ਅਧਿਆਇ 26
ਵਾਪਸ ਘਰ ਕਫ਼ਰਨਾਹੂਮ ਵਿਚ
ਹੁਣ ਤਕ ਯਿਸੂ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਚੁੱਕੀ ਹੈ, ਅਤੇ ਬਹੁਤ ਲੋਕੀ ਉਨ੍ਹਾਂ ਨਿਵੇਕਲੀਆਂ ਥਾਵਾਂ ਤੇ ਜਾਂਦੇ ਹਨ ਜਿੱਥੇ ਉਹ ਠਹਿਰਿਆ ਹੋਇਆ ਹੈ। ਪਰੰਤੂ, ਕੁਝ ਦਿਨਾਂ ਬਾਅਦ ਉਹ ਗਲੀਲ ਦੀ ਝੀਲ ਰਾਹੀਂ ਕਫ਼ਰਨਾਹੂਮ ਨੂੰ ਮੁੜ ਜਾਂਦਾ ਹੈ। ਜਲਦੀ ਹੀ ਖ਼ਬਰ ਸਾਰੇ ਨਗਰ ਵਿਚ ਫੈਲ ਜਾਂਦੀ ਹੈ ਕਿ ਉਹ ਘਰ ਵਾਪਸ ਆ ਗਿਆ ਹੈ, ਅਤੇ ਜਿਸ ਘਰ ਵਿਚ ਉਹ ਹੈ ਉੱਥੇ ਬਹੁਤ ਲੋਕ ਆਉਂਦੇ ਹਨ। ਫ਼ਰੀਸੀ ਅਤੇ ਬਿਵਸਥਾ ਸਿਖਾਉਣ ਵਾਲੇ ਦੂਰ ਯਰੂਸ਼ਲਮ ਤੋਂ ਆਉਂਦੇ ਹਨ।
ਭੀੜ ਇੰਨੀ ਹੈ ਕਿ ਉਹ ਦਰਵਾਜ਼ੇ ਦਾ ਰਾਹ ਰੋਕ ਲੈਂਦੇ ਹਨ, ਅਤੇ ਕਿਸੇ ਵਿਅਕਤੀ ਲਈ ਵੀ ਅੰਦਰ ਜਾਣ ਨੂੰ ਥਾਂ ਨਹੀਂ ਹੈ। ਸਥਿਤੀ ਹੁਣ ਸੱਚ-ਮੁੱਚ ਹੀ ਇਕ ਮਾਅਰਕੇ ਵਾਲੀ ਘਟਨਾ ਲਈ ਬਿਲਕੁਲ ਤਿਆਰ ਹੈ। ਇਸ ਅਵਸਰ ਤੇ ਜੋ ਕੁਝ ਵਾਪਰਦਾ ਹੈ ਉਹ ਬਹੁਤ ਮਹੱਤਵ ਰੱਖਦਾ ਹੈ, ਕਿਉਂਕਿ ਇਹ ਸਾਨੂੰ ਸਮਝਣ ਵਿਚ ਮਦਦ ਕਰਦਾ ਹੈ ਕਿ ਯਿਸੂ ਮਾਨਵੀ ਦੁੱਖਾਂ ਦੇ ਕਾਰਨ ਨੂੰ ਹਟਾਉਣ ਅਤੇ ਜਿਨ੍ਹਾਂ ਨੂੰ ਵੀ ਉਹ ਚਾਹੇ ਉਨ੍ਹਾਂ ਸਾਰਿਆਂ ਨੂੰ ਚੰਗੀ ਸਿਹਤ ਬਹਾਲ ਕਰਨ ਦੀ ਤਾਕਤ ਰੱਖਦਾ ਹੈ।
ਜਦੋਂ ਕਿ ਯਿਸੂ ਭੀੜ ਨੂੰ ਸਿਖਾ ਰਿਹਾ ਹੁੰਦਾ ਹੈ, ਚਾਰ ਆਦਮੀ ਇਕ ਅਧਰੰਗੀ ਨੂੰ ਮੰਜੀ ਤੇ ਪਾ ਕੇ ਉਸੇ ਘਰ ਤੇ ਲਿਆਉਂਦੇ ਹਨ। ਉਹ ਚਾਹੁੰਦੇ ਹਨ ਕਿ ਯਿਸੂ ਉਨ੍ਹਾਂ ਦੇ ਮਿੱਤਰ ਨੂੰ ਚੰਗਾ ਕਰੇ, ਪਰੰਤੂ ਭੀੜ ਦੇ ਕਾਰਨ ਉਹ ਅੰਦਰ ਨਹੀਂ ਜਾ ਸਕਦੇ ਹਨ। ਕਿੰਨਾ ਹੀ ਨਿਰਾਸ਼ਾਜਨਕ! ਫਿਰ ਵੀ ਉਹ ਹੌਸਲਾ ਨਹੀਂ ਹਾਰਦੇ ਹਨ। ਉਹ ਪੱਧਰੀ ਛੱਤ ਤੇ ਚੜ੍ਹ ਜਾਂਦੇ ਹਨ, ਉਸ ਵਿਚ ਇਕ ਮੋਘਾ ਕੱਢਦੇ ਹਨ, ਅਤੇ ਅਧਰੰਗੀ ਨੂੰ ਮੰਜੀ ਸਮੇਤ ਹੀ ਯਿਸੂ ਦੇ ਅੱਗੇ ਹੇਠਾਂ ਉਤਾਰ ਦਿੰਦੇ ਹਨ।
ਕੀ ਯਿਸੂ ਇਸ ਵਿਘਨ ਦੇ ਕਾਰਨ ਗੁੱਸੇ ਹੁੰਦਾ ਹੈ? ਨਹੀਂ, ਜ਼ਰਾ ਵੀ ਨਹੀਂ! ਸਗੋਂ ਉਹ ਉਨ੍ਹਾਂ ਦੀ ਨਿਹਚਾ ਦੁਆਰਾ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਅਧਰੰਗੀ ਨੂੰ ਕਹਿੰਦਾ ਹੈ: “ਤੇਰੇ ਪਾਪ ਮਾਫ਼ ਹੋਏ।” ਪਰੰਤੂ ਕੀ ਯਿਸੂ ਅਸਲ ਵਿਚ ਪਾਪ ਮਾਫ਼ ਕਰ ਸਕਦਾ ਹੈ? ਗ੍ਰੰਥੀ ਅਤੇ ਫ਼ਰੀਸੀ ਸੋਚਦੇ ਹਨ ਕਿ ਉਹ ਨਹੀਂ ਮਾਫ਼ ਕਰ ਸਕਦਾ ਹੈ। ਉਹ ਆਪਣੇ ਦਿਲਾਂ ਵਿਚ ਤਰਕ ਕਰਦੇ ਹਨ: “ਇਹ ਕਿਉਂ ਇਸ ਤਰਾਂ ਬੋਲਦਾ ਹੈ? ਇਹ ਕੁਫ਼ਰ ਬਕਦਾ ਹੈ। ਇੱਕ ਪਰਮੇਸ਼ੁਰ ਦੇ ਬਿਨਾ ਹੋਰ ਕੌਣ ਪਾਪ ਮਾਫ਼ ਕਰ ਸੱਕਦਾ ਹੈ?”
ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦੇ ਹੋਏ ਯਿਸੂ ਉਨ੍ਹਾਂ ਨੂੰ ਕਹਿੰਦਾ ਹੈ: “ਤੁਸੀਂ ਕਾਹ ਨੂੰ ਆਪਣੇ ਮਨਾਂ ਵਿੱਚ ਅਜੇਹੇ ਵਿਚਾਰ ਕਰਦੇ ਹੋ? ਕਿਹੜੀ ਗੱਲ ਸੁਖਾਲੀ ਹੈ, ਇਸ ਅਧਰੰਗੀ ਨੂੰ ਇਹ ਕਹਿਣਾ ਜੋ ਤੇਰੇ ਪਾਪ ਮਾਫ਼ ਹੋਏ ਯਾ ਇਹ ਕਹਿਣਾ ਕਿ ਉੱਠ ਅਤੇ ਆਪਣੀ ਮੰਜੀ ਚੁੱਕ ਕੇ ਤੁਰ?”
ਫਿਰ, ਯਿਸੂ ਭੀੜ ਨੂੰ, ਨਾਲੇ ਆਪਣੇ ਆਲੋਚਕਾਂ ਨੂੰ ਇਕ ਮਾਅਰਕੇ ਵਾਲਾ ਪ੍ਰਦਰਸ਼ਨ ਦੇਖਣ ਦਿੰਦਾ ਹੈ ਜੋ ਪ੍ਰਗਟ ਕਰੇਗਾ ਕਿ ਉਸ ਕੋਲ ਧਰਤੀ ਉੱਤੇ ਪਾਪਾਂ ਨੂੰ ਮਾਫ਼ ਕਰਨ ਦਾ ਅਧਿਕਾਰ ਹੈ ਅਤੇ ਕਿ ਉਹ ਅਸਲ ਵਿਚ ਉਹ ਸਰਬਸ੍ਰੇਸ਼ਟ ਮਨੁੱਖ ਹੈ ਜਿਹੜਾ ਕਦੀ ਜੀਉਂਦਾ ਰਿਹਾ। ਉਹ ਅਧਰੰਗੀ ਵੱਲ ਮੁੜਦਾ ਹੈ ਅਤੇ ਆਗਿਆ ਦਿੰਦਾ ਹੈ: “ਉੱਠ, ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ।” ਅਤੇ ਉਹ ਝੱਟ ਇਹੋ ਹੀ ਕਰਦਾ ਹੈ, ਅਤੇ ਮੰਜੀ ਚੁੱਕ ਕੇ ਉਨ੍ਹਾਂ ਦੇ ਸਾਮ੍ਹਣੇ ਨਿਕਲ ਜਾਂਦਾ ਹੈ! ਹੈਰਾਨੀ ਵਿਚ ਲੋਕੀ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ ਅਤੇ ਆਖਦੇ ਹਨ: “ਅਸਾਂ ਇਸ ਤਰਾਂ ਦੀ ਗੱਲ ਕਦੇ ਨਹੀਂ ਵੇਖੀ!”
ਕੀ ਤੁਸੀਂ ਧਿਆਨ ਦਿੱਤਾ ਕਿ ਯਿਸੂ ਬੀਮਾਰੀ ਦੇ ਸੰਬੰਧ ਵਿਚ ਪਾਪਾਂ ਦਾ ਜ਼ਿਕਰ ਕਰਦਾ ਹੈ ਅਤੇ ਕਿ ਪਾਪਾਂ ਦੀ ਮਾਫ਼ੀ ਸਰੀਰਕ ਸਿਹਤ ਦੀ ਪ੍ਰਾਪਤੀ ਨਾਲ ਸੰਬੰਧਿਤ ਹੈ? ਬਾਈਬਲ ਵਿਆਖਿਆ ਕਰਦੀ ਹੈ ਕਿ ਸਾਡੇ ਪਹਿਲੇ ਪਿਤਾ, ਆਦਮ ਨੇ ਪਾਪ ਕੀਤਾ ਅਤੇ ਸਾਨੂੰ ਸਾਰਿਆਂ ਨੂੰ ਉਤਰਾਧਿਕਾਰ ਵਿਚ ਉਸ ਪਾਪ ਦੇ ਨਤੀਜੇ ਮਿਲੇ, ਅਰਥਾਤ, ਬੀਮਾਰੀ ਅਤੇ ਮੌਤ। ਪਰੰਤੂ ਪਰਮੇਸ਼ੁਰ ਦੇ ਰਾਜ ਦੇ ਅਧੀਨ, ਯਿਸੂ ਉਨ੍ਹਾਂ ਸਾਰਿਆਂ ਦੇ ਪਾਪਾਂ ਨੂੰ ਮਾਫ਼ ਕਰੇਗਾ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਅਤੇ ਉਸ ਦੀ ਸੇਵਾ ਕਰਦੇ ਹਨ, ਅਤੇ ਫਿਰ ਹਰ ਬੀਮਾਰੀ ਹਟਾਈ ਜਾਵੇਗੀ। ਇਹ ਕਿੰਨਾ ਹੀ ਚੰਗਾ ਹੋਵੇਗਾ! ਮਰਕੁਸ 2:1-12; ਲੂਕਾ 5:17-26; ਮੱਤੀ 9:1-8; ਰੋਮੀਆਂ 5:12, 17-19.
▪ ਸੱਚ-ਮੁੱਚ ਹੀ ਮਾਅਰਕੇ ਵਾਲੀ ਇਕ ਘਟਨਾ ਲਈ ਕਿਸ ਤਰ੍ਹਾਂ ਦੀ ਸਥਿਤੀ ਸੀ?
▪ ਅਧਰੰਗੀ, ਯਿਸੂ ਤਕ ਕਿਸ ਤਰ੍ਹਾਂ ਪਹੁੰਚਿਆ?
▪ ਅਸੀਂ ਸਾਰੇ ਪਾਪੀ ਕਿਉਂ ਹਾਂ, ਪਰੰਤੂ ਯਿਸੂ ਨੇ ਕਿਸ ਤਰ੍ਹਾਂ ਆਸ਼ਾ ਦਿੱਤੀ ਕਿ ਸਾਡੇ ਪਾਪਾਂ ਦੀ ਮਾਫ਼ੀ ਅਤੇ ਸੰਪੂਰਣ ਸਿਹਤ ਸੰਭਵ ਹਨ?