ਅਧਿਆਇ 20
ਕਾਨਾ ਵਿਚ ਰਹਿੰਦਿਆਂ ਦੂਜਾ ਚਮਤਕਾਰ
ਯਿਸੂ ਯਹੂਦਿਯਾ ਵਿਚ ਵਿਸਤ੍ਰਿਤ ਪ੍ਰਚਾਰ ਮੁਹਿੰਮ ਦੇ ਬਾਅਦ ਆਪਣੇ ਜੱਦੀ ਇਲਾਕੇ ਨੂੰ ਮੁੜਦਾ ਹੈ, ਪਰ ਆਰਾਮ ਕਰਨ ਵਾਸਤੇ ਨਹੀਂ। ਇਸ ਦੀ ਬਜਾਇ, ਉਹ ਸਗੋਂ ਗਲੀਲ ਵਿਚ, ਉਹ ਦੇਸ਼ ਜਿੱਥੇ ਉਹ ਵੱਡਾ ਹੋਇਆ ਸੀ, ਇਕ ਹੋਰ ਵੀ ਵੱਡੀ ਸੇਵਕਾਈ ਸ਼ੁਰੂ ਕਰਦਾ ਹੈ। ਪਰੰਤੂ ਉਸ ਦੇ ਚੇਲੇ ਉਸ ਦੇ ਨਾਲ ਰਹਿਣ ਦੀ ਬਜਾਇ ਆਪਣੇ ਪਰਿਵਾਰਾਂ ਕੋਲ ਘਰ ਅਤੇ ਆਪਣੇ ਪੁਰਾਣੇ ਕੰਮ-ਧੰਦਿਆਂ ਨੂੰ ਮੁੜ ਜਾਂਦੇ ਹਨ।
ਯਿਸੂ ਕਿਹੜਾ ਸੁਨੇਹਾ ਪ੍ਰਚਾਰ ਕਰਨਾ ਸ਼ੁਰੂ ਕਰਦਾ ਹੈ? ਇਹ: “ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖੁਸ਼ ਖਬਰੀ ਉੱਤੇ ਪਰਤੀਤ ਕਰੋ।” ਅਤੇ ਕੀ ਪ੍ਰਤਿਕ੍ਰਿਆ ਹੁੰਦੀ ਹੈ? ਗਲੀਲੀ ਲੋਕ ਯਿਸੂ ਦਾ ਸੁਆਗਤ ਕਰਦੇ ਹਨ। ਉਸ ਨੂੰ ਸਾਰਿਆਂ ਦੁਆਰਾ ਸਤਕਾਰ ਮਿਲਦਾ ਹੈ। ਫਿਰ ਵੀ, ਇਹ ਖ਼ਾਸ ਤੌਰ ਤੇ ਉਸ ਦੇ ਸੁਨੇਹੇ ਕਾਰਨ ਨਹੀਂ ਹੈ, ਪਰੰਤੂ ਸਗੋਂ ਇਸ ਕਰਕੇ ਹੈ ਕਿ ਉਨ੍ਹਾਂ ਵਿੱਚੋਂ ਕਈ ਲੋਕ ਕੁਝ ਮਹੀਨੇ ਪਹਿਲਾਂ ਯਰੂਸ਼ਲਮ ਵਿਚ ਪਸਾਹ ਲਈ ਹਾਜ਼ਰ ਸਨ ਅਤੇ ਉਸ ਨੂੰ ਮਾਅਰਕੇ ਵਾਲੇ ਨਿਸ਼ਾਨ ਦਿਖਾਉਂਦੇ ਹੋਏ ਦੇਖਿਆ ਸੀ।
ਸਪੱਸ਼ਟ ਤੌਰ ਤੇ ਯਿਸੂ ਆਪਣੀ ਮਹਾਨ ਗਲੀਲੀ ਸੇਵਕਾਈ ਕਾਨਾ ਵਿਚ ਸ਼ੁਰੂ ਕਰਦਾ ਹੈ। ਤੁਹਾਨੂੰ ਸ਼ਾਇਦ ਯਾਦ ਹੋਵੇ, ਪਹਿਲਾਂ ਯਹੂਦਿਯਾ ਤੋਂ ਮੁੜਦੇ ਹੋਏ, ਉਸ ਨੇ ਇੱਥੇ ਇਕ ਵਿਆਹ ਦੇ ਭੋਜਨ ਤੇ ਪਾਣੀ ਨੂੰ ਦਾਖ ਰਸ ਵਿਚ ਬਦਲ ਦਿੱਤਾ ਸੀ। ਇਸ ਦੂਜੇ ਮੌਕੇ ਤੇ, ਰਾਜਾ ਹੇਰੋਦੇਸ ਅੰਤਿਪਾਸ ਦੇ ਇਕ ਸਰਕਾਰੀ ਅਫ਼ਸਰ ਦਾ ਬੱਚਾ ਬਹੁਤ ਬੀਮਾਰ ਹੈ। ਇਹ ਸੁਣ ਕੇ ਕਿ ਯਿਸੂ ਯਹੂਦਿਯਾ ਤੋਂ ਕਾਨਾ ਨੂੰ ਆਇਆ ਹੈ, ਇਹ ਅਫ਼ਸਰ ਯਿਸੂ ਨੂੰ ਲੱਭਣ ਵਾਸਤੇ ਕਫ਼ਰਨਾਹੂਮ ਆਪਣੇ ਘਰ ਤੋਂ ਇੰਨੀ ਦੂਰ ਸਫਰ ਕਰਦਾ ਹੈ। ਦੁੱਖ ਦਾ ਮਾਰਿਆ ਹੋਇਆ, ਇਹ ਆਦਮੀ ਮਿੰਨਤ ਕਰਦਾ ਹੈ: ‘ਕ੍ਰਿਪਾ ਜਲਦੀ ਆਓ, ਇਸ ਤੋਂ ਪਹਿਲਾਂ ਕਿ ਮੇਰਾ ਪੁੱਤ੍ਰ ਮਰ ਜਾਵੇ।’
ਯਿਸੂ ਜਵਾਬ ਦਿੰਦਾ ਹੈ: ‘ਵਾਪਸ ਘਰ ਜਾ। ਤੇਰਾ ਪੁੱਤ੍ਰ ਚੰਗਾ ਹੋ ਗਿਆ ਹੈ!’ ਹੇਰੋਦੇਸ ਦਾ ਅਫ਼ਸਰ ਵਿਸ਼ਵਾਸ ਕਰਦਾ ਹੈ ਅਤੇ ਘਰ ਜਾਣ ਲਈ ਲੰਬੇ ਸਫਰ ਤੇ ਨਿਕਲ ਪੈਂਦਾ ਹੈ। ਰਾਹ ਵਿਚ ਉਸ ਨੂੰ ਉਸ ਦੇ ਨੌਕਰ ਮਿਲਦੇ ਹਨ, ਜੋ ਉਸ ਨੂੰ ਦੱਸਣ ਲਈ ਜਲਦੀ-ਜਲਦੀ ਆਏ ਹਨ ਕਿ ਸਭ ਕੁਝ ਠੀਕ ਹੈ—ਉਸ ਦਾ ਪੁੱਤਰ ਤੰਦਰੁਸਤ ਹੋ ਗਿਆ ਹੈ! ‘ਉਹ ਕਦੋਂ ਚੰਗਾ ਹੋਇਆ?’ ਉਹ ਪੁੱਛਦਾ ਹੈ।
‘ਕੱਲ੍ਹ ਦੁਪਹਿਰ 1:00 ਵਜੇ,’ ਉਹ ਜਵਾਬ ਦਿੰਦੇ ਹਨ।
ਅਫ਼ਸਰ ਨੂੰ ਅਹਿਸਾਸ ਹੁੰਦਾ ਹੈ ਕਿ ਠੀਕ ਇਹੋ ਹੀ ਸਮੇਂ ਤੇ ਯਿਸੂ ਨੇ ਕਿਹਾ ਸੀ: ‘ਤੇਰਾ ਪੁੱਤ੍ਰ ਚੰਗਾ ਹੋ ਗਿਆ ਹੈ!’ ਇਸ ਤੋਂ ਬਾਅਦ, ਉਹ ਆਦਮੀ ਅਤੇ ਉਸ ਦਾ ਸਾਰਾ ਘਰਾਣਾ ਮਸੀਹ ਦੇ ਚੇਲੇ ਬਣ ਜਾਂਦੇ ਹਨ।
ਇਸ ਤਰ੍ਹਾਂ ਕਾਨਾ ਇਕ ਮਿਹਰ-ਪ੍ਰਾਪਤ ਥਾਂ ਬਣਿਆ ਜਿੱਥੇ, ਉਸ ਦੀ ਯਹੂਦਿਯਾ ਤੋਂ ਵਾਪਸੀ ਦਾ ਸੰਕੇਤ ਦਿੰਦੇ ਹੋਏ, ਯਿਸੂ ਨੇ ਦੋ ਵਾਰੀ ਚਮਤਕਾਰ ਕੀਤਾ। ਨਿਰਸੰਦੇਹ, ਇਸ ਸਮੇਂ ਤਕ ਯਿਸੂ ਨੇ ਕੇਵਲ ਇਹੋ ਹੀ ਚਮਤਕਾਰ ਨਹੀਂ ਕੀਤੇ, ਪਰੰਤੂ ਇਹ ਮਹੱਤਤਾ ਰੱਖਦੇ ਹਨ ਕਿਉਂਕਿ ਇਹ ਉਸ ਦੀ ਗਲੀਲ ਨੂੰ ਵਾਪਸੀ ਦਾ ਸੰਕੇਤ ਕਰਦੇ ਹਨ।
ਹੁਣ ਯਿਸੂ ਨਾਸਰਤ ਵਿਖੇ ਆਪਣੇ ਘਰ ਵੱਲ ਮੁੜਦਾ ਹੈ। ਉੱਥੇ ਉਸ ਦੇ ਨਾਲ ਕੀ ਹੁੰਦਾ ਹੈ? ਯੂਹੰਨਾ 4:43-54; ਮਰਕੁਸ 1:14, 15; ਲੂਕਾ 4:14, 15.
▪ ਜਦੋਂ ਯਿਸੂ ਗਲੀਲ ਨੂੰ ਮੁੜਦਾ ਹੈ, ਤਾਂ ਉਸ ਦੇ ਚੇਲਿਆਂ ਨੂੰ ਕੀ ਹੁੰਦਾ ਹੈ, ਅਤੇ ਲੋਕੀ ਉਸ ਦਾ ਕਿਸ ਤਰ੍ਹਾਂ ਸੁਆਗਤ ਕਰਦੇ ਹਨ?
▪ ਯਿਸੂ ਕਿਹੜਾ ਚਮਤਕਾਰ ਕਰਦਾ ਹੈ, ਅਤੇ ਇਸ ਨਾਲ ਸੰਬੰਧਿਤ ਲੋਕਾਂ ਉੱਤੇ ਇਸ ਦਾ ਕੀ ਪ੍ਰਭਾਵ ਹੁੰਦਾ ਹੈ?
▪ ਕਾਨਾ ਕਿਸ ਤਰ੍ਹਾਂ ਯਿਸੂ ਵੱਲੋਂ ਮਿਹਰ-ਪ੍ਰਾਪਤ ਹੁੰਦਾ ਹੈ?