ਅਧਿਆਇ 27
ਮੱਤੀ ਦਾ ਸੱਦਿਆ ਜਾਣਾ
ਅਧਰੰਗੀ ਨੂੰ ਚੰਗਾ ਕਰਨ ਤੋਂ ਥੋੜ੍ਹੇ ਸਮੇਂ ਬਾਅਦ, ਯਿਸੂ ਕਫ਼ਰਨਾਹੂਮ ਤੋਂ ਬਾਹਰ ਨਿਕਲ ਕੇ ਗਲੀਲ ਦੀ ਝੀਲ ਨੂੰ ਜਾਂਦਾ ਹੈ। ਲੋਕਾਂ ਦੀਆਂ ਭੀੜਾਂ ਫਿਰ ਉਸ ਕੋਲ ਆਉਂਦੀਆਂ ਹਨ, ਅਤੇ ਉਹ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕਰਦਾ ਹੈ। ਜਿਉਂ ਹੀ ਉਹ ਅੱਗੇ ਚੱਲਦਾ ਜਾਂਦਾ ਹੈ, ਉਹ ਮਸੂਲ ਦੀ ਚੌਂਕੀ ਵਿਖੇ ਮੱਤੀ ਨੂੰ ਬੈਠਿਆਂ ਦੇਖਦਾ ਹੈ, ਜੋ ਲੇਵੀ ਵੀ ਅਖਵਾਉਂਦਾ ਹੈ। ਯਿਸੂ ਦਾ ਸੱਦਾ ਹੈ: “ਮੇਰੇ ਮਗਰ ਹੋ ਤੁਰ।”
ਸੰਭਵ ਹੈ, ਮੱਤੀ ਪਹਿਲਾਂ ਹੀ ਯਿਸੂ ਦੀਆਂ ਸਿੱਖਿਆਵਾਂ ਤੋਂ ਜਾਣੂ ਹੈ, ਜਿਵੇਂ ਪਤਰਸ, ਅੰਦ੍ਰਿਯਾਸ, ਯਾਕੂਬ, ਅਤੇ ਯੂਹੰਨਾ ਸਨ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਅਤੇ ਉਨ੍ਹਾਂ ਵਾਂਗ, ਮੱਤੀ ਉਸ ਸੱਦੇ ਪ੍ਰਤੀ ਤੁਰੰਤ ਹੀ ਪ੍ਰਤਿਕ੍ਰਿਆ ਦਿਖਾਉਂਦਾ ਹੈ। ਉਹ ਉਠਦਾ ਹੈ ਅਤੇ ਮਸੂਲੀਏ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਿੱਛੇ ਛੱਡ ਕੇ ਯਿਸੂ ਦੇ ਮਗਰ ਹੋ ਤੁਰਦਾ ਹੈ।
ਬਾਅਦ ਵਿਚ, ਸ਼ਾਇਦ ਆਪਣੇ ਸੱਦੇ ਜਾਣ ਦੇ ਜਸ਼ਨ ਵਿਚ, ਮੱਤੀ ਆਪਣੇ ਘਰ ਵਿਚ ਇਕ ਬਹੁਤ ਵੱਡੀ ਦਾਅਵਤ ਰੱਖਦਾ ਹੈ। ਯਿਸੂ ਅਤੇ ਉਸ ਦੇ ਚੇਲਿਆਂ ਤੋਂ ਇਲਾਵਾ, ਮੱਤੀ ਦੇ ਸਾਬਕਾ ਸਾਥੀ ਵੀ ਹਾਜ਼ਰ ਹਨ। ਆਮ ਤੌਰ ਤੇ ਇਹ ਆਦਮੀ ਆਪਣੇ ਸੰਗੀ ਯਹੂਦੀਆਂ ਵੱਲੋਂ ਨੀਚ ਸਮਝੇ ਜਾਂਦੇ ਹਨ ਕਿਉਂਕਿ ਉਹ ਘਿਰਣਿਤ ਰੋਮੀ ਅਧਿਕਾਰੀਆਂ ਲਈ ਮਸੂਲ ਇਕੱਠਾ ਕਰਦੇ ਹਨ। ਇਸ ਤੋਂ ਇਲਾਵਾ, ਉਹ ਅਕਸਰ ਬੇਈਮਾਨੀ ਨਾਲ ਲੋਕਾਂ ਤੋਂ ਨਿਯਮਿਤ ਮਸੂਲ ਦਰ ਤੋਂ ਜ਼ਿਆਦਾ ਪੈਸਾ ਉਗਰਾਹੁੰਦੇ ਹਨ।
ਦਾਅਵਤ ਵਿਖੇ ਯਿਸੂ ਨੂੰ ਅਜਿਹੇ ਆਦਮੀਆਂ ਨਾਲ ਬੈਠਿਆਂ ਦੇਖ ਕੇ ਫ਼ਰੀਸੀ ਉਸ ਦੇ ਚੇਲਿਆਂ ਨੂੰ ਪੁੱਛਦੇ ਹਨ: “ਤੁਹਾਡਾ ਗੁਰੂ ਮਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ?” ਸਵਾਲ ਨੂੰ ਸੁਣਦਿਆਂ ਯਿਸੂ ਫ਼ਰੀਸੀਆਂ ਨੂੰ ਜਵਾਬ ਦਿੰਦਾ ਹੈ: “ਨਵੇਂ ਨਰੋਇਆਂ ਨੂੰ ਨਹੀਂ ਸਗੋਂ ਰੋਗੀਆਂ ਨੂੰ ਹਕੀਮ ਦੀ ਲੋੜ ਹੈ। ਪਰ ਤੁਸੀਂ ਜਾ ਕੇ ਇਹ ਦਾ ਅਰਥ ਸਿੱਖੋ ਕਿ ਮੈਂ ਬਲੀਦਾਨ ਨੂੰ ਨਹੀਂ ਪਰ ਦਯਾ ਨੂੰ ਚਾਹੁੰਦਾ ਹਾਂ ਕਿਉਂ ਜੋ ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”
ਸਪੱਸ਼ਟ ਤੌਰ ਤੇ, ਮੱਤੀ ਨੇ ਇਨ੍ਹਾਂ ਮਸੂਲੀਆਂ ਨੂੰ ਆਪਣੇ ਘਰ ਇਸ ਲਈ ਸੱਦਿਆ ਹੈ ਤਾਂਕਿ ਉਹ ਯਿਸੂ ਨੂੰ ਸੁਣ ਕੇ ਅਧਿਆਤਮਿਕ ਚੰਗਾਈ ਪ੍ਰਾਪਤ ਕਰ ਸਕਣ। ਇਸ ਲਈ ਯਿਸੂ ਉਨ੍ਹਾਂ ਨੂੰ ਪਰਮੇਸ਼ੁਰ ਨਾਲ ਇਕ ਮਜ਼ਬੂਤ ਰਿਸ਼ਤਾ ਬਣਾਉਣ ਵਿਚ ਮਦਦ ਕਰਨ ਲਈ ਉਨ੍ਹਾਂ ਨਾਲ ਸੰਗਤ ਕਰਦਾ ਹੈ। ਯਿਸੂ ਅਜਿਹਿਆਂ ਨੂੰ ਨੀਚ ਨਹੀਂ ਸਮਝਦਾ, ਜਿਵੇਂ ਕਿ ਸਵੈ-ਸਤਵਾਦੀ ਫ਼ਰੀਸੀ ਸਮਝਦੇ ਹਨ। ਇਸ ਦੀ ਬਜਾਇ, ਦਇਆ ਨਾਲ ਪ੍ਰੇਰਿਤ ਹੋ ਕੇ ਉਹ ਅਸਲ ਵਿਚ ਉਨ੍ਹਾਂ ਲਈ ਇਕ ਅਧਿਆਤਮਿਕ ਵੈਦ ਵਾਂਗ ਸੇਵਾ ਕਰਦਾ ਹੈ।
ਇਸ ਤਰ੍ਹਾਂ, ਯਿਸੂ ਦਾ ਪਾਪੀਆਂ ਪ੍ਰਤੀ ਦਇਆ ਦਿਖਾਉਣਾ ਉਨ੍ਹਾਂ ਦੇ ਪਾਪਾਂ ਨੂੰ ਨਜ਼ਰਅੰਦਾਜ਼ ਕਰਨਾ ਨਹੀਂ ਹੈ, ਪਰੰਤੂ ਉਨ੍ਹਾਂ ਹੀ ਕੋਮਲ ਭਾਵਨਾਵਾਂ ਦੀ ਅਭਿਵਿਅਕਤੀ ਹੈ ਜੋ ਉਸ ਨੇ ਸਰੀਰਕ ਪਖੋਂ ਬੀਮਾਰ ਲੋਕਾਂ ਦੇ ਪ੍ਰਤੀ ਪ੍ਰਗਟ ਕੀਤੀ ਸੀ। ਉਦਾਹਰਣ ਲਈ, ਯਾਦ ਕਰੋ ਜਦੋਂ ਉਸ ਨੇ ਦਇਆ ਨਾਲ ਹੱਥ ਵਧਾ ਕੇ ਕੋੜ੍ਹੀ ਨੂੰ ਛੋਂਹਦੇ ਹੋਏ ਕਿਹਾ ਸੀ: “ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ।” ਇੰਜ ਹੋਵੇ ਕਿ ਅਸੀਂ ਵੀ ਉਸੇ ਤਰ੍ਹਾਂ ਲੋੜਵੰਦ ਵਿਅਕਤੀਆਂ ਦੀ ਮਦਦ ਕਰਨ ਦੇ ਦੁਆਰਾ, ਖ਼ਾਸ ਕਰਕੇ ਅਧਿਆਤਮਿਕ ਤਰੀਕੇ ਵਿਚ ਉਨ੍ਹਾਂ ਦੀ ਮਦਦ ਕਰਦੇ ਹੋਏ, ਦਇਆ ਦਿਖਾਈਏ। ਮੱਤੀ 8:3; 9:9-13; ਮਰਕੁਸ 2:13-17; ਲੂਕਾ 5:27-32.
▪ ਮੱਤੀ ਕਿੱਥੇ ਹੁੰਦਾ ਹੈ ਜਦੋਂ ਯਿਸੂ ਉਸ ਨੂੰ ਦੇਖਦਾ ਹੈ?
▪ ਮੱਤੀ ਦਾ ਧੰਦਾ ਕੀ ਹੈ, ਅਤੇ ਅਜਿਹੇ ਲੋਕਾਂ ਨੂੰ ਹੋਰ ਯਹੂਦੀਆਂ ਦੁਆਰਾ ਨੀਚ ਕਿਉਂ ਸਮਝਿਆ ਜਾਂਦਾ ਹੈ?
▪ ਯਿਸੂ ਦੇ ਵਿਰੁੱਧ ਕੀ ਸ਼ਿਕਾਇਤ ਕੀਤੀ ਜਾਂਦੀ ਹੈ, ਅਤੇ ਉਹ ਕਿਸ ਤਰ੍ਹਾਂ ਜਵਾਬ ਦਿੰਦਾ ਹੈ?
▪ ਯਿਸੂ ਪਾਪੀਆਂ ਨਾਲ ਸੰਗਤ ਕਿਉਂ ਕਰਦਾ ਹੈ?