ਅਧਿਆਇ 121
ਮਹਾਸਭਾ ਸਾਮ੍ਹਣੇ, ਫਿਰ ਪਿਲਾਤੁਸ ਕੋਲ
ਰਾਤ ਬੀਤਣ ਵਾਲੀ ਹੈ। ਪਤਰਸ ਯਿਸੂ ਦਾ ਤਿੰਨ ਵਾਰੀ ਇਨਕਾਰ ਕਰ ਚੁੱਕਾ ਹੈ, ਅਤੇ ਮਹਾਸਭਾ ਦੇ ਸਦੱਸ ਆਪਣਾ ਬਣਾਵਟੀ ਮੁਕੱਦਮਾ ਮੁਕਾ ਕੇ ਚੱਲੇ ਗਏ ਹਨ। ਪਰੰਤੂ, ਜਿਉਂ ਹੀ ਸ਼ੁੱਕਰਵਾਰ ਦੀ ਸਵੇਰ ਹੁੰਦੀ ਹੈ, ਉਹ ਫਿਰ ਇਕੱਠੇ ਮਿਲਦੇ ਹਨ, ਇਸ ਵਾਰੀ ਆਪਣੀ ਮਹਾਸਭਾ ਦੇ ਭਵਨ ਵਿਚ। ਸੰਭਵ ਹੈ ਕਿ ਉਨ੍ਹਾਂ ਦਾ ਉਦੇਸ਼ ਰਾਤ ਦੇ ਮੁਕੱਦਮੇ ਨੂੰ ਕੁਝ ਕਾਨੂੰਨੀ ਰੂਪ ਦੇਣਾ ਹੈ। ਜਦੋਂ ਯਿਸੂ ਉਨ੍ਹਾਂ ਦੇ ਸਾਮ੍ਹਣੇ ਲਿਆਇਆ ਜਾਂਦਾ ਹੈ, ਤਾਂ ਉਹ ਉਹੋ ਹੀ ਕਹਿੰਦੇ ਹਨ, ਜੋ ਉਨ੍ਹਾਂ ਨੇ ਰਾਤ ਦੇ ਦੌਰਾਨ ਕਿਹਾ ਸੀ: “ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ।”
“ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਪਰਤੀਤ ਕਦੇ ਨਾ ਕਰੋਗੇ,” ਯਿਸੂ ਜਵਾਬ ਦਿੰਦਾ ਹੈ। “ਅਰ ਜੇ ਮੈਂ ਕੁਝ ਪੁੱਛਾਂ ਤਾਂ ਤੁਸੀਂ ਉੱਤਰ ਕਦੇ ਨਾ ਦੇਓਗੇ।” ਫਿਰ ਵੀ, ਯਿਸੂ ਹੌਸਲੇ ਨਾਲ ਆਪਣੀ ਪਛਾਣ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ: “ਏਦੋਂ ਅੱਗੇ ਮਨੁੱਖ ਦਾ ਪੁੱਤ੍ਰ ਪਰਮੇਸ਼ੁਰ ਦੀ ਕੁਦਰਤ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ।”
“ਭਲਾ, ਫੇਰ ਤੂੰ ਪਰਮੇਸ਼ੁਰ ਦਾ ਪੁੱਤ੍ਰ ਹੈਂ?” ਉਹ ਸਾਰੇ ਜਾਣਨਾ ਚਾਹੁੰਦੇ ਹਨ।
ਯਿਸੂ ਜਵਾਬ ਦਿੰਦਾ ਹੈ: “ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮੈਂ ਹਾਂ।”—ਨਿ ਵ.
ਇਨ੍ਹਾਂ ਮਨੁੱਖਾਂ ਲਈ, ਜੋ ਕਤਲ ਕਰਨ ਤੇ ਤੁਲੇ ਹੋਏ ਹਨ, ਇਹ ਜਵਾਬ ਕਾਫ਼ੀ ਹੈ। ਉਹ ਇਸ ਨੂੰ ਕੁਫ਼ਰ ਸਮਝਦੇ ਹਨ। “ਹੁਣ ਸਾਨੂੰ ਉਗਾਹੀ ਦੀ ਹੋਰ ਕੀ ਲੋੜ ਹੈ?” ਉਹ ਪੁੱਛਦੇ ਹਨ। “ਕਿਉਂ ਜੋ ਅਸਾਂ ਆਪ ਉਹ ਦੇ ਮੂੰਹੋਂ ਸੁਣਿਆ ਹੈ।” ਇਸ ਲਈ ਉਹ ਯਿਸੂ ਨੂੰ ਬੰਨ੍ਹ ਕੇ ਲੈ ਜਾਂਦੇ ਹਨ, ਅਤੇ ਉਸ ਨੂੰ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਸੌਂਪ ਦਿੰਦੇ ਹਨ।
ਯਹੂਦਾ, ਯਿਸੂ ਨੂੰ ਫੜਵਾਉਣ ਵਾਲਾ, ਇਹ ਕਾਰਵਾਈ ਦੇਖ ਰਿਹਾ ਹੈ। ਜਦੋਂ ਉਹ ਦੇਖਦਾ ਹੈ ਕਿ ਯਿਸੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਤਾਂ ਉਹ ਪਛਤਾਵਾ ਮਹਿਸੂਸ ਕਰਦਾ ਹੈ। ਇਸ ਲਈ ਉਹ ਚਾਂਦੀ ਦੇ 30 ਸਿੱਕੇ ਮੋੜਨ ਲਈ ਮੁੱਖ ਜਾਜਕਾਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਹਿੰਦਾ ਹੈ: “ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾ ਦਿੱਤਾ।”
“ਸਾਨੂੰ ਕੀ? ਤੂੰ ਹੀ ਜਾਣ!” ਉਹ ਕਠੋਰਤਾ ਨਾਲ ਜਵਾਬ ਦਿੰਦੇ ਹਨ। ਇਸ ਲਈ ਯਹੂਦਾ ਹੈਕਲ ਵਿਚ ਚਾਂਦੀ ਦੇ ਸਿੱਕਿਆਂ ਨੂੰ ਸੁੱਟ ਕੇ ਚਲਾ ਜਾਂਦਾ ਹੈ ਅਤੇ ਫਾਂਸੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਪਰੰਤੂ ਜਿਹੜੀ ਟਾਹਣੀ ਉੱਤੇ ਯਹੂਦਾ ਰੱਸਾ ਬੰਨ੍ਹਦਾ ਹੈ ਉਹ ਸਪੱਸ਼ਟ ਤੌਰ ਤੇ ਟੁੱਟ ਜਾਂਦੀ ਹੈ, ਅਤੇ ਉਸ ਦਾ ਸਰੀਰ ਹੇਠਾਂ ਚਟਾਨਾਂ ਉੱਤੇ ਜਾ ਡਿੱਗਦਾ ਹੈ, ਜਿੱਥੇ ਇਹ ਫੱਟ ਜਾਂਦਾ ਹੈ।
ਮੁੱਖ ਜਾਜਕ ਨਿਸ਼ਚਿਤ ਨਹੀਂ ਹਨ ਕਿ ਚਾਂਦੀ ਦੇ ਸਿੱਕਿਆਂ ਦਾ ਕੀ ਕੀਤਾ ਜਾਵੇ। “ਇਨ੍ਹਾਂ ਨੂੰ ਖ਼ਜ਼ਾਨੇ ਵਿੱਚ ਪਾਉਣਾ ਜੋਗ ਨਹੀਂ,” ਉਹ ਸਿੱਟਾ ਕੱਢਦੇ ਹਨ, “ਕਿਉਂਕਿ ਲਹੂ ਦਾ ਮੁੱਲ ਹੈ।” ਇਸ ਲਈ, ਇਕੱਠੇ ਸਲਾਹ ਕਰਨ ਤੋਂ ਬਾਅਦ ਉਹ ਪੈਸਿਆਂ ਨਾਲ ਪਰਦੇਸੀਆਂ ਨੂੰ ਦਫ਼ਨਾਉਣ ਲਈ ਘੁਮਿਆਰ ਦਾ ਖੇਤ ਖ਼ਰੀਦ ਲੈਂਦੇ ਹਨ। ਇਸ ਤਰ੍ਹਾਂ ਉਹ ਖੇਤ ਬਾਅਦ ਵਿਚ “ਲਹੂ ਦਾ ਖੇਤ” ਅਖਵਾਇਆ ਜਾਂਦਾ ਹੈ।
ਅਜੇ ਤੜਕੇ ਹੀ ਹੈ ਜਦੋਂ ਯਿਸੂ ਨੂੰ ਹਾਕਮ ਦੇ ਮਹਿਲ ਲਿਆਇਆ ਜਾਂਦਾ ਹੈ। ਪਰੰਤੂ ਜਿਹੜੇ ਯਹੂਦੀ ਉਸ ਦੇ ਨਾਲ ਸਨ, ਅੰਦਰ ਦਾਖ਼ਲ ਹੋਣ ਤੋਂ ਇਨਕਾਰ ਕਰ ਦਿੰਦੇ ਹਨ ਕਿਉਂਕਿ ਉਹ ਵਿਸ਼ਵਾਸ ਕਰਦੇ ਹਨ ਕਿ ਗ਼ੈਰ-ਯਹੂਦੀਆਂ ਨਾਲ ਅਜਿਹੀ ਨੇੜਤਾ ਉਨ੍ਹਾਂ ਨੂੰ ਅਸ਼ੁੱਧ ਕਰ ਦੇਵੇਗੀ। ਇਸ ਲਈ ਉਨ੍ਹਾਂ ਦਾ ਲਿਹਾਜ਼ ਕਰਨ ਲਈ, ਪਿਲਾਤੁਸ ਬਾਹਰ ਆਉਂਦਾ ਹੈ। “ਤੁਸੀਂ ਐਸ ਮਨੁੱਖ ਦੇ ਜੁੰਮੇ ਕੀ ਦੋਸ਼ ਲਾਉਂਦੇ ਹੋ?” ਉਹ ਪੁੱਛਦਾ ਹੈ।
“ਜੇ ਇਹ ਬੁਰਿਆਰ ਨਾ ਹੁੰਦਾ ਤਾਂ ਅਸੀਂ ਉਹ ਨੂੰ ਤੁਹਾਡੇ ਹਵਾਲੇ ਨਾ ਕਰਦੇ,” ਉਹ ਜਵਾਬ ਦਿੰਦੇ ਹਨ।
ਇਸ ਉਲਝਣ ਵਿਚ ਨਾ ਪੈਣ ਦੀ ਇੱਛਾ ਕਰਦੇ ਹੋਏ, ਪਿਲਾਤੁਸ ਜਵਾਬ ਦਿੰਦਾ ਹੈ: “ਤੁਸੀਂ ਆਪੇ ਇਹ ਨੂੰ ਲੈ ਜਾਓ ਅਤੇ ਆਪਣੀ ਸ਼ਰਾ ਅਨੁਸਾਰ ਉਹ ਦਾ ਨਿਬੇੜਾ ਕਰੋ।”
ਆਪਣੇ ਕਾਤਲਾਨਾ ਇਰਾਦਿਆਂ ਨੂੰ ਜ਼ਾਹਰ ਕਰਦੇ ਹੋਏ ਯਹੂਦੀ ਦਾਅਵਾ ਕਰਦੇ ਹਨ: “ਕਿਸੇ ਨੂੰ ਕਤਲ ਕਰਨਾ ਸਾਡੇ ਵੱਸ ਨਹੀਂ।” ਦਰਅਸਲ, ਜੇਕਰ ਉਹ ਯਿਸੂ ਨੂੰ ਪਸਾਹ ਦੇ ਤਿਉਹਾਰ ਦੇ ਦੌਰਾਨ ਮਾਰਦੇ, ਤਾਂ ਸੰਭਵ ਹੈ ਕਿ ਇਹ ਇਕ ਜਨਤਕ ਹੰਗਾਮੇ ਦਾ ਕਾਰਨ ਬਣ ਜਾਂਦਾ, ਕਿਉਂ ਜੋ ਬਹੁਤੇਰੇ ਲੋਕ ਯਿਸੂ ਦਾ ਅਤਿ ਆਦਰ ਕਰਦੇ ਹਨ। ਪਰੰਤੂ ਜੇਕਰ ਉਹ ਕਿਸੇ ਰਾਜਨੀਤਿਕ ਦੋਸ਼ ਨਾਲ ਉਸ ਨੂੰ ਰੋਮੀਆਂ ਦੇ ਹੱਥੀਂ ਮਰਵਾ ਸਕਦੇ ਹਨ, ਤਾਂ ਇਹ ਉਨ੍ਹਾਂ ਨੂੰ ਲੋਕਾਂ ਦੇ ਸਾਮ੍ਹਣੇ ਜ਼ਿੰਮੇਵਾਰੀ ਤੋਂ ਦੋਸ਼-ਮੁਕਤ ਕਰ ਦੇਵੇਗਾ।
ਇਸ ਲਈ ਧਾਰਮਿਕ ਆਗੂ, ਆਪਣੇ ਪਹਿਲੇ ਮੁਕੱਦਮੇ ਦਾ ਜ਼ਿਕਰ ਨਾ ਕਰਦੇ ਹੋਏ, ਜਿਸ ਵਿਚ ਉਨ੍ਹਾਂ ਨੇ ਯਿਸੂ ਨੂੰ ਕੁਫ਼ਰ ਲਈ ਦੋਸ਼ੀ ਠਹਿਰਾਇਆ ਸੀ, ਹੁਣ ਵੱਖਰੇ ਇਲਜ਼ਾਮ ਘੜਦੇ ਹਨ। ਉਹ ਤਿੰਨ-ਹਿੱਸਿਆਂ ਦਾ ਇਲਜ਼ਾਮ ਲਾਉਂਦੇ ਹਨ: “ਅਸਾਂ ਇਹ ਨੂੰ [1] ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ [2] ਕੈਸਰ ਨੂੰ ਮਾਮਲਾ ਦੇਣ ਤੋਂ ਮਨੇ ਕਰਦਿਆਂ ਅਤੇ [3] ਆਪਣੇ ਆਪ ਨੂੰ ਮਸੀਹ ਪਾਤਸ਼ਾਹ ਕਹਿੰਦਿਆਂ ਡਿੱਠਾ।”
ਇਹ ਇਲਜ਼ਾਮ ਕਿ ਯਿਸੂ ਇਕ ਰਾਜਾ ਹੋਣ ਦਾ ਦਾਅਵਾ ਕਰਦਾ ਹੈ, ਪਿਲਾਤੁਸ ਨੂੰ ਚਿੰਤਿਤ ਕਰਦਾ ਹੈ। ਇਸ ਕਰਕੇ ਉਹ ਫਿਰ ਤੋਂ ਮਹਿਲ ਦੇ ਅੰਦਰ ਦਾਖ਼ਲ ਹੁੰਦਾ ਹੈ, ਅਤੇ ਯਿਸੂ ਨੂੰ ਆਪਣੇ ਕੋਲ ਸੱਦ ਕੇ ਪੁੱਛਦਾ ਹੈ: “ਭਲਾ, ਯਹੂਦੀਆਂ ਦਾ ਪਾਤਸ਼ਾਹ ਤੂੰ ਹੈਂ?” ਦੂਜਿਆਂ ਸ਼ਬਦਾਂ ਵਿਚ, ਕੀ ਤੂੰ ਕੈਸਰ ਦੇ ਵਿਰੋਧ ਵਿਚ ਆਪਣੇ ਆਪ ਨੂੰ ਇਕ ਰਾਜਾ ਐਲਾਨ ਕਰ ਕੇ ਨਿਯਮ ਤੋੜਿਆ ਹੈ?
ਯਿਸੂ ਜਾਣਨਾ ਚਾਹੁੰਦਾ ਹੈ ਕਿ ਪਿਲਾਤੁਸ ਨੇ ਪਹਿਲਾਂ ਹੀ ਉਸ ਬਾਰੇ ਕਿੰਨਾ ਕੁਝ ਸੁਣਿਆ ਹੈ, ਇਸ ਲਈ ਉਹ ਪੁੱਛਦਾ ਹੈ: “ਕੀ ਤੂੰ ਇਹ ਗੱਲ ਆਪੇ ਆਖਦਾ ਹੈਂ ਯਾ ਹੋਰਨਾਂ ਮੇਰੇ ਵਿਖੇ ਤੈਨੂੰ ਦੱਸੀ ਹੈ?”
ਪਿਲਾਤੁਸ ਉਸ ਬਾਰੇ ਅਗਿਆਨ ਹੋਣ ਦਾ ਅਤੇ ਅਸਲੀਅਤਾਂ ਨੂੰ ਜਾਣਨ ਦੀ ਇੱਛਾ ਦਾ ਦਾਅਵਾ ਕਰਦਾ ਹੈ: “ਭਲਾ, ਮੈਂ ਯਹੂਦੀ ਹਾਂ?” ਉਹ ਜਵਾਬ ਦਿੰਦਾ ਹੈ। “ਤੇਰੀ ਹੀ ਕੌਮ ਅਤੇ ਪਰਧਾਨ ਜਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ। ਤੈਂ ਕੀ ਕੀਤਾ?”
ਯਿਸੂ ਉਸ ਵਿਸ਼ੇ ਨੂੰ ਟਾਲਣ ਦੀ ਕੋਸ਼ਿਸ਼ ਨਹੀਂ ਕਰਦਾ ਹੈ, ਜਿਹੜਾ ਕਿ ਰਾਜਤਵ ਬਾਰੇ ਹੈ। ਨਿਰਸੰਦੇਹ ਜਿਹੜਾ ਜਵਾਬ ਯਿਸੂ ਹੁਣ ਦਿੰਦਾ ਹੈ, ਉਹ ਪਿਲਾਤੁਸ ਨੂੰ ਹੈਰਾਨ ਕਰਦਾ ਹੈ। ਲੂਕਾ 22:66–23:3; ਮੱਤੀ 27:1-11; ਮਰਕੁਸ 15:1; ਯੂਹੰਨਾ 18:28-35; ਰਸੂਲਾਂ ਦੇ ਕਰਤੱਬ 1:16-20.
▪ ਮਹਾਸਭਾ ਸਵੇਰ ਨੂੰ ਕਿਸ ਉਦੇਸ਼ ਲਈ ਫਿਰ ਤੋਂ ਇਕੱਠੀ ਮਿਲਦੀ ਹੈ?
▪ ਯਹੂਦਾ ਕਿਸ ਤਰ੍ਹਾਂ ਮਰਦਾ ਹੈ, ਅਤੇ ਚਾਂਦੀ ਦੇ 30 ਸਿੱਕਿਆਂ ਦਾ ਕੀ ਕੀਤਾ ਜਾਂਦਾ ਹੈ?
▪ ਉਸ ਨੂੰ ਆਪ ਮਾਰਨ ਦੀ ਬਜਾਇ, ਯਹੂਦੀ ਕਿਉਂ ਚਾਹੁੰਦੇ ਹਨ ਕਿ ਰੋਮੀ ਲੋਕ ਯਿਸੂ ਨੂੰ ਮਾਰਨ?
▪ ਯਹੂਦੀ ਲੋਕ ਯਿਸੂ ਦੇ ਵਿਰੁੱਧ ਕਿਹੜੇ ਇਲਜ਼ਾਮ ਲਗਾਉਂਦੇ ਹਨ?