ਅਧਿਆਇ 35
ਸਭ ਤੋਂ ਪ੍ਰਸਿੱਧ ਉਪਦੇਸ਼ ਜੋ ਕਦੀ ਦਿੱਤਾ ਗਿਆ
ਇਹ ਦ੍ਰਿਸ਼ ਬਾਈਬਲ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਯਾਦ ਰੱਖਣ ਯੋਗ ਦ੍ਰਿਸ਼ਾਂ ਵਿੱਚੋਂ ਇਕ ਹੈ: ਯਿਸੂ ਪਹਾੜ ਦੀ ਢਲਾਣ ਤੇ ਬੈਠਾ, ਆਪਣਾ ਪ੍ਰਸਿੱਧ ਪਹਾੜੀ ਉਪਦੇਸ਼ ਦੇ ਰਿਹਾ ਹੈ। ਇਹ ਥਾਂ ਗਲੀਲ ਦੀ ਝੀਲ ਦੇ ਨੇੜੇ ਹੈ, ਸ਼ਾਇਦ ਕਫ਼ਰਨਾਹੂਮ ਦੇ ਲਾਗੇ। ਸਾਰੀ ਰਾਤ ਪ੍ਰਾਰਥਨਾ ਵਿਚ ਬਿਤਾਉਣ ਤੋਂ ਬਾਅਦ, ਯਿਸੂ ਨੇ ਹੁਣੇ ਹੀ ਆਪਣੇ ਚੇਲਿਆਂ ਵਿੱਚੋਂ 12 ਨੂੰ ਰਸੂਲ ਹੋਣ ਲਈ ਚੁਣਿਆ ਹੈ। ਫਿਰ, ਉਨ੍ਹਾਂ ਸਾਰਿਆਂ ਦੇ ਨਾਲ, ਉਹ ਹੇਠਾਂ ਆਉਂਦੇ ਹੋਏ ਪਹਾੜ ਉੱਤੇ ਇਸ ਪੱਧਰੀ ਥਾਂ ਤੇ ਆਉਂਦਾ ਹੈ।
ਤੁਸੀਂ ਸੋਚੋਗੇ ਕਿ ਹੁਣ ਤਕ ਯਿਸੂ ਬਹੁਤ ਥੱਕ ਗਿਆ ਹੋਵੇਗਾ ਅਤੇ ਥੋੜ੍ਹਾ ਸੌਣਾ ਚਾਹੁੰਦਾ ਹੋਵੇਗਾ। ਪਰੰਤੂ ਵੱਡੀ ਭੀੜ ਆਈ ਹੋਈ ਹੈ, ਕਈ ਤਾਂ 96 ਤੋਂ 112 ਕਿਲੋਮੀਟਰ ਦੂਰ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਹਨ। ਦੂਜੇ ਲੋਕ ਉੱਤਰ ਵਿਚ ਸਥਿਤ ਸੂਰ ਅਤੇ ਸੈਦਾ ਦੇ ਸਮੁੰਦਰੀ ਕੰਢੇ ਤੋਂ ਆਏ ਹਨ। ਉਹ ਯਿਸੂ ਨੂੰ ਸੁਣਨ ਅਤੇ ਆਪਣੀਆਂ ਬੀਮਾਰੀਆਂ ਤੋਂ ਚੰਗੇ ਹੋਣ ਲਈ ਆਏ ਹਨ। ਉਨ੍ਹਾਂ ਵਿਚ ਅਜਿਹੇ ਵਿਅਕਤੀ ਵੀ ਹਨ ਜੋ ਪਿਸ਼ਾਚਾਂ, ਅਰਥਾਤ ਸ਼ਤਾਨ ਦੇ ਦੁਸ਼ਟ ਦੂਤਾਂ ਦੁਆਰਾ ਸਤਾਏ ਹੋਏ ਹਨ।
ਜਿਉਂ ਹੀ ਯਿਸੂ ਹੇਠਾਂ ਆਉਂਦਾ ਹੈ, ਬੀਮਾਰ ਲੋਕੀ ਉਸ ਨੂੰ ਛੋਹਣ ਲਈ ਲਾਗੇ ਆਉਂਦੇ ਹਨ, ਅਤੇ ਉਹ ਉਨ੍ਹਾਂ ਸਾਰਿਆਂ ਨੂੰ ਚੰਗੇ ਕਰਦਾ ਹੈ। ਬਾਅਦ ਵਿਚ, ਪ੍ਰਤੀਤ ਹੁੰਦਾ ਹੈ ਕਿ ਯਿਸੂ ਪਹਾੜ ਦੀ ਇਕ ਥੋੜ੍ਹੀ ਉੱਚੀ ਥਾਂ ਤੇ ਚੜ੍ਹ ਜਾਂਦਾ ਹੈ। ਉੱਥੇ ਉਹ ਬੈਠ ਕੇ ਆਪਣੇ ਸਾਮ੍ਹਣੇ ਪੱਧਰੀ ਥਾਂ ਤੇ ਫੈਲੀ ਭੀੜ ਨੂੰ ਸਿੱਖਿਆ ਦੇਣੀ ਸ਼ੁਰੂ ਕਰਦਾ ਹੈ। ਅਤੇ ਜ਼ਰਾ ਸੋਚੋ! ਹੁਣ ਸਾਰੇ ਹਾਜ਼ਰੀਨਾਂ ਵਿਚ ਇਕ ਵੀ ਵਿਅਕਤੀ ਅਜਿਹਾ ਨਹੀਂ ਜੋ ਕਿਸੇ ਗੰਭੀਰ ਬੀਮਾਰੀ ਤੋਂ ਦੁਖੀ ਹੈ!
ਲੋਕੀ ਇਸ ਸਿੱਖਿਅਕ ਨੂੰ ਸੁਣਨ ਲਈ ਉਤਾਵਲੇ ਹਨ ਜੋ ਇਨ੍ਹਾਂ ਅਦਭੁਤ ਚਮਤਕਾਰਾਂ ਨੂੰ ਕਰਨ ਦੇ ਯੋਗ ਹੈ। ਪਰੰਤੂ, ਯਿਸੂ ਖ਼ਾਸ ਤੌਰ ਤੇ ਆਪਣੇ ਚੇਲਿਆਂ ਦੇ ਲਾਭ ਲਈ ਆਪਣਾ ਉਪਦੇਸ਼ ਦੇ ਰਿਹਾ ਹੈ, ਜੋ ਸ਼ਾਇਦ ਉਸ ਦੇ ਆਲੇ-ਦੁਆਲੇ ਸਭ ਤੋਂ ਨਜ਼ਦੀਕ ਇਕੱਠੇ ਹੋਏ ਹਨ। ਪਰੰਤੂ ਇਸ ਲਈ ਕਿ ਅਸੀਂ ਵੀ ਲਾਭ ਲੈ ਸਕੀਏ, ਮੱਤੀ ਅਤੇ ਲੂਕਾ ਦੋਨਾਂ ਨੇ ਇਸ ਨੂੰ ਦਰਜ ਕੀਤਾ ਹੈ।
ਇਸ ਉਪਦੇਸ਼ ਬਾਰੇ ਮੱਤੀ ਦਾ ਬਿਰਤਾਂਤ ਲੂਕਾ ਦੇ ਬਿਰਤਾਂਤ ਨਾਲੋਂ ਲਗਭਗ ਚਾਰ ਗੁਣਾ ਲੰਬਾ ਹੈ। ਇਸ ਤੋਂ ਇਲਾਵਾ, ਮੱਤੀ ਦੁਆਰਾ ਦਰਜ ਕੀਤੇ ਗਏ ਕੁਝ ਹਿੱਸਿਆਂ ਨੂੰ ਲੂਕਾ, ਯਿਸੂ ਦੁਆਰਾ ਆਪਣੀ ਸੇਵਕਾਈ ਦੇ ਦੌਰਾਨ ਕਿਸੇ ਹੋਰ ਸਮੇਂ ਤੇ ਕਹੀਆਂ ਗਈਆਂ ਗੱਲਾਂ ਦੇ ਤੌਰ ਤੇ ਪੇਸ਼ ਕਰਦਾ ਹੈ, ਜਿਵੇਂ ਕਿ ਮੱਤੀ 6:9-13 ਦਾ ਲੂਕਾ 11:1-4 ਨਾਲ, ਅਤੇ ਮੱਤੀ 6:25-34 ਦਾ ਲੂਕਾ 12:22-31 ਨਾਲ ਤੁਲਨਾ ਕਰ ਕੇ ਦੇਖਿਆ ਜਾ ਸਕਦਾ ਹੈ। ਫਿਰ ਵੀ, ਇਹ ਹੈਰਾਨੀਜਨਕ ਨਹੀਂ ਹੋਣਾ ਚਾਹੀਦਾ। ਸਪੱਸ਼ਟ ਹੈ ਕਿ ਯਿਸੂ ਨੇ ਇੱਕੋ ਜਿਹੀਆਂ ਗੱਲਾਂ ਨੂੰ ਕਈ ਵਾਰੀ ਸਿਖਾਇਆ ਹੈ, ਅਤੇ ਲੂਕਾ ਇਨ੍ਹਾਂ ਸਿੱਖਿਆਵਾਂ ਵਿੱਚੋਂ ਕੁਝ-ਕੁ ਨੂੰ ਇਕ ਵੱਖਰੀ ਸਥਿਤੀ ਵਿਚ ਦਰਜ ਕਰਨ ਲਈ ਚੁਣਦਾ ਹੈ।
ਯਿਸੂ ਦੇ ਉਪਦੇਸ਼ ਨੂੰ ਜੋ ਗੱਲ ਇੰਨਾ ਮਹੱਤਵਪੂਰਣ ਬਣਾਉਂਦੀ ਹੈ ਉਹ ਨਾ ਕੇਵਲ ਇਸ ਦੀ ਅਧਿਆਤਮਿਕ ਸਾਮੱਗਰੀ ਦੀ ਗਹਿਰਾਈ ਹੈ ਪਰੰਤੂ ਸਰਲਤਾ ਅਤੇ ਸਪੱਸ਼ਟਤਾ ਵੀ ਹੈ ਜਿਸ ਨਾਲ ਉਹ ਇਨ੍ਹਾਂ ਸੱਚਾਈਆਂ ਨੂੰ ਪੇਸ਼ ਕਰਦਾ ਹੈ। ਉਹ ਸਾਧਾਰਣ ਤਜਰਬਿਆਂ ਅਤੇ ਲੋਕਾਂ ਵੱਲੋਂ ਜਾਣੂ ਚੀਜ਼ਾਂ ਦਾ ਇਸਤੇਮਾਲ ਕਰਦਾ ਹੈ, ਅਤੇ ਇਸ ਤਰ੍ਹਾਂ ਉਸ ਦੇ ਵਿਚਾਰ ਉਨ੍ਹਾਂ ਸਾਰਿਆਂ ਦੇ ਸਮਝਣ ਲਈ ਆਸਾਨ ਬਣ ਜਾਂਦੇ ਹਨ ਜੋ ਪਰਮੇਸ਼ੁਰ ਦੇ ਰਾਹ ਵਿਚ ਬਿਹਤਰ ਜੀਵਨ ਨੂੰ ਭਾਲ ਰਹੇ ਹਨ।
ਕੌਣ ਸੱਚ-ਮੁੱਚ ਖ਼ੁਸ਼ ਹਨ?
ਹਰ ਕੋਈ ਖ਼ੁਸ਼ ਹੋਣਾ ਚਾਹੁੰਦਾ ਹੈ। ਇਸ ਨੂੰ ਸਮਝਦੇ ਹੋਏ, ਯਿਸੂ ਉਨ੍ਹਾਂ ਲੋਕਾਂ ਬਾਰੇ ਬਿਆਨ ਕਰਦੇ ਹੋਏ ਆਪਣਾ ਪਹਾੜੀ ਉਪਦੇਸ਼ ਸ਼ੁਰੂ ਕਰਦਾ ਹੈ ਜੋ ਸੱਚ-ਮੁੱਚ ਖ਼ੁਸ਼ ਹਨ। ਜਿਵੇਂ ਅਸੀਂ ਕਲਪਨਾ ਕਰ ਸਕਦੇ ਹਾਂ, ਇਹ ਗੱਲ ਤੁਰੰਤ ਹੀ ਉਸ ਦੇ ਵਿਸ਼ਾਲ ਹਾਜ਼ਰੀਨਾਂ ਦਾ ਧਿਆਨ ਖਿੱਚ ਲੈਂਦੀ ਹੈ। ਅਤੇ ਫਿਰ ਵੀ ਉਸ ਦੇ ਪਹਿਲੇ ਕੁਝ ਸ਼ਬਦ ਬਹੁਤਿਆਂ ਨੂੰ ਜ਼ਰੂਰ ਪਰਸਪਰ ਵਿਰੋਧੀ ਪ੍ਰਤੀਤ ਹੋਏ ਹੋਣਗੇ।
ਆਪਣੇ ਚੇਲਿਆਂ ਵੱਲ ਆਪਣੀਆਂ ਟਿੱਪਣੀਆਂ ਨਿਰਦੇਸ਼ਿਤ ਕਰਦੇ ਹੋਏ, ਯਿਸੂ ਸ਼ੁਰੂ ਕਰਦਾ ਹੈ: “ਖ਼ੁਸ਼ ਹੋ ਤੁਸੀਂ ਜੋ ਗ਼ਰੀਬ ਹੋ, ਕਿਉਂ ਜੋ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ। ਖ਼ੁਸ਼ ਹੋ ਤੁਸੀਂ ਜੋ ਹੁਣ ਭੁੱਖੇ ਹੋ, ਕਿਉਂ ਜੋ ਤੁਸੀਂ ਰੱਜਾਏ ਜਾਉਗੇ। ਖ਼ੁਸ਼ ਹੋ ਤੁਸੀਂ ਜੋ ਹੁਣ ਰੋਂਦੇ ਹੋ, ਕਿਉਂ ਜੋ ਤੁਸੀਂ ਹੱਸੋਗੇ। ਖ਼ੁਸ਼ ਹੋ ਤੁਸੀਂ ਜਦੋਂ ਮਨੁੱਖ ਤੁਹਾਡੇ ਨਾਲ ਵੈਰ ਰੱਖਣ . . . ਉਸ ਦਿਨ ਆਨੰਦ ਕਰੋ ਅਤੇ ਉੱਛਲੋ, ਕਿਉਂ ਜੋ ਦੇਖੋ! ਤੁਹਾਡਾ ਫਲ ਸਵਰਗ ਵਿਚ ਵੱਡਾ ਹੈ।”—ਨਿ ਵ.
ਇਹ ਲੂਕਾ ਦੇ ਬਿਰਤਾਂਤ ਦੇ ਅਨੁਸਾਰ ਯਿਸੂ ਦੇ ਉਪਦੇਸ਼ ਦੀ ਪ੍ਰਸਤਾਵਨਾ ਹੈ। ਪਰੰਤੂ ਮੱਤੀ ਦੇ ਬਿਰਤਾਂਤ ਦੇ ਅਨੁਸਾਰ, ਯਿਸੂ ਇਹ ਵੀ ਕਹਿੰਦਾ ਹੈ ਕਿ ਹਲੀਮ, ਦਇਆਵਾਨ, ਸ਼ੁੱਧ ਮਨ, ਅਤੇ ਮੇਲ ਕਰਾਉਣ ਵਾਲੇ ਖ਼ੁਸ਼ ਹਨ। ਯਿਸੂ ਕਹਿੰਦਾ ਹੈ ਕਿ ਉਹ ਖ਼ੁਸ਼ ਹਨ ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ, ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ, ਉਹ ਪਰਮੇਸ਼ੁਰ ਨੂੰ ਦੇਖਣਗੇ, ਅਤੇ ਉਹ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।
ਪਰੰਤੂ, ਖ਼ੁਸ਼ ਹੋਣ ਤੋਂ ਯਿਸੂ ਦਾ ਕੇਵਲ ਇਹ ਮਤਲਬ ਨਹੀਂ ਹੈ ਕਿ ਆਨੰਦਮਈ ਜਾਂ ਖ਼ੁਸ਼ਦਿਲ ਹੋਣਾ ਜਿਵੇਂ ਜਦੋਂ ਕੋਈ ਦਿਲਪਰਚਾਵਾ ਕਰਦਾ ਹੈ। ਸੱਚੀ ਖ਼ੁਸ਼ੀ ਜ਼ਿਆਦਾ ਗਹਿਰੀ ਹੁੰਦੀ ਹੈ, ਅਤੇ ਸੰਤੋਖ ਦਾ ਭਾਵ ਰੱਖਦੀ ਹੈ, ਅਰਥਾਤ ਜੀਵਨ ਵਿਚ ਸੰਤੁਸ਼ਟੀ ਅਤੇ ਪੂਰਤੀ ਦਾ ਭਾਵ।
ਇਸ ਲਈ ਯਿਸੂ ਦਿਖਾਉਂਦਾ ਹੈ ਕਿ ਉਹ ਲੋਕ ਸੱਚ-ਮੁੱਚ ਖ਼ੁਸ਼ ਹਨ ਜੋ ਆਪਣੀ ਅਧਿਆਤਮਿਕ ਲੋੜ ਨੂੰ ਪਛਾਣਦੇ ਹਨ, ਆਪਣੀ ਪਾਪੀ ਦਸ਼ਾ ਦੇ ਕਾਰਨ ਉਦਾਸ ਹਨ, ਅਤੇ ਪਰਮੇਸ਼ੁਰ ਨੂੰ ਜਾਣ ਲੈਂਦੇ ਅਤੇ ਉਸ ਦੀ ਸੇਵਾ ਕਰਦੇ ਹਨ। ਫਿਰ, ਭਾਵੇਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨਾਲ ਨਫ਼ਰਤ ਕੀਤੀ ਜਾਂਦੀ ਹੈ ਜਾਂ ਉਹ ਸਤਾਏ ਜਾਂਦੇ ਹਨ, ਉਹ ਖ਼ੁਸ਼ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਹ ਪਰਮੇਸ਼ੁਰ ਨੂੰ ਖ਼ੁਸ਼ ਕਰ ਰਹੇ ਹਨ ਅਤੇ ਸਦੀਪਕ ਜੀਵਨ ਦਾ ਉਸ ਦਾ ਇਨਾਮ ਪ੍ਰਾਪਤ ਕਰਨਗੇ।
ਪਰੰਤੂ, ਯਿਸੂ ਦੇ ਸੁਣਨ ਵਾਲਿਆਂ ਵਿੱਚੋਂ ਬਹੁਤ ਲੋਕ, ਅੱਜ ਦੇ ਕੁਝ ਲੋਕਾਂ ਵਾਂਗ ਵਿਸ਼ਵਾਸ ਕਰਦੇ ਹਨ ਕਿ ਖ਼ੁਸ਼ਹਾਲ ਹੋਣਾ ਅਤੇ ਆਨੰਦ ਮਾਣਨਾ ਇਕ ਵਿਅਕਤੀ ਨੂੰ ਖ਼ੁਸ਼ ਬਣਾਉਂਦਾ ਹੈ। ਯਿਸੂ ਇਸ ਦੇ ਉਲਟ ਜਾਣਦਾ ਹੈ। ਭਿੰਨਤਾ ਵਿਖਾਉਂਦੇ ਹੋਏ ਜਿਸ ਤੋਂ ਉਸ ਦੇ ਸੁਣਨ ਵਾਲਿਆਂ ਵਿੱਚੋਂ ਬਹੁਤੇਰੇ ਜ਼ਰੂਰ ਹੈਰਾਨ ਹੋਏ ਹੋਣਗੇ, ਯਿਸੂ ਕਹਿੰਦਾ ਹੈ:
“ਹਾਇ ਤੁਹਾਨੂੰ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ। ਹਾਇ ਤੁਹਾਨੂੰ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ। ਹਾਇ ਤੁਹਾਨੂੰ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ। ਹਾਇ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰਾਂ ਕੀਤਾ।”
ਯਿਸੂ ਦਾ ਕੀ ਮਤਲਬ ਹੈ? ਕਿਉਂ ਧਨਵਾਨ ਹੋਣਾ, ਹੱਸਦਿਆਂ ਹੋਇਆਂ ਆਨੰਦ ਦਾ ਪਿੱਛਾ ਕਰਨਾ, ਅਤੇ ਮਨੁੱਖਾਂ ਦੀ ਪ੍ਰਸ਼ੰਸਾ ਦਾ ਆਨੰਦ ਲੈਣਾ ਹਾਇ ਲਿਆਉਂਦੇ ਹਨ? ਇਹ ਇਸ ਲਈ ਹੈ ਕਿਉਂਕਿ ਜਦੋਂ ਇਕ ਵਿਅਕਤੀ ਕੋਲ ਇਹ ਚੀਜ਼ਾਂ ਹੁੰਦੀਆਂ ਹਨ ਅਤੇ ਉਹ ਇਨ੍ਹਾਂ ਨਾਲ ਹਿੱਤ ਕਰਦਾ ਹੈ ਤਦ ਪਰਮੇਸ਼ੁਰ ਦੀ ਸੇਵਾ, ਜੋ ਇਕੱਲੀ ਹੀ ਸੱਚੀ ਖ਼ੁਸ਼ੀ ਲਿਆਉਂਦੀ ਹੈ, ਉਸ ਦੀ ਜ਼ਿੰਦਗੀ ਵਿੱਚੋਂ ਛੇਕੀ ਜਾਂਦੀ ਹੈ। ਨਾਲ ਹੀ, ਯਿਸੂ ਦਾ ਇਹ ਮਤਲਬ ਨਹੀਂ ਸੀ ਕਿ ਗ਼ਰੀਬ ਹੋਣਾ, ਭੁੱਖੇ ਹੋਣਾ, ਅਤੇ ਗਮਗੀਣ ਹੋਣਾ ਇਕ ਵਿਅਕਤੀ ਨੂੰ ਖ਼ੁਸ਼ ਬਣਾਉਂਦਾ ਹੈ। ਪਰੰਤੂ, ਅਕਸਰ ਅਜਿਹੇ ਪਿਛੜੇ ਵਿਅਕਤੀ ਸ਼ਾਇਦ ਯਿਸੂ ਦੀ ਸਿੱਖਿਆ ਨੂੰ ਪ੍ਰਤਿਕ੍ਰਿਆ ਦਿਖਾਉਣ, ਅਤੇ ਸਿੱਟੇ ਵਜੋਂ, ਉਨ੍ਹਾਂ ਨੂੰ ਸੱਚੀ ਖ਼ੁਸ਼ੀ ਦੀ ਬਰਕਤ ਹਾਸਲ ਹੁੰਦੀ ਹੈ।
ਅੱਗੇ ਆਪਣੇ ਚੇਲਿਆਂ ਨੂੰ ਸੰਬੋਧਿਤ ਕਰਦੇ ਹੋਏ, ਯਿਸੂ ਕਹਿੰਦਾ ਹੈ: “ਤੁਸੀਂ ਧਰਤੀ ਦੇ ਲੂਣ ਹੋ।” ਨਿਰਸੰਦੇਹ, ਉਸ ਦਾ ਇਹ ਮਤਲਬ ਨਹੀਂ ਹੈ ਕਿ ਉਹ ਵਾਸਤਵ ਵਿਚ ਲੂਣ ਹਨ। ਇਸ ਦੀ ਬਜਾਇ, ਲੂਣ ਰੱਖਿਆ-ਸਾਧਨ ਹੁੰਦਾ ਹੈ। ਇਸ ਦਾ ਇਕ ਵੱਡਾ ਢੇਰ ਯਹੋਵਾਹ ਦੀ ਹੈਕਲ ਵਿਖੇ ਜਗਵੇਦੀ ਦੇ ਨੇੜੇ ਪਿਆ ਹੁੰਦਾ ਸੀ, ਅਤੇ ਉੱਥੇ ਕਾਇਮਮੁਕਾਮ ਜਾਜਕ ਭੇਟਾਂ ਨੂੰ ਲੂਣ ਲਾਉਣ ਵਾਸਤੇ ਇਸ ਨੂੰ ਇਸਤੇਮਾਲ ਕਰਦੇ ਸਨ।
ਯਿਸੂ ਦੇ ਚੇਲੇ “ਧਰਤੀ ਦੇ ਲੂਣ” ਹਨ ਕਿਉਂਕਿ ਉਹ ਲੋਕਾਂ ਉੱਤੇ ਇਕ ਸੁਰੱਖਿਅਕ ਪ੍ਰਭਾਵ ਪਾਉਂਦੇ ਹਨ। ਅਸਲ ਵਿਚ, ਜੋ ਸੰਦੇਸ਼ ਉਹ ਦਿੰਦੇ ਹਨ ਇਹ ਉਨ੍ਹਾਂ ਸਾਰਿਆਂ ਦੇ ਜੀਵਨ ਨੂੰ ਬਚਾਏਗਾ ਜੋ ਇਸ ਦੇ ਪ੍ਰਤੀ ਪ੍ਰਤਿਕ੍ਰਿਆ ਦਿਖਾਉਂਦੇ ਹਨ! ਇਹ ਇਨ੍ਹਾਂ ਵਿਅਕਤੀਆਂ ਦੇ ਜੀਵਨ ਵਿਚ ਉਹ ਸਥਿਰਤਾ, ਨਿਸ਼ਠਾ ਅਤੇ ਵਫ਼ਾਦਾਰੀ ਦੇ ਗੁਣ ਲਿਆਉਂਦਾ ਹੈ, ਜੋ ਉਨ੍ਹਾਂ ਵਿਚ ਕਿਸੇ ਵੀ ਤਰ੍ਹਾਂ ਦੇ ਅਧਿਆਤਮਿਕ ਅਤੇ ਨੈਤਿਕ ਪਤਨ ਨੂੰ ਰੋਕੇਗਾ।
“ਤੁਸੀਂ ਜਗਤ ਦੇ ਚਾਨਣ ਹੋ,” ਯਿਸੂ ਆਪਣੇ ਚੇਲਿਆਂ ਨੂੰ ਦੱਸਦਾ ਹੈ। ਇਕ ਦੀਵੇ ਨੂੰ ਟੋਕਰੇ ਹੇਠਾਂ ਨਹੀਂ ਪਰੰਤੂ ਦੀਵਟ ਤੇ ਰੱਖਿਆ ਜਾਂਦਾ ਹੈ, ਇਸ ਲਈ ਯਿਸੂ ਕਹਿੰਦਾ ਹੈ: “ਇਸੇ ਤਰਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ।” ਯਿਸੂ ਦੇ ਚੇਲੇ ਆਪਣੀ ਜਨਤਕ ਗਵਾਹੀ ਦੁਆਰਾ, ਅਤੇ ਨਾਲ ਹੀ ਬਾਈਬਲ ਸਿਧਾਂਤਾਂ ਦੇ ਅਨੁਰੂਪ ਚਾਲ-ਚਲਣ ਦੇ ਉਜੱਲ ਉਦਾਹਰਣ ਬਣ ਕੇ, ਇੰਜ ਕਰਦੇ ਹਨ।
ਆਪਣੇ ਅਨੁਯਾਈਆਂ ਲਈ ਇਕ ਉੱਚ ਮਿਆਰ
ਧਾਰਮਿਕ ਆਗੂ ਯਿਸੂ ਨੂੰ ਪਰਮੇਸ਼ੁਰ ਦੀ ਬਿਵਸਥਾ ਦਾ ਉਲੰਘਕ ਸਮਝਦੇ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਉਸ ਨੂੰ ਮਾਰ ਦੇਣ ਦੀ ਵੀ ਸਲਾਹ ਕੀਤੀ ਸੀ। ਸੋ ਜਿਉਂ ਯਿਸੂ ਆਪਣਾ ਪਹਾੜੀ ਉਪਦੇਸ਼ ਜਾਰੀ ਰੱਖਦਾ ਹੈ, ਉਹ ਸਮਝਾਉਂਦਾ ਹੈ: “ਇਹ ਨਾ ਸਮਝੋ ਭਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆ ਹਾਂ।”
ਯਿਸੂ, ਪਰਮੇਸ਼ੁਰ ਦੀ ਬਿਵਸਥਾ ਦੀ ਵਧ ਤੋਂ ਵਧ ਕਦਰ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਉਤੇਜਿਤ ਕਰਦਾ ਹੈ। ਅਸਲ ਵਿਚ, ਉਹ ਕਹਿੰਦਾ ਹੈ: “ਸੋ ਜੋ ਕੋਈ ਇਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਅਤੇ ਇਸੇ ਤਰਾਂ ਮਨੁੱਖਾਂ ਨੂੰ ਸਿਖਲਾਵੇ ਸੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ,” ਅਰਥਾਤ ਕਿ ਅਜਿਹਾ ਵਿਅਕਤੀ ਰਾਜ ਵਿਚ ਬਿਲਕੁਲ ਹੀ ਨਹੀਂ ਵੜੇਗਾ।
ਪਰਮੇਸ਼ੁਰ ਦੀ ਬਿਵਸਥਾ ਨੂੰ ਤੁਛ ਜਾਣਨ ਤੋਂ ਕਿਤੇ ਦੂਰ, ਯਿਸੂ ਅਜਿਹੇ ਰਵੱਈਏ ਨੂੰ ਵੀ ਰੱਦ ਕਰਦਾ ਹੈ ਜੋ ਇਸ ਦੇ ਤੋੜਨ ਵੱਲ ਸਹਿਯੋਗ ਦਿੰਦਾ ਹੈ। ਇਹ ਆਖਣ ਤੋਂ ਬਾਅਦ ਕਿ ਬਿਵਸਥਾ ਕਹਿੰਦੀ ਹੈ, “ਤੂੰ ਖੂਨ ਨਾ ਕਰ,” ਯਿਸੂ ਅੱਗੇ ਕਹਿੰਦਾ ਹੈ: “ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ।”
ਕਿਉਂਕਿ ਆਪਣੇ ਸਾਥੀ ਨਾਲ ਲਗਾਤਾਰ ਕ੍ਰੋਧ ਕਰਨਾ ਇੰਨਾ ਗੰਭੀਰ ਹੈ, ਸ਼ਾਇਦ ਖੂਨ ਕਰਨ ਤਕ ਵੀ ਲੈ ਜਾਏ, ਯਿਸੂ ਇਕ ਦ੍ਰਿਸ਼ਟਾਂਤ ਦੁਆਰਾ ਸਮਝਾਉਂਦਾ ਹੈ ਕਿ ਇਕ ਵਿਅਕਤੀ ਨੂੰ ਸ਼ਾਂਤੀ ਪ੍ਰਾਪਤ ਕਰਨ ਲਈ ਕਿਸ ਹੱਦ ਤਕ ਜਾਣਾ ਚਾਹੀਦਾ ਹੈ। ਉਹ ਹਿਦਾਇਤ ਦਿੰਦਾ ਹੈ: “ਸੋ ਜੇ ਤੂੰ ਜਗਵੇਦੀ ਉੱਤੇ ਆਪਣੀ [ਬਲੀ ਸੰਬੰਧੀ] ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ, ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾ।”
ਦਸ ਹੁਕਮਾਂ ਵਿੱਚੋਂ ਸੱਤਵੇਂ ਹੁਕਮ ਵੱਲ ਧਿਆਨ ਦਿੰਦੇ ਹੋਏ, ਯਿਸੂ ਅੱਗੇ ਕਹਿੰਦਾ ਹੈ: “ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਸ਼ਨਾਹ ਨਾ ਕਰ।” ਪਰੰਤੂ, ਯਿਸੂ ਜ਼ਨਾਹ ਪ੍ਰਤੀ ਦ੍ਰਿੜ੍ਹ ਰੁਝਾਨ ਨੂੰ ਵੀ ਰੱਦ ਕਰਦਾ ਹੈ। “ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ [“ਹੀ ਰਹਿੰਦਾ,” ਨਿ ਵ] ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”
ਯਿਸੂ ਇੱਥੇ ਸਿਰਫ਼ ਇਕ ਸਰਸਰੀ ਅਨੈਤਿਕ ਵਿਚਾਰ ਬਾਰੇ ਨਹੀਂ, ਪਰੰਤੂ ‘ਵੇਖਦੇ ਹੀ ਰਹਿਣ’ ਬਾਰੇ ਬੋਲ ਰਿਹਾ ਹੈ। ਇਸ ਤਰ੍ਹਾਂ ਲਗਾਤਾਰ ਦੇਖਦੇ ਰਹਿਣ ਨਾਲ ਕਾਮੀ ਭਾਵਨਾਵਾਂ ਪੈਦਾ ਹੁੰਦੀਆਂ ਹਨ, ਜੋ ਮੌਕਾ ਮਿਲਣ ਤੇ, ਜ਼ਨਾਹ ਵਿਚ ਪਰਿਣਿਤ ਹੋ ਸਕਦੀਆਂ ਹਨ। ਕਿਸ ਤਰ੍ਹਾਂ ਇਕ ਵਿਅਕਤੀ ਇਸ ਨੂੰ ਵਾਪਰਨ ਤੋਂ ਰੋਕ ਸਕਦਾ ਹੈ? ਯਿਸੂ ਦ੍ਰਿਸ਼ਟਾਂਤ ਦੁਆਰਾ ਸਮਝਾਉਂਦੇ ਹੋਏ ਕਿ ਕਿਵੇਂ ਸਖ਼ਤ ਕਦਮ ਜ਼ਰੂਰੀ ਹੋ ਸਕਦੇ ਹਨ, ਕਹਿੰਦਾ ਹੈ: “ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ . . . ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ।”
ਅਕਸਰ ਲੋਕ ਆਪਣੀਆਂ ਜਾਨਾਂ ਬਚਾਉਣ ਵਾਸਤੇ ਆਪਣੇ ਉਸ ਵਾਸਤਵਿਕ ਅੰਗ ਨੂੰ ਬਲੀਦਾਨ ਕਰਨ ਲਈ ਤਿਆਰ ਹੋ ਜਾਂਦੇ ਹਨ ਜੋ ਰੋਗ-ਗ੍ਰਸਤ ਹੁੰਦਾ ਹੈ। ਪਰੰਤੂ ਯਿਸੂ ਦੇ ਅਨੁਸਾਰ, ਅਨੈਤਿਕ ਵਿਚਾਰ ਅਤੇ ਕੰਮਾਂ ਤੋਂ ਬਚਣ ਲਈ ਕੁਝ ਵੀ, ਇੱਥੋਂ ਤਕ ਕਿ ਇਕ ਅੱਖ ਜਾਂ ਇਕ ਹੱਥ ਵਰਗੀ ਅਨਮੋਲ ਚੀਜ਼ ਨੂੰ ਵੀ ਸੁੱਟ ਦੇਣਾ ਹੋਰ ਵੀ ਅਤਿ-ਆਵੱਸ਼ਕ ਹੈ। ਨਹੀਂ ਤਾਂ, ਯਿਸੂ ਵਿਆਖਿਆ ਕਰਦਾ ਹੈ, ਅਜਿਹੇ ਵਿਅਕਤੀ ਗ਼ਹੈਨਾ (ਯਰੂਸ਼ਲਮ ਦੇ ਨੇੜੇ ਬਲਦਾ ਹੋਇਆ ਕੂੜੇ ਦਾ ਇਕ ਢੇਰ) ਵਿਚ ਸੁੱਟੇ ਜਾਣਗੇ, ਜੋ ਸਦੀਪਕ ਨਾਸ਼ ਨੂੰ ਸੰਕੇਤ ਕਰਦਾ ਹੈ।
ਯਿਸੂ ਇਸ ਗੱਲ ਤੇ ਵੀ ਚਰਚਾ ਕਰਦਾ ਹੈ ਕਿ ਉਨ੍ਹਾਂ ਲੋਕਾਂ ਨਾਲ ਕਿਸ ਤਰ੍ਹਾਂ ਵਰਤਾਉ ਕਰਨਾ ਹੈ ਜੋ ਚੋਟ ਅਤੇ ਠੇਸ ਪਹੁੰਚਾਉਂਦੇ ਹਨ। “ਦੁਸ਼ਟ ਦਾ ਸਾਹਮਣਾ ਨਾ ਕਰਨਾ,” ਇਹ ਉਸ ਦੀ ਸਲਾਹ ਹੈ। “ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ।” ਯਿਸੂ ਦੇ ਕਹਿਣ ਦਾ ਮਤਲਬ ਇਹ ਨਹੀਂ ਕਿ ਜੇਕਰ ਹਮਲਾ ਹੋਵੇ ਤਾਂ ਇਕ ਵਿਅਕਤੀ ਨੂੰ ਆਪਣਾ ਜਾਂ ਆਪਣੇ ਪਰਿਵਾਰ ਦਾ ਬਚਾਉ ਨਹੀਂ ਕਰਨਾ ਚਾਹੀਦਾ ਹੈ। ਇਕ ਚਪੇੜ ਦੂਜੇ ਵਿਅਕਤੀ ਨੂੰ ਸਰੀਰਕ ਤੌਰ ਤੇ ਸੱਟ ਪਹੁੰਚਾਉਣ ਲਈ ਨਹੀਂ ਪਰੰਤੂ ਇਸ ਦੀ ਬਜਾਇ ਬੇਇੱਜ਼ਤੀ ਕਰਨ ਲਈ ਮਾਰੀ ਜਾਂਦੀ ਹੈ। ਸੋ, ਯਿਸੂ ਜੋ ਕਹਿ ਰਿਹਾ ਹੈ ਉਹ ਇਹ ਹੈ ਕਿ ਜੇਕਰ ਕੋਈ ਵਾਸਤਵਿਕ ਤੌਰ ਤੇ ਖੁਲ੍ਹੇ ਹੱਥਾਂ ਨਾਲ ਚਪੇੜ ਮਾਰਨ ਦੁਆਰਾ ਜਾਂ ਬੇਇੱਜ਼ਤੀ ਭਰੇ ਸ਼ਬਦਾਂ ਨਾਲ ਚੁਭਾਉਣ ਦੁਆਰਾ, ਲੜਾਈ ਜਾਂ ਬਹਿਸ ਉਕਸਾਉਣ ਦੀ ਕੋਸ਼ਿਸ ਕਰਦਾ ਹੈ, ਤਾਂ ਬਦਲਾ ਲੈਣਾ ਗ਼ਲਤ ਹੋਵੇਗਾ।
ਆਪਣੇ ਗੁਆਂਢੀ ਨੂੰ ਪਿਆਰ ਕਰਨ ਬਾਰੇ ਪਰਮੇਸ਼ੁਰ ਦੇ ਨਿਯਮ ਵੱਲ ਧਿਆਨ ਖਿੱਚਣ ਤੋਂ ਬਾਅਦ, ਯਿਸੂ ਕਹਿੰਦਾ ਹੈ: “ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ।” ਇਹ ਕਰਨ ਲਈ ਇਕ ਸ਼ਕਤੀਸ਼ਾਲੀ ਕਾਰਨ ਦਿੰਦੇ ਹੋਏ, ਉਹ ਅੱਗੇ ਕਹਿੰਦਾ ਹੈ: “ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ।”
ਯਿਸੂ ਆਪਣੇ ਉਪਦੇਸ਼ ਦੇ ਇਸ ਹਿੱਸੇ ਨੂੰ ਇਹ ਤਾੜਨਾ ਦਿੰਦੇ ਹੋਏ ਸਮਾਪਤ ਕਰਦਾ ਹੈ: “ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।” ਯਿਸੂ ਦੇ ਕਹਿਣ ਦਾ ਮਤਲਬ ਇਹ ਨਹੀਂ ਹੈ ਕਿ ਲੋਕੀ ਪੂਰੇ ਅਰਥ ਵਿਚ ਸੰਪੂਰਣ ਹੋ ਸਕਦੇ ਹਨ। ਇਸ ਦੀ ਬਜਾਇ, ਪਰਮੇਸ਼ੁਰ ਦਾ ਅਨੁਕਰਣ ਕਰਦੇ ਹੋਏ ਉਹ ਆਪਣੇ ਵੈਰੀਆਂ ਨੂੰ ਵੀ ਪਿਆਰ ਕਰਨ ਲਈ ਆਪਣੇ ਪਿਆਰ ਨੂੰ ਫੈਲਾ ਸਕਦੇ ਹਨ। ਲੂਕਾ ਦਾ ਸਮਰੂਪ ਬਿਰਤਾਂਤ ਯਿਸੂ ਦੇ ਸ਼ਬਦਾਂ ਨੂੰ ਇਸ ਤਰ੍ਹਾਂ ਦਰਜ ਕਰਦਾ ਹੈ: “ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ।”
ਪ੍ਰਾਰਥਨਾ, ਅਤੇ ਪਰਮੇਸ਼ੁਰ ਵਿਚ ਭਰੋਸਾ
ਜਿਉਂ-ਜਿਉਂ ਯਿਸੂ ਆਪਣਾ ਉਪਦੇਸ਼ ਜਾਰੀ ਰੱਖਦਾ ਹੈ, ਉਹ ਉਨ੍ਹਾਂ ਲੋਕਾਂ ਦੇ ਪਖੰਡ ਨੂੰ ਰੱਦ ਕਰਦਾ ਹੈ ਜੋ ਆਪਣੀ ਅਖਾਉਤੀ ਭਗਤੀ ਦਾ ਦਿਖਾਵਾ ਕਰਦੇ ਹਨ। “ਜਦ ਤੂੰ ਦਾਨ ਕਰੇਂ,” ਉਹ ਕਹਿੰਦਾ ਹੈ, “ਆਪਣੇ ਮੁਹਰੇ ਤੁਰਹੀ ਨਾ ਬਜਵਾ ਜਿਸ ਪਰਕਾਰ ਕਪਟੀ . . . ਕਰਦੇ ਹਨ।”
“ਅਤੇ,” ਯਿਸੂ ਅੱਗੇ ਕਹਿੰਦਾ ਹੈ, “ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਙੁ ਨਾ ਹੋ ਕਿਉਂ ਜੋ ਓਹ ਸਮਾਜਾਂ ਅਤੇ ਚੌਂਕਾਂ ਦੇ ਖੂੰਜਿਆਂ ਵਿੱਚ ਖੜੇ ਹੋਕੇ ਪ੍ਰਾਰਥਨਾ ਕਰਨੀ ਪਸਿੰਦ ਕਰਦੇ ਹਨ ਜੋ ਮਨੁੱਖ ਉਨ੍ਹਾਂ ਨੂੰ ਵੇਖਣ।” ਇਸ ਦੀ ਬਜਾਇ, ਉਹ ਹਿਦਾਇਤ ਦਿੰਦਾ ਹੈ: “ਜਾਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੀ ਕੋਠੜੀ ਵਿੱਚ ਵੜ ਅਤੇ ਆਪਣਾ ਬੂਹਾ ਭੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਹੈ ਪ੍ਰਾਰਥਨਾ ਕਰ।” ਯਿਸੂ ਨੇ ਖ਼ੁਦ ਜਨਤਕ ਪ੍ਰਾਰਥਨਾਵਾਂ ਕਹੀਆਂ, ਇਸ ਲਈ ਉਹ ਇਨ੍ਹਾਂ ਨੂੰ ਰੱਦ ਨਹੀਂ ਕਰ ਰਿਹਾ ਹੈ। ਉਹ ਉਨ੍ਹਾਂ ਪ੍ਰਾਰਥਨਾਵਾਂ ਦੀ ਨਿੰਦਿਆ ਕਰ ਰਿਹਾ ਹੈ ਜੋ ਆਪਣੇ ਸੁਣਨ ਵਾਲਿਆਂ ਨੂੰ ਪ੍ਰਭਾਵਿਤ ਕਰਨ ਲਈ ਅਤੇ ਉਨ੍ਹਾਂ ਦੀ ਪ੍ਰਸ਼ੰਸਾਮਈ ਵਡਿਆਈ ਪ੍ਰਾਪਤ ਕਰਨ ਲਈ ਕੀਤੀਆਂ ਜਾਂਦੀਆਂ ਹਨ।
ਯਿਸੂ ਅੱਗੇ ਸਲਾਹ ਦਿੰਦਾ ਹੈ: “ਜਦੋਂ ਪ੍ਰਾਰਥਨਾ ਕਰਦੇ ਹੋ, ਤਾਂ ਇੱਕੋ ਗੱਲ ਨੂੰ ਬਾਰ-ਬਾਰ ਨਾ ਕਹੋ, ਜਿਵੇਂ ਪਰਾਈਆਂ ਕੌਮਾਂ ਦੇ ਲੋਕ ਕਰਦੇ ਹਨ।” (ਨਿ ਵ) ਯਿਸੂ ਦਾ ਇਹ ਮਤਲਬ ਨਹੀਂ ਹੈ ਕਿ ਦੁਹਰਾਉ ਆਪਣੇ ਆਪ ਵਿਚ ਗ਼ਲਤ ਹੈ। ਇਕ ਵਾਰੀ, ਉਸ ਨੇ ਖ਼ੁਦ ਪ੍ਰਾਰਥਨਾ ਕਰਦੇ ਸਮੇਂ ਬਾਰ-ਬਾਰ “ਉਹੋ ਗੱਲ” ਦੁਹਰਾਈ ਸੀ। ਪਰੰਤੂ ਉਹ ਯਾਦ ਕੀਤੀਆਂ ਉਕਤੀਆਂ ਨੂੰ “ਬਾਰ-ਬਾਰ” ਦੁਹਰਾਉਣ ਨੂੰ ਰੱਦ ਕਰਦਾ ਹੈ, ਜਿਸ ਤਰ੍ਹਾਂ ਮਾਲਾ ਫੇਰਨ ਵਾਲੇ ਲੋਕ ਆਪਣੀਆਂ ਪ੍ਰਾਰਥਨਾਵਾਂ ਨੂੰ ਆਦਤ ਵਜੋਂ ਦੁਹਰਾਉਂਦੇ ਹੋਏ ਕਰਦੇ ਹਨ।
ਆਪਣੇ ਸੁਣਨ ਵਾਲਿਆਂ ਨੂੰ ਪ੍ਰਾਰਥਨਾ ਕਰਨ ਵਿਚ ਮਦਦ ਕਰਨ ਲਈ, ਯਿਸੂ ਇਕ ਆਦਰਸ਼ ਪ੍ਰਾਰਥਨਾ ਪੇਸ਼ ਕਰਦਾ ਹੈ ਜਿਸ ਵਿਚ ਸੱਤ ਬੇਨਤੀਆਂ ਸ਼ਾਮਲ ਹਨ। ਪਹਿਲੀਆਂ ਤਿੰਨ ਬੇਨਤੀਆਂ ਉਚਿਤ ਤੌਰ ਤੇ ਪਰਮੇਸ਼ੁਰ ਦੀ ਸਰਬਸੱਤਾ ਅਤੇ ਉਸ ਦੇ ਉਦੇਸ਼ਾਂ ਨੂੰ ਮਾਨਤਾ ਦਿੰਦੀਆਂ ਹਨ। ਇਹ ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਕਰਨ, ਉਸ ਦੇ ਰਾਜ ਦੇ ਆਉਣ, ਅਤੇ ਉਸ ਦੀ ਮਰਜ਼ੀ ਪੂਰੀ ਹੋਣ ਦੇ ਲਈ ਬੇਨਤੀਆਂ ਹਨ। ਬਾਕੀ ਚਾਰ ਨਿੱਜੀ ਬੇਨਤੀਆਂ ਹਨ, ਅਰਥਾਤ, ਰੋਜ਼ਾਨਾ ਭੋਜਨ ਲਈ, ਪਾਪਾਂ ਦੀ ਮਾਫ਼ੀ ਲਈ, ਪਰਤਾਵੇ ਵਿਚ ਨਾ ਆਉਣ ਲਈ, ਅਤੇ ਦੁਸ਼ਟ ਤੋਂ ਬਚੇ ਰਹਿਣ ਲਈ ਬੇਨਤੀ।
ਯਿਸੂ ਅੱਗੇ ਬੋਲਦੇ ਹੋਏ ਭੌਤਿਕ ਵਸਤਾਂ ਉੱਤੇ ਨਾਜਾਇਜ਼ ਜ਼ੋਰ ਪਾਉਣ ਦੇ ਫੰਦੇ ਬਾਰੇ ਗੱਲ ਕਰਦਾ ਹੈ। ਉਹ ਜ਼ੋਰ ਦਿੰਦਾ ਹੈ: “ਆਪਣੇ ਲਈ ਧਰਤੀ ਉੱਤੇ ਧਨ ਨਾ ਜੋੜੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਰ ਜਿੱਥੇ ਚੋਰ ਸੰਨ੍ਹ ਮਾਰਦੇ ਅਤੇ ਚੁਰਾਉਂਦੇ ਹਨ।” ਅਜਿਹੇ ਧਨ ਨਾ ਕੇਵਲ ਨਾਸ਼ਵਾਨ ਹਨ ਸਗੋਂ ਇਹ ਪਰਮੇਸ਼ੁਰ ਤੋਂ ਕੋਈ ਪੁੰਨ-ਫਲ ਨਹੀਂ ਕਮਾਉਂਦੇ ਹਨ।
ਇਸ ਲਈ ਯਿਸੂ ਕਹਿੰਦਾ ਹੈ: “ਪਰ ਸੁਰਗ ਵਿੱਚ ਆਪਣੇ ਲਈ ਧਨ ਜੋੜੋ।” ਇਹ ਪਰਮੇਸ਼ੁਰ ਦੀ ਸੇਵਾ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਦੇਣ ਦੇ ਦੁਆਰਾ ਕੀਤਾ ਜਾਂਦਾ ਹੈ। ਪਰਮੇਸ਼ੁਰ ਕੋਲ ਇਸ ਤਰ੍ਹਾਂ ਜਮ੍ਹਾ ਕੀਤੇ ਹੋਏ ਪੁੰਨ-ਫਲ ਨੂੰ ਜਾਂ ਇਸ ਦੇ ਮਹਾਨ ਇਨਾਮ ਨੂੰ ਸਾਡੇ ਤੋਂ ਕੋਈ ਨਹੀਂ ਖੋਹ ਸਕਦਾ। ਫਿਰ ਯਿਸੂ ਅੱਗੇ ਕਹਿੰਦਾ ਹੈ: “ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ।”
ਭੌਤਿਕਵਾਦ ਦੇ ਫੰਦੇ ਨੂੰ ਅੱਗੇ ਸੰਬੋਧਿਤ ਕਰਦੇ ਹੋਏ ਯਿਸੂ ਇਕ ਦ੍ਰਿਸ਼ਟਾਂਤ ਦਿੰਦਾ ਹੈ: “ਸਰੀਰ ਦਾ ਦੀਵਾ ਅੱਖ ਹੈ, ਇਸ ਲਈ ਜੇ ਤੇਰੀ ਅੱਖ ਨਿਰਮਲ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ। ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਅਨ੍ਹੇਰਾ ਹੋਵੇਗਾ।” ਜਿਹੜੀ ਅੱਖ ਸਹੀ ਕੰਮ ਕਰਦੀ ਹੈ ਉਹ ਸਰੀਰ ਲਈ ਇਕ ਅਨ੍ਹੇਰੀ ਥਾਂ ਵਿਚ ਇਕ ਰੌਸ਼ਨ ਦੀਵੇ ਵਾਂਗ ਹੈ। ਪਰੰਤੂ ਸਪੱਸ਼ਟ ਦੇਖਣ ਲਈ ਅੱਖ ਦਾ ਨਿਰਮਲ ਹੋਣਾ, ਅਰਥਾਤ ਇਹ ਨੂੰ ਇਕ ਚੀਜ਼ ਉੱਤੇ ਕੇਂਦ੍ਰਿਤ ਹੋਣਾ ਜ਼ਰੂਰੀ ਹੈ। ਇਕ ਅਣ-ਕੇਂਦ੍ਰਿਤ ਅੱਖ ਚੀਜ਼ਾਂ ਦੇ ਗ਼ਲਤ ਅਨੁਮਾਨ, ਯਾਨੀ ਕਿ ਭੌਤਿਕ ਚੀਜ਼ਾਂ ਨੂੰ ਪਰਮੇਸ਼ੁਰ ਦੀ ਸੇਵਾ ਤੋਂ ਪਹਿਲਾਂ ਰੱਖਣ ਵੱਲ ਲੈ ਜਾਂਦੀ ਹੈ ਜਿਸ ਦਾ ਨਤੀਜਾ ਹੁੰਦਾ ਹੈ ਕਿ “ਸਾਰਾ ਸਰੀਰ” ਅਨ੍ਹੇਰਾ ਹੋ ਜਾਂਦਾ ਹੈ।
ਯਿਸੂ ਇਕ ਸ਼ਕਤੀਸ਼ਾਲੀ ਦ੍ਰਿਸ਼ਟਾਂਤ ਨਾਲ ਇਸ ਵਿਸ਼ੇ ਦੇ ਸਿਖਰ ਤੇ ਪਹੁੰਚਦਾ ਹੈ: “ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸੱਕਦਾ ਕਿਉਂ ਜੋ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ ਯਾ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ੁਰ ਅਤੇ ਮਾਯਾ ਦੋਹਾਂ ਦੀ ਸੇਵਾ ਨਹੀਂ ਕਰ ਸੱਕਦੇ ਹੋ।”
ਇਹ ਸਲਾਹ ਦੇਣ ਤੋਂ ਬਾਅਦ ਯਿਸੂ ਆਪਣੇ ਸੁਣਨ ਵਾਲਿਆਂ ਨੂੰ ਤਸੱਲੀ ਦਿੰਦਾ ਹੈ ਕਿ ਜੇਕਰ ਉਹ ਪਰਮੇਸ਼ੁਰ ਦੀ ਸੇਵਾ ਨੂੰ ਪਹਿਲਾਂ ਰੱਖਣ ਤਾਂ ਉਨ੍ਹਾਂ ਨੂੰ ਆਪਣੀਆਂ ਭੌਤਿਕ ਲੋੜਾਂ ਬਾਰੇ ਚਿੰਤਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। “ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ,” ਉਹ ਕਹਿੰਦਾ ਹੈ, “ਜੋ ਓਹ ਨਾ ਬੀਜਦੇ ਨਾ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠੇ ਕਰਦੇ ਹਨ ਅਰ ਤੁਹਾਡਾ ਸੁਰਗੀ ਪਿਤਾ ਉਨ੍ਹਾਂ ਦੀ ਪਿਰਤਪਾਲ ਕਰਦਾ ਹੈ।” ਫਿਰ ਉਹ ਪੁੱਛਦਾ ਹੈ: “ਭਲਾ, ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ?”
ਫਿਰ, ਯਿਸੂ ਜੰਗਲੀ ਸੋਸਨਾਂ ਵੱਲ ਇਸ਼ਾਰਾ ਕਰਦਾ ਹੈ ਅਤੇ ਕਹਿੰਦਾ ਹੈ ਕਿ “ਸੁਲੇਮਾਨ ਵੀ ਆਪਣੀ ਸਾਰੀ ਭੜਕ ਵਿੱਚ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ।” ਉਹ ਅੱਗੇ ਕਹਿੰਦਾ ਹੈ, “ਸੋ ਜਾਂ ਪਰਮੇਸ਼ੁਰ ਜੰਗਲੀ ਬੂਟੀ ਨੂੰ . . . ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜੀ ਪਰਤੀਤ ਵਾਲਿਓ ਭਲਾ, ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ?” ਇਸ ਲਈ ਯਿਸੂ ਸਮਾਪਤ ਕਰਦਾ ਹੈ: “ਤੁਸੀਂ ਚਿੰਤਾ ਕਰ ਕੇ ਇਹ ਨਾ ਕਹੋ ਭਈ ਕੀ ਖਾਵਾਂਗੇ? ਯਾ ਕੀ ਪੀਵਾਂਗੇ? ਯਾ ਕੀ ਪਹਿਨਾਂਗੇ? . . . ਕਿਉਂ ਜੋ ਤੁਹਾਡਾ ਸੁਰਗੀ ਪਿਤਾ ਜਾਣਦਾ ਹੈ ਜੋ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ। ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ।”
ਜੀਵਨ ਨੂੰ ਜਾਣ ਵਾਲਾ ਰਾਹ
ਜੀਵਨ ਨੂੰ ਜਾਣ ਵਾਲਾ ਰਾਹ, ਯਿਸੂ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨਾ ਹੈ। ਪਰੰਤੂ ਇਹ ਕਰਨਾ ਆਸਾਨ ਨਹੀਂ ਹੈ। ਉਦਾਹਰਣ ਲਈ, ਫ਼ਰੀਸੀ ਸਖ਼ਤੀ ਨਾਲ ਦੂਜਿਆਂ ਦਾ ਨਿਆਉਂ ਕਰਨ ਵੱਲ ਝੁਕਾਉ ਹਨ ਅਤੇ ਸੰਭਵ ਹੈ ਕਿ ਬਹੁਤੇਰੇ ਉਨ੍ਹਾਂ ਦਾ ਅਨੁਕਰਣ ਕਰਦੇ ਹਨ। ਇਸ ਲਈ ਜਿਵੇਂ ਯਿਸੂ ਆਪਣੇ ਪਹਾੜੀ ਉਪਦੇਸ਼ ਨੂੰ ਜਾਰੀ ਰੱਖਦਾ ਹੈ, ਉਹ ਇਹ ਚੇਤਾਵਨੀ ਦਿੰਦਾ ਹੈ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ।”
ਬੇਹੱਦ ਹੀ ਆਲੋਚਨਾਤਮਕ ਫ਼ਰੀਸੀਆਂ ਦੇ ਮਗਰ ਲੱਗਣਾ ਖ਼ਤਰਨਾਕ ਹੈ। ਲੂਕਾ ਦੇ ਬਿਰਤਾਂਤ ਦੇ ਅਨੁਸਾਰ, ਯਿਸੂ ਇਸ ਖ਼ਤਰੇ ਨੂੰ ਇਹ ਕਹਿੰਦੇ ਹੋਏ ਦਰਸਾਉਂਦਾ ਹੈ: “ਭਲਾ, ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸੱਕਦਾ ਹੈ? ਕੀ ਓਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ?”
ਦੂਜਿਆਂ ਦੇ ਬਾਰੇ ਅਤਿ-ਆਲੋਚਨਾਤਮਕ ਹੋਣਾ, ਉਨ੍ਹਾਂ ਦੀਆਂ ਗ਼ਲਤੀਆਂ ਨੂੰ ਵਧਾ-ਚੜ੍ਹਾ ਕੇ ਦੇਖਣਾ ਅਤੇ ਉਨ੍ਹਾਂ ਵਿਚ ਨੁਕਸ ਲੱਭਣਾ ਇਕ ਗੰਭੀਰ ਅਪਰਾਧ ਹੈ। ਇਸ ਲਈ ਯਿਸੂ ਪੁੱਛਦਾ ਹੈ: “ਕਿੱਕੁਰ ਤੂੰ ਆਪਣੇ ਭਾਈ ਨੂੰ ਆਖੇਂਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਸੁੱਟਾਂ ਅਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ! ਹੇ ਕਪਟੀ ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਚੰਗੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਆਪਣੇ ਭਾਈ ਦੀ ਅੱਖੋਂ ਕੱਢ ਸੱਕੇਂਗਾ।”
ਇਸ ਦਾ ਇਹ ਮਤਲਬ ਨਹੀਂ ਹੈ ਕਿ ਯਿਸੂ ਦੇ ਚੇਲਿਆਂ ਨੂੰ ਦੂਜੇ ਲੋਕਾਂ ਦੇ ਸੰਬੰਧ ਵਿਚ ਸਿਆਣਪ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਕਿਉਂਕਿ ਉਹ ਕਹਿੰਦਾ ਹੈ: “ਪਵਿੱਤ੍ਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ।” ਪਰਮੇਸ਼ੁਰ ਦੇ ਬਚਨ ਦੀਆਂ ਸੱਚਾਈਆਂ ਪਵਿੱਤਰ ਹਨ। ਉਹ ਪ੍ਰਤੀਕਾਤਮਕ ਮੋਤੀਆਂ ਵਾਂਗ ਹਨ। ਪਰੰਤੂ ਜੇਕਰ ਕਈ ਵਿਅਕਤੀ, ਜੋ ਕੁੱਤਿਆਂ ਜਾਂ ਸੂਰਾਂ ਵਾਂਗ ਹਨ, ਇਨ੍ਹਾਂ ਬਹੁਮੁੱਲੀਆਂ ਸੱਚਾਈਆਂ ਲਈ ਕਦਰ ਨਾ ਦਿਖਾਉਣ ਤਾਂ ਯਿਸੂ ਦੇ ਚੇਲਿਆਂ ਨੂੰ ਇਨ੍ਹਾਂ ਲੋਕਾਂ ਨੂੰ ਛੱਡ ਕੇ ਉਨ੍ਹਾਂ ਨੂੰ ਲੱਭਣਾ ਚਾਹੀਦਾ ਹੈ ਜੋ ਜ਼ਿਆਦਾ ਗ੍ਰਹਿਣਸ਼ੀਲ ਹਨ।
ਭਾਵੇਂ ਕਿ ਯਿਸੂ ਆਪਣੇ ਪਹਾੜੀ ਉਪਦੇਸ਼ ਵਿਚ ਪ੍ਰਾਰਥਨਾ ਬਾਰੇ ਪਹਿਲਾਂ ਹੀ ਚਰਚਾ ਕਰ ਚੁੱਕਾ ਹੈ, ਉਹ ਹੁਣ ਇਸ ਵਿਚ ਲੱਗੇ ਰਹਿਣ ਦੀ ਲੋੜ ਤੇ ਜ਼ੋਰ ਦਿੰਦਾ ਹੈ। “ਮੰਗੋ,” ਉਹ ਉਤੇਜਿਤ ਕਰਦਾ ਹੈ, “ਤਾਂ ਤੁਹਾਨੂੰ ਦਿੱਤਾ ਜਾਵੇਗਾ।” ਪ੍ਰਾਰਥਨਾ ਦੇ ਜਵਾਬ ਦੇਣ ਵਿਚ ਪਰਮੇਸ਼ੁਰ ਦੀ ਤਤਪਰਤਾ ਨੂੰ ਦਰਸਾਉਣ ਲਈ ਯਿਸੂ ਪੁੱਛਦਾ ਹੈ: “ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਕਿ ਜੇ ਉਸ ਦਾ ਪੁੱਤ੍ਰ ਉਸ ਤੋਂ ਰੋਟੀ ਮੰਗੇ ਤਾਂ ਉਹ ਨੂੰ ਪੱਥਰ ਦੇਵੇ? . . . ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਕਿੰਨਾ ਵਧੀਕ ਤੁਹਾਡਾ ਸੁਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਦੇਵੇਗਾ!”
ਇਸ ਤੋਂ ਬਾਅਦ ਯਿਸੂ ਇਕ ਅਜਿਹਾ ਨਿਯਮ ਦਿੰਦਾ ਹੈ ਜੋ ਆਚਰਣ ਦਾ ਪ੍ਰਸਿੱਧ ਨਿਯਮ ਬਣ ਗਿਆ ਹੈ, ਜਿਹੜਾ ਆਮ ਤੌਰ ਤੇ ਸੁਨਹਿਰਾ ਨਿਯਮ ਅਖਵਾਉਂਦਾ ਹੈ। ਉਹ ਕਹਿੰਦਾ ਹੈ: “ਸੋ ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” ਇਸ ਨਿਯਮ ਦੇ ਅਨੁਸਾਰ ਚੱਲਣ ਵਿਚ ਇਹ ਸ਼ਾਮਲ ਹੈ ਕਿ ਜਿਵੇਂ ਤੁਸੀਂ ਆਪਣੇ ਨਾਲ ਚਾਹੁੰਦੇ ਹੋ, ਉਸੇ ਤਰ੍ਹਾਂ ਦੂਜਿਆਂ ਲੋਕਾਂ ਨਾਲ ਵਰਤਾਉ ਕਰਦੇ ਹੋਏ, ਉਨ੍ਹਾਂ ਪ੍ਰਤੀ ਚੰਗਾ ਕਰਨ ਲਈ ਸਕਾਰਾਤਮਕ ਕਦਮ ਚੁੱਕੋ।
ਜੀਵਨ ਨੂੰ ਜਾਣ ਵਾਲਾ ਰਾਹ ਆਸਾਨ ਨਹੀਂ ਹੈ, ਇਹ ਯਿਸੂ ਦੀ ਇਸ ਹਿਦਾਇਤ ਦੁਆਰਾ ਪ੍ਰਗਟ ਹੁੰਦਾ ਹੈ: “ਭੀੜੇ ਫਾਟਕ ਤੋਂ ਵੜੋ ਕਿਉਂ ਜੋ ਮੋਕਲਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਨੂੰ ਜਾਂਦਾ ਹੈ ਅਰ ਬਹੁਤੇ ਹਨ ਜਿਹੜੇ ਉਸ ਤੋਂ ਜਾਂਦੇ ਹਨ। ਅਤੇ ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।”
ਭਰਮਾਏ ਜਾਣ ਦਾ ਖ਼ਤਰਾ ਵੱਡਾ ਹੈ, ਇਸ ਲਈ ਯਿਸੂ ਚੇਤਾਵਨੀ ਦਿੰਦਾ ਹੈ: “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ।” ਜਿਸ ਤਰ੍ਹਾਂ ਅੱਛੇ ਬਿਰਛ ਅਤੇ ਮਾੜੇ ਬਿਰਛ ਆਪਣੇ ਫਲਾਂ ਦੁਆਰਾ ਪਛਾਣੇ ਜਾ ਸਕਦੇ ਹਨ, ਯਿਸੂ ਬਿਆਨ ਕਰਦਾ ਹੈ, ਝੂਠੇ ਨਬੀ ਆਪਣੇ ਆਚਰਣ ਅਤੇ ਸਿੱਖਿਆਵਾਂ ਤੋਂ ਪਛਾਣੇ ਜਾ ਸਕਦੇ ਹਨ।
ਅੱਗੇ ਚਰਚਾ ਕਰਦੇ ਹੋਏ, ਯਿਸੂ ਸਮਝਾਉਂਦਾ ਹੈ ਕਿ ਇਕ ਵਿਅਕਤੀ ਕੇਵਲ ਜੋ ਉਹ ਕਹਿੰਦਾ ਹੈ ਤੋਂ ਨਹੀਂ, ਬਲਕਿ ਜੋ ਉਹ ਕਰਦਾ ਹੈ ਤੋਂ ਉਸ ਦਾ ਚੇਲਾ ਠਹਿਰਦਾ ਹੈ। ਕਈ ਲੋਕੀ ਦਾਅਵਾ ਕਰਦੇ ਹਨ ਕਿ ਯਿਸੂ ਉਨ੍ਹਾਂ ਦਾ ਪ੍ਰਭੂ ਹੈ, ਪਰੰਤੂ ਜੇਕਰ ਉਹ ਉਸ ਦੇ ਪਿਤਾ ਦੀ ਇੱਛਾ ਪੂਰੀ ਨਹੀਂ ਕਰਦੇ ਹਨ, ਉਹ ਕਹਿੰਦਾ ਹੈ: “ਮੈਂ ਉਨ੍ਹਾਂ ਨੂੰ ਸਾਫ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!”
ਆਖ਼ਰ ਵਿਚ, ਯਿਸੂ ਆਪਣੇ ਉਪਦੇਸ਼ ਨੂੰ ਯਾਦ ਰੱਖਣ ਯੋਗ ਸਮਾਪਤੀ ਦਿੰਦਾ ਹੈ। ਉਹ ਕਹਿੰਦਾ ਹੈ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਚੱਲਦਾ ਹੈ ਉਹ ਉਸ ਬੁੱਧਵਾਨ ਵਰਗਾ ਜਾਣਿਆ ਜਾਵੇਗਾ ਜਿਹ ਨੇ ਪੱਥਰ ਉੱਤੇ ਆਪਣਾ ਘਰ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਨਾ ਡਿੱਗਿਆ ਕਿਉਂਕਿ ਉਹ ਦੀ ਨਿਉਂ ਪੱਥਰ ਉੱਤੇ ਧਰੀ ਹੋਈ ਸੀ।”
ਦੂਜੇ ਪਾਸੇ, ਯਿਸੂ ਐਲਾਨ ਕਰਦਾ ਹੈ: “ਹਰੇਕ ਜੋ ਮੇਰੇ ਏਹ ਬਚਨ ਸੁਣਦਾ ਅਤੇ ਉਨ੍ਹਾਂ ਉੱਤੇ ਨਹੀਂ ਚੱਲਦਾ ਉਹ ਉਸ ਮੂਰਖ ਵਰਗਾ ਠਹਿਰਾਇਆ ਜਾਵੇਗਾ ਜਿਹ ਨੇ ਆਪਣਾ ਘਰ ਰੇਤ ਉੱਤੇ ਬਣਾਇਆ। ਅਤੇ ਮੀਂਹ ਵਰ੍ਹਿਆ ਅਤੇ ਹੜ੍ਹ ਆਏ ਅਤੇ ਅਨ੍ਹੇਰੀਆਂ ਵਗੀਆਂ ਅਰ ਉਸ ਘਰ ਨੂੰ ਧੱਕਾ ਮਾਰਿਆ ਅਤੇ ਉਹ ਢਹਿ ਪਿਆ ਅਤੇ ਉਹ ਦਾ ਵੱਡਾ ਨਾਸ ਹੋਇਆ।”
ਜਦੋਂ ਯਿਸੂ ਆਪਣਾ ਉਪਦੇਸ਼ ਸਮਾਪਤ ਕਰਦਾ ਹੈ, ਤਾਂ ਭੀੜ ਉਸ ਦੇ ਸਿੱਖਿਆ ਦੇਣ ਦੇ ਢੰਗ ਤੋਂ ਬਹੁਤ ਹੈਰਾਨ ਹੁੰਦੀ ਹੈ ਕਿਉਂ ਜੋ ਉਹ ਉਨ੍ਹਾਂ ਨੂੰ ਇਕ ਇਖ਼ਤਿਆਰ ਵਾਲੇ ਵਿਅਕਤੀ ਵਾਂਗ ਸਿਖਾਉਂਦਾ ਹੈ ਨਾ ਕਿ ਉਨ੍ਹਾਂ ਦੇ ਧਾਰਮਿਕ ਆਗੂਆਂ ਵਾਂਗ। ਲੂਕਾ 6:12-23; ਮੱਤੀ 5:1-12; ਲੂਕਾ 6:24-26; ਮੱਤੀ 5:13-48; 6:1-34; 26:36-45; 7:1-29; ਲੂਕਾ 6:27-49.
▪ ਯਿਸੂ ਕਿੱਥੇ ਹੈ ਜਦੋਂ ਉਹ ਆਪਣਾ ਸਭ ਤੋਂ ਜ਼ਿਆਦਾ ਯਾਦ ਰੱਖਣ ਯੋਗ ਉਪਦੇਸ਼ ਦਿੰਦਾ ਹੈ, ਕੌਣ ਹਾਜ਼ਰ ਹਨ, ਅਤੇ ਉਸ ਦੇ ਉਪਦੇਸ਼ ਦੇਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਕੀ ਵਾਪਰਿਆ ਹੈ?
▪ ਇਹ ਹੈਰਾਨੀਜਨਕ ਕਿਉਂ ਨਹੀਂ ਹੈ ਕਿ ਲੂਕਾ ਉਪਦੇਸ਼ ਦੀਆਂ ਕੁਝ ਸਿੱਖਿਆਵਾਂ ਨੂੰ ਕਿਸੇ ਹੋਰ ਸਥਿਤੀ ਵਿਚ ਦਰਜ ਕਰਦਾ ਹੈ?
▪ ਕਿਹੜੀ ਗੱਲ ਯਿਸੂ ਦੇ ਉਪਦੇਸ਼ ਨੂੰ ਇੰਨਾ ਮਹੱਤਵਪੂਰਣ ਬਣਾਉਂਦੀ ਹੈ?
▪ ਕੌਣ ਸੱਚ-ਮੁੱਚ ਖ਼ੁਸ਼ ਹਨ, ਅਤੇ ਕਿਉਂ?
▪ ਕਿਨ੍ਹਾਂ ਉੱਤੇ ਹਾਇ ਆਉਂਦੀ ਹੈ, ਅਤੇ ਕਿਉਂ?
▪ ਯਿਸੂ ਦੇ ਚੇਲੇ ਕਿਸ ਤਰ੍ਹਾਂ “ਧਰਤੀ ਦੇ ਲੂਣ” ਅਤੇ “ਜਗਤ ਦੇ ਚਾਨਣ” ਹਨ?
▪ ਯਿਸੂ ਪਰਮੇਸ਼ੁਰ ਦੀ ਬਿਵਸਥਾ ਲਈ ਕਿਸ ਤਰ੍ਹਾਂ ਵੱਡੀ ਕਦਰ ਦਿਖਾਉਂਦਾ ਹੈ?
▪ ਯਿਸੂ ਖੂਨ ਕਰਨ ਅਤੇ ਜ਼ਨਾਹ ਦਿਆਂ ਕਾਰਨਾਂ ਨੂੰ ਜੜ੍ਹੋਂ ਉਖਾੜਨ ਲਈ ਕੀ ਹਿਦਾਇਤ ਦਿੰਦਾ ਹੈ?
▪ ਯਿਸੂ ਦਾ ਕੀ ਮਤਲਬ ਹੈ ਜਦੋਂ ਉਹ ਦੂਈ ਗੱਲ੍ਹ ਭੁਆਣ ਬਾਰੇ ਬੋਲਦਾ ਹੈ?
▪ ਅਸੀਂ ਕਿਸ ਤਰ੍ਹਾਂ ਸੰਪੂਰਣ ਹੋ ਸਕਦੇ ਹਾਂ ਜਿਵੇਂ ਪਰਮੇਸ਼ੁਰ ਸੰਪੂਰਣ ਹੈ?
▪ ਯਿਸੂ ਪ੍ਰਾਰਥਨਾ ਬਾਰੇ ਕਿਹੜੀਆਂ ਹਿਦਾਇਤਾਂ ਦਿੰਦਾ ਹੈ?
▪ ਸਵਰਗੀ ਧਨ ਕਿਉਂ ਉੱਤਮ ਹਨ, ਅਤੇ ਇਹ ਕਿਸ ਤਰ੍ਹਾਂ ਪ੍ਰਾਪਤ ਕੀਤੇ ਜਾਂਦੇ ਹਨ?
▪ ਇਕ ਵਿਅਕਤੀ ਨੂੰ ਭੌਤਿਕਵਾਦ ਤੋਂ ਬਚਣ ਵਿਚ ਮਦਦ ਕਰਨ ਵਾਸਤੇ ਕਿਹੜੇ ਦ੍ਰਿਸ਼ਟਾਂਤ ਦਿੱਤੇ ਗਏ ਹਨ?
▪ ਯਿਸੂ ਕਿਉਂ ਕਹਿੰਦਾ ਹੈ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ?
▪ ਦੂਜਿਆਂ ਦਾ ਨਿਆਉਂ ਕਰਨ ਬਾਰੇ ਯਿਸੂ ਕੀ ਕਹਿੰਦਾ ਹੈ; ਫਿਰ ਵੀ ਉਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਸ ਦੇ ਚੇਲਿਆਂ ਨੂੰ ਲੋਕਾਂ ਦੇ ਸੰਬੰਧ ਵਿਚ ਸਿਆਣਪ ਇਸਤੇਮਾਲ ਕਰਨ ਦੀ ਲੋੜ ਹੈ?
▪ ਯਿਸੂ ਪ੍ਰਾਰਥਨਾ ਦੇ ਸੰਬੰਧ ਵਿਚ ਹੋਰ ਅੱਗੇ ਕੀ ਕਹਿੰਦਾ ਹੈ, ਅਤੇ ਉਹ ਆਚਰਣ ਦਾ ਕਿਹੜਾ ਨਿਯਮ ਦਿੰਦਾ ਹੈ?
▪ ਯਿਸੂ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਜੀਵਨ ਨੂੰ ਜਾਣ ਵਾਲਾ ਰਾਹ ਆਸਾਨ ਨਹੀਂ ਹੋਵੇਗਾ ਅਤੇ ਕਿ ਭਰਮਾਏ ਜਾਣ ਦਾ ਖ਼ਤਰਾ ਹੈ?
▪ ਯਿਸੂ ਕਿਸ ਤਰ੍ਹਾਂ ਆਪਣਾ ਉਪਦੇਸ਼ ਸਮਾਪਤ ਕਰਦਾ ਹੈ, ਅਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ?