ਕੀ ਤੁਸੀਂ ਯਹੋਵਾਹ ਦੀ ਹਕੂਮਤ ਦਾ ਪੱਖ ਲੈਂਦੇ ਹੋ?
“ਕੌਮਾਂ ਵਿੱਚ ਆਖੋ ਭਈ ਯਹੋਵਾਹ ਰਾਜ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 96:10.
1, 2. (ੳ) ਅਕਤੂਬਰ 29 ਈਸਵੀ ਵਿਚ ਕਿਹੜੀ ਮਹੱਤਵਪੂਰਣ ਘਟਨਾ ਵਾਪਰੀ? (ਅ) ਉਹ ਘਟਨਾ ਯਿਸੂ ਲਈ ਕੀ ਅਹਿਮੀਅਤ ਰੱਖਦੀ ਸੀ?
ਦੁਨੀਆਂ ਵਿਚ ਅਜਿਹੀ ਮਹੱਤਵਪੂਰਣ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ ਜੋ ਅਕਤੂਬਰ 29 ਈਸਵੀ ਵਿਚ ਵਾਪਰੀ ਸੀ। ਇਸ ਬਾਰੇ ਇੰਜੀਲ ਦੇ ਲਿਖਾਰੀ ਮੱਤੀ ਨੇ ਲਿਖਿਆ: “ਜਾਂ ਯਿਸੂ ਬਪਤਿਸਮਾ ਲੈ ਚੁੱਕਿਆ ਤਾਂ ਝੱਟ ਪਾਣੀ ਤੋਂ ਉੱਪਰ ਆਇਆ ਅਤੇ ਵੇਖੋ, ਅਕਾਸ਼ ਉਹ ਦੇ ਲਈ ਖੁੱਲ੍ਹ ਗਿਆ ਅਤੇ [ਯੂਹੰਨਾ ਬਪਤਿਸਮਾ ਦੇਣ ਵਾਲੇ] ਨੇ ਪਰਮੇਸ਼ੁਰ ਦਾ ਆਤਮਾ ਕਬੂਤਰ ਵਾਂਙੁ ਉਤਰਦਾ ਅਤੇ [ਯਿਸੂ] ਉੱਤੇ ਆਉਂਦਾ ਡਿੱਠਾ ਅਰ ਵੇਖੋ ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” ਇਸ ਮਹੱਤਵਪੂਰਣ ਘਟਨਾ ਬਾਰੇ ਇੰਜੀਲਾਂ ਦੇ ਚਾਰਾਂ ਲਿਖਾਰੀਆਂ ਨੇ ਲਿਖਿਆ ਸੀ।—ਮੱਤੀ 3:16, 17; ਮਰਕੁਸ 1:9-11; ਲੂਕਾ 3:21, 22; ਯੂਹੰਨਾ 1:32-34
2 ਯਿਸੂ ਉੱਤੇ ਪਵਿੱਤਰ ਆਤਮਾ ਦਾ ਪਾਇਆ ਜਾਣਾ ਇਸ ਗੱਲ ਦਾ ਸਬੂਤ ਸੀ ਕਿ ਉਸ ਨੂੰ ਪਰਮੇਸ਼ੁਰ ਨੇ ਮਸੀਹਾ ਵਜੋਂ ਚੁਣਿਆ ਸੀ। (ਯੂਹੰਨਾ 1:33) ਉਸ ਸਮੇਂ ਉਹ ਪਹਿਲੀ ਭਵਿੱਖਬਾਣੀ ਦੀ ਵਾਅਦਾ ਕੀਤੀ ਹੋਈ “ਸੰਤਾਨ” ਵਜੋਂ ਪ੍ਰਗਟ ਹੋਇਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਅੱਗੇ ਉਹ ਸ਼ਖ਼ਸ ਖੜ੍ਹਾ ਸੀ ਜਿਸ ਦੀ ਅੱਡੀ ਨੂੰ ਸ਼ਤਾਨ ਨੇ ਡੰਗ ਮਾਰਨਾ ਸੀ। ਬਦਲੇ ਵਿਚ ਉਸ ਸ਼ਖ਼ਸ ਨੇ ਯਹੋਵਾਹ ਪਰਮੇਸ਼ੁਰ ਦੇ ਦੁਸ਼ਮਣ ਸ਼ਤਾਨ ਦਾ ਸਿਰ ਫੇਹਣਾ ਸੀ। (ਉਤਪਤ 3:15) ਉਸ ਸਮੇਂ ਤੋਂ ਯਿਸੂ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਨੇ ਇਹ ਸਾਬਤ ਕਰਨ ਦੇ ਨਾਲ-ਨਾਲ ਕਿ ਯਹੋਵਾਹ ਹੀ ਵਿਸ਼ਵ ਉੱਤੇ ਹਕੂਮਤ ਕਰਨ ਦਾ ਅਸਲੀ ਹੱਕਦਾਰ ਹੈ, ਪਰਮੇਸ਼ੁਰ ਦੇ ਰਾਜ ਸੰਬੰਧੀ ਮਕਸਦ ਨੂੰ ਵੀ ਪੂਰਾ ਕਰਨਾ ਸੀ।
3. ਯਹੋਵਾਹ ਦੀ ਹਕੂਮਤ ਸੰਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਯਿਸੂ ਨੇ ਆਪਣੇ ਆਪ ਨੂੰ ਕਿਵੇਂ ਤਿਆਰ ਕੀਤਾ?
3 “ਯਿਸੂ ਪਵਿੱਤ੍ਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਤੋਂ ਮੁੜਿਆ ਅਰ ਆਤਮਾ ਦੀ ਅਗਵਾਈ ਨਾਲ” ਉਜਾੜ ਵਿਚ ਚਲਾ ਗਿਆ ਤਾਂਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਤਿਆਰ ਹੋ ਸਕੇ। (ਲੂਕਾ 4:1; ਮਰਕੁਸ 1:12) ਉਜਾੜ ਵਿਚ ਯਿਸੂ ਨੇ 40 ਦਿਨਾਂ ਤਕ ਸ਼ਤਾਨ ਵੱਲੋਂ ਯਹੋਵਾਹ ਦੀ ਹਕੂਮਤ ਸੰਬੰਧੀ ਉਠਾਏ ਵਾਦ-ਵਿਸ਼ੇ ਉੱਤੇ ਮਨਨ ਕੀਤਾ ਕਿ ਉਸ ਨੂੰ ਯਹੋਵਾਹ ਦੇ ਪੱਖ ਵਿਚ ਕੀ ਕੁਝ ਕਰਨ ਦੀ ਲੋੜ ਸੀ। ਇਸ ਵਾਦ-ਵਿਸ਼ੇ ਵਿਚ ਹਰ ਪ੍ਰਾਣੀ ਸ਼ਾਮਲ ਹੈ ਚਾਹੇ ਉਹ ਸਵਰਗ ਵਿਚ ਰਹਿੰਦਾ ਹੈ ਜਾਂ ਧਰਤੀ ਉੱਤੇ। ਇਸ ਲਈ ਸਾਨੂੰ ਯਿਸੂ ਦੀ ਵਫ਼ਾਦਾਰੀ ਉੱਤੇ ਗੌਰ ਕਰਨਾ ਚਾਹੀਦਾ ਹੈ ਤਾਂਕਿ ਅਸੀਂ ਵੀ ਸਾਬਤ ਕਰ ਸਕੀਏ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਪੱਖ ਵਿਚ ਹਾਂ।—ਅੱਯੂਬ 1:6-12; 2:2-6.
ਯਹੋਵਾਹ ਦੀ ਹਕੂਮਤ ਦਾ ਮੁੱਦਾ ਗਰਮਾਇਆ
4. ਸ਼ਤਾਨ ਨੇ ਕੀ ਕਹਿ ਕੇ ਪਰਮੇਸ਼ੁਰ ਦੀ ਹਕੂਮਤ ਦੇ ਮੁੱਦੇ ਨੂੰ ਗਰਮਾਇਆ ਸੀ?
4 ਉੱਪਰ ਜ਼ਿਕਰ ਕੀਤੀਆਂ ਗੱਲਾਂ ਸ਼ਤਾਨ ਤੋਂ ਲੁਕੀਆਂ ਹੋਈਆਂ ਨਹੀਂ ਸਨ। ਉਸ ਨੇ ਬਿਨਾਂ ਸਮਾਂ ਬਰਬਾਦ ਕੀਤਿਆਂ ਪਰਮੇਸ਼ੁਰ ਦੀ “ਤੀਵੀਂ” ਦੀ “ਸੰਤਾਨ” ਨੂੰ ਆਪਣਾ ਨਿਸ਼ਾਨਾ ਬਣਾਇਆ। (ਉਤਪਤ 3:15) ਸ਼ਤਾਨ ਨੇ ਯਿਸੂ ਨੂੰ ਤਿੰਨ ਵਾਰੀ ਪਰਤਾ ਕੇ ਸੁਝਾਅ ਦਿੱਤਾ ਕਿ ਉਹ ਆਪਣੇ ਪਿਤਾ ਦੀ ਮਰਜ਼ੀ ਤੇ ਚੱਲਣ ਦੀ ਬਜਾਇ ਉਹ ਕੁਝ ਕਰੇ ਜਿਸ ਵਿਚ ਉਸ ਦਾ ਆਪਣਾ ਫ਼ਾਇਦਾ ਹੋਵੇ। ਤੀਸਰੇ ਪਰਤਾਵੇ ਵਿਚ ਉਸ ਨੇ ਪਰਮੇਸ਼ੁਰ ਦੀ ਹਕੂਮਤ ਦੇ ਮੁੱਦੇ ਨੂੰ ਗਰਮਾਇਆ। ਸ਼ਤਾਨ ਨੇ ਯਿਸੂ ਨੂੰ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਨ੍ਹਾਂ ਦਾ ਜਲੌ” ਵਿਖਾ ਕੇ ਕਿਹਾ: “ਜੇ ਤੂੰ ਨਿਉਂ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸੱਭੋ ਕੁਝ ਮੈਂ ਤੈਨੂੰ ਦੇ ਦਿਆਂਗਾ।” ਯਿਸੂ ਜਾਣਦਾ ਸੀ ਕਿ “ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ” ਸ਼ਤਾਨ ਦੇ ਹੱਥ ਵਿਚ ਸਨ, ਪਰ ਉਹ ਇਨ੍ਹਾਂ ਦਾ ਕੋਈ ਹਿੱਸਾ ਨਹੀਂ ਸੀ ਚਾਹੁੰਦਾ। ਇਸ ਲਈ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਯਿਸੂ ਨੇ ਕਿਹਾ: “ਹੇ ਸ਼ਤਾਨ ਚੱਲਿਆ ਜਾਹ! ਕਿਉਂ ਜੋ ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।”—ਮੱਤੀ 4:8-10.
5. ਯਿਸੂ ਨੇ ਕਿਹੜਾ ਮੁਸ਼ਕਲ ਕੰਮ ਸਿਰੇ ਚਾੜ੍ਹਨਾ ਸੀ?
5 ਯਿਸੂ ਦੇ ਜੀਉਣ ਦੇ ਤੌਰ-ਤਰੀਕੇ ਤੋਂ ਸਾਫ਼ ਜ਼ਾਹਰ ਹੋਇਆ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਸਭ ਤੋਂ ਜ਼ਿਆਦਾ ਅਹਿਮੀਅਤ ਇਸ ਵਿਸ਼ੇ ਨੂੰ ਦਿੱਤੀ ਸੀ ਕਿ ਯਹੋਵਾਹ ਹੀ ਸਾਰੇ ਵਿਸ਼ਵ ਤੇ ਰਾਜ ਕਰਨ ਦਾ ਅਸਲੀ ਹੱਕਦਾਰ ਹੈ। ਯਿਸੂ ਜਾਣਦਾ ਸੀ ਕਿ ਉਸ ਬਾਰੇ ਪਹਿਲਾਂ ਤੋਂ ਹੀ ਲਿਖਿਆ ਗਿਆ ਸੀ ਕਿ ਤੀਵੀਂ ਦੀ “ਸੰਤਾਨ” ਦੀ ਅੱਡੀ ਨੂੰ ਡੰਗ ਮਾਰਿਆ ਜਾਵੇਗਾ ਯਾਨੀ ਉਸ ਨੂੰ ਸ਼ਤਾਨ ਦੇ ਹੱਥੋਂ ਮਰਨਾ ਪਵੇਗਾ। ਮੌਤ ਤਕ ਵਫ਼ਾਦਾਰ ਰਹਿ ਕੇ ਹੀ ਉਹ ਸਾਬਤ ਕਰ ਸਕਦਾ ਸੀ ਕਿ ਸਿਰਫ਼ ਯਹੋਵਾਹ ਕੋਲ ਹੀ ਰਾਜ ਕਰਨ ਦਾ ਹੱਕ ਹੈ। (ਮੱਤੀ 16:21; 17:12) ਉਸ ਨੇ ਇਹ ਗਵਾਹੀ ਵੀ ਦੇਣੀ ਸੀ ਕਿ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਸ਼ਤਾਨ ਦਾ ਸਾਇਆ ਹਟਾ ਕੇ ਸਾਰੀ ਸ੍ਰਿਸ਼ਟੀ ਵਿਚ ਅਮਨ-ਚੈਨ ਕਾਇਮ ਕੀਤਾ ਜਾਵੇਗਾ। (ਮੱਤੀ 6:9, 10) ਇਹ ਮੁਸ਼ਕਲ ਕੰਮ ਸਿਰੇ ਚਾੜ੍ਹਨ ਲਈ ਯਿਸੂ ਨੇ ਕੀ ਕੀਤਾ?
“ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ”
6. ਯਿਸੂ ਨੇ ਕਿਵੇਂ ਦਿਖਾਇਆ ਕਿ ਪਰਮੇਸ਼ੁਰ ਦੇ ਰਾਜ ਦੇ ਜ਼ਰੀਏ ਸ਼ਤਾਨ ਦੇ ਕੰਮ ਨਸ਼ਟ ਕੀਤੇ ਜਾਣਗੇ?
6 ਸਭ ਤੋਂ ਪਹਿਲਾਂ “ਯਿਸੂ ਗਲੀਲ ਵਿੱਚ ਆਇਆ ਅਰ ਉਸ ਨੇ ਪਰਮੇਸ਼ੁਰ ਦੀ ਖੁਸ਼ ਖਬਰੀ ਦਾ ਪਰਚਾਰ ਕਰ ਕੇ ਆਖਿਆ ਸਮਾ ਪੂਰਾ ਹੋਇਆ ਅਤੇ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ।” (ਮਰਕੁਸ 1:14, 15) ਦਰਅਸਲ ਉਸ ਨੇ ਕਿਹਾ: ‘ਮੈਨੂੰ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।’ (ਲੂਕਾ 4:18-21, 43) ਯਿਸੂ ਦੂਰ-ਦੂਰ ਜਾ ਕੇ “ਪਰਚਾਰ ਕਰਦਾ ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਉਂਦਾ ਸੀ।” (ਲੂਕਾ 8:1) ਯਿਸੂ ਨੇ ਚਮਤਕਾਰ ਵੀ ਕੀਤੇ ਸਨ। ਉਸ ਨੇ ਲੋਕਾਂ ਦੀਆਂ ਭੀੜਾਂ ਨੂੰ ਰੋਟੀ ਖੁਆਈ, ਤੂਫ਼ਾਨਾਂ ਨੂੰ ਸ਼ਾਂਤ ਕੀਤਾ, ਬੀਮਾਰਾਂ ਨੂੰ ਚੰਗਾ ਕੀਤਾ ਤੇ ਮੁਰਦਿਆਂ ਨੂੰ ਜੀ ਉਠਾਇਆ। ਇਹ ਚਮਤਕਾਰ ਕਰ ਕੇ ਯਿਸੂ ਨੇ ਸਾਬਤ ਕੀਤਾ ਕਿ ਪਰਮੇਸ਼ੁਰ ਉਨ੍ਹਾਂ ਸਾਰੇ ਦੁੱਖਾਂ ਨੂੰ ਮਿਟਾ ਦੇਵੇਗਾ ਜੋ ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਦਾ ਨਤੀਜਾ ਹਨ। ਇਸ ਤਰ੍ਹਾਂ ਉਹ ‘ਸ਼ਤਾਨ ਦੇ ਕੰਮਾਂ ਨੂੰ ਨਸ਼ਟ ਕਰੇਗਾ।’—1 ਯੂਹੰਨਾ 3:8.
7. ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹੜਾ ਕੰਮ ਕਰਨ ਦੀ ਸਿਖਲਾਈ ਦਿੱਤੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?
7 ਰਾਜ ਦੀ ਖ਼ੁਸ਼ ਖ਼ਬਰੀ ਦਾ ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਉਸ ਨੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ। ਪਹਿਲਾਂ ਉਸ ਨੇ ਆਪਣੇ 12 ਰਸੂਲਾਂ ਨੂੰ ‘ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਨ ਲਈ ਘੱਲਿਆ।’ (ਲੂਕਾ 9:1, 2) ਫਿਰ ਉਸ ਨੇ ਸੱਤਰ ਹੋਰਨਾਂ ਚੇਲਿਆਂ ਨੂੰ ਇਹ ਸੰਦੇਸ਼ ਐਲਾਨ ਕਰਨ ਲਈ ਭੇਜਿਆ: “ਪਰਮੇਸ਼ੁਰ ਦਾ ਰਾਜ ਤੁਹਾਡੇ ਨੇੜੇ ਆ ਗਿਆ ਹੈ।” (ਲੂਕਾ 10:1, 8, 9) ਜਦ ਇਨ੍ਹਾਂ ਚੇਲਿਆਂ ਨੇ ਪ੍ਰਚਾਰ ਦੇ ਕੰਮ ਵਿਚ ਮਿਲੀ ਸਫ਼ਲਤਾ ਬਾਰੇ ਯਿਸੂ ਨੂੰ ਆ ਕੇ ਦੱਸਿਆ, ਤਾਂ ਉਸ ਨੇ ਕਿਹਾ: “ਮੈਂ ਸ਼ਤਾਨ ਨੂੰ ਬਿਜਲੀ ਵਾਂਙੁ ਅਕਾਸ਼ ਤੋਂ ਡਿੱਗਾ ਹੋਇਆ ਡਿੱਠਾ।”—ਲੂਕਾ 10:17, 18.
8. ਯਿਸੂ ਦੀ ਜ਼ਿੰਦਗੀ ਤੋਂ ਕਿਹੜੀ ਗੱਲ ਸਾਫ਼ ਜ਼ਾਹਰ ਹੋਈ?
8 ਯਿਸੂ ਨੇ ਪੂਰੀ ਵਾਹ ਲਾ ਕੇ ਪ੍ਰਚਾਰ ਕੀਤਾ ਅਤੇ ਕੋਈ ਮੌਕਾ ਹੱਥੋਂ ਖੁੰਝਣ ਨਹੀਂ ਦਿੱਤਾ। ਉਸ ਨੇ ਇਸ ਕੰਮ ਲਈ ਦਿਨ-ਰਾਤ ਇਕ ਕਰ ਦਿੱਤਾ ਤੇ ਜ਼ਿੰਦਗੀ ਦੀਆਂ ਆਮ ਲੋੜਾਂ ਕੁਰਬਾਨ ਕਰ ਦਿੱਤੀਆਂ। ਉਸ ਨੇ ਕਿਹਾ: “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਲੂਕਾ 9:58; ਮਰਕੁਸ 6:31; ਯੂਹੰਨਾ 4:31-34) ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਯਿਸੂ ਨੇ ਦਲੇਰੀ ਨਾਲ ਪੁੰਤਿਯੁਸ ਪਿਲਾਤੁਸ ਨੂੰ ਕਿਹਾ: ‘ਮੈਂ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।’ (ਯੂਹੰਨਾ 18:37) ਉਹ ਸਿਰਫ਼ ਸਿੱਖਿਆ ਦੇਣ ਜਾਂ ਕਰਾਮਾਤਾਂ ਕਰਨ ਜਾਂ ਆਪਣੀ ਜਾਨ ਕੁਰਬਾਨ ਕਰਨ ਨਹੀਂ ਆਇਆ ਸੀ, ਸਗੋਂ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਹਕੂਮਤ ਦਾ ਪੱਖ ਪੂਰਨ ਅਤੇ ਇਹ ਦੱਸਣ ਆਇਆ ਸੀ ਕਿ ਪਰਮੇਸ਼ੁਰ ਆਪਣੇ ਰਾਜ ਦੇ ਜ਼ਰੀਏ ਆਪਣੀ ਮਰਜ਼ੀ ਪੂਰੀ ਕਰੇਗਾ।—ਯੂਹੰਨਾ 14:6.
“ਪੂਰਾ ਹੋਇਆ”
9. ਸ਼ਤਾਨ ਪਰਮੇਸ਼ੁਰ ਦੀ ਤੀਵੀਂ ਦੀ “ਸੰਤਾਨ” ਦੀ ਅੱਡੀ ਨੂੰ ਡੰਗ ਮਾਰਨ ਵਿਚ ਕਿਵੇਂ ਸਫ਼ਲ ਹੋ ਗਿਆ?
9 ਰਾਜ ਦੇ ਸੰਬੰਧ ਵਿਚ ਯਿਸੂ ਨੇ ਜੋ ਕੁਝ ਕੀਤਾ, ਉਹ ਪਰਮੇਸ਼ੁਰ ਦੇ ਦੁਸ਼ਮਣ ਸ਼ਤਾਨ ਨੂੰ ਚੰਗਾ ਨਹੀਂ ਲੱਗਾ। ਸ਼ਤਾਨ ਨੇ ਧਰਤੀ ਉੱਤੇ ਆਪਣੀ “ਸੰਤਾਨ” ਦੇ ਜ਼ਰੀਏ ਪਰਮੇਸ਼ੁਰ ਦੀ ਤੀਵੀਂ ਦੀ “ਸੰਤਾਨ” ਨੂੰ ਜਾਨੋਂ ਮਾਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ। ਯਿਸੂ ਦੇ ਪੈਦਾ ਹੋਣ ਤੋਂ ਲੈ ਕੇ ਉਸ ਦੀ ਮੌਤ ਤਕ ਸ਼ਤਾਨ ਅਤੇ ਉਸ ਦੇ ਸਾਥੀ ਯਾਨੀ ਸਿਆਸੀ ਤੇ ਧਾਰਮਿਕ ਆਗੂ ਹੱਥ ਧੋ ਕੇ ਯਿਸੂ ਪਿੱਛੇ ਪਏ ਰਹੇ। ਅਖ਼ੀਰ 33 ਈਸਵੀ ਵਿਚ ਯਿਸੂ ਦੀ ਅੱਡੀ ਨੂੰ ਡੰਗ ਮਾਰਿਆ ਗਿਆ ਜਦ ਸ਼ਤਾਨ ਨੇ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ। (ਮੱਤੀ 20:18, 19; ਲੂਕਾ 18:31-33) ਇੰਜੀਲਾਂ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਯਹੂਦਾ ਇਸਕ੍ਰਿਓਤੀ ਤੋਂ ਲੈ ਕੇ ਪ੍ਰਧਾਨ ਜਾਜਕਾਂ, ਸਦੂਕੀਆਂ, ਫ਼ਰੀਸੀਆਂ ਅਤੇ ਰੋਮੀਆਂ ਨੇ ਸ਼ਤਾਨ ਦੇ ਝਾਂਸੇ ਵਿਚ ਆ ਕੇ ਯਿਸੂ ਦੀ ਨਿੰਦਿਆ ਕੀਤੀ ਅਤੇ ਉਸ ਨੂੰ ਸੂਲੀ ਉੱਤੇ ਟੰਗ ਕੇ ਦਰਦਨਾਕ ਮੌਤ ਮਾਰਿਆ।—ਰਸੂਲਾਂ ਦੇ ਕਰਤੱਬ 2:22, 23.
10. ਯਿਸੂ ਨੇ ਆਪਣੀ ਮੌਤ ਦੁਆਰਾ ਕਿਹੜੀ ਮੁੱਖ ਗੱਲ ਪੂਰੀ ਕੀਤੀ ਸੀ?
10 ਤੁਹਾਨੂੰ ਕਿੱਦਾਂ ਲੱਗਦਾ ਹੈ ਜਦ ਤੁਸੀਂ ਸੋਚਦੇ ਹੋ ਕਿ ਯਿਸੂ ਸਲੀਬ ਉੱਤੇ ਹੌਲੀ-ਹੌਲੀ ਦਰਦਨਾਕ ਮੌਤ ਮਰਿਆ? ਤੁਸੀਂ ਸ਼ਾਇਦ ਚੇਤੇ ਕਰੋ ਕਿ ਯਿਸੂ ਨੇ ਸਾਡੇ ਵਰਗੇ ਪਾਪੀ ਲੋਕਾਂ ਲਈ ਬਿਨਾਂ ਕਿਸੇ ਸੁਆਰਥ ਦੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ। (ਮੱਤੀ 20:28; ਯੂਹੰਨਾ 15:13) ਤੁਹਾਡੇ ਦਿਲ ਸ਼ਾਇਦ ਅਹਿਸਾਨਮੰਦੀ ਨਾਲ ਭਰ ਜਾਣ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਕੇ ਸਾਡੇ ਲਈ ਕਿੰਨਾ ਪਿਆਰ ਜ਼ਾਹਰ ਕੀਤਾ ਹੈ। (ਯੂਹੰਨਾ 3:16) ਤੁਸੀਂ ਸ਼ਾਇਦ ਉਸ ਰੋਮੀ ਸੂਬੇਦਾਰ ਵਾਂਗ ਮਹਿਸੂਸ ਕਰੋ ਜਿਸ ਨੇ ਕਿਹਾ ਸੀ: “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!” (ਮੱਤੀ 27:54) ਇਸ ਤਰ੍ਹਾਂ ਸੋਚਣਾ ਚੰਗੀ ਗੱਲ ਹੈ। ਨਾਲੇ ਯਿਸੂ ਦੇ ਆਖ਼ਰੀ ਲਫ਼ਜ਼ ਵੀ ਚੇਤੇ ਕਰੋ: “ਪੂਰਾ ਹੋਇਆ ਹੈ।” (ਯੂਹੰਨਾ 19:30) ਕੀ ਪੂਰਾ ਹੋਇਆ ਸੀ? ਹਾਲਾਂਕਿ ਯਿਸੂ ਨੇ ਇਨਸਾਨ ਦੇ ਰੂਪ ਵਿਚ ਆਉਣ ਅਤੇ ਮਰਨ ਦੇ ਨਾਲ ਬਹੁਤ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਸਨ, ਪਰ ਧਰਤੀ ਉੱਤੇ ਉਸ ਦੇ ਆਉਣ ਦਾ ਮੁੱਖ ਕਾਰਨ ਯਹੋਵਾਹ ਦੀ ਹਕੂਮਤ ਸੰਬੰਧੀ ਖੜ੍ਹੇ ਹੋਏ ਮਸਲੇ ਨੂੰ ਸੁਲਝਾਉਣਾ ਸੀ। ਉਸ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ ਕਿ “ਸੰਤਾਨ” ਹੋਣ ਕਰਕੇ ਉਸ ਨੂੰ ਸ਼ਤਾਨ ਦੇ ਬੁਰੇ ਸਲੂਕ ਦਾ ਸ਼ਿਕਾਰ ਹੋਣਾ ਪਵੇਗਾ ਤਾਂਕਿ ਉਹ ਯਹੋਵਾਹ ਦੇ ਨਾਂ ਤੇ ਲੱਗੇ ਕਲੰਕ ਨੂੰ ਮਿਟਾ ਸਕੇ। (ਯਸਾਯਾਹ 53:3-7) ਇਹ ਭਾਰੀਆਂ ਜ਼ਿੰਮੇਵਾਰੀਆਂ ਸਨ ਜਿਨ੍ਹਾਂ ਨੂੰ ਯਿਸੂ ਨੇ ਪੂਰਿਆਂ ਕੀਤਾ। ਇਹ ਵਾਕਈ ਇਕ ਵੱਡੀ ਕਾਮਯਾਬੀ ਸੀ!
11. ਅਦਨ ਦੇ ਬਾਗ਼ ਵਿਚ ਕੀਤੀ ਪਹਿਲੀ ਭਵਿੱਖਬਾਣੀ ਨੂੰ ਪੂਰਾ ਕਰਨ ਲਈ ਯਿਸੂ ਕੀ ਕਰੇਗਾ?
11 ਯਿਸੂ ਦੀ ਵਫ਼ਾਦਾਰੀ ਕਾਰਨ ਉਸ ਨੂੰ ਦੁਬਾਰਾ ਜੀ ਉਠਾਇਆ ਗਿਆ। ਉਸ ਨੂੰ ਇਨਸਾਨ ਦੇ ਰੂਪ ਵਿਚ ਨਹੀਂ, ਸਗੋਂ “ਜੀਵਨ ਦਾਤਾ ਆਤਮਾ” ਦੇ ਰੂਪ ਵਿਚ ਜ਼ਿੰਦਾ ਕੀਤਾ ਗਿਆ ਸੀ। (1 ਕੁਰਿੰਥੀਆਂ 15:45; 1 ਪਤਰਸ 3:18) ਉਸ ਸਮੇਂ ਯਹੋਵਾਹ ਨੇ ਆਪਣੇ ਪੁੱਤਰ ਨਾਲ ਵਾਅਦਾ ਕੀਤਾ: “ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੀਕੁਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖਣ ਦੀ ਚੌਂਕੀ ਨਾ ਕਰ ਦਿਆਂ।” (ਜ਼ਬੂਰਾਂ ਦੀ ਪੋਥੀ 110:1) ਇਨ੍ਹਾਂ “ਵੈਰੀਆਂ” ਵਿਚ ਸ਼ਤਾਨ ਅਤੇ ਉਸ ਦੀ “ਸੰਤਾਨ” ਸ਼ਾਮਲ ਹਨ। ਯਹੋਵਾਹ ਦੇ ਰਾਜ ਦਾ ਰਾਜਾ ਹੋਣ ਦੇ ਨਾਤੇ ਯਿਸੂ ਮਸੀਹ ਸਵਰਗ ਅਤੇ ਧਰਤੀ ਦੇ ਸਾਰੇ ਬਾਗ਼ੀਆਂ ਨੂੰ ਮਿਟਾਉਣ ਵਿਚ ਅਗਵਾਈ ਕਰੇਗਾ। (ਪਰਕਾਸ਼ ਦੀ ਪੋਥੀ 12:7-9; 19:11-16; 20:1-3, 10) ਫਿਰ ਅਦਨ ਦੇ ਬਾਗ਼ ਵਿਚ ਕੀਤੀ ਉਤਪਤ 3:15 ਦੀ ਭਵਿੱਖਬਾਣੀ ਪੂਰੀ ਹੋਣ ਤੋਂ ਇਲਾਵਾ, ਯਿਸੂ ਦੀ ਆਪਣੇ ਚੇਲਿਆਂ ਨੂੰ ਸਿਖਾਈ ਇਸ ਪ੍ਰਾਰਥਨਾ ਮੁਤਾਬਕ ਪਰਮੇਸ਼ੁਰ ਦਾ ਰਾਜ ਆਵੇਗਾ ਤੇ ‘ਉਸ ਦੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇਗੀ।’—ਮੱਤੀ 6:10; ਫ਼ਿਲਿੱਪੀਆਂ 2:8-11.
ਯਿਸੂ ਦੀ ਪੈੜ ਤੇ ਤੁਰੋ
12, 13. (ੳ) ਖ਼ੁਸ਼ ਖ਼ਬਰੀ ਸੁਣਾਉਣ ਦੇ ਕੀ ਨਤੀਜੇ ਨਿਕਲੇ ਹਨ? (ਅ) ਮਸੀਹ ਦੀ ਪੈੜ ਤੇ ਤੁਰਨ ਲਈ ਸਾਨੂੰ ਆਪਣੇ ਆਪ ਤੋਂ ਕੀ ਪੁੱਛਣਾ ਚਾਹੀਦਾ ਹੈ?
12 ਯਿਸੂ ਦੇ ਕਹਿਣ ਅਨੁਸਾਰ ਅੱਜ ਸਾਰੀ ਦੁਨੀਆਂ ਦੇ ਦੇਸ਼ਾਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। (ਮੱਤੀ 24:14) ਨਤੀਜੇ ਵਜੋਂ ਲੱਖਾਂ ਹੀ ਲੋਕਾਂ ਨੇ ਆਪਣੀ ਜ਼ਿੰਦਗੀ ਪਰਮੇਸ਼ੁਰ ਨੂੰ ਸਮਰਪਿਤ ਕੀਤੀ ਹੈ। ਉਹ ਉਨ੍ਹਾਂ ਬਰਕਤਾਂ ਬਾਰੇ ਸੋਚ ਕੇ ਬਹੁਤ ਖ਼ੁਸ਼ ਹੁੰਦੇ ਹਨ ਜੋ ਪਰਮੇਸ਼ੁਰ ਦੇ ਰਾਜ ਵਿਚ ਉਨ੍ਹਾਂ ਨੂੰ ਮਿਲਣਗੀਆਂ। ਉਹ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦ ਸਾਰੀ ਧਰਤੀ ਬਾਗ਼ ਵਰਗੀ ਬਣ ਜਾਵੇਗੀ ਅਤੇ ਉਹ ਸ਼ਾਂਤੀ ਤੇ ਸੁਰੱਖਿਆ ਨਾਲ ਸਦਾ ਵਾਸਤੇ ਜੀਣਗੇ। ਉਹ ਖ਼ੁਸ਼ੀ-ਖ਼ੁਸ਼ੀ ਆਪਣੀ ਇਸ ਆਸ ਬਾਰੇ ਦੂਜਿਆਂ ਨੂੰ ਦੱਸਦੇ ਹਨ। (ਜ਼ਬੂਰਾਂ ਦੀ ਪੋਥੀ 37:11; 2 ਪਤਰਸ 3:13) ਕੀ ਤੁਸੀਂ ਵੀ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਰਹੇ ਹੋ? ਜੇ ਹਾਂ, ਤਾਂ ਤੁਸੀਂ ਕਾਬਲੇ-ਤਾਰੀਫ਼ ਹੋ। ਪਰ ਸਾਨੂੰ ਹੋਰ ਗੱਲਾਂ ਤੇ ਵੀ ਗੌਰ ਕਰਨ ਦੀ ਲੋੜ ਹੈ।
13 ਪਤਰਸ ਰਸੂਲ ਨੇ ਲਿਖਿਆ: ‘ਮਸੀਹ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ।’ (1 ਪਤਰਸ 2:21) ਧਿਆਨ ਦਿਓ ਕਿ ਪਤਰਸ ਨੇ ਇੱਥੇ ਇਹ ਨਹੀਂ ਕਿਹਾ ਕਿ ਯਿਸੂ ਪ੍ਰਚਾਰ ਵਿਚ ਕਿੰਨਾ ਜੋਸ਼ੀਲਾ ਸੀ ਜਾਂ ਸਿਖਾਉਣ ਵਿਚ ਉਹ ਕਿੰਨਾ ਮਾਹਰ ਸੀ, ਸਗੋਂ ਉਸ ਨੇ ਉਸ ਦੇ ਦੁੱਖ ਝੱਲਣ ਦਾ ਜ਼ਿਕਰ ਕੀਤਾ। ਪਤਰਸ ਇਸ ਗੱਲ ਦਾ ਚਸ਼ਮਦੀਦ ਗਵਾਹ ਸੀ ਕਿ ਯਿਸੂ ਯਹੋਵਾਹ ਦੇ ਅਧੀਨ ਰਹਿਣ ਅਤੇ ਸ਼ਤਾਨ ਨੂੰ ਝੂਠਾ ਸਾਬਤ ਕਰਨ ਲਈ ਕਿਸ ਹੱਦ ਤਕ ਦੁੱਖ ਸਹਿਣ ਲਈ ਤਿਆਰ ਸੀ। ਤਾਂ ਫਿਰ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਦੀ ਪੈੜ ਤੇ ਚੱਲ ਸਕਦੇ ਹਾਂ? ਅਸੀਂ ਆਪਣੇ ਆਪ ਨੂੰ ਪੁੱਛ ਸਕਦੇ ਹਾਂ: ‘ਯਹੋਵਾਹ ਦੀ ਹਕੂਮਤ ਦਾ ਸਮਰਥਨ ਕਰਨ ਅਤੇ ਇਸ ਦੇ ਅਧੀਨ ਹੋਣ ਲਈ ਮੈਂ ਕਿਸ ਹੱਦ ਤਕ ਦੁੱਖ ਸਹਿਣ ਲਈ ਤਿਆਰ ਹਾਂ? ਕੀ ਮੇਰੀ ਜ਼ਿੰਦਗੀ ਤੇ ਸੇਵਕਾਈ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਕਿ ਮੈਂ ਯਹੋਵਾਹ ਦਾ ਪੱਖ ਪੂਰਦਾ ਹਾਂ?’—ਕੁਲੁੱਸੀਆਂ 3:17.
14, 15. (ੳ) ਗ਼ਲਤ ਰਾਹ ਤੇ ਪਾਉਣ ਵਾਲੇ ਸੁਝਾਅ ਅਤੇ ਮੌਕੇ ਮਿਲਣ ਤੇ ਯਿਸੂ ਨੇ ਕੀ ਕੀਤਾ ਸੀ ਤੇ ਇਸ ਤਰ੍ਹਾਂ ਕਿਉਂ ਕੀਤਾ ਸੀ? (ਅ) ਸਾਡੇ ਮਨ ਵਿਚ ਕਿਹੜੀ ਗੱਲ ਹਮੇਸ਼ਾ ਸਪੱਸ਼ਟ ਹੋਣੀ ਚਾਹੀਦੀ ਹੈ? (“ਯਹੋਵਾਹ ਦਾ ਪੱਖ ਲਓ” ਡੱਬੀ ਵਿੱਚੋਂ ਟਿੱਪਣੀਆਂ ਕਰੋ।)
14 ਹਰ ਰੋਜ਼ ਸਾਨੂੰ ਕਈ ਵੱਡੇ-ਛੋਟੇ ਫ਼ੈਸਲੇ ਕਰਨੇ ਪੈਂਦੇ ਹਨ ਤੇ ਮੁਸ਼ਕਲਾਂ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ। ਕੋਈ ਫ਼ੈਸਲਾ ਕਰਨ ਵੇਲੇ ਸਾਨੂੰ ਕਿਹੜੀ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ? ਜਦ ਸਾਡੇ ਤੇ ਕੋਈ ਅਜਿਹਾ ਕੰਮ ਕਰਨ ਦਾ ਪਰਤਾਵਾ ਆਉਂਦਾ ਹੈ ਜਿਸ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਵਿਗੜ ਸਕਦਾ ਹੈ, ਤਾਂ ਅਸੀਂ ਕੀ ਕਰਦੇ ਹਾਂ? ਆਓ ਆਪਾਂ ਯਿਸੂ ਤੋਂ ਸਿੱਖੀਏ ਕਿ ਉਸ ਨੇ ਕੀ ਕੀਤਾ ਸੀ। ਜਦ ਪਤਰਸ ਨੇ ਯਿਸੂ ਨੂੰ ਝਿੜਕਿਆ ਸੀ ਕਿ ਉਹ ਮਰਨ ਦੀਆਂ ਗੱਲਾਂ ਨਾ ਕਰੇ, ਤਾਂ ਯਿਸੂ ਨੇ ਕੀ ਕਿਹਾ ਸੀ? ਉਸ ਨੇ ਕਿਹਾ: “ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।” (ਮੱਤੀ 16:21-23) ਜਦ ਸਾਨੂੰ ਕੰਮ ਦੀ ਥਾਂ ਤੇ ਤਰੱਕੀ ਦੇ ਮੌਕੇ ਪ੍ਰਦਾਨ ਕੀਤੇ ਜਾਂਦੇ ਹਨ ਜੋ ਸਾਡੇ ਮਸੀਹੀ ਕੰਮਾਂ-ਕਾਰਾਂ ਵਿਚ ਰੁਕਾਵਟ ਬਣ ਸਕਦੇ ਹਨ, ਤਾਂ ਕੀ ਅਸੀਂ ਯਿਸੂ ਦੀ ਤਰ੍ਹਾਂ ਕਰਦੇ ਹਾਂ? ਯਿਸੂ ਨੂੰ ਜਦ ਪਤਾ ਲੱਗਾ ਕਿ ਉਸ ਦੇ ਚਮਤਕਾਰਾਂ ਨੂੰ ਦੇਖਣ ਵਾਲੇ ਲੋਕ ਉਸ ਨੂੰ “ਬਦੋ ਬਦੀ ਫੜ ਕੇ ਪਾਤਸ਼ਾਹ ਬਣਾਉਣ ਲਈ ਆਉਣ ਲੱਗੇ ਹਨ,” ਤਾਂ ਯਿਸੂ ਫਟਾਫਟ ਉੱਥੋਂ ਚਲਾ ਗਿਆ।—ਯੂਹੰਨਾ 6:15.
15 ਯਿਸੂ ਨੇ ਇਨ੍ਹਾਂ ਤੇ ਹੋਰਨਾਂ ਮੌਕਿਆਂ ਤੇ ਠੋਸ ਕਦਮ ਕਿਉਂ ਚੁੱਕੇ ਸਨ? ਕਿਉਂਕਿ ਉਹ ਹਰ ਹਾਲ ਵਿਚ ਆਪਣੇ ਪਿਤਾ ਯਹੋਵਾਹ ਦੀ ਮਰਜ਼ੀ ਪੂਰੀ ਕਰ ਕੇ ਉਸ ਦਾ ਪੱਖ ਪੂਰਨਾ ਚਾਹੁੰਦਾ ਸੀ। ਇਹ ਗੱਲ ਉਸ ਨੂੰ ਆਪਣੀ ਜਾਨ ਨਾਲੋਂ ਵੀ ਜ਼ਿਆਦਾ ਪਿਆਰੀ ਸੀ ਅਤੇ ਉਹ ਇਸ ਨੂੰ ਆਪਣੇ ਫ਼ਾਇਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਸਮਝਦਾ ਸੀ। (ਮੱਤੀ 26:50-54) ਜੇਕਰ ਸਾਡੇ ਮਨ ਵਿਚ ਯਹੋਵਾਹ ਦੇ ਰਾਜ ਕਰਨ ਦੇ ਹੱਕ ਦੀ ਗੱਲ ਸਪੱਸ਼ਟ ਨਹੀਂ ਹੋਵੇਗੀ, ਤਾਂ ਅਸੀਂ ਗ਼ਲਤ ਕੰਮ ਕਰਨ ਦੇ ਫੰਦੇ ਵਿਚ ਫਸ ਸਕਦੇ ਹਾਂ। ਉਹ ਕਿਵੇਂ? ਸ਼ਤਾਨ ਆਸਾਨੀ ਨਾਲ ਸਾਨੂੰ ਆਪਣੀਆਂ ਚਾਲਾਂ ਵਿਚ ਫਸਾ ਸਕਦਾ ਹੈ ਕਿਉਂਕਿ ਉਹ ਸਹੀ ਨੂੰ ਗ਼ਲਤ ਤੇ ਗ਼ਲਤ ਨੂੰ ਸਹੀ ਦਿਖਾਉਣ ਵਿਚ ਬੜਾ ਮਾਹਰ ਹੈ। ਉਸ ਨੇ ਹੱਵਾਹ ਨਾਲ ਇਹੀ ਚਾਲ ਚੱਲੀ ਸੀ।—2 ਕੁਰਿੰਥੀਆਂ 11:14; 1 ਤਿਮੋਥਿਉਸ 2:14.
16. ਹੋਰਨਾਂ ਦੀ ਮਦਦ ਕਰਨ ਦਾ ਸਾਡਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ ਹੈ?
16 ਸੇਵਕਾਈ ਵਿਚ ਅਸੀਂ ਲੋਕਾਂ ਨਾਲ ਉਨ੍ਹਾਂ ਦੀਆਂ ਰੁਚੀਆਂ ਅਨੁਸਾਰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਜਵਾਬ ਦਿੰਦੇ ਹਾਂ। ਬਾਈਬਲ ਸਟੱਡੀ ਕਰਨ ਵਿਚ ਉਨ੍ਹਾਂ ਦੀ ਰੁਚੀ ਜਗਾਉਣ ਲਈ ਇਹ ਵਧੀਆ ਤਰੀਕਾ ਹੈ। ਪਰ ਸਾਡਾ ਉਦੇਸ਼ ਉਨ੍ਹਾਂ ਨੂੰ ਸਿਰਫ਼ ਇਹ ਜਾਣੂ ਕਰਾਉਣਾ ਨਹੀਂ ਹੈ ਕਿ ਬਾਈਬਲ ਵਿਚ ਕੀ-ਕੀ ਦੱਸਿਆ ਹੈ ਜਾਂ ਪਰਮੇਸ਼ੁਰ ਦੇ ਰਾਜ ਵਿਚ ਕਿਹੜੀਆਂ ਬਰਕਤਾਂ ਮਿਲਣਗੀਆਂ। ਸਾਡਾ ਉਦੇਸ਼ ਇਹ ਹੈ ਕਿ ਉਹ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਸੰਬੰਧੀ ਵਾਦ-ਵਿਸ਼ੇ ਨੂੰ ਸਮਝਣ। ਕੀ ਉਹ ਯਹੋਵਾਹ ਦੇ ਭਗਤ ਬਣਨ ਅਤੇ ਆਪਣੀ “ਸਲੀਬ” ਚੁੱਕ ਕੇ ਪਰਮੇਸ਼ੁਰ ਦੇ ਰਾਜ ਦੀ ਖ਼ਾਤਰ ਦੁੱਖ ਝੱਲਣ ਲਈ ਤਿਆਰ ਹੋਣਗੇ? (ਮਰਕੁਸ 8:34) ਕੀ ਉਹ ਯਹੋਵਾਹ ਦੀ ਹਕੂਮਤ ਦਾ ਪੱਖ ਲੈਣ ਵਾਲਿਆਂ ਵਿਚ ਸ਼ਾਮਲ ਹੋ ਕੇ ਸ਼ਤਾਨ ਨੂੰ ਝੂਠਾ ਤੇ ਤੁਹਮਤੀ ਸਾਬਤ ਕਰਨਗੇ? (ਕਹਾਉਤਾਂ 27:11) ਯਹੋਵਾਹ ਦਾ ਪੱਖ ਲੈਣ ਵਿਚ ਆਪਣੀ ਤੇ ਹੋਰਨਾਂ ਦੀ ਮਦਦ ਕਰਨੀ ਇਕ ਵੱਡਾ ਸਨਮਾਨ ਹੈ।—1 ਤਿਮੋਥਿਉਸ 4:16.
ਜਦ ਪਰਮੇਸ਼ੁਰ “ਸਭਨਾਂ ਵਿਚ ਸਭ ਕੁਝ” ਹੋਵੇਗਾ
17, 18. ਜੇ ਅਸੀਂ ਯਹੋਵਾਹ ਦੇ ਪੱਖ ਵਿਚ ਹਾਂ, ਤਾਂ ਅਸੀਂ ਕਿਸ ਤਰ੍ਹਾਂ ਦੇ ਸਮੇਂ ਦੀ ਉਮੀਦ ਰੱਖ ਸਕਦੇ ਹਾਂ?
17 ਜੇ ਅਸੀਂ ਆਪਣੀ ਪੂਰੀ ਵਾਹ ਲਾ ਕੇ ਆਪਣੇ ਚਾਲ-ਚਲਣ ਅਤੇ ਸੇਵਕਾਈ ਦੁਆਰਾ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਪੱਖ ਵਿਚ ਹਾਂ, ਤਾਂ ਅਸੀਂ ਉਸ ਸਮੇਂ ਵਿਚ ਜੀਣ ਦੀ ਉਮੀਦ ਰੱਖ ਸਕਦੇ ਹਾਂ ਜਦੋਂ ਯਿਸੂ ਮਸੀਹ ਆਪਣੇ ਰਾਜ ਨੂੰ “ਪਰਮੇਸ਼ੁਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ।” ਉਹ ਸਮਾਂ ਕਦ ਆਵੇਗਾ? ਪੌਲੁਸ ਰਸੂਲ ਸਮਝਾਉਂਦਾ ਹੈ: “ਜਦ ਉਹ ਨੇ ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ। ਕਿਉਂਕਿ ਜਿੰਨਾ ਚਿਰ ਉਹ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉੱਨਾ ਚਿਰ ਉਸ ਨੇ ਰਾਜ ਕਰਨਾ ਹੈ। . . . ਪੁੱਤ੍ਰ ਆਪ ਵੀ ਉਸ ਦੇ ਅਧੀਨ ਹੋਵੇਗਾ ਜਿਹ ਨੇ ਸੱਭੋ ਕੁਝ ਉਹ ਦੇ ਅਧੀਨ ਕਰ ਦਿੱਤਾ ਭਈ ਪਰਮੇਸ਼ੁਰ ਸਭਨਾਂ ਵਿੱਚ ਸਭ ਕੁਝ ਹੋਵੇ।”—1 ਕੁਰਿੰਥੀਆਂ 15:24, 25, 28.
18 ਜਦ ਪਰਮੇਸ਼ੁਰ “ਸਭਨਾਂ ਵਿੱਚ ਸਭ ਕੁਝ” ਹੋਵੇਗਾ, ਤਾਂ ਉਹ ਕਿੰਨਾ ਵਧੀਆ ਸਮਾਂ ਹੋਵੇਗਾ! ਪਰਮੇਸ਼ੁਰ ਦੇ ਰਾਜ ਦਾ ਮਕਸਦ ਪੂਰਾ ਹੋ ਚੁੱਕਾ ਹੋਵੇਗਾ। ਯਹੋਵਾਹ ਦੀ ਹਕੂਮਤ ਦੇ ਸਾਰੇ ਵਿਰੋਧੀ ਨਾਸ਼ ਹੋ ਚੁੱਕੇ ਹੋਣਗੇ। ਸਾਰੇ ਵਿਸ਼ਵ ਵਿਚ ਅਮਨ-ਚੈਨ ਕਾਇਮ ਹੋ ਚੁੱਕਾ ਹੋਵੇਗਾ। ਜ਼ਬੂਰਾਂ ਦੇ ਲਿਖਾਰੀ ਦੀ ਤਰ੍ਹਾਂ ਸਾਰੀ ਸ੍ਰਿਸ਼ਟੀ ਯਹੋਵਾਹ ਦੀ ਉਸਤਤ ਦੇ ਗੀਤ ਗਾਵੇਗੀ: “ਪਰਤਾਪ ਯਹੋਵਾਹ ਦੇ ਨਾਮ ਦਾ ਮੰਨੋ, . . . ਕੌਮਾਂ ਵਿੱਚ ਆਖੋ ਭਈ ਯਹੋਵਾਹ ਰਾਜ ਕਰਦਾ ਹੈ।”—ਜ਼ਬੂਰਾਂ ਦੀ ਪੋਥੀ 96:8, 10.
ਕੀ ਤੁਸੀਂ ਦੱਸ ਸਕਦੇ ਹੋ?
• ਯਿਸੂ ਨੇ ਪਰਮੇਸ਼ੁਰ ਦੀ ਹਕੂਮਤ ਨੂੰ ਕਿਵੇਂ ਅਹਿਮੀਅਤ ਦਿੱਤੀ?
• ਯਿਸੂ ਨੇ ਆਪਣੀ ਸੇਵਕਾਈ ਅਤੇ ਮੌਤ ਦੁਆਰਾ ਕਿਹੜੀ ਮੁੱਖ ਗੱਲ ਪੂਰੀ ਕੀਤੀ?
• ਯਿਸੂ ਦੀ ਪੈੜ ਤੇ ਚੱਲ ਕੇ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਪੱਖ ਵਿਚ ਹਾਂ?
[ਸਫ਼ਾ 29 ਉੱਤੇ ਡੱਬੀ/ਤਸਵੀਰਾਂ]
ਯਹੋਵਾਹ ਦਾ ਪੱਖ ਲਓ
ਕੋਰੀਆ ਅਤੇ ਹੋਰਨਾਂ ਥਾਵਾਂ ਤੇ ਰਹਿੰਦੇ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਜਦ ਉਹ ਸਖ਼ਤ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ, ਤਾਂ ਇਹ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ ਕਿ ਉਨ੍ਹਾਂ ਉੱਤੇ ਅਜ਼ਮਾਇਸ਼ਾਂ ਕਿਉਂ ਆਉਂਦੀਆਂ ਹਨ।
ਸੋਵੀਅਤ ਰੂਸ ਦੇ ਸ਼ਾਸਨ ਦੌਰਾਨ ਜੇਲ੍ਹ ਵਿਚ ਬੰਦ ਰਹਿ ਚੁੱਕੇ ਯਹੋਵਾਹ ਦੇ ਇਕ ਗਵਾਹ ਨੇ ਕਿਹਾ: “ਅਸੀਂ ਮੁਸ਼ਕਲਾਂ ਇਸ ਲਈ ਸਹਿ ਸਕੇ ਕਿਉਂਕਿ ਸਾਨੂੰ ਪਰਮੇਸ਼ੁਰ ਦੇ ਰਾਜ ਕਰਨ ਦੇ ਹੱਕ ਦੇ ਵਾਦ-ਵਿਸ਼ੇ ਦੀ ਸਪੱਸ਼ਟ ਸਮਝ ਸੀ ਜੋ ਵਾਦ-ਵਿਸ਼ਾ ਅਦਨ ਦੇ ਬਾਗ਼ ਵਿਚ ਉੱਠਿਆ ਸੀ। . . . ਸਾਡੇ ਕੋਲ ਯਹੋਵਾਹ ਦੀ ਹਕੂਮਤ ਦਾ ਪੱਖ ਪੂਰਨ ਦਾ ਮੌਕਾ ਸੀ। . . .ਇਸ ਕਰਕੇ ਅਸੀਂ ਸਖ਼ਤ ਅਜ਼ਮਾਇਸ਼ਾਂ ਦੇ ਬਾਵਜੂਦ ਦ੍ਰਿੜ੍ਹ ਰਹੇ ਤੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿ ਸਕੇ।”
ਇਕ ਹੋਰ ਗਵਾਹ ਦੱਸਦਾ ਹੈ ਕਿ ਲੇਬਰ ਕੈਂਪ ਵਿਚ ਉਸ ਦੀ ਤੇ ਹੋਰਨਾਂ ਦੀ ਕਿਹੜੀ ਗੱਲ ਨੇ ਮਦਦ ਕੀਤੀ: “ਯਹੋਵਾਹ ਸਾਡਾ ਸਹਾਰਾ ਸੀ। ਮੁਸ਼ਕਲ ਹਾਲਾਤਾਂ ਦੇ ਬਾਵਜੂਦ ਅਸੀਂ ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਇਕ-ਦੂਜੇ ਨੂੰ ਇਹ ਗੱਲ ਚੇਤੇ ਕਰਾ ਕੇ ਹੌਸਲਾ ਦਿੰਦੇ ਸੀ ਕਿ ਅਸੀਂ ਯਹੋਵਾਹ ਦੀ ਹਕੂਮਤ ਦੇ ਪੱਖ ਵਿਚ ਖੜ੍ਹੇ ਹਾਂ।”
[ਸਫ਼ਾ 26 ਉੱਤੇ ਤਸਵੀਰ]
ਜਦ ਸ਼ਤਾਨ ਨੇ ਯਿਸੂ ਨੂੰ ਪਰਤਾਇਆ ਸੀ, ਤਾਂ ਯਿਸੂ ਨੇ ਯਹੋਵਾਹ ਦੀ ਹਕੂਮਤ ਦਾ ਪੱਖ ਕਿਵੇਂ ਲਿਆ?
[ਸਫ਼ਾ 28 ਉੱਤੇ ਤਸਵੀਰ]
ਯਿਸੂ ਦੀ ਮੌਤ ਨਾਲ ਕਿਹੜੀ ਗੱਲ ਪੂਰੀ ਹੋਈ?