ਅਧਿਆਇ 33
ਯਸਾਯਾਹ ਦੀ ਭਵਿੱਖਬਾਣੀ ਦੀ ਪੂਰਤੀ ਕਰਨਾ
ਜਦੋਂ ਯਿਸੂ ਨੂੰ ਪਤਾ ਲੱਗਦਾ ਹੈ ਕਿ ਫ਼ਰੀਸੀ ਅਤੇ ਹੇਰੋਦੇਸ ਦੇ ਪੈਰੋਕਾਰ ਉਸ ਨੂੰ ਮਾਰਨ ਦੀ ਯੋਜਨਾ ਰੱਖਦੇ ਹਨ, ਤਾਂ ਉਹ ਅਤੇ ਉਸ ਦੇ ਚੇਲੇ ਉੱਥੋਂ ਨਿਕਲ ਕੇ ਗਲੀਲ ਦੀ ਝੀਲ ਵੱਲ ਚਲੇ ਜਾਂਦੇ ਹਨ। ਇੱਥੇ ਫਲਸਤੀਨ ਦੇ ਹਰ ਹਿੱਸਿਆਂ ਤੋਂ ਅਤੇ ਇੱਥੋਂ ਤਕ ਕਿ ਇਸ ਦੀਆਂ ਸੀਮਾਵਾਂ ਤੋਂ ਬਾਹਰ ਦੀਆਂ ਥਾਵਾਂ ਤੋਂ ਆਈਆਂ ਵੱਡੀਆਂ ਭੀੜਾਂ ਉਸ ਕੋਲ ਆਉਂਦੀਆਂ ਹਨ। ਉਹ ਬਹੁਤਿਆਂ ਨੂੰ ਚੰਗਾ ਕਰਦਾ ਹੈ, ਨਤੀਜੇ ਵਜੋਂ ਸਾਰੇ ਜਿਹੜੇ ਗੰਭੀਰ ਬੀਮਾਰੀਆਂ ਤੋਂ ਪ੍ਰਭਾਵਿਤ ਹਨ ਉਸ ਨੂੰ ਛੋਹਣ ਲਈ ਅੱਗੇ ਵਧਦੇ ਹਨ।
ਕਿਉਂਕਿ ਭੀੜ ਇੰਨੀ ਜ਼ਿਆਦਾ ਹੈ, ਯਿਸੂ ਆਪਣੇ ਚੇਲਿਆਂ ਨੂੰ ਕਹਿੰਦਾ ਹੈ ਕਿ ਉਹ ਉਸ ਦੇ ਇਸਤੇਮਾਲ ਲਈ ਇਕ ਬੇੜੀ ਹਰ ਸਮੇਂ ਤਿਆਰ ਰੱਖਣ। ਕੰਢੇ ਤੋਂ ਠਿਲ੍ਹਣ ਨਾਲ, ਉਹ ਭੀੜ ਨੂੰ ਆਪਣੇ ਵੱਲ ਵਧਣ ਤੋਂ ਰੋਕ ਸਕਦਾ ਹੈ। ਉਹ ਉਨ੍ਹਾਂ ਨੂੰ ਬੇੜੀ ਤੋਂ ਸਿੱਖਿਆ ਦੇ ਸਕਦਾ ਹੈ ਜਾਂ ਕੰਢੇ ਦੇ ਨਾਲ-ਨਾਲ ਸਫਰ ਕਰਦੇ ਹੋਏ ਦੂਜੇ ਇਲਾਕੇ ਵਿਚ ਜਾ ਕੇ ਲੋਕਾਂ ਦੀ ਮਦਦ ਕਰ ਸਕਦਾ ਹੈ।
ਚੇਲਾ ਮੱਤੀ ਧਿਆਨ ਦਿੰਦਾ ਹੈ ਕਿ ਯਿਸੂ ਦਾ ਕੰਮ “ਉਹ ਵਾਕ ਜਿਹੜਾ ਯਸਾਯਾਹ ਨਬੀ ਨੇ ਆਖਿਆ ਸੀ” ਨੂੰ ਪੂਰਾ ਕਰਦਾ ਹੈ। ਫਿਰ ਮੱਤੀ ਉਸ ਭਵਿੱਖਬਾਣੀ ਦਾ ਹਵਾਲਾ ਦਿੰਦਾ ਹੈ ਜਿਸ ਨੂੰ ਯਿਸੂ ਪੂਰਾ ਕਰਦਾ ਹੈ:
“ਵੇਖੋ ਮੇਰਾ ਸੇਵਕ ਜਿਹ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਜੀ ਪਰਸਿੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਰੱਖਾਂਗਾ, ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ। ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ, ਨਾ ਚੌਂਕਾਂ ਵਿੱਚ ਕੋਈ ਉਹ ਦੀ ਅਵਾਜ਼ ਸੁਣੇਗਾ। ਉਹ ਲਿਤਾੜੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਧੁਖਦੀ ਹੋਈ ਸਣ ਨੂੰ ਬੁਝਾਵੇਗਾ, ਜਦ ਤੀਕ ਨਿਆਉਂ ਦੀ ਫਤਹ ਨਾ ਕਰਾ ਦੇਵੇ, ਅਤੇ ਉਹ ਦੇ ਨਾਮ ਉੱਤੇ ਪਰਾਈਆਂ ਕੌਮਾਂ ਆਸ ਰੱਖਣਗੀਆਂ।”
ਨਿਰਸੰਦੇਹ, ਯਿਸੂ ਹੀ ਉਹ ਪਿਆਰਾ ਸੇਵਕ ਹੈ ਜਿਸ ਤੋਂ ਪਰਮੇਸ਼ੁਰ ਪ੍ਰਸੰਨ ਹੈ। ਅਤੇ ਯਿਸੂ ਸਪੱਸ਼ਟ ਕਰਦਾ ਹੈ ਕਿ ਸੱਚਾ ਨਿਆਉਂ ਕੀ ਹੈ, ਜਿਹੜਾ ਝੂਠੀਆਂ ਧਾਰਮਿਕ ਰੀਤਾਂ ਦੁਆਰਾ ਅਸਪੱਸ਼ਟ ਕੀਤਾ ਜਾ ਰਿਹਾ ਹੈ। ਪਰਮੇਸ਼ੁਰ ਦੀ ਬਿਵਸਥਾ ਨੂੰ ਅਨੁਚਿਤ ਤਰੀਕੇ ਤੋਂ ਲਾਗੂ ਕਰਨ ਦੇ ਕਾਰਨ, ਫ਼ਰੀਸੀ ਸਬਤ ਦੇ ਦਿਨ ਇਕ ਬੀਮਾਰ ਆਦਮੀ ਦੀ ਮਦਦ ਨੂੰ ਵੀ ਨਹੀਂ ਆਉਣਗੇ! ਪਰਮੇਸ਼ੁਰ ਦੇ ਨਿਆਉਂ ਨੂੰ ਸਪੱਸ਼ਟ ਕਰਦੇ ਹੋਏ, ਯਿਸੂ ਅਨੁਚਿਤ ਰੀਤਾਂ ਦੇ ਭਾਰ ਤੋਂ ਲੋਕਾਂ ਨੂੰ ਰਾਹਤ ਦਿੰਦਾ ਹੈ, ਅਤੇ ਇਸ ਲਈ, ਧਾਰਮਿਕ ਆਗੂ ਉਸ ਨੂੰ ਮਾਰਨ ਦੀ ਕੋਸ਼ਿਸ ਕਰਦੇ ਹਨ।
ਇਸ ਦਾ ਕੀ ਮਤਲਬ ਹੈ ਕਿ ‘ਉਹ ਨਾ ਝਗੜਾ ਕਰੇਗਾ, ਨਾ ਆਪਣੀ ਆਵਾਜ਼ ਚੁੱਕੇਗਾ ਤਾਂਕਿ ਚੌਂਕਾਂ ਵਿੱਚ ਸੁਣਿਆ ਜਾਵੇ’? ਲੋਕਾਂ ਨੂੰ ਚੰਗੇ ਕਰਦੇ ਸਮੇਂ, ਯਿਸੂ ‘ਉਨ੍ਹਾਂ ਨੂੰ ਤਗੀਦ ਕਰਦਾ ਹੈ ਕਿ ਉਹ ਉਸ ਨੂੰ ਉਜਾਗਰ ਨਾ ਕਰਨ।’ ਉਹ ਨਹੀਂ ਚਾਹੁੰਦਾ ਕਿ ਸੜਕਾਂ ਵਿਚ ਉਸ ਬਾਰੇ ਜ਼ੋਰ-ਸ਼ੋਰ ਨਾਲ ਮਸ਼ਹੂਰੀ ਹੋਵੇ ਜਾਂ ਤੋੜੀਆਂ-ਮਰੋੜੀਆਂ ਖ਼ਬਰਾਂ ਉਤਸ਼ਾਹ ਨਾਲ ਮੂੰਹੋਂ-ਮੂੰਹੀਂ ਸੁਣਾਈਆਂ ਜਾਣ।
ਨਾਲੇ, ਯਿਸੂ ਉਨ੍ਹਾਂ ਲੋਕਾਂ ਲਈ ਦਿਲਾਸੇ ਵਾਲਾ ਆਪਣਾ ਸੰਦੇਸ਼ ਲਿਆਉਂਦਾ ਹੈ ਜੋ ਲਾਖਣਿਕ ਤੌਰ ਤੇ ਝੁਕੇ ਹੋਏ ਅਤੇ ਪੈਰਾਂ ਹੇਠ ਮਿਧੇ ਗਏ, ਲਿਤਾੜੇ ਹੋਏ ਕਾਨੇ ਵਾਂਗ ਹਨ। ਉਹ ਇਕ ਧੁਖਦੀ ਹੋਈ ਸਣ ਵਰਗੇ ਹਨ, ਜਿਸ ਦੇ ਜੀਵਨ ਦੀ ਆਖ਼ਰੀ ਚੰਗਿਆੜੀ ਲਗਭਗ ਬੁੱਝ ਗਈ ਹੈ। ਯਿਸੂ ਲਿਤਾੜੇ ਹੋਏ ਕਾਨੇ ਨੂੰ ਤੋੜਦਾ ਨਹੀਂ ਹੈ ਅਤੇ ਨਾ ਹੀ ਟਿਮਕਾਉਂਦੇ, ਧੂੰਆਂ ਛੱਡਦੇ ਹੋਏ ਸਣ ਨੂੰ ਬੁਝਾਉਂਦਾ ਹੈ। ਪਰੰਤੂ ਕੋਮਲਤਾ ਅਤੇ ਪਿਆਰ ਨਾਲ, ਉਹ ਦੀਨ ਵਿਅਕਤੀਆਂ ਨੂੰ ਕੁਸ਼ਲਤਾ ਸਹਿਤ ਉੱਪਰ ਚੁੱਕਦਾ ਹੈ। ਸੱਚ-ਮੁੱਚ, ਯਿਸੂ ਹੀ ਉਹੋ ਹੈ ਜਿਸ ਵਿਚ ਕੌਮਾਂ ਆਸ ਰੱਖ ਸਕਦੀਆਂ ਹਨ! ਮੱਤੀ 12:15-21; ਮਰਕੁਸ 3:7-12; ਯਸਾਯਾਹ 42:1-4.
▪ ਯਿਸੂ ਬਿਨਾਂ ਝਗੜਾ ਕੀਤੇ ਜਾਂ ਚੌਂਕਾਂ ਵਿਚ ਆਪਣੀ ਆਵਾਜ਼ ਚੁੱਕੇ ਕਿਸ ਤਰ੍ਹਾਂ ਨਿਆਉਂ ਨੂੰ ਸਪੱਸ਼ਟ ਕਰਦਾ ਹੈ?
▪ ਇਕ ਲਿਤਾੜੇ ਹੋਏ ਕਾਨੇ ਅਤੇ ਇਕ ਸਣ ਵਾਂਗ ਕੌਣ ਹਨ, ਅਤੇ ਯਿਸੂ ਉਨ੍ਹਾਂ ਨਾਲ ਕਿਸ ਤਰ੍ਹਾਂ ਵਰਤਾਉ ਕਰਦਾ ਹੈ?