ਅਧਿਆਇ 38
ਕੀ ਯੂਹੰਨਾ ਵਿਚ ਨਿਹਚਾ ਦੀ ਘਾਟ ਸੀ?
ਯੂਹੰਨਾ ਬਪਤਿਸਮਾ ਦੇਣ ਵਾਲਾ, ਜੋ ਹੁਣ ਲਗਭਗ ਇਕ ਵਰ੍ਹੇ ਤੋਂ ਕੈਦ ਵਿਚ ਰਹਿ ਚੁੱਕਾ ਹੈ, ਨਾਇਨ ਵਿਖੇ ਵਿਧਵਾ ਦੇ ਪੁੱਤਰ ਦੇ ਪੁਨਰ-ਉਥਾਨ ਬਾਰੇ ਖ਼ਬਰ ਪਾਉਂਦਾ ਹੈ। ਪਰੰਤੂ ਯੂਹੰਨਾ ਇਸ ਦੀ ਮਹੱਤਤਾ ਦੇ ਬਾਰੇ ਯਿਸੂ ਕੋਲੋਂ ਸਿੱਧੇ ਤੌਰ ਤੇ ਸੁਣਨਾ ਚਾਹੁੰਦਾ ਹੈ, ਇਸ ਲਈ ਉਹ ਆਪਣੇ ਦੋ ਚੇਲਿਆਂ ਨੂੰ ਇਹ ਪਤਾ ਲਗਾਉਣ ਲਈ ਭੇਜਦਾ ਹੈ: “ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਯਾ ਅਸੀਂ ਕਿਸੇ ਹੋਰ ਨੂੰ ਉਡੀਕੀਏ?”
ਇਹ ਸਵਾਲ ਸ਼ਾਇਦ ਅਜੀਬ ਲੱਗੇ, ਖ਼ਾਸ ਕਰ ਕੇ ਜਦੋਂ ਕਿ ਲਗਭਗ ਦੋ ਵਰ੍ਹੇ ਪਹਿਲਾਂ ਯਿਸੂ ਨੂੰ ਬਪਤਿਸਮਾ ਦਿੰਦੇ ਹੋਏ ਯੂਹੰਨਾ ਨੇ ਯਿਸੂ ਉੱਪਰ ਪਰਮੇਸ਼ੁਰ ਦੀ ਆਤਮਾ ਉੱਤਰਦੇ ਹੋਏ ਦੇਖੀ ਸੀ ਅਤੇ ਪਰਮੇਸ਼ੁਰ ਦੀ ਸਵੀਕ੍ਰਿਤੀ ਦੀ ਆਵਾਜ਼ ਸੁਣੀ ਸੀ। ਯੂਹੰਨਾ ਦਾ ਸਵਾਲ ਸ਼ਾਇਦ ਕਈਆਂ ਲਈ ਇਹ ਸਿੱਟਾ ਕੱਢਣ ਦਾ ਕਾਰਨ ਬਣੇ ਕਿ ਉਸ ਦੀ ਨਿਹਚਾ ਕਮਜ਼ੋਰ ਹੋ ਗਈ ਹੈ। ਪਰੰਤੂ ਇਹ ਇਸ ਤਰ੍ਹਾਂ ਨਹੀਂ ਹੈ। ਜੇਕਰ ਯੂਹੰਨਾ ਸ਼ੱਕ ਕਰਨ ਲੱਗ ਪਿਆ ਹੁੰਦਾ ਤਾਂ ਯਿਸੂ ਉਸ ਦੀ ਇੰਨੀ ਪ੍ਰਸ਼ੰਸਾ ਨਾ ਕਰਦਾ ਜਿੰਨੀ ਉਹ ਇਸ ਸਮੇਂ ਕਰਦਾ ਹੈ। ਤਾਂ ਫਿਰ, ਯੂਹੰਨਾ ਇਹ ਸਵਾਲ ਕਿਉਂ ਪੁੱਛਦਾ ਹੈ?
ਸ਼ਾਇਦ ਯੂਹੰਨਾ ਸਿਰਫ਼ ਯਿਸੂ ਕੋਲੋਂ ਇਕ ਪ੍ਰਮਾਣ ਚਾਹੁੰਦਾ ਹੈ ਕਿ ਉਹ ਮਸੀਹਾ ਹੈ। ਇਹ ਯੂਹੰਨਾ ਨੂੰ ਬਹੁਤ ਹੀ ਮਜ਼ਬੂਤ ਬਣਾਵੇਗਾ ਜੋ ਕਿ ਕੈਦ ਵਿਚ ਪਿਆ ਝੁਰ ਰਿਹਾ ਹੈ। ਪਰੰਤੂ ਸਪੱਸ਼ਟ ਹੈ ਯੂਹੰਨਾ ਦੇ ਸਵਾਲ ਵਿਚ ਇਸ ਤੋਂ ਵੀ ਜ਼ਿਆਦਾ ਹੋਰ ਕੁਝ ਹੈ। ਉਹ ਪ੍ਰਤੱਖ ਤੌਰ ਤੇ ਜਾਣਨਾ ਚਾਹੁੰਦਾ ਹੈ ਕਿ ਕਿਸੇ ਹੋਰ ਨੇ, ਜਿਵੇਂ ਕਿ ਇਕ ਉਤਰਾਧਿਕਾਰੀ ਨੇ, ਆਉਣਾ ਹੈ ਜਾਂ ਨਹੀਂ ਜੋ ਉਨ੍ਹਾਂ ਸਾਰੀਆਂ ਗੱਲਾਂ ਦੀ ਪੂਰਣ ਪੂਰਤੀ ਕਰੇਗਾ, ਜੋ ਭਵਿੱਖਬਾਣੀ ਦੇ ਅਨੁਸਾਰ ਮਸੀਹਾ ਦੁਆਰਾ ਪੂਰੀਆਂ ਹੋਣੀਆਂ ਸਨ।
ਬਾਈਬਲ ਭਵਿੱਖਬਾਣੀਆਂ ਦੇ ਅਨੁਸਾਰ ਜਿਨ੍ਹਾਂ ਤੋਂ ਯੂਹੰਨਾ ਜਾਣੂ ਹੈ, ਪਰਮੇਸ਼ੁਰ ਦੇ ਮਸਹ ਕੀਤੇ ਹੋਏ ਵਿਅਕਤੀ ਨੂੰ ਇਕ ਰਾਜਾ, ਅਰਥਾਤ ਇਕ ਮੁਕਤੀਦਾਤਾ ਹੋਣਾ ਹੈ। ਪਰੰਤੂ, ਯੂਹੰਨਾ ਅਜੇ ਵੀ ਇਕ ਕੈਦੀ ਦੇ ਤੌਰ ਤੇ ਕੈਦ ਵਿਚ ਬੰਦ ਹੈ, ਇੱਥੋਂ ਤਕ ਕਿ ਯਿਸੂ ਦੇ ਬਪਤਿਸਮੇ ਦੇ ਕਈ ਮਹੀਨਿਆਂ ਬਾਅਦ ਵੀ। ਇਸ ਲਈ ਸਪੱਸ਼ਟ ਤੌਰ ਤੇ ਯੂਹੰਨਾ ਯਿਸੂ ਨੂੰ ਪੁੱਛ ਰਿਹਾ ਹੈ: ‘ਕੀ ਉਹ ਤੂੰ ਹੀ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਨੂੰ ਦਿੱਖ ਸ਼ਕਤੀ ਵਿਚ ਸਥਾਪਤ ਕਰੇਗਾ ਯਾ ਸਾਨੂੰ ਕਿਸੇ ਹੋਰ, ਇਕ ਉਤਰਾਧਿਕਾਰੀ, ਦੀ ਉਡੀਕ ਕਰਨੀ ਚਾਹੀਦੀ ਹੈ ਜਿਹੜਾ ਮਸੀਹਾ ਦੀ ਮਹਿਮਾ ਨਾਲ ਸੰਬੰਧਿਤ ਸਾਰੀਆਂ ਅਦਭੁਤ ਭਵਿੱਖਬਾਣੀਆਂ ਨੂੰ ਪੂਰਿਆਂ ਕਰੇਗਾ?’
ਯੂਹੰਨਾ ਦੇ ਚੇਲਿਆਂ ਨੂੰ ਇਹ ਦੱਸਣ ਦੀ ਬਜਾਇ, ‘ਨਿਰਸੰਦੇਹ ਮੈਂ ਉਹੀ ਹਾਂ ਜਿਹੜਾ ਆਉਣ ਵਾਲਾ ਸੀ!’ ਯਿਸੂ ਉਸੇ ਵੇਲੇ ਬਹੁਤਿਆਂ ਬੀਮਾਰਾਂ ਨੂੰ, ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਅਤੇ ਰੋਗਾਂ ਨੂੰ ਚੰਗਾ ਕਰ ਕੇ ਮਾਅਰਕੇ ਵਾਲਾ ਪ੍ਰਦਰਸ਼ਨ ਕਰਦਾ ਹੈ। ਫਿਰ ਉਹ ਚੇਲਿਆਂ ਨੂੰ ਦੱਸਦਾ ਹੈ: “ਜੋ ਕੁਝ ਤੁਸਾਂ ਵੇਖਿਆ ਅਤੇ ਸੁਣਿਆ ਹੈ ਯੂਹੰਨਾ ਨੂੰ ਜਾ ਦੱਸਿਓ ਕਿ ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਙੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਅਤੇ ਬੋਲੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਗਰੀਬਾਂ ਨੂੰ ਖੁਸ਼ ਖਬਰੀ ਸੁਣਾਈ ਜਾਂਦੀ ਹੈ।”
ਦੂਜੇ ਸ਼ਬਦਾਂ ਵਿਚ, ਯੂਹੰਨਾ ਦਾ ਸਵਾਲ ਸ਼ਾਇਦ ਇਸ ਆਸ਼ਾ ਵੱਲ ਸੰਕੇਤ ਕਰੇ ਕਿ ਯਿਸੂ ਜੋ ਕੁਝ ਕਰ ਰਿਹਾ ਹੈ ਉਸ ਤੋਂ ਕੁਝ ਜ਼ਿਆਦਾ ਕਰੇਗਾ ਅਤੇ ਸ਼ਾਇਦ ਖ਼ੁਦ ਯੂਹੰਨਾ ਨੂੰ ਵੀ ਛੁਡਾਵੇਗਾ। ਪਰੰਤੂ, ਯਿਸੂ ਯੂਹੰਨਾ ਨੂੰ ਕਹਿ ਰਿਹਾ ਹੈ ਕਿ ਯਿਸੂ ਜੋ ਚਮਤਕਾਰ ਕਰ ਰਿਹਾ ਹੈ, ਉਹ ਉਸ ਤੋਂ ਜ਼ਿਆਦਾ ਹੋਰ ਆਸ਼ਾ ਨਾ ਕਰੇ।
ਜਦੋਂ ਯੂਹੰਨਾ ਦੇ ਚੇਲੇ ਚਲੇ ਜਾਂਦੇ ਹਨ, ਤਾਂ ਯਿਸੂ ਭੀੜ ਵੱਲ ਮੁੜਦਾ ਹੈ ਅਤੇ ਉਨ੍ਹਾਂ ਨੂੰ ਦੱਸਦਾ ਹੈ ਕਿ ਯੂਹੰਨਾ ਹੀ ਮਲਾਕੀ 3:1 ਵਿਚ ਪੂਰਵ-ਸੂਚਿਤ ਕੀਤਾ ਗਿਆ ਯਹੋਵਾਹ ਦਾ “ਸੰਦੇਸ਼ਵਾਹਕ” (ਨਿ ਵ) ਹੈ ਅਤੇ ਨਾਲੇ ਮਲਾਕੀ 4:5, 6 ਵਿਚ ਪੂਰਵ-ਸੂਚਿਤ ਕੀਤਾ ਗਿਆ ਨਬੀ ਏਲੀਯਾਹ ਹੈ। ਇਸ ਤਰ੍ਹਾਂ, ਉਹ ਯੂਹੰਨਾ ਨੂੰ ਉਨ੍ਹਾਂ ਨਬੀਆਂ ਦੇ ਬਰਾਬਰ ਉੱਚਾ ਚੁੱਕਦੇ ਹੋਏ ਜੋ ਉਸ ਤੋਂ ਪਹਿਲਾਂ ਰਹਿੰਦੇ ਸਨ, ਇਹ ਬਿਆਨ ਕਰਦਾ ਹੈ: “ਮੈਂ ਤੁਹਾਨੂੰ ਸਤ ਆਖਦਾ ਹਾਂ ਭਈ ਜਿਹੜੇ ਤੀਵੀਆਂ ਤੋਂ ਜੰਮੇ ਉਨ੍ਹਾਂ ਵਿੱਚੋਂ ਯੂਹੰਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਵੀ ਨਾ ਉੱਠਿਆ ਪਰ ਜੋ ਸੁਰਗ ਦੇ ਰਾਜ ਵਿੱਚ ਛੋਟਾ ਹੈ ਸੋ ਉਸ ਤੋਂ ਵੱਡਾ ਹੈ। ਅਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੋੜੀ ਸੁਰਗ ਦੇ ਰਾਜ ਉੱਤੇ ਜ਼ੋਰ ਮਾਰਿਆ ਜਾਂਦਾ ਹੈ।”
ਯਿਸੂ ਇੱਥੇ ਦਿਖਾ ਰਿਹਾ ਹੈ ਕਿ ਯੂਹੰਨਾ ਸਵਰਗੀ ਰਾਜ ਵਿਚ ਨਹੀਂ ਹੋਵੇਗਾ, ਕਿਉਂਕਿ ਉੱਥੇ ਜੋ ਛੋਟਾ ਹੈ, ਉਹ ਯੂਹੰਨਾ ਤੋਂ ਵੱਡਾ ਹੈ। ਯੂਹੰਨਾ ਨੇ ਯਿਸੂ ਲਈ ਰਾਹ ਤਿਆਰ ਕੀਤਾ, ਪਰੰਤੂ ਇਸ ਤੋਂ ਪਹਿਲਾਂ ਕਿ ਯਿਸੂ ਆਪਣੇ ਰਾਜ ਵਿਚ ਆਪਣੇ ਨਾਲ ਸਹਿ-ਸ਼ਾਸਕ ਹੋਣ ਲਈ ਆਪਣੇ ਚੇਲਿਆਂ ਨਾਲ ਨੇਮ, ਜਾਂ ਇਕਰਾਰਨਾਮਾ ਬੰਨ੍ਹਦਾ, ਯੂਹੰਨਾ ਮਰ ਜਾਂਦਾ ਹੈ। ਇਸ ਕਰਕੇ ਯਿਸੂ ਕਹਿੰਦਾ ਹੈ ਕਿ ਯੂਹੰਨਾ ਸਵਰਗੀ ਰਾਜ ਵਿਚ ਨਹੀਂ ਹੋਵੇਗਾ। ਇਸ ਦੀ ਬਜਾਇ ਯੂਹੰਨਾ ਪਰਮੇਸ਼ੁਰ ਦੇ ਰਾਜ ਦਾ ਇਕ ਪਾਰਥਿਵ ਨਿਵਾਸੀ ਹੋਵੇਗਾ। ਲੂਕਾ 7:18-30; ਮੱਤੀ 11:2-15.
▪ ਯੂਹੰਨਾ ਕਿਉਂ ਪੁੱਛਦਾ ਹੈ ਕਿ ਕੀ ਯਿਸੂ ਉਹੀ ਹੈ ਜਿਹੜਾ ਆਉਣ ਵਾਲਾ ਹੈ ਜਾਂ ਕਿਸੇ ਹੋਰ ਦੀ ਉਡੀਕ ਕੀਤੀ ਜਾਣੀ ਚਾਹੀਦੀ ਹੈ?
▪ ਯਿਸੂ ਕਿਹੜੀਆਂ ਭਵਿੱਖਬਾਣੀਆਂ ਬਾਰੇ ਕਹਿੰਦਾ ਹੈ ਜੋ ਯੂਹੰਨਾ ਨੇ ਪੂਰੀਆਂ ਕੀਤੀਆਂ ਹਨ?
▪ ਯੂਹੰਨਾ ਬਪਤਿਸਮਾ ਦੇਣ ਵਾਲਾ ਯਿਸੂ ਨਾਲ ਸਵਰਗ ਵਿਚ ਕਿਉਂ ਨਹੀਂ ਹੋਵੇਗਾ?