ਅਧਿਐਨ ਲੇਖ 26
ਲੋਕਾਂ ਨੂੰ ਸੱਚਾਈ ਸਿਖਾਓ ਅਤੇ ਚੇਲੇ ਬਣਾਓ
‘ਪਰਮੇਸ਼ੁਰ ਹੀ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਨ ਦੇ ਨਾਲ-ਨਾਲ ਤੁਹਾਨੂੰ ਤਾਕਤ ਬਖ਼ਸ਼ਦਾ ਹੈ।’—ਫ਼ਿਲਿ. 2:13.
ਗੀਤ 64 ਖ਼ੁਸ਼ੀ ਨਾਲ ਵਾਢੀ ਕਰੋ
ਖ਼ਾਸ ਗੱਲਾਂa
1. ਯਹੋਵਾਹ ਨੇ ਤੁਹਾਡੇ ਲਈ ਕੀ-ਕੀ ਕੀਤਾ ਹੈ?
ਤੁਸੀਂ ਯਹੋਵਾਹ ਦੇ ਗਵਾਹ ਕਿਵੇਂ ਬਣੇ? ਸ਼ਾਇਦ ਤੁਸੀਂ ਆਪਣੇ ਮਾਤਾ-ਪਿਤਾ, ਨਾਲ ਕੰਮ ਕਰਨ ਵਾਲਿਆਂ ਜਾਂ ਨਾਲ ਪੜ੍ਹਨ ਵਾਲਿਆਂ ਤੋਂ ਸੱਚਾਈ ਬਾਰੇ ਸੁਣਿਆ ਹੋਵੇ। ਜਾਂ ਫਿਰ ਕਿਸੇ ਗਵਾਹ ਨੇ ਤੁਹਾਡੇ ਘਰ ਆ ਕੇ ਬਾਈਬਲ ਵਿੱਚੋਂ “ਖ਼ੁਸ਼ ਖ਼ਬਰੀ” ਦੱਸੀ ਹੋਵੇਗੀ। (ਮਰ. 13:10) ਜਦੋਂ ਤੁਸੀਂ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਕਿਸੇ ਨੇ ਤੁਹਾਨੂੰ ਸਿਖਾਉਣ ਲਈ ਬਹੁਤ ਮਿਹਨਤ ਕੀਤੀ ਅਤੇ ਆਪਣਾ ਬਹੁਤ ਸਮਾਂ ਦਿੱਤਾ। ਸਟੱਡੀ ਦੌਰਾਨ ਤੁਸੀਂ ਸਿੱਖਿਆ ਕਿ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਤੁਸੀਂ ਵੀ ਉਸ ਨੂੰ ਪਿਆਰ ਕਰਨ ਲੱਗੇ। ਯਹੋਵਾਹ ਨੇ ਤੁਹਾਨੂੰ ਸੱਚਾਈ ਵੱਲ ਖਿੱਚਿਆ ਅਤੇ ਅੱਜ ਤੁਸੀਂ ਇਕ ਗਵਾਹ ਹੋ ਜਿਸ ਕਰਕੇ ਤੁਹਾਡੇ ਕੋਲ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਹੈ। (ਯੂਹੰ. 6:44) ਤੁਸੀਂ ਯਹੋਵਾਹ ਦੇ ਬਹੁਤ ਸ਼ੁਕਰਗੁਜ਼ਾਰ ਹੋ ਕਿ ਉਸ ਨੇ ਕਿਸੇ ਦੇ ਜ਼ਰੀਏ ਤੁਹਾਡੇ ਤਕ ਸੱਚਾਈ ਪਹੁੰਚਾਈ ਅਤੇ ਉਸ ਨੇ ਤੁਹਾਨੂੰ ਆਪਣਾ ਸੇਵਕ ਮੰਨਿਆ।
2. ਇਸ ਲੇਖ ਵਿਚ ਕੀ-ਕੀ ਦੱਸਿਆ ਜਾਵੇਗਾ?
2 ਸਾਨੂੰ ਸੱਚਾਈ ਪਤਾ ਲੱਗ ਗਈ ਹੈ, ਇਸ ਲਈ ਹੁਣ ਸਾਡੀ ਵਾਰੀ ਹੈ ਕਿ ਅਸੀਂ ਦੂਜਿਆਂ ਨੂੰ ਸੱਚਾਈ ਬਾਰੇ ਦੱਸੀਏ ਤਾਂਕਿ ਉਹ ਵੀ ਜ਼ਿੰਦਗੀ ਦੇ ਰਾਹ ʼਤੇ ਚੱਲ ਸਕਣ। ਹੋ ਸਕਦਾ ਹੈ ਕਿ ਸਾਨੂੰ ਘਰ-ਘਰ ਪ੍ਰਚਾਰ ਕਰਨਾ ਆਸਾਨ ਲੱਗਦਾ ਹੋਵੇ। ਪਰ ਕਿਸੇ ਨੂੰ ਸਟੱਡੀ ਕਰਨ ਲਈ ਪੁੱਛਣਾ ਜਾਂ ਉਸ ਨੂੰ ਸਟੱਡੀ ਕਰਾਉਣਾ ਸ਼ਾਇਦ ਮੁਸ਼ਕਲ ਲੱਗਦਾ ਹੋਵੇ। ਕੀ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹੈ? ਇਸ ਲੇਖ ਵਿਚ ਤੁਹਾਡੀ ਮਦਦ ਕਰਨ ਲਈ ਕੁਝ ਸੁਝਾਅ ਦਿੱਤੇ ਗਏ ਹਨ। ਇਸ ਵਿਚ ਦੱਸਿਆ ਗਿਆ ਹੈ ਕਿ ਕਿਹੜੀ ਗੱਲ ਸਾਨੂੰ ਚੇਲੇ ਬਣਾਉਣ ਦਾ ਕੰਮ ਕਰਨ ਲਈ ਪ੍ਰੇਰਦੀ ਹੈ ਅਤੇ ਕਿਹੜੀਆਂ ਮੁਸ਼ਕਲਾਂ ਕਰਕੇ ਸ਼ਾਇਦ ਅਸੀਂ ਸਟੱਡੀ ਕਰਾਉਣ ਤੋਂ ਪਿੱਛੇ ਹਟ ਜਾਈਏ। ਪਰ ਆਓ ਆਪਾਂ ਸਭ ਤੋਂ ਪਹਿਲਾਂ ਦੇਖੀਏ ਕਿ ਚੇਲੇ ਬਣਾਉਣ ਲਈ ਸਿਰਫ਼ ਪ੍ਰਚਾਰ ਕਰਨਾ ਕਾਫ਼ੀ ਨਹੀਂ ਹੈ, ਸਗੋਂ ਲੋਕਾਂ ਨੂੰ ਸਿਖਾਉਣਾ ਵੀ ਜ਼ਰੂਰੀ ਹੈ।
ਯਿਸੂ ਨੇ ਸਾਨੂੰ ਪ੍ਰਚਾਰ ਕਰਨ ਅਤੇ ਸਿਖਾਉਣ ਦਾ ਹੁਕਮ ਦਿੱਤਾ
3. ਅਸੀਂ ਪ੍ਰਚਾਰ ਕਿਉਂ ਕਰਦੇ ਹਾਂ?
3 ਧਰਤੀ ʼਤੇ ਹੁੰਦਿਆਂ ਯਿਸੂ ਨੇ ਆਪਣੇ ਚੇਲਿਆਂ ਨੂੰ ਇਕ ਕੰਮ ਕਰਨ ਦਾ ਹੁਕਮ ਦਿੱਤਾ ਸੀ ਜਿਸ ਵਿਚ ਦੋ ਗੱਲਾਂ ਸ਼ਾਮਲ ਸਨ। ਪਹਿਲੀ ਗੱਲ, ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕਿਹਾ ਅਤੇ ਇਹ ਵੀ ਦੱਸਿਆ ਕਿ ਇਹ ਕੰਮ ਕਿਵੇਂ ਕਰਨਾ ਹੈ। (ਮੱਤੀ 10:7; ਲੂਕਾ 8:1) ਉਦਾਹਰਣ ਲਈ, ਜੇ ਲੋਕ ਇਹ ਖ਼ੁਸ਼ ਖ਼ਬਰੀ ਨਾ ਸੁਣਦੇ, ਤਾਂ ਚੇਲਿਆਂ ਨੇ ਕੀ ਕਰਨਾ ਸੀ ਅਤੇ ਜੇ ਸੁਣਦੇ, ਤਾਂ ਉਨ੍ਹਾਂ ਨੇ ਕੀ ਕਰਨਾ ਸੀ। (ਲੂਕਾ 9:2-5) ਯਿਸੂ ਨੇ ਇਹ ਵੀ ਕਿਹਾ ਕਿ “ਸਾਰੀਆਂ ਕੌਮਾਂ ਨੂੰ ਗਵਾਹੀ” ਦਿੱਤੀ ਜਾਵੇਗੀ। ਇਸ ਤੋਂ ਪਤਾ ਲੱਗਦਾ ਹੈ ਕਿ ਪ੍ਰਚਾਰ ਦਾ ਕੰਮ ਧਰਤੀ ਦੇ ਕੋਨੇ-ਕੋਨੇ ਵਿਚ ਕੀਤਾ ਜਾਵੇਗਾ। (ਮੱਤੀ 24:14; ਰਸੂ. 1:8) ਭਾਵੇਂ ਲੋਕ ਉਨ੍ਹਾਂ ਦੀ ਸੁਣਦੇ ਜਾਂ ਨਾ ਸੁਣਦੇ, ਫਿਰ ਵੀ ਉਸ ਦੇ ਚੇਲਿਆਂ ਨੇ ਪਰਮੇਸ਼ੁਰ ਦੇ ਰਾਜ ਬਾਰੇ ਗਵਾਹੀ ਦੇਣੀ ਸੀ ਅਤੇ ਇਹ ਵੀ ਦੱਸਣਾ ਸੀ ਕਿ ਇਹ ਰਾਜ ਕੀ-ਕੀ ਕਰੇਗਾ।
4. ਮੱਤੀ 28:18-20 ਮੁਤਾਬਕ ਸਾਨੂੰ ਪ੍ਰਚਾਰ ਕਰਨ ਤੋਂ ਇਲਾਵਾ ਹੋਰ ਕੀ ਕਰਨਾ ਚਾਹੀਦਾ?
4 ਦੂਜੀ ਗੱਲ ਕਿਹੜੀ ਸੀ ਜਿਸ ਦਾ ਹੁਕਮ ਯਿਸੂ ਨੇ ਦਿੱਤਾ ਸੀ? ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਲੋਕਾਂ ਨੂੰ ਉਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਸਿਖਾਉਣ ਜਿਹੜੇ ਹੁਕਮ ਯਿਸੂ ਨੇ ਦਿੱਤੇ ਸਨ। ਕੁਝ ਲੋਕ ਕਹਿੰਦੇ ਹਨ ਕਿ ਚੇਲੇ ਬਣਾਉਣ ਦਾ ਕੰਮ ਸਿਰਫ਼ ਪਹਿਲੀ ਸਦੀ ਦੇ ਮਸੀਹੀਆਂ ਨੇ ਕਰਨਾ ਸੀ, ਪਰ ਇੱਦਾਂ ਨਹੀਂ ਹੈ। ਇਹ ਸੱਚ ਹੈ ਕਿ ਯਿਸੂ ਨੇ ਚੇਲੇ ਬਣਾਉਣ ਦਾ ਕੰਮ ਆਪਣੇ 500 ਤੋਂ ਜ਼ਿਆਦਾ ਚੇਲਿਆਂ ਨੂੰ ਸੌਂਪਿਆ ਸੀ। (1 ਕੁਰਿੰ. 15:6) ਪਰ ਉਸ ਨੇ ਇਹ ਵੀ ਕਿਹਾ ਸੀ ਕਿ ਇਹ ਕੰਮ “ਯੁਗ ਦੇ ਆਖ਼ਰੀ ਸਮੇਂ ਤਕ” ਯਾਨੀ ਸਾਡੇ ਸਮੇਂ ਤਕ ਚੱਲੇਗਾ। (ਮੱਤੀ 28:18-20 ਪੜ੍ਹੋ।) ਇਸ ਤੋਂ ਇਲਾਵਾ, ਯਿਸੂ ਨੇ ਯੂਹੰਨਾ ਰਸੂਲ ਨੂੰ ਦਿਖਾਏ ਦਰਸ਼ਣ ਵਿਚ ਜ਼ਾਹਰ ਕੀਤਾ ਕਿ ਉਸ ਦੇ ਸਾਰੇ ਚੇਲਿਆਂ ਨੇ ਲੋਕਾਂ ਨੂੰ ਯਹੋਵਾਹ ਬਾਰੇ ਸਿਖਾਉਣਾ ਹੈ।—ਪ੍ਰਕਾ. 22:17.
5. ਪਹਿਲਾ ਕੁਰਿੰਥੀਆਂ 3:6-9 ਮੁਤਾਬਕ ਪੌਲੁਸ ਰਸੂਲ ਨੇ ਕਿਹੜੀ ਮਿਸਾਲ ਦੇ ਕੇ ਸਮਝਾਇਆ ਕਿ ਪ੍ਰਚਾਰ ਕਰਨਾ ਅਤੇ ਸਿਖਾਉਣਾ ਦੋਵੇਂ ਜ਼ਰੂਰੀ ਹਨ?
5 ਪੌਲੁਸ ਰਸੂਲ ਨੇ ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਖੇਤੀ-ਬਾੜੀ ਦੇ ਕੰਮ ਨਾਲ ਕੀਤੀ ਸੀ। ਉਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਿਹਾ: “ਮੈਂ ਬੀ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ . . . ਤੁਸੀਂ ਹੀ ਪਰਮੇਸ਼ੁਰ ਦਾ ਖੇਤ ਹੋ ਜਿਸ ਵਿਚ ਉਹ ਖੇਤੀ ਕਰ ਰਿਹਾ ਹੈ।” (1 ਕੁਰਿੰਥੀਆਂ 3:6-9 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ‘ਪਰਮੇਸ਼ੁਰ ਦੇ ਖੇਤ’ ਵਿਚ ਕੰਮ ਕਰਨ ਵਾਲਿਆਂ ਵਜੋਂ ਸਾਡੇ ਲਈ ਸਿਰਫ਼ ਬੀ ਬੀਜਣਾ ਹੀ ਕਾਫ਼ੀ ਨਹੀਂ, ਸਗੋਂ ਪਾਣੀ ਦੇਣਾ ਵੀ ਜ਼ਰੂਰੀ ਹੈ। ਜਦੋਂ ਅਸੀਂ ਪ੍ਰਚਾਰ ਕਰਦੇ ਹਾਂ, ਤਾਂ ਬੀ ਬੀਜਦੇ ਹਾਂ ਅਤੇ ਜਦੋਂ ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ, ਤਾਂ ਪਾਣੀ ਦਿੰਦੇ ਹਾਂ ਅਤੇ ਸਮੇਂ-ਸਮੇਂ ਤੇ ਦੇਖਦੇ ਹਾਂ ਕਿ ਬੀ ਪੁੰਗਰਿਆ ਹੈ ਜਾਂ ਨਹੀਂ। (ਯੂਹੰ. 4:35) ਪਰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਯਹੋਵਾਹ ਹੀ ਬੀ ਨੂੰ ਵਧਾਉਂਦਾ ਹੈ ਯਾਨੀ ਉਹੀ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ।
6. ਲੋਕਾਂ ਨੂੰ ਸਿਖਾਉਣ ਲਈ ਸਾਨੂੰ ਕੀ-ਕੀ ਕਰਨਾ ਚਾਹੀਦਾ ਹੈ?
6 ਅਸੀਂ ਸਾਰੇ ਅਜਿਹੇ ਲੋਕਾਂ ਦੀ ਤਲਾਸ਼ ਕਰ ਰਹੇ ਹਾਂ ਜੋ “ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ” ਹਨ। (ਰਸੂ. 13:48) ਅਸੀਂ ਚਾਹੁੰਦੇ ਹਾਂ ਕਿ ਇਹ ਲੋਕ ਯਿਸੂ ਦੇ ਚੇਲੇ ਬਣਨ। ਇਸ ਲਈ ਸਾਨੂੰ ਉਨ੍ਹਾਂ ਦੀ ਮਦਦ ਕਰਨੀ ਪਵੇਗੀ ਕਿ ਉਹ ਬਾਈਬਲ ਤੋਂ ਸਿੱਖੀਆਂ ਗੱਲਾਂ ਨੂੰ (1) ਸਮਝਣ, (2) ਉਨ੍ਹਾਂ ਨੂੰ ਮੰਨਣ ਅਤੇ (3) ਉਨ੍ਹਾਂ ਮੁਤਾਬਕ ਆਪਣੀ ਜ਼ਿੰਦਗੀ ਜੀਉਣ। (ਯੂਹੰ. 17:3; ਕੁਲੁ. 2:6, 7; 1 ਥੱਸ. 2:13) ਜਦੋਂ ਨਵੇਂ ਲੋਕ ਮੀਟਿੰਗਾਂ ਵਿਚ ਆਉਂਦੇ ਹਨ, ਤਾਂ ਮੰਡਲੀ ਦੇ ਭੈਣ-ਭਰਾ ਉਨ੍ਹਾਂ ਦਾ ਸੁਆਗਤ ਕਰ ਸਕਦੇ ਹਨ ਅਤੇ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆ ਸਕਦੇ ਹਨ। (ਯੂਹੰ. 13:35) ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਨੂੰ ਸ਼ਾਇਦ ਬਹੁਤ ਮਿਹਨਤ ਕਰਨੀ ਪਵੇ ਅਤੇ ਕਾਫ਼ੀ ਸਮਾਂ ਦੇਣਾ ਪਵੇ ਤਾਂਕਿ ਉਸ ਦਾ ਵਿਦਿਆਰਥੀ “ਕਿਲਿਆਂ ਵਰਗੇ ਮਜ਼ਬੂਤ” ਵਿਸ਼ਵਾਸਾਂ ਜਾਂ ਕੰਮਾਂ ਨੂੰ ਛੱਡ ਸਕੇ। (2 ਕੁਰਿੰ. 10:4, 5) ਸ਼ਾਇਦ ਇਕ ਵਿਦਿਆਰਥੀ ਨੂੰ ਬਦਲਾਅ ਕਰਨ ਅਤੇ ਬਪਤਿਸਮਾ ਲੈਣ ਵਿਚ ਕਈ ਮਹੀਨੇ ਲੱਗ ਜਾਣ। ਪਰ ਉਸ ਦੀ ਮਦਦ ਕਰਨ ਲਈ ਅਸੀਂ ਜੋ ਵੀ ਮਿਹਨਤ ਕਰਾਂਗੇ ਉਹ ਬੇਕਾਰ ਨਹੀਂ ਜਾਵੇਗੀ, ਸਗੋਂ ਉਸ ਦੇ ਵਧੀਆ ਨਤੀਜੇ ਨਿਕਲਣਗੇ।
ਪਿਆਰ ਹੋਣ ਕਰਕੇ ਅਸੀਂ ਚੇਲੇ ਬਣਾਉਣ ਦਾ ਕੰਮ ਕਰਦੇ ਹਾਂ
7. ਕਿਹੜੀ ਗੱਲ ਕਰਕੇ ਅਸੀਂ ਪ੍ਰਚਾਰ ਕਰਦੇ ਅਤੇ ਸਿਖਾਉਂਦੇ ਹਾਂ?
7 ਅਸੀਂ ਲੋਕਾਂ ਨੂੰ ਕਿਉਂ ਪ੍ਰਚਾਰ ਕਰਦੇ ਤੇ ਸਿਖਾਉਂਦੇ ਹਾਂ ਤਾਂਕਿ ਉਹ ਚੇਲੇ ਬਣ ਸਕਣ? ਪਹਿਲੀ ਗੱਲ, ਕਿਉਂਕਿ ਅਸੀਂ ਯਹੋਵਾਹ ਨੂੰ ਪਿਆਰ ਕਰਦੇ ਹਾਂ। ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਲੋਕਾਂ ਨੂੰ ਸਿਖਾਉਂਦੇ ਹੋ, ਤਾਂ ਇਸ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਯਹੋਵਾਹ ਨਾਲ ਪਿਆਰ ਕਰਦੇ ਹੋ। (1 ਯੂਹੰ. 5:3) ਜ਼ਰਾ ਸੋਚੋ: ਯਹੋਵਾਹ ਨਾਲ ਪਿਆਰ ਹੋਣ ਕਰਕੇ ਹੀ ਤੁਸੀਂ ਘਰ-ਘਰ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ। ਕੀ ਇਹ ਹੁਕਮ ਮੰਨਣਾ ਆਸਾਨ ਸੀ? ਸ਼ਾਇਦ ਨਹੀਂ। ਜਦੋਂ ਤੁਸੀਂ ਪਹਿਲੇ ਘਰ ਪ੍ਰਚਾਰ ਕਰਨ ਗਏ, ਤਾਂ ਕੀ ਤੁਸੀਂ ਘਬਰਾਏ ਹੋਏ ਸੀ? ਹਾਂ, ਪਰ ਤੁਸੀਂ ਜਾਣਦੇ ਸੀ ਕਿ ਇਹ ਕੰਮ ਤੁਹਾਨੂੰ ਯਿਸੂ ਨੇ ਦਿੱਤਾ ਹੈ। ਇਸ ਲਈ ਤੁਸੀਂ ਉਸ ਦਾ ਹੁਕਮ ਮੰਨਿਆ ਅਤੇ ਅੱਜ ਤੁਸੀਂ ਆਸਾਨੀ ਨਾਲ ਪ੍ਰਚਾਰ ਕਰ ਰਹੇ ਹੋ। ਪਰ ਜਦੋਂ ਬਾਈਬਲ ਸਟੱਡੀ ਕਰਾਉਣ ਦੀ ਗੱਲ ਆਉਂਦੀ ਹੈ, ਤਾਂ ਹੋ ਸਕਦਾ ਹੈ ਕਿ ਇਸ ਬਾਰੇ ਸੋਚ ਕੇ ਹੀ ਤੁਹਾਨੂੰ ਘਬਰਾਹਟ ਹੋਣ ਲੱਗੇ। ਪਰ ਜੇ ਤੁਹਾਡੇ ਵਿਚ ਬਾਈਬਲ ਸਟੱਡੀ ਕਰਾਉਣ ਦੀ ਇੱਛਾ ਹੈ, ਤਾਂ ਤੁਸੀਂ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕਰ ਸਕਦੇ ਹੋ। ਉਹ ਤੁਹਾਡੀ ਘਬਰਾਹਟ ਦੂਰ ਕਰੇਗਾ ਅਤੇ ਤੁਹਾਨੂੰ ਹਿੰਮਤ ਦੇਵੇਗਾ ਤਾਂਕਿ ਤੁਸੀਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕੋ।
8. ਮਰਕੁਸ 6:34 ਮੁਤਾਬਕ ਕਿਹੜੀ ਗੱਲ ਕਰਕੇ ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ?
8 ਦੂਜੀ ਗੱਲ, ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਨੂੰ ਸੱਚਾਈ ਸਿਖਾਉਂਦੇ ਹਾਂ। ਇਕ ਵਾਰ ਯਿਸੂ ਅਤੇ ਉਸ ਦੇ ਚੇਲੇ ਪ੍ਰਚਾਰ ਕਰ ਕੇ ਬਹੁਤ ਥੱਕ ਗਏ ਸਨ। ਉਹ ਆਰਾਮ ਕਰਨਾ ਚਾਹੁੰਦੇ ਸਨ, ਪਰ ਇਕ ਵੱਡੀ ਭੀੜ ਉਨ੍ਹਾਂ ਦੇ ਪਿੱਛੇ-ਪਿੱਛੇ ਆ ਗਈ। ਉਨ੍ਹਾਂ ʼਤੇ ਤਰਸ ਖਾ ਕੇ ਯਿਸੂ “ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗ ਪਿਆ।” (ਮਰਕੁਸ 6:34 ਪੜ੍ਹੋ।) ਯਿਸੂ ਨੇ ਉਨ੍ਹਾਂ ਦੀ ਹਾਲਤ ਸਮਝੀ, ਉਸ ਨੇ ਦੇਖਿਆ ਕਿ ਉਹ ਕਿੰਨੀ ਤਕਲੀਫ਼ ਵਿਚ ਹਨ। ਇਸੇ ਕਰਕੇ ਥੱਕੇ ਹੋਣ ਦੇ ਬਾਵਜੂਦ ਉਸ ਨੇ ਉਨ੍ਹਾਂ ਨੂੰ ਸਿਖਾਇਆ। ਅੱਜ ਲੋਕਾਂ ਦੀ ਹਾਲਾਤ ਵੀ ਕੁਝ ਇਸੇ ਤਰ੍ਹਾਂ ਦੀ ਹੈ। ਦੇਖਣ ਨੂੰ ਸ਼ਾਇਦ ਉਹ ਬਹੁਤ ਖ਼ੁਸ਼ ਨਜ਼ਰ ਆਉਣ, ਪਰ ਉਹ ਵੀ ਤਕਲੀਫ਼ ਵਿਚ ਹਨ। ਉਹ ਅਜਿਹੀਆਂ ਭੇਡਾਂ ਵਾਂਗ ਹਨ ਜੋ ਚਰਵਾਹੇ ਬਿਨਾਂ ਇੱਧਰ-ਉੱਧਰ ਭਟਕ ਰਹੀਆਂ ਹਨ। ਪੌਲੁਸ ਨੇ ਅਜਿਹੇ ਲੋਕਾਂ ਬਾਰੇ ਕਿਹਾ ਸੀ ਕਿ ਉਨ੍ਹਾਂ ਕੋਲ ਕੋਈ ਉਮੀਦ ਨਹੀਂ ਹੈ ਅਤੇ ਉਹ ਪਰਮੇਸ਼ੁਰ ਬਾਰੇ ਨਹੀਂ ਜਾਣਦੇ। (ਅਫ਼. 2:12) ਉਹ ਉਸ ਰਾਹ ʼਤੇ ਹਨ “ਜਿਹੜਾ ਨਾਸ਼ ਵੱਲ ਜਾਂਦਾ ਹੈ।” (ਮੱਤੀ 7:13) ਜਦੋਂ ਅਸੀਂ ਲੋਕਾਂ ਦੇ ਹਾਲਾਤ ਸਮਝਦੇ ਹਾਂ ਅਤੇ ਦੇਖਦੇ ਹਾਂ ਕਿ ਉਨ੍ਹਾਂ ਲਈ ਪਰਮੇਸ਼ੁਰ ਬਾਰੇ ਜਾਣਨਾ ਕਿੰਨਾ ਜ਼ਰੂਰੀ ਹੈ, ਤਾਂ ਅਸੀਂ ਪਿਆਰ ਅਤੇ ਦਇਆ ਕਰਕੇ ਉਨ੍ਹਾਂ ਦੀ ਮਦਦ ਕਰਨੀ ਚਾਹਾਂਗੇ ਅਤੇ ਉਨ੍ਹਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ।
9. ਫ਼ਿਲਿੱਪੀਆਂ 2:13 ਮੁਤਾਬਕ ਯਹੋਵਾਹ ਤੁਹਾਡੀ ਮਦਦ ਕਿਵੇਂ ਕਰ ਸਕਦਾ ਹੈ?
9 ਸ਼ਾਇਦ ਤੁਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਨ ਲਈ ਪੁੱਛਣ ਤੋਂ ਝਿਜਕੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਟੱਡੀ ਕਰਾਉਣ ਅਤੇ ਸਟੱਡੀ ਦੀ ਤਿਆਰੀ ਕਰਨ ਲਈ ਤੁਹਾਨੂੰ ਕਾਫ਼ੀ ਸਮਾਂ ਕੱਢਣਾ ਪਵੇਗਾ। ਜੇ ਇਸ ਤਰ੍ਹਾਂ ਹੈ, ਤਾਂ ਯਹੋਵਾਹ ਨੂੰ ਆਪਣੇ ਦਿਲ ਦੀ ਗੱਲ ਦੱਸੋ। ਉਸ ਨੂੰ ਕਹੋ ਕਿ ਉਹ ਤੁਹਾਡੇ ਦਿਲ ਵਿਚ ਕਿਸੇ ਨੂੰ ਸਟੱਡੀ ਕਰਾਉਣ ਦੀ ਇੱਛਾ ਪੈਦਾ ਕਰੇ। (ਫ਼ਿਲਿੱਪੀਆਂ 2:13 ਪੜ੍ਹੋ।) ਯੂਹੰਨਾ ਰਸੂਲ ਨੇ ਦੱਸਿਆ ਕਿ ਜੋ ਪ੍ਰਾਰਥਨਾਵਾਂ ਯਹੋਵਾਹ ਦੀ ਇੱਛਾ ਮੁਤਾਬਕ ਕੀਤੀਆਂ ਜਾਂਦੀਆਂ ਹਨ, ਉਹ ਉਨ੍ਹਾਂ ਨੂੰ ਜ਼ਰੂਰ ਸੁਣਦਾ ਹੈ। (1 ਯੂਹੰ. 5:14, 15) ਯਹੋਵਾਹ ਤੁਹਾਡੀ ਵੀ ਪ੍ਰਾਰਥਨਾ ਸੁਣੇਗਾ ਅਤੇ ਤੁਹਾਡੇ ਦਿਲ ਵਿਚ ਲੋਕਾਂ ਨੂੰ ਸਿਖਾਉਣ ਦੀ ਇੱਛਾ ਪੈਦਾ ਕਰੇਗਾ।
ਹੋਰ ਮੁਸ਼ਕਲਾਂ ਕਿਵੇਂ ਪਾਰ ਕਰੀਏ?
10-11. ਕੁਝ ਭੈਣ-ਭਰਾ ਸ਼ਾਇਦ ਬਾਈਬਲ ਸਟੱਡੀ ਕਰਾਉਣ ਤੋਂ ਪਿੱਛੇ ਕਿਉਂ ਹਟ ਜਾਣ?
10 ਅਸੀਂ ਜਾਣਦੇ ਹਾਂ ਕਿ ਲੋਕਾਂ ਨੂੰ ਸਿਖਾਉਣਾ ਬਹੁਤ ਜ਼ਰੂਰੀ ਹੈ। ਪਰ ਇਸ ਤਰ੍ਹਾਂ ਕਰਨਾ ਆਸਾਨ ਨਹੀਂ ਹੁੰਦਾ। ਆਓ ਆਪਾਂ ਦੇਖੀਏ ਕਿ ਅਜਿਹੀਆਂ ਕਿਹੜੀਆਂ ਮੁਸ਼ਕਲਾਂ ਹਨ ਜੋ ਸਾਨੂੰ ਲੋਕਾਂ ਨੂੰ ਸਿਖਾਉਣ ਤੋਂ ਰੋਕ ਸਕਦੀਆਂ ਹਨ ਅਤੇ ਅਸੀਂ ਉਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ।
11 ਆਪਣੇ ਹਾਲਾਤਾਂ ਕਰਕੇ ਅਸੀਂ ਸ਼ਾਇਦ ਉੱਨਾ ਨਾ ਕਰ ਪਾਈਏ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਉਦਾਹਰਣ ਲਈ, ਕੁਝ ਪ੍ਰਚਾਰਕ ਸਿਆਣੀ ਉਮਰ ਦੇ ਹਨ ਜਾਂ ਉਹ ਬੀਮਾਰ ਹਨ। ਕੀ ਤੁਹਾਡੇ ਹਾਲਾਤ ਵੀ ਅਜਿਹੇ ਹਨ? ਜੇ ਹਾਂ, ਤਾਂ ਸੋਚੋ ਕਿ ਕੋਵਿਡ-19 ਮਹਾਂਮਾਰੀ ਦੌਰਾਨ ਅਸੀਂ ਕਿਹੜੀਆਂ-ਕਿਹੜੀਆਂ ਗੱਲਾਂ ਸਿੱਖੀਆਂ। ਅਸੀਂ ਆਪਣੇ ਘਰ ਬੈਠੇ-ਬੈਠੇ ਹੀ ਫ਼ੋਨ ਜਾਂ ਟੈਬਲੇਟ ਰਾਹੀਂ ਸਟੱਡੀ ਕਰਾਉਣੀ ਸਿੱਖੀ ਹੈ। ਇਨ੍ਹਾਂ ਰਾਹੀਂ ਸਟੱਡੀ ਸ਼ੁਰੂ ਕਰਨ ਅਤੇ ਸਟੱਡੀ ਕਰਾਉਣ ਦਾ ਇਕ ਹੋਰ ਫ਼ਾਇਦਾ ਹੈ। ਮੰਨ ਲਓ, ਇਕ ਵਿਅਕਤੀ ਦਿਨ ਦੌਰਾਨ ਸਮਾਂ ਨਹੀਂ ਦੇ ਪਾਉਂਦਾ ਜਦੋਂ ਜ਼ਿਆਦਾਤਰ ਭੈਣ-ਭਰਾ ਪ੍ਰਚਾਰ ਕਰਦੇ ਹਨ। ਪਰ ਉਸ ਕੋਲ ਸਵੇਰੇ-ਸਵੇਰੇ ਜਾਂ ਰਾਤ ਨੂੰ ਹੀ ਸਮਾਂ ਹੁੰਦਾ ਹੈ। ਕੀ ਤੁਸੀਂ ਉਸ ਵੇਲੇ ਉਸ ਦੀ ਸਟੱਡੀ ਕਰਾ ਸਕਦੇ ਹੋ? ਯਿਸੂ ਨਿਕੁਦੇਮੁਸ ਨੂੰ ਰਾਤ ਨੂੰ ਸਿਖਾਉਂਦਾ ਸੀ ਕਿਉਂਕਿ ਉਹ ਰਾਤ ਦੇ ਸਮੇਂ ਹੀ ਯਿਸੂ ਕੋਲ ਆਉਂਦਾ ਸੀ।—ਯੂਹੰ. 3:1, 2.
12. ਕਿਹੜੀਆਂ ਤਿੰਨ ਗੱਲਾਂ ਤੁਹਾਡੀ ਹਿੰਮਤ ਵਧਾ ਸਕਦੀਆਂ ਹਨ?
12 ਸਾਨੂੰ ਸ਼ਾਇਦ ਲੱਗੇ ਕਿ ਅਸੀਂ ਕਿਸੇ ਦੀ ਸਟੱਡੀ ਕਰਾਉਣ ਦੇ ਲਾਇਕ ਨਹੀਂ ਹਾਂ। ਸਾਨੂੰ ਸ਼ਾਇਦ ਲੱਗਦਾ ਹੈ ਕਿ ਕਿਸੇ ਦੀ ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਸਾਨੂੰ ਕਾਫ਼ੀ ਗਿਆਨ ਹੋਣਾ ਚਾਹੀਦਾ ਜਾਂ ਕਿਸੇ ਨੂੰ ਚੰਗੀ ਤਰ੍ਹਾਂ ਸਿਖਾਉਣ ਲਈ ਸਾਡੇ ਵਿਚ ਹੁਨਰ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਵੀ ਇੱਦਾਂ ਲੱਗਦਾ ਹੈ, ਤਾਂ ਤਿੰਨ ਗੱਲਾਂ ਤੁਹਾਡੀ ਹਿੰਮਤ ਵਧਾ ਸਕਦੀਆਂ ਹਨ। ਪਹਿਲੀ ਗੱਲ, ਯਹੋਵਾਹ ਤੁਹਾਨੂੰ ਦੂਜਿਆਂ ਨੂੰ ਸਿਖਾਉਣ ਦੇ ਕਾਬਲ ਸਮਝਦਾ ਹੈ। (2 ਕੁਰਿੰ. 3:5) ਦੂਸਰੀ ਗੱਲ, ਇਹ ਕੰਮ ਯਿਸੂ ਨੇ ਤੁਹਾਨੂੰ ਸੌਂਪਿਆ ਹੈ ਜਿਸ ਨੂੰ “ਸਵਰਗ ਵਿਚ ਅਤੇ ਧਰਤੀ ਉੱਤੇ ਸਾਰਾ ਅਧਿਕਾਰ” ਦਿੱਤਾ ਗਿਆ ਹੈ। (ਮੱਤੀ 28:18) ਤੀਸਰੀ ਗੱਲ, ਤੁਸੀਂ ਦੂਸਰੇ ਭੈਣਾਂ-ਭਰਾਵਾਂ ਦੀ ਮਦਦ ਲੈ ਸਕਦੇ ਹੋ। ਯਿਸੂ ਨੇ ਵੀ ਆਪਣੇ ਪਿਤਾ ਦੀ ਮਦਦ ਲਈ ਸੀ। ਉਹ ਉਹੀ ਸਿਖਾਉਂਦਾ ਸੀ ਜੋ ਉਸ ਦੇ ਪਿਤਾ ਨੇ ਉਸ ਨੂੰ ਸਿਖਾਇਆ ਸੀ। (ਯੂਹੰ. 8:28; 12:49) ਇਸ ਤੋਂ ਇਲਾਵਾ, ਤੁਸੀਂ ਆਪਣੇ ਗਰੁੱਪ ਓਵਰਸੀਅਰ, ਪਾਇਨੀਅਰ ਜਾਂ ਕਿਸੇ ਹੋਰ ਤਜਰਬੇਕਾਰ ਪ੍ਰਚਾਰਕ ਦੀ ਮਦਦ ਲੈ ਸਕਦੇ ਹੋ ਤਾਂਕਿ ਤੁਸੀਂ ਕਿਸੇ ਨਾਲ ਸਟੱਡੀ ਸ਼ੁਰੂ ਕਰ ਸਕੋ। ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੀ ਕਿਸੇ ਸਟੱਡੀ ʼਤੇ ਵੀ ਜਾ ਸਕਦੇ ਹੋ। ਉਨ੍ਹਾਂ ਤੋਂ ਸਿੱਖ ਕੇ ਤੁਹਾਡੀ ਹਿੰਮਤ ਵਧੇਗੀ।
13. ਸਾਨੂੰ ਨਵੇਂ-ਨਵੇਂ ਤਰੀਕੇ ਅਪਣਾਉਣ ਲਈ ਕਿਉਂ ਤਿਆਰ ਰਹਿਣਾ ਚਾਹੀਦਾ ਹੈ?
13 ਸ਼ਾਇਦ ਸਾਨੂੰ ਨਵੇਂ ਤਰੀਕੇ ਅਪਣਾਉਣ ਜਾਂ ਨਵੇਂ ਪ੍ਰਕਾਸ਼ਨ ਇਸਤੇਮਾਲ ਕਰਨੇ ਔਖੇ ਲੱਗਣ। ਜਦੋਂ ਤੋਂ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਆਈ ਹੈ, ਉਦੋਂ ਤੋਂ ਕਾਫ਼ੀ ਕੁਝ ਬਦਲ ਗਿਆ ਹੈ। ਸਟੱਡੀ ਦੀ ਤਿਆਰੀ ਕਰਨ ਅਤੇ ਸਟੱਡੀ ਕਰਾਉਣ ਦਾ ਤਰੀਕਾ ਵੀ ਬਦਲ ਗਿਆ ਹੈ। ਅਸੀਂ ਸਟੱਡੀ ਦੌਰਾਨ ਘੱਟ ਪੈਰੇ ਪੜ੍ਹਦੇ ਹਾਂ ਅਤੇ ਵਿਦਿਆਰਥੀ ਨਾਲ ਉਸ ਵਿਸ਼ੇ ਬਾਰੇ ਜ਼ਿਆਦਾ ਗੱਲਬਾਤ ਕਰਦੇ ਹਾਂ। ਅਸੀਂ ਵਿਦਿਆਰਥੀ ਨੂੰ ਵੀਡੀਓ ਦਿਖਾਉਂਦੇ ਹਾਂ ਅਤੇ JW ਲਾਇਬ੍ਰੇਰੀ ਐਪ ʼਤੇ ਦਿੱਤੇ ਪ੍ਰਕਾਸ਼ਨਾਂ ਨੂੰ ਵੀ ਵਰਤਦੇ ਹਾਂ। ਹੋ ਸਕਦਾ ਹੈ ਕਿ ਨਵੇਂ ਤਰੀਕੇ ਅਪਣਾਉਣੇ ਸਾਡੇ ਲਈ ਆਸਾਨ ਨਾ ਹੋਣ ਕਿਉਂਕਿ ਇਨਸਾਨ ਉਹੀ ਕਰਨਾ ਪਸੰਦ ਕਰਦਾ ਹੈ ਜੋ ਉਹ ਹਮੇਸ਼ਾ ਤੋਂ ਕਰਦਾ ਆਇਆ ਹੈ। ਇਸ ਤਰ੍ਹਾਂ ਹੋਣ ਤੇ ਅਸੀਂ ਕਿਸੇ ਨਾਲ ਗੱਲ ਕਰ ਸਕਦੇ ਹਾਂ ਅਤੇ ਉਸ ਦੀ ਮਦਦ ਲੈ ਸਕਦੇ ਹਾਂ। ਯਹੋਵਾਹ ਅਤੇ ਭੈਣਾਂ-ਭਰਾਵਾਂ ਦੀ ਮਦਦ ਨਾਲ ਅਸੀਂ ਨਵੇਂ-ਨਵੇਂ ਤਰੀਕੇ ਅਪਣਾਉਣੇ ਸਿੱਖ ਸਕਦੇ ਹਾਂ। ਫਿਰ ਸਾਨੂੰ ਸਟੱਡੀ ਕਰਾਉਣੀ ਚੰਗੀ ਲੱਗੇਗੀ। ਇਕ ਪਾਇਨੀਅਰ ਭਰਾ ਕਹਿੰਦਾ ਹੈ ਕਿ ਹੁਣ ਸਟੱਡੀ ਕਰਾਉਂਦੇ ਵੇਲੇ “ਵਿਦਿਆਰਥੀ ਅਤੇ ਸਿੱਖਿਅਕ ਦੋਹਾਂ ਨੂੰ ਮਜ਼ਾ ਆਉਂਦਾ ਹੈ।”
14. (ੳ) ਜਿਨ੍ਹਾਂ ਇਲਾਕਿਆਂ ਵਿਚ ਸਟੱਡੀਆਂ ਮਿਲਣੀਆਂ ਔਖੀਆਂ ਹਨ, ਉੱਥੇ ਸਾਨੂੰ ਉਮੀਦ ਕਿਉਂ ਨਹੀਂ ਛੱਡਣੀ ਚਾਹੀਦੀ? (ਅ) 1 ਕੁਰਿੰਥੀਆਂ 3:6, 7 ਤੋਂ ਸਾਨੂੰ ਕਿਹੜੀ ਤਸੱਲੀ ਮਿਲਦੀ ਹੈ?
14 ਅਸੀਂ ਜਿਸ ਇਲਾਕੇ ਵਿਚ ਪ੍ਰਚਾਰ ਕਰਦੇ ਹਾਂ, ਉੱਥੇ ਸ਼ਾਇਦ ਬਾਈਬਲ ਸਟੱਡੀਆਂ ਮਿਲਣੀਆਂ ਔਖੀਆਂ ਹੋਣ। ਸ਼ਾਇਦ ਲੋਕ ਸਾਡੀ ਗੱਲ ਨਾ ਸੁਣਦੇ ਹੋਣ ਜਾਂ ਉਹ ਸਾਡਾ ਵਿਰੋਧ ਕਰਦੇ ਹੋਣ। ਇਸ ਤਰ੍ਹਾਂ ਹੋਣ ਤੇ ਸਾਨੂੰ ਉਮੀਦ ਨਹੀਂ ਛੱਡਣੀ ਚਾਹੀਦੀ। ਦੁਨੀਆਂ ਦਾ ਮਾਹੌਲ ਇੰਨਾ ਖ਼ਰਾਬ ਹੈ ਕਿ ਲੋਕਾਂ ਦੇ ਹਾਲਾਤ ਪਲਾਂ ਵਿਚ ਬਦਲ ਰਹੇ ਹਨ। ਜਿਹੜੇ ਲੋਕ ਅੱਜ ਸੱਚਾਈ ਵਿਚ ਦਿਲਚਸਪੀ ਨਹੀਂ ਲੈਂਦੇ, ਹੋ ਸਕਦਾ ਹੈ ਕਿ ਉਨ੍ਹਾਂ ਵਿਚ ਕੱਲ੍ਹ ਨੂੰ ਪਰਮੇਸ਼ੁਰ ਬਾਰੇ ਸਿੱਖਣ ਦੀ ਇੱਛਾ ਜਾਗ ਉੱਠੇ। (ਮੱਤੀ 5:3) ਜਿਹੜੇ ਲੋਕ ਸਾਡਾ ਕੋਈ ਪ੍ਰਕਾਸ਼ਨ ਲੈਣਾ ਵੀ ਪਸੰਦ ਨਹੀਂ ਕਰਦੇ, ਉਹ ਵੀ ਸ਼ਾਇਦ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦੇਣ ਅਤੇ ਇਸ ਤਰ੍ਹਾਂ ਹੋਇਆ ਵੀ ਹੈ। ਅਸੀਂ ਜਾਣਦੇ ਹਾਂ ਕਿ ਯਹੋਵਾਹ ਖੇਤ ਦਾ ਮਾਲਕ ਹੈ। (ਮੱਤੀ 9:38) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਬੀ ਬੀਜਦੇ ਰਹੀਏ ਅਤੇ ਪਾਣੀ ਦਿੰਦੇ ਰਹੀਏ, ਪਰ ਉਸ ਨੂੰ ਵਧਾਉਣ ਦਾ ਕੰਮ ਉਸ ਦਾ ਹੈ। (1 ਕੁਰਿੰ. 3:6, 7) ਸਾਨੂੰ ਇਹ ਜਾਣ ਕੇ ਕਿੰਨੀ ਤਸੱਲੀ ਮਿਲਦੀ ਹੈ ਕਿ ਭਾਵੇਂ ਅੱਜ ਸਾਡੇ ਕੋਲ ਕੋਈ ਬਾਈਬਲ ਸਟੱਡੀ ਨਹੀਂ ਹੈ, ਪਰ ਯਹੋਵਾਹ ਸਾਡੀ ਮਿਹਨਤ ਦੇਖਦਾ ਹੈ ਅਤੇ ਸਾਨੂੰ ਇਨਾਮ ਦਿੰਦਾ ਹੈ। ਉਹ ਇਹ ਨਹੀਂ ਦੇਖਦਾ ਕਿ ਅਸੀਂ ਕਿੰਨੇ ਪ੍ਰਕਾਸ਼ਨ ਦਿੱਤੇ ਹਨ ਜਾਂ ਸਾਡੇ ਕੋਲ ਕਿੰਨੀਆਂ ਬਾਈਬਲ ਸਟੱਡੀਆਂ ਹਨ।b
ਚੇਲੇ ਬਣਾਉਣ ਦੇ ਕੰਮ ਤੋਂ ਖ਼ੁਸ਼ੀ ਪਾਓ
15. ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਇਕ ਵਿਅਕਤੀ ਸੱਚਾਈ ਅਪਣਾਉਂਦਾ ਹੈ ਅਤੇ ਉਸ ਮੁਤਾਬਕ ਚੱਲਦਾ ਹੈ?
15 ਜਦੋਂ ਇਕ ਵਿਅਕਤੀ ਸੱਚਾਈ ਨੂੰ ਅਪਣਾਉਂਦਾ ਹੈ ਅਤੇ ਦੂਜਿਆਂ ਨੂੰ ਸਿਖਾਉਂਦਾ ਹੈ, ਤਾਂ ਇਹ ਦੇਖ ਕੇ ਯਹੋਵਾਹ ਨੂੰ ਬਹੁਤ ਚੰਗਾ ਲੱਗਦਾ ਹੈ। (ਕਹਾ. 23:15, 16) ਜ਼ਰਾ ਸੋਚ ਕੇ ਦੇਖੋ ਕਿ ਯਹੋਵਾਹ ਦੀ ਖ਼ੁਸ਼ੀ ਕਿੰਨੀ ਵਧ ਗਈ ਹੋਣੀ ਜਦੋਂ 2020 ਦੇ ਸੇਵਾ ਸਾਲ ਦੌਰਾਨ ਪੂਰੀ ਦੁਨੀਆਂ ਵਿਚ ਮਹਾਂਮਾਰੀ ਫੈਲੀ ਹੋਣ ਦੇ ਬਾਵਜੂਦ 77,05,765 ਲੋਕਾਂ ਨੇ ਸਟੱਡੀ ਕੀਤੀ ਅਤੇ 2,41,994 ਲੋਕਾਂ ਨੇ ਬਪਤਿਸਮਾ ਲਿਆ। ਇਹ ਨਵੇਂ ਚੇਲੇ ਹੁਣ ਹੋਰ ਲੋਕਾਂ ਨੂੰ ਬਾਈਬਲ ਸਟੱਡੀਆਂ ਕਰਾਉਣਗੇ ਅਤੇ ਚੇਲੇ ਬਣਾਉਣਗੇ। (ਲੂਕਾ 6:40) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜਦੋਂ ਅਸੀਂ ਲੋਕਾਂ ਨੂੰ ਸੱਚਾਈ ਸਿਖਾਉਂਦੇ ਹਾਂ, ਤਾਂ ਯਹੋਵਾਹ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।
16. ਅਸੀਂ ਕਿਹੜਾ ਟੀਚਾ ਰੱਖ ਸਕਦੇ ਹਾਂ?
16 ਚੇਲੇ ਬਣਾਉਣ ਦੇ ਕੰਮ ਵਿਚ ਮਿਹਨਤ ਲੱਗਦੀ ਹੈ। ਪਰ ਯਹੋਵਾਹ ਦੀ ਮਦਦ ਨਾਲ ਅਸੀਂ ਕਿਸੇ ਨਵੇਂ ਵਿਅਕਤੀ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾ ਸਕਦੇ ਹਾਂ। ਇਸ ਲਈ ਕਿਉਂ ਨਾ ਘੱਟੋ-ਘੱਟ ਇਕ ਬਾਈਬਲ ਸਟੱਡੀ ਕਰਾਉਣ ਦਾ ਟੀਚਾ ਰੱਖੀਏ? ਅਸੀਂ ਜਿਹੜੇ ਵਿਅਕਤੀ ਨੂੰ ਵੀ ਮਿਲਦੇ ਹਾਂ, ਉਸ ਨੂੰ ਮੌਕਾ ਮਿਲਣ ਤੇ ਪੁੱਛ ਸਕਦੇ ਹਾਂ ਕਿ ਕੀ ਉਹ ਸਟੱਡੀ ਕਰਨੀ ਚਾਹੁੰਦਾ ਹੈ। ਅਸੀਂ ਆਪਣੇ ਵੱਲੋਂ ਜੋ ਵੀ ਕੋਸ਼ਿਸ਼ ਕਰਾਂਗੇ ਯਹੋਵਾਹ ਉਸ ʼਤੇ ਜ਼ਰੂਰ ਬਰਕਤ ਪਾਵੇਗਾ।
17. ਜਦੋਂ ਅਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਵਾਂਗੇ, ਤਾਂ ਸਾਨੂੰ ਕਿਵੇਂ ਲੱਗੇਗਾ?
17 ਯਹੋਵਾਹ ਨੇ ਸਾਨੂੰ ਇਕ ਬਹੁਤ ਵੱਡਾ ਸਨਮਾਨ ਦਿੱਤਾ ਹੈ ਕਿ ਅਸੀਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਉਸ ਬਾਰੇ ਸਿਖਾਈਏ। ਇਸ ਕੰਮ ਤੋਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਪੌਲੁਸ ਰਸੂਲ ਨੇ ਥੱਸਲੁਨੀਕਾ ਵਿਚ ਰਹਿਣ ਵਾਲੇ ਕਈ ਲੋਕਾਂ ਨੂੰ ਸੱਚਾਈ ਸਿਖਾਈ। ਉਨ੍ਹਾਂ ਬਾਰੇ ਉਸ ਨੇ ਕਿਹਾ: “ਸਾਡੇ ਪ੍ਰਭੂ ਯਿਸੂ ਦੀ ਮੌਜੂਦਗੀ ਦੌਰਾਨ ਉਸ ਦੇ ਸਾਮ੍ਹਣੇ ਸਾਡੀ ਉਮੀਦ, ਸਾਡੀ ਖ਼ੁਸ਼ੀ ਅਤੇ ਸਾਡੇ ਮਾਣ ਦਾ ਮੁਕਟ ਕੌਣ ਹੈ? ਕੀ ਤੁਸੀਂ ਨਹੀਂ ਹੋ? ਹਾਂ, ਤੁਸੀਂ ਹੀ ਸਾਡਾ ਮਾਣ ਅਤੇ ਸਾਡੀ ਖ਼ੁਸ਼ੀ ਹੋ।” (1 ਥੱਸ. 2:19, 20; ਰਸੂ. 17:1-4) ਅੱਜ ਬਹੁਤ ਸਾਰੇ ਮਸੀਹੀ ਇਸੇ ਤਰ੍ਹਾਂ ਮਹਿਸੂਸ ਕਰਦੇ ਹਨ। ਸਟੈਫ਼ਨੀ ਅਤੇ ਉਸ ਦੇ ਪਤੀ ਨੇ ਕਈ ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ। ਸਟੈਫ਼ਨੀ ਕਹਿੰਦੀ ਹੈ: “ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਵਿਚ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਹ ਖ਼ੁਸ਼ੀ ਕਿਸੇ ਹੋਰ ਕੰਮ ਤੋਂ ਨਹੀਂ ਮਿਲ ਸਕਦੀ।”
ਗੀਤ 57 ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰੋ
a ਯਹੋਵਾਹ ਨੇ ਨਾ ਸਾਨੂੰ ਸਿਰਫ਼ ਪ੍ਰਚਾਰ ਕਰਨ ਦਾ ਸਨਮਾਨ ਦਿੱਤਾ ਹੈ, ਸਗੋਂ ਲੋਕਾਂ ਨੂੰ ਉਹ ਗੱਲਾਂ ਵੀ ਸਿਖਾਉਣ ਦਾ ਸਨਮਾਨ ਦਿੱਤਾ ਹੈ ਜਿਨ੍ਹਾਂ ਦਾ ਯਿਸੂ ਨੇ ਹੁਕਮ ਦਿੱਤਾ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਕਿਹੜੀ ਗੱਲ ਇਹ ਕੰਮ ਕਰਨ ਲਈ ਪ੍ਰੇਰਦੀ ਹੈ। ਚੇਲੇ ਬਣਾਉਣ ਦੇ ਕੰਮ ਵਿਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ? ਅਸੀਂ ਇਨ੍ਹਾਂ ਨੂੰ ਕਿਵੇਂ ਪਾਰ ਕਰ ਸਕਦੇ ਹਾਂ?
b ਚੇਲੇ ਬਣਾਉਣ ਦੇ ਕੰਮ ਵਿਚ ਸਾਡੀ ਕੀ ਭੂਮਿਕਾ ਹੈ, ਇਸ ਬਾਰੇ ਜਾਣਨ ਲਈ ਮਾਰਚ 2021 ਦੇ ਪਹਿਰਾਬੁਰਜ ਦਾ ਲੇਖ “ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ? ” ਪੜ੍ਹੋ।
c ਤਸਵੀਰਬਾਰੇਜਾਣਕਾਰੀ: ਬਾਈਬਲ ਸਟੱਡੀ ਕਰਨ ਨਾਲ ਇਕ ਵਿਅਕਤੀ ਦੀ ਜ਼ਿੰਦਗੀ ਬਦਲ ਜਾਂਦੀ ਹੈ: ਸ਼ੁਰੂ-ਸ਼ੁਰੂ ਵਿਚ ਉਹ ਯਹੋਵਾਹ ਬਾਰੇ ਕੁਝ ਨਹੀਂ ਜਾਣਦਾ ਅਤੇ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੁੰਦਾ। ਫਿਰ ਗਵਾਹ ਉਸ ਨੂੰ ਮਿਲਦੇ ਹਨ ਅਤੇ ਉਹ ਬਾਈਬਲ ਸਟੱਡੀ ਕਰਨ ਲੱਗ ਪੈਂਦਾ ਹੈ। ਕੁਝ ਸਮੇਂ ਬਾਅਦ ਉਹ ਸਮਰਪਣ ਕਰਦਾ ਹੈ ਅਤੇ ਬਪਤਿਸਮਾ ਲੈਂਦਾ ਹੈ। ਉਸ ਤੋਂ ਬਾਅਦ ਉਹ ਵੀ ਚੇਲੇ ਬਣਾਉਣ ਦੇ ਕੰਮ ਵਿਚ ਹਿੱਸਾ ਲੈਂਦਾ ਹੈ। ਫਿਰ ਨਵੀਂ ਦੁਨੀਆਂ ਵਿਚ ਉਹ ਸਾਰੇ ਖ਼ੁਸ਼ੀ-ਖ਼ੁਸ਼ੀ ਜ਼ਿੰਦਗੀ ਜੀਉਂਦੇ ਹਨ।