ਅਧਿਆਇ 53
ਇਕ ਇੱਛਿਤ ਅਲੌਕਿਕ ਸ਼ਾਸਕ
ਜਦੋਂ ਯਿਸੂ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਂਦਾ ਹੈ ਤਾਂ ਲੋਕੀ ਹੈਰਾਨ ਹੁੰਦੇ ਹਨ। “ਸੱਚੀ ਮੁੱਚੀ ਇਹ ਉਹੋ ਨਬੀ ਹੈ ਜਿਹੜਾ ਜਗਤ ਵਿੱਚ ਆਉਣ ਵਾਲਾ ਹੈ!” ਉਹ ਕਹਿੰਦੇ ਹਨ। ਉਹ ਕੇਵਲ ਇਹੀ ਸਿੱਟਾ ਨਹੀਂ ਕੱਢਦੇ ਹਨ ਕਿ ਜ਼ਰੂਰ ਯਿਸੂ ਹੀ ਮੂਸਾ ਨਾਲੋਂ ਵੱਡਾ ਉਹ ਨਬੀ ਹੋਵੇਗਾ ਮਗਰ ਇਹ ਵੀ ਕਿ ਉਹ ਇਕ ਬਹੁਤ ਮਨਭਾਉਂਦਾ ਸ਼ਾਸਕ ਬਣੇਗਾ। ਇਸ ਲਈ ਉਹ ਉਸ ਨੂੰ ਫੜ ਕੇ ਰਾਜਾ ਬਣਾਉਣ ਦੀ ਯੋਜਨਾ ਕਰਦੇ ਹਨ।
ਪਰੰਤੂ ਲੋਕੀ ਜੋ ਯੋਜਨਾ ਬਣਾ ਰਹੇ ਹਨ ਉਸ ਤੋਂ ਯਿਸੂ ਜਾਣੂ ਹੈ। ਇਸ ਲਈ ਉਨ੍ਹਾਂ ਦੁਆਰਾ ਜ਼ਬਰਦਸਤੀ ਨਿਯੁਕਤ ਕੀਤੇ ਜਾਣ ਤੋਂ ਬਚਣ ਲਈ ਉਹ ਜਲਦੀ ਨਾਲ ਕਦਮ ਚੁੱਕਦਾ ਹੈ। ਉਹ ਭੀੜ ਨੂੰ ਬਰਖ਼ਾਸਤ ਕਰਦਾ ਹੈ ਅਤੇ ਆਪਣੇ ਚੇਲਿਆਂ ਨੂੰ ਆਪਣੀ ਬੇੜੀ ਵਿਚ ਬੈਠ ਕੇ ਕਫ਼ਰਨਾਹੂਮ ਵਾਪਸ ਜਾਣ ਲਈ ਮਜਬੂਰ ਕਰਦਾ ਹੈ। ਫਿਰ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਿਆ ਜਾਂਦਾ ਹੈ। ਉਸ ਰਾਤ ਯਿਸੂ ਉੱਥੇ ਇਕੱਲਾ ਹੀ ਰਹਿੰਦਾ ਹੈ।
ਤੜਕਾ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ ਯਿਸੂ ਆਪਣੇ ਉੱਚੇ ਸਥਿਤ ਸਥਾਨ ਤੋਂ ਦੇਖਦਾ ਹੈ ਅਤੇ ਧਿਆਨ ਦਿੰਦਾ ਹੈ ਕਿ ਤੇਜ਼ ਹਵਾ ਦੇ ਕਾਰਨ ਝੀਲ ਦੇ ਉੱਪਰ ਲਹਿਰਾਂ ਉਠ ਰਹੀਆਂ ਹਨ। ਲਗਭਗ ਪੂਰੇ ਚੰਦ ਦੀ ਰੌਸ਼ਨੀ ਵਿਚ, ਕਿਉਂਕਿ ਪਸਾਹ ਲਾਗੇ ਹੈ, ਯਿਸੂ ਆਪਣੇ ਚੇਲਿਆਂ ਨੂੰ ਬੇੜੀ ਵਿਚ ਲਹਿਰਾਂ ਦੇ ਵਿਰੁੱਧ ਅੱਗੇ ਵਧਣ ਲਈ ਸੰਘਰਸ਼ ਕਰਦੇ ਹੋਏ ਦੇਖਦਾ ਹੈ। ਉਹ ਆਦਮੀ ਆਪਣੀ ਸਾਰੀ ਤਾਕਤ ਨਾਲ ਖੇਵ ਰਹੇ ਹਨ।
ਇਹ ਦੇਖਦੇ ਹੋਏ, ਯਿਸੂ ਪਹਾੜ ਤੋਂ ਉਤਰ ਕੇ ਲਹਿਰਾਂ ਦੇ ਉੱਤੋਂ ਦੀ ਬੇੜੀ ਵੱਲ ਚਲਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਯਿਸੂ ਬੇੜੀ ਦੇ ਕੋਲ ਪਹੁੰਚਦਾ ਹੈ ਤਾਂ ਇਹ ਲਗਭਗ ਪੰਜ ਜਾਂ ਛੇ ਕਿਲੋਮੀਟਰ ਦੂਰ ਜਾ ਚੁੱਕੀ ਸੀ। ਪਰੰਤੂ, ਉਹ ਚਲਦਾ ਜਾਂਦਾ ਹੈ ਜਿਵੇਂ ਕਿ ਉਹ ਉਨ੍ਹਾਂ ਕੋਲੋਂ ਲੰਘ ਚਲਿਆ ਹੈ। ਜਦੋਂ ਚੇਲੇ ਉਸ ਨੂੰ ਦੇਖਦੇ ਹਨ, ਤਾਂ ਉਹ ਚਿਲਾਉਂਦੇ ਹਨ: “ਇਹ ਭੂਤਨਾ ਹੈ!”
ਯਿਸੂ ਤਸੱਲੀ ਦਿੰਦੇ ਹੋਏ ਜਵਾਬ ਦਿੰਦਾ ਹੈ: “ਮੈਂ ਹਾਂ, ਡਰੋ ਨਾ!”
ਪਰੰਤੂ ਪਤਰਸ ਕਹਿੰਦਾ ਹੈ: “ਪ੍ਰਭੁ ਜੀ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ।”
“ਆ,” ਯਿਸੂ ਜਵਾਬ ਦਿੰਦਾ ਹੈ।
ਇਸ ਤੇ, ਪਤਰਸ ਬੇੜੀ ਵਿੱਚੋਂ ਬਾਹਰ ਆਉਂਦੇ ਹੋਏ, ਯਿਸੂ ਵੱਲ ਪਾਣੀ ਉੱਤੇ ਚਲ ਕੇ ਜਾਂਦਾ ਹੈ। ਪਰੰਤੂ ਤੁਫ਼ਾਨ ਨੂੰ ਦੇਖ ਕੇ ਪਤਰਸ ਡਰ ਜਾਂਦਾ ਹੈ, ਅਤੇ ਡੁੱਬਣ ਲਗਦਿਆਂ, ਉਹ ਚਿਲਾਉਂਦਾ ਹੈ: “ਪ੍ਰਭੁ ਜੀ, ਮੈਨੂੰ ਬਚਾ ਲੈ!”
ਤੁਰੰਤ ਯਿਸੂ ਆਪਣਾ ਹੱਥ ਵਧਾ ਕੇ ਉਸ ਨੂੰ ਫੜਦੇ ਹੋਏ ਕਹਿੰਦਾ ਹੈ: “ਹੇ ਥੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ?”
ਜਦੋਂ ਪਤਰਸ ਅਤੇ ਯਿਸੂ ਬੇੜੀ ਵਿਚ ਵਾਪਸ ਚੜ੍ਹ ਜਾਂਦੇ ਹਨ, ਤਾਂ ਹਵਾ ਰੁਕ ਜਾਂਦੀ ਹੈ, ਅਤੇ ਚੇਲੇ ਹੈਰਾਨ ਹੁੰਦੇ ਹਨ। ਪਰੰਤੂ ਕੀ ਉਨ੍ਹਾਂ ਨੂੰ ਹੈਰਾਨ ਹੋਣਾ ਚਾਹੀਦਾ ਹੈ? ਜੇਕਰ ਉਨ੍ਹਾਂ ਨੇ ਕੁਝ ਹੀ ਘੰਟੇ ਪਹਿਲਾਂ ਯਿਸੂ ਦੇ ਕੀਤੇ ਮਹਾਨ ਚਮਤਕਾਰ ਦੀ ਕਦਰ ਕਰਨ ਦੇ ਦੁਆਰਾ ‘ਰੋਟੀਆਂ ਦੀ ਗੱਲ ਸਮਝੀ’ ਹੁੰਦੀ, ਜਦੋਂ ਉਸ ਨੇ ਕੇਵਲ ਪੰਜ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਦੇ ਨਾਲ ਹਜ਼ਾਰਾਂ ਨੂੰ ਖੁਆਇਆ ਸੀ, ਤਾਂ ਇਹ ਗੱਲ ਇੰਨੀ ਹੈਰਾਨੀਜਨਕ ਨਹੀਂ ਲੱਗਣੀ ਚਾਹੀਦੀ ਸੀ ਕਿ ਉਹ ਪਾਣੀ ਉੱਤੇ ਚਲ ਸਕਦਾ ਹੈ ਅਤੇ ਹਵਾ ਨੂੰ ਰੋਕ ਸਕਦਾ ਹੈ। ਮਗਰ, ਹੁਣ ਚੇਲੇ ਯਿਸੂ ਨੂੰ ਮੱਥਾ ਟੇਕ ਕੇ ਕਹਿੰਦੇ ਹਨ: “ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਹੈਂ।”
ਥੋੜ੍ਹੇ ਸਮੇਂ ਵਿਚ, ਉਹ ਕਫ਼ਰਨਾਹੂਮ ਦੇ ਲਾਗੇ ਇਕ ਸੁੰਦਰ, ਉਪਜਾਊ ਮੈਦਾਨ, ਗੰਨੇਸਰਤ ਪਹੁੰਚਦੇ ਹਨ। ਉੱਥੇ ਉਹ ਬੇੜੀ ਨੂੰ ਘਾਟ ਤੇ ਬੰਨਦੇ ਹਨ। ਪਰੰਤੂ ਜਦੋਂ ਉਹ ਕੰਢੇ ਉੱਤੇ ਆਉਂਦੇ ਹਨ, ਤਾਂ ਲੋਕੀ ਯਿਸੂ ਨੂੰ ਪਛਾਣ ਲੈਂਦੇ ਹਨ ਅਤੇ ਆਲੇ-ਦੁਆਲੇ ਦੇ ਦੇਸ ਵਿਚ ਜਾ ਕੇ ਉਨ੍ਹਾਂ ਨੂੰ ਲੱਭਦੇ ਹਨ ਜੋ ਬੀਮਾਰ ਹਨ। ਜਦੋਂ ਇਨ੍ਹਾਂ ਨੂੰ ਆਪਣੀਆਂ ਮੰਜੀਆਂ ਉੱਤੇ ਲਿਆਇਆ ਜਾਂਦਾ ਹੈ ਅਤੇ ਉਹ ਸਿਰਫ਼ ਯਿਸੂ ਦੇ ਕੱਪੜਿਆਂ ਦੇ ਪੱਲੇ ਨੂੰ ਹੀ ਛੋਂਹਦੇ ਹਨ, ਤਾਂ ਉਹ ਪੂਰੀ ਤਰ੍ਹਾਂ ਚੰਗੇ ਹੋ ਜਾਂਦੇ ਹਨ।
ਇਸ ਸਮੇਂ ਦੇ ਦੌਰਾਨ, ਉਹ ਭੀੜ ਜਿਸ ਨੇ ਹਜ਼ਾਰਾਂ ਨੂੰ ਚਮਤਕਾਰੀ ਢੰਗ ਨਾਲ ਖੁਆਉਣ ਦੀ ਘਟਨਾ ਦੇਖੀ ਸੀ, ਨੂੰ ਪਤਾ ਲੱਗਦਾ ਹੈ ਕਿ ਯਿਸੂ ਚਲਿਆ ਗਿਆ ਹੈ। ਇਸ ਲਈ ਜਦੋਂ ਤਿਬਿਰਿਯਾਸ ਤੋਂ ਛੋਟੀਆਂ ਬੇੜੀਆਂ ਆਉਂਦੀਆਂ ਹਨ, ਤਾਂ ਉਹ ਇਨ੍ਹਾਂ ਉੱਤੇ ਚੜ੍ਹ ਕੇ ਯਿਸੂ ਨੂੰ ਲੱਭਣ ਲਈ ਕਫ਼ਰਨਾਹੂਮ ਨੂੰ ਜਾਂਦੇ ਹਨ। ਜਦੋਂ ਉਹ ਉਸ ਨੂੰ ਲੱਭ ਲੈਂਦੇ ਹਨ, ਤਾਂ ਉਹ ਪੁੱਛਦੇ ਹਨ: “ਸੁਆਮੀ ਜੀ ਤੁਸੀਂ ਐਥੇ ਕਦੋਂ ਆਏ?” ਯਿਸੂ ਉਨ੍ਹਾਂ ਨੂੰ ਝਿੜਕਦਾ ਹੈ ਜਿਵੇਂ ਅਸੀਂ ਜਲਦੀ ਹੀ ਦੇਖਾਂਗੇ। ਯੂਹੰਨਾ 6:14-25; ਮੱਤੀ 14:22-36; ਮਰਕੁਸ 6:45-56.
▪ ਯਿਸੂ ਦੇ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਉਣ ਤੋਂ ਬਾਅਦ, ਲੋਕੀ ਉਸ ਨੂੰ ਕੀ ਬਣਾਉਣਾ ਚਾਹੁੰਦੇ ਹਨ?
▪ ਯਿਸੂ ਜਿਸ ਪਹਾੜ ਉੱਤੇ ਚਲਿਆ ਗਿਆ ਸੀ, ਉੱਥੋਂ ਉਹ ਕੀ ਦੇਖਦਾ ਹੈ, ਅਤੇ ਫਿਰ ਉਹ ਕੀ ਕਰਦਾ ਹੈ?
▪ ਚੇਲਿਆਂ ਨੂੰ ਇਨ੍ਹਾਂ ਗੱਲਾਂ ਤੋਂ ਇੰਨੀ ਹੈਰਾਨੀ ਕਿਉਂ ਨਹੀਂ ਹੋਣੀ ਚਾਹੀਦੀ ਹੈ?
▪ ਜਦੋਂ ਉਹ ਕੰਢੇ ਤੇ ਪਹੁੰਚਦੇ ਹਨ, ਤਾਂ ਕੀ ਹੁੰਦਾ ਹੈ?