ਯਹੋਵਾਹ ਦਾ ਬਚਨ ਜੀਉਂਦਾ ਹੈ
ਮਰਕੁਸ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
ਬਾਈਬਲ ਦੀਆਂ ਚੌਹਾਂ ਇੰਜੀਲਾਂ ਵਿੱਚੋਂ ਮਰਕੁਸ ਦੀ ਇੰਜੀਲ ਸਭ ਤੋਂ ਛੋਟੀ ਹੈ। ਇਹ ਇੰਜੀਲ ਉਸ ਮਰਕੁਸ ਨੇ ਲਿਖੀ ਸੀ ਜਿਸ ਨੂੰ ਯੂਹੰਨਾ ਵੀ ਕਿਹਾ ਜਾਂਦਾ ਸੀ। ਉਸ ਨੇ ਇਹ ਇੰਜੀਲ ਯਿਸੂ ਮਸੀਹ ਦੀ ਮੌਤ ਅਤੇ ਜੀ ਉਠਾਏ ਜਾਣ ਤੋਂ 30 ਸਾਲ ਬਾਅਦ ਲਿਖੀ ਸੀ। ਉਸ ਨੇ ਆਪਣੀ ਇੰਜੀਲ ਵਿਚ ਯਿਸੂ ਦੀ ਸਾਢੇ ਤਿੰਨ ਸਾਲਾਂ ਦੀ ਸੇਵਕਾਈ ਉੱਤੇ ਚਾਨਣ ਪਾਇਆ ਤੇ ਇਸ ਨੂੰ ਬੜੇ ਲਾਜਵਾਬ ਤਰੀਕੇ ਨਾਲ ਲਿਖਿਆ।
ਲੱਗਦਾ ਹੈ ਕਿ ਮਰਕੁਸ ਨੇ ਇਹ ਇੰਜੀਲ ਯਹੂਦੀਆਂ ਦੀ ਬਜਾਇ ਰੋਮੀਆਂ ਅਤੇ ਹੋਰਾਂ ਕੌਮਾਂ ਦੇ ਲੋਕਾਂ ਵਾਸਤੇ ਲਿਖੀ ਸੀ। ਇਸ ਵਿਚ ਉਸ ਨੇ ਦੱਸਿਆ ਕਿ ਪਰਮੇਸ਼ੁਰ ਦੇ ਪੱਤਰ ਯਿਸੂ ਨੇ ਚਮਤਕਾਰ ਕੀਤੇ ਅਤੇ ਜ਼ੋਰਾਂ-ਸ਼ੋਰਾਂ ਨਾਲ ਪ੍ਰਚਾਰ ਦਾ ਕੰਮ ਕੀਤਾ ਸੀ। ਪਰ ਮਰਕੁਸ ਨੇ ਯਿਸੂ ਦੀ ਕਹਿਣੀ ਨਾਲੋਂ ਉਸ ਦੀ ਕਰਨੀ ਤੇ ਜ਼ਿਆਦਾ ਜ਼ੋਰ ਦਿੱਤਾ ਸੀ। ਮਰਕੁਸ ਦੀ ਇੰਜੀਲ ਪੜ੍ਹ ਕੇ ਯਿਸੂ ਮਸੀਹ ਵਿਚ ਸਾਡੀ ਨਿਹਚਾ ਪੱਕੀ ਹੋਵੇਗੀ ਅਤੇ ਅਸੀਂ ਪੂਰੀ ਵਾਹ ਲਾ ਕੇ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਤੋਂ ਆਪਣੇ ਆਪ ਨੂੰ ਰੋਕ ਨਾ ਸਕਾਂਗੇ।—ਇਬ. 4:12.
ਗਲੀਲ ਵਿਚ ਖ਼ੁਸ਼ ਖ਼ਬਰ ਦਾ ਪ੍ਰਚਾਰ
ਮਰਕੁਸ ਨੇ ਆਪਣੀ ਇੰਜੀਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੰਮਾਂ ਨਾਲ ਸ਼ੁਰੂ ਕੀਤੀ ਸੀ। ਫਿਰ ਉਸ ਨੇ ਯਿਸੂ ਦੇ ਚਾਲੀ ਦਿਨ ਉਜਾੜ ਵਿਚ ਰਹਿਣ ਬਾਰੇ ਲਿਖਿਆ। ਇਹ ਸਭ ਗੱਲਾਂ ਉਸ ਨੇ ਸਿਰਫ਼ 14 ਆਇਤਾਂ ਵਿਚ ਹੀ ਕਹਿ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਯਿਸੂ ਦੇ ਉਨ੍ਹਾਂ ਕੰਮਾਂ ਬਾਰੇ ਗੱਲ ਤੋਰੀ ਜੋ ਉਸ ਨੇ ਗਲੀਲ ਵਿਚ ਕੀਤੇ ਸਨ। ਵਾਕਈ ਮਰਕੁਸ ਦੇ ਲਿਖਣ ਦਾ ਅੰਦਾਜ਼ ਨਿਰਾਲਾ ਸੀ। ਉਸ ਨੇ ਇਕ ਕੰਮ ਪੂਰਾ ਹੁੰਦਿਆਂ ਹੀ ਝੱਟ ਦੂਜੇ ਦਾ ਵੇਰਵਾ ਦਿੱਤਾ। ਇੱਦਾਂ ਉਸ ਨੇ ਸਮੇਂ ਦੀ ਨਜ਼ਾਕਤ ਤੇ ਜ਼ੋਰ ਦਿੱਤਾ।—ਮਰ. 1:10, 12.
ਅਸੀਂ ਜਾਣਦੇ ਹਾਂ ਕਿ ਯਿਸੂ ਨੇ ਤਿੰਨ ਸਾਲਾਂ ਦੇ ਅੰਦਰ-ਅੰਦਰ ਗਲੀਲ ਵਿਚ ਪ੍ਰਚਾਰ ਦੇ ਤਿੰਨ ਦੌਰੇ ਕੀਤੇ ਸਨ। ਮਰਕੁਸ ਨੇ ਆਪਣੀ ਇੰਜੀਲ ਵਿਚ ਸਾਰੀਆਂ ਗੱਲਾਂ ਸਿਲਸਿਲੇਵਾਰ ਲਿਖੀਆਂ ਸਨ। ਇਸ ਇੰਜੀਲ ਵਿਚ ਪਹਾੜੀ ਉਪਦੇਸ਼ ਅਤੇ ਇਸ ਵਰਗੇ ਯਿਸੂ ਦੇ ਕਈ ਹੋਰ ਲੰਬੇ ਭਾਸ਼ਣ ਨਹੀਂ ਪਾਏ ਜਾਂਦੇ।
ਕੁਝ ਸਵਾਲਾਂ ਦੇ ਜਵਾਬ:
1:15—ਕਿਹੜਾ “ਸਮਾ ਪੂਰਾ ਹੋਇਆ” ਸੀ? ਯਿਸੂ ਦੇ ਇਹ ਕਹਿਣ ਦਾ ਮਤਲਬ ਸੀ ਕਿ ਹੁਣ ਉਹ ਸਮਾਂ ਆ ਗਿਆ ਸੀ ਜਦ ਉਸ ਨੇ ਆਪਣੀ ਸੇਵਕਾਈ ਸ਼ੁਰੂ ਕਰਨੀ ਸੀ। ਪਰਮੇਸ਼ੁਰ ਦਾ ਰਾਜ ਵੀ ਨੇੜੇ ਆ ਗਿਆ ਸੀ ਕਿਉਂਕਿ ਉਸ ਰਾਜ ਦਾ ਹੋਣ ਵਾਲਾ ਰਾਜਾ ਯਿਸੂ ਲੋਕਾਂ ਦੇ ਵਿਚਕਾਰ ਸੀ। ਨੇਕਦਿਲ ਲੋਕ ਖ਼ੁਸ਼ ਖ਼ਬਰੀ ਸੁਣ ਕੇ ਸਹੀ ਕਦਮ ਚੁੱਕ ਸਕਦੇ ਸਨ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰ ਸਕਦੇ ਸਨ।
1:44; 3:12; 7:36—ਕਿਸੇ ਨੂੰ ਚੰਗਾ ਕਰਨ ਮਗਰੋਂ ਯਿਸੂ ਨੇ ਉਸ ਨੂੰ ਕਿਉਂ ਕਿਹਾ ਸੀ ਕਿ ਇਸ ਬਾਰੇ ਉਹ ਹੋਰ ਕਿਸੇ ਨੂੰ ਨਾ ਦੱਸੇ? ਉਹ ਨਹੀਂ ਚਾਹੁੰਦਾ ਸੀ ਕਿ ਲੋਕ ਸੁਣੀਆਂ-ਸੁਣਾਈਆਂ ਜਾਂ ਗ਼ਲਤ ਗੱਲਾਂ ਸੁਣ ਕੇ ਉਸ ਉੱਤੇ ਵਿਸ਼ਵਾਸ ਕਰਨ। ਉਹ ਚਾਹੁੰਦਾ ਸੀ ਕਿ ਲੋਕ ਅੱਖੀਂ ਦੇਖ ਕੇ ਖ਼ੁਦ ਫ਼ੈਸਲਾ ਕਰਨ ਕਿ ਉਹ ਮਸੀਹਾ ਸੀ ਜਾਂ ਨਹੀਂ। (ਯਸਾ. 42:1-4; ਮੱਤੀ 8:4; 9:30; 12:15-21; 16:20; ਲੂਕਾ 5:14) ਲੇਕਿਨ ਇਕ ਵਾਰ ਇਸ ਤਰ੍ਹਾਂ ਜ਼ਰੂਰ ਹੋਇਆ ਸੀ ਕਿ ਯਿਸੂ ਨੇ ਇਕ ਆਦਮੀ ਨੂੰ ਠੀਕ ਕਰਨ ਤੋਂ ਬਾਅਦ ਉਸ ਨੂੰ ਇਸ ਚਮਤਕਾਰ ਬਾਰੇ ਬਾਕੀਆਂ ਨੂੰ ਦੱਸਣ ਲਈ ਕਿਹਾ ਸੀ। ਉਹ ਆਦਮੀ ਗਿਰਸੇਨੀਆਂ ਦੇ ਦੇਸ਼ ਵਿਚ ਭੂਤਾਂ ਦੇ ਕਬਜ਼ੇ ਹੇਠ ਹੁੰਦਾ ਸੀ। ਠੀਕ ਕਰਨ ਤੋਂ ਬਾਅਦ ਯਿਸੂ ਨੇ ਉਸ ਆਦਮੀ ਨੂੰ ਕਿਹਾ ਕਿ ਉਹ ਘਰ ਜਾਵੇ ਅਤੇ ਸਾਰੀਆਂ ਗੱਲਾਂ ਆਪਣੇ ਰਿਸ਼ਤੇਦਾਰਾਂ ਨੂੰ ਦੱਸੇ। ਕਿਉਂ? ਕਿਉਂਕਿ ਯਿਸੂ ਆਪ ਗਿਰਸੇਨੀਆਂ ਵਿਚ ਪ੍ਰਚਾਰ ਨਹੀਂ ਕਰ ਪਾਇਆ ਸੀ। ਨਾਲੇ ਇਸ ਚਮਤਕਾਰ ਕਰਕੇ ਕਈ ਸੂਰ ਖਾੜੀ ਵਿਚ ਡਿੱਗ ਕੇ ਮਰ ਗਏ ਸਨ ਤੇ ਯਿਸੂ ਨਹੀਂ ਸੀ ਚਾਹੁੰਦਾ ਕਿ ਲੋਕ ਗ਼ਲਤ-ਮਲਤ ਗੱਲਾਂ ਵਿਚ ਆ ਜਾਣ। ਇਸ ਲਈ ਉਸ ਨੇ ਇਸ ਆਦਮੀ ਨੂੰ ਆਪਣੀ ਹੱਡ-ਬੀਤੀ ਦੱਸਣ ਲਈ ਕਿਹਾ ਸੀ।—ਮਰ. 5:1-20; ਲੂਕਾ 8:26-39.
2:28—ਯਿਸੂ ਨੂੰ “ਸਬਤ ਦੇ ਦਿਨ ਦਾ ਵੀ ਮਾਲਕ” ਕਿਉਂ ਕਿਹਾ ਗਿਆ ਹੈ? ਪੌਲੁਸ ਰਸੂਲ ਨੇ ਕਿਹਾ ਸੀ ਕਿ ‘ਸ਼ਰਾ ਆਉਣ ਵਾਲੀਆਂ ਚੰਗੀਆਂ ਵਸਤਾਂ ਦਾ ਪਰਛਾਵਾਂ ਹੈ।’ (ਇਬ. 10:1) ਸ਼ਰਾ ਦੇ ਮੁਤਾਬਕ ਛੇ ਦਿਨ ਕੰਮ ਕਰਨ ਤੋਂ ਬਾਅਦ ਸੱਤਵਾਂ ਦਿਨ ਸਬਤ ਦਾ ਦਿਨ ਸੀ। ਯਿਸੂ ਨੇ ਇਸੇ ਦਿਨ ਤੇ ਕਈ ਲੋਕਾਂ ਨੂੰ ਰਾਜ਼ੀ ਕੀਤਾ ਸੀ। ਇਹ ਯਿਸੂ ਦੇ ਹਜ਼ਾਰ ਸਾਲਾਂ ਦੇ ਰਾਜ ਵਿਚ ਆਉਣ ਵਾਲੀਆਂ ਬਰਕਤਾਂ ਦਾ ਪਰਛਾਵਾਂ ਸੀ ਜਦੋਂ ਉਹ ਸ਼ਤਾਨ ਦੇ ਸਾਏ ਨੂੰ ਦੂਰ ਕਰ ਕੇ ਸਾਰੀ ਦੁਨੀਆਂ ਵਿਚ ਖ਼ੁਸ਼ਹਾਲੀ ਲਿਆਵੇਗਾ। ਇਸੇ ਲਈ ਉਸ ਰਾਜ ਦੇ ਰਾਜੇ ਯਿਸੂ ਮਸੀਹ ਨੂੰ “ਸਬਤ ਦੇ ਦਿਨ ਦਾ ਮਾਲਕ” ਕਿਹਾ ਗਿਆ ਹੈ।—ਮੱਤੀ 12:8; ਲੂਕਾ 6:5.
3:5; 7:34; 8:12—ਮਰਕੁਸ ਯਿਸੂ ਦੇ ਦਿਲ ਦੀ ਹਾਲਤ ਕਿਵੇਂ ਜਾਣ ਸਕਿਆ ਸੀ? ਮਰਕੁਸ ਨਾ ਤਾਂ ਯਿਸੂ ਦੇ 12 ਰਸੂਲਾਂ ਵਿੱਚੋਂ ਇਕ ਸੀ ਤੇ ਨਾ ਹੀ ਉਹ ਯਿਸੂ ਦਾ ਨਜ਼ਦੀਕੀ ਦੋਸਤ ਸੀ। ਪਰ ਮਰਕੁਸ ਲਈ ਪਤਰਸ ਰਸੂਲ ਪਿਤਾ ਸਮਾਨ ਸੀ ਤੇ ਪੁਰਾਣੇ ਸਮੇਂ ਤੋਂ ਇਹ ਗੱਲ ਕਹੀ ਜਾਂਦੀ ਹੈ ਕਿ ਉਸੇ ਨੇ ਹੀ ਮਰਕੁਸ ਨੂੰ ਯਿਸੂ ਬਾਰੇ ਜਾਣਕਾਰੀ ਦਿੱਤੀ ਸੀ।—1 ਪਤ. 5:13.
6:51, 52—“ਰੋਟੀਆਂ ਦੀ ਗੱਲ” ਕੀ ਸੀ ਜੋ ਯਿਸੂ ਦੇ ਚੇਲੇ ਸਮਝ ਨਾ ਪਾਏ? ਥੋੜ੍ਹੇ ਕੁ ਘੰਟੇ ਪਹਿਲਾਂ ਯਿਸੂ ਨੇ 5,000 ਆਦਮੀਆਂ ਤੋਂ ਇਲਾਵਾ ਕਈ ਔਰਤਾਂ ਤੇ ਬੱਚਿਆਂ ਨੂੰ ਸਿਰਫ਼ ਪੰਜ ਰੋਟੀਆਂ ਤੇ ਦੋ ਮੱਛੀਆਂ ਨਾਲ ਢਿੱਡ ਭਰ ਕੇ ਖਿਲਾਇਆ ਸੀ। “ਰੋਟੀਆਂ ਦੀ ਗੱਲ” ਤੋਂ ਚੇਲਿਆਂ ਨੂੰ ਸਮਝ ਜਾਣਾ ਚਾਹੀਦੀ ਸੀ ਕਿ ਯਿਸੂ ਯਹੋਵਾਹ ਪਰਮੇਸ਼ੁਰ ਦੀ ਸ਼ਕਤੀ ਨਾਲ ਚਮਤਕਾਰ ਕਰਦਾ ਸੀ। (ਮਰ. 6:41-44) ਜੇ ਉਨ੍ਹਾਂ ਨੇ ਇਹ ਗੱਲ ਸਮਝ ਲਈ ਹੁੰਦੀ ਕਿ ਯਹੋਵਾਹ ਨੇ ਉਸ ਨੂੰ ਕਿੰਨੀ ਸ਼ਕਤੀ ਦਿੱਤੀ ਸੀ, ਤਾਂ ਉਨ੍ਹਾਂ ਨੇ ਯਿਸੂ ਨੂੰ ਪਾਣੀ ਤੇ ਤੁਰਦਿਆਂ ਦੇਖ ਕੇ ਹੈਰਾਨ ਨਹੀਂ ਸੀ ਹੋਣਾ।
8:22-26—ਯਿਸੂ ਨੇ ਅੰਨ੍ਹੇ ਆਦਮੀ ਨੂੰ ਸਹਿਜੇ-ਸਹਿਜੇ ਸੁਜਾਖਾ ਕਿਉਂ ਕੀਤਾ ਸੀ? ਜਿਸ ਆਦਮੀ ਨੇ ਸਾਰੀ ਜ਼ਿੰਦਗੀ ਹਨੇਰੇ ਵਿਚ ਗੁਜ਼ਾਰੀ ਸੀ, ਇਕਦਮ ਉਸ ਦੀਆਂ ਅੱਖਾਂ ਵਿਚ ਰੌਸ਼ਨੀ ਪੈਣ ਨਾਲ ਉਹ ਚੌਂਕ ਸਕਦਾ ਸੀ। ਸ਼ਾਇਦ ਇਸੇ ਗੱਲ ਬਾਰੇ ਸੋਚ ਕੇ ਯਿਸੂ ਨੇ ਪਿਆਰ ਨਾਲ ਸਹਿਜੇ-ਸਹਿਜੇ ਉਸ ਨੂੰ ਸੁਜਾਖਾ ਕੀਤਾ ਸੀ।
ਸਾਡੇ ਲਈ ਸਬਕ:
2:18; 7:11; 12:18; 13:3. ਮਰਕੁਸ ਨੇ ਆਪਣੀ ਇੰਜੀਲ ਗ਼ੈਰ-ਯਹੂਦੀਆਂ ਲਈ ਲਿਖੀ ਸੀ ਜਿਸ ਕਰਕੇ ਉਸ ਨੇ ਯਹੂਦੀਆਂ ਦੇ ਕਈ ਰੀਤੀ-ਰਿਵਾਜ, ਵਿਸ਼ਵਾਸ ਤੇ ਹੋਰ ਗੱਲਾਂ ਖੋਲ੍ਹ ਕੇ ਸਮਝਾਈਆਂ ਸਨ। ਮਿਸਾਲ ਲਈ, ਉਸ ਨੇ ਦੱਸਿਆ ਕਿ ਫ਼ਰੀਸੀ “ਵਰਤ ਰੱਖਦੇ ਸਨ” ਤੇ ਕੁਰਬਾਨ ਦਾ ਮਤਲਬ ਪਰਮੇਸ਼ੁਰ ਅੱਗੇ ਚੜ੍ਹਾਈ ‘ਭੇਟ’ ਸੀ। ਉਸ ਨੇ ਇਹ ਵੀ ਲਿਖਿਆ ਕਿ ਸਦੂਕੀ “ਆਖਦੇ ਹਨ ਭਈ ਕਿਆਮਤ ਨਹੀਂ ਹੋਣੀ” ਅਤੇ ਲੋਕ ਜ਼ੈਤੂਨ ਦੇ ਪਹਾੜ ਤੋਂ ਮੰਦਰ ਵੇਖ ਸਕਦੇ ਸਨ। ਮਰਕੁਸ ਨੇ ਯਿਸੂ ਦੇ ਘਰਾਣੇ ਦਾ ਕੋਈ ਜ਼ਿਕਰ ਨਹੀਂ ਕੀਤਾ ਕਿਉਂਕਿ ਇਸ ਵਿਚ ਇਕੱਲੇ ਯਹੂਦੀ ਦਿਲਚਸਪੀ ਰੱਖਦੇ ਸਨ। ਮਰਕੁਸ ਤੋਂ ਅਸੀਂ ਇਹ ਵਧੀਆ ਸਬਕ ਸਿੱਖ ਸਕਦੇ ਹਾਂ ਕਿ ਸਾਨੂੰ ਵੀ ਪ੍ਰਚਾਰ ਕਰਦਿਆਂ ਜਾਂ ਭਾਸ਼ਣ ਦਿੰਦਿਆਂ ਆਪਣੇ ਸੁਣਨ ਵਾਲਿਆਂ ਦੀ ਸਮਝ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
3:21. ਯਿਸੂ ਦੇ ਖ਼ੁਦ ਦੇ ਪਰਿਵਾਰ ਵਿੱਚੋਂ ਕਈ ਉਸ ਤੇ ਨਿਹਚਾ ਨਹੀਂ ਕਰਦੇ ਸਨ। ਇਸ ਲਈ ਉਹ ਅੱਜ ਉਨ੍ਹਾਂ ਸਾਰੇ ਭੈਣਾਂ-ਭਰਾਵਾਂ ਦੇ ਦਿਲ ਦੀ ਹਾਲਤ ਚੰਗੀ ਤਰ੍ਹਾਂ ਸਮਝਦਾ ਹੈ ਜਦ ਉਨ੍ਹਾਂ ਦੇ ਪਰਿਵਾਰ ਦੇ ਜੀਅ ਜੋ ਸੱਚਾਈ ਵਿਚ ਨਹੀਂ ਹਨ ਉਨ੍ਹਾਂ ਦਾ ਵਿਰੋਧ ਕਰਦੇ ਜਾਂ ਮਜ਼ਾਕ ਉਡਾਉਂਦੇ ਹਨ।
3:31-35. ਯਿਸੂ ਦੇ ਬਪਤਿਸਮੇ ਸਮੇਂ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਪੁੱਤਰ ਬਣਿਆ ਅਤੇ ‘ਉਤਾਹਾਂ ਦੀ ਯਰੂਸ਼ਲਮ’ ਉਸ ਦੀ ਮਾਤਾ ਬਣੀ। (ਗਲਾ. 4:26) ਉਸ ਦਿਨ ਤੋਂ ਯਿਸੂ ਨੂੰ ਆਪਣੇ ਚੇਲੇ ਆਪਣੇ ਸਕਿਆਂ ਨਾਲੋਂ ਵੀ ਜ਼ਿਆਦਾ ਪਿਆਰੇ ਸਨ। ਇਸ ਤੋਂ ਅਸੀਂ ਵੀ ਸਬਕ ਸਿੱਖ ਸਕਦੇ ਹਾਂ ਕਿ ਸਾਨੂੰ ਪਰਮੇਸ਼ੁਰ ਨੂੰ ਜ਼ਿੰਦਗੀ ਵਿਚ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਰਿਸ਼ਤੇ-ਨਾਤਿਆਂ ਨੂੰ।—ਮੱਤੀ 12:46-50; ਲੂਕਾ 8:19-21.
8:32-34. ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਦੂਜਿਆਂ ਦੀਆਂ ਗੱਲਾਂ ਵਿਚ ਆ ਕੇ ਪਰਮੇਸ਼ੁਰ ਦੀ ਸੇਵਾ ਵਿਚ ਲੱਗੇ ਰਹਿਣ ਦੀ ਬਜਾਇ ਆਰਾਮ ਦੀ ਜ਼ਿੰਦਗੀ ਨਾ ਜੀਉਣ ਲੱਗ ਪਈਏ। ਸਾਨੂੰ “ਆਪਣੇ ਆਪ ਦਾ ਇਨਕਾਰ” ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਕਹਿਣ ਦਾ ਭਾਵ ਹੈ ਸਾਨੂੰ ਆਪਣੀਆਂ ਖ਼ਾਹਸ਼ਾਂ ਦੀ ਜਗ੍ਹਾ ਪਰਮੇਸ਼ੁਰ ਦੇ ਕੰਮਾਂ ਨੂੰ ਪਹਿਲ ਦੇਣ ਦੀ ਲੋੜ ਹੈ। ਸਾਨੂੰ ‘ਆਪਣੀ ਸਲੀਬ ਚੁੱਕਣ’ ਯਾਨੀ ਪਰਮੇਸ਼ੁਰ ਦੇ ਨਾਂ ਦੀ ਖ਼ਾਤਰ ਕੋਈ ਵੀ ਦੁੱਖ, ਅਪਮਾਨ ਜਾਂ ਸਤਾਹਟ ਸਹਿਣ, ਇੱਥੋਂ ਤਕ ਕਿ ਆਪਣੀ ਜਾਨ ਦੇਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਸਾਨੂੰ ਆਪਾ ਵਾਰ ਕੇ ਯਿਸੂ ਦੇ ਨਮੂਨੇ ਤੇ ਚੱਲਦੇ ਰਹਿਣ ਦੀ ਲੋੜ ਹੈ।—ਮੱਤੀ 16:21-25; ਲੂਕਾ 9:22, 23.
9:24. ਸਾਨੂੰ ਯਹੋਵਾਹ ਬਾਰੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਹੋਰ ਨਿਹਚਾ ਲਈ ਯਹੋਵਾਹ ਅੱਗੇ ਪ੍ਰਾਰਥਨਾ ਕਰਨ ਤੋਂ ਜ਼ਰਾ ਵੀ ਝਿਜਕਣਾ ਨਹੀਂ ਚਾਹੀਦਾ।—ਲੂਕਾ 17:5.
ਆਖ਼ਰੀ ਮਹੀਨਾ
32 ਈਸਵੀ ਦੇ ਅੰਤ ਵਿਚ ਯਿਸੂ “ਯਹੂਦਿਯਾ ਦੀਆਂ ਹੱਦਾਂ ਵਿੱਚ ਅਤੇ ਯਰਦਨ ਦੇ ਪਾਰ ਪਹੁੰਚਿਆ” ਅਤੇ ਭੀੜਾਂ ਉਸ ਨੂੰ ਸੁਣਨ ਆਈਆਂ। (ਮਰ. 10:1) ਇੱਥੇ ਪ੍ਰਚਾਰ ਕਰਨ ਤੋਂ ਬਾਅਦ ਉਹ ਯਰੂਸ਼ਲਮ ਨੂੰ ਚੱਲਿਆ ਗਿਆ।
33 ਈਸਵੀ ਦੇ ਪਹਿਲੇ ਮਹੀਨੇ ਯਾਨੀ ਨੀਸਾਨ ਦੇ 8ਵੇਂ ਦਿਨ ਯਿਸੂ ਬੈਤਅਨੀਆ ਵਿਚ ਸੀ। ਜਦ ਉਹ ਰੋਟੀ ਖਾਣ ਲਈ ਬੈਠਾ, ਤਾਂ ਇਕ ਤੀਵੀਂ ਆਈ ਤੇ ਉਸ ਨੇ ਮਹਿੰਗਾ ਅਤਰ ਯਿਸੂ ਦੇ ਸਿਰ ਤੇ ਪਾਇਆ। ਯਿਸੂ ਦੇ ਯਰੂਸ਼ਲਮ ਵਿਚ ਆਉਣ ਤੋਂ ਲੈ ਕੇ ਉਸ ਦੇ ਜੀ ਉਠਾਏ ਜਾਣ ਤਕ ਜੋ ਕੁਝ ਵੀ ਹੋਇਆ ਉਹ ਮਰਕੁਸ ਦੀ ਇੰਜੀਲ ਵਿਚ ਸਿਲਸਿਲੇਵਾਰ ਦੱਸਿਆ ਗਿਆ ਹੈ।
ਕੁਝ ਸਵਾਲਾਂ ਦੇ ਜਵਾਬ:
10:17, 18—ਯਿਸੂ ਨੇ ਉਸ ਆਦਮੀ ਨੂੰ ਕਿਉਂ ਵਰਜਿਆ ਸੀ ਜਿਸ ਨੇ ਉਸ ਨੂੰ “ਸਤ ਗੁਰੂ ਜੀ” ਕਿਹਾ ਸੀ? ਯਿਸੂ ਲੋਕਾਂ ਦੀ ਵਾਹ-ਵਾਹ ਖੱਟਣੀ ਨਹੀਂ ਚਾਹੁੰਦਾ ਸੀ। ਉਸ ਨੇ ਸਾਰੀ ਮਹਿਮਾ ਯਹੋਵਾਹ ਨੂੰ ਦਿੱਤੀ ਅਤੇ ਕਿਹਾ ਕਿ ਸੱਤ ਜਾਂ ਭਲਾ ਸਿਰਫ਼ ਯਹੋਵਾਹ ਪਰਮੇਸ਼ੁਰ ਹੈ। ਉਹੀ ਸਾਡਾ ਦਾਤਾ ਹੈ। ਯਿਸੂ ਨੇ ਇਸ ਸੱਚਾਈ ਵੱਲ ਵੀ ਜ਼ੋਰ ਦਿੱਤਾ ਕਿ ਸਿਰਫ਼ ਸਾਡਾ ਸਿਰਜਣਹਾਰ ਹੀ ਭਲਾਈ ਦੇ ਮਿਆਰ ਕਾਇਮ ਕਰ ਸਕਦਾ ਹੈ ਕਿ ਕੀ ਸਹੀ ਤੇ ਕੀ ਗ਼ਲਤ ਹੈ।—ਮੱਤੀ 19:16, 17; ਲੂਕਾ 18:18, 19.
14:25—ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ: “ਮੈਂ ਫੇਰ ਕਦੇ ਅੰਗੂਰ ਦਾ ਰਸ ਨਾ ਪੀਆਂਗਾ ਜਿਸ ਦਿਨ ਤੀਕਰ ਪਰਮੇਸ਼ੁਰ ਦੇ ਰਾਜ ਵਿੱਚ ਉਹ ਨਵਾਂ ਨਾ ਪੀਆਂ”? ਉਹ ਇਹ ਨਹੀਂ ਸੀ ਕਹਿ ਰਿਹਾ ਕਿ ਸਵਰਗ ਵਿਚ ਮੈ ਜਾਂ ਵਾਈਨ ਹੈ। ਬਾਈਬਲ ਵਿਚ ਖ਼ੁਸ਼ੀ ਨੂੰ ਦਰਸਾਉਣ ਲਈ ਕਦੇ-ਕਦੇ ਵਾਈਨ ਦਾ ਜ਼ਿਕਰ ਕੀਤਾ ਜਾਂਦਾ ਹੈ। ਯਿਸੂ ਵੀ ਇਸ ਆਇਤ ਵਿਚ ਖ਼ੁਸ਼ੀ ਦੀ ਗੱਲ ਕਰ ਰਿਹਾ ਸੀ। ਉਹ ਖ਼ੁਸ਼ੀ ਜੋ ਯਿਸੂ ਤੇ ਪਰਮੇਸ਼ੁਰ ਦੇ ਰਾਜ ਵਿਚ ਰਾਜ ਕਰਨ ਵਾਲੇ ਸਾਰੇ ਮਸਹ ਕੀਤੇ ਹੋਏ ਮਨਾਉਣਗੇ ਜਦ ਉਹ ਸਵਰਗ ਵਿਚ ਇਕੱਠੇ ਹੋਣਗੇ।—ਜ਼ਬੂ. 104:15; ਮੱਤੀ 26:29.
14:51, 52—ਉਹ ਨੌਜਵਾਨ ਕੌਣ ਸੀ ਜੋ “ਨੰਗਾ ਭੱਜ ਗਿਆ” ਸੀ? ਇਹ ਨੌਜਵਾਨ ਖ਼ੁਦ ਮਰਕੁਸ ਹੀ ਹੋ ਸਕਦਾ ਹੈ ਕਿਉਂਕਿ ਇਸ ਘਟਨਾ ਦਾ ਜ਼ਿਕਰ ਸਿਰਫ਼ ਉਸ ਦੀ ਇੰਜੀਲ ਵਿਚ ਹੀ ਕੀਤਾ ਗਿਆ ਹੈ।
15:34—ਕੀ ਯਿਸੂ ਵਿਚ ਨਿਹਚਾ ਦੀ ਘਾਟ ਸੀ ਜਦ ਉਸ ਨੇ ਕਿਹਾ: “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੈਂ ਮੈਨੂੰ ਕਿਉਂ ਛੱਡ ਦਿੱਤਾ?” ਨਹੀਂ। ਇਹ ਸ਼ਬਦ ਯਿਸੂ ਨੇ ਕਿਉਂ ਕਹੇ ਸਨ ਇਸ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ। ਪਰ ਉਸ ਦੇ ਸ਼ਬਦਾਂ ਤੋਂ ਲੱਗਦਾ ਹੈ ਕਿ ਉਸ ਨੂੰ ਸ਼ਾਇਦ ਲੱਗਾ ਹੋਣਾ ਕਿ ਯਹੋਵਾਹ ਉਸ ਨੂੰ ਬੇਸਹਾਰਾ ਛੱਡ ਗਿਆ ਸੀ। ਉਸ ਵੇਲੇ ਯਹੋਵਾਹ ਨੇ ਆਪਣੇ ਪੁੱਤਰ ਦੀ ਵਫ਼ਾਦਾਰੀ ਨੂੰ ਹਰ ਪੱਖੋਂ ਪਰਖੇ ਜਾਣ ਦੀ ਇਜਾਜ਼ਤ ਦਿੱਤੀ। ਨਾਲੇ ਇਹ ਵੀ ਹੋ ਸਕਦਾ ਹੈ ਕਿ ਯਿਸੂ ਉਹ ਭਵਿੱਖਬਾਣੀ ਪੂਰੀ ਕਰ ਰਿਹਾ ਸੀ ਜੋ ਜ਼ਬੂਰ 22:1 ਵਿਚ ਉਸ ਬਾਰੇ ਕਹੀ ਗਈ ਸੀ।—ਮੱਤੀ 27:46.
ਸਾਡੇ ਲਈ ਸਬਕ:
10:6-9. ਯਹੋਵਾਹ ਚਾਹੁੰਦਾ ਹੈ ਕਿ ਪਤੀ-ਪਤਨੀ ਇਕ-ਦੂਜੇ ਦਾ ਸਾਥ ਹਮੇਸ਼ਾ ਨਿਭਾਉਣ। ਇਸੇ ਲਈ ਉਨ੍ਹਾਂ ਨੂੰ ਕਾਹਲੀ ਵਿਚ ਤਲਾਕ ਲੈਣ ਦਾ ਫ਼ੈਸਲਾ ਨਹੀਂ ਕਰ ਲੈਣਾ ਚਾਹੀਦਾ। ਸਗੋਂ ਬਾਈਬਲ ਵਿਚ ਦਿੱਤੀ ਸਲਾਹ ਨੂੰ ਲਾਗੂ ਕਰ ਕੇ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 19:4-6.
12:41-44. ਕੰਗਾਲ ਵਿਧਵਾ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਯਹੋਵਾਹ ਦੀ ਸੇਵਾ ਵਿਚ ਅਸੀਂ ਜੋ ਵੀ ਦੇ ਸਕਦੇ ਹਾਂ ਸਾਨੂੰ ਦੇਣਾ ਚਾਹੀਦਾ ਹੈ।
[ਸਫ਼ਾ 29 ਉੱਤੇ ਤਸਵੀਰ]
ਯਿਸੂ ਨੇ ਇਸ ਆਦਮੀ ਨੂੰ ਆਪਣੀ ਹੱਡ-ਬੀਤੀ ਆਪਣੇ ਰਿਸ਼ਤੇਦਾਰਾਂ ਨੂੰ ਜਾ ਕੇ ਦੱਸਣ ਲਈ ਕਿਉਂ ਕਿਹਾ ਸੀ?