ਪਰਮੇਸ਼ੁਰ ਅਤੇ ਕੈਸਰ
“ਫੇਰ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।”—ਲੂਕਾ 20:25.
1. (ੳ) ਯਹੋਵਾਹ ਦੀ ਉੱਚ ਪਦਵੀ ਕੀ ਹੀ? (ਅ) ਅਸੀਂ ਯਹੋਵਾਹ ਨੂੰ ਕਿਸ ਚੀਜ਼ ਦੇ ਦੇਣਦਾਰ ਹਾਂ ਜੋ ਅਸੀਂ ਕਦੇ ਵੀ ਕੈਸਰ ਨੂੰ ਨਹੀਂ ਦੇ ਸਕਦੇ ਹਾਂ?
ਜਦੋਂ ਯਿਸੂ ਮਸੀਹ ਨੇ ਇਹ ਹਿਦਾਇਤ ਦਿੱਤੀ ਸੀ, ਉਦੋਂ ਉਸ ਦੇ ਮਨ ਵਿਚ ਕੋਈ ਸ਼ੱਕ ਨਹੀਂ ਸੀ ਕਿ ਪਰਮੇਸ਼ੁਰ ਵੱਲੋਂ ਆਪਣੇ ਸੇਵਕਾਂ ਤੋਂ ਕੀਤੀਆਂ ਗਈਆਂ ਮੰਗਾਂ ਨੂੰ ਉਸ ਕਿਸੇ ਵੀ ਚੀਜ਼ ਤੋਂ ਅਧਿਕ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ ਜੋ ਕੈਸਰ, ਜਾਂ ਸਰਕਾਰ ਸ਼ਾਇਦ ਉਨ੍ਹਾਂ ਤੋਂ ਮੰਗ ਕਰੇ। ਜ਼ਬੂਰਾਂ ਦੇ ਲਿਖਾਰੀ ਵੱਲੋਂ ਯਹੋਵਾਹ ਨੂੰ ਕੀਤੀ ਗਈ ਪ੍ਰਾਰਥਨਾ ਦੀ ਸੱਚਾਈ ਨੂੰ ਯਿਸੂ ਨਾਲੋਂ ਹੋਰ ਕੋਈ ਬਿਹਤਰ ਨਹੀਂ ਜਾਣਦਾ ਸੀ: “ਤੇਰੀ ਪਾਤਸ਼ਾਹੀ ਅਨਾਦੀ ਤੇ ਅਨੰਤ ਪਾਤਸ਼ਾਹੀ ਹੈ, ਅਤੇ ਤੇਰਾ ਰਾਜ [ਸਰਬਸੱਤਾ]a ਸਾਰੀਆਂ ਪੀੜ੍ਹੀਆਂ ਤੀਕ।” (ਜ਼ਬੂਰ 145:13) ਜਦੋਂ ਇਬਲੀਸ ਨੇ ਯਿਸੂ ਨੂੰ ਵਸੀ ਹੋਈ ਧਰਤੀ ਦਿਆਂ ਸਾਰੇ ਰਾਜਿਆਂ ਉੱਤੇ ਅਧਿਕਾਰ ਦੀ ਪੇਸ਼ਕਸ਼ ਕੀਤੀ, ਤਾਂ ਯਿਸੂ ਨੇ ਜਵਾਬ ਦਿੱਤਾ: “ਲਿਖਿਆ ਹੈ ਭਈ ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਲੂਕਾ 4:5-8) ਉਪਾਸਨਾ ਕਦੇ ਵੀ “ਕੈਸਰ” ਨੂੰ ਨਹੀਂ ਦਿੱਤੀ ਜਾ ਸਕਦੀ ਸੀ, ਭਾਵੇਂ ਕਿ ਕੈਸਰ ਰੋਮੀ ਸਮਰਾਟ ਹੋਵੇ, ਕੋਈ ਹੋਰ ਮਾਨਵ ਸ਼ਾਸਕ ਹੋਵੇ, ਜਾਂ ਖ਼ੁਦ ਸਰਕਾਰ ਹੀ ਹੋਵੇ।
2. (ੳ) ਇਸ ਸੰਸਾਰ ਦੇ ਸੰਬੰਧ ਵਿਚ ਸ਼ਤਾਨ ਦੀ ਕੀ ਪਦਵੀ ਹੈ? (ਅ) ਸ਼ਤਾਨ ਕਿਸ ਦੀ ਇਜਾਜ਼ਤ ਦੇ ਨਾਲ ਆਪਣੀ ਪਦਵੀ ਤੇ ਕਾਇਮ ਹੈ?
2 ਯਿਸੂ ਨੇ ਇਸ ਗੱਲ ਦਾ ਇਨਕਾਰ ਨਹੀਂ ਕੀਤਾ ਕਿ ਸੰਸਾਰ ਦੇ ਰਾਜ ਸ਼ਤਾਨ ਦੀ ਸੰਪਤੀ ਸਨ। ਉਪਰੰਤ, ਉਸ ਨੇ ਸ਼ਤਾਨ ਨੂੰ “ਇਸ ਜਗਤ ਦਾ ਸਰਦਾਰ” ਸੱਦਿਆ। (ਯੂਹੰਨਾ 12:31; 16:11) ਪਹਿਲੀ ਸਦੀ ਸਾ.ਯੁ. ਦੇ ਅੰਤ ਦੇ ਨਿਕਟ, ਰਸੂਲ ਯੂਹੰਨਾ ਨੇ ਲਿਖਿਆ: “ਅਸੀਂ ਜਾਣਦੇ ਹਾਂ ਭਈ ਅਸੀਂ ਪਰਮੇਸ਼ੁਰ ਤੋਂ ਹਾਂ ਅਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਇਸ ਦਾ ਇਹ ਅਰਥ ਨਹੀਂ ਕਿ ਯਹੋਵਾਹ ਨੇ ਧਰਤੀ ਉੱਤੇ ਆਪਣੀ ਸਰਬਸੱਤਾ ਤਿਆਗ ਦਿੱਤੀ ਹੈ। ਯਾਦ ਕਰੋ ਕਿ ਸ਼ਤਾਨ ਨੇ ਯਿਸੂ ਨੂੰ ਰਾਜਨੀਤਿਕ ਰਾਜਾਂ ਦੇ ਉੱਤੇ ਹਕੂਮਤ ਪੇਸ਼ ਕਰਦੇ ਸਮੇਂ ਕਿਹਾ ਸੀ: “ਮੈਂ ਇਹ ਸਾਰਾ ਇਖ਼ਤਿਆਰ . . . ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ।” (ਲੂਕਾ 4:6) ਸ਼ਤਾਨ ਕੇਵਲ ਪਰਮੇਸ਼ੁਰ ਦੀ ਇਜਾਜ਼ਤ ਦੇ ਨਾਲ ਹੀ ਸੰਸਾਰ ਦੇ ਰਾਜਾਂ ਉੱਤੇ ਅਧਿਕਾਰ ਚਲਾਉਂਦਾ ਹੈ।
3. (ੳ) ਯਹੋਵਾਹ ਦੇ ਅੱਗੇ ਕੌਮਾਂ ਦੀਆਂ ਸਰਕਾਰਾਂ ਦਾ ਕੀ ਪਦ ਹੈ? (ਅ) ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਸ ਸੰਸਾਰ ਦੀਆਂ ਸਰਕਾਰਾਂ ਦੇ ਪ੍ਰਤੀ ਅਧੀਨਗੀ ਦਾ ਅਰਥ ਖ਼ੁਦ ਨੂੰ ਇਸ ਸੰਸਾਰ ਦੇ ਈਸ਼ਵਰ, ਸ਼ਤਾਨ ਦੇ ਅਧੀਨ ਕਰਨਾ ਨਹੀਂ ਹੈ?
3 ਸਮਾਨ ਰੂਪ ਵਿਚ, ਸਰਕਾਰ ਵੀ ਆਪਣਾ ਅਧਿਕਾਰ ਕੇਵਲ ਇਸੇ ਲਈ ਚਲਾਉਂਦੀ ਹੈ ਕਿ ਸਰਬਸੱਤਾਦਾਰੀ ਸ਼ਾਸਕ ਵਜੋਂ ਪਰਮੇਸ਼ੁਰ ਇਸ ਨੂੰ ਇੰਜ ਕਰਨ ਦੀ ਇਜਾਜ਼ਤ ਦਿੰਦਾ ਹੈ। (ਯੂਹੰਨਾ 19:11) ਇਸ ਤਰ੍ਹਾਂ, ਇੰਜ ਕਿਹਾ ਜਾ ਸਕਦਾ ਹੈ ਕਿ “ਜਿੰਨੀਆਂ ਹਕੂਮਤਾਂ ਹਨ ਓਹ [“ਆਪਣੇ ਸਾਪੇਖ ਪਦਾਂ ਵਿਚ,” ਨਿ ਵ] ਪਰਮੇਸ਼ੁਰ ਦੀਆਂ ਠਹਿਰਾਈਆਂ ਹੋਈਆਂ ਹਨ।” ਯਹੋਵਾਹ ਦੇ ਉੱਚਤਮ ਸਰਬਸੱਤਾ ਦੇ ਅਧਿਕਾਰ ਦੀ ਸਾਪੇਖਤਾ ਵਿਚ, ਉਨ੍ਹਾਂ ਦਾ ਕਿਤੇ ਹੀ ਘੱਟ ਅਧਿਕਾਰ ਹੈ। ਫਿਰ ਵੀ, ਉਹ ‘ਪਰਮੇਸ਼ੁਰ ਦੇ ਸੇਵਕ,’ “ਪਰਮੇਸ਼ੁਰ ਦੇ ਖਾਦਮ” ਹਨ, ਇਸ ਅਰਥ ਵਿਚ ਕਿ ਉਹ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਦੀਆਂ, ਕਾਨੂੰਨ ਤੇ ਵਿਵਸਥਾ ਕਾਇਮ ਰੱਖਦੀਆਂ, ਅਤੇ ਕੁਕਰਮੀਆਂ ਨੂੰ ਦੰਡ ਦਿੰਦੀਆਂ ਹਨ। (ਰੋਮੀਆਂ 13:1, 4, 6) ਸੋ ਮਸੀਹੀਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਭਾਵੇਂ ਸ਼ਤਾਨ ਇਸ ਸੰਸਾਰ, ਜਾਂ ਵਿਵਸਥਾ, ਦਾ ਅਦ੍ਰਿਸ਼ਟ ਸ਼ਾਸਕ ਹੈ, ਉਹ ਖ਼ੁਦ ਨੂੰ ਉਸ ਦੇ ਅਧੀਨ ਨਹੀਂ ਕਰ ਰਹੇ ਹੁੰਦੇ ਹਨ ਜਦੋਂ ਉਹ ਸਰਕਾਰ ਦੇ ਪ੍ਰਤੀ ਆਪਣੀ ਸਾਪੇਖ ਅਧੀਨਗੀ ਵਿਅਕਤ ਕਰਦੇ ਹਨ। ਉਹ ਪਰਮੇਸ਼ੁਰ ਦੀ ਆਗਿਆ ਦਾ ਪਾਲਣ ਕਰ ਰਹੇ ਹਨ। ਇਸ ਸਾਲ, 1996 ਵਿਚ, ਰਾਜਨੀਤਿਕ ਸਰਕਾਰ ਅਜੇ ਵੀ “ਪਰਮੇਸ਼ੁਰ ਦੇ ਇੰਤਜ਼ਾਮ” ਦਾ ਇਕ ਭਾਗ ਹੈ, ਇਕ ਅਸਥਾਈ ਇੰਤਜ਼ਾਮ ਜਿਸ ਨੂੰ ਪਰਮੇਸ਼ੁਰ ਹੋਂਦ ਵਿਚ ਰਹਿਣ ਦੀ ਇਜਾਜ਼ਤ ਦਿੰਦਾ ਹੈ, ਅਤੇ ਇਸ ਪੱਖੋਂ ਯਹੋਵਾਹ ਦੇ ਪਾਰਥਿਵ ਸੇਵਕਾਂ ਨੂੰ ਇਸ ਨੂੰ ਮਾਨਤਾ ਦੇਣੀ ਚਾਹੀਦੀ ਹੈ।—ਰੋਮੀਆਂ 13:2.
ਯਹੋਵਾਹ ਦੇ ਪ੍ਰਾਚੀਨ ਸੇਵਕ ਅਤੇ ਸਰਕਾਰ
4. ਯਹੋਵਾਹ ਨੇ ਯੂਸੁਫ਼ ਨੂੰ ਮਿਸਰ ਦੀ ਸ਼ਾਸਨ-ਪੱਧਤੀ ਵਿਚ ਉੱਘਾ ਕਿਉਂ ਹੋਣ ਦਿੱਤਾ?
4 ਮਸੀਹ-ਪੂਰਵ ਸਮਿਆਂ ਵਿਚ, ਯਹੋਵਾਹ ਨੇ ਆਪਣੇ ਕੁਝ ਸੇਵਕਾਂ ਨੂੰ ਸਰਕਾਰੀ ਸ਼ਾਸਨ-ਪੱਧਤੀਆਂ ਵਿਚ ਉੱਘੜਵੀਆਂ ਪਦਵੀਆਂ ਸੰਭਾਲਣ ਦੀ ਇਜਾਜ਼ਤ ਦਿੱਤੀ। ਮਿਸਾਲ ਲਈ, 18ਵੀਂ ਸਦੀ ਸਾ.ਯੁ.ਪੂ. ਵਿਚ, ਯੂਸੁਫ਼ ਮਿਸਰ ਦਾ ਪ੍ਰਧਾਨ ਮੰਤਰੀ ਬਣਿਆ, ਜੋ ਸ਼ਾਸਨ ਕਰ ਰਹੇ ਫ਼ਿਰਊਨ ਨੂੰ ਛੱਡ ਸਭ ਤੋਂ ਮਹੱਤਵਪੂਰਣ ਪਦਵੀ ਸੀ। (ਉਤਪਤ 41:39-43) ਉੱਤਰਵਰਤੀ ਘਟਨਾਵਾਂ ਨੇ ਸਪੱਸ਼ਟ ਕੀਤਾ ਕਿ ਯਹੋਵਾਹ ਨੇ ਜੁਗਤ ਨਾਲ ਇਹ ਕੰਮ ਕੱਢਿਆ ਸੀ ਤਾਂ ਜੋ ਉਸ ਦੇ ਉਦੇਸ਼ਾਂ ਦੀ ਪੂਰਤੀ ਲਈ ‘ਅਬਰਾਹਾਮ ਦੀ ਅੰਸ,’ ਅਥਵਾ ਉਸ ਦੀ ਵੰਸ਼ਜ ਨੂੰ ਬਚਾਏ ਰੱਖਣ ਵਿਚ ਯੂਸੁਫ਼ ਇਕ ਸਾਧਨ ਵਜੋਂ ਕਾਰਜ ਕਰ ਸਕੇ। ਬੇਸ਼ੱਕ, ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਯੂਸੁਫ਼ ਨੂੰ ਮਿਸਰ ਦੀ ਗ਼ੁਲਾਮੀ ਵਿਚ ਵੇਚਿਆ ਗਿਆ ਸੀ, ਅਤੇ ਉਹ ਉਸ ਸਮੇਂ ਤੇ ਜੀਉਂਦਾ ਸੀ ਜਦੋਂ ਪਰਮੇਸ਼ੁਰ ਦੇ ਸੇਵਕਾਂ ਕੋਲ ਨਾ ਮੂਸਾ ਦੀ ਬਿਵਸਥਾ ਸੀ ਅਤੇ ਨਾ ਹੀ “ਮਸੀਹ ਦੀ ਸ਼ਰਾ” ਸੀ।—ਉਤਪਤ 15:5-7; 50:19-21; ਗਲਾਤੀਆਂ 6:2.
5. ਯਹੂਦੀ ਪਰਵਾਸੀਆਂ ਨੂੰ ਬਾਬਲ ਦੀ ‘ਸ਼ਾਂਤੀ ਭਾਲਣ’ ਲਈ ਕਿਉਂ ਹੁਕਮ ਦਿੱਤਾ ਗਿਆ ਸੀ?
5 ਸਦੀਆਂ ਮਗਰੋਂ, ਵਫ਼ਾਦਾਰ ਨਬੀ ਯਿਰਮਿਯਾਹ ਨੇ ਯਹੋਵਾਹ ਵੱਲੋਂ ਪ੍ਰੇਰਿਤ ਹੋ ਕੇ ਯਹੂਦੀ ਪਰਵਾਸੀਆਂ ਨੂੰ ਬਾਬਲ ਦੀ ਕੈਦ ਵਿਚ ਰਹਿੰਦੇ ਹੋਏ ਸ਼ਾਸਕਾਂ ਦੇ ਅਧੀਨ ਹੋਣ ਅਤੇ ਇੱਥੋਂ ਤਕ ਕਿ ਉਸ ਸ਼ਹਿਰ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ। ਉਨ੍ਹਾਂ ਨੂੰ ਲਿਖੀ ਆਪਣੀ ਪਤ੍ਰੀ ਵਿਚ, ਉਸ ਨੇ ਕਿਹਾ: “ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਸਾਰਿਆਂ ਅਸੀਰਾਂ ਨੂੰ . . . ਐਉਂ ਫ਼ਰਮਾਉਂਦਾ ਹੈ,—ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ।” (ਯਿਰਮਿਯਾਹ 29:4, 7) ਹਰ ਸਮੇਂ ਤੇ ਯਹੋਵਾਹ ਦੇ ਲੋਕਾਂ ਕੋਲ ਖ਼ੁਦ ਲਈ ਅਤੇ ਉਸ ਕੌਮ ਲਈ ਜਿੱਥੇ ਉਹ ਰਹਿੰਦੇ ਹਨ, ਯਹੋਵਾਹ ਦੀ ਉਪਾਸਨਾ ਕਰਨ ਵਿਚ ਅਜ਼ਾਦੀ ਲਈ, ‘ਮਿਲਾਪ ਨੂੰ ਲੱਭਣ’ ਦਾ ਕਾਰਨ ਹੈ।—1 ਪਤਰਸ 3:11.
6. ਹਾਲਾਂਕਿ ਉਨ੍ਹਾਂ ਨੂੰ ਉੱਚ ਸਰਕਾਰੀ ਅਹੁਦੇ ਦਿੱਤੇ ਗਏ, ਦਾਨੀਏਲ ਅਤੇ ਉਸ ਦੇ ਤਿੰਨ ਸਾਥੀਆਂ ਨੇ ਕਿਨ੍ਹਾਂ ਤਰੀਕਿਆਂ ਵਿਚ ਯਹੋਵਾਹ ਦੀ ਬਿਵਸਥਾ ਦੇ ਸੰਬੰਧ ਵਿਚ ਸਮਝੌਤਾ ਕਰਨ ਤੋਂ ਇਨਕਾਰ ਕੀਤਾ?
6 ਬਾਬਲੀ ਕੈਦ ਦੇ ਦੌਰਾਨ, ਦਾਨੀਏਲ ਅਤੇ ਤਿੰਨ ਦੂਸਰੇ ਵਫ਼ਾਦਾਰ ਯਹੂਦੀ, ਜੋ ਬਾਬਲ ਦੀ ਗ਼ੁਲਾਮੀ ਵਿਚ ਕੈਦੀ ਸਨ, ਸਰਕਾਰੀ ਸਿਖਲਾਈ ਦੇ ਪ੍ਰਤੀ ਅਧੀਨ ਹੋਏ ਅਤੇ ਬਾਬਲ ਵਿਚ ਉੱਚ-ਪਦਵੀ ਵਾਲੇ ਸਰਕਾਰੀ ਸੇਵਕ ਬਣੇ। (ਦਾਨੀਏਲ 1:3-7; 2:48, 49) ਲੇਕਨ, ਉਨ੍ਹਾਂ ਦੀ ਸਿਖਲਾਈ ਦੇ ਦੌਰਾਨ ਵੀ, ਉਨ੍ਹਾਂ ਨੇ ਖਾਣ-ਪੀਣ ਦੇ ਉਨ੍ਹਾਂ ਮਾਮਲਿਆਂ ਵਿਚ ਇਕ ਦ੍ਰਿੜ੍ਹ ਸਥਿਤੀ ਅਪਣਾਈ ਜਿਹੜੇ ਉਨ੍ਹਾਂ ਨੂੰ ਉਸ ਬਿਵਸਥਾ ਨੂੰ ਤੋੜਨ ਵੱਲ ਲੈ ਜਾ ਸਕਦੇ ਸਨ, ਜੋ ਉਨ੍ਹਾਂ ਦੇ ਪਰਮੇਸ਼ੁਰ, ਯਹੋਵਾਹ ਨੇ ਮੂਸਾ ਦੁਆਰਾ ਦਿੱਤੀ ਸੀ। ਇੰਜ ਕਰਨ ਲਈ ਉਨ੍ਹਾਂ ਨੂੰ ਬਰਕਤਾਂ ਮਿਲੀਆਂ। (ਦਾਨੀਏਲ 1:8-17) ਜਦੋਂ ਰਾਜਾ ਨਬੂਕਦਨੱਸਰ ਨੇ ਇਕ ਸਰਕਾਰੀ ਮੂਰਤ ਖੜ੍ਹੀ ਕੀਤੀ, ਤਾਂ ਜ਼ਾਹਰਾ ਤੌਰ ਤੇ ਦਾਨੀਏਲ ਦੇ ਤਿੰਨ ਇਬਰਾਨੀ ਸਾਥੀ ਆਪਣੇ ਸੰਗੀ ਸਰਕਾਰੀ ਪ੍ਰਸ਼ਾਸਕਾਂ ਦੇ ਨਾਲ ਉਤਸਵ ਵਿਚ ਹਾਜ਼ਰ ਹੋਣ ਲਈ ਮਜਬੂਰ ਹੋਏ। ਤਾਂ ਵੀ, ਉਨ੍ਹਾਂ ਨੇ ਉਸ ਸਰਕਾਰੀ ਮੂਰਤ ਅੱਗੇ ‘ਡਿੱਗ ਕੇ ਮੱਥਾ ਟੇਕਣ’ ਤੋਂ ਇਨਕਾਰ ਕੀਤਾ। ਇਕ ਵਾਰ ਫਿਰ, ਯਹੋਵਾਹ ਨੇ ਉਨ੍ਹਾਂ ਦੀ ਖਰਿਆਈ ਦਾ ਪ੍ਰਤਿਫਲ ਦਿੱਤਾ। (ਦਾਨੀਏਲ 3:1-6, 13-28) ਇਸੇ ਤਰ੍ਹਾਂ ਅੱਜ ਵੀ, ਯਹੋਵਾਹ ਦੇ ਗਵਾਹ ਉਸ ਕੌਮ ਦੇ ਝੰਡੇ ਦਾ ਆਦਰ ਕਰਦੇ ਹਨ ਜਿਸ ਵਿਚ ਰਹਿੰਦੇ ਹਨ, ਪਰੰਤੂ ਉਹ ਉਸ ਦੇ ਪ੍ਰਤੀ ਉਪਾਸਨਾ ਦਾ ਕੋਈ ਕੰਮ ਨਹੀਂ ਕਰਨਗੇ।—ਕੂਚ 20:4, 5; 1 ਯੂਹੰਨਾ 5:21.
7. (ੳ) ਬਾਬਲ ਦੇ ਸਰਕਾਰੀ ਢਾਂਚੇ ਵਿਚ ਇਕ ਉੱਚ ਪਦਵੀ ਹੋਣ ਦੇ ਬਾਵਜੂਦ ਵੀ ਦਾਨੀਏਲ ਨੇ ਕਿਹੜੀ ਉੱਤਮ ਸਥਿਤੀ ਅਪਣਾਈ? (ਅ) ਮਸੀਹੀ ਸਮਿਆਂ ਵਿਚ ਕਿਹੜੀਆਂ ਤਬਦੀਲੀਆਂ ਆਈਆਂ?
7 ਨਵ-ਬਾਬਲੀ ਰਾਜਕੁਲ ਦੇ ਪਤਨ ਮਗਰੋਂ, ਦਾਨੀਏਲ ਨੂੰ ਬਾਬਲ ਦੀ ਥਾਂ ਤੇ ਆਏ ਨਵੇਂ ਮਾਦੀ-ਫਾਰਸੀ ਨਿਜ਼ਾਮ ਹੇਠ ਇਕ ਉੱਚ-ਪਦਵੀ ਦਾ ਸਰਕਾਰੀ ਪਦ ਦਿੱਤਾ ਗਿਆ। (ਦਾਨੀਏਲ 5:30, 31; 6:1-3) ਲੇਕਨ ਉਸ ਨੇ ਆਪਣੀ ਉੱਚ ਪਦਵੀ ਨੂੰ ਆਪਣੀ ਖਰਿਆਈ ਦਾ ਸਮਝੌਤਾ ਕਰਨ ਦਾ ਕਾਰਨ ਨਹੀਂ ਬਣਨ ਦਿੱਤਾ। ਜਦੋਂ ਇਕ ਸਰਕਾਰੀ ਨਿਯਮ ਨੇ ਮੰਗ ਕੀਤੀ ਕਿ ਉਹ ਯਹੋਵਾਹ ਦੀ ਬਜਾਇ ਰਾਜਾ ਦਾਰਾ ਦੀ ਉਪਾਸਨਾ ਕਰੇ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਇੰਜ ਕਰਨ ਦੇ ਕਾਰਨ ਉਸ ਨੂੰ ਸ਼ੇਰਾਂ ਅੱਗੇ ਸੁੱਟ ਦਿੱਤਾ ਗਿਆ, ਪਰੰਤੂ ਯਹੋਵਾਹ ਨੇ ਉਸ ਨੂੰ ਛੁਡਾ ਲਿਆ। (ਦਾਨੀਏਲ 6:4-24) ਬੇਸ਼ੱਕ, ਇਹ ਮਸੀਹ-ਪੂਰਵ ਸਮਿਆਂ ਵਿਚ ਸੀ। ਮਸੀਹੀ ਕਲੀਸਿਯਾ ਸਥਾਪਿਤ ਹੁੰਦੇ ਹੀ, ਪਰਮੇਸ਼ੁਰ ਦੇ ਸੇਵਕ “ਮਸੀਹ ਦੇ ਭਾਣੇ ਸ਼ਰਾ ਅਧੀਨ” ਆ ਗਏ। ਅਨੇਕ ਗੱਲਾਂ ਜਿਨ੍ਹਾਂ ਦੀ ਯਹੂਦੀ ਵਿਵਸਥਾ ਦੇ ਅਧੀਨ ਇਜਾਜ਼ਤ ਸੀ, ਉਨ੍ਹਾਂ ਨੂੰ ਹੁਣ ਅਲੱਗ ਦ੍ਰਿਸ਼ਟੀ ਤੋਂ ਦੇਖਿਆ ਜਾਣਾ ਸੀ, ਇਸ ਗੱਲ ਦੇ ਆਧਾਰ ਤੇ ਕਿ ਹੁਣ ਯਹੋਵਾਹ ਆਪਣੇ ਲੋਕਾਂ ਨਾਲ ਕਿਸ ਤਰੀਕੇ ਵਿਚ ਵਰਤਾਉ ਕਰ ਰਿਹਾ ਸੀ।—1 ਕੁਰਿੰਥੀਆਂ 9:21; ਮੱਤੀ 5:31, 32; 19:3-9.
ਸਰਕਾਰ ਦੇ ਪ੍ਰਤੀ ਯਿਸੂ ਦਾ ਰਵੱਈਆ
8. ਕਿਹੜੀ ਘਟਨਾ ਦਿਖਾਉਂਦੀ ਹੈ ਕਿ ਯਿਸੂ ਰਾਜਨੀਤਿਕ ਲਪੇਟ ਤੋਂ ਪਰਹੇਜ਼ ਕਰਨ ਲਈ ਦ੍ਰਿੜ੍ਹ ਸੀ?
8 ਜਦੋਂ ਯਿਸੂ ਮਸੀਹ ਧਰਤੀ ਤੇ ਸੀ, ਉਸ ਨੇ ਆਪਣੇ ਅਨੁਯਾਈਆਂ ਲਈ ਹੋਰ ਉੱਚੇ ਮਿਆਰ ਕਾਇਮ ਕੀਤੇ, ਅਤੇ ਉਸ ਨੇ ਰਾਜਨੀਤਿਕ ਜਾਂ ਸੈਨਿਕ ਮਾਮਲਿਆਂ ਵਿਚ ਅੰਤਰਗ੍ਰਸਤ ਹੋਣ ਤੋਂ ਬਿਲਕੁਲ ਇਨਕਾਰ ਕੀਤਾ। ਇਸ ਮਗਰੋਂ ਕਿ ਯਿਸੂ ਨੇ ਚਮਤਕਾਰੀ ਢੰਗ ਨਾਲ ਕਈ ਹਜ਼ਾਰਾਂ ਲੋਕਾਂ ਨੂੰ ਕੁਝ ਹੀ ਰੋਟੀਆਂ ਅਤੇ ਦੋ ਛੋਟੀਆਂ ਮੱਛੀਆਂ ਦੇ ਨਾਲ ਭੋਜਨ ਖੁਆਇਆ, ਯਹੂਦੀ ਮਨੁੱਖਾਂ ਨੇ ਉਸ ਨੂੰ ਫੜ ਕੇ ਇਕ ਰਾਜਨੀਤਿਕ ਰਾਜਾ ਬਣਾਉਣਾ ਚਾਹਿਆ। ਪਰੰਤੂ ਯਿਸੂ ਛੇਤੀ ਨਾਲ ਪਹਾੜਾਂ ਵਿਚ ਚਲੇ ਜਾਣ ਦੇ ਦੁਆਰਾ ਉਨ੍ਹਾਂ ਤੋਂ ਬਚ ਨਿਕਲਿਆ। (ਯੂਹੰਨਾ 6:5-15) ਇਸ ਘਟਨਾ ਦੇ ਸੰਬੰਧ ਵਿਚ, ਦ ਨਿਊ ਇੰਟਰਨੈਸ਼ਨਲ ਕਮੈਂਟਰੀ ਔਨ ਦ ਨਿਊ ਟੈਸਟਾਮੈਂਟ ਬਿਆਨ ਕਰਦੀ ਹੈ: “ਉਸ ਅਵਧੀ ਦੇ ਯਹੂਦੀਆਂ ਵਿਚ ਜ਼ੋਰਦਾਰ ਕੌਮਪਰਸਤੀ ਦੀਆਂ ਕਾਮਨਾਵਾਂ ਸਨ, ਅਤੇ ਉਸ ਚਮਤਕਾਰ ਨੂੰ ਦੇਖਣ ਵਾਲਿਆਂ ਵਿੱਚੋਂ ਨਿਰਸੰਦੇਹ ਬਹੁਤੇਰਿਆਂ ਨੇ ਮਹਿਸੂਸ ਕੀਤਾ ਕਿ ਇੱਥੇ ਇਕ ਈਸ਼ਵਰੀ ਰੂਪ ਵਿਚ ਅਧਿਕ੍ਰਿਤ ਆਗੂ ਸੀ, ਜੋ ਰੋਮੀਆਂ ਦੇ ਵਿਰੁੱਧ ਉਨ੍ਹਾਂ ਦੀ ਅਗਵਾਈ ਕਰਨ ਲਈ ਬਿਲਕੁਲ ਹੀ ਢੁਕਵਾਂ ਵਿਅਕਤੀ ਸੀ। ਇਸ ਲਈ ਉਨ੍ਹਾਂ ਨੇ ਉਸ ਨੂੰ ਰਾਜਾ ਬਣਾਉਣ ਦੀ ਠਾਣ ਲਈ।” ਇਹ ਅੱਗੇ ਕਹਿੰਦੀ ਹੈ ਕਿ ਯਿਸੂ ਨੇ ਇਸ ਰਾਜਨੀਤਿਕ ਅਗਵਾਈ ਦੀ ਪੇਸ਼ਕਸ਼ ਨੂੰ “ਨਿਸ਼ਚਿਤ ਤੌਰ ਤੇ ਰੱਦ ਕਰ ਦਿੱਤਾ।” ਮਸੀਹ ਨੇ ਰੋਮੀ ਗ਼ਲਬੇ ਦੇ ਵਿਰੁੱਧ ਕਿਸੇ ਵੀ ਯਹੂਦੀ ਬਗਾਵਤ ਦਾ ਸਮਰਥਨ ਨਹੀਂ ਕੀਤਾ। ਦਰਅਸਲ, ਉਸ ਨੇ ਪੂਰਵ-ਸੂਚਨਾ ਦਿੱਤੀ ਕਿ ਉਸ ਦੀ ਮੌਤ ਮਗਰੋਂ ਵਾਪਰਨ ਵਾਲੇ ਵਿਦਰੋਹ ਦਾ ਕੀ ਸਿੱਟਾ ਹੋਵੇਗਾ—ਯਰੂਸ਼ਲਮ ਦੇ ਨਿਵਾਸੀਆਂ ਲਈ ਬੇਹੱਦ ਬਿਪਤਾਵਾਂ ਅਤੇ ਉਸ ਸ਼ਹਿਰ ਦਾ ਵਿਨਾਸ਼।—ਲੂਕਾ 21:20-24.
9. (ੳ) ਯਿਸੂ ਨੇ ਸੰਸਾਰ ਦੇ ਸੰਬੰਧ ਵਿਚ ਆਪਣੇ ਰਾਜ ਦਾ ਕਿਵੇਂ ਵਰਣਨ ਕੀਤਾ? (ਅ) ਯਿਸੂ ਨੇ ਆਪਣੇ ਅਨੁਯਾਈਆਂ ਨੂੰ ਸੰਸਾਰ ਦੀਆਂ ਸਰਕਾਰਾਂ ਦੇ ਨਾਲ ਵਰਤਾਉ ਕਰਨ ਦੇ ਸੰਬੰਧ ਵਿਚ ਕਿਹੜਾ ਮਾਰਗ-ਦਰਸ਼ਨ ਦਿੱਤਾ?
9 ਆਪਣੀ ਮੌਤ ਦੇ ਕੁਝ ਹੀ ਸਮੇਂ ਪਹਿਲਾਂ, ਯਿਸੂ ਨੇ ਯਹੂਦਿਯਾ ਵਿਚ ਰੋਮੀ ਸਮਰਾਟ ਦੇ ਖ਼ਾਸ ਪ੍ਰਤਿਨਿਧ ਨੂੰ ਦੱਸਿਆ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਯੂਹੰਨਾ 18:36) ਜਦ ਤਕ ਕਿ ਉਸ ਦਾ ਰਾਜ ਰਾਜਨੀਤਿਕ ਸਰਕਾਰਾਂ ਦੇ ਸ਼ਾਸਨ ਨੂੰ ਖ਼ਤਮ ਨਹੀਂ ਕਰ ਦਿੰਦਾ, ਮਸੀਹ ਦੇ ਚੇਲੇ ਉਸ ਦੀ ਮਿਸਾਲ ਦੀ ਪੈਰਵੀ ਕਰਦੇ ਹਨ। ਉਹ ਉਨ੍ਹਾਂ ਸਥਾਪਿਤ ਹਕੂਮਤਾਂ ਦੇ ਪ੍ਰਤੀ ਆਗਿਆਕਾਰ ਰਹਿੰਦੇ ਹਨ, ਪਰੰਤੂ ਇਨ੍ਹਾਂ ਦੇ ਰਾਜਨੀਤਿਕ ਕੰਮਾਂ ਵਿਚ ਦਖ਼ਲ ਨਹੀਂ ਦਿੰਦੇ ਹਨ। (ਦਾਨੀਏਲ 2:44; ਮੱਤੀ 4:8-10) ਯਿਸੂ ਨੇ ਇਹ ਆਖਦੇ ਹੋਏ ਆਪਣੇ ਚੇਲਿਆਂ ਲਈ ਮਾਰਗ-ਦਰਸ਼ਨ ਛੱਡੇ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਓਹ ਕੈਸਰ ਨੂੰ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਓਹ ਪਰਮੇਸ਼ੁਰ ਨੂੰ ਦਿਓ।” (ਮੱਤੀ 22:21) ਇਸ ਤੋਂ ਅਗਾਹਾਂ, ਆਪਣੇ ਪਹਾੜੀ ਉਪਦੇਸ਼ ਵਿਚ, ਯਿਸੂ ਨੇ ਕਿਹਾ ਸੀ: “ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ।” (ਮੱਤੀ 5:41) ਇਸ ਉਪਦੇਸ਼ ਦੇ ਪ੍ਰਸੰਗ ਵਿਚ, ਯਿਸੂ ਖ਼ੁਸ਼ੀ-ਖ਼ੁਸ਼ੀ ਲਾਜ਼ਮੀ ਮੰਗਾਂ ਦੇ ਅਧੀਨ ਹੋਣ ਦੇ ਸਿਧਾਂਤ ਨੂੰ ਦਰਸਾ ਰਿਹਾ ਸੀ, ਭਾਵੇਂ ਇਹ ਮਾਨਵੀ ਸੰਬੰਧਾਂ ਵਿਚ ਹੋਵੇ ਜਾਂ ਸਰਕਾਰੀ ਮੰਗਾਂ ਦੇ ਸੰਬੰਧ ਵਿਚ ਹੋਵੇ ਜੋ ਕਿ ਪਰਮੇਸ਼ੁਰ ਦੇ ਨਿਯਮ ਦੇ ਇਕਸਾਰ ਹਨ।—ਲੂਕਾ 6:27-31; ਯੂਹੰਨਾ 17:14, 15.
ਮਸੀਹੀ ਅਤੇ ਕੈਸਰ
10. ਇਕ ਇਤਿਹਾਸਕਾਰ ਦੇ ਅਨੁਸਾਰ, ਮੁਢਲੇ ਮਸੀਹੀਆਂ ਨੇ ਕੈਸਰ ਦੇ ਸੰਬੰਧ ਵਿਚ ਕਿਹੜੀ ਨੈਤਿਕ ਸਥਿਤੀ ਅਪਣਾਈ ਸੀ?
10 ਇਹ ਸੰਖੇਪ ਮਾਰਗ-ਦਰਸ਼ਨ ਮਸੀਹੀਆਂ ਅਤੇ ਸਰਕਾਰ ਦੇ ਆਪਸੀ ਸੰਬੰਧ ਨੂੰ ਨਿਯੰਤ੍ਰਣ ਕਰਨ ਲਈ ਦਿੱਤੇ ਗਏ ਸਨ। ਆਪਣੀ ਪੁਸਤਕ ਮਸੀਹੀਅਤ ਦਾ ਉਥਾਨ (ਅੰਗ੍ਰੇਜ਼ੀ) ਵਿਚ, ਇਤਿਹਾਸਕਾਰ ਈ. ਡਬਲਯੂ. ਬਾਰਨਜ਼ ਨੇ ਲਿਖਿਆ: “ਆਉਣ ਵਾਲੀਆਂ ਕਈ ਸਦੀਆਂ ਤਕ, ਜਦੋਂ ਵੀ ਇਕ ਮਸੀਹੀ ਨੂੰ ਸ਼ੱਕ ਹੁੰਦਾ ਕਿ ਉਸ ਦਾ ਸਰਕਾਰ ਦੇ ਪ੍ਰਤੀ ਕੀ ਫ਼ਰਜ਼ ਸੀ, ਤਾਂ ਉਹ ਮਸੀਹ ਦੀ ਅਧਿਕਾਰਪੂਰਣ ਸਿੱਖਿਆ ਵੱਲ ਮੁੜਦਾ ਸੀ। ਉਹ ਕਰ ਅਦਾ ਕਰਦਾ: ਮਸੂਲ ਵਜੋਂ ਲਿਆ ਗਿਆ ਭੁਗਤਾਨ ਸ਼ਾਇਦ ਭਾਰਾ ਹੋਵੇ—ਇਹ ਕਰ ਪੱਛਮੀ ਸਾਮਰਾਜ ਦੇ ਢਹਿਣ ਤੋਂ ਪਹਿਲਾਂ ਅਸਹਿ ਹੋ ਗਏ ਸਨ—ਪਰੰਤੂ ਮਸੀਹੀ ਵਿਅਕਤੀ ਇਨ੍ਹਾਂ ਨੂੰ ਸਹਿਣ ਕਰ ਲੈਂਦਾ। ਇਸੇ ਤਰ੍ਹਾਂ, ਉਹ ਬਾਕੀ ਸਾਰੇ ਸਰਕਾਰੀ ਫ਼ਰਜ਼ਾਂ ਨੂੰ ਵੀ ਸਵੀਕਾਰ ਕਰਦਾ, ਬਸ਼ਰਤੇ ਉਸ ਤੋਂ ਕੈਸਰ ਨੂੰ ਉਨ੍ਹਾਂ ਚੀਜ਼ਾਂ ਦੇਣ ਦੀ ਮੰਗ ਨਾ ਕੀਤੀ ਜਾਂਦੀ ਜੋ ਪਰਮੇਸ਼ੁਰ ਦੀਆਂ ਸਨ।”
11. ਪੌਲੁਸ ਨੇ ਮਸੀਹੀਆਂ ਨੂੰ ਸੰਸਾਰਕ ਸ਼ਾਸਕਾਂ ਦੇ ਨਾਲ ਕਿਵੇਂ ਵਰਤਾਉ ਕਰਨ ਦੀ ਸਲਾਹ ਦਿੱਤੀ?
11 ਇਸੇ ਗੱਲ ਦੇ ਇਕਸਾਰ ਹੀ, ਮਸੀਹ ਦੀ ਮੌਤ ਮਗਰੋਂ 20 ਸਾਲ ਤੋਂ ਕੁਝ ਅਧਿਕ ਸਮੇਂ ਬਾਅਦ, ਰਸੂਲ ਪੌਲੁਸ ਨੇ ਰੋਮ ਵਿਚ ਦੇ ਮਸੀਹੀਆਂ ਨੂੰ ਆਖਿਆ: “ਹਰੇਕ ਪ੍ਰਾਣੀ ਹਕੂਮਤਾਂ [“ਉੱਚ ਹਕੂਮਤਾਂ,” ਨਿ ਵ] ਦੇ ਅਧੀਨ ਰਹੇ।” (ਰੋਮੀਆਂ 13:1) ਲਗਭਗ ਦਸ ਸਾਲਾਂ ਉਪਰੰਤ, ਰੋਮ ਵਿਚ ਆਪਣੀ ਦੂਜੀ ਕੈਦ ਅਤੇ ਪ੍ਰਾਣ-ਦੰਡ ਦੀ ਪੂਰਤੀ ਤੋਂ ਕੁਝ ਹੀ ਸਮਾਂ ਪਹਿਲਾਂ, ਪੌਲੁਸ ਨੇ ਤੀਤੁਸ ਨੂੰ ਲਿਖਿਆ: “ਉਨ੍ਹਾਂ [ਕਰੇਤੀ ਮਸੀਹੀਆਂ] ਨੂੰ ਚੇਤੇ ਕਰਾ ਭਈ ਹਾਕਮਾਂ ਅਤੇ ਇਖ਼ਤਿਆਰ ਵਾਲਿਆਂ ਦੇ ਅਧੀਨ ਹੋਣ ਅਤੇ ਆਗਿਆਕਾਰ ਬਣੇ ਰਹਿਣ। ਨਾਲੇ ਹਰੇਕ ਸ਼ੁਭ ਕਰਮ ਉੱਤੇ ਲੱਕ ਬੰਨ੍ਹੀ ਰੱਖਣ, ਕਿਸੇ ਦੀ ਬਦਨਾਮੀ ਨਾ ਕਰਨ, ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।”—ਤੀਤੁਸ 3:1, 2.
“ਉੱਚ ਹਕੂਮਤਾਂ” ਬਾਰੇ ਪ੍ਰਗਤੀਵਾਦੀ ਸਮਝ
12. (ੳ) ਚਾਰਲਸ ਟੇਜ਼ ਰਸਲ ਨੇ ਸਰਕਾਰੀ ਅਧਿਕਾਰੀਆਂ ਦੇ ਸੰਬੰਧ ਵਿਚ ਇਕ ਮਸੀਹੀ ਦੀ ਉਚਿਤ ਸਥਿਤੀ ਬਾਰੇ ਕੀ ਵਿਚਾਰ ਰੱਖਿਆ? (ਅ) ਸੈਨਾ ਵਿਚ ਸੇਵਾ ਕਰਨ ਦੇ ਮਾਮਲੇ ਵਿਚ, ਮਸਹ ਕੀਤੇ ਹੋਏ ਮਸੀਹੀਆਂ ਨੇ ਵਿਸ਼ਵ ਯੁੱਧ I ਦੇ ਦੌਰਾਨ ਕਿਹੜੀਆਂ ਵਿਭਿੰਨ ਸਥਿਤੀਆਂ ਅਪਣਾਈਆਂ?
12 ਸੰਨ 1886 ਤੋਂ ਹੀ, ਚਾਰਲਸ ਟੇਜ਼ ਰਸਲ ਨੇ ਪੁਸਤਕ ਯੁਗਾਂ ਦੀ ਜੁਗਤੀ (ਅੰਗ੍ਰੇਜ਼ੀ) ਵਿਚ ਲਿਖਿਆ: “ਨਾ ਯਿਸੂ ਨੇ ਅਤੇ ਨਾ ਹੀ ਰਸੂਲਾਂ ਨੇ ਪਾਰਥਿਵ ਸ਼ਾਸਕਾਂ ਦੇ ਨਾਲ ਕਿਸੇ ਵੀ ਤਰੀਕੇ ਤੋਂ ਦਖ਼ਲਅੰਦਾਜ਼ੀ ਕੀਤੀ। . . . ਉਨ੍ਹਾਂ ਨੇ ਚਰਚ ਨੂੰ ਨਿਯਮਾਂ ਦੀ ਪਾਲਣਾ ਕਰਨ, ਅਤੇ ਅਖ਼ਤਿਆਰ ਰੱਖਣ ਵਾਲਿਆਂ ਨੂੰ ਉਨ੍ਹਾਂ ਦੀ ਪਦਵੀ ਦੇ ਲਿਹਾਜ਼ ਨਾਲ ਆਦਰ ਕਰਨ, . . . ਆਪਣੇ ਨਿਯੁਕਤ ਕਰਾਂ ਨੂੰ ਭਰਨ, ਅਤੇ ਕੇਵਲ ਉਨ੍ਹਾਂ ਨਿਯਮਾਂ ਨੂੰ ਛੱਡ ਜੋ ਪਰਮੇਸ਼ੁਰ ਦਿਆਂ ਨਿਯਮਾਂ ਨਾਲ ਟਕਰਾਉਂਦੇ ਹਨ (ਰਸੂ. 4:19; 5:29), ਕਿਸੇ ਵੀ ਕਾਇਮ ਨਿਯਮ ਦਾ ਵਿਰੋਧ ਨਾ ਕਰਨ ਲਈ ਸਿੱਖਿਆ ਦਿੱਤੀ। (ਰੋਮੀ. 13:1-7; ਮੱਤੀ 22:21) ਯਿਸੂ ਅਤੇ ਰਸੂਲ ਅਤੇ ਆਰੰਭਕ ਚਰਚ ਸਭੇ ਹੀ ਕਾਨੂੰਨ-ਪਾਲਕ ਸਨ, ਹਾਲਾਂਕਿ ਉਹ ਇਸ ਸੰਸਾਰ ਦੀਆਂ ਸਰਕਾਰਾਂ ਤੋਂ ਵੱਖਰੇ ਸਨ, ਅਤੇ ਉਨ੍ਹਾਂ ਵਿਚ ਕੋਈ ਭਾਗ ਨਹੀਂ ਲੈਂਦੇ ਸਨ।” ਇਸ ਪੁਸਤਕ ਨੇ, ਰਸੂਲ ਪੌਲੁਸ ਦੁਆਰਾ ਵਰਣਿਤ “ਉਚੇਰੀਆਂ ਸ਼ਕਤੀਆਂ,” ਜਾਂ “ਉੱਚ ਹਕੂਮਤਾਂ” ਦੀ ਸ਼ਨਾਖਤ ਬਿਲਕੁਲ ਠੀਕ ਮਾਨਵੀ ਸਰਕਾਰੀ ਹਕੂਮਤਾਂ ਦੇ ਤੌਰ ਤੇ ਕੀਤੀ। (ਰੋਮੀਆਂ 13:1, ਕਿੰਗ ਜੇਮਜ਼ ਵਰਯਨ) ਸੰਨ 1904 ਵਿਚ ਪੁਸਤਕ ਨਵੀਂ ਸ੍ਰਿਸ਼ਟੀ (ਅੰਗ੍ਰੇਜ਼ੀ) ਨੇ ਬਿਆਨ ਕੀਤਾ ਕਿ ਸੱਚੇ ਮਸੀਹੀ “ਵਰਤਮਾਨ ਸਮੇਂ ਦੇ ਸਭ ਤੋਂ ਕਾਨੂੰਨ-ਪਾਲਕ ਲੋਕਾਂ ਵਿਚ ਗਿਣੇ ਜਾਣੇ ਚਾਹੀਦੇ ਹਨ—ਨਾ ਅੰਦੋਲਕ, ਨਾ ਝਗੜਾਲੂ, ਅਤੇ ਨਾ ਕਿ ਨਘੋਚੀ।” ਕਈਆਂ ਨੇ ਸਮਝਿਆ ਸੀ ਕਿ ਇਸ ਦਾ ਅਰਥ ਵੇਲੇ ਦੀ ਸੱਤਾ ਦੇ ਪੂਰਨ ਅਧੀਨ ਰਹਿਣਾ ਸੀ, ਇੱਥੋਂ ਤਕ ਕਿ ਉਨ੍ਹਾਂ ਨੇ ਵਿਸ਼ਵ ਯੁੱਧ I ਦੇ ਦੌਰਾਨ ਸੈਨਾ ਵਿਚ ਵੀ ਸੇਵਾ ਕਰਨੀ ਸਵੀਕਾਰ ਕੀਤੀ। ਪਰੰਤੂ, ਦੂਜਿਆਂ ਨੇ ਇਸ ਨੂੰ ਯਿਸੂ ਦੇ ਕਥਨ ਦੇ ਉਲਟ ਜਾਣ ਦੇ ਤੌਰ ਤੇ ਦੇਖਿਆ: “ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ।” (ਮੱਤੀ 26:52) ਪ੍ਰਤੱਖ ਤੌਰ ਤੇ, ਉੱਚ ਹਕੂਮਤਾਂ ਦੇ ਪ੍ਰਤੀ ਮਸੀਹੀ ਅਧੀਨਗੀ ਦੇ ਬਾਰੇ ਇਕ ਜ਼ਿਆਦਾ ਸਪੱਸ਼ਟ ਸਮਝ ਦੀ ਲੋੜ ਸੀ।
13. ਸੰਨ 1929 ਵਿਚ ਉਚੇਰੀਆਂ ਸ਼ਕਤੀਆਂ ਦੀ ਸ਼ਨਾਖਤ ਦੇ ਬਾਰੇ ਸਮਝ ਵਿਚ ਕਿਹੜੀ ਤਬਦੀਲੀ ਪੇਸ਼ ਕੀਤੀ ਗਈ, ਅਤੇ ਇਹ ਕਿਵੇਂ ਲਾਭਕਾਰੀ ਸਾਬਤ ਹੋਇਆ?
13 ਸੰਨ 1929 ਵਿਚ, ਉਸ ਸਮੇਂ ਜਦੋਂ ਵਿਭਿੰਨ ਸਰਕਾਰਾਂ ਦੇ ਨਿਯਮਾਂ ਨੇ ਉਨ੍ਹਾਂ ਚੀਜ਼ਾਂ ਦੀ ਮਨਾਹੀ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਦਾ ਪਰਮੇਸ਼ੁਰ ਹੁਕਮ ਦਿੰਦਾ ਹੈ ਜਾਂ ਉਨ੍ਹਾਂ ਚੀਜ਼ਾਂ ਦੀ ਮੰਗ ਕਰਨੀ ਜਿਨ੍ਹਾਂ ਦੀ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਮਨਾਹੀ ਹੈ, ਤਾਂ ਇਹ ਅਹਿਸਾਸ ਕੀਤਾ ਗਿਆ ਸੀ ਕਿ ਜ਼ਰੂਰ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਹੀ ਇਹ ਉਚੇਰੀਆਂ ਸ਼ਕਤੀਆਂ ਹੋਣਗੇ।b ਵਿਸ਼ਵ ਯੁੱਧ II ਤੋਂ ਪਹਿਲਾਂ ਅਤੇ ਉਸ ਦੇ ਦੌਰਾਨ ਦੀ ਨਾਜ਼ੁਕ ਅਵਧੀ ਵਿਚ ਅਤੇ ਉਸ ਮਗਰੋਂ ਸੀਤ ਯੁੱਧ, ਜੋ ਕਿ ਕਹਿਰ ਅਤੇ ਸੈਨਿਕ ਹਥਿਆਰਬੰਦੀ ਵਿਚਕਾਰ ਲਟਕਿਆ ਹੋਇਆ ਸੀ, ਦੇ ਦੌਰਾਨ ਯਹੋਵਾਹ ਦੇ ਸੇਵਕਾਂ ਦੀ ਇਹੋ ਸਮਝ ਸੀ। ਪਿੱਛੇ ਨੂੰ ਦੇਖਦੇ ਹੋਏ, ਇਹ ਆਖਣਯੋਗ ਹੈ ਕਿ ਮਾਮਲਿਆਂ ਬਾਰੇ ਇਸ ਦ੍ਰਿਸ਼ਟੀ ਨੇ, ਯਹੋਵਾਹ ਅਤੇ ਉਸ ਦੇ ਮਸੀਹ ਦੀ ਸਰਵਸ੍ਰੇਸ਼ਟਤਾ ਨੂੰ ਬੁਲੰਦ ਕਰਦਿਆਂ ਹੋਏ, ਪਰਮੇਸ਼ੁਰ ਦੇ ਲੋਕਾਂ ਨੂੰ ਇਸ ਔਖੇ ਸਮੇਂ ਦੇ ਦੌਰਾਨ ਇਕ ਬਿਨਾਂ ਸਮਝੌਤੇ ਦੀ ਨਿਰਪੱਖ ਸਥਿਤੀ ਕਾਇਮ ਰੱਖਣ ਵਿਚ ਮਦਦ ਕੀਤੀ।
ਸਾਪੇਖ ਅਧੀਨਗੀ
14. ਸੰਨ 1962 ਵਿਚ ਰੋਮੀਆਂ 13:1, 2 ਅਤੇ ਸੰਬੰਧਿਤ ਪਾਠਾਂ ਉੱਤੇ ਹੋਰ ਅਧਿਕ ਰੌਸ਼ਨੀ ਕਿਵੇਂ ਪਾਈ ਗਈ?
14 ਸੰਨ 1961 ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਪੂਰੀ ਕੀਤੀ ਗਈ। ਇਸ ਨੂੰ ਤਿਆਰ ਕਰਨ ਵਿਚ ਸ਼ਾਸਤਰ ਦੀ ਮੂਲਪਾਠ ਸੰਬੰਧੀ ਭਾਸ਼ਾ ਦਾ ਗਹਿਰਾ ਅਧਿਐਨ ਕਰਨਾ ਪਿਆ ਸੀ। ਰੋਮੀਆਂ ਅਧਿਆਇ 13 ਦੇ ਨਾਲ ਹੀ ਨਾਲ ਤੀਤੁਸ 3:1, 2 ਅਤੇ 1 ਪਤਰਸ 2:13, 17 ਵਰਗੇ ਪਾਠਾਂ ਵਿਚ ਵਰਤੇ ਗਏ ਸ਼ਬਦਾਂ ਦੇ ਸੁਨਿਸ਼ਚਿਤ ਅਨੁਵਾਦ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਅਭਿਵਿਅਕਤੀ “ਉੱਚ ਹਕੂਮਤਾਂ,” ਉੱਚਤਮ ਅਧਿਕਾਰੀ, ਯਹੋਵਾਹ ਨੂੰ, ਅਤੇ ਉਸ ਦੇ ਪੁੱਤਰ, ਯਿਸੂ, ਨੂੰ ਨਹੀਂ, ਬਲਕਿ ਮਾਨਵ ਸਰਕਾਰੀ ਹਕੂਮਤਾਂ ਨੂੰ ਸੂਚਿਤ ਕਰਦੀ ਸੀ। ਸੰਨ 1962 ਦੇ ਅੰਤ ਦੇ ਨੇੜੇ, ਪਹਿਰਾਬੁਰਜ ਵਿਚ ਕਈ ਲੇਖ ਪ੍ਰਕਾਸ਼ਿਤ ਹੋਏ ਜਿਨ੍ਹਾਂ ਨੇ ਰੋਮੀਆਂ ਅਧਿਆਇ 13 ਦੀ ਇਕ ਯਥਾਰਥ ਵਿਆਖਿਆ ਦਿੱਤੀ ਅਤੇ ਨਾਲ ਹੀ ਸੀ. ਟੀ. ਰਸਲ ਦੇ ਸਮੇਂ ਨਾਲੋਂ ਇਕ ਜ਼ਿਆਦਾ ਸਪੱਸ਼ਟ ਦ੍ਰਿਸ਼ਟੀਕੋਣ ਪੇਸ਼ ਕੀਤਾ। ਇਨ੍ਹਾਂ ਲੇਖਾਂ ਨੇ ਦਿਖਾਇਆ ਕਿ ਹਕੂਮਤਾਂ ਦੇ ਪ੍ਰਤੀ ਮਸੀਹੀ ਅਧੀਨਗੀ ਪੂਰਨ ਨਹੀਂ ਹੋ ਸਕਦੀ ਹੈ। ਇਹ ਸਾਪੇਖ ਹੋਣੀ ਚਾਹੀਦੀ ਹੈ, ਇਸ ਗੱਲ ਤੇ ਨਿਰਭਰ ਕਰਦੇ ਹੋਏ ਕਿ ਇਹ ਪਰਮੇਸ਼ੁਰ ਦਿਆਂ ਸੇਵਕਾਂ ਨੂੰ ਪਰਮੇਸ਼ੁਰ ਦਿਆਂ ਨਿਯਮਾਂ ਦੇ ਵਿਰੁੱਧ ਨਾ ਲੈ ਜਾਵੇ। ਪਹਿਰਾਬੁਰਜ ਵਿਚ ਬਾਅਦ ਦਿਆਂ ਲੇਖਾਂ ਨੇ ਇਸ ਮਹੱਤਵਪੂਰਣ ਨੁਕਤੇ ਉੱਤੇ ਜ਼ੋਰ ਦਿੱਤਾ ਹੈ।c
15, 16. (ੳ) ਰੋਮੀਆਂ ਅਧਿਆਇ 13 ਦੀ ਨਵੀਂ ਸਮਝ ਦੇ ਕਾਰਨ ਕਿਹੜਾ ਜ਼ਿਆਦਾ ਸੰਤੁਲਿਤ ਦ੍ਰਿਸ਼ਟੀਕੋਣ ਹਾਸਲ ਹੋਇਆ? (ਅ) ਹੋਰ ਕਿਹੜੇ ਸਵਾਲਾਂ ਦੇ ਜਵਾਬ ਦੇਣੇ ਅਜੇ ਬਾਕੀ ਹਨ?
15 ਰੋਮੀਆਂ ਅਧਿਆਇ 13 ਦੀ ਸਹੀ ਸਮਝ ਦੀ ਇਸ ਕੁੰਜੀ ਨੇ ਯਹੋਵਾਹ ਦੇ ਲੋਕਾਂ ਲਈ ਇਹ ਸੰਭਵ ਕੀਤਾ ਹੈ ਕਿ ਉਹ ਰਾਜਨੀਤਿਕ ਅਧਿਕਾਰੀਆਂ ਦੇ ਲਈ ਉਚਿਤ ਆਦਰ ਰੱਖਣ ਅਤੇ ਅਤਿ-ਮਹੱਤਵਪੂਰਣ ਸ਼ਾਸਤਰ ਸੰਬੰਧੀ ਸਿਧਾਂਤਾਂ ਉੱਤੇ ਇਕ ਬਿਨਾਂ ਸਮਝੌਤੇ ਦੀ ਸਥਿਤੀ ਅਪਣਾਉਣ ਦੇ ਵਿਚਕਾਰ ਸੰਤੁਲਨ ਰੱਖ ਸਕਣ। (ਜ਼ਬੂਰ 97:11; ਯਿਰਮਿਯਾਹ 3:15) ਇਸ ਨੇ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਆਪਣੇ ਸੰਬੰਧ ਬਾਰੇ ਅਤੇ ਸਰਕਾਰ ਨਾਲ ਆਪਣੇ ਵਰਤਾਉ ਬਾਰੇ ਇਕ ਉਚਿਤ ਦ੍ਰਿਸ਼ਟੀਕੋਣ ਰੱਖਣਾ ਮੁਮਕਿਨ ਬਣਾਇਆ ਹੈ। ਇਸ ਨੇ ਨਿਸ਼ਚਿਤ ਕੀਤਾ ਹੈ ਕਿ ਜਿਉਂ ਹੀ ਉਹ ਕੈਸਰ ਦੀ ਚੀਜ਼ ਕੈਸਰ ਨੂੰ ਦਿੰਦੇ ਹਨ, ਉਹ ਪਰਮੇਸ਼ੁਰ ਦੀ ਚੀਜ਼ ਪਰਮੇਸ਼ੁਰ ਨੂੰ ਦੇਣ ਦੀ ਅਣਗਹਿਲੀ ਨਹੀਂ ਕਰਦੇ।
16 ਲੇਕਨ ਅਸਲ ਵਿਚ ਕੈਸਰ ਦੀਆਂ ਚੀਜ਼ਾਂ ਕੀ ਹਨ? ਸਰਕਾਰ ਇਕ ਮਸੀਹੀ ਤੋਂ ਕਿਹੜੀਆਂ ਜਾਇਜ਼ ਗੱਲਾਂ ਦੀ ਮੰਗ ਕਰ ਸਕਦੀ ਹੈ? ਇਨ੍ਹਾਂ ਸਵਾਲਾਂ ਨੂੰ ਅਗਲੇ ਲੇਖ ਵਿਚ ਵਿਚਾਰਿਆ ਜਾਵੇਗਾ। (w96 5/1)
[ਫੁਟਨੋਟ]
a ਦੇਖੋ ਜ਼ਬੂਰ 103:22, ਨਿ ਵ, ਫੁਟਨੋਟ।
b ਪਹਿਰਾਬੁਰਜ (ਅੰਗ੍ਰੇਜ਼ੀ), ਜੂਨ 1 ਅਤੇ 15, 1929.
c ਦੇਖੋ ਪਹਿਰਾਬੁਰਜ (ਅੰਗ੍ਰੇਜ਼ੀ), ਨਵੰਬਰ 1 ਅਤੇ 15, ਦਸੰਬਰ 1, 1962; ਨਵੰਬਰ 1, 1990; ਫਰਵਰੀ 1, 1993; ਜੁਲਾਈ 1, 1994.
ਦਿਲਚਸਪੀ ਦੀ ਗੱਲ ਹੈ ਕਿ ਰੋਮੀਆਂ ਅਧਿਆਇ 13 ਉੱਤੇ ਆਪਣੀ ਟਿੱਪਣੀ ਵਿਚ, ਪ੍ਰੋਫੈਸਰ ਐੱਫ਼. ਐੱਫ਼. ਬਰੂਸ ਲਿਖਦਾ ਹੈ: “ਇਸ ਤਤਕਾਲੀ ਪ੍ਰਸੰਗ ਤੋਂ, ਜਿਵੇਂ ਰਸੂਲਾਂ ਦਿਆਂ ਲੇਖਾਂ ਦੇ ਆਮ ਪ੍ਰਸੰਗ ਤੋਂ ਇਹ ਸਪੱਸ਼ਟ ਹੈ ਕਿ ਸਰਕਾਰ ਉਚਿਤ ਤੌਰ ਤੇ ਕੇਵਲ ਉਨ੍ਹਾਂ ਉਦੇਸ਼ਾਂ ਦੀਆਂ ਸੀਮਾਵਾਂ ਦੇ ਅੰਦਰ-ਅੰਦਰ ਆਗਿਆਕਾਰਤਾ ਦੀ ਮੰਗ ਕਰ ਸਕਦੀ ਹੈ, ਜਿਨ੍ਹਾਂ ਲਈ ਇਸ ਨੂੰ ਈਸ਼ਵਰੀ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ—ਵਿਸ਼ੇਸ਼ ਤੌਰ ਤੇ, ਸਰਕਾਰ ਦਾ ਵਿਰੋਧ ਨਾ ਕੇਵਲ ਕੀਤਾ ਜਾ ਸਕਦਾ ਹੈ ਪਰੰਤੂ ਕਰਨਾ ਵੀ ਚਾਹੀਦਾ ਹੈ ਜਦੋਂ ਇਹ ਉਸ ਭਗਤੀ ਦੀ ਮੰਗ ਕਰੇ ਜਿਸ ਉੱਤੇ ਕੇਵਲ ਪਰਮੇਸ਼ੁਰ ਦਾ ਹੀ ਹੱਕ ਹੈ।”
ਕੀ ਤੁਸੀਂ ਸਮਝਾ ਸਕਦੇ ਹੋ?
◻ ਉੱਚ ਹਕੂਮਤਾਂ ਦੇ ਪ੍ਰਤੀ ਅਧੀਨਗੀ ਦਾ ਅਰਥ ਸ਼ਤਾਨ ਦੇ ਪ੍ਰਤੀ ਅਧੀਨਗੀ ਕਿਉਂ ਨਹੀਂ ਹੈ?
◻ ਯਿਸੂ ਦਾ ਆਪਣੇ ਦਿਨਾਂ ਦੀ ਰਾਜਨੀਤੀ ਦੇ ਪ੍ਰਤੀ ਕੀ ਰਵੱਈਆ ਸੀ?
◻ ਯਿਸੂ ਨੇ ਆਪਣੇ ਅਨੁਯਾਈਆਂ ਨੂੰ ਕੈਸਰ ਦੇ ਨਾਲ ਵਰਤਾਉ ਕਰਨ ਦੇ ਸੰਬੰਧ ਵਿਚ ਕਿਹੜੀ ਸਲਾਹ ਦਿੱਤੀ ਸੀ?
◻ ਪੌਲੁਸ ਨੇ ਮਸੀਹੀਆਂ ਨੂੰ ਸੰਸਾਰਕ ਸ਼ਾਸਕਾਂ ਦੇ ਨਾਲ ਕਿਵੇਂ ਵਰਤਾਉ ਕਰਨ ਦੀ ਸਲਾਹ ਦਿੱਤੀ?
◻ ਸਾਲਾਂ ਦੇ ਦੌਰਾਨ ਉੱਚ ਹਕੂਮਤਾਂ ਦੀ ਸ਼ਨਾਖਤ ਦੇ ਬਾਰੇ ਸਮਝ ਅੱਗੇ ਕਿਵੇਂ ਵਿਕਸਿਤ ਹੋਈ ਹੈ?
[ਸਫ਼ੇ 10 ਉੱਤੇ ਤਸਵੀਰ]
ਜਦੋਂ ਸ਼ਤਾਨ ਨੇ ਉਸ ਨੂੰ ਰਾਜਨੀਤਿਕ ਸ਼ਕਤੀ ਪੇਸ਼ ਕੀਤੀ, ਯਿਸੂ ਨੇ ਉਸ ਨੂੰ ਰੱਦ ਕੀਤਾ
[ਸਫ਼ੇ 13 ਉੱਤੇ ਤਸਵੀਰ]
ਰਸਲ ਨੇ ਲਿਖਿਆ ਕਿ ਸੱਚੇ ਮਸੀਹੀ “ਵਰਤਮਾਨ ਸਮੇਂ ਦੇ ਸਭ ਤੋਂ ਕਾਨੂੰਨ-ਪਾਲਕ ਲੋਕਾਂ ਵਿਚ ਗਿਣੇ ਜਾਣੇ ਚਾਹੀਦੇ ਹਨ”