ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ
“ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ।”—2 ਪਤਰਸ 1:19.
1, 2. ਤੁਸੀਂ ਝੂਠੇ ਮਸੀਹਿਆਂ ਦੀ ਕਿਹੜੀ ਇਕ ਉਦਾਹਰਣ ਦੇ ਸਕਦੇ ਹੋ?
ਸਦੀਆਂ ਤੋਂ ਝੂਠੇ ਮਸੀਹਿਆਂ ਨੇ ਭਵਿੱਖ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਪੰਜਵੀਂ ਸਦੀ ਸਾ.ਯੁ. ਵਿਚ ਮੂਸਾ ਨਾਂ ਦੇ ਇਕ ਆਦਮੀ ਨੇ ਕ੍ਰੀਟ ਟਾਪੂ ਉੱਤੇ ਯਹੂਦੀਆਂ ਨੂੰ ਇਹ ਯਕੀਨ ਦਿਲਾਇਆ ਕਿ ਉਹੀ ਮਸੀਹਾ ਸੀ ਅਤੇ ਉਹ ਉਨ੍ਹਾਂ ਨੂੰ ਅਤਿਆਚਾਰ ਤੋਂ ਮੁਕਤ ਕਰਾਏਗਾ। ਜਿਸ ਦਿਨ ਉਨ੍ਹਾਂ ਦੀ ਮੁਕਤੀ ਹੋਣੀ ਸੀ, ਉਸ ਦਿਨ ਉਹ ਉਸ ਦੇ ਪਿੱਛੇ-ਪਿੱਛੇ ਭੂ-ਮੱਧ ਸਾਗਰ ਦੇ ਕਿਨਾਰੇ ਤੇ ਇਕ ਪਹਾੜੀ ਤੇ ਚੜ੍ਹ ਗਏ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਹ ਸਮੁੰਦਰ ਵਿਚ ਛਾਲ ਮਾਰ ਦੇਣ, ਤਾਂ ਸਮੁੰਦਰ ਆਪਣੇ ਆਪ ਉਨ੍ਹਾਂ ਲਈ ਦੋ ਹਿੱਸਿਆਂ ਵਿਚ ਵੰਡਿਆ ਜਾਵੇਗਾ। ਬਹੁਤ ਸਾਰੇ ਯਹੂਦੀ ਜਿਨ੍ਹਾਂ ਨੇ ਪਾਣੀ ਵਿਚ ਛਾਲ ਮਾਰੀ ਸੀ, ਡੁੱਬ ਗਏ। ਅਤੇ ਉਹ ਝੂਠਾ ਮਸੀਹਾ ਫ਼ਰਾਰ ਹੋ ਗਿਆ।
2 ਬਾਰਵ੍ਹੀਂ ਸਦੀ ਵਿਚ ਇਕ ਹੋਰ “ਮਸੀਹਾ” ਯਮਨ ਵਿਚ ਪ੍ਰਗਟ ਹੋਇਆ। ਖ਼ਲੀਫ਼ਾ ਜਾਂ ਹਾਕਮ ਨੇ ਉਸ ਕੋਲੋਂ ਉਸ ਦੇ ਮਸੀਹਾ ਹੋਣ ਦਾ ਸਬੂਤ ਮੰਗਿਆ। ਇਸ “ਮਸੀਹਾ” ਨੇ ਇਹ ਸੁਝਾਅ ਦਿੱਤਾ ਕਿ ਖ਼ਲੀਫ਼ਾ ਉਸ ਦਾ ਸਿਰ ਕਲਮ ਕਰਵਾ ਦੇਵੇ। ਉਸ ਨੇ ਭਵਿੱਖਬਾਣੀ ਕੀਤੀ ਕਿ ਉਸ ਦੀ ਮੌਤ ਤੋਂ ਇਕ ਦਮ ਬਾਅਦ ਉਸ ਦਾ ਪੁਨਰ-ਉਥਾਨ ਹੀ ਉਸ ਦੇ ਮਸੀਹਾ ਹੋਣ ਦਾ ਸਬੂਤ ਹੋਵੇਗਾ। ਖ਼ਲੀਫ਼ਾ ਨੇ ਉਸ ਦਾ ਸਿਰ ਕਲਮ ਕਰਵਾ ਦਿੱਤਾ ਅਤੇ ਇਸ ਦੇ ਨਾਲ ਹੀ ਇਸ “ਮਸੀਹਾ” ਦਾ ਅੰਤ ਹੋ ਗਿਆ।
3. ਸੱਚਾ ਮਸੀਹਾ ਕੌਣ ਹੈ ਅਤੇ ਉਸ ਦੀ ਸੇਵਕਾਈ ਨੇ ਕੀ ਸਾਬਤ ਕੀਤਾ?
3 ਝੂਠੇ ਮਸੀਹੇ ਅਤੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਪੂਰੀ ਤਰ੍ਹਾਂ ਝੂਠੀਆਂ ਸਾਬਤ ਹੋਈਆਂ ਹਨ। ਪਰ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦੇਣ ਨਾਲ ਕਦੀ ਵੀ ਨਿਰਾਸ਼ਾ ਨਹੀਂ ਹੁੰਦੀ। ਸੱਚੇ ਮਸੀਹਾ, ਯਿਸੂ ਮਸੀਹ ਦੁਆਰਾ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਸਨ। ਉਦਾਹਰਣ ਲਈ ਯਸਾਯਾਹ ਦੀ ਭਵਿੱਖਬਾਣੀ ਦਾ ਹਵਾਲਾ ਦਿੰਦੇ ਹੋਏ ਇੰਜੀਲ ਦੇ ਲਿਖਾਰੀ ਮੱਤੀ ਨੇ ਲਿਖਿਆ: “ਜ਼ਬੂਲੁਨ ਦੀ ਧਰਤੀ ਅਤੇ ਨਫ਼ਥਾਲੀ ਦੀ ਧਰਤੀ, ਸਮੁੰਦਰ ਦੀ ਰਾਹ ਯਰਦਨੋਂ ਪਾਰ, ਪਰਾਈਆਂ ਕੌਮਾਂ ਦੀ ਗਲੀਲ—ਜਿਹੜੇ ਲੋਕ ਅਨ੍ਹੇਰੇ ਵਿੱਚ ਬੈਠੇ ਹੋਏ ਸਨ, ਉਨ੍ਹਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਦੇਸ ਅਤੇ ਛਾਇਆ ਵਿੱਚ ਬੈਠੇ ਹੋਏ ਸਨ, ਉਨ੍ਹਾਂ ਲਈ ਚਾਨਣ ਪਰਕਾਸ਼ ਹੋਇਆ। ਉਸੇ ਵੇਲਿਓਂ ਯਿਸੂ ਪਰਚਾਰ ਕਰਨ ਅਤੇ ਕਹਿਣ ਲੱਗਾ ਭਈ ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:15-17; ਯਸਾਯਾਹ 9:1, 2) ਯਿਸੂ ਹੀ ਉਹ “ਵੱਡਾ ਚਾਨਣ” ਸੀ ਅਤੇ ਉਸ ਦੀ ਸੇਵਕਾਈ ਨੇ ਸਾਬਤ ਕੀਤਾ ਕਿ ਉਹ ਉਹੀ ਨਬੀ ਸੀ ਜਿਸ ਬਾਰੇ ਮੂਸਾ ਨੇ ਭਵਿੱਖਬਾਣੀ ਕੀਤੀ ਸੀ। ਜਿਹੜੇ ਯਿਸੂ ਦੀ ਗੱਲ ਨਹੀਂ ਸੁਣਨਗੇ, ਉਨ੍ਹਾਂ ਨੂੰ ਨਾਸ਼ ਕੀਤਾ ਜਾਵੇਗਾ।—ਬਿਵਸਥਾ ਸਾਰ 18:18, 19; ਰਸੂਲਾਂ ਦੇ ਕਰਤੱਬ 3:22, 23.
4. ਯਿਸੂ ਨੇ ਯਸਾਯਾਹ 53:12 ਦੇ ਸ਼ਬਦ ਕਿਵੇਂ ਪੂਰੇ ਕੀਤੇ?
4 ਯਿਸੂ ਨੇ ਯਸਾਯਾਹ 53:12 ਦਾ ਅਗੰਮ ਵਾਕ ਵੀ ਪੂਰਾ ਕੀਤਾ: “ਓਸ ਆਪਣੀ ਜਾਨ ਮੌਤ ਲਈ ਡੋਹਲ ਦਿੱਤੀ, ਅਤੇ ਅਪਰਾਧੀਆਂ ਨਾਲ ਗਿਣਿਆ ਗਿਆ, ਓਸ ਬਹੁਤਿਆਂ ਦੇ ਪਾਪ ਚੁੱਕੇ, ਅਤੇ ਅਪਰਾਧੀਆਂ ਦੀ ਸਫ਼ਾਰਸ਼ ਕੀਤੀ।” ਯਿਸੂ ਜਾਣਦਾ ਸੀ ਕਿ ਜਲਦੀ ਹੀ ਉਹ ਆਪਣੀ ਇਨਸਾਨੀ ਜ਼ਿੰਦਗੀ ਰਿਹਾਈ-ਕੀਮਤ ਵਜੋਂ ਦੇਵੇਗਾ, ਇਸ ਲਈ ਉਸ ਨੇ ਆਪਣੇ ਚੇਲਿਆਂ ਦੀ ਨਿਹਚਾ ਮਜ਼ਬੂਤ ਕੀਤੀ। (ਮਰਕੁਸ 10:45) ਉਸ ਨੇ ਆਪਣੇ ਰੂਪਾਂਤਰਣ ਦੇ ਜ਼ਰੀਏ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਉਨ੍ਹਾਂ ਦੀ ਨਿਹਚਾ ਨੂੰ ਮਜ਼ਬੂਤ ਕੀਤਾ।
ਰੂਪਾਂਤਰਣ ਦੁਆਰਾ ਨਿਹਚਾ ਮਜ਼ਬੂਤ ਹੁੰਦੀ ਹੈ
5. ਆਪਣੇ ਸ਼ਬਦਾਂ ਵਿਚ ਰੂਪਾਂਤਰਣ ਦਾ ਵਰਣਨ ਕਰੋ।
5 ਰੂਪਾਂਤਰਣ ਇਕ ਭਵਿੱਖ-ਸੂਚਕ ਘਟਨਾ ਸੀ। ਯਿਸੂ ਨੇ ਕਿਹਾ: “ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ . . ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।” (ਮੱਤੀ 16:27, 28) ਕੀ ਕੁਝ ਰਸੂਲਾਂ ਨੇ ਸੱਚੀ-ਮੁੱਚੀ ਯਿਸੂ ਨੂੰ ਆਪਣੇ ਰਾਜ ਵਿਚ ਆਉਂਦੇ ਦੇਖਿਆ ਸੀ? ਮੱਤੀ 17:1-7 ਵਿਚ ਲਿਖਿਆ ਹੈ: “ਛਿਆਂ ਦਿਨਾਂ ਪਿੱਛੋਂ ਯਿਸੂ ਪਤਰਸ ਅਤੇ ਯਾਕੂਬ ਅਤੇ ਉਹ ਦੇ ਭਾਈ ਯੂਹੰਨਾ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਵੱਖਰਾ ਲੈ ਗਿਆ। ਅਤੇ ਉਹ ਦਾ ਰੂਪ ਉਨ੍ਹਾਂ ਦੇ ਸਾਹਮਣੇ ਬਦਲ ਗਿਆ।” ਕਿੰਨੀ ਸ਼ਾਨਦਾਰ ਘਟਨਾ! “ਉਹ ਦਾ ਮੂੰਹ ਸੂਰਜ ਵਾਂਗੂ ਚਮਕਿਆ ਅਤੇ ਉਹ ਦੇ ਕੱਪੜੇ ਚਾਨਣ ਜੇਹੇ ਚਿੱਟੇ ਹੋ ਗਏ। ਅਰ ਵੇਖੋ ਜੋ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਉਨ੍ਹਾਂ ਨੂੰ ਵਿਖਾਲੀ ਦਿੱਤੇ।” ਅਤੇ, “ਇੱਕ ਜੋਤਮਾਨ ਬੱਦਲ ਨੇ ਉਨ੍ਹਾਂ ਉੱਤੇ ਛਾਉਂ ਕੀਤੀ” ਅਤੇ ਉਨ੍ਹਾਂ ਨੇ ਪਰਮੇਸ਼ੁਰ ਦੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ। ਅਤੇ ਚੇਲੇ ਇਹ ਸੁਣ ਕੇ ਮੂੰਧੇ ਮੂੰਹ ਡਿੱਗ ਪਏ ਅਤੇ ਬਹੁਤ ਡਰੇ। ਪਰ ਯਿਸੂ ਨੇ ਨੇੜੇ ਆਣ ਕੇ ਉਨ੍ਹਾਂ ਨੂੰ ਛੋਹਿਆ ਅਤੇ ਕਿਹਾ, ਉੱਠੋ ਅਤੇ ਨਾ ਡਰੋ।”
6. (ੳ) ਯਿਸੂ ਨੇ ਰੂਪਾਂਤਰਣ ਨੂੰ ਦਰਸ਼ਣ ਕਿਉਂ ਕਿਹਾ? (ਅ) ਰੂਪਾਂਤਰਣ ਨੇ ਕਿਸ ਚੀਜ਼ ਦੀ ਪੂਰਵ-ਝਲਕ ਦਿੱਤੀ?
6 ਇਹ ਹੈਰਾਨੀਜਨਕ ਘਟਨਾ ਸ਼ਾਇਦ ਹਰਮੋਨ ਪਹਾੜ ਦੀ ਇਕ ਟੀਸੀ ਉੱਤੇ ਵਾਪਰੀ ਸੀ ਜਿੱਥੇ ਯਿਸੂ ਅਤੇ ਉਸ ਦੇ ਤਿੰਨ ਚੇਲਿਆਂ ਨੇ ਰਾਤ ਬਿਤਾਈ ਸੀ। ਯਕੀਨਨ ਇਹ ਰੂਪਾਂਤਰਣ ਰਾਤ ਨੂੰ ਹੋਇਆ ਹੋਵੇਗਾ ਜਿਸ ਕਰਕੇ ਇਹ ਹੋਰ ਵੀ ਸਪੱਸ਼ਟ ਦਿਖਾਈ ਦਿੱਤਾ। ਯਿਸੂ ਨੇ ਰੂਪਾਂਤਰਣ ਨੂੰ ਇਸ ਲਈ “ਦਰਸ਼ਣ” ਕਿਹਾ ਕਿਉਂਕਿ ਮੂਸਾ ਅਤੇ ਏਲੀਯਾਹ ਜੋ ਬਹੁਤ ਪਹਿਲਾਂ ਮਰ ਚੁੱਕੇ ਸਨ, ਸੱਚੀ-ਮੁੱਚੀ ਉੱਥੇ ਮੌਜੂਦ ਨਹੀਂ ਸਨ। ਅਸਲ ਵਿਚ ਸਿਰਫ਼ ਮਸੀਹ ਹੀ ਉੱਥੇ ਮੌਜੂਦ ਸੀ। (ਮੱਤੀ 17:8, 9) ਇਸ ਹੈਰਾਨੀਜਨਕ ਰੂਪਾਂਤਰਣ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਰਾਜ-ਸੱਤਾ ਵਿਚ ਯਿਸੂ ਦੀ ਮਹਿਮਾਵਾਨ ਮੌਜੂਦਗੀ ਦੀ ਇਕ ਸ਼ਾਨਦਾਰ ਪੂਰਵ-ਝਲਕ ਦਿੱਤੀ। ਮੂਸਾ ਅਤੇ ਏਲੀਯਾਹ ਨੇ ਯਿਸੂ ਦੇ ਮਸਹ ਕੀਤੇ ਹੋਏ ਸੰਗੀ ਵਾਰਸਾਂ ਨੂੰ ਦਰਸਾਇਆ। ਇਸ ਦਰਸ਼ਣ ਨੇ ਯਿਸੂ ਦੁਆਰਾ ਆਪਣੇ ਰਾਜ ਅਤੇ ਭਾਵੀ ਸ਼ਾਸਨ ਬਾਰੇ ਦਿੱਤੀ ਗਵਾਹੀ ਦੀ ਪ੍ਰਭਾਵਸ਼ਾਲੀ ਤਰੀਕੇ ਨਾਲ ਪੁਸ਼ਟੀ ਕੀਤੀ।
7. ਅਸੀਂ ਕਿਵੇਂ ਜਾਣਦੇ ਹਾਂ ਕਿ ਪਤਰਸ ਨੂੰ ਇਹ ਰੂਪਾਂਤਰਣ ਚੰਗੀ ਤਰ੍ਹਾਂ ਯਾਦ ਸੀ?
7 ਇਸ ਰੂਪਾਂਤਰਣ ਨੇ ਇਨ੍ਹਾਂ ਤਿੰਨਾਂ ਰਸੂਲਾਂ ਦੀ ਨਿਹਚਾ ਮਜ਼ਬੂਤ ਕੀਤੀ ਜਿਨ੍ਹਾਂ ਨੇ ਮਸੀਹੀ ਕਲੀਸਿਯਾ ਵਿਚ ਮੁੱਖ ਭੂਮਿਕਾ ਨਿਭਾਉਣੀ ਸੀ। ਯਿਸੂ ਦਾ ਚਮਕ ਰਿਹਾ ਚਿਹਰਾ, ਚਾਨਣ ਵਾਂਗ ਚਮਕ ਰਹੇ ਉਸ ਦੇ ਚਿੱਟੇ ਕੱਪੜੇ ਅਤੇ ਪਰਮੇਸ਼ੁਰ ਦੀ ਆਪਣੀ ਆਵਾਜ਼ ਜੋ ਕਹਿ ਰਹੀ ਸੀ ਕਿ ਯਿਸੂ ਉਸ ਦਾ ਪਿਆਰਾ ਪੁੱਤਰ ਸੀ, ਜਿਸ ਦੀ ਉਨ੍ਹਾਂ ਨੂੰ ਸੁਣਨੀ ਚਾਹੀਦੀ ਸੀ—ਇਨ੍ਹਾਂ ਨੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਪਣਾ ਉਦੇਸ਼ ਪੂਰਾ ਕੀਤਾ। ਪਰ ਰਸੂਲਾਂ ਨੇ ਯਿਸੂ ਦੇ ਜੀ ਉੱਠਣ ਤਕ ਇਸ ਦਰਸ਼ਣ ਬਾਰੇ ਕਿਸੇ ਨੂੰ ਨਹੀਂ ਦੱਸਣਾ ਸੀ। ਕੁਝ 32 ਸਾਲਾਂ ਬਾਅਦ ਵੀ ਪਤਰਸ ਨੂੰ ਇਹ ਦਰਸ਼ਣ ਚੰਗੀ ਤਰ੍ਹਾਂ ਯਾਦ ਸੀ। ਇਸ ਦਰਸ਼ਣ ਦਾ ਤੇ ਇਸ ਦੀ ਮਹੱਤਤਾ ਦਾ ਜ਼ਿਕਰ ਕਰਦੇ ਹੋਏ ਉਸ ਨੇ ਲਿਖਿਆ: “ਕਿਉਂ ਜੋ ਅਸਾਂ ਤੁਹਾਨੂੰ ਆਪਣੇ ਪ੍ਰਭੁ ਯਿਸੂ ਮਸੀਹ ਦੀ ਸਮਰੱਥਾ ਅਤੇ ਆਉਣ ਤੋਂ ਮਹਿਰਮ ਜੋ ਕੀਤਾ ਤਾਂ ਚਤਰਾਈ ਦੀਆਂ ਬਣਾਉਟੀ ਕਹਾਣੀਆਂ ਦੇ ਮਗਰ ਲੱਗ ਕੇ ਨਹੀਂ ਸਗੋਂ ਉਹ ਦੀ ਮਹਾਨਤਾ ਨੂੰ ਆਪਣੀ ਅੱਖੀਂ ਵੇਖ ਕੇ ਕੀਤਾ। ਕਿਉਂ ਜੋ ਉਹ ਨੂੰ ਪਿਤਾ ਪਰਮੇਸ਼ੁਰ ਕੋਲੋਂ ਆਦਰ ਅਤੇ ਵਡਿਆਈ ਮਿਲੀ ਸੀ ਜਿਸ ਵੇਲੇ ਓਸ ਡਾਢੇ ਭੜਕ ਵਾਲੇ ਤੇਜ ਤੋਂ ਉਹ ਨੂੰ ਇਹ ਸ਼ਬਦ ਆਇਆ ਭਈ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸੰਨ ਹਾਂ। ਅਤੇ ਇਹ ਸ਼ਬਦ ਅਸਾਂ ਜਿਸ ਵੇਲੇ ਪਵਿੱਤਰ ਪਹਾੜ ਉੱਤੇ ਉਹ ਦੇ ਨਾਲ ਸਾਂ ਤਾਂ ਅਕਾਸ਼ੋਂ ਆਉਂਦਾ ਸੁਣਿਆ।”—2 ਪਤਰਸ 1:16-18.
8. (ੳ) ਆਪਣੇ ਪੁੱਤਰ ਬਾਰੇ ਪਰਮੇਸ਼ੁਰ ਦੀ ਘੋਸ਼ਣਾ ਕਿਸ ਵੱਲ ਧਿਆਨ ਕੇਂਦ੍ਰਿਤ ਕਰਦੀ ਹੈ? (ਅ) ਰੂਪਾਂਤਰਣ ਵਿਚ ਦਿਸੇ ਬੱਦਲ ਨੇ ਕਿਸ ਗੱਲ ਵੱਲ ਇਸ਼ਾਰਾ ਕੀਤਾ?
8 ਪਰਮੇਸ਼ੁਰ ਦਾ ਇਹ ਐਲਾਨ ਬਹੁਤ ਮਹੱਤਵਪੂਰਣ ਸੀ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ। ਉਹ ਦੀ ਸੁਣੋ।” ਇਹ ਘੋਸ਼ਣਾ ਪਰਮੇਸ਼ੁਰ ਵੱਲੋਂ ਸਿੰਘਾਸਣ ਉੱਤੇ ਬਿਠਾਏ ਗਏ ਰਾਜੇ ਵਜੋਂ ਯਿਸੂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿਸ ਪ੍ਰਤੀ ਸਾਰੀ ਸ੍ਰਿਸ਼ਟੀ ਨੇ ਪੂਰੀ ਆਗਿਆਕਾਰਤਾ ਦਿਖਾਉਣੀ ਹੈ। ਉਨ੍ਹਾਂ ਉੱਤੇ ਬੱਦਲ ਛਾ ਜਾਣ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸ ਦਰਸ਼ਣ ਦੀ ਪੂਰਤੀ ਅਦਿੱਖ ਹੋਵੇਗੀ। ਉਹੀ ਲੋਕ ਆਪਣੀਆਂ ਸਮਝ ਦੀਆਂ ਅੱਖਾਂ ਨਾਲ ਇਸ ਨੂੰ ਦੇਖ ਸਕਣਗੇ ਜੋ ਰਾਜ-ਸੱਤਾ ਵਿਚ ਯਿਸੂ ਦੀ ਅਦਿੱਖ ਮੌਜੂਦਗੀ ਦੇ “ਲੱਛਣ” ਨੂੰ ਪਛਾਣਦੇ ਹਨ। (ਮੱਤੀ 24:3) ਅਸਲ ਵਿਚ ਯਿਸੂ ਦਾ ਇਹ ਹੁਕਮ ਕਿ ਇਸ ਦਰਸ਼ਣ ਬਾਰੇ ਕਿਸੇ ਨੂੰ ਤਦ ਤਕ ਨਾ ਦੱਸਿਆ ਜਾਵੇ ਜਦ ਤਕ ਉਹ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਇਸ ਗੱਲ ਨੂੰ ਸੂਚਿਤ ਕਰਦਾ ਹੈ ਕਿ ਉਸ ਦੀ ਮਹਿਮਾ ਅਤੇ ਵਡਿਆਈ ਉਸ ਦੇ ਪੁਨਰ-ਉਥਾਨ ਤੋਂ ਬਾਅਦ ਹੋਵੇਗੀ।
9. ਰੂਪਾਂਤਰਣ ਨਾਲ ਸਾਡੀ ਨਿਹਚਾ ਮਜ਼ਬੂਤ ਕਿਉਂ ਹੋਣੀ ਚਾਹੀਦੀ ਹੈ?
9 ਰੂਪਾਂਤਰਣ ਦਾ ਜ਼ਿਕਰ ਕਰਨ ਤੋਂ ਬਾਅਦ, ਪਤਰਸ ਨੇ ਲਿਖਿਆ: “ਅਤੇ ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਓਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਤੁਹਾਡਿਆਂ ਹਿਰਦਿਆਂ ਵਿੱਚ ਨਾ ਚੜ੍ਹ ਆਵੇ ਕਿ ਪਹਿਲਾਂ ਤੁਸੀਂ ਇਹ ਜਾਣਦੇ ਹੋ ਭਈ ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ। ਕਿਉਂਕਿ ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ।” (2 ਪਤਰਸ 1:19-21) ਇਹ ਰੂਪਾਂਤਰਣ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਪਰਮੇਸ਼ੁਰ ਦੇ ਅਗੰਮ ਵਾਕ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ। ਸਾਨੂੰ ਇਸ ਵਾਕ ਵੱਲ ਧਿਆਨ ਦੇਣਾ ਚਾਹੀਦਾ ਹੈ, ਨਾ ਕਿ “ਚਤਰਾਈ ਦੀਆਂ ਬਣਾਉਟੀ ਕਹਾਣੀਆਂ” ਵੱਲ, ਜਿਨ੍ਹਾਂ ਨੂੰ ਪਰਮੇਸ਼ੁਰ ਠੀਕ ਨਹੀਂ ਕਹਿੰਦਾ ਅਤੇ ਨਾ ਹੀ ਮਨਜ਼ੂਰੀ ਦਿੰਦਾ ਹੈ। ਰੂਪਾਂਤਰਣ ਦੁਆਰਾ ਅਗੰਮ ਵਾਕ ਵਿਚ ਸਾਡੀ ਨਿਹਚਾ ਮਜ਼ਬੂਤ ਹੋਣੀ ਚਾਹੀਦੀ ਹੈ, ਕਿਉਂਕਿ ਯਿਸੂ ਦੀ ਮਹਿਮਾ ਅਤੇ ਰਾਜ-ਸੱਤਾ ਦਾ ਦਰਸ਼ਣ ਇਕ ਹਕੀਕਤ ਬਣ ਚੁੱਕਾ ਹੈ। ਜੀ ਹਾਂ, ਸਾਡੇ ਕੋਲ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਅੱਜ ਮਸੀਹ ਇਕ ਸ਼ਕਤੀਸ਼ਾਲੀ ਸਵਰਗੀ ਰਾਜੇ ਵਜੋਂ ਰਾਜ ਕਰ ਰਿਹਾ ਹੈ।
ਦਿਨ ਦਾ ਤਾਰਾ ਕਿਵੇਂ ਚੜ੍ਹਦਾ ਹੈ
10. ਪਤਰਸ ਵੱਲੋਂ ਜ਼ਿਕਰ ਕੀਤਾ ਗਿਆ “ਦਿਨ ਦਾ ਤਾਰਾ” ਕੌਣ ਹੈ ਅਤੇ ਤੁਸੀਂ ਇਹ ਜਵਾਬ ਕਿਉਂ ਦਿੰਦੇ ਹੋ?
10 ਪਤਰਸ ਨੇ ਲਿਖਿਆ: “ਤੁਸੀਂ ਚੰਗਾ ਕਰਦੇ ਹੋ ਜੋ [ਅਗੰਮ ਵਾਕ] ਵੱਲ ਧਿਆਨ ਲਾਉਂਦੇ ਹੋ ਜਿਵੇਂ ਇੱਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿਚ ਚਮਕਦਾ ਹੈ ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ . . . ਨਾ ਚੜ੍ਹ ਆਵੇ।” ਇਹ “ਦਿਨ ਦਾ ਤਾਰਾ” ਕੌਣ ਹੈ? “ਦਿਨ ਦਾ ਤਾਰਾ” ਸ਼ਬਦ ਬਾਈਬਲ ਵਿਚ ਸਿਰਫ਼ ਇੱਕੋ ਵਾਰ ਹੀ ਪਾਏ ਜਾਂਦੇ ਹਨ ਅਤੇ ਇਸ ਦਾ ਉਹੀ ਅਰਥ ਹੈ ਜੋ ‘ਸਵੇਰ ਦੇ ਤਾਰੇ’ ਦਾ ਹੈ। ਪਰਕਾਸ਼ ਦੀ ਪੋਥੀ 22:16 ਵਿਚ ਯਿਸੂ ਮਸੀਹ ਨੂੰ “ਸਵੇਰ ਦਾ ਉੱਜਲ ਤਾਰਾ” ਕਿਹਾ ਗਿਆ ਹੈ। ਸਾਲ ਦੇ ਕੁਝ ਖ਼ਾਸ ਸਮਿਆਂ ਦੌਰਾਨ ਪੂਰਬੀ ਖਿਤਿਜ ਤੇ ਅਜਿਹੇ ਤਾਰੇ ਸਾਰੇ ਤਾਰਿਆਂ ਤੋਂ ਅਖ਼ੀਰ ਵਿਚ ਚੜ੍ਹਦੇ ਹਨ। ਇਹ ਸੂਰਜ ਨਿਕਲਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਨਿਕਲਦੇ ਹਨ, ਇਸ ਤਰ੍ਹਾਂ ਇਹ ਇਕ ਨਵੇਂ ਦਿਨ ਦੇ ਚੜ੍ਹਨ ਦਾ ਸੁਨੇਹਾ ਦਿੰਦੇ ਹਨ। ਪਤਰਸ ਨੇ ਰਾਜ-ਸੱਤਾ ਪ੍ਰਾਪਤ ਯਿਸੂ ਨੂੰ “ਦਿਨ ਦਾ ਤਾਰਾ” ਕਿਹਾ। ਜਦੋਂ ਯਿਸੂ ਨੇ ਰਾਜ-ਸੱਤਾ ਪ੍ਰਾਪਤ ਕੀਤੀ, ਉਸ ਸਮੇਂ ਉਹ ਧਰਤੀ ਸਮੇਤ ਪੂਰੇ ਬ੍ਰਹਿਮੰਡ ਵਿਚ ਚੜ੍ਹਿਆ! ਮਸੀਹਾਈ ਦਿਨ ਦੇ ਤਾਰੇ ਵਜੋਂ ਉਹ ਸਾਰੀ ਆਗਿਆਕਾਰ ਮਨੁੱਖਜਾਤੀ ਲਈ ਸ਼ੁਰੂ ਹੋਣ ਵਾਲੇ ਨਵੇਂ ਦਿਨ ਜਾਂ ਨਵੇਂ ਯੁਗ ਦਾ ਸੁਨੇਹਾ ਦਿੰਦਾ ਹੈ।
11. (ੳ) ਦੂਜੇ ਪਤਰਸ 1:19 ਦਾ ਇਹ ਅਰਥ ਕਿਉਂ ਨਹੀਂ ਹੈ ਕਿ “ਦਿਨ ਦਾ ਤਾਰਾ” ਸੱਚ-ਮੁੱਚ ਮਨੁੱਖੀ ਦਿਲਾਂ ਵਿਚ ਚੜ੍ਹਦਾ ਹੈ? (ਅ) ਦੂਜੇ ਪਤਰਸ 1:19 ਨੂੰ ਤੁਸੀਂ ਕਿਸ ਤਰ੍ਹਾਂ ਸਮਝਾਓਗੇ?
11 ਬਾਈਬਲ ਦੇ ਬਹੁਤ ਸਾਰੇ ਅਨੁਵਾਦ ਇਸ ਵਿਚਾਰ ਨੂੰ ਸ਼ਹਿ ਦਿੰਦੇ ਹਨ ਕਿ 2 ਪਤਰਸ 1:19 ਵਿਚ ਦਿੱਤੇ ਗਏ ਪਤਰਸ ਰਸੂਲ ਦੇ ਸ਼ਬਦ ਇਕ ਵਿਅਕਤੀ ਦੇ ਸੱਚੀ-ਮੁੱਚੀ ਦੇ ਦਿਲ ਨੂੰ ਸੂਚਿਤ ਕਰਦੇ ਹਨ। ਇਕ ਵਿਅਕਤੀ ਦੇ ਦਿਲ ਦਾ ਭਾਰ ਸਿਰਫ਼ 250 ਤੋਂ 300 ਗ੍ਰਾਮ ਤਕ ਹੁੰਦਾ ਹੈ। ਤਾਂ ਫਿਰ ਯਿਸੂ ਮਸੀਹ, ਜੋ ਹੁਣ ਸਵਰਗ ਵਿਚ ਮਹਿਮਾਵਾਨ ਅਤੇ ਅਮਰ ਆਤਮਿਕ ਪ੍ਰਾਣੀ ਹੈ, ਕਿਵੇਂ ਇਕ ਛੋਟੇ ਜਿਹੇ ਮਨੁੱਖੀ ਦਿਲ ਵਿਚ ਚੜ੍ਹ ਸਕਦਾ ਹੈ? (1 ਤਿਮੋਥਿਉਸ 6:16) ਬੇਸ਼ੱਕ, ਇਸ ਦਾ ਇਹ ਅਰਥ ਨਹੀਂ ਕਿ ਇਸ ਮਾਮਲੇ ਵਿਚ ਸਾਡਾ ਲਾਖਣਿਕ ਦਿਲ ਸ਼ਾਮਲ ਨਹੀਂ ਹੈ। ਬਲਕਿ ਅਸੀਂ ਆਪਣੇ ਲਾਖਣਿਕ ਦਿਲ ਦੇ ਨਾਲ ਹੀ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿੰਦੇ ਹਾਂ। ਪਰ ਨਿਊ ਵਰਲਡ ਟ੍ਰਾਂਸਲੇਸ਼ਨ ਵਿਚ 2 ਪਤਰਸ 1:19 ਦਾ ਸਹੀ ਅਨੁਵਾਦ ਕੀਤਾ ਗਿਆ ਹੈ। ਇਹ ਕਹਿੰਦਾ ਹੈ: “ਅਗੰਮ ਵਾਕ ਦਾ ਬਚਨ ਸਾਡੇ ਕੋਲ ਹੋਰ ਵੀ ਪੱਕਾ ਕੀਤਾ ਹੋਇਆ ਹੈ ਅਤੇ ਤੁਸੀਂ ਚੰਗਾ ਕਰਦੇ ਹੋ ਜੋ ਉਸ ਵੱਲ ਧਿਆਨ ਲਾਉਂਦੇ ਹੋ ਜਿਵੇਂ ਇਕ ਦੀਵੇ ਵੱਲ ਜੋ ਅਨ੍ਹੇਰੇ ਥਾਂ ਵਿਚ, ਤੁਹਾਡੇ ਦਿਲ ਵਿਚ ਚਮਕਦਾ ਹੈ, ਜਿੰਨਾ ਚਿਰ ਪੌਹ ਨਾ ਫੁੱਟੇ ਅਤੇ ਦਿਨ ਦਾ ਤਾਰਾ ਨਾ ਚੜ੍ਹ ਆਵੇ।”
12. ਆਮ ਮਨੁੱਖੀ ਦਿਲਾਂ ਦੀ ਕੀ ਹਾਲਤ ਹੈ, ਪਰ ਸੱਚੇ ਮਸੀਹੀਆਂ ਦੇ ਦਿਲਾਂ ਦੀ ਕੀ ਹਾਲਤ ਹੈ?
12 ਅੱਜ ਪਾਪੀ ਮਨੁੱਖਜਾਤੀ ਦੇ ਲਾਖਣਿਕ ਦਿਲਾਂ ਦੀ ਕੀ ਹਾਲਤ ਹੈ? ਉਨ੍ਹਾਂ ਦੇ ਦਿਲ ਅਧਿਆਤਮਿਕ ਹਨੇਰੇ ਵਿਚ ਹਨ! ਪਰ ਜੇ ਅਸੀਂ ਸੱਚੇ ਮਸੀਹੀ ਹਾਂ, ਤਾਂ ਸਾਡੇ ਦਿਲਾਂ ਵਿਚ ਮਾਨੋ ਇਕ ਦੀਵਾ ਬਲ ਰਿਹਾ ਹੈ, ਜਿਸ ਤੋਂ ਬਿਨਾਂ ਸਾਡੇ ਦਿਲ ਵੀ ਹਨੇਰੇ ਵਿਚ ਹੁੰਦੇ। ਜਿਵੇਂ ਕਿ ਪਤਰਸ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ, ਪਰਮੇਸ਼ੁਰ ਦੇ ਚਾਨਣ ਪਾਉਣ ਵਾਲੇ ਅਗੰਮ ਵਾਕ ਵੱਲ ਧਿਆਨ ਦੇਣ ਨਾਲ ਹੀ ਸੱਚੇ ਮਸੀਹੀ ਸਚੇਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਨਵੇਂ ਦਿਨ ਦੇ ਚੜ੍ਹਨ ਬਾਰੇ ਪਤਾ ਲੱਗ ਜਾਂਦਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਦਿਨ ਦਾ ਤਾਰਾ ਚੜ੍ਹ ਗਿਆ ਸੀ, ਮਨੁੱਖੀ ਦਿਲਾਂ ਵਿਚ ਨਹੀਂ, ਬਲਕਿ ਸਾਰੀ ਸ੍ਰਿਸ਼ਟੀ ਦੇ ਸਾਮ੍ਹਣੇ।
13. (ੳ) ਅਸੀਂ ਕਿਵੇਂ ਯਕੀਨ ਰੱਖ ਸਕਦੇ ਹਾਂ ਕਿ ਦਿਨ ਦਾ ਤਾਰਾ ਚੜ੍ਹ ਚੁੱਕਾ ਹੈ? (ਅ) ਯਿਸੂ ਦੁਆਰਾ ਸਾਡੇ ਦਿਨਾਂ ਬਾਰੇ ਪਹਿਲਾਂ ਹੀ ਦੱਸੇ ਗਏ ਮੁਸ਼ਕਲ ਹਾਲਾਤਾਂ ਦਾ ਮਸੀਹੀ ਕਿਵੇਂ ਸਾਮ੍ਹਣਾ ਕਰ ਸਕਦੇ ਹਨ?
13 ਦਿਨ ਦਾ ਤਾਰਾ ਪਹਿਲਾਂ ਹੀ ਚੜ੍ਹ ਚੁੱਕਾ ਹੈ! ਅਸੀਂ ਯਿਸੂ ਦੀ ਮੌਜੂਦਗੀ ਬਾਰੇ ਯਿਸੂ ਦੁਆਰਾ ਕੀਤੀ ਮਹਾਨ ਭਵਿੱਖਬਾਣੀ ਵੱਲ ਧਿਆਨ ਦੇ ਕੇ ਇਸ ਗੱਲ ਦਾ ਯਕੀਨ ਕਰ ਸਕਦੇ ਹਾਂ। ਇਸ ਭਵਿੱਖਬਾਣੀ ਦੇ ਅਨੁਸਾਰ ਅਸੀਂ ਦੇਖਦੇ ਹਾਂ ਕਿ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੜਾਈਆਂ, ਭੁੱਖਮਰੀਆਂ, ਭੁਚਾਲ ਅਤੇ ਪੂਰੀ ਦੁਨੀਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਹੋ ਰਿਹਾ ਹੈ। (ਮੱਤੀ 24:3-14) ਭਾਵੇਂ ਕਿ ਯਿਸੂ ਦੁਆਰਾ ਦੱਸੇ ਗਏ ਮੁਸ਼ਕਲ ਹਾਲਾਤਾਂ ਦਾ ਮਸੀਹੀਆਂ ਉੱਤੇ ਵੀ ਅਸਰ ਪੈਂਦਾ ਹੈ, ਪਰ ਅਸੀਂ ਮਨ ਦੀ ਸ਼ਾਂਤੀ ਤੇ ਆਨੰਦ ਨਾਲ ਇਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਕਿਉਂ? ਕਿਉਂਕਿ ਅਸੀਂ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿੰਦੇ ਹਾਂ ਅਤੇ ਭਵਿੱਖ ਬਾਰੇ ਉਸ ਦੇ ਵਾਅਦਿਆਂ ਵਿਚ ਨਿਹਚਾ ਕਰਦੇ ਹਾਂ। ਅਸੀਂ ਜਾਣਦੇ ਹਾਂ ਕਿ ਅਸੀਂ ਹੁਣ ਬਹੁਤ ਹੀ ਵਧੀਆ ਸਮੇਂ ਦੀ ਦਹਿਲੀਜ਼ ਤੇ ਖੜ੍ਹੇ ਹਾਂ, ਕਿਉਂਕਿ ‘ਓੜਕ ਦਾ ਸਮਾਂ’ ਬਹੁਤ ਛੇਤੀ ਖ਼ਤਮ ਹੋਣ ਵਾਲਾ ਹੈ! (ਦਾਨੀਏਲ 12:4) ਅੱਜ ਸੰਸਾਰ ਘੋਰ ਸੰਕਟ ਵਿਚ ਹੈ, ਜਿਵੇਂ ਕਿ ਯਸਾਯਾਹ 60:2 ਵਿਚ ਪਹਿਲਾਂ ਹੀ ਦੱਸਿਆ ਗਿਆ ਸੀ: “ਵੇਖੋ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ।” ਇਸ ਹਨੇਰੇ ਵਿਚ ਇਕ ਵਿਅਕਤੀ ਆਪਣਾ ਰਾਹ ਕਿਵੇਂ ਲੱਭ ਸਕਦਾ ਹੈ? ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ, ਇਕ ਵਿਅਕਤੀ ਨੂੰ ਹੁਣ ਹੀ ਨਿਮਰਤਾ ਨਾਲ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦੇਣਾ ਪਵੇਗਾ। ਨੇਕਦਿਲ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਵੱਲ ਮੁੜਨਾ ਚਾਹੀਦਾ ਹੈ ਜੋ ਜੀਵਨ ਤੇ ਚਾਨਣ ਦਾ ਚਸ਼ਮਾ ਹੈ। (ਜ਼ਬੂਰ 36:9; ਰਸੂਲਾਂ ਦੇ ਕਰਤੱਬ 17:28) ਸਿਰਫ਼ ਇਸ ਤਰ੍ਹਾਂ ਕਰਨ ਨਾਲ ਹੀ ਇਕ ਵਿਅਕਤੀ ਸਹੀ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਉਹ ਇਕ ਸ਼ਾਨਦਾਰ ਭਵਿੱਖ ਦੀ ਆਸ਼ਾ ਰੱਖ ਸਕਦਾ ਹੈ ਜੋ ਪਰਮੇਸ਼ੁਰ ਵਫ਼ਾਦਾਰ ਮਨੁੱਖਜਾਤੀ ਨੂੰ ਦੇਣ ਵਾਲਾ ਹੈ।—ਪਰਕਾਸ਼ ਦੀ ਪੋਥੀ 21:1-5.
‘ਚਾਨਣ ਜਗਤ ਵਿੱਚ ਆਇਆ ਹੈ’
14. ਬਾਈਬਲ ਦੀਆਂ ਅਦਭੁਤ ਭਵਿੱਖਬਾਣੀਆਂ ਨੂੰ ਪੂਰਾ ਹੁੰਦੇ ਦੇਖਣ ਲਈ ਸਾਨੂੰ ਕੀ ਕਰਨਾ ਪਵੇਗਾ?
14 ਆਇਤਾਂ ਸਾਫ਼-ਸਾਫ਼ ਦੱਸਦੀਆਂ ਹਨ ਕਿ ਯਿਸੂ ਮਸੀਹ ਹੁਣ ਇਕ ਰਾਜੇ ਦੇ ਤੌਰ ਤੇ ਰਾਜ ਕਰ ਰਿਹਾ ਹੈ। ਸਾਲ 1914 ਵਿਚ ਉਸ ਦੇ ਰਾਜ-ਸੱਤਾ ਵਿਚ ਆਉਣ ਕਰਕੇ, ਅਦਭੁਤ ਭਵਿੱਖਬਾਣੀਆਂ ਅਜੇ ਪੂਰੀਆਂ ਹੋਣੀਆਂ ਬਾਕੀ ਹਨ। ਇਨ੍ਹਾਂ ਨੂੰ ਪੂਰਾ ਹੁੰਦੇ ਦੇਖਣ ਲਈ ਸਾਨੂੰ ਆਪਣੇ ਆਪ ਨੂੰ ਯਿਸੂ ਮਸੀਹ ਵਿਚ ਨਿਹਚਾ ਰੱਖਣ ਵਾਲੇ ਮਸਕੀਨ ਲੋਕ ਸਾਬਤ ਕਰਨਾ ਪਵੇਗਾ ਅਤੇ ਅਣਜਾਣੇ ਵਿਚ ਕੀਤੇ ਗਏ ਪਾਪਾਂ ਅਤੇ ਗ਼ਲਤ ਕੰਮਾਂ ਤੋਂ ਤੋਬਾ ਕਰਨੀ ਪਵੇਗੀ। ਇਹ ਗੱਲ ਸੱਚ ਹੈ ਕਿ ਜਿਹੜੇ ਹਨੇਰੇ ਨਾਲ ਪ੍ਰੇਮ ਰੱਖਦੇ ਹਨ, ਉਨ੍ਹਾਂ ਨੂੰ ਸਦੀਪਕ ਜੀਵਨ ਨਹੀਂ ਮਿਲੇਗਾ। ਯਿਸੂ ਨੇ ਕਿਹਾ ਸੀ: “ਦੋਸ਼ੀ ਠਹਿਰਨ ਦਾ ਇਹ ਕਾਰਨ ਹੈ ਕਿ ਚਾਨਣ ਜਗਤ ਵਿੱਚ ਆਇਆ ਅਤੇ ਮਨੁੱਖਾਂ ਨੇ ਏਸ ਲਈ ਭਈ ਉਨ੍ਹਾਂ ਦੇ ਕੰਮ ਭੈੜੇ ਸਨ ਅਨ੍ਹੇਰੇ ਨੂੰ ਚਾਨਣ ਨਾਲੋਂ ਵਧੀਕ ਪਿਆਰ ਕੀਤਾ। ਹਰੇਕ ਜੋ ਮੰਦੇ ਕੰਮ ਕਰਦਾ ਹੈ ਸੋ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿਤੇ ਐਉਂ ਨਾ ਹੋਵੇ ਜੋ ਉਹ ਦੇ ਕੰਮ ਜ਼ਾਹਰ ਹੋਣ। ਪਰ ਜਿਹੜਾ ਸਤ ਕਰਦਾ ਹੈ ਉਹ ਚਾਨਣ ਕੋਲ ਆਉਂਦਾ ਹੈ ਇਸ ਲਈ ਜੋ ਉਹ ਦੇ ਕੰਮ ਪਰਗਟ ਹੋਣ ਭਈ ਓਹ ਪਰਮੇਸ਼ੁਰ ਵਿੱਚ ਕੀਤੇ ਹੋਏ ਹਨ।”—ਯੂਹੰਨਾ 3:19-21.
15. ਜੇਕਰ ਅਸੀਂ ਉਸ ਮੁਕਤੀ ਨੂੰ ਅਣਗੌਲਿਆਂ ਕਰਾਂਗੇ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਆਪਣੇ ਪੁੱਤਰ ਦੁਆਰਾ ਕੀਤਾ ਹੈ, ਕੀ ਹੋਵੇਗਾ?
15 ਯਿਸੂ ਦੇ ਰਾਹੀਂ ਅਧਿਆਤਮਿਕ ਚਾਨਣ ਸੰਸਾਰ ਵਿਚ ਆ ਚੁੱਕਾ ਹੈ ਤੇ ਉਸ ਦੀ ਗੱਲ ਸੁਣਨੀ ਬਹੁਤ ਜ਼ਰੂਰੀ ਹੈ। ਪੌਲੁਸ ਨੇ ਲਿਖਿਆ: “ਪਰਮੇਸ਼ੁਰ ਨੇ ਜਿਨ ਪਿੱਛਲਿਆਂ ਸਮਿਆਂ ਵਿੱਚ ਨਬੀਆਂ ਦੇ ਰਾਹੀਂ ਸਾਡੇ ਵੱਡਿਆਂ ਨਾਲ ਕਈਆਂ ਹਿੱਸਿਆਂ ਵਿੱਚ ਅਤੇ ਕਈ ਤਰਾਂ ਨਾਲ ਗੱਲ ਕੀਤੀ ਸੀ, ਇਨ੍ਹਾਂ ਦਿਨਾਂ ਦੇ ਅੰਤ ਵਿੱਚ ਸਾਡੇ ਨਾਲ ਪੁੱਤ੍ਰ ਦੇ ਰਾਹੀਂ ਗੱਲ ਕੀਤੀ ਜਿਹ ਨੂੰ ਉਹ ਨੇ ਸਭਨਾਂ ਵਸਤਾਂ ਦਾ ਵਾਰਸ ਬਣਾਇਆ।” (ਇਬਰਾਨੀਆਂ 1:1, 2) ਜੇਕਰ ਅਸੀਂ ਇਸ ਮੁਕਤੀ ਨੂੰ ਅਣਗੌਲਿਆਂ ਕਰਾਂਗੇ ਜਿਸ ਦਾ ਪ੍ਰਬੰਧ ਪਰਮੇਸ਼ੁਰ ਨੇ ਆਪਣੇ ਪੁੱਤਰ ਦੁਆਰਾ ਕੀਤਾ ਹੈ, ਤਾਂ ਕੀ ਹੋਵੇਗਾ? ਪੌਲੁਸ ਨੇ ਅੱਗੇ ਕਿਹਾ: “ਜਦੋਂ ਉਹ ਬਚਨ ਜਿਹੜਾ ਦੂਤਾਂ ਦੀ ਜ਼ਬਾਨੀ ਆਖਿਆ ਗਿਆ ਸੀ ਦ੍ਰਿੜ੍ਹ ਠਹਿਰਿਆ ਅਤੇ ਹਰੇਕ ਅਪਰਾਧ ਅਤੇ ਅਣਆਗਿਆਕਾਰੀ ਦਾ ਠੀਕ ਠੀਕ ਬਦਲਾ ਮਿਲਿਆ, ਤਾਂ ਅਸੀਂ ਕਿੱਕੁਰ ਬਚ ਨਿੱਕਲਾਂਗੇ ਜੇ ਐਡੀ ਵੱਡੀ ਮੁਕਤੀ ਦੀ ਬੇ ਪਰਵਾਹੀ ਕਰੀਏ ਜੋ ਪਹਿਲਾਂ ਪ੍ਰਭੁ ਦੇ ਰਾਹੀਂ ਆਖੀ ਗਈ ਸੀ ਅਤੇ ਸੁਣਨ ਵਾਲਿਆਂ ਤੋਂ ਸਾਨੂੰ ਸਾਬਤ ਹੋਈ? ਪਰਮੇਸ਼ੁਰ ਵੀ ਨਿਸ਼ਾਨੀਆਂ ਅਤੇ ਅਚੰਭਿਆਂ ਅਤੇ ਨਾਨਾ ਪਰਕਾਰ ਦੀਆਂ ਕਰਾਮਾਤਾਂ ਅਤੇ ਪਵਿੱਤਰ ਆਤਮਾ ਦੀਆਂ ਵੰਡਾਂ ਦੇ ਵਸੀਲੇ ਆਪਣੀ ਇੱਛਿਆ ਦੇ ਅਨੁਸਾਰ ਉਨ੍ਹਾਂ ਦੇ ਨਾਲ ਸਾਖੀ ਦਿੰਦਾ ਰਿਹਾ।” (ਇਬਰਾਨੀਆਂ 2:2-4) ਜੀ ਹਾਂ, ਅਗੰਮ ਵਾਕ ਦੀ ਘੋਸ਼ਣਾ ਵਿਚ ਯਿਸੂ ਦੀ ਭੂਮਿਕਾ ਪ੍ਰਮੁੱਖ ਹੈ।—ਪਰਕਾਸ਼ ਦੀ ਪੋਥੀ 19:10.
16. ਅਸੀਂ ਯਹੋਵਾਹ ਪਰਮੇਸ਼ੁਰ ਦੀਆਂ ਸਾਰੀਆਂ ਭਵਿੱਖਬਾਣੀਆਂ ਵਿਚ ਕਿਉਂ ਪੂਰੀ ਨਿਹਚਾ ਰੱਖ ਸਕਦੇ ਹਾਂ?
16 ਜਿੱਦਾਂ ਕਿ ਅਸੀਂ ਪੜ੍ਹ ਚੁੱਕੇ ਹਾਂ ਕਿ ਪਤਰਸ ਨੇ ਕਿਹਾ: “ਧਰਮ ਪੁਸਤਕ ਦੇ ਕਿਸੇ ਅਗੰਮ ਵਾਕ ਦਾ ਅਰਥ ਆਪਣੇ ਜਤਨ ਨਾਲ ਨਹੀਂ ਹੁੰਦਾ।” ਮਨੁੱਖ ਆਪ ਕਦੇ ਵੀ ਸੱਚੀ ਭਵਿੱਖਬਾਣੀ ਨਹੀਂ ਕਰ ਸਕਦੇ, ਪਰ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਭਵਿੱਖਬਾਣੀਆਂ ਵਿਚ ਪੂਰਾ-ਪੂਰਾ ਭਰੋਸਾ ਕਰ ਸਕਦੇ ਹਾਂ। ਯਹੋਵਾਹ ਪਰਮੇਸ਼ੁਰ ਹੀ ਇਹ ਭਵਿੱਖਬਾਣੀਆਂ ਕਰਦਾ ਹੈ। ਉਸ ਨੇ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਆਪਣੇ ਸੇਵਕਾਂ ਨੂੰ ਬਾਈਬਲ ਵਿਚ ਦਿੱਤੀਆਂ ਭਵਿੱਖਬਾਣੀਆਂ ਦੀ ਪੂਰਤੀ ਨੂੰ ਸਮਝਣ ਦੀ ਯੋਗਤਾ ਦਿੱਤੀ ਹੈ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਨੂੰ 1914 ਤੋਂ ਪੂਰਾ ਹੁੰਦੇ ਦੇਖ ਰਹੇ ਹਾਂ। ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਬਾਰੇ ਬਾਕੀ ਰਹਿੰਦੀਆਂ ਸਾਰੀਆਂ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰੀ ਭਵਿੱਖਬਾਣੀਆਂ ਵੱਲ ਧਿਆਨ ਦਿੰਦੇ ਰਹੀਏ ਅਤੇ ਆਪਣਾ ਚਾਨਣ ਚਮਕਣ ਦੇਈਏ। (ਮੱਤੀ 5:16) ਅਸੀਂ ਕਿੰਨੇ ਧੰਨਵਾਦੀ ਹਾਂ ਕਿ ਯਹੋਵਾਹ ਅੱਜ ਪੂਰੀ ਧਰਤੀ ਉੱਤੇ ਛਾਏ ਹੋਏ ‘ਅਨ੍ਹੇਰੇ ਵਿਚ ਸਾਡੇ ਲਈ ਚਾਨਣ ਚੜ੍ਹਾ ਰਿਹਾ ਹੈ’!—ਯਸਾਯਾਹ 58:10.
17. ਸਾਨੂੰ ਪਰਮੇਸ਼ੁਰ ਦੇ ਅਧਿਆਤਮਿਕ ਚਾਨਣ ਦੀ ਕਿਉਂ ਲੋੜ ਹੈ?
17 ਕੁਦਰਤੀ ਚਾਨਣ ਵਿਚ ਅਸੀਂ ਸਭ ਕੁਝ ਦੇਖ ਸਕਦੇ ਹਾਂ। ਇਸ ਦੇ ਨਾਲ ਹੀ ਅੰਨ ਉੱਗਦਾ ਹੈ ਜਿਸ ਕਰਕੇ ਸਾਨੂੰ ਤਰ੍ਹਾਂ-ਤਰ੍ਹਾਂ ਦਾ ਭੋਜਨ ਖਾਣ ਲਈ ਮਿਲਦਾ ਹੈ। ਅਸੀਂ ਚਾਨਣ ਤੋਂ ਬਿਨਾਂ ਜੀ ਨਹੀਂ ਸਕਦੇ। ਪਰ ਅਧਿਆਤਮਿਕ ਚਾਨਣ ਬਾਰੇ ਕੀ ਕਿਹਾ ਜਾ ਸਕਦਾ ਹੈ? ਇਹ ਸਾਡੀ ਅਗਵਾਈ ਕਰਦਾ ਹੈ ਅਤੇ ਇਸ ਦੀ ਰੌਸ਼ਨੀ ਵਿਚ ਅਸੀਂ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਹਿਲਾਂ ਹੀ ਦੱਸੇ ਗਏ ਭਵਿੱਖ ਨੂੰ ਦੇਖ ਸਕਦੇ ਹਾਂ। (ਜ਼ਬੂਰ 119:105) ਯਹੋਵਾਹ ਪਰਮੇਸ਼ੁਰ ਪਿਆਰ ਨਾਲ ‘ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲਦਾ ਹੈ।’ (ਜ਼ਬੂਰ 43:3) ਯਕੀਨਨ ਸਾਨੂੰ ਅਜਿਹੇ ਪ੍ਰਬੰਧਾਂ ਪ੍ਰਤੀ ਡੂੰਘੀ ਕਦਰਦਾਨੀ ਦਿਖਾਉਣੀ ਚਾਹੀਦੀ ਹੈ। ਇਸ ਲਈ ਆਓ ਆਪਾਂ ‘ਪਰਮੇਸ਼ੁਰ ਦੇ ਤੇਜ ਦੇ ਗਿਆਨ’ ਦੇ ਇਸ ਚਾਨਣ ਨੂੰ ਪ੍ਰਾਪਤ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੀਏ, ਤਾਂਕਿ ਇਹ ਸਾਡੇ ਦਿਲਾਂ ਨੂੰ ਰੌਸ਼ਨ ਕਰੇ।—2 ਕੁਰਿੰਥੀਆਂ 4:6; ਅਫ਼ਸੀਆਂ 1:18.
18. ਯਹੋਵਾਹ ਦਾ ਦਿਨ ਦਾ ਤਾਰਾ ਹੁਣ ਕੀ ਕਰਨ ਲਈ ਤਿਆਰ-ਬਰ-ਤਿਆਰ ਹੈ?
18 ਅਸੀਂ ਇਹ ਜਾਣ ਕੇ ਕਿੰਨੇ ਖ਼ੁਸ਼ ਹਾਂ ਕਿ 1914 ਵਿਚ ਦਿਨ ਦਾ ਤਾਰਾ, ਯਿਸੂ ਮਸੀਹ ਪੂਰੇ ਵਿਸ਼ਵ ਵਿਚ ਚੜ੍ਹਿਆ ਅਤੇ ਉਸ ਨੇ ਰੂਪਾਂਤਰਣ ਦੇ ਸ਼ਾਨਦਾਰ ਦਰਸ਼ਣ ਨੂੰ ਪੂਰਾ ਕਰਨਾ ਸ਼ੁਰੂ ਕੀਤਾ! ਯਹੋਵਾਹ ਦਾ ਦਿਨ ਦਾ ਤਾਰਾ ਹੁਣ ਮੌਜੂਦ ਹੈ ਅਤੇ ਉਹ ਰੂਪਾਂਤਰਣ ਦੀ ਹੋਰ ਪੂਰਤੀ ਵਿਚ ਪਰਮੇਸ਼ੁਰ ਦੇ ਉਦੇਸ਼ ਨੂੰ ਪੂਰਿਆਂ ਕਰਨ ਲਈ ਤਿਆਰ-ਬਰ-ਤਿਆਰ ਹੈ ਜਿਸ ਵਿਚ ‘ਪਰਮੇਸ਼ੁਰ ਸਰਬ ਸ਼ਕਤੀਮਾਨ ਦੇ ਵੱਡੇ ਦਿਹਾੜੇ ਦਾ ਜੁੱਧ’ ਵੀ ਸ਼ਾਮਲ ਹੈ। (ਪਰਕਾਸ਼ ਦੀ ਪੋਥੀ 16:14, 16) ਇਸ ਪੁਰਾਣੀ ਰੀਤੀ-ਵਿਵਸਥਾ ਦੇ ਮੁਕੰਮਲ ਖ਼ਾਤਮੇ ਤੋਂ ਬਾਅਦ, ਯਹੋਵਾਹ “ਨਵੇਂ ਅਕਾਸ਼ ਅਤੇ ਨਵੀਂ ਧਰਤੀ” ਦੇ ਆਪਣੇ ਵਾਅਦੇ ਨੂੰ ਪੂਰਾ ਕਰੇਗਾ। ਉਦੋਂ ਅਸੀਂ ਇਸ ਵਿਸ਼ਵ ਦੇ ਸਰਬਸੱਤਾਵਾਨ ਪ੍ਰਭੂ ਅਤੇ ਸੱਚੀ ਭਵਿੱਖਬਾਣੀ ਦੇ ਪਰਮੇਸ਼ੁਰ, ਯਹੋਵਾਹ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਅਤੇ ਵਡਿਆਈ ਕਰ ਸਕਾਂਗੇ। (2 ਪਤਰਸ 3:13) ਉਸ ਵੱਡੇ ਦਿਨ ਦੇ ਆਉਣ ਤਕ, ਆਓ ਆਪਾਂ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿੰਦੇ ਹੋਏ ਉਸ ਦੇ ਚਾਨਣ ਵਿਚ ਚੱਲਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਯਿਸੂ ਦੇ ਰੂਪਾਂਤਰਣ ਬਾਰੇ ਦੱਸੋ।
• ਰੂਪਾਂਤਰਣ ਦੁਆਰਾ ਨਿਹਚਾ ਕਿਵੇਂ ਮਜ਼ਬੂਤ ਹੁੰਦੀ ਹੈ?
• ਯਹੋਵਾਹ ਦਾ ਦਿਨ ਦਾ ਤਾਰਾ ਕੌਣ ਹੈ ਅਤੇ ਇਹ ਕਦੋਂ ਚੜ੍ਹਿਆ ਸੀ?
• ਸਾਨੂੰ ਪਰਮੇਸ਼ੁਰ ਦੇ ਅਗੰਮ ਵਾਕ ਵੱਲ ਕਿਉਂ ਧਿਆਨ ਦੇਣਾ ਚਾਹੀਦਾ ਹੈ?
[ਸਫ਼ੇ 13 ਉੱਤੇ ਤਸਵੀਰ]
ਕੀ ਤੁਸੀਂ ਰੂਪਾਂਤਰਣ ਦੀ ਮਹੱਤਤਾ ਦੱਸ ਸਕਦੇ ਹੋ?
[ਸਫ਼ੇ 15 ਉੱਤੇ ਤਸਵੀਰ]
ਦਿਨ ਦਾ ਤਾਰਾ ਚੜ੍ਹ ਚੁੱਕਾ ਹੈ। ਕੀ ਤੁਸੀਂ ਜਾਣਦੇ ਹੋ ਕਦੋਂ ਅਤੇ ਕਿਵੇਂ?