ਅਧਿਆਇ 95
ਤਲਾਕ ਉੱਤੇ ਅਤੇ ਬੱਚਿਆਂ ਲਈ ਪਿਆਰ ਉੱਤੇ ਸਬਕ
ਯਿਸੂ ਅਤੇ ਉਸ ਦੇ ਚੇਲੇ 33 ਸਾ.ਯੁ. ਦੇ ਪਸਾਹ ਵਿਚ ਹਾਜ਼ਰ ਹੋਣ ਲਈ ਯਰੂਸ਼ਲਮ ਨੂੰ ਜਾ ਰਹੇ ਹਨ। ਉਹ ਯਰਦਨ ਨਦੀ ਪਾਰ ਕਰ ਕੇ ਪੀਰਿਆ ਦੇ ਜ਼ਿਲ੍ਹੇ ਵਿੱਚੋਂ ਲੰਘਦੇ ਹਨ। ਕੁਝ ਹਫ਼ਤੇ ਪਹਿਲਾਂ ਯਿਸੂ ਪੀਰਿਆ ਵਿਚ ਸੀ, ਪਰੰਤੂ ਫਿਰ ਉਹ ਯਹੂਦਿਯਾ ਨੂੰ ਸੱਦਿਆ ਗਿਆ ਕਿਉਂਕਿ ਉਸ ਦਾ ਮਿੱਤਰ ਲਾਜ਼ਰ ਬੀਮਾਰ ਸੀ। ਉਸ ਸਮੇਂ ਪੀਰਿਆ ਵਿਚ, ਯਿਸੂ ਨੇ ਫ਼ਰੀਸੀਆਂ ਨਾਲ ਤਲਾਕ ਬਾਰੇ ਗੱਲ ਕੀਤੀ ਸੀ, ਅਤੇ ਹੁਣ ਉਹ ਫਿਰ ਇਹੀ ਵਿਸ਼ਾ ਉਠਾਉਂਦੇ ਹਨ।
ਫ਼ਰੀਸੀਆਂ ਵਿਚਕਾਰ ਤਲਾਕ ਬਾਰੇ ਵੱਖੋ-ਵੱਖ ਵਿਚਾਰਧਾਰਾਵਾਂ ਹਨ। ਮੂਸਾ ਨੇ ਕਿਹਾ ਕਿ ਇਕ ਔਰਤ ਨੂੰ “ਉਹ ਦੇ ਵਿੱਚ ਕੋਈ ਬੇਸ਼ਰਮੀ ਦੀ ਗੱਲ” ਕਰਕੇ ਤਲਾਕ ਦਿੱਤਾ ਜਾ ਸਕਦਾ ਹੈ। ਕੁਝ ਵਿਸ਼ਵਾਸ ਕਰਦੇ ਹਨ ਕਿ ਇਹ ਕੇਵਲ ਬਦਕਾਰੀ ਨੂੰ ਸੰਕੇਤ ਕਰਦਾ ਹੈ। ਪਰੰਤੂ ਦੂਜੇ ਵਿਚਾਰ ਕਰਦੇ ਹਨ ਕਿ “ਕੋਈ ਬੇਸ਼ਰਮੀ ਦੀ ਗੱਲ” ਵਿਚ ਬਹੁਤ ਛੋਟੇ ਅਪਰਾਧ ਵੀ ਸ਼ਾਮਲ ਹਨ। ਇਸ ਲਈ, ਯਿਸੂ ਨੂੰ ਪਰਖਣ ਦੇ ਲਈ, ਫ਼ਰੀਸੀ ਪੁੱਛਦੇ ਹਨ: “ਕੀ ਮਨੁੱਖ ਨੂੰ ਇਹ ਜੋਗ ਹੈ ਜੋ ਕਿਸੇ ਗੱਲੇ ਆਪਣੀ ਤੀਵੀਂ ਨੂੰ ਤਿਆਗ ਦੇਵੇ?” ਉਨ੍ਹਾਂ ਨੂੰ ਯਕੀਨ ਹੈ ਕਿ ਯਿਸੂ ਜੋ ਕੁਝ ਵੀ ਕਹਿੰਦਾ ਹੈ, ਇਹ ਉਸ ਨੂੰ ਫ਼ਰੀਸੀਆਂ ਨਾਲ ਮੁਸ਼ਕਲ ਵਿਚ ਪਾ ਦੇਵੇਗਾ ਜਿਹੜੇ ਕਿ ਇਕ ਭਿੰਨ ਵਿਚਾਰ ਰੱਖਦੇ ਹਨ।
ਯਿਸੂ ਕਿਸੇ ਮਾਨਵੀ ਵਿਚਾਰ ਨੂੰ ਭਾਉਂਦੇ ਹੋਏ ਨਹੀਂ ਸਗੋਂ ਪਿੱਛੇ ਵੱਲ ਜਾ ਕੇ ਵਿਆਹ ਦੇ ਮੂਲ ਨਿਰਮਾਣ ਦਾ ਹਵਾਲਾ ਦਿੰਦੇ ਹੋਏ, ਸਵਾਲ ਨੂੰ ਵਧੀਆ ਤਰੀਕੇ ਨਾਲ ਨਿਪਟਾਉਂਦਾ ਹੈ। ਉਹ ਪੁੱਛਦਾ ਹੈ, “ਕੀ ਤੁਸਾਂ ਇਹ ਨਹੀਂ ਪੜ੍ਹਿਆ ਭਈ ਜਿਸ ਨੇ ਉਨ੍ਹਾਂ ਨੂੰ ਬਣਾਇਆ ਉਹ ਨੇ ਮੁੱਢੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ? ਅਤੇ ਕਿਹਾ ਜੋ ਏਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ ਅਤੇ ਓਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਓਹ ਦੋ ਨਹੀਂ ਬਲਕਣ ਇੱਕੋ ਸਰੀਰ ਹਨ। ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹ ਨੂੰ ਮਨੁੱਖ ਅੱਡ ਨਾ ਕਰੇ।”
ਯਿਸੂ ਦਿਖਾਉਂਦਾ ਹੈ ਕਿ ਪਰਮੇਸ਼ੁਰ ਦਾ ਮੂਲ ਉਦੇਸ਼ ਹੈ ਕਿ ਵਿਆਹ ਸਾਥੀ ਇਕੱਠੇ ਰਹਿਣ, ਕਿ ਉਹ ਤਲਾਕ ਨਾ ਲੈਣ। ਫ਼ਰੀਸੀ ਜਵਾਬ ਦਿੰਦੇ ਹਨ ਕਿ ਜੇ ਇਹ ਇਸ ਤਰ੍ਹਾਂ ਹੈ, ਤਾਂ “ਫੇਰ ਮੂਸਾ ਨੇ ਕਿਉਂ ਤਿਆਗ ਪੱਤ੍ਰੀ ਦੇਣ ਅਤੇ ਉਹ ਨੂੰ ਤਿਆਗਣ ਦੀ ਆਗਿਆ ਦਿੱਤੀ?”
“ਮੂਸਾ ਨੇ ਤੁਹਾਡੀ ਸਖ਼ਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਤੀਵੀਆਂ ਤਿਆਗਣ ਦੀ ਪਰਵਾਨਗੀ ਦਿੱਤੀ,” ਯਿਸੂ ਜਵਾਬ ਦਿੰਦਾ ਹੈ, “ਪਰ ਮੁੱਢੋਂ ਅਜਿਹਾ ਨਾ ਸੀ।” ਜੀ ਹਾਂ, ਜਦੋਂ ਪਰਮੇਸ਼ੁਰ ਨੇ ਅਦਨ ਦੇ ਬਾਗ਼ ਵਿਚ ਵਿਆਹ ਲਈ ਸੱਚਾ ਮਿਆਰ ਸਥਾਪਤ ਕੀਤਾ ਸੀ, ਤਾਂ ਉਸ ਨੇ ਤਲਾਕ ਦਾ ਕੋਈ ਪ੍ਰਬੰਧ ਨਹੀਂ ਕੀਤਾ ਸੀ।
ਯਿਸੂ ਅੱਗੇ ਜਾ ਕੇ ਫ਼ਰੀਸੀਆਂ ਨੂੰ ਦੱਸਦਾ ਹੈ: “ਮੈਂ ਤੁਹਾਨੂੰ ਆਖਦਾ ਹਾਂ ਭਈ ਜੋ ਕੋਈ ਆਪਣੀ ਤੀਵੀਂ ਨੂੰ ਬਿਨਾ ਹਰਾਮਕਾਰੀ [ਯੂਨਾਨੀ ਸ਼ਬਦ, ਪੋਰਨੀਆਂ ਤੋਂ] ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ ਸੋ ਜਨਾਹ ਕਰਦਾ ਹੈ।” ਫਲਸਰੂਪ ਉਹ ਦਿਖਾਉਂਦਾ ਹੈ ਕਿ ਪੋਰਨੀਆਂ, ਜੋ ਘੋਰ ਲਿੰਗੀ ਅਨੈਤਿਕਤਾ ਹੈ, ਹੀ ਤਲਾਕ ਲਈ ਪਰਮੇਸ਼ੁਰ ਦੁਆਰਾ ਸਵੀਕ੍ਰਿਤ ਇੱਕੋ-ਇਕ ਆਧਾਰ ਹੈ।
ਇਹ ਅਹਿਸਾਸ ਕਰਦੇ ਹੋਏ ਕਿ ਵਿਆਹ ਨੂੰ ਇਕ ਸਥਾਈ ਮੇਲ ਹੋਣਾ ਚਾਹੀਦਾ ਹੈ, ਅਤੇ ਕੇਵਲ ਇਸੇ ਆਧਾਰ ਉੱਤੇ ਤਲਾਕ ਹੋ ਸਕਦਾ ਹੈ, ਚੇਲੇ ਇਹ ਕਹਿਣ ਦੇ ਲਈ ਪ੍ਰੇਰਿਤ ਹੁੰਦੇ ਹਨ: “ਜੇ ਤੀਵੀਂ ਨਾਲ ਮਨੁੱਖ ਦਾ ਇਹ ਹਾਲ ਹੈ ਤਾਂ ਵਿਆਹ ਕਰਨਾ ਹੀ ਅੱਛਾ ਨਹੀਂ।” ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਵਿਅਕਤੀ ਜਿਹੜਾ ਵਿਆਹ ਕਰਨ ਦੇ ਬਾਰੇ ਸੋਚ ਰਿਹਾ ਹੈ, ਉਸ ਨੂੰ ਵਿਵਾਹਕ ਬੰਧਨ ਦੇ ਸਥਾਈਪਣ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ!
ਯਿਸੂ ਅੱਗੇ ਜਾ ਕੇ ਕੁਆਰੇਪਣ ਬਾਰੇ ਗੱਲ ਕਰਦਾ ਹੈ। ਉਹ ਸਮਝਾਉਂਦਾ ਹੈ ਕਿ ਕੁਝ ਮੁੰਡੇ ਖੁਸਰੇ ਜੰਮਦੇ ਹਨ, ਅਤੇ ਲਿੰਗੀ ਤੌਰ ਤੇ ਵਿਕਸਿਤ ਨਾ ਹੋਣ ਕਰਕੇ ਵਿਆਹ ਦੇ ਯੋਗ ਨਹੀਂ ਹੁੰਦੇ ਹਨ। ਦੂਜਿਆਂ ਨੂੰ ਬੇਰਹਿਮੀ ਨਾਲ ਲਿੰਗੀ ਤੌਰ ਤੇ ਅਯੋਗ ਕਰ ਕੇ ਮਨੁੱਖਾਂ ਦੁਆਰਾ ਖੁਸਰੇ ਬਣਾਇਆ ਗਿਆ ਹੈ। ਅਖ਼ੀਰ ਵਿਚ, ਕਈ ਵਿਆਹ ਕਰਨ ਦੀ ਅਤੇ ਲਿੰਗੀ ਸੰਬੰਧਾਂ ਦੇ ਆਨੰਦ ਮਾਨਣ ਦੀ ਇੱਛਾ ਨੂੰ ਦਬਾ ਦਿੰਦੇ ਹਨ ਤਾਂਕਿ ਉਹ ਆਪਣੇ ਆਪ ਨੂੰ ਸਵਰਗ ਦੇ ਰਾਜ ਨਾਲ ਸੰਬੰਧਿਤ ਮਾਮਲਿਆਂ ਵਿਚ ਹੋਰ ਪੂਰੀ ਤਰ੍ਹਾਂ ਨਾਲ ਲੀਨ ਕਰ ਸਕਣ। “ਜਿਹੜਾ [ਕੁਆਰਾਪਣ] ਕਬੂਲ ਕਰ ਸੱਕਦਾ ਹੈ ਉਹ ਕਬੂਲ ਕਰੇ,” ਯਿਸੂ ਸਮਾਪਤ ਕਰਦਾ ਹੈ।
ਹੁਣ ਲੋਕੀ ਆਪਣੇ ਛੋਟੇ ਬੱਚਿਆਂ ਨੂੰ ਯਿਸੂ ਕੋਲ ਲਿਆਉਣਾ ਸ਼ੁਰੂ ਕਰਦੇ ਹਨ। ਪਰੰਤੂ, ਚੇਲੇ ਨਿਰਸੰਦੇਹ ਯਿਸੂ ਨੂੰ ਬੇਕਾਰ ਦੇ ਤਣਾਉ ਤੋਂ ਬਚਾਉਣ ਦੀ ਇੱਛਾ ਰੱਖਦੇ ਹੋਏ, ਬੱਚਿਆਂ ਨੂੰ ਝਿੜਕਦੇ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰੰਤੂ ਯਿਸੂ ਕਹਿੰਦਾ ਹੈ: “ਛੋਟਿਆਂ ਬਾਲਕਾਂ ਨੂੰ ਮੇਰੇ ਕੋਲ ਆਉਣ ਦਿਓ। ਉਨ੍ਹਾਂ ਨੂੰ ਨਾ ਵਰਜੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਏਹੋ ਜਿਹਿਆਂ ਦਾ ਹੈ। ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜੋ ਕੋਈ ਪਰਮੇਸ਼ੁਰ ਦੇ ਰਾਜ ਨੂੰ ਛੋਟੇ ਬਾਲਕ ਦੀ ਨਿਆਈਂ ਕਬੂਲ ਨਾ ਕਰੇ ਉਹ ਉਸ ਵਿੱਚ ਕਦੇ ਨਾ ਵੜੇਗਾ।”
ਯਿਸੂ ਇੱਥੇ ਕਿੰਨੇ ਚੰਗੇ ਸਬਕ ਦਿੰਦਾ ਹੈ! ਪਰਮੇਸ਼ੁਰ ਦਾ ਰਾਜ ਪ੍ਰਾਪਤ ਕਰਨ ਲਈ, ਸਾਨੂੰ ਛੋਟਿਆਂ ਬੱਚਿਆਂ ਦੀ ਨਿਮਰਤਾ ਅਤੇ ਸਿਖਾਉਣਯੋਗਤਾ ਦਾ ਅਨੁਕਰਣ ਕਰਨਾ ਚਾਹੀਦਾ ਹੈ। ਪਰੰਤੂ ਯਿਸੂ ਦਾ ਉਦਾਹਰਣ ਇਹ ਵੀ ਦਰਸਾਉਂਦਾ ਹੈ ਕਿ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ, ਖ਼ਾਸ ਕਰਕੇ ਮਾਪਿਆਂ ਲਈ, ਕਿੰਨਾ ਮਹੱਤਵਪੂਰਣ ਹੈ। ਹੁਣ ਯਿਸੂ ਛੋਟੇ ਬੱਚਿਆਂ ਨੂੰ ਆਪਣੀਆਂ ਬਾਹਾਂ ਵਿਚ ਲੈਂਦੇ ਹੋਏ ਉਨ੍ਹਾਂ ਨੂੰ ਬਰਕਤ ਦੇ ਕੇ ਆਪਣਾ ਪਿਆਰ ਦਿਖਾਉਂਦਾ ਹੈ। ਮੱਤੀ 19:1-15; ਬਿਵਸਥਾ ਸਾਰ 24:1; ਲੂਕਾ 16:18; ਮਰਕੁਸ 10:1-16; ਲੂਕਾ 18:15-17.
▪ ਫ਼ਰੀਸੀ ਤਲਾਕ ਉੱਤੇ ਕਿਹੜੇ ਭਿੰਨ ਵਿਚਾਰ ਰੱਖਦੇ ਹਨ, ਅਤੇ ਇਸ ਲਈ ਉਹ ਯਿਸੂ ਨੂੰ ਕਿਸ ਤਰ੍ਹਾਂ ਪਰਖਦੇ ਹਨ?
▪ ਯਿਸੂ ਫ਼ਰੀਸੀਆਂ ਦੀ ਉਸ ਨੂੰ ਪਰਖਣ ਦੀ ਕੋਸ਼ਿਸ਼ ਨਾਲ ਕਿਸ ਤਰ੍ਹਾਂ ਸਿੱਝਦਾ ਹੈ, ਅਤੇ ਉਹ ਤਲਾਕ ਲਈ ਕਿਹੜਾ ਇੱਕੋ-ਇਕ ਆਧਾਰ ਦਿੰਦਾ ਹੈ?
▪ ਯਿਸੂ ਦੇ ਚੇਲੇ ਕਿਉਂ ਕਹਿੰਦੇ ਹਨ ਕਿ ਵਿਆਹ ਕਰਨਾ ਅੱਛਾ ਨਹੀਂ ਹੈ, ਅਤੇ ਯਿਸੂ ਕਿਹੜੀ ਸਲਾਹ ਦਿੰਦਾ ਹੈ?
▪ ਛੋਟੇ ਬੱਚਿਆਂ ਨਾਲ ਆਪਣੇ ਵਰਤਾਉ ਤੋਂ ਯਿਸੂ ਸਾਨੂੰ ਕੀ ਸਿਖਾਉਂਦਾ ਹੈ?