ਪਾਠ 16
ਯਿਸੂ ਨੇ ਧਰਤੀ ਉੱਤੇ ਕੀ ਕੀਤਾ?
ਤੁਸੀਂ ਯਿਸੂ ਬਾਰੇ ਕੀ ਜਾਣਦੇ ਹੋ? ਸ਼ਾਇਦ ਤੁਸੀਂ ਸੁਣਿਆ ਹੋਵੇ ਕਿ ਉਹ ਰੱਬ ਦਾ ਬੰਦਾ ਸੀ ਜਾਂ ਸ਼ਾਇਦ ਤੁਹਾਡੇ ਮਨ ਵਿਚ ਇਕ ਬੱਚੇ ਦੀ ਜਾਂ ਸੂਲ਼ੀ ʼਤੇ ਟੰਗੇ ਆਦਮੀ ਦੀ ਤਸਵੀਰ ਆਵੇ। ਜਦੋਂ ਅਸੀਂ ਬਾਈਬਲ ਤੋਂ ਯਿਸੂ ਬਾਰੇ ਪੜ੍ਹਾਂਗੇ, ਤਾਂ ਸਾਨੂੰ ਉਸ ਬਾਰੇ ਹੋਰ ਵੀ ਗੱਲਾਂ ਪਤਾ ਲੱਗਣਗੀਆਂ। ਆਓ ਇਸ ਪਾਠ ਵਿਚ ਯਿਸੂ ਦੇ ਕੁਝ ਸ਼ਾਨਦਾਰ ਕੰਮਾਂ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਉਨ੍ਹਾਂ ਦਾ ਸਾਡੇ ʼਤੇ ਕੀ ਅਸਰ ਪੈਂਦਾ ਹੈ।
1. ਯਿਸੂ ਲਈ ਸਭ ਤੋਂ ਜ਼ਰੂਰੀ ਕੰਮ ਕਿਹੜਾ ਸੀ?
ਯਿਸੂ ਨੇ ਕਿਹਾ ਸੀ ਕਿ ਉਸ ਲਈ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ” ਕਰਨਾ ਸਭ ਤੋਂ ਜ਼ਰੂਰੀ ਕੰਮ ਹੈ। (ਲੂਕਾ 4:43 ਪੜ੍ਹੋ।) ਉਸ ਨੇ ਦੱਸਿਆ ਕਿ ਪਰਮੇਸ਼ੁਰ ਬਹੁਤ ਜਲਦੀ ਆਪਣਾ ਰਾਜ ਯਾਨੀ ਸਰਕਾਰ ਖੜ੍ਹੀ ਕਰੇਗਾ ਜੋ ਇਨਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੇਵੇਗੀ।a ਯਿਸੂ ਨੇ ਇਹ ਖ਼ੁਸ਼ ਖ਼ਬਰੀ ਸੁਣਾਉਣ ਲਈ ਸਾਢੇ ਤਿੰਨ ਸਾਲ ਸਖ਼ਤ ਮਿਹਨਤ ਕੀਤੀ।—ਮੱਤੀ 9:35.
2. ਯਿਸੂ ਨੇ ਚਮਤਕਾਰ ਕਿਉਂ ਕੀਤੇ?
ਬਾਈਬਲ ਵਿਚ ਲਿਖਿਆ ਹੈ ਕਿ ‘ਪਰਮੇਸ਼ੁਰ ਨੇ ਯਿਸੂ ਰਾਹੀਂ ਕਰਾਮਾਤਾਂ ਤੇ ਚਮਤਕਾਰ ਕੀਤੇ ਅਤੇ ਨਿਸ਼ਾਨੀਆਂ ਦਿਖਾਈਆਂ।’ (ਰਸੂਲਾਂ ਦੇ ਕੰਮ 2:22) ਯਹੋਵਾਹ ਦੀ ਸ਼ਕਤੀ ਨਾਲ ਯਿਸੂ ਨੇ ਤੂਫ਼ਾਨ ਨੂੰ ਸ਼ਾਂਤ ਕੀਤਾ, ਹਜ਼ਾਰਾਂ ਹੀ ਲੋਕਾਂ ਨੂੰ ਖਾਣਾ ਖਿਲਾਇਆ, ਬੀਮਾਰਾਂ ਨੂੰ ਠੀਕ ਕੀਤਾ, ਇੱਥੋਂ ਤਕ ਕਿ ਮਰੇ ਹੋਇਆਂ ਨੂੰ ਵੀ ਜੀਉਂਦਾ ਕੀਤਾ। (ਮੱਤੀ 8:23-27; 14:15-21; ਮਰਕੁਸ 6:56; ਲੂਕਾ 7:11-17) ਯਿਸੂ ਦੇ ਚਮਤਕਾਰਾਂ ਤੋਂ ਸਾਬਤ ਹੁੰਦਾ ਹੈ ਕਿ ਯਹੋਵਾਹ ਨੇ ਹੀ ਉਸ ਨੂੰ ਭੇਜਿਆ ਸੀ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਕੋਲ ਸਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਨ ਦੀ ਤਾਕਤ ਹੈ।
3. ਯਿਸੂ ਨੇ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕੀਤੀ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
ਯਿਸੂ ਨੇ ਹਰ ਤਰ੍ਹਾਂ ਦੇ ਹਾਲਾਤਾਂ ਵਿਚ ਯਹੋਵਾਹ ਦਾ ਕਹਿਣਾ ਮੰਨਿਆ। (ਯੂਹੰਨਾ 8:29 ਪੜ੍ਹੋ।) ਭਾਵੇਂ ਉਸ ਦਾ ਬਹੁਤ ਵਿਰੋਧ ਹੋਇਆ, ਪਰ ਉਸ ਨੇ ਮਰਦੇ ਦਮ ਤਕ ਉਹੀ ਕੀਤਾ ਜੋ ਉਸ ਦਾ ਸਵਰਗੀ ਪਿਤਾ ਚਾਹੁੰਦਾ ਸੀ। ਉਸ ਨੇ ਸਾਬਤ ਕੀਤਾ ਕਿ ਹਾਲਾਤ ਚਾਹੇ ਕਿੰਨੇ ਵੀ ਔਖੇ ਕਿਉਂ ਨਾ ਹੋਣ, ਇਨਸਾਨ ਯਹੋਵਾਹ ਦੀ ਮਰਜ਼ੀ ਪੂਰੀ ਕਰ ਸਕਦੇ ਹਨ। ਇੱਦਾਂ ਕਰ ਕੇ ਉਸ ਨੇ ‘ਸਾਡੇ ਲਈ ਮਿਸਾਲ ਕਾਇਮ ਕੀਤੀ ਤਾਂਕਿ ਅਸੀਂ ਉਸ ਦੇ ਨਕਸ਼ੇ-ਕਦਮਾਂ ਉੱਤੇ ਧਿਆਨ ਨਾਲ ਚੱਲੀਏ।’—1 ਪਤਰਸ 2:21.
ਹੋਰ ਸਿੱਖੋ
ਯਿਸੂ ਨੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਿਵੇਂ ਕੀਤਾ? ਉਸ ਨੇ ਕਿਹੜੇ-ਕਿਹੜੇ ਚਮਤਕਾਰ ਕੀਤੇ? ਆਓ ਜਾਣੀਏ।
4. ਯਿਸੂ ਨੇ ਖ਼ੁਸ਼ ਖ਼ਬਰੀ ਸੁਣਾਈ
ਯਿਸੂ ਨੇ ਸੈਂਕੜੇ ਕਿਲੋਮੀਟਰ ਸਫ਼ਰ ਕੀਤਾ। ਉਹ ਕੱਚੇ ਰਾਹਾਂ ʼਤੇ ਪੈਦਲ ਤੁਰ ਕੇ ਲੋਕਾਂ ਕੋਲ ਗਿਆ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕੇ। ਲੂਕਾ 8:1 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਕੀ ਯਿਸੂ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਖ਼ੁਸ਼ ਖ਼ਬਰੀ ਸੁਣਾਉਂਦਾ ਸੀ ਜੋ ਉਸ ਕੋਲ ਆਉਂਦੇ ਸਨ?
ਯਿਸੂ ਨੇ ਖ਼ੁਸ਼ ਖ਼ਬਰੀ ਸੁਣਾਉਣ ਲਈ ਕਿੰਨੀ ਕੁ ਮਿਹਨਤ ਕੀਤੀ?
ਪਰਮੇਸ਼ੁਰ ਨੇ ਮਸੀਹ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਉਹ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵੇਗਾ। ਯਸਾਯਾਹ 61:1, 2 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਯਿਸੂ ਨੇ ਇਹ ਭਵਿੱਖਬਾਣੀ ਕਿਵੇਂ ਪੂਰੀ ਕੀਤੀ?
ਕੀ ਤੁਹਾਨੂੰ ਲੱਗਦਾ ਕਿ ਅੱਜ ਲੋਕਾਂ ਨੂੰ ਇਸ ਖ਼ੁਸ਼ ਖ਼ਬਰੀ ਦੀ ਲੋੜ ਹੈ?
5. ਯਿਸੂ ਨੇ ਵਧੀਆ ਸਲਾਹਾਂ ਦਿੱਤੀਆਂ
ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦੇ ਨਾਲ-ਨਾਲ ਯਿਸੂ ਨੇ ਕਈ ਚੰਗੀਆਂ ਸਲਾਹਾਂ ਵੀ ਦਿੱਤੀਆਂ। ਉਸ ਨੇ ਇੱਦਾਂ ਦੀਆਂ ਕੁਝ ਵਧੀਆ ਸਲਾਹਾਂ ਆਪਣੇ ਇਕ ਮਸ਼ਹੂਰ ਉਪਦੇਸ਼ ਵਿਚ ਦਿੱਤੀਆਂ ਜਿਸ ਨੂੰ ਪਹਾੜੀ ਉਪਦੇਸ਼ ਕਿਹਾ ਜਾਂਦਾ ਹੈ। ਮੱਤੀ 6:14, 34 ਅਤੇ 7:12 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰੋ:
ਇਨ੍ਹਾਂ ਆਇਤਾਂ ਵਿਚ ਯਿਸੂ ਨੇ ਕਿਹੜੀਆਂ ਵਧੀਆ ਸਲਾਹਾਂ ਦਿੱਤੀਆਂ?
ਕੀ ਤੁਹਾਨੂੰ ਲੱਗਦਾ ਕਿ ਇਹ ਸਲਾਹਾਂ ਅੱਜ ਵੀ ਫ਼ਾਇਦੇਮੰਦ ਹਨ?
6. ਯਿਸੂ ਨੇ ਕਈ ਚਮਤਕਾਰ ਕੀਤੇ
ਯਹੋਵਾਹ ਨੇ ਯਿਸੂ ਨੂੰ ਬਹੁਤ ਸਾਰੇ ਚਮਤਕਾਰ ਕਰਨ ਦੀ ਤਾਕਤ ਦਿੱਤੀ। ਉਸ ਦੇ ਇਕ ਚਮਤਕਾਰ ਬਾਰੇ ਜਾਣਨ ਲਈ ਮਰਕੁਸ 5:25-34 ਪੜ੍ਹੋ ਜਾਂ ਇਹ ਵੀਡੀਓ ਦੇਖੋ। ਫਿਰ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ।
ਉਸ ਔਰਤ ਨੂੰ ਕਿਹੜੀ ਗੱਲ ਦਾ ਪੱਕਾ ਯਕੀਨ ਸੀ?
ਇਸ ਚਮਤਕਾਰ ਦੀ ਕਿਹੜੀ ਗੱਲ ਤੁਹਾਡੇ ਦਿਲ ਨੂੰ ਛੂਹ ਗਈ?
ਯੂਹੰਨਾ 5:36 ਪੜ੍ਹੋ। ਫਿਰ ਇਸ ਸਵਾਲ ʼਤੇ ਚਰਚਾ ਕਰੋ:
ਯਿਸੂ ਦੇ ਚਮਤਕਾਰ ਉਸ ਬਾਰੇ ਕੀ “ਗਵਾਹੀ ਦਿੰਦੇ” ਹਨ ਜਾਂ ਕੀ ਸਾਬਤ ਕਰਦੇ ਹਨ?
ਕੀ ਤੁਹਾਨੂੰ ਪਤਾ?
ਯਿਸੂ ਬਾਰੇ ਜ਼ਿਆਦਾਤਰ ਜਾਣਕਾਰੀ ਬਾਈਬਲ ਦੀਆਂ ਇਨ੍ਹਾਂ ਚਾਰ ਕਿਤਾਬਾਂ ਤੋਂ ਮਿਲਦੀ ਹੈ—ਮੱਤੀ, ਮਰਕੁਸ, ਲੂਕਾ ਅਤੇ ਯੂਹੰਨਾ। ਇਨ੍ਹਾਂ ਕਿਤਾਬਾਂ ਨੂੰ ਇੰਜੀਲਾਂ ਵੀ ਕਿਹਾ ਜਾਂਦਾ ਹੈ। ਹਰ ਲਿਖਾਰੀ ਨੇ ਆਪਣੀ ਇੰਜੀਲ ਵਿਚ ਯਿਸੂ ਬਾਰੇ ਕੁਝ ਅਜਿਹੀ ਜਾਣਕਾਰੀ ਦਿੱਤੀ ਜੋ ਬਾਕੀ ਇੰਜੀਲਾਂ ਵਿਚ ਨਹੀਂ ਮਿਲਦੀ। ਇਨ੍ਹਾਂ ਚਾਰਾਂ ਕਿਤਾਬਾਂ ਨੂੰ ਪੜ੍ਹ ਕੇ ਸਾਡੇ ਮਨ ਵਿਚ ਯਿਸੂ ਦੀ ਜ਼ਿੰਦਗੀ ਦੀ ਪੂਰੀ ਤਸਵੀਰ ਬਣਦੀ ਹੈ।
ਮੱਤੀ
ਮੱਤੀ ਨੇ ਆਪਣੀ ਕਿਤਾਬ ਸਭ ਤੋਂ ਪਹਿਲਾਂ ਲਿਖੀ। ਉਸ ਨੇ ਯਿਸੂ ਦੀਆਂ ਕਈ ਸਿੱਖਿਆਵਾਂ ਬਾਰੇ ਦੱਸਿਆ, ਖ਼ਾਸ ਕਰਕੇ ਜੋ ਪਰਮੇਸ਼ੁਰ ਦੇ ਰਾਜ ਬਾਰੇ ਸਨ।
ਮਰਕੁਸ
ਮਰਕੁਸ ਦੀ ਕਿਤਾਬ ਬਾਕੀ ਤਿੰਨ ਕਿਤਾਬਾਂ ਨਾਲੋਂ ਛੋਟੀ ਹੈ। ਉਸ ਨੇ ਘੱਟ ਸ਼ਬਦਾਂ ਵਿਚ ਘਟਨਾਵਾਂ ਨੂੰ ਜ਼ਬਰਦਸਤ ਤਰੀਕੇ ਨਾਲ ਲਿਖਿਆ। ਇਸ ਨੂੰ ਪੜ੍ਹ ਕੇ ਇੱਦਾਂ ਲੱਗਦਾ ਜਿਵੇਂ ਘਟਨਾਵਾਂ ਫਟਾਫਟ ਹੋ ਰਹੀਆਂ ਹੋਣ।
ਲੂਕਾ
ਲੂਕਾ ਨੇ ਪ੍ਰਾਰਥਨਾ ਕਰਨ ਦੀ ਅਹਿਮੀਅਤ ʼਤੇ ਜ਼ੋਰ ਦਿੱਤਾ ਅਤੇ ਇਸ ਗੱਲ ਵੱਲ ਖ਼ਾਸ ਧਿਆਨ ਦਿਵਾਇਆ ਕਿ ਯਿਸੂ ਔਰਤਾਂ ਨਾਲ ਕਿਵੇਂ ਪੇਸ਼ ਆਇਆ।
ਯੂਹੰਨਾ
ਯੂਹੰਨਾ ਦੀ ਕਿਤਾਬ ਤੋਂ ਯਿਸੂ ਦੇ ਸੁਭਾਅ ਬਾਰੇ ਬਹੁਤ ਕੁਝ ਪਤਾ ਲੱਗਦਾ ਹੈ ਕਿਉਂਕਿ ਯੂਹੰਨਾ ਨੇ ਅਜਿਹੀਆਂ ਕਈ ਗੱਲਾਂ ਲਿਖੀਆਂ ਜੋ ਯਿਸੂ ਨੇ ਆਪਣੇ ਕਰੀਬੀ ਦੋਸਤਾਂ ਅਤੇ ਹੋਰ ਲੋਕਾਂ ਨਾਲ ਕੀਤੀਆਂ ਸਨ।
ਕੁਝ ਲੋਕਾਂ ਦਾ ਕਹਿਣਾ ਹੈ: “ਯਿਸੂ ਤਾਂ ਬੱਸ ਇਕ ਚੰਗਾ ਇਨਸਾਨ ਸੀ, ਹੋਰ ਕੁਝ ਨਹੀਂ।”
ਤੁਹਾਨੂੰ ਕੀ ਲੱਗਦਾ?
ਹੁਣ ਤਕ ਅਸੀਂ ਸਿੱਖਿਆ
ਯਿਸੂ ਨੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈ, ਕਈ ਚਮਤਕਾਰ ਕੀਤੇ ਅਤੇ ਹਰ ਹਾਲ ਵਿਚ ਯਹੋਵਾਹ ਦਾ ਕਹਿਣਾ ਮੰਨਿਆ।
ਤੁਸੀਂ ਕੀ ਕਹੋਗੇ?
ਯਿਸੂ ਲਈ ਸਭ ਤੋਂ ਜ਼ਰੂਰੀ ਕੰਮ ਕਿਹੜਾ ਸੀ?
ਯਿਸੂ ਦੇ ਚਮਤਕਾਰਾਂ ਤੋਂ ਕੀ ਸਾਬਤ ਹੋਇਆ?
ਯਿਸੂ ਨੇ ਕਿਹੜੀਆਂ ਵਧੀਆ ਸਲਾਹਾਂ ਦਿੱਤੀਆਂ?
ਇਹ ਵੀ ਦੇਖੋ
ਯਿਸੂ ਨੇ ਸਭ ਤੋਂ ਜ਼ਿਆਦਾ ਕਿਸ ਵਿਸ਼ੇ ਬਾਰੇ ਗੱਲ ਕੀਤੀ?
“ਰੱਬ ਦਾ ਰਾਜ—ਯਿਸੂ ਲਈ ਇੰਨਾ ਮਾਅਨੇ ਕਿਉਂ ਰੱਖਦਾ ਹੈ?” (ਪਹਿਰਾਬੁਰਜ, ਨਵੰਬਰ-ਦਸੰਬਰ 2014)
ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਨੇ ਸੱਚ-ਮੁੱਚ ਚਮਤਕਾਰ ਕੀਤੇ ਸਨ? ਆਓ ਜਾਣੀਏ।
“ਯਿਸੂ ਦੀਆਂ ਕਰਾਮਾਤਾਂ—ਤੁਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹੋ?” (ਪਹਿਰਾਬੁਰਜ, 15 ਜੁਲਾਈ 2004)
ਜਦੋਂ ਇਕ ਆਦਮੀ ਨੇ ਪੜ੍ਹਿਆ ਕਿ ਯਿਸੂ ਆਪਣੇ ਬਾਰੇ ਨਹੀਂ, ਸਗੋਂ ਹਮੇਸ਼ਾ ਦੂਸਰਿਆਂ ਬਾਰੇ ਸੋਚਦਾ ਸੀ, ਤਾਂ ਇਸ ਦਾ ਉਸ ʼਤੇ ਗਹਿਰਾ ਅਸਰ ਹੋਇਆ।
ਜਾਣੋ ਕਿ ਯਿਸੂ ਦੀ ਸੇਵਕਾਈ ਨਾਲ ਸੰਬੰਧਿਤ ਖ਼ਾਸ ਘਟਨਾਵਾਂ ਕਿਹੜੀਆਂ ਸਨ ਅਤੇ ਉਹ ਕਿਸ ਤਰਤੀਬ ਵਿਚ ਵਾਪਰੀਆਂ ਸਨ।
“ਯਿਸੂ ਦੀ ਜ਼ਿੰਦਗੀ ਦੀਆਂ ਖ਼ਾਸ ਘਟਨਾਵਾਂ” (ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ, ਵਧੇਰੇ ਜਾਣਕਾਰੀ 1.7)