ਕੀ ਤੁਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹੋ?
‘ਉਸ ਨੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗਾ।’—ਮਰਕੁਸ 6:34.
1. ਕੁਝ ਵਿਅਕਤੀ ਵਧੀਆ ਗੁਣ ਕਿਉਂ ਪ੍ਰਗਟ ਕਰਦੇ ਹਨ?
ਇਤਿਹਾਸ ਦੌਰਾਨ ਕਈਆਂ ਲੋਕਾਂ ਨੇ ਵਧੀਆ ਗੁਣ ਦਿਖਾਏ ਹਨ। ਅਤੇ ਅਸੀਂ ਸਮਝ ਸਕਦੇ ਹਾਂ ਕਿ ਉਹ ਗੁਣਵਾਨ ਕਿਉਂ ਸਨ। ਯਹੋਵਾਹ ਪਰਮੇਸ਼ੁਰ ਪ੍ਰੇਮ, ਦਿਆਲਤਾ, ਦਰਿਆ-ਦਿਲੀ ਅਤੇ ਹੋਰ ਬਹੁਤ ਸਾਰੇ ਗੁਣ ਪ੍ਰਗਟ ਕਰਦਾ ਹੈ। ਇਨਸਾਨ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਸਨ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਕਈ ਵਿਅਕਤੀ ਕੁਝ ਹੱਦ ਤਕ ਪ੍ਰੇਮ, ਦਿਆਲਤਾ, ਦਇਆ ਅਤੇ ਹੋਰ ਈਸ਼ਵਰੀ ਗੁਣ ਕਿਉਂ ਦਿਖਾਉਂਦੇ ਹਨ। ਕਈ ਲੋਕ ਇਹ ਵੀ ਪ੍ਰਗਟ ਕਰਦੇ ਹਨ ਕਿ ਉਹ ਆਪਣੀ ਜ਼ਮੀਰ ਅਨੁਸਾਰ ਚੱਲਦੇ ਹਨ। (ਉਤਪਤ 1:26; ਰੋਮੀਆਂ 2:14, 15) ਪਰ, ਤੁਸੀਂ ਸ਼ਾਇਦ ਦੇਖੋਗੇ ਕਿ ਕਈਆਂ ਲਈ ਇਹ ਗੁਣ ਦਿਖਾਉਣੇ ਸੌਖੇ ਹਨ ਅਤੇ ਦੂਸਰਿਆਂ ਲਈ ਔਖੇ।
2. ਕੁਝ ਲੋਕ ਇਹ ਸੋਚਦੇ ਹੋਏ ਕਿ ਉਹ ਮਸੀਹ ਦੀ ਰੀਸ ਕਰਦੇ ਹਨ, ਕਿਸ ਤਰ੍ਹਾਂ ਦੇ ਭਲੇ ਕੰਮ ਕਰਦੇ ਹਨ?
2 ਸ਼ਾਇਦ ਤੁਸੀਂ ਅਜਿਹੇ ਆਦਮੀਆਂ ਅਤੇ ਔਰਤਾਂ ਨੂੰ ਜਾਣਦੇ ਹੋ ਜੋ ਅਕਸਰ ਬੀਮਾਰਾਂ ਦੀ ਦੇਖ-ਭਾਲ ਕਰਦੇ ਹਨ, ਰੋਗੀਆਂ ਨੂੰ ਦਇਆ ਦਿਖਾਉਂਦੇ ਹਨ, ਜਾਂ ਦਿਲ ਖੋਲ੍ਹ ਕੇ ਗ਼ਰੀਬਾਂ ਨੂੰ ਦਿੰਦੇ ਹਨ। ਉਨ੍ਹਾਂ ਇਨਸਾਨਾਂ ਬਾਰੇ ਵੀ ਜ਼ਰਾ ਸੋਚੋ ਜੋ ਦਇਆ ਦੇ ਕਾਰਨ ਆਪਣੀ ਸਾਰੀ ਉਮਰ ਕੋੜ੍ਹੀਆਂ ਅਤੇ ਯਤੀਮਾਂ ਦੀ ਮਦਦ ਕਰਨ ਵਿਚ ਗੁਜ਼ਾਰ ਦਿੰਦੇ ਹਨ। ਕਈ ਲੋਕ ਹਸਪਤਾਲਾਂ ਜਾਂ ਆਸ਼ਰਮਾਂ ਵਿਚ ਸੇਵਾ ਕਰਦੇ ਹਨ, ਅਤੇ ਕਈ ਬੇਘਰ ਲੋਕਾਂ ਜਾਂ ਰਫਿਊਜੀਆਂ ਦੀ ਮਦਦ ਕਰਦੇ ਹਨ। ਸ਼ਾਇਦ ਇਨ੍ਹਾਂ ਵਿੱਚੋਂ ਕਈ ਮੰਨਦੇ ਹੋਣ ਕਿ ਉਹ ਯਿਸੂ ਦੀ ਰੀਸ ਕਰ ਰਹੇ ਹਨ, ਜਿਸ ਨੇ ਮਸੀਹੀਆਂ ਲਈ ਨਮੂਨਾ ਛੱਡਿਆ ਸੀ। ਅਸੀਂ ਇੰਜੀਲਾਂ ਵਿਚ ਪੜ੍ਹਦੇ ਹਾਂ ਕਿ ਮਸੀਹ ਨੇ ਬੀਮਾਰਾਂ ਨੂੰ ਚੰਗਾ ਕੀਤਾ ਸੀ ਅਤੇ ਭੁੱਖਿਆਂ ਨੂੰ ਰੋਟੀ ਖਿਲਾਈ ਸੀ। (ਮਰਕੁਸ 1:34; 8:1-9; ਲੂਕਾ 4:40) ਯਿਸੂ ਦਾ ਪ੍ਰੇਮ, ਉਸ ਦੀ ਕੋਮਲਤਾ, ਅਤੇ ਦਇਆ ਸਭ ‘ਮਸੀਹ ਦੇ ਮਨ’ ਦੇ ਪ੍ਰਗਟਾਵੇ ਸਨ, ਅਤੇ ਉਹ ਆਪਣੇ ਸਵਰਗੀ ਪਿਤਾ ਦੀ ਰੀਸ ਕਰ ਰਿਹਾ ਸੀ।—1 ਕੁਰਿੰਥੀਆਂ 2:16; ਪਵਿੱਤਰ ਬਾਈਬਲ ਨਵਾਂ ਅਨੁਵਾਦ।
3. ਯਿਸੂ ਦਿਆਂ ਕੰਮਾਂ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਸਾਨੂੰ ਕਿਸ ਚੀਜ਼ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ?
3 ਪਰ ਕੀ ਤੁਸੀਂ ਦੇਖਿਆ ਹੈ ਕਿ ਕਈ ਵਿਅਕਤੀ ਜੋ ਅੱਜ ਯਿਸੂ ਦੇ ਪ੍ਰੇਮ ਅਤੇ ਦਇਆ ਤੋਂ ਪ੍ਰਭਾਵਿਤ ਹੁੰਦੇ ਹਨ ਉਹ ਮਸੀਹ ਦੇ ਮਨ ਦੀ ਮੁੱਖ ਗੱਲ ਵੱਲ ਧਿਆਨ ਨਹੀਂ ਦਿੰਦੇ? ਮਰਕੁਸ ਦੇ ਛੇਵੇਂ ਅਧਿਆਇ ਵੱਲ ਚੰਗੀ ਤਰ੍ਹਾਂ ਧਿਆਨ ਦੇਣ ਦੁਆਰਾ ਅਸੀਂ ਇਸ ਮੁੱਖ ਗੱਲ ਬਾਰੇ ਹੋਰ ਜਾਣਕਾਰੀ ਪਾ ਸਕਦੇ ਹਾਂ। ਉੱਥੇ ਅਸੀਂ ਪੜ੍ਹਦੇ ਹਾਂ ਕਿ ਲੋਕਾਂ ਨੇ ਯਿਸੂ ਕੋਲ ਬੀਮਾਰਾਂ ਨੂੰ ਲਿਆਂਦਾ ਸੀ ਤਾਂਕਿ ਉਹ ਉਨ੍ਹਾਂ ਨੂੰ ਠੀਕ ਕਰ ਸਕੇ। ਪੂਰਾ ਅਧਿਆਇ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਯਿਸੂ ਨੇ ਦੇਖਿਆ ਕਿ ਉਸ ਕੋਲ ਆਏ ਹਜ਼ਾਰਾਂ ਹੀ ਲੋਕ ਭੁੱਖੇ ਸਨ ਤਾਂ ਉਸ ਨੇ ਚਮਤਕਾਰ ਕਰ ਕੇ ਭੀੜ ਨੂੰ ਰੋਟੀ ਖਿਲਾਈ। (ਮਰਕੁਸ 6:35-44, 54-56) ਬੀਮਾਰਾਂ ਨੂੰ ਚੰਗਾ ਕਰਨਾ ਅਤੇ ਭੁੱਖਿਆਂ ਨੂੰ ਰੋਟੀ ਖਿਲਾਉਣੀ ਉਸ ਦੀ ਹਮਦਰਦੀ ਦੇ ਵਿਸ਼ੇਸ਼ ਪ੍ਰਗਟਾਵੇ ਸਨ, ਪਰ ਕੀ ਇਹ ਲੋਕਾਂ ਦੀ ਮਦਦ ਕਰਨ ਵਾਸਤੇ ਯਿਸੂ ਦੇ ਪ੍ਰਮੁੱਖ ਤਰੀਕੇ ਸਨ? ਜਿਵੇਂ ਯਿਸੂ ਨੇ ਯਹੋਵਾਹ ਦੀ ਰੀਸ ਕੀਤੀ ਸੀ, ਅਸੀਂ ਉਸ ਦੇ ਪ੍ਰੇਮ, ਦਿਆਲਤਾ ਅਤੇ ਦਇਆ ਦਿਖਾਉਣ ਦੀ ਸੰਪੂਰਣ ਮਿਸਾਲ ਦੀ ਸਭ ਤੋਂ ਬਿਹਤਰ ਤਰੀਕੇ ਵਿਚ ਕਿਸ ਤਰ੍ਹਾਂ ਰੀਸ ਕਰ ਸਕਦੇ ਹਾਂ?
ਉਸ ਨੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਵੀ ਪੂਰੀਆਂ ਕੀਤੀਆਂ
4. ਮਰਕੁਸ 6:30-34 ਵਿਚ ਦਰਜ ਕੀਤੀ ਗਈ ਘਟਨਾ ਕਿੱਥੇ ਵਾਪਰੀ ਸੀ ਅਤੇ ਉਸ ਵਿਚ ਕੀ ਹੋਇਆ ਸੀ?
4 ਯਿਸੂ ਨੇ ਖ਼ਾਸ ਕਰਕੇ ਲੋਕਾਂ ਉੱਤੇ ਇਸ ਲਈ ਤਰਸ ਖਾਧਾ ਸੀ ਕਿਉਂਕਿ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਮਦਦ ਦੀ ਜ਼ਰੂਰਤ ਸੀ। ਇਹ ਜ਼ਰੂਰਤ ਉਨ੍ਹਾਂ ਦੀਆਂ ਬਾਕੀ ਦੀਆਂ ਜ਼ਰੂਰਤਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਸੀ। ਮਰਕੁਸ 6:30-34 ਉੱਤੇ ਗੌਰ ਕਰੋ। ਸੰਨ 32 ਦੇ ਪਸਾਹ ਦਾ ਸਮਾਂ ਨਜ਼ਦੀਕ ਸੀ। ਇੱਥੇ ਦਰਜ ਕੀਤੀ ਗਈ ਘਟਨਾ ਗਲੀਲ ਦੀ ਝੀਲ ਦੇ ਕੰਢੇ ਤੇ ਵਾਪਰੀ ਸੀ। ਰਸੂਲ ਬਹੁਤ ਖ਼ੁਸ਼ ਸਨ, ਅਤੇ ਉਨ੍ਹਾਂ ਕੋਲ ਖ਼ੁਸ਼ ਹੋਣ ਦਾ ਇਕ ਚੰਗਾ ਕਾਰਨ ਵੀ ਸੀ। ਇਕ ਵੱਡਾ ਦੌਰਾ ਖ਼ਤਮ ਕਰਨ ਤੋਂ ਬਾਅਦ ਉਹ ਯਿਸੂ ਕੋਲ ਪ੍ਰਚਾਰ ਸੇਵਾ ਵਿਚ ਵਾਪਰੀਆਂ ਗੱਲਾਂ ਬਾਰੇ ਦੱਸਣ ਲਈ ਆਏ। ਲੇਕਿਨ ਇਕ ਭੀੜ ਇਕੱਠੀ ਹੋ ਗਈ। ਉਹ ਇੰਨੀ ਵੱਡੀ ਸੀ ਕਿ ਯਿਸੂ ਅਤੇ ਉਸ ਦੇ ਰਸੂਲ ਨਾ ਤਾਂ ਕੁਝ ਖਾ ਸਕਦੇ ਸਨ ਅਤੇ ਨਾ ਹੀ ਆਰਾਮ ਕਰ ਸਕਦੇ ਸਨ। ਯਿਸੂ ਨੇ ਆਪਣਿਆਂ ਰਸੂਲਾਂ ਨੂੰ ਕਿਹਾ ਕਿ “ਤੁਸੀਂ ਵੱਖਰੇ ਇਕਾਂਤ ਥਾਂ ਵਿਚ ਚਲੋ ਅਤੇ ਥੋੜ੍ਹੀ ਦੇਰ ਅਰਾਮ ਕਰੋ।” (ਮਰਕੁਸ 6:31, ਨਵਾਂ ਅਨੁਵਾਦ) ਇਕ ਬੇੜੀ ਵਿਚ ਸਵਾਰ ਹੋ ਕੇ, ਜੋ ਸ਼ਾਇਦ ਕਫ਼ਰਨਾਹੂਮ ਦੇ ਲਾਗੇ ਸੀ, ਉਹ ਗਲੀਲ ਦੀ ਝੀਲ ਦੀ ਇਕ ਸ਼ਾਂਤ ਜਗ੍ਹਾ ਨੂੰ ਚੱਲੇ ਗਏ। ਪਰ ਭੀੜ ਪਾਣੀ ਦੇ ਕੰਢੇ ਦੇ ਨਾਲ-ਨਾਲ ਦੌੜ ਕੇ ਬੇੜੀ ਤੋਂ ਪਹਿਲਾਂ ਉਸ ਜਗ੍ਹਾ ਤੇ ਪਹੁੰਚ ਗਈ। ਲੋਕਾਂ ਨੂੰ ਉੱਥੇ ਦੇਖ ਕੇ ਯਿਸੂ ਨੇ ਕੀ ਕੀਤਾ ਸੀ? ਕੀ ਉਹ ਨਾਰਾਜ਼ ਹੋਇਆ ਕਿ ਉਹ ਉਸ ਦੇ ਆਰਾਮ ਦੇ ਸਮੇਂ ਤੇ ਉਸ ਨੂੰ ਪਰੇਸ਼ਾਨ ਕਰਨ ਆ ਗਏ ਸਨ? ਬਿਲਕੁਲ ਨਹੀਂ!
5. ਯਿਸੂ ਉਸ ਕੋਲ ਆਈਆਂ ਭੀੜਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ, ਅਤੇ ਉਸ ਨੇ ਉਨ੍ਹਾਂ ਲਈ ਕੀ ਕੀਤਾ?
5 ਹਜ਼ਾਰਾਂ ਲੋਕਾਂ ਦੀ ਇਸ ਭੀੜ ਨੂੰ ਦੇਖ ਕੇ ਯਿਸੂ ਦੇ ਦਿਲ ਉੱਤੇ ਬਹੁਤ ਹੀ ਗਹਿਰਾ ਅਸਰ ਪਿਆ। ਉਨ੍ਹਾਂ ਵਿੱਚੋਂ ਕੁਝ ਬੀਮਾਰ ਸਨ ਅਤੇ ਉਹ ਸਾਰੇ ਬੇਸਬਰੀ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਸਨ। (ਮੱਤੀ 14:14; ਮਰਕੁਸ 6:44) ਮਰਕੁਸ ਦੱਸਦਾ ਹੈ ਕਿ ਯਿਸੂ ਨੇ ਦਇਆ ਕਿਉਂ ਦਿਖਾਈ ਸੀ ਅਤੇ ਉਸ ਨੇ ਲੋਕਾਂ ਲਈ ਕੀ ਕੀਤਾ: ‘ਉਸ ਨੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਸਿਖਾਉਣ ਲੱਗਾ।’ (ਮਰਕੁਸ 6:34) ਯਿਸੂ ਨੇ ਸਿਰਫ਼ ਇਕ ਵੱਡੀ ਭੀੜ ਹੀ ਨਹੀਂ ਦੇਖੀ ਸੀ। ਉਸ ਨੇ ਅਜਿਹੇ ਲੋਕ ਦੇਖੇ ਸਨ ਜਿਨ੍ਹਾਂ ਨੂੰ ਰੂਹਾਨੀ ਮਦਦ ਦੀ ਜ਼ਰੂਰਤ ਸੀ। ਉਹ ਬੇਚਾਰੀਆਂ ਭੇਡਾਂ ਵਰਗੇ ਸਨ ਜਿਨ੍ਹਾਂ ਦਾ ਕੋਈ ਅਯਾਲੀ ਨਹੀਂ ਸੀ ਜੋ ਉਨ੍ਹਾਂ ਨੂੰ ਹਰੇ ਘਾਹ ਵੱਲ ਲੈ ਜਾ ਸਕੇ ਜਾਂ ਉਨ੍ਹਾਂ ਦੀ ਰੱਖਿਆ ਕਰ ਸਕੇ। ਯਿਸੂ ਜਾਣਦਾ ਸੀ ਕਿ ਚੰਗੇ ਅਯਾਲੀ ਬਣਨ ਦੀ ਬਜਾਇ ਧਾਰਮਿਕ ਆਗੂ ਨਿਰਦਈ ਸਨ। ਉਹ ਆਮ ਲੋਕਾਂ ਨੂੰ ਨੀਚ ਸਮਝਦੇ ਸਨ ਅਤੇ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਸਨ। (ਹਿਜ਼ਕੀਏਲ 34:2-4; ਯੂਹੰਨਾ 7:47-49) ਪਰ ਯਿਸੂ ਉਨ੍ਹਾਂ ਲੋਕਾਂ ਲਈ ਭਲਾ ਹੀ ਭਲਾ ਕਰਨਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣਾ ਸ਼ੁਰੂ ਕੀਤਾ।
6, 7. (ੳ) ਇੰਜੀਲਾਂ ਅਨੁਸਾਰ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਯਿਸੂ ਨੇ ਕਿਸ ਗੱਲ ਨੂੰ ਪਹਿਲਾਂ ਰੱਖਿਆ ਸੀ? (ਅ) ਯਿਸੂ ਨੇ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਿਉਂ ਕੀਤਾ ਸੀ?
6 ਲੂਕਾ ਨੇ ਵੀ ਇਸ ਘਟਨਾ ਬਾਰੇ ਲਿਖਿਆ ਸੀ। ਉਹ ਇਕ ਡਾਕਟਰ ਸੀ ਅਤੇ ਦੂਸਰਿਆਂ ਦੀ ਸਿਹਤ ਵਿਚ ਬਹੁਤ ਦਿਲਚਸਪੀ ਰੱਖਦਾ ਸੀ। ਪਰ ਧਿਆਨ ਦਿਓ ਕਿ ਉਸ ਨੇ ਕਿਹੜੀ ਗੱਲ ਦਾ ਪਹਿਲਾਂ ਜ਼ਿਕਰ ਕੀਤਾ ਸੀ। “ਲੋਕ . . . [ਯਿਸੂ] ਦੇ ਮਗਰ ਤੁਰ ਪਏ ਅਤੇ ਉਸ ਨੇ ਉਨ੍ਹਾਂ ਨੂੰ ਕਬੂਲ ਕਰਕੇ ਪਰਮੇਸ਼ੁਰ ਦੇ ਰਾਜ ਦੇ ਵਿਖੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਨ੍ਹਾਂ ਨੂੰ ਚੰਗੇ ਕੀਤਾ।” (ਲੂਕਾ 9:11, ਟੇਢੇ ਟਾਈਪ ਸਾਡੇ; ਕੁਲੁੱਸੀਆਂ 4:14) ਹਰੇਕ ਚਮਤਕਾਰ ਬਾਰੇ ਇਸ ਤਰ੍ਹਾਂ ਨਹੀਂ ਲਿਖਿਆ ਗਿਆ ਪਰ ਲੂਕਾ ਨੇ ਇਸ ਬਿਰਤਾਂਤ ਵਿਚ ਪਹਿਲਾਂ ਯਿਸੂ ਦੀ ਸਿੱਖਿਆ ਬਾਰੇ ਜ਼ਿਕਰ ਕੀਤਾ ਸੀ।
7 ਅਸਲ ਵਿਚ ਅਸੀਂ ਇਹ ਮਰਕੁਸ 6:34 ਵਿਚ ਵੀ ਦੇਖ ਸਕਦੇ ਹਾਂ। ਇਹ ਆਇਤ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਯਿਸੂ ਨੇ ਖ਼ਾਸ ਕਰਕੇ ਲੋਕਾਂ ਉੱਤੇ ਤਰਸ ਕਿਸ ਤਰ੍ਹਾਂ ਖਾਧਾ ਸੀ। ਉਸ ਨੇ ਲੋਕਾਂ ਨੂੰ ਸਿਖਾ ਕੇ ਉਨ੍ਹਾਂ ਦੀਆਂ ਰੂਹਾਨੀ ਜ਼ਰੂਰਤਾਂ ਪੂਰੀਆਂ ਕੀਤੀਆਂ ਸਨ। ਆਪਣੀ ਸੇਵਕਾਈ ਦੇ ਸ਼ੁਰੂ ਵਿਚ ਯਿਸੂ ਨੇ ਕਿਹਾ ਸੀ: “ਮੈਨੂੰ ਚਾਹੀਦਾ ਹੈ ਜੋ ਹੋਰਨਾਂ ਨਗਰਾਂ ਵਿੱਚ ਵੀ ਪਰਮੇਸ਼ੁਰ ਦੇ ਰਾਜ ਦੀ ਖੁਸ਼ ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਲੇਕਿਨ, ਸਾਡੇ ਲਈ ਇਹ ਸੋਚਣਾ ਬਹੁਤ ਹੀ ਗ਼ਲਤ ਹੋਵੇਗਾ ਕਿ ਯਿਸੂ ਨੇ ਖ਼ੁਸ਼ ਖ਼ਬਰੀ ਸਿਰਫ਼ ਇਕ ਫ਼ਰਜ਼ ਪੂਰਾ ਕਰਨ ਲਈ ਸੁਣਾਈ ਸੀ, ਜਿਵੇਂ ਕਿ ਇਹ ਉਸ ਦਾ ਰੋਜ਼ ਦਾ ਕੰਮ ਸੀ ਜੋ ਉਸ ਨੂੰ ਪੂਰਾ ਕਰਨਾ ਪੈਣਾ ਸੀ। ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਯਿਸੂ ਦਾ ਮੁੱਖ ਕਾਰਨ ਉਨ੍ਹਾਂ ਲਈ ਹਮਦਰਦੀ ਸੀ। ਯਿਸੂ ਲਈ ਸਭ ਤੋਂ ਭਲਾ ਕੰਮ ਇਹ ਸੀ ਕਿ ਉਹ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਸੱਚਾਈ ਬਾਰੇ ਸਿਖਾਵੇਂ ਤਾਂਕਿ ਉਹ ਇਸ ਸੱਚਾਈ ਨੂੰ ਸਵੀਕਾਰ ਕਰਨ, ਅਤੇ ਉਸ ਨਾਲ ਪਿਆਰ ਕਰਨ ਲੱਗ ਪੈਣ। ਉਸ ਨੇ ਬੀਮਾਰਾਂ, ਗ਼ਰੀਬਾਂ, ਭੁੱਖਿਆਂ ਅਤੇ ਭੂਤ ਸਵਾਰ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ। ਇਹ ਸਭ ਤੋਂ ਮਹੱਤਵਪੂਰਣ ਸੱਚਾਈ ਹੈ ਕਿਉਂਕਿ ਪਰਮੇਸ਼ੁਰ ਦਾ ਰਾਜ ਹੀ ਯਹੋਵਾਹ ਦੀ ਸਰਬਸੱਤਾ ਨੂੰ ਸਹੀ ਸਾਬਤ ਕਰੇਗਾ ਅਤੇ ਮਨੁੱਖਜਾਤੀ ਲਈ ਹਮੇਸ਼ਾ ਵਾਸਤੇ ਬਰਕਤਾਂ ਲਿਆਵੇਗਾ।
8. ਯਿਸੂ ਆਪਣੇ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ?
8 ਮੁੱਖ ਤੌਰ ਤੇ ਯਿਸੂ ਰਾਜ ਬਾਰੇ ਪ੍ਰਚਾਰ ਕਰਨ ਵਾਸਤੇ ਧਰਤੀ ਉੱਤੇ ਆਇਆ ਸੀ। ਆਪਣੀ ਸੇਵਕਾਈ ਦੇ ਅੰਤ ਦੇ ਨੇੜੇ ਯਿਸੂ ਨੇ ਪਿਲਾਤੁਸ ਨੂੰ ਕਿਹਾ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ। ਹਰੇਕ ਜੋ ਸਚਿਆਈ ਦਾ ਹੈ ਮੇਰਾ ਬਚਨ ਸੁਣਦਾ ਹੈ।” (ਯੂਹੰਨਾ 18:37) ਪਿਛਲਿਆਂ ਦੋ ਲੇਖਾਂ ਵਿਚ ਅਸੀਂ ਦੇਖਿਆ ਹੈ ਕਿ ਯਿਸੂ ਦੇ ਜਜ਼ਬਾਤ ਕੋਮਲ ਸਨ, ਉਹ ਪਰਵਾਹ ਕਰਦਾ ਸੀ, ਉਸ ਨਾਲ ਗੱਲ ਕਰਨੀ ਸੌਖੀ ਸੀ, ਉਹ ਲੋਕਾਂ ਦਾ ਖ਼ਿਆਲ ਰੱਖਦਾ ਸੀ, ਉਨ੍ਹਾਂ ਉੱਤੇ ਭਰੋਸਾ ਰੱਖਦਾ ਸੀ ਅਤੇ ਸਭ ਤੋਂ ਵੱਧ ਉਨ੍ਹਾਂ ਨਾਲ ਪਿਆਰ ਕਰਦਾ ਸੀ। ਜੇ ਅਸੀਂ ਸੱਚ-ਮੁੱਚ ਮਸੀਹ ਦੇ ਮਨ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਦੇ ਸੁਭਾਅ ਦੇ ਇਨ੍ਹਾਂ ਪਹਿਲੂਆਂ ਨੂੰ ਸਮਝਣਾ ਚਾਹੀਦਾ ਹੈ। ਮਸੀਹ ਵਰਗੇ ਬਣਨ ਲਈ ਸਾਨੂੰ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਵੀ ਉਸ ਵਾਂਗ ਉੱਚੇ ਦਰਜੇ ਤੇ ਰੱਖਣਾ ਚਾਹੀਦਾ ਹੈ।
ਉਸ ਨੇ ਦੂਸਰਿਆਂ ਨੂੰ ਗਵਾਹੀ ਦੇਣ ਲਈ ਕਿਹਾ
9. ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਕਿਨ੍ਹਾਂ ਨੇ ਪਹਿਲ ਦੇਣੀ ਸੀ?
9 ਯਿਸੂ ਨੇ ਪ੍ਰੇਮ ਅਤੇ ਦਇਆ ਦੇ ਕਾਰਨ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਨੂੰ ਪਹਿਲ ਦਿੱਤੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਵੀ ਕਿਹਾ ਕਿ ਉਹ ਉਸ ਦਿਆਂ ਕੰਮਾਂ ਅਤੇ ਇਰਾਦਿਆਂ ਦੀ ਰੀਸ ਕਰਨ ਅਤੇ ਉਨ੍ਹਾਂ ਚੀਜ਼ਾਂ ਨੂੰ ਪਹਿਲ ਦੇਣ ਜਿਨ੍ਹਾਂ ਨੂੰ ਉਹ ਦਿੰਦਾ ਸੀ। ਮਿਸਾਲ ਲਈ, ਜਦੋਂ ਯਿਸੂ ਨੇ ਆਪਣੇ 12 ਰਸੂਲਾਂ ਨੂੰ ਚੁਣਿਆ ਸੀ ਤਾਂ ਉਨ੍ਹਾਂ ਨੇ ਕੀ ਕਰਨਾ ਸੀ? ਮਰਕੁਸ 3:14, 15 ਸਾਨੂੰ ਦੱਸਦਾ ਹੈ: “ਉਹ ਨੇ ਬਾਰਾਂ ਪੁਰਸ਼ ਠਹਿਰਾਏ ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ ਭਈ ਪਰਚਾਰ ਕਰਨ। ਨਾਲੇ ਭੂਤਾਂ ਦੇ ਕੱਢਣ ਦਾ ਇਖ਼ਤਿਆਰ ਰੱਖਣ।” (ਟੇਢੇ ਟਾਈਪ ਸਾਡੇ) ਕੀ ਤੁਸੀਂ ਦੇਖਦੇ ਹੋ ਕਿ ਰਸੂਲਾਂ ਨੂੰ ਕਿਸ ਚੀਜ਼ ਨੂੰ ਪਹਿਲ ਦੇਣੀ ਸੀ?
10, 11. (ੳ) ਰਸੂਲਾਂ ਨੂੰ ਭੇਜਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਕੀ ਕਰਨ ਲਈ ਕਿਹਾ ਸੀ? (ਅ) ਰਸੂਲਾਂ ਨੂੰ ਭੇਜਣ ਦਾ ਮੁੱਖ ਕਾਰਨ ਕੀ ਸੀ?
10 ਸਮਾਂ ਆਉਣ ਤੇ ਯਿਸੂ ਨੇ ਇਨ੍ਹਾਂ ਬਾਰਾਂ ਨੂੰ ਦੂਸਰਿਆਂ ਨੂੰ ਚੰਗਾ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ। (ਮੱਤੀ 10:1; ਲੂਕਾ 9:1) ਉਸ ਨੇ ਉਨ੍ਹਾਂ ਨੂੰ “ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ” ਲੱਭਣ ਲਈ ਭੇਜਿਆ। ਉਨ੍ਹਾਂ ਨੇ ਕੀ ਕਰਨਾ ਸੀ? ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ “ਤੁਰਦੇ ਤੁਰਦੇ ਪਰਚਾਰ ਕਰ ਕੇ ਆਖੋ ਭਈ ਸੁਰਗ ਦਾ ਰਾਜ ਨੇੜੇ ਆਇਆ ਹੈ। ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ।” (ਮੱਤੀ 10:5-8; ਲੂਕਾ 9:2) ਤਾਂ ਚੇਲਿਆਂ ਨੇ ਕੀ ਕੀਤਾ ਸੀ? “ਤਾਂ ਓਹ ਬਾਹਰ ਜਾਕੇ [1] ਪਰਚਾਰ ਕਰਨ ਲੱਗੇ ਕਿ ਲੋਕ ਤੋਬਾ ਕਰਨ। ਅਰ [2] ਬਹੁਤ ਸਾਰਿਆਂ ਭੂਤਾਂ ਨੂੰ ਕੱਢ ਦਿੱਤਾ ਅਤੇ ਬਹੁਤ ਸਾਰਿਆਂ ਰੋਗੀਆਂ ਤੇ ਤੇਲ ਮਲ ਕੇ ਉਨ੍ਹਾਂ ਨੂੰ ਚੰਗਾ ਕੀਤਾ।”—ਮਰਕੁਸ 6:12, 13.
11 ਸਿਖਲਾਈ ਦੇ ਕੰਮ ਦਾ ਜ਼ਿਕਰ ਹਰ ਵਾਰ ਪਹਿਲਾਂ ਨਹੀਂ ਕੀਤਾ ਜਾਂਦਾ। ਤਾਂ ਫਿਰ ਕੀ ਉੱਪਰ ਦਿੱਤੀ ਗਈ ਆਇਤ ਵਿਚ ਪ੍ਰਚਾਰ ਕਰਨ ਨੂੰ ਪਹਿਲਾਂ ਰੱਖਣਾ ਅਤੇ ਬਾਕੀ ਦੇ ਕੰਮ ਨੂੰ ਦੂਜੇ ਦਰਜੇ ਤੇ ਰੱਖਣਾ ਗ਼ਲਤ ਹੈ? (ਲੂਕਾ 10:1-8) ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੋਕਾਂ ਨੂੰ ਚੰਗੇ ਕਰਨ ਤੋਂ ਪਹਿਲਾਂ, ਉਨ੍ਹਾਂ ਨੂੰ ਸਿਖਲਾਈ ਦੇਣ ਦਾ ਜ਼ਿਕਰ ਕਈ ਵਾਰ ਕੀਤਾ ਜਾਂਦਾ ਹੈ। ਇਸ ਮਾਮਲੇ ਦੀ ਪੂਰੀ ਗੱਲਬਾਤ ਵੱਲ ਧਿਆਨ ਦਿਓ। ਬਾਰਾਂ ਰਸੂਲਾਂ ਨੂੰ ਭੇਜਣ ਤੋਂ ਪਹਿਲਾਂ ਯਿਸੂ ਨੇ ਭੀੜ ਦੀ ਹਾਲਤ ਉੱਤੇ ਤਰਸ ਖਾਧਾ। ਅਸੀਂ ਪੜ੍ਹਦੇ ਹਾਂ: “ਯਿਸੂ ਉਨ੍ਹਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪਰਚਾਰ ਕਰਦਾ ਹੋਇਆ ਅਤੇ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ। ਅਤੇ ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ। ਤਦ ਉਹ ਨੇ ਆਪਣੇ ਚੇਲਿਆਂ ਨੂੰ ਆਖਿਆ, ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”—ਮੱਤੀ 9:35-38.
12. ਯਿਸੂ ਅਤੇ ਉਸ ਦਿਆਂ ਰਸੂਲਾਂ ਦੇ ਚਮਤਕਾਰੀ ਕੰਮਾਂ ਨੇ ਹੋਰ ਕਿਹੜਾ ਮਕਸਦ ਪੂਰਾ ਕੀਤਾ ਸੀ?
12 ਯਿਸੂ ਨਾਲ ਰਹਿ ਕੇ ਰਸੂਲ ਮਸੀਹ ਦੇ ਮਨ ਨੂੰ ਕੁਝ ਹੱਦ ਤਕ ਜਾਣ ਸਕਦੇ ਸਨ। ਉਹ ਇਹਸਾਸ ਕਰ ਸਕਦੇ ਸਨ ਕਿ ਲੋਕਾਂ ਨਾਲ ਸੱਚੀ ਹਮਦਰਦੀ ਕਰਨ ਵਿਚ ਰਾਜ ਬਾਰੇ ਪ੍ਰਚਾਰ ਕਰਨਾ ਅਤੇ ਸਿੱਖਿਆ ਦੇਣੀ ਸ਼ਾਮਲ ਸੀ। ਇਹ ਉਨ੍ਹਾਂ ਦੇ ਚੰਗੇ ਕੰਮਾਂ ਦਾ ਮੁੱਖ ਪਹਿਲੂ ਹੋਣਾ ਚਾਹੀਦਾ ਸੀ। ਲੇਕਿਨ ਜਿਵੇਂ ਤੁਸੀਂ ਕਲਪਨਾ ਕਰ ਸਕਦੇ ਹੋ, ਕੁਝ ਲੋਕ ਸਿਰਫ਼ ਚੰਗੇ ਕੀਤੇ ਜਾਣ ਅਤੇ ਰੋਟੀ ਖਾਣ ਲਈ ਹੀ ਆਉਂਦੇ ਸਨ। (ਮੱਤੀ 4:24, 25; 8:16; 9:32, 33; 14:35, 36; ਯੂਹੰਨਾ 6:26) ਪਰ ਜਦੋਂ ਰਸੂਲਾਂ ਨੇ ਬੀਮਾਰਾਂ ਨੂੰ ਚੰਗਾ ਕੀਤਾ ਅਤੇ ਹੋਰ ਚੰਗੇ ਕੰਮ ਕੀਤੇ, ਉਨ੍ਹਾਂ ਨੇ ਲੋੜਵੰਦ ਲੋਕਾਂ ਨੂੰ ਸਿਰਫ਼ ਮਦਦ ਹੀ ਨਹੀਂ ਦਿੱਤੀ ਪਰ ਇਸ ਤੋਂ ਵੀ ਵੱਧ ਕੀਤਾ। ਉਨ੍ਹਾਂ ਦੇ ਚਮਤਕਾਰੀ ਕੰਮ ਦੇਖ ਕੇ ਲੋਕ ਪਛਾਣ ਸਕੇ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਅਤੇ ਉਹ “ਨਬੀ” ਸੀ ਜਿਸ ਬਾਰੇ ਮੂਸਾ ਨੇ ਦੱਸਿਆ ਸੀ।—ਯੂਹੰਨਾ 6:14; ਬਿਵਸਥਾ ਸਾਰ 18:15.
13. ਬਿਵਸਥਾ ਸਾਰ 18:18 ਤੇ ਦਰਜ ਭਵਿੱਖਬਾਣੀ ਨੇ ਆਉਣ ਵਾਲੇ “ਨਬੀ” ਬਾਰੇ ਕੀ ਦੱਸਿਆ ਸੀ?
13 ਯਿਸੂ ਦੇ “ਨਬੀ” ਹੋਣ ਦੀ ਗੱਲ ਕਿਉਂ ਮਹੱਤਵਪੂਰਣ ਸੀ? ਉਸ ਦੀ ਮੁੱਖ ਭੂਮਿਕਾ ਬਾਰੇ ਕੀ ਦੱਸਿਆ ਗਿਆ ਸੀ? ਕੀ ਇਸ “ਨਬੀ” ਨੇ ਲੋਕਾਂ ਨੂੰ ਚੰਗਾ ਕਰਨ ਲਈ ਜਾਂ ਤਰਸ ਕਾਰਨ ਭੁੱਖਿਆਂ ਨੂੰ ਰੋਟੀ ਦੇਣ ਲਈ ਮਸ਼ਹੂਰ ਹੋਣਾ ਸੀ? ਬਿਵਸਥਾ ਸਾਰ 18:18 ਤੇ ਦਰਜ ਭਵਿੱਖਬਾਣੀ ਕਹਿੰਦੀ ਹੈ: “ਮੈਂ ਉਨ੍ਹਾਂ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ [ਮੂਸਾ] ਵਰਗਾ ਇੱਕ ਨਬੀ ਖੜਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਏਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ ਉਨ੍ਹਾਂ ਨੂੰ ਦੱਸੇਗਾ।” ਇਸ ਲਈ ਭਾਵੇਂ ਰਸੂਲਾਂ ਨੇ ਕੋਮਲ ਜਜ਼ਬਾਤ ਪ੍ਰਗਟ ਕਰਨੇ ਸਿੱਖ ਲਏ ਸਨ, ਉਨ੍ਹਾਂ ਨੂੰ ਪਤਾ ਸੀ ਕਿ ਮਸੀਹ ਵਰਗੇ ਬਣਨ ਲਈ ਉਨ੍ਹਾਂ ਨੂੰ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਰਨਾ ਚਾਹੀਦਾ ਹੈ। ਲੋਕਾਂ ਦੀ ਮਦਦ ਕਰਨ ਲਈ ਇਹ ਸਭ ਤੋਂ ਚੰਗਾ ਕੰਮ ਸੀ। ਸੱਚਾਈ ਸਿੱਖ ਕੇ ਬੀਮਾਰ ਅਤੇ ਗ਼ਰੀਬ ਸਿਰਫ਼ ਹੁਣ ਦੀ ਛੋਟੀ ਜਿਹੀ ਜ਼ਿੰਦਗੀ ਲਈ ਹੀ ਨਹੀਂ ਲਾਭ ਪ੍ਰਾਪਤ ਕਰ ਸਕਦੇ ਸਨ ਜਾਂ ਉਨ੍ਹਾਂ ਨੂੰ ਸਿਰਫ਼ ਦੋ ਵਕਤ ਦੀ ਰੋਟੀ ਹੀ ਨਹੀਂ ਮਿਲਣੀ ਸੀ ਪਰ ਉਹ ਹਮੇਸ਼ਾ-ਹਮੇਸ਼ਾ ਲਈ ਲਾਭ ਹਾਸਲ ਕਰ ਸਕਦੇ ਸਨ।—ਯੂਹੰਨਾ 6:26-30.
ਅੱਜ ਮਸੀਹ ਵਰਗੇ ਬਣਨ ਦੀ ਕੋਸ਼ਿਸ਼ ਕਰੋ
14. ਮਸੀਹ ਦਾ ਮਨ ਹਾਸਲ ਕਰਨਾ ਸਾਡੇ ਪ੍ਰਚਾਰ ਦੇ ਕੰਮ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ?
14 ਸਾਡੇ ਵਿੱਚੋਂ ਕੋਈ ਵੀ ਇਹ ਨਹੀਂ ਸੋਚੇਗਾ ਕਿ ਮਸੀਹ ਦਾ ਮਨ ਹਾਸਲ ਕਰਨਾ ਸਿਰਫ਼ ਪਹਿਲੀ ਸਦੀ ਦਿਆਂ ਲੋਕਾਂ ਉੱਤੇ, ਯਾਨੀ ਕਿ ਯਿਸੂ ਅਤੇ ਉਸ ਦੇ ਮੁਢਲੇ ਚੇਲਿਆਂ ਉੱਤੇ ਹੀ ਲਾਗੂ ਹੁੰਦਾ ਸੀ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਲਿਖਿਆ: “ਸਾਨੂੰ ਮਸੀਹ ਵਾਲਾ ਮਨ ਮਿਲਿਆ ਹੈ।” (1 ਕੁਰਿੰਥੀਆਂ 2:16, ਨਵਾਂ ਅਨੁਵਾਦ) ਅਤੇ ਅਸੀਂ ਰਜ਼ਾਮੰਦੀ ਨਾਲ ਸਵੀਕਾਰ ਕਰਾਂਗੇ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਅਤੇ ਚੇਲੇ ਬਣਾਉਣੇ ਸਾਡਾ ਫ਼ਰਜ਼ ਹੈ। (ਮੱਤੀ 24:14; 28:19, 20) ਲੇਕਿਨ, ਇਸ ਗੱਲ ਬਾਰੇ ਵੀ ਸੋਚਣਾ ਲਾਭਦਾਇਕ ਹੈ ਕਿ ਅਸੀਂ ਇਹ ਕੰਮ ਕਿਉਂ ਕਰ ਰਹੇ ਹਾਂ। ਸਾਨੂੰ ਇਸ ਨੂੰ ਸਿਰਫ਼ ਇਕ ਫ਼ਰਜ਼ ਹੀ ਨਹੀਂ ਸਮਝਣਾ ਚਾਹੀਦਾ। ਪ੍ਰਚਾਰ ਸੇਵਾ ਵਿਚ ਹਿੱਸਾ ਲੈਣ ਦਾ ਮੁੱਖ ਕਾਰਨ ਪਰਮੇਸ਼ੁਰ ਲਈ ਪ੍ਰੇਮ ਹੈ ਅਤੇ ਯਿਸੂ ਵਰਗੇ ਬਣਨ ਲਈ ਸਾਨੂੰ ਲੋਕਾਂ ਲਈ ਹਮਦਰਦੀ ਦੇ ਕਾਰਨ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਕਰਨਾ ਚਾਹੀਦਾ ਹੈ।—ਮੱਤੀ 22:37-39.
15. ਦਇਆ ਸਾਡੀ ਸੇਵਕਾਈ ਦਾ ਇਕ ਜ਼ਰੂਰੀ ਹਿੱਸਾ ਕਿਉਂ ਹੈ?
15 ਇਹ ਗੱਲ ਸੱਚ ਹੈ ਕਿ ਉਨ੍ਹਾਂ ਲੋਕਾਂ ਉੱਤੇ ਤਰਸ ਖਾਣਾ ਹਮੇਸ਼ਾ ਸੌਖਾ ਨਹੀਂ ਹੁੰਦਾ ਜੋ ਸੱਚਾਈ ਵਿਚ ਨਹੀਂ ਹਨ, ਖ਼ਾਸ ਕਰਕੇ ਜਦੋਂ ਉਹ ਬੇਪਰਵਾਹੀ ਅਤੇ ਵਿਰੋਧਤਾ ਦਿਖਾਉਂਦੇ ਹਨ ਜਾਂ ਸੱਚਾਈ ਨੂੰ ਠੁਕਰਾਉਂਦੇ ਹਨ। ਲੇਕਿਨ ਜੇ ਅਸੀਂ ਲੋਕਾਂ ਨੂੰ ਹਮਦਰਦੀ ਦਿਖਾਉਣੀ ਛੱਡ ਦੇਈਏ ਤਾਂ ਅਸੀਂ ਮਸੀਹੀ ਸੇਵਕਾਈ ਦੇ ਸਭ ਤੋਂ ਮਹੱਤਵਪੂਰਣ ਕਾਰਨ ਨੂੰ ਭੁੱਲ ਸਕਦੇ ਹਾਂ। ਤਾਂ ਫਿਰ, ਅਸੀਂ ਆਪਣੇ ਦਿਲ ਵਿਚ ਦੂਸਰਿਆਂ ਲਈ ਦਇਆ ਕਿਸ ਤਰ੍ਹਾਂ ਪੈਦਾ ਕਰ ਸਕਦੇ ਹਾਂ? ਅਸੀਂ ਲੋਕਾਂ ਨੂੰ ਯਿਸੂ ਵਾਂਗ ਵਿਚਾਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਉਸ ਨੇ ਲੋਕਾਂ ਨੂੰ “ਭੇਡਾਂ ਵਾਂਙੁ” ਵਿਚਾਰਿਆ “ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਕੀ ਅੱਜ ਵੀ ਕਈਆਂ ਲੋਕਾਂ ਦੀ ਹਾਲਤ ਇਸ ਤਰ੍ਹਾਂ ਦੀ ਨਹੀਂ ਹੈ? ਝੂਠੇ ਧਾਰਮਿਕ ਅਯਾਲੀਆਂ ਨੇ ਉਨ੍ਹਾਂ ਦਾ ਜ਼ਰਾ ਵੀ ਖ਼ਿਆਲ ਨਹੀਂ ਰੱਖਿਆ ਅਤੇ ਉਨ੍ਹਾਂ ਨੂੰ ਰੂਹਾਨੀ ਤੌਰ ਤੇ ਅੰਨ੍ਹਾ ਕੀਤਾ ਹੈ। ਨਤੀਜੇ ਵਜੋਂ, ਨਾ ਹੀ ਉਨ੍ਹਾਂ ਨੂੰ ਬਾਈਬਲ ਵਿਚ ਪਾਈ ਜਾਂਦੀ ਚੰਗੀ ਅਗਵਾਈ ਬਾਰੇ ਪਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਫਿਰਦੌਸ ਵਰਗੀਆਂ ਹਾਲਤਾਂ ਬਾਰੇ ਪਤਾ ਹੈ ਜੋ ਪਰਮੇਸ਼ੁਰ ਦਾ ਰਾਜ ਜਲਦੀ ਸਾਡੀ ਧਰਤੀ ਤੇ ਲਿਆਵੇਗਾ। ਰਾਜ ਦੀ ਆਸ ਤੋਂ ਬਗੈਰ ਉਹ ਰੋਜ਼ ਗ਼ਰੀਬੀ, ਪਰਿਵਾਰਾਂ ਵਿਚ ਝਗੜੇ, ਬੀਮਾਰੀਆਂ ਅਤੇ ਮੌਤ ਵਰਗੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਹਨ। ਸਾਡੇ ਕੋਲ ਉਹ ਚੀਜ਼ ਹੈ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ: ਸਵਰਗ ਵਿਚ ਸਥਾਪਿਤ ਪਰਮੇਸ਼ੁਰ ਦੇ ਰਾਜ ਬਾਰੇ ਖ਼ੁਸ਼ ਖ਼ਬਰੀ, ਜਿਸ ਰਾਹੀਂ ਉਨ੍ਹਾਂ ਦੀਆਂ ਜਾਨਾਂ ਬਚ ਸਕਦੀਆਂ ਹਨ!
16. ਸਾਨੂੰ ਦੂਸਰਿਆਂ ਨੂੰ ਖ਼ੁਸ਼ ਖ਼ਬਰੀ ਦੱਸਣ ਦੀ ਇੱਛਾ ਕਿਉਂ ਰੱਖਣੀ ਚਾਹੀਦੀ ਹੈ?
16 ਜਦੋਂ ਤੁਸੀਂ ਲੋਕਾਂ ਦੀਆਂ ਰੂਹਾਨੀ ਜ਼ਰੂਰਤਾਂ ਬਾਰੇ ਸੋਚਦੇ ਹੋ ਤਾਂ ਕੀ ਉਨ੍ਹਾਂ ਨੂੰ ਪਰਮੇਸ਼ੁਰ ਦੇ ਪ੍ਰੇਮਪੂਰਣ ਮਕਸਦ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਦਾ ਤੁਹਾਡਾ ਦਿਲ ਨਹੀਂ ਕਰਦਾ? ਜੀ ਹਾਂ, ਸਾਡਾ ਕੰਮ ਹਮਦਰਦੀ ਦਿਖਾਉਣ ਵਾਲਾ ਹੈ। ਜਦੋਂ ਅਸੀਂ ਯਿਸੂ ਵਾਂਗ ਲੋਕਾਂ ਦਿਆਂ ਜਜ਼ਬਾਤਾਂ ਨੂੰ ਸਮਝਾਂਗੇ ਤਾਂ ਇਹ ਸਾਡੀ ਆਵਾਜ਼ ਵਿਚ, ਸਾਡੇ ਚਿਹਰੇ ਤੋਂ, ਅਤੇ ਸਿਖਾਉਣ ਦੇ ਸਾਡੇ ਅੰਦਾਜ਼ ਤੋਂ ਜ਼ਾਹਰ ਹੋਵੇਗਾ। ਇਹ ਸਭ ਕੁਝ, “ਸਦੀਪਕ ਜੀਉਣ ਲਈ ਠਹਿਰਾਏ ਗਏ” ਲੋਕਾਂ ਲਈ ਸਾਡੇ ਸੰਦੇਸ਼ ਨੂੰ ਕਬੂਲ ਕਰਨਾ ਸੌਖਾ ਬਣਾਵੇਗਾ।—ਰਸੂਲਾਂ ਦੇ ਕਰਤੱਬ 13:48.
17. (ੳ) ਅਸੀਂ ਦੂਸਰਿਆਂ ਨੂੰ ਪਿਆਰ ਅਤੇ ਦਇਆ ਕਿਸ ਤਰ੍ਹਾਂ ਦਿਖਾ ਸਕਦੇ ਹਾਂ? (ਅ) ਚੰਗੇ ਕੰਮ ਕਰਨ ਦੇ ਨਾਲ-ਨਾਲ ਸਾਨੂੰ ਸੇਵਕਾਈ ਵਿਚ ਵੀ ਕਿਉਂ ਹਿੱਸਾ ਲੈਣਾ ਚਾਹੀਦਾ ਹੈ?
17 ਸਾਨੂੰ ਆਪਣੀ ਜ਼ਿੰਦਗੀ ਦੇ ਹਰੇਕ ਪਹਿਲੂ ਵਿਚ ਪ੍ਰੇਮ ਅਤੇ ਦਇਆ ਦਿਖਾਉਣੀ ਚਾਹੀਦੀ ਹੈ। ਸਾਨੂੰ ਦੁਖੀ ਲੋਕਾਂ ਦੀ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਹੈ, ਜਿਵੇਂ ਕਿ ਉਨ੍ਹਾਂ ਦੀ ਜਿਨ੍ਹਾਂ ਦੇ ਹਾਲਾਤ ਔਖੇ ਹੋਣ ਜਾਂ ਜੋ ਬੀਮਾਰ ਜਾਂ ਗ਼ਰੀਬ ਹੋਣ। ਸਾਨੂੰ ਆਪਣੀਆਂ ਗੱਲਾਂ ਅਤੇ ਕੰਮਾਂ ਰਾਹੀਂ ਉਨ੍ਹਾਂ ਦਾ ਦੁੱਖ ਦੂਰ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਕੋਈ ਸਾਕ-ਮਿੱਤਰ ਮਰ ਗਿਆ ਹੋਵੇ। (ਲੂਕਾ 7:11-15; ਯੂਹੰਨਾ 11:33-35) ਲੇਕਿਨ, ਕੁਝ ਦਇਆਵਾਨ ਇਨਸਾਨਾਂ ਵਾਂਗ ਸਾਨੂੰ ਆਪਣਾ ਪਿਆਰ, ਆਪਣੀ ਦਿਆਲਤਾ, ਅਤੇ ਦਇਆ ਸਿਰਫ਼ ਇਨ੍ਹਾਂ ਚੰਗਿਆਂ ਕੰਮਾਂ ਦੁਆਰਾ ਹੀ ਨਹੀਂ ਦਿਖਾਉਣੀ ਚਾਹੀਦੀ। ਇਨ੍ਹਾਂ ਨਾਲੋਂ ਉਹ ਜਤਨ ਕਿਤੇ ਮਹੱਤਵਪੂਰਣ ਹਨ ਜੋ ਈਸ਼ਵਰੀ ਗੁਣਾਂ ਦੁਆਰਾ ਮਸੀਹੀ ਪ੍ਰਚਾਰ ਅਤੇ ਸਿਖਲਾਈ ਦੇ ਕੰਮ ਰਾਹੀਂ ਪ੍ਰਗਟ ਕੀਤੇ ਜਾਂਦੇ ਹਨ। ਯਾਦ ਕਰੋ ਕਿ ਯਿਸੂ ਨੇ ਯਹੂਦੀ ਧਾਰਮਿਕ ਆਗੂਆਂ ਬਾਰੇ ਕੀ ਕਿਹਾ ਸੀ: “ਤੁਸੀਂ ਪੂਦੀਨੇ ਅਤੇ ਸੌਂਫ ਅਤੇ ਜੀਰੇ ਦਾ ਦਸੌਂਧ ਦਿੰਦੇ ਹੋ ਅਤੇ ਤੁਰੇਤ ਦੇ ਭਾਰੇ ਹੁਕਮਾਂ ਨੂੰ ਅਰਥਾਤ ਨਿਆਉਂ ਅਰ ਦਯਾ ਅਰ ਨਿਹਚਾ ਨੂੰ ਛੱਡ ਦਿੱਤਾ ਹੈ। ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।” (ਮੱਤੀ 23:23) ਯਿਸੂ ਨੇ ਇਨ੍ਹਾਂ ਦੋਹਾਂ ਕੰਮਾਂ ਵਿੱਚੋਂ ਇਕ ਨਹੀਂ ਸੀ ਚੁਣਿਆ। ਉਸ ਨੇ ਲੋਕਾਂ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਜੀਵਨ ਦੇਣ ਵਾਲੀ ਸੱਚਾਈ ਵੀ ਸਿਖਾਈ ਸੀ। ਲੇਕਿਨ, ਇਹ ਸਪੱਸ਼ਟ ਹੈ ਕਿ ਉਸ ਦਾ ਸਿਖਲਾਈ ਦਾ ਕੰਮ ਸਭ ਤੋਂ ਜ਼ਰੂਰੀ ਸੀ ਕਿਉਂਕਿ ਇਸ ਦੇ ਚੰਗੇ ਅਸਰ ਉਨ੍ਹਾਂ ਨੂੰ ਹਮੇਸ਼ਾ ਦੇ ਲਈ ਮਦਦ ਦੇ ਸਕਦੇ ਸਨ।—ਯੂਹੰਨਾ 20:16.
18. ਮਸੀਹ ਉੱਤੇ ਵਿਚਾਰ ਕਰਨ ਤੋਂ ਬਾਅਦ ਸਾਡੀ ਕੀ ਇੱਛਾ ਹੋਣੀ ਚਾਹੀਦੀ ਹੈ?
18 ਅਸੀਂ ਕਿੰਨੇ ਸ਼ੁਕਰਗੁਜ਼ਾਰ ਹੋ ਸਕਦੇ ਹਾਂ ਕਿ ਯਹੋਵਾਹ ਨੇ ਸਾਨੂੰ ਮਸੀਹ ਬਾਰੇ ਦੱਸਿਆ ਹੈ! ਇੰਜੀਲਾਂ ਦੇ ਰਾਹੀਂ ਅਸੀਂ ਸਭ ਤੋਂ ਮਹਾਨ ਮਨੁੱਖ ਦਿਆਂ ਖ਼ਿਆਲਾਂ, ਭਾਵਨਾਵਾਂ, ਗੁਣਾਂ, ਕੰਮਾਂ, ਅਤੇ ਉਨ੍ਹਾਂ ਗੱਲਾਂ ਬਾਰੇ ਹੋਰ ਬਿਹਤਰ ਜਾਣ ਸਕਦੇ ਹਾਂ ਜਿਨ੍ਹਾਂ ਨੂੰ ਉਹ ਪਹਿਲ ਦਿੰਦਾ ਸੀ। ਬਾਈਬਲ ਯਿਸੂ ਬਾਰੇ ਜੋ ਕੁਝ ਦੱਸਦੀ ਹੈ ਉਸ ਨੂੰ ਪੜ੍ਹਨਾ, ਉਸ ਉੱਤੇ ਮਨਨ ਕਰਨਾ ਅਤੇ ਉਸ ਨੂੰ ਲਾਗੂ ਕਰਨਾ ਸਾਡੀ ਆਪਣੀ ਜ਼ਿੰਮੇਵਾਰੀ ਹੈ। ਯਾਦ ਰੱਖੋ ਕਿ ਜੇ ਅਸੀਂ ਸੱਚ-ਮੁੱਚ ਯਿਸੂ ਵਰਗੇ ਕੰਮ ਕਰਨੇ ਚਾਹੁੰਦੇ ਹਾਂ, ਤਾਂ ਅਪੂਰਣ ਹੁੰਦੇ ਹੋਏ ਸਾਨੂੰ ਜਿਸ ਹੱਦ ਤਕ ਸੰਭਵ ਹੋਵੇ, ਪਹਿਲਾਂ ਉਸ ਵਾਂਗ ਸੋਚਣਾ, ਮਹਿਸੂਸ ਕਰਨਾ ਅਤੇ ਮਾਮਲਿਆਂ ਉੱਤੇ ਤਰਕ ਕਰਨਾ ਸਿੱਖਣਾ ਚਾਹੀਦਾ ਹੈ। ਤਾਂ ਫਿਰ ਆਓ ਆਪਾਂ ਮਸੀਹ ਵਰਗੇ ਬਣਨ ਦਾ ਪੱਕਾ ਇਰਾਦਾ ਬਣਾਈਏ, ਕਿਉਂਕਿ ਉਸ ਨੇ ਸੰਪੂਰਣ ਤਰੀਕੇ ਵਿਚ ਯਹੋਵਾਹ ਦੀ ਰੀਸ ਕੀਤੀ ਸੀ। ਜੀਉਣ ਦਾ, ਲੋਕਾਂ ਨਾਲ ਸਲੂਕ ਕਰਨ ਦਾ, ਅਤੇ ਸਾਡੇ ਸਾਰਿਆਂ ਲਈ ਆਪਣੇ ਕੋਮਲ ਪਰਮੇਸ਼ੁਰ, ਯਹੋਵਾਹ, ਦੇ ਨਾਲ ਰਿਸ਼ਤਾ ਕਾਇਮ ਕਰਨ ਦਾ ਇਸ ਨਾਲੋਂ ਕੋਈ ਬਿਹਤਰ ਤਰੀਕਾ ਨਹੀਂ ਹੈ।
ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ?
• ਬਾਈਬਲ ਸਾਨੂੰ ਕੀ ਦੱਸਦੀ ਹੈ ਕਿ ਯਿਸੂ ਨੇ ਲੋੜਵੰਦ ਲੋਕਾਂ ਦੀ ਅਕਸਰ ਕਿਸ ਤਰ੍ਹਾਂ ਮਦਦ ਕੀਤੀ ਸੀ?
• ਆਪਣਿਆਂ ਚੇਲਿਆਂ ਨੂੰ ਹਿਦਾਇਤ ਦਿੰਦੇ ਹੋਏ ਯਿਸੂ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਸੀ?
• ਅਸੀਂ ਆਪਣਿਆਂ ਕੰਮਾਂ ਵਿਚ ਮਸੀਹ ਵਰਗੇ ਕਿਸ ਤਰ੍ਹਾਂ ਬਣ ਸਕਦੇ ਹਾਂ?
[ਪੂਰੇ ਸਫ਼ੇ 23 ਉੱਤੇ ਤਸਵੀਰ]
[ਸਫ਼ੇ 24 ਉੱਤੇ ਤਸਵੀਰ]
ਮਸੀਹੀ ਦੂਸਰਿਆਂ ਲਈ ਕਿਹੜਾ ਸਭ ਤੋਂ ਭਲਾ ਕੰਮ ਕਰ ਸਕਦੇ ਹਨ?