ਼ ਪਤਾ ਲੱਗਾ ਕਿ ਉਸ ਨੇ ਯਹੋਵਾਹ ਦੀ ਸੋਚ ਨੂੰ ਅਪਣਾਇਆ ਸੀ ਅਤੇ ਦੁਨੀਆਂ ਦੀ ਸੋਚ ਨੂੰ ਪੂਰੀ ਤਰ੍ਹਾਂ ਠੁਕਰਾਇਆ ਸੀ।
3. ਯਹੋਵਾਹ ਵਾਂਗ ਸੋਚਣਾ ਔਖਾ ਕਿਉਂ ਹੈ, ਪਰ ਦੁਨੀਆਂ ਦੇ ਲੋਕਾਂ ਵਾਂਗ ਸੋਚਣਾ ਸੌਖਾ ਕਿਉਂ ਹੈ?
3 ਸਾਡੇ ਬਾਰੇ ਕੀ? ਕੀ ਅਸੀਂ ਯਹੋਵਾਹ ਵਾਂਗ ਸੋਚਦੇ ਹਾਂ ਜਾਂ ਦੁਨੀਆਂ ਵਾਂਗ? ਮਸੀਹੀ ਹੋਣ ਦੇ ਨਾਤੇ ਅਸੀਂ ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪਰ ਸਾਡੀ ਸੋਚ ਬਾਰੇ ਕੀ? ਕੀ ਅਸੀਂ ਯਹੋਵਾਹ ਵਰਗਾ ਨਜ਼ਰੀਆ ਅਤੇ ਸੋਚ ਅਪਣਾਉਣ ਲਈ ਮਿਹਨਤ ਕਰਦੇ ਹਾਂ? ਯਹੋਵਾਹ ਵਰਗਾ ਨਜ਼ਰੀਆ ਅਤੇ ਸੋਚ ਅਪਣਾਉਣ ਲਈ ਸਾਨੂੰ ਬਹੁਤ ਜਤਨ ਕਰਨ ਦੀ ਲੋੜ ਹੈ। ਪਰ ਦੁਨੀਆਂ ਦੇ ਲੋਕਾਂ ਦੀ ਸੋਚ ਅਪਣਾਉਣ ਲਈ ਬਿਲਕੁਲ ਵੀ ਜਤਨ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹਰ ਪਾਸੇ ਦੁਨੀਆਂ ਦੀ ਸੋਚ ਫੈਲੀ ਹੋਈ ਹੈ। (ਅਫ਼. 2:2) ਨਾਲੇ ਦੁਨੀਆਂ ਦੇ ਲੋਕ ਅਕਸਰ ਸਾਨੂੰ ਸੁਆਰਥੀ ਬਣਨ ਦੀ ਹੱਲਾਸ਼ੇਰੀ ਦਿੰਦੇ ਹਨ। ਇਸ ਲਈ ਸ਼ਾਇਦ ਅਸੀਂ ਉਨ੍ਹਾਂ ਦੀ ਗੱਲ ਸੁਣਨ ਲਈ ਭਰਮਾਏ ਜਾਈਏ। ਜੀ ਹਾਂ, ਯਹੋਵਾਹ ਵਾਂਗ ਸੋਚਣਾ ਬਹੁਤ ਔਖਾ ਹੈ, ਪਰ ਦੁਨੀਆਂ ਦੇ ਲੋਕਾਂ ਵਾਂਗ ਸੋਚਣਾ ਬਹੁਤ ਸੌਖਾ ਹੈ।
4. (ੳ) ਜੇ ਅਸੀਂ ਦੁਨੀਆਂ ਦੀ ਸੋਚ ਦਾ ਅਸਰ ਆਪਣੇ ʼਤੇ ਪੈਣ ਦੇਵਾਂਗੇ, ਤਾਂ ਕੀ ਹੋਵੇਗਾ? (ਅ) ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?
4 ਜੇ ਅਸੀਂ ਦੁਨੀਆਂ ਦੀ ਸੋਚ ਦਾ ਅਸਰ ਆਪਣੇ ʼਤੇ ਪੈਣ ਦੇਵਾਂਗੇ, ਤਾਂ ਅਸੀਂ ਵੀ ਉਨ੍ਹਾਂ ਵਾਂਗ ਸੁਆਰਥੀ ਬਣਾਂਗੇ ਅਤੇ ਆਪਣੇ ਲਈ ਸਹੀ-ਗ਼ਲਤ ਖ਼ੁਦ ਤੈਅ ਕਰਨਾ ਚਾਹਾਂਗੇ। (ਮਰ. 7:21, 22) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ “ਇਨਸਾਨਾਂ ਵਾਂਗ” ਨਹੀਂ, ਸਗੋਂ “ਪਰਮੇਸ਼ੁਰ ਵਾਂਗ” ਸੋਚਣਾ ਸਿੱਖੀਏ। ਇੱਦਾਂ ਕਰਨ ਵਿਚ ਇਹ ਲੇਖ ਸਾਡੀ ਮਦਦ ਕਰੇਗਾ। ਅਸੀਂ ਕੁਝ ਕਾਰਨਾਂ ʼਤੇ ਗੌਰ ਕਰਾਂਗੇ ਕਿ ਯਹੋਵਾਹ ਵਰਗਾ ਨਜ਼ਰੀਆ ਅਪਣਾਉਣਾ ਵਧੀਆ ਕਿਉਂ ਹੈ। ਅਸੀਂ ਸਿੱਖਾਂਗੇ ਕਿ ਇਸ ਤਰ੍ਹਾਂ ਕਰਨਾ ਬੰਦਸ਼ ਨਹੀਂ, ਸਗੋਂ ਸਾਡੇ ਫ਼ਾਇਦੇ ਲਈ ਹੈ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਦੁਨੀਆਂ ਦੀ ਸੋਚ ਤੋਂ ਕਿਵੇਂ ਬਚ ਸਕਦੇ ਹਾਂ। ਅਗਲੇ ਲੇਖ ਵਿਚ ਅਸੀਂ ਸਿੱਖਾਂਗੇ ਕਿ ਅਲੱਗ-ਅਲੱਗ ਮਾਮਲਿਆਂ ਬਾਰੇ ਅਸੀਂ ਯਹੋਵਾਹ ਦੀ ਸੋਚ ਨੂੰ ਕਿਵੇਂ ਜਾਣ ਸਕਦੇ ਹਾਂ ਅਤੇ ਇਸ ਨੂੰ ਕਿਵੇਂ ਅਪਣਾ ਸਕਦੇ ਹਾਂ।
ਯਹੋਵਾਹ ਦੀ ਫ਼ਾਇਦੇਮੰਦ ਸੋਚ
5. ਕੁਝ ਲੋਕ ਕਿਉਂ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸੋਚ ʼਤੇ ਕਿਸੇ ਦਾ ਵੀ ਅਸਰ ਪਵੇ?
5 ਕਈ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਸੋਚ ʼਤੇ ਕਿਸੇ ਦਾ ਵੀ ਅਸਰ ਪਵੇ। ਉਹ ਕਹਿੰਦੇ ਹਨ, “ਮੈਂ ਆਪਣੇ ਲਈ ਆਪ ਹੀ ਸੋਚਦਾ।” ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਹੈ ਕਿ ਉਹ ਖ਼ੁਦ ਆਪਣੇ ਲਈ ਫ਼ੈਸਲੇ ਕਰਦੇ ਹਨ ਅਤੇ ਉਨ੍ਹਾਂ ਕੋਲ ਫ਼ੈਸਲੇ ਕਰਨ ਦਾ ਹੱਕ ਹੈ। ਉਹ ਨਹੀਂ ਚਾਹੁੰਦੇ ਕਿ ਦੂਸਰੇ ਉਨ੍ਹਾਂ ਨੂੰ ਕੰਟ੍ਰੋਲ ਕਰਨ ਜਾਂ ਉਨ੍ਹਾਂ ʼਤੇ ਹੋਰ ਲੋਕਾਂ ਵਾਂਗ ਬਣਨ ਦਾ ਦਬਾਅ ਪਾਉਣ।a
6. (ੳ) ਯਹੋਵਾਹ ਸਾਨੂੰ ਕਿਹੋ ਜਿਹੀ ਆਜ਼ਾਦੀ ਦਿੰਦਾ ਹੈ? (ਅ) ਕੀ ਇਸ ਆਜ਼ਾਦੀ ਦੀ ਕੋਈ ਹੱਦ ਹੈ?
6 ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਹਰ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਸਾਡੀ ਆਪਣੀ ਕੋਈ ਰਾਇ ਨਹੀਂ ਹੋ ਸਕਦੀ। 2 ਕੁਰਿੰਥੀਆਂ 3:17 ਕਹਿੰਦਾ ਹੈ: “ਜਿਸ ਇਨਸਾਨ ਕੋਲ ਯਹੋਵਾਹ ਦੀ ਪਵਿੱਤਰ ਸ਼ਕਤੀ ਹੁੰਦੀ ਹੈ, ਉਹ ਆਜ਼ਾਦ ਹੁੰਦਾ ਹੈ।” ਯਹੋਵਾਹ ਸਾਨੂੰ ਉੱਦਾਂ ਦੇ ਇਨਸਾਨ ਬਣਨ ਦੀ ਆਜ਼ਾਦੀ ਦਿੰਦਾ ਹੈ ਜਿੱਦਾਂ ਦੇ ਅਸੀਂ ਬਣਨਾ ਚਾਹੁੰਦੇ ਹਾਂ। ਸਾਡੀ ਆਪਣੀ ਪਸੰਦ ਹੋ ਸਕਦੀ ਹੈ ਅਤੇ ਅਸੀਂ ਖ਼ੁਦ ਚੋਣ ਕਰ ਸਕਦੇ ਹਾਂ ਕਿ ਅਸੀਂ ਕਿਹੜੀਆਂ ਚੀਜ਼ਾਂ ਵਿਚ ਦਿਲਚਸਪੀ ਲੈਣੀ ਹੈ। ਯਹੋਵਾਹ ਨੇ ਸਾਨੂੰ ਬਣਾਇਆ ਹੀ ਇਸ ਤਰੀਕੇ ਨਾਲ ਹੈ। ਪਰ ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਹੈ ਕਿ ਸਾਡੀ ਆਜ਼ਾਦੀ ਦੀ ਕੋਈ ਹੱਦ ਨਹੀਂ ਹੈ। (1 ਪਤਰਸ 2:16 ਪੜ੍ਹੋ।) ਯਹੋਵਾਹ ਚਾਹੁੰਦਾ ਹੈ ਕਿ ਸਹੀ-ਗ਼ਲਤ ਦਾ ਫ਼ੈਸਲਾ ਕਰਦਿਆਂ ਅਸੀਂ ਉਸ ਦਾ ਬਚਨ ਵਰਤੀਏ। ਕੀ ਇਸ ਤਰ੍ਹਾਂ ਕਰਨਾ ਕੋਈ ਬੰਦਸ਼ ਹੈ ਜਾਂ ਫ਼ਾਇਦੇਮੰਦ?
7, 8. ਕੀ ਹਰ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣਾ ਕੋਈ ਬੰਦਸ਼ ਹੈ? ਮਿਸਾਲ ਦਿਓ।
7 ਅਸੀਂ ਇਸ ਨੂੰ ਇਕ ਮਿਸਾਲ ਨਾਲ ਸਮਝ ਸਕਦੇ ਹਾਂ। ਮਾਪੇ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਉਹ ਸ਼ਾਇਦ ਉਨ੍ਹਾਂ ਨੂੰ ਈਮਾਨਦਾਰ ਬਣਨਾ, ਮਿਹਨਤ ਕਰਨੀ ਅਤੇ ਦੂਜਿਆਂ ਦੀ ਪਰਵਾਹ ਕਰਨੀ ਸਿਖਾਉਣ। ਇਹ ਬੱਚਿਆਂ ਲਈ ਬੰਦਸ਼ ਨਹੀਂ ਹੈ, ਸਗੋਂ ਮਾਪੇ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਹੁੰਦੇ ਹਨ ਕਿ ਉਹ ਜ਼ਿੰਦਗੀ ਵਿਚ ਸਫ਼ਲ ਹੋਣ। ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਅਤੇ ਘਰੋਂ ਚਲੇ ਜਾਂਦੇ ਹਨ, ਤਾਂ ਉਹ ਆਪਣੀ ਮਰਜ਼ੀ ਨਾਲ ਫ਼ੈਸਲੇ ਕਰਨ ਲਈ ਆਜ਼ਾਦ ਹੁੰਦੇ ਹਨ। ਜੇ ਉਹ ਆਪਣੇ ਮਾਪਿਆਂ ਦੁਆਰਾ ਸਿਖਾਈਆਂ ਚੰਗੀਆਂ ਗੱਲਾਂ ਮੁਤਾਬਕ ਜ਼ਿੰਦਗੀ ਜੀਉਣ ਦਾ ਫ਼ੈਸਲਾ ਕਰਨਗੇ, ਤਾਂ ਉਹ ਜ਼ਿਆਦਾਤਰ ਫ਼ੈਸਲੇ ਵਧੀਆ ਕਰਨਗੇ ਜਿਨ੍ਹਾਂ ਦਾ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ ਹੋਵੇਗਾ। ਨਤੀਜੇ ਵਜੋਂ, ਉਹ ਬਹੁਤ ਸਾਰੀਆਂ ਮੁਸ਼ਕਲਾਂ ਤੇ ਚਿੰਤਾਵਾਂ ਤੋਂ ਬਚੇ ਰਹਿਣਗੇ।
8 ਇਕ ਚੰਗੇ ਪਿਤਾ ਵਾਂਗ ਯਹੋਵਾਹ ਵੀ ਚਾਹੁੰਦਾ ਹੈ ਕਿ ਉਸ ਦੇ ਬੱਚੇ ਖ਼ੁਸ਼ਹਾਲ ਜ਼ਿੰਦਗੀ ਜੀਉਣ। (ਯਸਾ. 48:17, 18) ਇਸ ਲਈ ਉਹ ਸਾਨੂੰ ਵਧੀਆ ਚਾਲ-ਚਲਣ ਅਤੇ ਦੂਜਿਆਂ ਨਾਲ ਪੇਸ਼ ਆਉਣ ਸੰਬੰਧੀ ਬੁਨਿਆਦੀ ਅਸੂਲ ਸਿਖਾਉਂਦਾ ਹੈ। ਉਹ ਸਾਨੂੰ ਸੱਦਾ ਦਿੰਦਾ ਹੈ ਕਿ ਅਸੀਂ ਹਰ ਮਾਮਲੇ ਨੂੰ ਉਸ ਦੇ ਨਜ਼ਰੀਏ ਤੋਂ ਦੇਖੀਏ ਅਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਏ। ਇਸ ਤਰ੍ਹਾਂ ਸਾਡੇ ʼਤੇ ਬੰਦਸ਼ਾਂ ਲਾਉਣ ਦੀ ਬਜਾਇ ਉਹ ਸਾਨੂੰ ਹਰ ਮਾਮਲੇ ʼਤੇ ਸਹੀ ਤਰੀਕੇ ਨਾਲ ਤਰਕ ਕਰਨਾ ਸਿਖਾਉਂਦਾ ਹੈ। (ਜ਼ਬੂ. 92:5; ਕਹਾ. 2:1-5; ਯਸਾ. 55:9) ਜੇ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਆਪਣੀ ਪਸੰਦ ਛੱਡੇ ਬਿਨਾਂ ਸਹੀ ਫ਼ੈਸਲੇ ਕਰ ਸਕਦੇ ਹਾਂ ਜਿਨ੍ਹਾਂ ਤੋਂ ਸਾਨੂੰ ਖ਼ੁਸ਼ੀ ਮਿਲੇਗੀ। (ਜ਼ਬੂ. 1:2, 3) ਯਹੋਵਾਹ ਵਰਗੀ ਸੋਚ ਰੱਖ ਕੇ ਸਾਨੂੰ ਕਈ ਤਰੀਕਿਆਂ ਨਾਲ ਫ਼ਾਇਦਾ ਹੁੰਦਾ ਹੈ।
ਯਹੋਵਾਹ ਦੀ ਉੱਤਮ ਸੋਚ
9, 10. ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸੋਚ ਦੁਨੀਆਂ ਨਾਲੋਂ ਉੱਤਮ ਹੈ?
9 ਇਕ ਹੋਰ ਕਾਰਨ ਹੈ ਜਿਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸੋਚ ਹੋਰ ਜ਼ਿਆਦਾ ਯਹੋਵਾਹ ਵਰਗੀ ਬਣੇ। ਉਹ ਇਹ ਹੈ ਕਿ ਪਰਮੇਸ਼ੁਰ ਦੀ ਸੋਚ ਦੁਨੀਆਂ ਦੀ ਸੋਚ ਨਾਲੋਂ ਉੱਤਮ ਹੈ। ਦੁਨੀਆਂ ਸਾਨੂੰ ਚਾਲ-ਚਲਣ, ਖ਼ੁਸ਼ਹਾਲ ਪਰਿਵਾਰ, ਸਫ਼ਲ ਕੈਰੀਅਰ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਬਾਰੇ ਸਲਾਹ ਦਿੰਦੀ ਹੈ। ਪਰ ਜ਼ਿਆਦਾਤਰ ਸਲਾਹ ਯਹੋਵਾਹ ਦੀ ਸੋਚ ਤੋਂ ਬਿਲਕੁਲ ਉਲਟ ਹੁੰਦੀ ਹੈ। ਮਿਸਾਲ ਲਈ, ਦੁਨੀਆਂ ਅਕਸਰ ਲੋਕਾਂ ਨੂੰ ਸਿਰਫ਼ ਆਪਣੇ ਫ਼ਾਇਦੇ ਬਾਰੇ ਸੋਚਣ ਦੀ ਹੱਲਾਸ਼ੇਰੀ ਦਿੰਦੀ ਹੈ। ਦੁਨੀਆਂ ਇਹ ਨਜ਼ਰੀਆ ਅਪਣਾਉਣ ਲਈ ਵੀ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ ਕਿ ਨਾਜਾਇਜ਼ ਸਰੀਰਕ ਸੰਬੰਧ ਬਣਾਉਣੇ ਗ਼ਲਤ ਨਹੀਂ ਹਨ। ਨਾਲੇ ਕਈ ਵਾਰ ਇਹ ਸਲਾਹ ਵੀ ਦਿੰਦੀ ਹੈ ਕਿ ਜੇ ਵਿਆਹੇ ਜੋੜਿਆਂ ਨੂੰ ਲੱਗਦਾ ਹੈ ਕਿ ਬਿਨਾਂ ਕਿਸੇ ਕਾਰਨ ਦੇ ਅਲੱਗ ਹੋ ਕੇ ਜਾਂ ਤਲਾਕ ਲੈ ਕੇ ਉਹ ਜ਼ਿਆਦਾ ਖ਼ੁਸ਼ ਰਹਿਣਗੇ, ਤਾਂ ਇੱਦਾਂ ਕਰਨ ਵਿਚ ਕੋਈ ਹਰਜ਼ ਨਹੀਂ ਹੈ। ਇਹ ਸਲਾਹ ਬਾਈਬਲ ਤੋਂ ਬਿਲਕੁਲ ਉਲਟ ਹੈ। ਪਰ ਕੀ ਅੱਜ ਦੁਨੀਆਂ ਦੀ ਸਲਾਹ ਬਾਈਬਲ ਦੀ ਸਲਾਹ ਨਾਲੋਂ ਜ਼ਿਆਦਾ ਫ਼ਾਇਦੇਮੰਦ ਹੈ?
10 ਯਿਸੂ ਨੇ ਕਿਹਾ: “ਇਨਸਾਨ ਦੇ ਨੇਕ ਕੰਮਾਂ ਤੋਂ ਹੀ ਸਾਬਤ ਹੁੰਦਾ ਹੈ ਕਿ ਉਹ ਬੁੱਧੀਮਾਨ ਹੈ।” (ਮੱਤੀ 11:19) ਚਾਹੇ ਅੱਜ ਤਕਨਾਲੋਜੀ ਵਿਚ ਬੜੀ ਤੇਜ਼ੀ ਨਾਲ ਵਾਧਾ ਹੋਇਆ ਹੈ, ਪਰ ਇਹ ਸਾਡੀ ਖ਼ੁਸ਼ੀ ਵਿਚ ਅੜਿੱਕਾ ਬਣਨ ਵਾਲੀਆਂ ਅਹਿਮ ਮੁਸ਼ਕਲਾਂ ਤੋਂ ਬਚਾਉਣ ਵਿਚ ਨਾਕਾਮ ਹੋਈ ਹੈ, ਜਿਵੇਂ ਯੁੱਧ, ਜਾਤੀਵਾਦ ਅਤੇ ਅਪਰਾਧ। ਇਸ ਦੇ ਨਾਲ-ਨਾਲ, ਦੁਨੀਆਂ ਦੀ ਸੋਚ ਹੈ ਕਿ ਨਾਜਾਇਜ਼ ਸਰੀਰਕ ਸੰਬੰਧ ਬਣਾਉਣੇ ਗ਼ਲਤ ਨਹੀਂ ਹਨ। ਪਰ ਬਹੁਤ ਸਾਰੇ ਲੋਕ ਇਹ ਵੀ ਮੰਨਦੇ ਹਨ ਕਿ ਨਾਜਾਇਜ਼ ਸਰੀਰਕ ਸੰਬੰਧ ਬਣਾਉਣ ਨਾਲ ਪਰਿਵਾਰ ਟੁੱਟਦੇ ਹਨ, ਸਿਹਤ ਸਮੱਸਿਆਵਾਂ ਹੁੰਦੀਆਂ ਹਨ ਅਤੇ ਹੋਰ ਕਈ ਬੁਰੇ ਨਤੀਜੇ ਨਿਕਲਦੇ ਹਨ। ਯਹੋਵਾਹ ਦੀ ਸਲਾਹ ਬਾਰੇ ਕੀ? ਯਹੋਵਾਹ ਦੀ ਸੋਚ ਅਪਣਾਉਣ ਵਾਲੇ ਮਸੀਹੀਆਂ ਦੇ ਪਰਿਵਾਰ ਜ਼ਿਆਦਾ ਖ਼ੁਸ਼ ਹਨ, ਉਹ ਜ਼ਿਆਦਾ ਸਿਹਤਮੰਦ ਹਨ ਅਤੇ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਲੋਕਾਂ ਦਾ ਆਪਸ ਵਿਚ ਸ਼ਾਂਤੀ ਭਰਿਆ ਰਿਸ਼ਤਾ ਹੈ। (ਯਸਾ. 2:4; ਰਸੂ. 10:34, 35; 1 ਕੁਰਿੰ. 6:9-11) ਇਸ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸੋਚ ਦੁਨੀਆਂ ਨਾਲੋਂ ਉੱਤਮ ਹੈ।
11. ਕਿਸ ਨੇ ਮੂਸਾ ਦੀ ਸੋਚ ʼਤੇ ਅਸਰ ਪਾਇਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
11 ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਸੇਵਕ ਜਾਣਦੇ ਸਨ ਕਿ ਯਹੋਵਾਹ ਦੀ ਸੋਚ ਹੀ ਉੱਤਮ ਹੈ। ਮਿਸਾਲ ਲਈ, ਚਾਹੇ “ਮੂਸਾ ਨੂੰ ਮਿਸਰੀਆਂ ਦਾ ਹਰ ਤਰ੍ਹਾਂ ਦਾ ਗਿਆਨ ਦਿੱਤਾ ਗਿਆ” ਸੀ, ਪਰ ਉਹ ਜਾਣਦਾ ਸੀ ਕਿ ਸੱਚੀ ਬੁੱਧ ਯਹੋਵਾਹ ਵੱਲੋਂ ਹੀ ਮਿਲਦੀ ਹੈ। (ਰਸੂ. 7:22; ਜ਼ਬੂ. 90:12) ਇਸ ਲਈ ਉਸ ਨੇ ਯਹੋਵਾਹ ਨੂੰ ਕਿਹਾ: “ਮੈਨੂੰ ਆਪਣਾ ਰਾਹ ਦੱਸ।” (ਕੂਚ 33:13) ਮੂਸਾ ਨੇ ਆਪਣੀ ਸੋਚ ʼਤੇ ਯਹੋਵਾਹ ਨੂੰ ਅਸਰ ਪਾਉਣ ਦਿੱਤਾ। ਇਸ ਲਈ ਯਹੋਵਾਹ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਉਸ ਨੂੰ ਅਨੋਖੇ ਤਰੀਕੇ ਨਾਲ ਵਰਤਿਆ ਅਤੇ ਉਸ ਨੂੰ ਨਿਹਚਾ ਵਿਚ ਤਕੜਾ ਕਹਿ ਕੇ ਸਨਮਾਨ ਦਿੱਤਾ।—ਇਬ. 11:24-27.
12. ਪੌਲੁਸ ਨੇ ਕਿਸ ਆਧਾਰ ʼਤੇ ਫ਼ੈਸਲੇ ਕੀਤੇ?
12 ਪੌਲੁਸ ਰਸੂਲ ਬਹੁਤ ਹੀ ਬੁੱਧੀਮਾਨ ਤੇ ਕਾਫ਼ੀ ਪੜ੍ਹਿਆ-ਲਿਖਿਆ ਸੀ ਅਤੇ ਉਹ ਘੱਟੋ-ਘੱਟ ਦੋ ਭਾਸ਼ਾਵਾਂ ਬੋਲ ਲੈਂਦਾ ਸੀ। (ਰਸੂ. 5:34; 21:37, 39; 22:2, 3) ਪਰ ਜਦੋਂ ਉਸ ਨੂੰ ਕਈ ਗੱਲਾਂ ਸੰਬੰਧੀ ਸਹੀ-ਗ਼ਲਤ ਬਾਰੇ ਫ਼ੈਸਲੇ ਕਰਨੇ ਪਏ, ਤਾਂ ਉਸ ਨੇ ਦੁਨੀਆਂ ਦੀ ਸੋਚ ਨੂੰ ਠੁਕਰਾ ਕੇ ਪਰਮੇਸ਼ੁਰ ਦੇ ਬਚਨ ਦੇ ਆਧਾਰ ʼਤੇ ਫ਼ੈਸਲੇ ਕੀਤੇ। (ਰਸੂਲਾਂ ਦੇ ਕੰਮ 17:2, 3; 1 ਕੁਰਿੰਥੀਆਂ 2:6, 7, 13 ਪੜ੍ਹੋ।) ਨਤੀਜੇ ਵਜੋਂ, ਉਸ ਨੂੰ ਪ੍ਰਚਾਰ ਵਿਚ ਕਾਫ਼ੀ ਸਫ਼ਲਤਾ ਮਿਲੀ ਅਤੇ ਉਸ ਨੇ ਹਮੇਸ਼ਾ ਵਾਸਤੇ ਮਿਲਣ ਵਾਲੇ ਇਨਾਮ ʼਤੇ ਉਮੀਦ ਲਾਈ ਰੱਖੀ।—2 ਤਿਮੋ. 4:8.
13. ਆਪਣੀ ਸੋਚ ਨੂੰ ਬਦਲਣ ਦੀ ਜ਼ਿੰਮੇਵਾਰੀ ਕਿਸ ਦੀ ਹੈ ਤਾਂਕਿ ਅਸੀਂ ਯਹੋਵਾਹ ਵਰਗਾ ਨਜ਼ਰੀਆ ਅਪਣਾ ਸਕੀਏ?
13 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਸੋਚ ਦੁਨੀਆਂ ਦੀ ਸੋਚ ਤੋਂ ਉੱਤਮ ਹੈ। ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲ ਕੇ ਅਸੀਂ ਸੱਚ-ਮੁੱਚ ਖ਼ੁਸ਼ ਰਹਾਂਗੇ ਅਤੇ ਸਾਨੂੰ ਸਫ਼ਲਤਾ ਮਿਲੇਗੀ। ਪਰ ਯਹੋਵਾਹ ਸਾਨੂੰ ਉਸ ਵਾਂਗ ਸੋਚਣ ਲਈ ਮਜਬੂਰ ਨਹੀਂ ਕਰਦਾ। ਨਾਲੇ ਨਾ ਤਾਂ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਅਤੇ ਨਾ ਹੀ ਮੰਡਲੀ ਦੇ ਬਜ਼ੁਰਗ ਇੱਦਾਂ ਕਰਦੇ ਹਨ। (ਮੱਤੀ 24:45; 2 ਕੁਰਿੰ. 1:24) ਸਾਡੇ ਵਿੱਚੋਂ ਹਰੇਕ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਸੋਚ ਬਦਲੀਏ ਤਾਂਕਿ ਅਸੀਂ ਯਹੋਵਾਹ ਵਰਗਾ ਨਜ਼ਰੀਆ ਅਪਣਾ ਸਕੀਏ। ਅਸੀਂ ਇਹ ਕਿਵੇਂ ਕਰ ਸਕਦੇ ਹਾਂ?
ਦੁਨੀਆਂ ਦੀ ਸੋਚ ਦਾ ਅਸਰ ਨਾ ਪੈਣ ਦਿਓ
14, 15. (ੳ) ਯਹੋਵਾਹ ਦੀ ਸੋਚ ਅਪਣਾਉਣ ਲਈ ਸਾਨੂੰ ਕਿਨ੍ਹਾਂ ਗੱਲਾਂ ʼਤੇ ਸੋਚ-ਵਿਚਾਰ ਕਰਨ ਦੀ ਲੋੜ ਹੈ? (ਅ) ਸਾਨੂੰ ਦੁਨੀਆਂ ਦੇ ਵਿਚਾਰਾਂ ਨੂੰ ਆਪਣੀ ਸੋਚ ʼਤੇ ਅਸਰ ਕਿਉਂ ਨਹੀਂ ਪਾਉਣ ਦੇਣਾ ਚਾਹੀਦਾ? ਮਿਸਾਲ ਦਿਓ।
14 ਰੋਮੀਆਂ 12:2 ਕਹਿੰਦਾ ਹੈ: “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ ਦਿਓ, ਸਗੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਆਪਣੀ ਸੋਚ ਨੂੰ ਬਦਲੋ, ਤਾਂਕਿ ਤੁਸੀਂ ਆਪ ਦੇਖ ਸਕੋ ਕਿ ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ ਕੀ ਹੈ।” ਇਸ ਆਇਤ ਤੋਂ ਅਸੀਂ ਸਿੱਖਦੇ ਹਾਂ ਕਿ ਚਾਹੇ ਸੱਚਾਈ ਸਿੱਖਣ ਤੋਂ ਪਹਿਲਾਂ ਸਾਡੀ ਸੋਚ ʼਤੇ ਜਿਸ ਦਾ ਮਰਜ਼ੀ ਅਸਰ ਪਿਆ ਹੋਵੇ, ਪਰ ਅਸੀਂ ਆਪਣੇ ਵਿਚਾਰ ਬਦਲ ਸਕਦੇ ਹਾਂ ਅਤੇ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪਰਮੇਸ਼ੁਰ ਵਰਗੇ ਬਣਾ ਸਕਦੇ ਹਾਂ। ਇਹ ਗੱਲ ਸੱਚ ਹੈ ਕਿ ਸਾਡੀ ਸੋਚ ʼਤੇ ਕੁਝ ਹੱਦ ਤਕ ਸਾਡੇ ਪਰਿਵਾਰ ਅਤੇ ਜ਼ਿੰਦਗੀ ਦੇ ਤਜਰਬੇ ਦਾ ਅਸਰ ਪੈਂਦਾ ਹੈ ਤੇ ਸਾਡੀ ਸੋਚ ਬਦਲਦੀ ਰਹਿੰਦੀ ਹੈ। ਅਸੀਂ ਜੋ ਸੋਚਦੇ ਹਾਂ, ਉਸ ਆਧਾਰ ʼਤੇ ਸਾਡੀ ਸੋਚ ਬਦਲਦੀ ਰਹਿੰਦੀ ਹੈ। ਜੇ ਅਸੀਂ ਯਹੋਵਾਹ ਦੀ ਸੋਚ ʼਤੇ ਸੋਚ-ਵਿਚਾਰ ਕਰਾਂਗੇ, ਤਾਂ ਸਾਨੂੰ ਯਕੀਨ ਹੋਵੇਗਾ ਕਿ ਉਸ ਦਾ ਨਜ਼ਰੀਆ ਹਮੇਸ਼ਾ ਸਹੀ ਹੁੰਦਾ ਹੈ। ਫਿਰ ਅਸੀਂ ਹਰ ਮਾਮਲੇ ਨੂੰ ਪਰਮੇਸ਼ੁਰ ਦੀ ਸੋਚ ਮੁਤਾਬਕ ਦੇਖਣਾ ਚਾਹਾਂਗੇ।
15 ਪਰ ਆਪਣੀ ਸੋਚ ਨੂੰ ਬਦਲਣ ਲਈ ਸਾਨੂੰ ਯਹੋਵਾਹ ਵਾਂਗ ਸੋਚਣ ਦੀ ਲੋੜ ਹੈ। ਇਸ ਲਈ ਸਾਨੂੰ “ਇਸ ਦੁਨੀਆਂ ਦੇ ਲੋਕਾਂ ਦੀ ਨਕਲ ਕਰਨੀ ਛੱਡ” ਦੇਣੀ ਚਾਹੀਦੀ। ਇਸ ਦਾ ਮਤਲਬ ਹੈ ਕਿ ਸਾਨੂੰ ਉਹ ਸਭ ਕੁਝ ਦੇਖਣਾ, ਪੜ੍ਹਨਾ ਤੇ ਸੁਣਨਾ ਨਹੀਂ ਚਾਹੀਦਾ ਜੋ ਯਹੋਵਾਹ ਦੀ ਸੋਚ ਦੇ ਖ਼ਿਲਾਫ਼ ਹੈ। ਇਸ ਗੱਲ ਦੀ ਅਹਿਮੀਅਤ ਸਮਝਣ ਲਈ ਖਾਣੇ ਦੀ ਮਿਸਾਲ ʼਤੇ ਗੌਰ ਕਰੋ। ਇਕ ਵਿਅਕਤੀ ਸਿਹਤਮੰਦ ਰਹਿਣਾ ਚਾਹੁੰਦਾ ਹੈ। ਇਸ ਲਈ ਉਹ ਪੌਸ਼ਟਿਕ ਖਾਣਾ ਖਾਣ ਦਾ ਫ਼ੈਸਲਾ ਕਰਦਾ ਹੈ। ਪਰ ਉਸ ਦੇ ਸਾਰੇ ਜਤਨ ਬੇਕਾਰ ਹੋ ਜਾਣਗੇ ਜੇ ਉਹ ਵਿਚ-ਵਿਚ ਖ਼ਰਾਬ ਹੋ ਚੁੱਕਾ ਖਾਣਾ ਵੀ ਖਾਂਦਾ ਹੈ। ਬਿਲਕੁਲ ਇਸੇ ਤਰ੍ਹਾਂ, ਜੇ ਅਸੀਂ ਦੁਨੀਆਂ ਦੀ ਸੋਚ ਨੂੰ ਆਪਣੇ ਮਨ ʼਤੇ ਅਸਰ ਪਾਉਣ ਦੇਵਾਂਗੇ, ਤਾਂ ਯਹੋਵਾਹ ਦੀ ਸੋਚ ਨੂੰ ਜਾਣਨ ਲਈ ਕੀਤੇ ਸਾਡੇ ਸਾਰੇ ਜਤਨ ਬੇਕਾਰ ਹੋ ਜਾਣਗੇ।
16. ਸਾਨੂੰ ਕਿਸ ਤੋਂ ਆਪਣੀ ਰਾਖੀ ਕਰਨੀ ਚਾਹੀਦੀ ਹੈ?
16 ਕੀ ਅਸੀਂ ਪੂਰੀ ਤਰ੍ਹਾਂ ਦੁਨੀਆਂ ਦੀ ਸੋਚ ਤੋਂ ਦੂਰ ਰਹਿ ਸਕਦੇ ਹਾਂ? ਨਹੀਂ, ਦੁਨੀਆਂ ਦੇ ਕੁਝ ਵਿਚਾਰਾਂ ਦਾ ਸਾਨੂੰ ਸਾਮ੍ਹਣਾ ਕਰਨਾ ਪਵੇਗਾ ਕਿਉਂਕਿ ਅਸੀਂ ਸੱਚ-ਮੁੱਚ ਦੁਨੀਆਂ ਨੂੰ ਛੱਡ ਕੇ ਕਿਤੇ ਹੋਰ ਤਾਂ ਨਹੀਂ ਜਾ ਸਕਦੇ। (1 ਕੁਰਿੰ. 5:9, 10) ਪ੍ਰਚਾਰ ਦੌਰਾਨ ਵੀ ਅਸੀਂ ਲੋਕਾਂ ਦੇ ਗ਼ਲਤ ਵਿਚਾਰ ਅਤੇ ਝੂਠੇ ਵਿਸ਼ਵਾਸ ਸੁਣਦੇ ਹਾਂ। ਚਾਹੇ ਅਸੀਂ ਦੁਨੀਆਂ ਦੇ ਗ਼ਲਤ ਵਿਚਾਰਾਂ ਤੋਂ ਪੂਰੀ ਤਰ੍ਹਾਂ ਦੂਰ ਨਹੀਂ ਹੋ ਸਕਦੇ, ਪਰ ਸਾਨੂੰ ਉਨ੍ਹਾਂ ਬਾਰੇ ਸੋਚਦੇ ਨਹੀਂ ਰਹਿਣਾ ਚਾਹੀਦਾ ਜਾਂ ਉਨ੍ਹਾਂ ਨੂੰ ਅਪਣਾਉਣਾ ਨਹੀਂ ਚਾਹੀਦਾ। ਸ਼ੈਤਾਨ ਚਾਹੁੰਦਾ ਹੈ ਕਿ ਅਸੀਂ ਆਪਣੇ ਮਨ ਵਿਚ ਗ਼ਲਤ ਵਿਚਾਰ ਲੈ ਕੇ ਆਈਏ, ਪਰ ਯਿਸੂ ਵਾਂਗ ਸਾਨੂੰ ਇਨ੍ਹਾਂ ਨੂੰ ਝੱਟ ਰੱਦ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਜਿੰਨਾ ਹੋ ਸਕੇ, ਅਸੀਂ ਦੁਨੀਆਂ ਦੀ ਸੋਚ ਤੋਂ ਦੂਰ ਰਹਿ ਕੇ ਆਪਣੀ ਰਾਖੀ ਕਰ ਸਕਦੇ ਹਾਂ।—ਕਹਾਉਤਾਂ 4:23 ਪੜ੍ਹੋ।
17. ਜਿੰਨਾ ਹੋ ਸਕੇ, ਅਸੀਂ ਦੁਨੀਆਂ ਦੀ ਸੋਚ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ?
17 ਮਿਸਾਲ ਲਈ, ਸਾਨੂੰ ਸੋਚ-ਸਮਝ ਕੇ ਦੋਸਤ ਬਣਾਉਣੇ ਚਾਹੀਦੇ ਹਨ। ਬਾਈਬਲ ਸਾਨੂੰ ਚੇਤਾਵਨੀ ਦਿੰਦੀ ਹੈ ਕਿ ਜੇ ਅਸੀਂ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਦੋਸਤੀ ਰੱਖਦੇ ਹਾਂ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ, ਤਾਂ ਅਸੀਂ ਉਨ੍ਹਾਂ ਵਾਂਗ ਸੋਚਣਾ ਸ਼ੁਰੂ ਕਰ ਦੇਵਾਂਗੇ। (ਕਹਾ. 13:20; 1 ਕੁਰਿੰ. 15:12, 32, 33) ਸਾਨੂੰ ਮਨੋਰੰਜਨ ਵੀ ਸੋਚ-ਸਮਝ ਕੇ ਚੁਣਨਾ ਚਾਹੀਦਾ ਹੈ। ਜਦੋਂ ਅਸੀਂ ਵਿਕਾਸਵਾਦ, ਹਿੰਸਾ ਜਾਂ ਅਨੈਤਿਕਤਾ ਫੈਲਾਉਣ ਵਾਲਾ ਮਨੋਰੰਜਨ ਨਹੀਂ ਕਰਦੇ, ਤਾਂ ਅਸੀਂ ਆਪਣੇ ਮਨ ਨੂੰ ਅਜਿਹੇ ਵਿਚਾਰਾਂ ਨਾਲ ਭ੍ਰਿਸ਼ਟ ਹੋਣ ਤੋਂ ਬਚਾਉਂਦੇ ਹਾਂ ਜੋ “ਪਰਮੇਸ਼ੁਰ ਦੇ ਗਿਆਨ ਦੇ ਖ਼ਿਲਾਫ਼” ਹੈ।—2 ਕੁਰਿੰ. 10:5.
18, 19. (ੳ) ਸਾਨੂੰ ਖ਼ਾਸ ਕਰਕੇ ਦੁਨੀਆਂ ਦੀ ਉਸ ਸੋਚ ਤੋਂ ਕਿਉਂ ਬਚਣਾ ਚਾਹੀਦਾ ਹੈ ਜੋ ਸਾਫ਼-ਸਾਫ਼ ਨਜ਼ਰ ਨਹੀਂ ਆਉਂਦੀ? (ਅ) ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਕਿਉਂ?
18 ਸਾਨੂੰ ਦੁਨੀਆਂ ਦੀ ਸੋਚ ਨੂੰ ਉਦੋਂ ਵੀ ਪਛਾਣਨਾ ਅਤੇ ਰੱਦ ਕਰਨਾ ਚਾਹੀਦਾ ਹੈ ਜਦੋਂ ਇਹ ਸੋਚ ਸਾਫ਼-ਸਾਫ਼ ਨਜ਼ਰ ਨਹੀਂ ਆਉਂਦੀ। ਮਿਸਾਲ ਲਈ, ਕੁਝ ਖ਼ਬਰਾਂ ਇਸ ਤਰ੍ਹਾਂ ਪੇਸ਼ ਕੀਤੀਆਂ ਜਾਂਦੀਆਂ ਹਨ ਕਿ ਜਿਨ੍ਹਾਂ ਵਿਚ ਕਿਸੇ ਇਕ ਰਾਜਨੀਤਿਕ ਪਾਰਟੀ ਦਾ ਪੱਖ ਲਿਆ ਜਾਂਦਾ ਹੈ। ਜਾਂ ਇਨ੍ਹਾਂ ਵਿਚ ਅਜਿਹੇ ਟੀਚੇ ਰੱਖਣ ਅਤੇ ਸਫ਼ਲਤਾ ਹਾਸਲ ਕਰਨ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਸ਼ਲਾਘਾ ਦੁਨੀਆਂ ਕਰਦੀ ਹੈ। ਕੁਝ ਫ਼ਿਲਮਾਂ ਅਤੇ ਕਿਤਾਬਾਂ “ਆਪਣੇ ਆਪ” ਨੂੰ ਤੇ “ਆਪਣੇ ਪਰਿਵਾਰ” ਨੂੰ ਪਹਿਲ ਦੇਣ ਲਈ ਪ੍ਰੇਰਿਤ ਕਰਦੀਆਂ ਹਨ। ਨਾਲੇ ਇਸ ਨੂੰ ਇਸ ਤਰੀਕੇ ਨਾਲ ਦਿਖਾਇਆ ਜਾਂਦਾ ਕਿ ਸਾਨੂੰ ਇਹ ਗੱਲਾਂ ਜਾਇਜ਼, ਸਹੀ ਅਤੇ ਸਾਡੇ ਦਿਲ ਨੂੰ ਚੰਗੀਆਂ ਲੱਗਦੀਆਂ ਹਨ। ਪਰ ਅਜਿਹੇ ਵਿਚਾਰ ਬਾਈਬਲ ਦੀ ਸੋਚ ਨੂੰ ਨਜ਼ਰਅੰਦਾਜ਼ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਜੇ ਅਸੀਂ ਯਹੋਵਾਹ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਾਂਗੇ, ਤਾਂ ਹੀ ਅਸੀਂ ਅਤੇ ਸਾਡਾ ਪਰਿਵਾਰ ਸੱਚ-ਮੁੱਚ ਖ਼ੁਸ਼ ਰਹਿ ਸਕਾਂਗੇ। (ਮੱਤੀ 22:36-39) ਨਾਲੇ ਕਿਤਾਬਾਂ, ਫ਼ਿਲਮਾਂ ਜਾਂ ਕਾਰਟੂਨਾਂ ਵਿਚ ਬੱਚਿਆਂ ਦੀਆਂ ਕੁਝ ਕਹਾਣੀਆਂ ਨੂੰ ਲੋਕ ਬੁਰਾ ਨਹੀਂ ਮੰਨਦੇ, ਪਰ ਉਨ੍ਹਾਂ ਵਿਚ ਛੁਪੀ ਅਨੈਤਿਕ ਸੋਚ ਦਾ ਅਸਰ ਬੱਚਿਆਂ ʼਤੇ ਪੈ ਸਕਦਾ ਹੈ।
19 ਇਸ ਦਾ ਮਤਲਬ ਇਹ ਨਹੀਂ ਹੈ ਕਿ ਵਧੀਆ ਮਨੋਰੰਜਨ ਕਰਨਾ ਗ਼ਲਤ ਹੈ। ਪਰ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਦੁਨੀਆਂ ਦੀ ਸੋਚ ਨੂੰ ਪਛਾਣਦਾ ਹਾਂ ਚਾਹੇ ਇਹ ਸਾਫ਼-ਸਾਫ਼ ਨਜ਼ਰ ਨਹੀਂ ਆਉਂਦੀ? ਕੀ ਮੈਂ ਆਪਣੀ ਤੇ ਆਪਣੇ ਪਰਿਵਾਰ ਦੀ ਰਾਖੀ ਕਰਨ ਲਈ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਕੁਝ ਟੀ. ਵੀ. ਪ੍ਰੋਗ੍ਰਾਮ ਦੇਖਣ ਅਤੇ ਕੋਈ ਜਾਣਕਾਰੀ ਪੜ੍ਹਨ ਤੋਂ ਰੋਕਦਾ ਹਾਂ? ਕੀ ਮੈਂ ਹਰ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਵਿਚ ਆਪਣੇ ਬੱਚਿਆਂ ਦੀ ਮਦਦ ਕਰਦਾ ਹਾਂ ਤਾਂਕਿ ਉਹ ਜੋ ਵੀ ਦੇਖਦੇ ਅਤੇ ਸੁਣਦੇ ਹਨ ਉਸ ਦਾ ਉਨ੍ਹਾਂ ʼਤੇ ਦੁਨੀਆਂ ਦੀ ਸੋਚ ਦਾ ਅਸਰ ਨਾ ਪਵੇ।’ ਜੇ ਅਸੀਂ ਯਹੋਵਾਹ ਦੀ ਸੋਚ ਅਤੇ ਦੁਨੀਆਂ ਦੀ ਸੋਚ ਵਿਚ ਫ਼ਰਕ ਪਛਾਣਦੇ ਹਾਂ, ਤਾਂ ਹੀ ਅਸੀਂ “ਇਸ ਦੁਨੀਆਂ ਦੇ ਲੋਕਾਂ ਦੀ ਨਕਲ” ਕਰਨ ਤੋਂ ਬਚ ਸਕਦੇ ਹਾਂ।
ਤੁਹਾਡੀ ਸੋਚ ʼਤੇ ਕੌਣ ਅਸਰ ਪਾ ਰਿਹਾ ਹੈ?
20. ਕਿਹੜੀ ਗੱਲ ਤੋਂ ਪਤਾ ਲੱਗੇਗਾ ਕਿ ਸਾਡੀ ਸੋਚ ʼਤੇ ਕਿਸ ਦਾ ਅਸਰ ਹੈ?
20 ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਾਣਕਾਰੀ ਲੈਣ ਦੇ ਸਿਰਫ਼ ਦੋ ਹੀ ਜ਼ਰੀਏ ਹਨ। ਇਕ ਜ਼ਰੀਆ ਹੈ, ਯਹੋਵਾਹ ਅਤੇ ਦੂਜਾ ਹੈ, ਸ਼ੈਤਾਨ ਦੀ ਦੁਨੀਆਂ। ਤੁਹਾਡੇ ʼਤੇ ਕਿਸ ਦੀ ਸੋਚ ਦਾ ਅਸਰ ਪੈਂਦਾ ਹੈ? ਇਸ ਦਾ ਜਵਾਬ ਹੈ ਕਿ ਤੁਸੀਂ ਕਿਸ ਤੋਂ ਜਾਣਕਾਰੀ ਲੈਂਦੇ ਹੋ। ਜੇ ਅਸੀਂ ਦੁਨੀਆਂ ਦੇ ਵਿਚਾਰ ਅਪਣਾਉਂਦੇ ਹਾਂ, ਤਾਂ ਦੁਨੀਆਂ ਸਾਡੀ ਸੋਚ ਬਦਲ ਦੇਵੇਗੀ ਅਤੇ ਅਸੀਂ ਵੀ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਵਾਂਗ ਸੋਚਣ ਤੇ ਕੰਮ ਕਰਨ ਲੱਗ ਪਵਾਂਗੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਧਿਆਨ ਰੱਖੀਏ ਕਿ ਅਸੀਂ ਕੀ ਦੇਖਦੇ, ਪੜ੍ਹਦੇ, ਸੁਣਦੇ ਅਤੇ ਸੋਚਦੇ ਹਾਂ।
21. ਅਗਲੇ ਲੇਖ ਵਿਚ ਅਸੀਂ ਕਿਸ ਗੱਲ ʼਤੇ ਚਰਚਾ ਕਰਾਂਗੇ?
21 ਇਸ ਲੇਖ ਵਿਚ ਅਸੀਂ ਸਿੱਖਿਆ ਹੈ ਕਿ ਹਰ ਮਾਮਲੇ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਣ ਲਈ ਸਾਨੂੰ ਬੁਰੇ ਅਸਰਾਂ ਤੋਂ ਬਚਣ ਤੋਂ ਇਲਾਵਾ ਵੀ ਕੁਝ ਕਰਨਾ ਚਾਹੀਦਾ ਹੈ। ਨਾਲੇ ਹੋਰ ਜ਼ਿਆਦਾ ਪਰਮੇਸ਼ੁਰ ਵਰਗਾ ਨਜ਼ਰੀਆ ਅਪਣਾਉਣ ਲਈ ਸਾਨੂੰ ਪਰਮੇਸ਼ੁਰ ਦੇ ਵਿਚਾਰਾਂ ʼਤੇ ਵੀ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹਾਂ।
a ਸੱਚਾਈ ਤਾਂ ਇਹ ਹੈ ਕਿ ਇੱਦਾਂ ਦੀ ਸੋਚ ਰੱਖਣ ਵਾਲਿਆਂ ʼਤੇ ਵੀ ਦੂਜਿਆਂ ਦੀ ਸੋਚ ਦਾ ਅਸਰ ਪੈਂਦਾ ਹੈ। ਚਾਹੇ ਅਸੀਂ ਡੂੰਘੀਆਂ ਗੱਲਾਂ ਬਾਰੇ ਸੋਚਦੇ ਹਾਂ ਜਾਂ ਆਮ ਗੱਲਾਂ ਬਾਰੇ, ਜਿਵੇਂ ਕਿ ਜ਼ਿੰਦਗੀ ਕਿਵੇਂ ਸ਼ੁਰੂ ਹੋਈ ਜਾਂ ਅਸੀਂ ਕੀ ਪਹਿਨਾਂਗੇ। ਸਾਰੀਆਂ ਗੱਲਾਂ ਵਿਚ ਸਾਡੀ ਸੋਚ ʼਤੇ ਦੂਜਿਆਂ ਦਾ ਥੋੜ੍ਹਾ-ਬਹੁਤਾ ਅਸਰ ਪੈਂਦਾ ਹੈ। ਪਰ ਅਸੀਂ ਚੋਣ ਕਰ ਸਕਦੇ ਹਾਂ ਕਿ ਅਸੀਂ ਆਪਣੀ ਸੋਚ ʼਤੇ ਕਿਸ ਦਾ ਅਸਰ ਪੈਣ ਦੇਵਾਂਗੇ।