ਸਾਨੂੰ ਆਤਮ-ਤਿਆਗੀ ਕਿਉਂ ਹੋਣਾ ਚਾਹੀਦਾ ਹੈ?
ਬਿਲ ਦੀ ਉਮਰ ਕੁਝ 50 ਸਾਲਾਂ ਤੋਂ ਜ਼ਿਆਦਾ ਹੈ। ਉਸ ਦਾ ਪਰਿਵਾਰ ਹੈ ਅਤੇ ਉਹ ਉਸਾਰੀ ਤਕਨਾਲੋਜੀ ਦਾ ਅਧਿਆਪਕ ਹੈ। ਸਾਲ ਦੌਰਾਨ ਉਹ ਕਈ ਹਫ਼ਤੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਲਈ ਕਿੰਗਡਮ ਹਾਲਾਂ ਦੇ ਨਕਸ਼ੇ ਬਣਾਉਣ ਅਤੇ ਉਨ੍ਹਾਂ ਦੇ ਉਸਾਰੀ ਦੇ ਕੰਮ ਵਿਚ ਹਿੱਸਾ ਲੈਂਦਾ ਹੈ। ਉਹ ਇਹ ਕੰਮ ਆਪਣੇ ਖ਼ਰਚੇ ਤੇ ਕਰਦਾ ਹੈ। ਏਮਾ ਬਾਈਆਂ ਸਾਲਾਂ ਦੀ ਕਾਫ਼ੀ ਪੜ੍ਹੀ-ਲਿਖੀ ਕੁਆਰੀ ਲੜਕੀ ਹੈ। ਹਮੇਸ਼ਾ ਆਪਣੇ ਹੀ ਕੰਮਾਂ ਅਤੇ ਐਸ਼ ਵਿਚ ਰੁੱਝੀ ਰਹਿਣ ਦੀ ਬਜਾਇ ਉਹ ਹਰ ਮਹੀਨੇ 70 ਘੰਟੇ ਪ੍ਰਚਾਰ ਦਾ ਕੰਮ ਕਰਦੀ ਹੈ ਅਤੇ ਲੋਕਾਂ ਨੂੰ ਬਾਈਬਲ ਸਮਝਣ ਵਿਚ ਮਦਦ ਦਿੰਦੀ ਹੈ। ਮੌਰੀਸ ਅਤੇ ਬੈਟੀ ਹੁਣ ਰਿਟਾਇਰ ਹੋ ਚੁੱਕੇ ਹਨ। ਐਸ਼ੋ-ਆਰਾਮ ਦਾ ਜੀਵਨ ਗੁਜ਼ਾਰਨ ਦੀ ਬਜਾਇ ਉਹ ਹੁਣ ਇਕ ਹੋਰ ਮੁਲਕ ਵਿਚ ਰਹਿੰਦੇ ਹਨ ਜਿੱਥੇ ਉਹ ਲੋਕਾਂ ਨੂੰ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਸਿਖਾਉਂਦੇ ਹਨ।
ਇਹ ਵਿਅਕਤੀ ਇਹ ਨਹੀਂ ਸੋਚਦੇ ਕਿ ਉਹ ਕੋਈ ਖ਼ਾਸ ਕੰਮ ਕਰ ਰਹੇ ਹਨ। ਉਹ ਆਮ ਲੋਕ ਹਨ ਜੋ ਆਪਣੇ ਭਾਣੇ ਸਹੀ ਕੰਮ ਕਰ ਰਹੇ ਹਨ। ਉਹ ਆਪਣਾ ਸਮਾਂ, ਤਾਕਤ, ਯੋਗਤਾਵਾਂ, ਅਤੇ ਪੈਸਾ ਦੂਸਰਿਆਂ ਦੀ ਸੇਵਾ ਵਿਚ ਕਿਉਂ ਲਾਉਂਦੇ ਹਨ? ਕਿਉਂਕਿ ਉਹ ਪਰਮੇਸ਼ੁਰ ਅਤੇ ਹੋਰਨਾਂ ਲੋਕਾਂ ਨਾਲ ਪ੍ਰੇਮ ਕਰਦੇ ਹਨ। ਇਸੇ ਪ੍ਰੇਮ ਕਰਕੇ ਉਹ ਆਤਮ-ਤਿਆਗੀ ਬਣੇ ਹਨ।
ਆਤਮ-ਤਿਆਗੀ ਹੋਣ ਦਾ ਕੀ ਮਤਲਬ ਹੈ? ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਸਾਦ-ਮੁਰਾਦੀ ਜਾਂ ਤਪੱਸਵੀ ਜ਼ਿੰਦਗੀ ਗੁਜ਼ਾਰੀਏ। ਇਸ ਦਾ ਇਹ ਵੀ ਮਤਲਬ ਨਹੀਂ ਕਿ ਅਸੀਂ ਆਪਣੀ ਸਾਰੀ ਖ਼ੁਸ਼ੀ ਅਤੇ ਸੰਤੁਸ਼ਟੀ ਕੁਰਬਾਨ ਕਰੀਏ। ਅੰਗ੍ਰੇਜ਼ੀ ਦੇ ਇਕ ਸ਼ਬਦ-ਕੋਸ਼ ਦੇ ਅਨੁਸਾਰ ਇਸ ਦਾ ਮਤਲਬ ਹੈ: “ਆਪਣੀਆਂ ਦਿਲਚਸਪੀਆਂ, ਖ਼ੁਸ਼ੀਆਂ, ਅਤੇ ਇੱਛਾਵਾਂ ਨੂੰ ਕਿਸੇ ਫ਼ਰਜ਼ ਦੀ ਖ਼ਾਤਰ ਜਾਂ ਦੂਸਰਿਆਂ ਦੀ ਭਲਾਈ ਦੀ ਖ਼ਾਤਰ ਕੁਰਬਾਨ ਕਰਨਾ।”
ਯਿਸੂ ਮਸੀਹ ਦੀ ਪ੍ਰਮੁੱਖ ਮਿਸਾਲ
ਪਰਮੇਸ਼ੁਰ ਦੇ ਇਕਲੌਤੇ ਪੁੱਤਰ ਯਿਸੂ ਮਸੀਹ ਨੇ ਦੂਸਰਿਆਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਕੇ ਇਕ ਪ੍ਰਮੁੱਖ ਮਿਸਾਲ ਕਾਇਮ ਕੀਤੀ। ਇਨਸਾਨ ਵਜੋਂ ਪੈਦਾ ਹੋਣ ਤੋਂ ਪਹਿਲਾਂ ਉਹ ਸਵਰਗ ਵਿਚ ਸੀ। ਉੱਥੇ ਉਸ ਦੀ ਜ਼ਿੰਦਗੀ ਦਿਲਚਸਪ ਅਤੇ ਬਹੁਤ ਵਧੀਆ ਸੀ। ਆਪਣੇ ਪਿਤਾ ਅਤੇ ਹੋਰਨਾਂ ਦੂਤਾਂ ਨਾਲ ਉਸ ਦਾ ਰਿਸ਼ਤਾ ਗੂੜ੍ਹਾ ਸੀ। ਇਸ ਤੋਂ ਇਲਾਵਾ “ਰਾਜ ਮਿਸਤਰੀ” ਵਜੋਂ ਉਸ ਨੇ ਵੱਡੇ-ਵੱਡੇ ਅਤੇ ਦਿਲਚਸਪ ਕੰਮਾਂ ਵਿਚ ਹਿੱਸਾ ਲਿਆ ਸੀ। (ਕਹਾਉਤਾਂ 8:30, 31) ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੀ ਸਵਰਗੀ ਜ਼ਿੰਦਗੀ ਧਰਤੀ ਉੱਤੇ ਕਿਸੇ ਅਮੀਰ ਬੰਦੇ ਦੀ ਜ਼ਿੰਦਗੀ ਨਾਲੋਂ ਵੀ ਕਿਤੇ ਉੱਤਮ ਸੀ। ਯਹੋਵਾਹ ਪਰਮੇਸ਼ੁਰ ਤੋਂ ਬਾਅਦ, ਸਵਰਗ ਵਿਚ ਉਸ ਦੀ ਉੱਚੀ ਅਤੇ ਸਨਮਾਨਿਤ ਪਦਵੀ ਸੀ।
ਫਿਰ ਵੀ, ਪਰਮੇਸ਼ੁਰ ਦੇ ਪੁੱਤਰ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿੱਪੀਆਂ 2:7) ਉਹ ਖ਼ੁਸ਼ੀ ਨਾਲ ਆਪਣਾ ਸਾਰਾ ਕੁਝ ਛੱਡ ਕੇ ਇਨਸਾਨ ਬਣਿਆ। ਉਸ ਨੇ ਆਪਣੀ ਜਾਨ ਮਨੁੱਖਜਾਤੀ ਦੀ ਰਿਹਾਈ ਲਈ ਪੇਸ਼ ਕੀਤੀ ਤਾਂਕਿ ਸ਼ਤਾਨ ਦੇ ਕੀਤੇ ਗਏ ਸਾਰੇ ਨੁਕਸਾਨ ਸੁਧਾਰੇ ਜਾ ਸਕਣ। (ਉਤਪਤ 3:1-7; ਮਰਕੁਸ 10:45) ਇਸ ਲਈ ਉਹ ਪਾਪੀ ਮਨੁੱਖਜਾਤੀ ਦੇ ਵਿਚਕਾਰ ਇਸ ਦੁਨੀਆਂ ਵਿਚ ਰਹਿਣ ਆਇਆ ਜੋ ਸ਼ਤਾਨ ਦੇ ਵੱਸ ਵਿਚ ਹੈ। (1 ਯੂਹੰਨਾ 5:19) ਉਸ ਨੂੰ ਤਕਲੀਫ਼ ਅਤੇ ਖੇਚਲ ਸਹਿਣੀ ਪਈ। ਪਰ ਯਿਸੂ ਮਸੀਹ ਨੂੰ ਜੋ ਮਰਜ਼ੀ ਸਹਿਣਾ ਪਿਆ ਉਸ ਨੇ ਆਪਣੇ ਪਿਤਾ ਦੀ ਮਰਜ਼ੀ ਕਰਨ ਦਾ ਪੱਕਾ ਫ਼ੈਸਲਾ ਕੀਤਾ ਸੀ। (ਮੱਤੀ 26:39; ਯੂਹੰਨਾ 5:30; 6:38) ਇਸ ਤਰ੍ਹਾਂ ਯਿਸੂ ਦੀ ਮੁਹੱਬਤ ਅਤੇ ਵਫ਼ਾਦਾਰੀ ਦੀ ਪਰੀਖਿਆ ਪੂਰੀ ਹੱਦ ਤਕ ਲਈ ਗਈ। ਉਹ ਕਿਸ ਹੱਦ ਤਕ ਜਾਣ ਲਈ ਤਿਆਰ ਸੀ? ਪੌਲੁਸ ਰਸੂਲ ਨੇ ਕਿਹਾ ਕਿ ਉਸ ਨੇ “ਆਪਣੇ ਆਪ ਨੂੰ ਨੀਵਿਆਂ ਕੀਤਾ ਅਤੇ ਮੌਤ ਤਾਈਂ ਸਗੋਂ ਸਲੀਬ ਦੀ ਮੌਤ ਤਾਈਂ ਆਗਿਆਕਾਰ ਬਣਿਆ।”—ਫ਼ਿਲਿੱਪੀਆਂ 2:8.
“ਤੁਹਾਡਾ ਉਹੋ ਸੁਭਾਉ ਹੋਵੇ”
ਸਾਨੂੰ ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਣ ਲਈ ਕਿਹਾ ਗਿਆ ਹੈ। “ਤੁਹਾਡਾ ਉਹੋ ਸੁਭਾਉ ਹੋਵੇ ਜੋ ਮਸੀਹ ਯਿਸੂ ਦਾ ਭੀ ਸੀ।” (ਫ਼ਿਲਿੱਪੀਆਂ 2:5) ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? ਇਕ ਤਰੀਕਾ ਇਹ ਹੈ ਕਿ “ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿੱਪੀਆਂ 2:4) ਸੱਚਾ ਪ੍ਰੇਮ “ਆਪ ਸੁਆਰਥੀ ਨਹੀਂ” ਹੈ।—1 ਕੁਰਿੰਥੀਆਂ 13:5.
ਪਰਵਾਹ ਕਰਨ ਵਾਲੇ ਲੋਕ ਅਕਸਰ ਦੂਸਰਿਆਂ ਦੀ ਸੇਵਾ ਵਿਚ ਆਪਣੇ ਆਪ ਨੂੰ ਵਾਰ ਦਿੰਦੇ ਹਨ। ਪਰ ਅੱਜ-ਕੱਲ੍ਹ ਜ਼ਿਆਦਾਤਰ ਲੋਕ ਖ਼ੁਦਗਰਜ਼ ਅਤੇ ਮਤਲਬੀ ਹਨ। ਸਾਨੂੰ ਇਸ ਜਗਤ ਦੀ ਆਤਮਾ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਹੈ ਕਿਉਂਕਿ ਜੇ ਇਹ ਸਾਡੇ ਨਜ਼ਰੀਏ ਅਤੇ ਰਵੱਈਏ ਨੂੰ ਢਾਲ ਲਵੇ, ਤਾਂ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਚਾਹਾਂ ਨੂੰ ਹੀ ਸਭ ਤੋਂ ਜ਼ਰੂਰੀ ਸਮਝਣ ਲੱਗ ਪਈਏ। ਫਿਰ ਅਸੀਂ ਸਭ ਕੁਝ ਆਪਣੇ ਲਈ ਹੀ ਕਰਾਂਗੇ। ਅਸੀਂ ਆਪਣਾ ਸਮਾਂ, ਤਾਕਤ, ਜਾਂ ਪੈਸਾ ਸਿਰਫ਼ ਆਪਣੇ ਹੀ ਸੁਆਰਥੀ ਕੰਮਾਂ ਲਈ ਵਰਤਣਾ ਚਾਹਾਂਗੇ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਪ੍ਰਭਾਵ ਦੇ ਅਸਰ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰੀਏ।
ਕਈ ਵਾਰ ਨੇਕ ਨੀਅਤ ਨਾਲ ਦਿੱਤੀ ਗਈ ਸਲਾਹ ਵੀ ਸਾਡੇ ਜੋਸ਼ ਨੂੰ ਠੰਢਾ ਕਰ ਸਕਦੀ ਹੈ ਜਿਸ ਕਾਰਨ ਅਸੀਂ ਆਤਮ-ਤਿਆਗੀ ਨਹੀਂ ਬਣੇ ਰਹਿੰਦੇ। ਉਦਾਹਰਣ ਲਈ, ਇਹ ਜਾਣਦੇ ਹੋਏ ਕਿ ਯਿਸੂ ਦਾ ਰਸਤਾ ਉਸ ਨੂੰ ਮੌਤ ਵੱਲ ਲੈ ਜਾ ਰਿਹਾ ਸੀ, ਪਤਰਸ ਰਸੂਲ ਨੇ ਕਿਹਾ: “ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ!” (ਮੱਤੀ 16:22) ਇਸ ਤਰ੍ਹਾਂ ਲੱਗਦਾ ਹੈ ਕਿ ਪਤਰਸ ਨੂੰ ਇਹ ਗੱਲ ਸਵੀਕਾਰ ਕਰਨੀ ਔਖੀ ਲੱਗੀ ਕਿ ਯਿਸੂ ਆਪਣੇ ਪਿਤਾ ਦੇ ਰਾਜ ਕਰਨ ਦੇ ਹੱਕ ਲਈ ਅਤੇ ਮਨੁੱਖਜਾਤੀ ਦੀ ਮੁਕਤੀ ਲਈ ਮੌਤ ਤਕ ਜਾਣ ਲਈ ਤਿਆਰ ਸੀ। ਇਸ ਲਈ ਉਸ ਨੇ ਯਿਸੂ ਨੂੰ ਇਸ ਰਸਤੇ ਤੇ ਚੱਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
‘ਆਪਣੇ ਆਪ ਦਾ ਇਨਕਾਰ ਕਰੋ’
ਯਿਸੂ ਨੇ ਪਤਰਸ ਨੂੰ ਕੀ ਜਵਾਬ ਦਿੱਤਾ ਸੀ? ਅਸੀਂ ਪੜ੍ਹਦੇ ਹਾਂ ਕਿ ਯਿਸੂ ਨੇ “ਮੂੰਹ ਫੇਰ ਲਿਆ ਅਤੇ ਆਪਣੇ ਚੇਲਿਆਂ ਵੱਲ ਵੇਖ ਕੇ ਪਤਰਸ ਨੂੰ ਝਿੜਕਿਆ ਅਤੇ ਕਿਹਾ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ।” ਫਿਰ ਯਿਸੂ ਨੇ ਆਪਣੇ ਚੇਲਿਆਂ ਸਣੇ ਭੀੜ ਨੂੰ ਆਪਣੇ ਕੋਲ ਸੱਦਿਆ ਅਤੇ ਕਿਹਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।”—ਮਰਕੁਸ 8:33, 34.
ਯਿਸੂ ਨੂੰ ਪਿੱਛੇ ਹਟਾਉਣ ਦੀ ਸਲਾਹ ਦੇਣ ਤੋਂ ਕੁਝ 30 ਸਾਲ ਬਾਅਦ, ਪਤਰਸ ਨੇ ਦਿਖਾਇਆ ਕਿ ਉਹ ਹੁਣ ਆਤਮ-ਤਿਆਗੀ ਹੋਣ ਦਾ ਮਤਲਬ ਸਮਝਦਾ ਸੀ। ਉਸ ਨੇ ਆਪਣੇ ਭਰਾਵਾਂ ਨੂੰ ਇਹ ਸਲਾਹ ਨਹੀਂ ਦਿੱਤੀ ਸੀ ਕਿ ਉਹ ਐਸ਼ੋ-ਆਰਾਮ ਕਰਨ ਜਾਂ ਸੌਖਾ ਰਸਤਾ ਫੜਨ। ਸਗੋਂ ਪਤਰਸ ਨੇ ਉਪਦੇਸ਼ ਦਿੱਤਾ ਸੀ ਕਿ ਉਹ ਕੰਮ ਕਰਨ ਲਈ ਆਪਣੇ ਮਨ ਤਿਆਰ ਕਰ ਲੈਣ ਅਤੇ ਪਹਿਲਾਂ ਵਾਂਗ ਦੁਨਿਆਵੀ ਕਾਮਨਾਵਾਂ ਦੇ ਅਨੁਸਾਰ ਨਾ ਚੱਲਣ। ਪਰਤਾਵਿਆਂ ਦੇ ਬਾਵਜੂਦ, ਉਨ੍ਹਾਂ ਲਈ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਸਭ ਤੋਂ ਜ਼ਰੂਰੀ ਗੱਲ ਹੋਣੀ ਚਾਹੀਦੀ ਸੀ।—1 ਪਤਰਸ 1:6, 13, 14; 4:1, 2.
ਸਾਡੇ ਲਈ ਸਭ ਤੋਂ ਚੰਗਾ ਰਸਤਾ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਯਹੋਵਾਹ ਨੂੰ ਅਰਪਣ ਕਰ ਦੇਈਏ ਅਤੇ ਵਫ਼ਾਦਾਰੀ ਨਾਲ ਯਿਸੂ ਮਸੀਹ ਦੀ ਰੀਸ ਕਰੀਏ। ਸਾਨੂੰ ਹਰ ਕੰਮ ਵਿਚ ਪਰਮੇਸ਼ੁਰ ਦੀ ਆਗਿਆ ਮੰਨਣੀ ਚਾਹੀਦੀ ਹੈ। ਪੌਲੁਸ ਨੇ ਇਸ ਦੀ ਇਕ ਵਧੀਆ ਮਿਸਾਲ ਕਾਇਮ ਕੀਤੀ ਸੀ। ਉਹ ਜਾਣਦਾ ਸੀ ਕਿ ਉਸ ਲਈ ਪਰਮੇਸ਼ੁਰ ਦੀ ਸੇਵਾ ਕਰਨੀ ਕਿੰਨੀ ਜ਼ਰੂਰੀ ਗੱਲ ਸੀ ਅਤੇ ਉਹ ਯਹੋਵਾਹ ਦਾ ਸ਼ੁਕਰ ਕਰਨਾ ਚਾਹੁੰਦਾ ਸੀ। ਇਨ੍ਹਾਂ ਦੋ ਗੱਲਾਂ ਕਰਕੇ ਉਸ ਨੇ ਉਨ੍ਹਾਂ ਦੁਨਿਆਵੀ ਚੀਜ਼ਾਂ ਨੂੰ ਤਿਆਗ ਦਿੱਤਾ ਜੋ ਪਰਮੇਸ਼ੁਰ ਦੀ ਇੱਛਾ ਕਰਨ ਤੋਂ ਉਸ ਦਾ ਧਿਆਨ ਹਟਾ ਸਕਦੀਆਂ ਸਨ। ਉਸ ਨੇ ਕਿਹਾ ਕਿ ਦੂਸਰਿਆਂ ਦੀ ਸੇਵਾ ਵਿਚ ਮੈਂ “ਬਹੁਤ ਅਨੰਦ ਨਾਲ ਖਰਚ ਕਰਾਂਗਾ ਅਤੇ ਆਪ ਹੀ ਖਰਚ ਹੋ ਜਾਵਾਂਗਾ।” (2 ਕੁਰਿੰਥੀਆਂ 12:15) ਪੌਲੁਸ ਨੇ ਆਪਣੀਆਂ ਯੋਗਤਾਵਾਂ ਆਪਣੇ ਲਈ ਨਹੀਂ, ਪਰ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਲਈ ਇਸਤੇਮਾਲ ਕੀਤੀਆਂ।—ਰਸੂਲਾਂ ਦੇ ਕਰਤੱਬ 20:24; ਫ਼ਿਲਿੱਪੀਆਂ 3:8.
ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ ਕਿ ਸਾਡਾ ਨਜ਼ਰੀਆ ਪੌਲੁਸ ਰਸੂਲ ਵਰਗਾ ਹੈ? ਅਸੀਂ ਆਪਣੇ ਆਪ ਤੋਂ ਅਜਿਹੇ ਸਵਾਲ ਪੁੱਛ ਸਕਦੇ ਹਾਂ: ਮੈਂ ਆਪਣੇ ਸਮੇਂ, ਤਾਕਤ, ਯੋਗਤਾਵਾਂ, ਅਤੇ ਪੈਸੇ ਨਾਲ ਕੀ ਕਰਦਾ ਹਾਂ? ਕੀ ਮੈਂ ਇਨ੍ਹਾਂ ਚੀਜ਼ਾਂ ਨੂੰ ਅਤੇ ਹੋਰ ਕੀਮਤੀ ਚੀਜ਼ਾਂ ਨੂੰ ਆਪਣੇ ਲਈ ਹੀ ਵਰਤਦਾ ਹਾਂ, ਜਾਂ ਕੀ ਮੈਂ ਇਨ੍ਹਾਂ ਨੂੰ ਦੂਸਰਿਆਂ ਦੀ ਮਦਦ ਕਰਨ ਲਈ ਇਸਤੇਮਾਲ ਕਰਦਾ ਹਾਂ? ਕੀ ਮੈਂ ਖ਼ੁਸ਼ ਖ਼ਬਰੀ ਦੇ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਬਾਰੇ ਸੋਚਿਆ ਹੈ? ਕੀ ਮੈਂ ਪਾਇਨੀਅਰ ਵਜੋਂ ਸੇਵਾ ਕਰ ਸਕਦਾ ਹਾਂ? ਕੀ ਮੈਂ ਕਿੰਗਡਮ ਹਾਲ ਬਣਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਦੇ ਕੰਮ ਵਿਚ ਜ਼ਿਆਦਾ ਹਿੱਸਾ ਲੈ ਸਕਦਾ ਹਾਂ? ਕੀ ਮੈਂ ਲੋੜਵੰਦ ਲੋਕਾਂ ਦੀ ਮਦਦ ਕਰਨ ਦੇ ਮੌਕਿਆਂ ਦਾ ਫ਼ਾਇਦਾ ਉਠਾਉਂਦਾ ਹਾਂ? ਕੀ ਮੈਂ ਤਨ-ਮਨ-ਧਨ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਹਾਂ?—ਕਹਾਉਤਾਂ 3:9.
“ਦੇਣਾ ਹੀ ਮੁਬਾਰਕ ਹੈ”
ਪਰ, ਕੀ ਆਤਮ-ਤਿਆਗੀ ਹੋਣਾ ਬੁੱਧੀਮਤਾ ਦੀ ਗੱਲ ਹੈ? ਜ਼ਰੂਰ! ਪੌਲੁਸ ਆਪਣੇ ਤਜਰਬੇ ਤੋਂ ਜਾਣਦਾ ਸੀ ਕਿ ਅਜਿਹੀ ਭਾਵਨਾ ਦੇ ਬਹੁਤ ਵੱਡੇ ਲਾਭ ਹੁੰਦੇ ਹਨ। ਇਸ ਤੋਂ ਉਸ ਨੂੰ ਸੰਤੋਖ ਅਤੇ ਵੱਡੀ ਖ਼ੁਸ਼ੀ ਮਿਲੀ। ਜਦੋਂ ਉਹ ਮਿਲੇਤੁਸ ਵਿਚ ਅਫ਼ਸੁਸ ਦੇ ਬਜ਼ੁਰਗਾਂ ਨਾਲ ਮਿਲਿਆ ਤਾਂ ਉਸ ਨੇ ਇਹ ਗੱਲ ਉਨ੍ਹਾਂ ਨੂੰ ਸਮਝਾਈ: “ਮੈਂ ਤੁਹਾਨੂੰ ਸਭਨਾਂ ਗੱਲਾਂ ਵਿੱਚ ਇਹ ਕਰ ਵਿਖਾਲਿਆ ਭਈ ਤੁਹਾਨੂੰ ਚਾਹੀਦਾ ਹੈ ਕਿ ਓਸੇ ਤਰਾਂ [ਯਾਨੀ ਆਤਮ-ਤਿਆਗ ਕੇ] ਮਿਹਨਤ ਕਰ ਕੇ ਨਤਾਣਿਆਂ ਦੀ ਸਹਾਇਤਾ ਕਰੋ ਅਤੇ ਪ੍ਰਭੁ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਫ਼ਰਮਾਇਆ ਸੀ ਭਈ ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਲੱਖਾਂ ਹੀ ਲੋਕਾਂ ਨੂੰ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੀ ਭਾਵਨਾ ਦਿਖਾਉਣ ਰਾਹੀਂ ਉਨ੍ਹਾਂ ਨੂੰ ਹੁਣ ਬੜੀ ਖ਼ੁਸ਼ੀ ਮਿਲਦੀ ਹੈ। ਅਗਾਹਾਂ ਨੂੰ ਵੀ ਇਹ ਭਾਵਨਾ ਖ਼ੁਸ਼ੀ ਲਿਆਵੇਗੀ ਜਦੋਂ ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜੋ ਆਪਣੀ ਮਰਜ਼ੀ ਪੂਰੀ ਕਰਨ ਤੋਂ ਪਹਿਲਾਂ ਉਸ ਦੀ ਅਤੇ ਦੂਸਰਿਆਂ ਦੀ ਸੇਵਾ ਕਰਦੇ ਹਨ।—1 ਤਿਮੋਥਿਉਸ 4:8-10.
ਜਦੋਂ ਬਿਲ ਨੂੰ ਪੁੱਛਿਆ ਗਿਆ ਕਿ ਉਹ ਕਿੰਗਡਮ ਹਾਲ ਬਣਾਉਣ ਵਿਚ ਦੂਸਰਿਆਂ ਦੀ ਮਦਦ ਕਿਉਂ ਕਰਦਾ ਹੈ, ਤਾਂ ਉਸ ਨੇ ਕਿਹਾ: “ਛੋਟੀਆਂ ਕਲੀਸਿਯਾਵਾਂ ਦੀ ਮਦਦ ਕਰਨ ਵਿਚ ਮੈਨੂੰ ਬਹੁਤ ਤਸੱਲੀ ਮਿਲਦੀ ਹੈ। ਦੂਸਰਿਆਂ ਦੇ ਫ਼ਾਇਦੇ ਲਈ ਆਪਣੀ ਕਾਰੀਗਰੀ ਇਸਤੇਮਾਲ ਕਰ ਕੇ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ।” ਏਮਾ ਦੂਸਰਿਆਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਵਿਚ ਆਪਣੀ ਤਾਕਤ ਅਤੇ ਆਪਣੀਆਂ ਯੋਗਤਾਵਾਂ ਕਿਉਂ ਲਾਉਣੀਆਂ ਚਾਹੁੰਦੀ ਹੈ? “ਮੈਂ ਹੋਰ ਕੋਈ ਕੰਮ ਕਰਨ ਦੀ ਕਲਪਨਾ ਵੀ ਨਹੀਂ ਕਰ ਸਕਦੀ। ਜਦ ਤਕ ਮੈਂ ਜਵਾਨ ਹਾਂ ਅਤੇ ਮੇਰੀ ਸਿਹਤ ਚੰਗੀ ਹੈ, ਮੈਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਅਤੇ ਦੂਸਰਿਆਂ ਦੀ ਮਦਦ ਕਰਨ ਲਈ ਜੋ ਕਰ ਸਕਦੀ ਹਾਂ ਕਰਨਾ ਚਾਹੁੰਦੀ ਹਾਂ। ਕੁਝ ਚੀਜ਼ਾਂ ਕੁਰਬਾਨ ਕਰਨੀਆਂ ਕੋਈ ਵੱਡੀ ਗੱਲ ਨਹੀਂ ਹੈ। ਮੈਂ ਸਿਰਫ਼ ਉਹੀ ਕਰ ਰਹੀ ਹਾਂ ਜੋ ਮੈਨੂੰ ਕਰਨਾ ਚਾਹੀਦਾ ਹੈ ਕਿਉਂਕਿ ਯਹੋਵਾਹ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ।”
ਮੌਰੀਸ ਅਤੇ ਬੈਟੀ ਨੂੰ ਕੋਈ ਪਛਤਾਵਾ ਨਹੀਂ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਪਾਲਣ-ਪੋਸਣ ਤੋਂ ਬਾਅਦ ਐਸ਼ੋ-ਆਰਾਮ ਦੀ ਜ਼ਿੰਦਗੀ ਨਹੀਂ ਚੁਣੀ। ਉਹ ਰਿਟਾਇਰ ਹੋਣ ਤੋਂ ਬਾਅਦ ਕੁਝ ਲਾਭਦਾਇਕ ਅਤੇ ਅਰਥਪੂਰਣ ਕੰਮ ਕਰਨਾ ਚਾਹੁੰਦੇ ਸਨ। “ਅਸੀਂ ਬੈਠ ਕੇ ਸਿਰਫ਼ ਆਰਾਮ ਨਹੀਂ ਕਰਨਾ ਚਾਹੁੰਦੇ,” ਉਹ ਕਹਿੰਦੇ ਹਨ। “ਵਿਦੇਸ਼ ਵਿਚ ਦੂਸਰਿਆਂ ਨੂੰ ਯਹੋਵਾਹ ਬਾਰੇ ਸਿਖਾਉਣਾ ਸਾਡੀ ਜ਼ਿੰਦਗੀ ਨੂੰ ਮਕਸਦ ਦਿੰਦਾ ਹੈ।”
ਕੀ ਤੁਸੀਂ ਵੀ ਆਤਮ-ਤਿਆਗੀ ਹੋਣ ਲਈ ਦ੍ਰਿੜ੍ਹ ਹੋ? ਇਹ ਸੌਖਾ ਨਹੀਂ ਹੋਵੇਗਾ। ਸਾਡੀਆਂ ਪਾਪੀ ਕਾਮਨਾਵਾਂ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਸਾਡੀ ਦਿਲੀ ਇੱਛਾ ਵਿਚਕਾਰ ਹਮੇਸ਼ਾ ਸੰਘਰਸ਼ ਰਹਿੰਦਾ ਹੈ। (ਰੋਮੀਆਂ 7:21-23) ਪਰ ਅਸੀਂ ਯਹੋਵਾਹ ਦੀ ਆਗਿਆ ਅਨੁਸਾਰ ਚੱਲ ਕੇ ਇਹ ਸੰਘਰਸ਼ ਜਿੱਤ ਸਕਦੇ ਹਾਂ। (ਗਲਾਤੀਆਂ 5:16, 17) ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਉਹ ਉਸ ਦੀ ਸੇਵਾ ਵਿਚ ਕੀਤੇ ਗਏ ਸਾਡੇ ਜਤਨ ਯਾਦ ਰੱਖੇਗਾ ਅਤੇ ਸਾਨੂੰ ਵੱਡੀਆਂ-ਵੱਡੀਆਂ ਬਰਕਤਾਂ ਦੇਵੇਗਾ। ਜੀ ਹਾਂ, ਯਹੋਵਾਹ ਪਰਮੇਸ਼ੁਰ ‘ਅਕਾਸ਼ ਦੀਆਂ ਖਿੜਕੀਆਂ ਖੋਲ੍ਹੇਗਾ ਭਈ ਸਾਡੇ ਲਈ ਬਰਕਤ ਵਰ੍ਹਾਵੇ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!’—ਮਲਾਕੀ 3:10; ਇਬਰਾਨੀਆਂ 6:10.
[ਸਫ਼ੇ 23 ਉੱਤੇ ਤਸਵੀਰ]
ਯਿਸੂ ਮਸੀਹ ਆਤਮ-ਤਿਆਗੀ ਸੀ। ਕੀ ਤੁਸੀਂ ਵੀ ਹੋ?
[ਸਫ਼ੇ 24 ਉੱਤੇ ਤਸਵੀਰਾਂ]
ਪੌਲੁਸ ਨੇ ਰਾਜ ਦੇ ਪ੍ਰਚਾਰ ਵਿਚ ਆਪਣੀ ਪੂਰੀ ਵਾਹ ਲਾਈ ਸੀ