ਸਾਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਕਿਉਂ ਚੱਲਣਾ ਚਾਹੀਦਾ ਹੈ?
“ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ [“ਪਵਿੱਤਰ ਸ਼ਕਤੀ,” NW] ਨੇਕ ਹੈ, ਉਹ . . . ਮੇਰੀ ਅਗਵਾਈ ਕਰੇ।”—ਜ਼ਬੂ. 143:10.
1. ਕਿਸੇ ਅਣਜਾਣ ਜਗ੍ਹਾ ਜਾਣ ਲਈ ਤੁਹਾਨੂੰ ਕਿਸ ਚੀਜ਼ ਦੀ ਲੋੜ ਪਵੇਗੀ?
ਮੰਨ ਲਓ ਕਿ ਤੁਸੀਂ ਕਿਸੇ ਅਣਜਾਣ ਜਗ੍ਹਾ ਜਾ ਰਹੇ ਹੋ ਤੇ ਤੁਹਾਨੂੰ ਰਾਹ ਦਾ ਨਹੀਂ ਪਤਾ। ਤੁਸੀਂ ਆਪਣੇ ਨਾਲ ਕਿਸੇ ਨੂੰ ਲੈ ਜਾਂਦੇ ਹੋ ਜਿਸ ਨੂੰ ਰਾਹ ਪਤਾ ਹੈ। ਜੇ ਤੁਸੀਂ ਉਸ ਦੇ ਦਿਖਾਏ ਰਾਹ ʼਤੇ ਚੱਲੋਗੇ, ਤਾਂ ਤੁਸੀਂ ਆਪਣੀ ਮੰਜ਼ਲ ʼਤੇ ਸਹੀ-ਸਲਾਮਤ ਪਹੁੰਚ ਜਾਓਗੇ।
2, 3. (ੳ) ਅਰਬਾਂ ਸਾਲ ਪਹਿਲਾਂ ਯਹੋਵਾਹ ਨੇ ਕਿਹੜੀ ਸ਼ਕਤੀ ਵਰਤੀ ਸੀ? (ਅ) ਅਸੀਂ ਕਿਉਂ ਉਮੀਦ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਅੱਜ ਸਾਡੀ ਜ਼ਿੰਦਗੀ ਨੂੰ ਅਗਵਾਈ ਦੇਵੇਗੀ?
2 ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਵੀ ਸਾਨੂੰ ਅਗਵਾਈ ਦੀ ਲੋੜ ਪੈਂਦੀ ਹੈ। ਬਾਈਬਲ ਦੀਆਂ ਪਹਿਲੀਆਂ ਦੋ ਆਇਤਾਂ ਵਿਚ ਇਕ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਜੋ ਸਾਨੂੰ ਅਗਵਾਈ ਦੇ ਸਕਦੀ ਹੈ। ਅਰਬਾਂ ਸਾਲ ਪਹਿਲਾਂ ਯਹੋਵਾਹ ਨੇ ਜੋ ਕੀਤਾ ਸੀ ਉਸ ਬਾਰੇ ਉਤਪਤ ਦੀ ਕਿਤਾਬ ਵਿਚ ਲਿਖਿਆ ਹੈ: “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।” ਆਕਾਸ਼ ਤੇ ਧਰਤੀ ਨੂੰ ਬਣਾਉਣ ਲਈ ਪਰਮੇਸ਼ੁਰ ਨੇ ਆਪਣੀ ਪਵਿੱਤਰ ਸ਼ਕਤੀ ਵਰਤੀ ਸੀ ਜਿਵੇਂ ਕਿ ਅੱਗੇ ਲਿਖਿਆ ਹੈ: “ਪਰਮੇਸ਼ੁਰ ਦਾ ਆਤਮਾ ਪਾਣੀਆਂ ਦੇ ਉੱਤੇ ਸੇਉਂਦਾ ਸੀ।” (ਉਤ. 1:1, 2) ਇਸ ਸ਼ਕਤੀ ਨਾਲ ਯਹੋਵਾਹ ਨੇ ਸਭ ਕੁਝ ਰਚਿਆ ਤੇ ਇਸੇ ਕਰਕੇ ਅਸੀਂ ਵੀ ਅੱਜ ਹੋਂਦ ਵਿਚ ਹਾਂ।
3 ਪਰਮੇਸ਼ੁਰ ਨੇ ਇਸ ਸ਼ਕਤੀ ਰਾਹੀਂ ਸਾਨੂੰ ਸਿਰਫ਼ ਬਣਾਇਆ ਹੀ ਨਹੀਂ, ਸਗੋਂ ਉਹ ਸਾਡੀ ਜ਼ਿੰਦਗੀ ਨੂੰ ਅਗਵਾਈ ਦੇਣ ਲਈ ਇਸ ਸ਼ਕਤੀ ਨੂੰ ਵਰਤਦਾ ਹੈ। ਪਰਮੇਸ਼ੁਰ ਦੇ ਪੁੱਤਰ ਯਿਸੂ ਨੇ ਆਪਣੇ ਚੇਲਿਆਂ ਨੂੰ ਇਸ ਬਾਰੇ ਦੱਸਿਆ ਸੀ: ‘ਪਵਿੱਤਰ ਸ਼ਕਤੀ ਤੁਹਾਡੀ ਅਗਵਾਈ ਕਰੇਗੀ ਅਤੇ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਤੁਹਾਡੀ ਮਦਦ ਕਰੇਗੀ।’ (ਯੂਹੰ. 16:13) ਪਵਿੱਤਰ ਸ਼ਕਤੀ ਬਾਰੇ ਸਹੀ ਸਮਝ ਕੀ ਹੈ ਤੇ ਸਾਨੂੰ ਇਸ ਅਨੁਸਾਰ ਕਿਉਂ ਚੱਲਣਾ ਚਾਹੀਦਾ ਹੈ?
ਪਵਿੱਤਰ ਸ਼ਕਤੀ ਕੀ ਹੈ?
4, 5. (ੳ) ਕਈ ਲੋਕ ਕਿਹੜੀ ਗ਼ਲਤ ਸਿੱਖਿਆ ਵਿਚ ਵਿਸ਼ਵਾਸ ਕਰਦੇ ਹਨ? (ਅ) ਤੁਸੀਂ ਕਿੱਦਾਂ ਸਮਝਾ ਸਕਦੇ ਹੋ ਕਿ ਪਵਿੱਤਰ ਸ਼ਕਤੀ ਕੀ ਹੈ?
4 ਤੁਸੀਂ ਸ਼ਾਇਦ ਕਦੀ-ਕਦਾਈਂ ਪ੍ਰਚਾਰ ਵਿਚ ਅਜਿਹੇ ਲੋਕਾਂ ਨੂੰ ਮਿਲਦੇ ਹੋਵੋ ਜੋ “ਪਵਿੱਤਰ ਆਤਮਾ” ਵਿਚ ਵਿਸ਼ਵਾਸ ਕਰਦੇ ਹਨ। ਤ੍ਰਿਏਕ ਦੀ ਸਿੱਖਿਆ ਨੂੰ ਮੰਨਣ ਵਾਲੇ ਇਹ ਵਿਸ਼ਵਾਸ ਕਰਦੇ ਹਨ ਕਿ ਇਹ ਇਕ ਸ਼ਖ਼ਸ ਹੈ ਜੋ ਪਰਮੇਸ਼ੁਰ ਦੇ ਬਰਾਬਰ ਹੈ। (1 ਕੁਰਿੰ. 8:6) ਬਾਈਬਲ ਦੀ ਮਦਦ ਨਾਲ ਦਿਖਾਇਆ ਜਾ ਸਕਦਾ ਹੈ ਕਿ ਇਹ ਗੱਲ ਸਹੀ ਨਹੀਂ ਹੈ।
5 ਤਾਂ ਫਿਰ ਪਵਿੱਤਰ ਸ਼ਕਤੀ ਬਾਰੇ ਸਹੀ ਸਮਝ ਕੀ ਹੈ? “ਸ਼ਕਤੀ” ਸ਼ਬਦ ਦਾ ਅਨੁਵਾਦ ਇਬਰਾਨੀ ਸ਼ਬਦ “ਰੂਆਖ” ਤੋਂ ਕੀਤਾ ਗਿਆ ਹੈ, ਪਰ ਬਾਈਬਲ ਵਿਚ ਇਸ ਸ਼ਬਦ ਦਾ ਅਨੁਵਾਦ “ਅਨ੍ਹੇਰੀ” ਵੀ ਕੀਤਾ ਗਿਆ ਹੈ। (ਹੋਰ ਜਾਣਕਾਰੀ ਲਈ ਯੂਨਾਹ 1:4 ਦੇਖੋ।) ਜਿਵੇਂ ਅਨ੍ਹੇਰੀ ਦੇਖੀ ਨਹੀਂ ਜਾ ਸਕਦੀ, ਪਰ ਮਹਿਸੂਸ ਕੀਤੀ ਜਾ ਸਕਦੀ ਹੈ, ਇਸੇ ਤਰ੍ਹਾਂ ਪਰਮੇਸ਼ੁਰ ਦੀ ਸ਼ਕਤੀ ਨੂੰ ਦੇਖਿਆ ਨਹੀਂ ਜਾ ਸਕਦਾ ਸਿਰਫ਼ ਇਸ ਦਾ ਪ੍ਰਭਾਵ ਮਹਿਸੂਸ ਕੀਤਾ ਜਾ ਸਕਦਾ ਹੈ। ਪਰਮੇਸ਼ੁਰ ਆਪਣੀ ਇੱਛਾ ਪੂਰੀ ਕਰਨ ਲਈ ਇਹ ਸ਼ਕਤੀ ਇਨਸਾਨਾਂ ਨੂੰ ਦਿੰਦਾ ਹੈ ਜਾਂ ਚੀਜ਼ਾਂ ਉੱਤੇ ਪਾਉਂਦਾ ਹੈ। ਕੀ ਇਹ ਗੱਲ ਮੰਨਣੀ ਔਖੀ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਨਸਾਨਾਂ ਨੂੰ ਇਹ ਸ਼ਕਤੀ ਦਿੰਦਾ ਹੈ? ਨਹੀਂ!—ਯਸਾਯਾਹ 40:12, 13 ਪੜ੍ਹੋ।
6. ਦਾਊਦ ਨੇ ਯਹੋਵਾਹ ਅੱਗੇ ਕਿਹੜੀ ਬੇਨਤੀ ਕੀਤੀ ਸੀ?
6 ਕੀ ਯਹੋਵਾਹ ਜ਼ਿੰਦਗੀ ਵਿਚ ਅਗਵਾਈ ਦੇਣ ਲਈ ਸਾਨੂੰ ਆਪਣੀ ਸ਼ਕਤੀ ਦਿੰਦਾ ਰਹੇਗਾ? ਉਸ ਨੇ ਜ਼ਬੂਰਾਂ ਦੇ ਲਿਖਾਰੀ ਦਾਊਦ ਨਾਲ ਵਾਅਦਾ ਕੀਤਾ: “ਮੈਂ ਤੈਨੂੰ ਸਮਝ ਦੇਵਾਂਗਾ, ਅਤੇ ਜਿਸ ਰਾਹ ਉੱਤੇ ਤੈਂ ਚੱਲਣਾ ਹੈ ਤੈਨੂੰ ਸਿਖਾਵਾਂਗਾ, ਤੇਰੇ ਉੱਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਕੀ ਦਾਊਦ ਦੀ ਵੀ ਇਹੀ ਇੱਛਾ ਸੀ? ਹਾਂ, ਕਿਉਂਕਿ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਤੂੰ ਤਾਂ ਮੇਰਾ ਪਰਮੇਸ਼ੁਰ ਹੈਂ, ਤੇਰਾ ਆਤਮਾ [“ਪਵਿੱਤਰ ਸ਼ਕਤੀ,” NW] ਨੇਕ ਹੈ, ਉਹ . . . ਮੇਰੀ ਅਗਵਾਈ ਕਰੇ।” (ਜ਼ਬੂ. 143:10) ਸਾਡੀ ਵੀ ਇਹੀ ਇੱਛਾ ਹੋਣੀ ਚਾਹੀਦੀ ਹੈ ਕਿ ਯਹੋਵਾਹ ਆਪਣੀ ਸ਼ਕਤੀ ਨਾਲ ਸਾਡੀ ਅਗਵਾਈ ਕਰੇ। ਕਿਉਂ? ਆਓ ਆਪਾਂ ਚਾਰ ਕਾਰਨ ਦੇਖੀਏ।
ਅਸੀਂ ਆਪਣੀ ਅਗਵਾਈ ਕਰਨ ਦੇ ਕਾਬਲ ਨਹੀਂ
7, 8. (ੳ) ਅਸੀਂ ਆਪਣੀ ਅਗਵਾਈ ਕਰਨ ਦੇ ਕਾਬਲ ਕਿਉਂ ਨਹੀਂ ਹਾਂ? (ਅ) ਉਦਾਹਰਣ ਦੇ ਕੇ ਦੱਸੋ ਕਿ ਸਾਨੂੰ ਇਕੱਲੇ ਇਸ ਬੁਰੀ ਦੁਨੀਆਂ ਵਿਚ ਕਿਉਂ ਨਹੀਂ ਚੱਲਣਾ ਚਾਹੀਦਾ।
7 ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਦਾ ਪਹਿਲਾ ਕਾਰਨ ਇਹ ਹੈ ਕਿ ਅਸੀਂ ਆਪਣੀ ਅਗਵਾਈ ਕਰਨ ਦੇ ਕਾਬਲ ਨਹੀਂ ਹਾਂ। “ਅਗਵਾਈ” ਦੇਣ ਦਾ ਮਤਲਬ ਹੈ, “ਕਿਸੇ ਨੂੰ ਸਹੀ ਰਾਹ ਪਾਉਣਾ ਜਾਂ ਰਾਹ ਦਿਖਾਉਣਾ।” ਪਰ ਯਹੋਵਾਹ ਨੇ ਸਾਨੂੰ ਇਸ ਕਾਬਲੀਅਤ ਦੇ ਨਾਲ ਨਹੀਂ ਬਣਾਇਆ ਕਿ ਅਸੀਂ ਆਪਣੀ ਅਗਵਾਈ ਆਪ ਕਰ ਸਕੀਏ। ਪਾਪੀ ਹੋਣ ਕਰਕੇ ਤਾਂ ਅਸੀਂ ਬਿਲਕੁਲ ਵੀ ਕਾਬਲ ਨਹੀਂ ਹਾਂ। ਯਿਰਮਿਯਾਹ ਨਬੀ ਨੇ ਲਿਖਿਆ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰ. 10:23) ਕਿਉਂ ਨਹੀਂ? ਪਰਮੇਸ਼ੁਰ ਨੇ ਯਿਰਮਿਯਾਹ ਨੂੰ ਇਸ ਦਾ ਕਾਰਨ ਦੱਸਿਆ ਸੀ ਜਦ ਉਸ ਨੇ ਕਿਹਾ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹ ਨੂੰ ਕੌਣ ਜਾਣ ਸੱਕਦਾ ਹੈ?”—ਯਿਰ. 17:9; ਮੱਤੀ 15:19.
8 ਜੇ ਕਿਸੇ ਨੂੰ ਜੰਗਲ ਵਿੱਚੋਂ ਲੰਘਣ ਦਾ ਰਾਹ ਨਹੀਂ ਪਤਾ, ਤਾਂ ਕੀ ਇਕੱਲੇ ਤੁਰ ਪੈਣਾ ਬੇਵਕੂਫ਼ੀ ਦੀ ਗੱਲ ਨਹੀਂ ਹੋਵੇਗੀ? ਨਾਲੇ ਜੇ ਉਸ ਨੂੰ ਜੰਗਲ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਨਹੀਂ ਆਉਂਦਾ ਤੇ ਉਸ ਦੇ ਨਾਲ ਕੋਈ ਤਜਰਬੇਕਾਰ ਗਾਈਡ ਨਹੀਂ ਹੈ, ਤਾਂ ਉਹ ਆਪਣੀ ਜਾਨ ਖ਼ਤਰੇ ਵਿਚ ਪਾ ਰਿਹਾ ਹੋਵੇਗਾ। ਇਸੇ ਤਰ੍ਹਾਂ ਜੇ ਕੋਈ ਸੋਚਦਾ ਹੈ ਕਿ ਉਹ ਇਸ ਬੁਰੀ ਦੁਨੀਆਂ ਵਿਚ ਪਰਮੇਸ਼ੁਰ ਦੀ ਅਗਵਾਈ ਤੋਂ ਬਿਨਾਂ ਚੱਲ ਸਕਦਾ ਹੈ, ਤਾਂ ਉਹ ਆਪਣੀ ਜਾਨ ਖ਼ਤਰੇ ਵਿਚ ਪਾ ਰਿਹਾ ਹੈ। ਇਸ ਦੁਨੀਆਂ ਵਿੱਚੋਂ ਬਚ ਨਿਕਲਣ ਦਾ ਇੱਕੋ-ਇਕ ਰਾਹ ਇਹ ਹੈ ਕਿ ਅਸੀਂ ਵੀ ਦਾਊਦ ਵਾਂਗ ਯਹੋਵਾਹ ਨੂੰ ਇਹੀ ਪ੍ਰਾਰਥਨਾ ਕਰੀਏ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂ. 25:4; 23:3) ਸਾਨੂੰ ਯਹੋਵਾਹ ਤੋਂ ਅਗਵਾਈ ਕਿਵੇਂ ਮਿਲ ਸਕਦੀ ਹੈ?
9. ਜਿਵੇਂ ਸਫ਼ਾ 17 ʼਤੇ ਤਸਵੀਰ ਵਿਚ ਦਿਖਾਇਆ ਗਿਆ ਹੈ, ਪਰਮੇਸ਼ੁਰ ਦੀ ਸ਼ਕਤੀ ਸਾਡੀ ਅਗਵਾਈ ਕਿਵੇਂ ਕਰ ਸਕਦੀ ਹੈ?
9 ਜੇ ਅਸੀਂ ਨਿਮਰ ਬਣੀਏ ਤੇ ਯਹੋਵਾਹ ʼਤੇ ਭਰੋਸਾ ਰੱਖੀਏ, ਤਾਂ ਉਹ ਰਾਹ ਦਿਖਾਉਣ ਲਈ ਸਾਨੂੰ ਆਪਣੀ ਪਵਿੱਤਰ ਸ਼ਕਤੀ ਦੇਵੇਗਾ। ਇਹ ਸ਼ਕਤੀ ਸਾਡੀ ਮਦਦ ਕਿਵੇਂ ਕਰੇਗੀ? ਯਿਸੂ ਨੇ ਆਪਣੇ ਚੇਲਿਆਂ ਨੂੰ ਸਮਝਾਇਆ: “ਪਿਤਾ ਮੇਰੇ ਰਾਹੀਂ ਜਿਹੜੀ ਪਵਿੱਤਰ ਸ਼ਕਤੀ ਮਦਦਗਾਰ ਦੇ ਤੌਰ ਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗੀ ਅਤੇ ਮੇਰੀਆਂ ਦੱਸੀਆਂ ਸਾਰੀਆਂ ਗੱਲਾਂ ਤੁਹਾਨੂੰ ਚੇਤੇ ਕਰਾਵੇਗੀ।” (ਯੂਹੰ. 14:26) ਜੇ ਅਸੀਂ ਹਮੇਸ਼ਾ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੇ ਬਚਨ ਦੀ ਸਟੱਡੀ ਕਰੀਏ, ਜਿਸ ਵਿਚ ਯਿਸੂ ਦੀਆਂ ਗੱਲਾਂ ਵੀ ਦਰਜ ਹਨ, ਤਾਂ ਪਵਿੱਤਰ ਸ਼ਕਤੀ ਯਹੋਵਾਹ ਦੀਆਂ ਡੂੰਘੀਆਂ ਗੱਲਾਂ ਦੀ ਸਮਝ ਬਖ਼ਸ਼ੇਗੀ ਤਾਂਕਿ ਅਸੀਂ ਉਸ ਦੀ ਇੱਛਾ ਪੂਰੀ ਕਰ ਸਕੀਏ। (1 ਕੁਰਿੰ. 2:10) ਇਸ ਤੋਂ ਇਲਾਵਾ ਸਾਡੀ ਜ਼ਿੰਦਗੀ ਵਿਚ ਭਾਵੇਂ ਜੋ ਵੀ ਮੋੜ ਆਵੇ, ਇਹ ਸ਼ਕਤੀ ਸਾਨੂੰ ਸਹੀ ਰਾਹ ਦਿਖਾਵੇਗੀ। ਇਸ ਦੀ ਮਦਦ ਨਾਲ ਸਾਨੂੰ ਪਹਿਲਾਂ ਸਿੱਖੇ ਬਾਈਬਲ ਦੇ ਅਸੂਲ ਯਾਦ ਆਉਣਗੇ ਤੇ ਅਸੀਂ ਇਨ੍ਹਾਂ ਨੂੰ ਵਰਤ ਕੇ ਆਪਣੇ ਕਦਮਾਂ ਨੂੰ ਸੇਧ ਦੇ ਸਕਾਂਗੇ।
ਯਿਸੂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਿਆ
10, 11. ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਪਵਿੱਤਰ ਸ਼ਕਤੀ ਤੋਂ ਕੀ ਉਮੀਦ ਸੀ ਅਤੇ ਉਸ ਦੀ ਉਮੀਦ ਕਿਵੇਂ ਪੂਰੀ ਹੋਈ?
10 ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਦਾ ਦੂਜਾ ਕਾਰਨ ਇਹ ਹੈ ਕਿ ਯਹੋਵਾਹ ਨੇ ਇਸ ਸ਼ਕਤੀ ਨਾਲ ਆਪਣੇ ਪੁੱਤਰ ਦੀ ਅਗਵਾਈ ਕੀਤੀ। ਧਰਤੀ ʼਤੇ ਆਉਣ ਤੋਂ ਪਹਿਲਾਂ, ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਇਸ ਸ਼ਕਤੀ ਤੋਂ ਇਹੀ ਉਮੀਦ ਸੀ ਕਿਉਂਕਿ ਉਹ ਇਹ ਭਵਿੱਖਬਾਣੀ ਜਾਣਦਾ ਸੀ: ‘ਪ੍ਰਭੂ ਦਾ ਆਤਮਾ [“ਸ਼ਕਤੀ,” NW] ਉਸ ਨੂੰ ਸਮਝ ਤੇ ਗਿਆਨ ਦੇਵੇਗਾ। ਉਹ ਉਸ ਨੂੰ ਰਾਜ ਕਰਨ ਲਈ ਬੁੱਧੀ ਤੇ ਬਲ ਦੇਵੇਗਾ। ਉਹ ਉਸ ਨੂੰ ਪ੍ਰਭੂ ਦਾ ਗਿਆਨ ਤੇ ਡਰ ਦੇਵੇਗਾ।’ (ਯਸਾ. 11:2, CL) ਜ਼ਰਾ ਸੋਚੋ ਕਿ ਦੁਨੀਆਂ ਦੇ ਬੁਰੇ ਮਾਹੌਲ ਵਿਚ ਰਹਿੰਦਿਆਂ ਯਿਸੂ ਪਰਮੇਸ਼ੁਰ ਦੀ ਸ਼ਕਤੀ ਦੀ ਮਦਦ ਲੈਣ ਲਈ ਕਿੰਨਾ ਉਤਾਵਲਾ ਹੋਣਾ!
11 ਇਸ ਭਵਿੱਖਬਾਣੀ ਦੇ ਸ਼ਬਦ ਸੱਚੇ ਸਾਬਤ ਹੋਏ। ਬਾਈਬਲ ਦੱਸਦੀ ਹੈ ਕਿ ਯਿਸੂ ਦੇ ਬਪਤਿਸਮੇ ਤੋਂ ਇਕਦਮ ਬਾਅਦ ਕੀ ਹੋਇਆ ਸੀ: “ਫਿਰ ਪਵਿੱਤਰ ਸ਼ਕਤੀ ਨਾਲ ਭਰਪੂਰ ਯਿਸੂ ਯਰਦਨ ਦਰਿਆ ਤੋਂ ਚਲਾ ਗਿਆ। ਪਵਿੱਤਰ ਸ਼ਕਤੀ ਨੇ ਉਸ ਨੂੰ ਉਜਾੜ ਵਿਚ ਜਾਣ ਲਈ ਪ੍ਰੇਰਿਆ।” (ਲੂਕਾ 4:1) ਉਜਾੜ ਵਿਚ ਯਿਸੂ ਨੇ ਵਰਤ ਰੱਖਿਆ, ਪ੍ਰਾਰਥਨਾ ਕੀਤੀ ਤੇ ਕਈ ਗੱਲਾਂ ʼਤੇ ਸੋਚ-ਵਿਚਾਰ ਕੀਤਾ। ਇਸ ਦੌਰਾਨ ਯਹੋਵਾਹ ਨੇ ਉਸ ਨੂੰ ਹਿਦਾਇਤਾਂ ਦਿੱਤੀਆਂ ਹੋਣੀਆਂ ਤੇ ਦੱਸਿਆ ਹੋਣਾ ਕਿ ਅੱਗੇ ਉਸ ਨਾਲ ਕੀ ਹੋਣ ਵਾਲਾ ਸੀ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੇ ਉਸ ਦੇ ਦਿਲ ਅਤੇ ਮਨ ʼਤੇ ਅਸਰ ਪਾਇਆ ਤੇ ਇਸ ਦਾ ਪ੍ਰਭਾਵ ਉਸ ਦੀ ਸੋਚ ਤੇ ਉਸ ਦੇ ਫ਼ੈਸਲਿਆਂ ʼਤੇ ਪਿਆ। ਇਸ ਕਰਕੇ ਯਿਸੂ ਜਾਣਦਾ ਸੀ ਕਿ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਉਸ ਨੂੰ ਕੀ ਕਰਨਾ ਚਾਹੀਦਾ ਸੀ ਤੇ ਉਸ ਨੇ ਉਹੀ ਕੀਤਾ ਜੋ ਉਸ ਦਾ ਪਿਤਾ ਉਸ ਤੋਂ ਚਾਹੁੰਦਾ ਸੀ।
12. ਪਰਮੇਸ਼ੁਰ ਤੋਂ ਸ਼ਕਤੀ ਮੰਗਣੀ ਅਤੇ ਇਸ ਦੀ ਅਗਵਾਈ ਵਿਚ ਚੱਲਣਾ ਜ਼ਰੂਰੀ ਕਿਉਂ ਹੈ?
12 ਯਿਸੂ ਨੇ ਆਪ ਦੇਖਿਆ ਸੀ ਕਿ ਪਵਿੱਤਰ ਸ਼ਕਤੀ ਨੇ ਉਸ ਦੀ ਜ਼ਿੰਦਗੀ ʼਤੇ ਕਿੰਨਾ ਚੰਗਾ ਪ੍ਰਭਾਵ ਪਾਇਆ ਸੀ। ਇਸ ਲਈ ਉਸ ਨੇ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਵਕਤ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਤੋਂ ਸ਼ਕਤੀ ਮੰਗਣੀ ਅਤੇ ਇਸ ਦੀ ਅਗਵਾਈ ਵਿਚ ਚੱਲਣਾ ਬਹੁਤ ਜ਼ਰੂਰੀ ਹੈ। (ਲੂਕਾ 11:9-13 ਪੜ੍ਹੋ।) ਸਾਡੇ ਲਈ ਵੀ ਇਹ ਜ਼ਰੂਰੀ ਕਿਉਂ ਹੈ? ਕਿਉਂਕਿ ਇਹ ਸਾਡੀ ਸੋਚ ਨੂੰ ਬਦਲ ਸਕਦੀ ਹੈ ਤਾਂਕਿ ਸਾਡੇ ਕੋਲ ਯਿਸੂ ਦਾ ਮਨ ਹੋਵੇ। (ਰੋਮੀ. 12:2; 1 ਕੁਰਿੰ. 2:16) ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਸੀਂ ਯਿਸੂ ਵਾਂਗ ਸੋਚ ਸਕਦੇ ਹਾਂ ਤੇ ਉਸ ਦੀ ਰੀਸ ਕਰ ਸਕਦੇ ਹਾਂ।—1 ਪਤ. 2:21.
ਦੁਨੀਆਂ ਦੀ ਸੋਚ ਸਾਨੂੰ ਕੁਰਾਹੇ ਪਾ ਸਕਦੀ ਹੈ
13. ਦੁਨੀਆਂ ਦੀ ਸੋਚ ਦਾ ਲੋਕਾਂ ਉੱਤੇ ਕੀ ਅਸਰ ਪੈ ਰਿਹਾ ਹੈ?
13 ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਦਾ ਤੀਜਾ ਕਾਰਨ ਇਹ ਹੈ ਕਿ ਦੁਨੀਆਂ ਦੀ ਸੋਚ ਲੋਕਾਂ ਉੱਤੇ ਬੁਰਾ ਪ੍ਰਭਾਵ ਪਾ ਰਹੀ ਹੈ ਤੇ ਉਨ੍ਹਾਂ ਨੂੰ ਗੁਮਰਾਹ ਕਰ ਰਹੀ ਹੈ। ਦੁਨੀਆਂ ਦੀ ਸੋਚ ਇੰਨੀ ਜ਼ਬਰਦਸਤ ਹੈ ਕਿ ਇਹ ਲੋਕਾਂ ਨੂੰ ਉਸ ਰਾਹ ਜਾਣ ਲਈ ਉਕਸਾਉਂਦੀ ਹੈ ਜੋ ਪਰਮੇਸ਼ੁਰ ਦੇ ਰਾਹ ਤੋਂ ਬਿਲਕੁਲ ਉਲਟ ਹੈ। ਇਹ ਲੋਕਾਂ ਵਿਚ ਮਸੀਹ ਦੀ ਸੋਚ ਪੈਦਾ ਨਹੀਂ ਕਰਦੀ, ਸਗੋਂ ਉਨ੍ਹਾਂ ਦੀ ਸੋਚ ਦੁਨੀਆਂ ਦੇ ਹਾਕਮ ਸ਼ੈਤਾਨ ਵਰਗੀ ਬਣਾਉਂਦੀ ਹੈ ਜਿਸ ਕਰਕੇ ਲੋਕ ਸ਼ੈਤਾਨ ਵਰਗੇ ਕੰਮ ਕਰਦੇ ਹਨ। (ਅਫ਼ਸੀਆਂ 2:1-3; ਤੀਤੁਸ 3:3 ਪੜ੍ਹੋ।) ਜਦ ਕੋਈ ਇਨਸਾਨ ਦੁਨੀਆਂ ਦੀ ਸੋਚ ਦੇ ਅਸਰ ਹੇਠ ਆ ਜਾਂਦਾ ਹੈ ਅਤੇ ਗ਼ਲਤ ਕੰਮਾਂ ਵਿਚ ਪੈ ਜਾਂਦਾ ਹੈ, ਤਾਂ ਉਸ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਂਦੇ ਹਨ ਤੇ ਉਹ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਬਣੇਗਾ।—ਗਲਾ. 5:19-21.
14, 15. ਅਸੀਂ ਇਸ ਬੁਰੀ ਦੁਨੀਆਂ ਦੀ ਸੋਚ ਤੋਂ ਕਿਵੇਂ ਬਚ ਸਕਦੇ ਹਾਂ?
14 ਦੁਨੀਆਂ ਦੀ ਸੋਚ ਤੋਂ ਬਚਣ ਲਈ ਯਹੋਵਾਹ ਸਾਡੀ ਮਦਦ ਕਰਦਾ ਹੈ। ਪੌਲੁਸ ਰਸੂਲ ਨੇ ਕਿਹਾ ਕਿ “ਤੁਸੀਂ ਪ੍ਰਭੂ ਤੋਂ ਤਾਕਤ ਪਾਉਂਦੇ ਰਹੋ ਅਤੇ ਉਸ ਦੇ ਡਾਢੇ ਬਲ ਦੀ ਮਦਦ ਨਾਲ ਤਕੜੇ ਹੁੰਦੇ ਜਾਓ . . . ਤਾਂਕਿ ਤੁਸੀਂ ਬੁਰੇ ਸਮੇਂ ਵਿਚ ਮੁਕਾਬਲਾ ਕਰ ਸਕੋ।” (ਅਫ਼. 6:10, 13) ਆਪਣੀ ਪਵਿੱਤਰ ਸ਼ਕਤੀ ਰਾਹੀਂ ਯਹੋਵਾਹ ਸਾਨੂੰ ਸ਼ੈਤਾਨ ਦਾ ਸਾਮ੍ਹਣਾ ਕਰਨ ਦੀ ਤਾਕਤ ਦਿੰਦਾ ਹੈ ਤਾਂਕਿ ਅਸੀਂ ਉਸ ਦੀਆਂ ਗੱਲਾਂ ਵਿਚ ਆ ਕੇ ਗੁਮਰਾਹ ਨਾ ਹੋਈਏ। (ਪ੍ਰਕਾ. 12:9) ਭਾਵੇਂ ਕਿ ਦੁਨੀਆਂ ਦੀ ਸੋਚ ਦਾ ਪ੍ਰਭਾਵ ਹਰ ਪਾਸੇ ਹੈ, ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਇਸ ਦੇ ਪ੍ਰਭਾਵ ਹੇਠ ਆ ਜਾਈਏ। ਪਰਮੇਸ਼ੁਰ ਦੀ ਸ਼ਕਤੀ ਦੁਨੀਆਂ ਦੀ ਸੋਚ ਤੋਂ ਕਿਤੇ ਸ਼ਕਤੀਸ਼ਾਲੀ ਹੈ ਤੇ ਇਹ ਸਾਡੀ ਮਦਦ ਕਰੇਗੀ!
15 ਪਹਿਲੀ ਸਦੀ ਵਿਚ ਜਿਨ੍ਹਾਂ ਨੇ ਮਸੀਹੀ ਧਰਮ ਨੂੰ ਮੰਨਣਾ ਛੱਡ ਦਿੱਤਾ ਸੀ, ਉਨ੍ਹਾਂ ਬਾਰੇ ਪਤਰਸ ਰਸੂਲ ਨੇ ਕਿਹਾ: “ਇਹ ਗੁਮਰਾਹ ਹੋ ਚੁੱਕੇ ਹਨ ਅਤੇ ਇਨ੍ਹਾਂ ਨੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ।” (2 ਪਤ. 2:15) ਅਸੀਂ ਕਿੰਨੇ ਧੰਨਵਾਦੀ ਹੋ ਸਕਦੇ ਹਾਂ ਕਿ “ਅਸੀਂ ਦੁਨੀਆਂ ਦੀ ਸੋਚ ਨੂੰ ਕਬੂਲ ਨਹੀਂ ਕੀਤਾ ਹੈ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨੂੰ ਕਬੂਲ ਕੀਤਾ ਹੈ।” (1 ਕੁਰਿੰ. 2:12) ਇਸ ਸ਼ਕਤੀ ਨਾਲ ਅਤੇ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਫ਼ਾਇਦਾ ਉਠਾ ਕੇ ਅਸੀਂ ਸਹੀ ਰਾਹ ʼਤੇ ਚੱਲਦੇ ਰਹਿ ਸਕਦੇ ਹਾਂ ਤੇ ਇਸ ਬੁਰੀ ਦੁਨੀਆਂ ਦੀ ਸ਼ੈਤਾਨੀ ਸੋਚ ਤੋਂ ਬਚ ਸਕਦੇ ਹਾਂ।—ਗਲਾ. 5:16.
ਪਰਮੇਸ਼ੁਰ ਦੀ ਸ਼ਕਤੀ ਚੰਗੇ ਗੁਣ ਪੈਦਾ ਕਰਦੀ ਹੈ
16. ਪਵਿੱਤਰ ਸ਼ਕਤੀ ਸਾਡੇ ਵਿਚ ਕਿਹੜੇ ਗੁਣ ਪੈਦਾ ਕਰ ਸਕਦੀ ਹੈ?
16 ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਦਾ ਚੌਥਾ ਕਾਰਨ ਇਹ ਹੈ ਕਿ ਇਹ ਉਨ੍ਹਾਂ ਵਿਚ ਚੰਗੇ ਗੁਣ ਪੈਦਾ ਕਰਦੀ ਹੈ ਜੋ ਆਪਣੀ ਜ਼ਿੰਦਗੀ ʼਤੇ ਇਸ ਦਾ ਅਸਰ ਹੋਣ ਦਿੰਦੇ ਹਨ। (ਗਲਾਤੀਆਂ 5:22, 23 ਪੜ੍ਹੋ।) ਸਾਡੇ ਵਿੱਚੋਂ ਕੌਣ ਅਜਿਹਾ ਇਨਸਾਨ ਨਹੀਂ ਬਣਨਾ ਚਾਹੁੰਦਾ ਜੋ ਦੂਸਰਿਆਂ ਨੂੰ ਪਿਆਰ ਕਰੇ, ਖ਼ੁਸ਼ ਰਹੇ ਤੇ ਦੂਜਿਆਂ ਨਾਲ ਸ਼ਾਂਤੀ ਨਾਲ ਪੇਸ਼ ਆਵੇ? ਕੌਣ ਨਹੀਂ ਚਾਹੁੰਦਾ ਕਿ ਉਹ ਸਹਿਣਸ਼ੀਲਤਾ, ਦਇਆ ਤੇ ਭਲਾਈ ਵਰਗੇ ਗੁਣ ਦਿਖਾਵੇ? ਕੌਣ ਹੈ ਜੋ ਆਪਣੇ ਵਿਚ ਨਿਹਚਾ, ਨਰਮਾਈ ਤੇ ਸੰਜਮ ਵਰਗੇ ਗੁਣ ਵਧਾਉਣੇ ਨਹੀਂ ਚਾਹੁੰਦਾ? ਪਰਮੇਸ਼ੁਰ ਦੀ ਸ਼ਕਤੀ ਸਾਡੇ ਵਿਚ ਵਧੀਆ ਗੁਣ ਪੈਦਾ ਕਰਦੀ ਹੈ ਜਿਨ੍ਹਾਂ ਨਾਲ ਸਿਰਫ਼ ਸਾਨੂੰ ਹੀ ਨਹੀਂ, ਸਗੋਂ ਉਨ੍ਹਾਂ ਨੂੰ ਵੀ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਨਾਲ ਅਸੀਂ ਰਹਿੰਦੇ ਤੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ। ਇਸ ਦੀ ਕੋਈ ਹੱਦ ਨਹੀਂ ਕਿ ਸਾਨੂੰ ਇਹ ਗੁਣ ਕਿੰਨੇ ਕੁ ਪੈਦਾ ਕਰਨ ਦੀ ਲੋੜ ਹੈ ਤੇ ਕਿੰਨੇ ਕੁ ਪੈਦਾ ਕੀਤੇ ਜਾ ਸਕਦੇ ਹਨ।
17. ਅਸੀਂ ਪਵਿੱਤਰ ਸ਼ਕਤੀ ਦੇ ਕਿਸੇ ਗੁਣ ਨੂੰ ਆਪਣੇ ਵਿਚ ਹੋਰ ਜ਼ਿਆਦਾ ਕਿਵੇਂ ਪੈਦਾ ਕਰ ਸਕਦੇ ਹਾਂ?
17 ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡੀ ਕਹਿਣੀ ਤੇ ਕਰਨੀ ਤੋਂ ਇਸ ਗੱਲ ਦਾ ਸਬੂਤ ਮਿਲੇ ਕਿ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਰਹੇ ਹਾਂ ਤੇ ਇਸ ਦੇ ਗੁਣ ਪੈਦਾ ਕਰ ਰਹੇ ਹਾਂ। ਇਹ ਦੇਖਣ ਲਈ ਸਾਨੂੰ ਆਪਣੇ ਆਪ ਨੂੰ ਪਰਖਦੇ ਰਹਿਣਾ ਚਾਹੀਦਾ ਹੈ। (2 ਕੁਰਿੰ. 13:5ੳ; ਗਲਾ. 5:25) ਜੇ ਅਸੀਂ ਦੇਖਦੇ ਹਾਂ ਕਿ ਸਾਡੇ ਵਿਚ ਪਵਿੱਤਰ ਸ਼ਕਤੀ ਦੇ ਗੁਣਾਂ ਦੀ ਘਾਟ ਹੈ, ਤਾਂ ਸਾਨੂੰ ਇਸ ਦੀ ਅਗਵਾਈ ਵਿਚ ਚੱਲਣ ਦੀ ਹੋਰ ਜ਼ਿਆਦਾ ਲੋੜ ਹੈ। ਇਸ ਤਰ੍ਹਾਂ ਕਰਨ ਲਈ ਸਾਨੂੰ ਬਾਈਬਲ ਅਤੇ ਆਪਣੇ ਪ੍ਰਕਾਸ਼ਨਾਂ ਦੀ ਮਦਦ ਨਾਲ ਹਰ ਗੁਣ ਦੀ ਸਟੱਡੀ ਕਰਨ ਦੀ ਲੋੜ ਹੈ। ਸਟੱਡੀ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਇਹ ਗੁਣ ਕਿੱਦਾਂ ਦਿਖਾ ਸਕਦੇ ਹਾਂ ਅਤੇ ਫਿਰ ਸਾਨੂੰ ਇਹ ਗੁਣ ਪੈਦਾ ਕਰਨ ਲਈ ਮਿਹਨਤ ਕਰਨੀ ਚਾਹੀਦੀ ਹੈ।a ਜਦ ਅਸੀਂ ਆਪਣੀ ਤੇ ਹੋਰ ਭੈਣਾਂ-ਭਰਾਵਾਂ ਦੀ ਜ਼ਿੰਦਗੀ ʼਤੇ ਪਵਿੱਤਰ ਸ਼ਕਤੀ ਦਾ ਚੰਗਾ ਅਸਰ ਦੇਖਦੇ ਹਾਂ, ਤਾਂ ਅਸੀਂ ਸਮਝ ਜਾਂਦੇ ਹਾਂ ਕਿ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਕਿਉਂ ਚੱਲਣਾ ਚਾਹੀਦਾ ਹੈ।
ਕੀ ਤੁਸੀਂ ਇਸ ਸ਼ਕਤੀ ਅਨੁਸਾਰ ਚੱਲਣ ਲਈ ਤਿਆਰ ਹੋ?
18. ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਣ ਲਈ ਯਿਸੂ ਨੇ ਸਾਡੇ ਲਈ ਕਿਹੜੀ ਮਿਸਾਲ ਕਾਇਮ ਕੀਤੀ?
18 ਬਾਈਬਲ ਦਿਖਾਉਂਦੀ ਹੈ ਕਿ ਜਦ ਯਿਸੂ ਧਰਤੀ ʼਤੇ ਸੀ, ਤਾਂ ਪਰਮੇਸ਼ੁਰ ਦੀ ਸ਼ਕਤੀ ਨੇ ਯਿਸੂ ਦੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਾਇਆ। ਉਸ ਨੇ ਖ਼ੁਸ਼ੀ ਨਾਲ ਆਪਣੇ ਆਪ ਨੂੰ ਇਸ ਦੇ ਅਧੀਨ ਕੀਤਾ ਅਤੇ ਉਹ ਇਸ ਮੁਤਾਬਕ ਚੱਲਣ ਲਈ ਤਿਆਰ ਸੀ। ਜਦ ਇਸ ਸ਼ਕਤੀ ਨੇ ਉਸ ਨੂੰ ਕੁਝ ਕਰਨ ਲਈ ਪ੍ਰੇਰਿਆ, ਤਾਂ ਉਸ ਨੇ ਉਸ ਦੇ ਅਨੁਸਾਰ ਕੰਮ ਕੀਤਾ। (ਮਰ. 1:12, 13; ਲੂਕਾ 4:14) ਕੀ ਤੁਸੀਂ ਵੀ ਯਿਸੂ ਵਰਗੇ ਹੋ?
19. ਜੇ ਅਸੀਂ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲਣਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ?
19 ਪਰਮੇਸ਼ੁਰ ਦੀ ਸ਼ਕਤੀ ਅੱਜ ਵੀ ਉਨ੍ਹਾਂ ਲੋਕਾਂ ਦੇ ਮਨਾਂ ਅਤੇ ਦਿਲਾਂ ʼਤੇ ਅਸਰ ਪਾ ਰਹੀ ਹੈ ਜੋ ਇਸ ਦੀ ਅਗਵਾਈ ਵਿਚ ਚੱਲਣ ਲਈ ਤਿਆਰ ਹਨ। ਸਹੀ ਰਾਹ ʼਤੇ ਤੁਰਦੇ ਰਹਿਣ ਲਈ ਤੁਸੀਂ ਇਸ ਦੀ ਅਗਵਾਈ ਵਿਚ ਕਿਵੇਂ ਚੱਲ ਸਕਦੇ ਹੋ? ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ ਕਿ ਉਹ ਆਪਣੀ ਸ਼ਕਤੀ ਤੁਹਾਨੂੰ ਦੇਵੇ ਤੇ ਇਸ ਦੀ ਅਗਵਾਈ ਵਿਚ ਚੱਲਣ ਵਿਚ ਤੁਹਾਡੀ ਮਦਦ ਕਰੇ। (ਅਫ਼ਸੀਆਂ 3:14-16 ਪੜ੍ਹੋ।) ਆਪਣੀਆਂ ਪ੍ਰਾਰਥਨਾਵਾਂ ਅਨੁਸਾਰ ਕਦਮ ਚੁੱਕ ਕੇ ਬਾਈਬਲ ਦੀ ਸਟੱਡੀ ਕਰਦੇ ਰਹੋ ਜੋ ਪਵਿੱਤਰ ਸ਼ਕਤੀ ਨਾਲ ਲਿਖੀ ਗਈ ਹੈ। (2 ਤਿਮੋ. 3:16, 17) ਇਸ ਦੀਆਂ ਸਲਾਹਾਂ ਨੂੰ ਲਾਗੂ ਕਰੋ ਅਤੇ ਫਿਰ ਪਵਿੱਤਰ ਸ਼ਕਤੀ ਦੀ ਅਗਵਾਈ ਅਨੁਸਾਰ ਚੱਲਣ ਲਈ ਤਿਆਰ ਰਹੋ। ਨਿਹਚਾ ਰੱਖੋ ਕਿ ਯਹੋਵਾਹ ਇਸ ਬੁਰੀ ਦੁਨੀਆਂ ਵਿਚ ਤੁਹਾਡੀ ਅਗਵਾਈ ਕਰਦਾ ਰਹੇਗਾ।
[ਫੁਟਨੋਟ]
a ਪਵਿੱਤਰ ਸ਼ਕਤੀ ਦੇ ਗੁਣਾਂ ਬਾਰੇ ਹੋਰ ਜਾਣਕਾਰੀ ਲਈ ਪਹਿਰਾਬੁਰਜ, 15 ਜੁਲਾਈ 2007, ਸਫ਼ੇ 21-25 ਅਤੇ 15 ਅਪ੍ਰੈਲ 2011, ਸਫ਼ੇ 18-27 ਦੇਖੋ।
ਕੀ ਤੁਹਾਨੂੰ ਖ਼ਾਸ ਗੱਲਾਂ ਯਾਦ ਹਨ?
• ਪਵਿੱਤਰ ਸ਼ਕਤੀ ਦਾ ਸਾਡੀਆਂ ਜ਼ਿੰਦਗੀਆਂ ਉੱਤੇ ਕੀ ਅਸਰ ਪੈ ਸਕਦਾ ਹੈ?
• ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਵਿਚ ਚੱਲਣ ਦੇ ਚਾਰ ਕਾਰਨ ਕੀ ਹਨ?
• ਪਰਮੇਸ਼ੁਰ ਦੀ ਸ਼ਕਤੀ ਦੀ ਅਗਵਾਈ ਤੋਂ ਫ਼ਾਇਦਾ ਲੈਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
[ਸਫ਼ਾ 15 ਉੱਤੇ ਤਸਵੀਰ]
ਪਰਮੇਸ਼ੁਰ ਦੀ ਸ਼ਕਤੀ ਨੇ ਯਿਸੂ ਦੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਾਇਆ
[ਸਫ਼ਾ 17 ਉੱਤੇ ਤਸਵੀਰ]
ਪਰਮੇਸ਼ੁਰ ਦੀ ਸ਼ਕਤੀ ਅੱਜ ਵੀ ਲੋਕਾਂ ਦੇ ਮਨਾਂ ਅਤੇ ਦਿਲਾਂ ʼਤੇ ਅਸਰ ਪਾ ਰਹੀ ਹੈ