ਅਧਿਆਇ 40
ਦਇਆ ਵਿਚ ਇਕ ਸਬਕ
ਯਿਸੂ ਸ਼ਾਇਦ ਅਜੇ ਵੀ ਨਾਇਨ ਵਿਚ ਹੀ ਹੈ, ਜਿੱਥੇ ਉਸ ਨੇ ਹਾਲ ਵਿਚ ਹੀ ਇਕ ਵਿਧਵਾ ਦੇ ਪੁੱਤਰ ਨੂੰ ਪੁਨਰ-ਉਥਿਤ ਕੀਤਾ ਸੀ, ਜਾਂ ਸ਼ਾਇਦ ਉਹ ਨੇੜੇ ਦੇ ਇਕ ਨਗਰ ਦੀ ਯਾਤਰਾ ਕਰ ਰਿਹਾ ਹੈ। ਸ਼ਮਊਨ ਨਾਮਕ ਇਕ ਫ਼ਰੀਸੀ ਉਸ ਵਿਅਕਤੀ ਨੂੰ ਨੇੜਿਓਂ ਦੇਖਣ ਦੀ ਇੱਛਾ ਕਰਦਾ ਹੈ ਜਿਹੜਾ ਅਜਿਹੇ ਮਾਅਰਕੇ ਵਾਲੇ ਕੰਮ ਕਰ ਰਿਹਾ ਹੈ। ਇਸ ਲਈ ਉਹ ਯਿਸੂ ਨੂੰ ਆਪਣੇ ਨਾਲ ਭੋਜਨ ਖਾਣ ਲਈ ਸੱਦਦਾ ਹੈ।
ਇਸ ਅਵਸਰ ਨੂੰ ਉਨ੍ਹਾਂ ਹਾਜ਼ਰ ਲੋਕਾਂ ਦੀ ਸੇਵਾ ਦਾ ਇਕ ਮੌਕਾ ਜਾਣ ਕੇ ਯਿਸੂ ਸੱਦਾ ਕਬੂਲ ਕਰਦਾ ਹੈ, ਜਿਵੇਂ ਉਸ ਨੇ ਮਸੂਲ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਖਾਣ ਦਾ ਸੱਦਾ ਕਬੂਲ ਕੀਤਾ ਸੀ। ਪਰ, ਜਦੋਂ ਉਹ ਸ਼ਮਊਨ ਦੇ ਘਰ ਦਾਖ਼ਲ ਹੁੰਦਾ ਹੈ ਤਾਂ ਯਿਸੂ ਨੂੰ ਉਹ ਨਿੱਘਾ ਸੁਆਗਤ ਨਹੀਂ ਮਿਲਦਾ ਹੈ ਜੋ ਆਮ ਤੌਰ ਤੇ ਮਹਿਮਾਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।
ਧੂੜ ਭਰਿਆਂ ਰਾਹਾਂ ਤੇ ਸਫਰ ਕਰਨ ਦੇ ਕਾਰਨ ਚੱਪਲਾਂ ਪਾਏ ਹੋਏ ਪੈਰ ਗਰਮ ਅਤੇ ਗੰਦੇ ਹੋ ਜਾਂਦੇ ਹਨ, ਅਤੇ ਠੰਡੇ ਪਾਣੀ ਨਾਲ ਮਹਿਮਾਨਾਂ ਦੇ ਪੈਰ ਧੋਣਾ ਪਰਾਹੁਣਚਾਰੀ ਦਾ ਇਕ ਰਿਵਾਜੀ ਕਾਰਜ ਹੈ। ਪਰੰਤੂ ਜਦੋਂ ਯਿਸੂ ਪਹੁੰਚਦਾ ਹੈ ਤਾਂ ਉਸ ਦੇ ਪੈਰ ਨਹੀਂ ਧੋਤੇ ਜਾਂਦੇ। ਅਤੇ ਨਾ ਹੀ ਉਸ ਨੂੰ ਉਹ ਸੁਆਗਤੀ ਚੁੰਮਣ ਮਿਲਦਾ ਹੈ, ਜੋ ਕਿ ਆਮ ਸ਼ਿਸ਼ਟਾਚਾਰ ਹੈ। ਅਤੇ ਉਸ ਦੇ ਵਾਲਾਂ ਲਈ ਪਰਾਹੁਣਚਾਰੀ ਦਾ ਰਿਵਾਜੀ ਤੇਲ ਵੀ ਨਹੀਂ ਦਿੱਤਾ ਜਾਂਦਾ ਹੈ।
ਭੋਜਨ ਦੇ ਦੌਰਾਨ, ਜਦੋਂ ਕਿ ਮਹਿਮਾਨ ਮੇਜ਼ ਤੇ ਬੈਠੇ ਹੋਏ ਹਨ, ਇਕ ਔਰਤ ਬਿਨਾਂ ਸੱਦਿਓਂ ਕਮਰੇ ਅੰਦਰ ਦਾਖ਼ਲ ਹੁੰਦੀ ਹੈ। ਉਹ ਅਨੈਤਿਕ ਜੀਵਨ ਬਤੀਤ ਕਰਨ ਵਜੋਂ ਨਗਰ ਵਿਚ ਜਾਣੀ ਜਾਂਦੀ ਹੈ। ਸੰਭਵ ਹੈ ਕਿ ਉਸ ਨੇ ਯਿਸੂ ਦੀਆਂ ਸਿੱਖਿਆਵਾਂ ਨੂੰ ਸੁਣਿਆ ਹੈ, ਜਿਸ ਵਿਚ ‘ਭਾਰ ਹੇਠ ਦੱਬੇ ਹੋਏ ਸਾਰਿਆਂ ਲਈ ਉਸ ਕੋਲ ਅਰਾਮ ਲਈ ਆਉਣ’ ਦਾ ਸੱਦਾ ਸ਼ਾਮਲ ਹੈ। ਅਤੇ ਜੋ ਕੁਝ ਉਸ ਨੇ ਦੇਖਿਆ ਅਤੇ ਸੁਣਿਆ ਹੈ ਉਸ ਤੋਂ ਅਤਿਅੰਤ ਪ੍ਰਭਾਵਿਤ ਹੋ ਕੇ ਉਹ ਹੁਣ ਯਿਸੂ ਕੋਲ ਆਉਂਦੀ ਹੈ।
ਔਰਤ ਮੇਜ਼ ਤੇ ਯਿਸੂ ਦੇ ਪਿੱਛੋਂ ਆਉਂਦੀ ਹੈ ਅਤੇ ਉਸ ਦੇ ਪੈਰਾਂ ਤੇ ਗੋਡੇ ਟੇਕਦੀ ਹੈ। ਜਿਉਂ-ਜਿਉਂ ਉਸ ਦੇ ਹੰਝੂ ਉਸ ਦੇ ਪੈਰਾਂ ਤੇ ਡਿੱਗਦੇ ਹਨ, ਉਹ ਉਨ੍ਹਾਂ ਨੂੰ ਆਪਣੇ ਵਾਲਾਂ ਨਾਲ ਪੂੰਝਦੀ ਹੈ। ਉਹ ਆਪਣੀ ਸ਼ੀਸ਼ੀ ਵਿੱਚੋਂ ਸੁਗੰਧਤ ਤੇਲ ਵੀ ਲੈਂਦੀ ਹੈ, ਅਤੇ ਜਿਵੇਂ ਉਹ ਨਰਮਾਈ ਨਾਲ ਉਸ ਦੇ ਪੈਰਾਂ ਨੂੰ ਚੁੰਮਦੀ ਹੈ, ਉਹ ਉਨ੍ਹਾਂ ਤੇ ਤੇਲ ਪਾਉਂਦੀ ਹੈ। ਸ਼ਮਊਨ ਨਾਪਸੰਦਗੀ ਨਾਲ ਦੇਖਦਾ ਹੈ। “ਇਹ ਮਨੁੱਖ ਜੇ ਨਬੀ ਹੁੰਦਾ,” ਉਹ ਤਰਕ ਕਰਦਾ ਹੈ, “ਤਾਂ ਜਾਣ ਲੈਂਦਾ ਕਿ ਇਹ ਤੀਵੀਂ ਜੋ ਉਹ ਨੂੰ ਛੋਹੰਦੀ ਹੈ ਕੌਣ ਅਤੇ ਕਿਹੋ ਜਿਹੀ ਹੈ ਕਿਉਂ ਜੋ ਉਹ ਪਾਪਣ ਹੈ।”
ਉਸ ਦੇ ਵਿਚਾਰਾਂ ਨੂੰ ਸਮਝਦੇ ਹੋਏ, ਯਿਸੂ ਕਹਿੰਦਾ ਹੈ: “ਸ਼ਮਊਨ ਮੈਂ ਤੈਨੂੰ ਕੁਝ ਆਖਣਾ ਹੈ।”
“ਗੁਰੂ ਜੀ ਫ਼ਰਮਾਓ!” ਉਹ ਜਵਾਬ ਦਿੰਦਾ ਹੈ।
“ਕਿਸੇ ਸ਼ਾਹੂਕਾਰ ਦੇ ਦੋ ਕਰਜਾਈ ਸਨ,” ਯਿਸੂ ਸ਼ੁਰੂ ਕਰਦਾ ਹੈ। “ਇਕ ਪੰਜ ਸੌ ਦੀਨਾਰ ਦਾ ਕਰਜਾਈ ਸੀ ਅਤੇ ਦੂਜਾ ਪੰਜਾਹਾਂ ਦਾ। ਜਦੋਂ ਉਨ੍ਹਾਂ ਦੇ ਕੋਲ ਦੇਣ ਨੂੰ ਕੁਝ ਨਾ ਸੀ ਤਾਂ ਉਹ ਨੇ ਦੋਹਾਂ ਨੂੰ ਬਖ਼ਸ਼ ਦਿੱਤਾ। ਸੋ ਉਨ੍ਹਾਂ ਵਿੱਚੋਂ ਉਸ ਨਾਲ ਕਿਹੜਾ ਵਧੀਕ ਪਿਆਰ ਕਰੇਗਾ?”—ਨਿ ਵ.
“ਮੇਰੀ ਜਾਚ ਵਿੱਚ,” ਸ਼ਮਊਨ, ਸ਼ਾਇਦ ਸਵਾਲ ਦੀ ਜ਼ਾਹਰੀ ਅਸੰਗਤੀ ਤੇ ਅਰੁਚੀ ਦੀ ਭਾਵਨਾ ਪ੍ਰਗਟ ਕਰਦੇ ਹੋਏ ਕਹਿੰਦਾ ਹੈ, “ਉਹ ਜਿਹ ਨੂੰ ਉਸ ਨੇ ਵਧੀਕ ਬਖ਼ਸ਼ਿਆ।”
“ਤੈਂ ਠੀਕ ਨਿਬੇੜਾ ਕੀਤਾ,” ਯਿਸੂ ਕਹਿੰਦਾ ਹੈ। ਅਤੇ ਫਿਰ ਔਰਤ ਵੱਲ ਮੁੜਦੇ ਹੋਏ, ਉਹ ਸ਼ਮਊਨ ਨੂੰ ਕਹਿੰਦਾ ਹੈ: “ਤੂੰ ਇਸ ਤੀਵੀਂ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਆਇਆ, ਤੈਂ ਮੇਰੇ ਪੈਰਾਂ ਦੇ ਲਈ ਪਾਣੀ ਨਾ ਦਿੱਤਾ ਪਰ ਇਹ ਨੇ ਮੇਰੇ ਪੈਰ ਅੰਝੂਆਂ ਨਾਲ ਭੇਵੇ ਅਤੇ ਆਪਣੇ ਵਾਲਾਂ ਨਾਲ ਪੂੰਝੇ। ਤੈਂ ਮੈਨੂੰ ਨਾ ਚੁੰਮਿਆ ਪਰ ਇਹ ਜਦੋਂ ਦਾ ਮੈਂ ਐਥੇ ਆਇਆ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ। ਤੈਂ ਮੇਰੇ ਸਿਰ ਤੇ ਤੇਲ ਨਾ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ।”
ਇਸ ਤਰ੍ਹਾਂ ਔਰਤ ਨੇ ਆਪਣੀ ਬੀਤੀ ਅਨੈਤਿਕ ਜ਼ਿੰਦਗੀ ਲਈ ਦਿਲੀ ਤੋਬਾ ਦਾ ਸਬੂਤ ਦਿੱਤਾ ਹੈ। ਇਸ ਲਈ ਯਿਸੂ ਇਹ ਕਹਿੰਦੇ ਹੋਏ ਸਮਾਪਤ ਕਰਦਾ ਹੈ: “ਇਸ ਕਾਰਨ ਮੈਂ ਤੈਨੂੰ ਆਖਦਾ ਹਾਂ ਕਿ ਇਹ ਦੇ ਪਾਪ ਜੋ ਬਹੁਤੇ ਹਨ ਸੋ ਮਾਫ਼ ਕੀਤੇ ਗਏ ਕਿਉਂਕਿ ਇਸ ਨੇ ਪਿਆਰ ਬਹੁਤ ਕੀਤਾ, ਪਰ ਜਿਹ ਨੂੰ ਥੋੜਾ ਮਾਫ਼ ਕੀਤਾ ਗਿਆ ਸੋ ਥੋੜਾ ਪਿਆਰ ਕਰਦਾ ਹੈ।”
ਯਿਸੂ ਕਿਸੇ ਤਰ੍ਹਾਂ ਵੀ ਅਨੈਤਿਕਤਾ ਨੂੰ ਦਰਗੁਜ਼ਰ ਜਾਂ ਅਣਡਿੱਠ ਨਹੀਂ ਕਰ ਰਿਹਾ ਹੈ। ਇਸ ਦੀ ਬਜਾਇ, ਇਹ ਘਟਨਾ ਉਨ੍ਹਾਂ ਲੋਕਾਂ ਦੇ ਲਈ ਉਸ ਦੀ ਦਇਆਵਾਨ ਸਮਝ ਪ੍ਰਗਟ ਕਰਦੀ ਹੈ ਜੋ ਜੀਵਨ ਵਿਚ ਗ਼ਲਤੀਆਂ ਕਰਦੇ ਹਨ ਪਰੰਤੂ ਜੋ ਬਾਅਦ ਵਿਚ ਇਨ੍ਹਾਂ ਲਈ ਅਫ਼ਸੋਸ ਪ੍ਰਗਟ ਕਰਦੇ ਹਨ ਅਤੇ ਇਸ ਲਈ ਰਾਹਤ ਵਾਸਤੇ ਮਸੀਹ ਕੋਲ ਆਉਂਦੇ ਹਨ। ਔਰਤ ਨੂੰ ਸੱਚਾ ਆਰਾਮ ਦਿੰਦੇ ਹੋਏ ਯਿਸੂ ਕਹਿੰਦਾ ਹੈ: “ਤੇਰੇ ਪਾਪ ਮਾਫ਼ ਕੀਤੇ ਗਏ। . . . ਤੇਰੀ ਨਿਹਚਾ ਨੇ ਤੈਨੂੰ ਬਚਾਇਆ ਹੈ, ਸ਼ਾਂਤੀ ਨਾਲ ਚੱਲੀ ਜਾਹ।” ਲੂਕਾ 7:36-50; ਮੱਤੀ 11:28-30.
▪ ਯਿਸੂ ਆਪਣੇ ਮੇਜ਼ਬਾਨ, ਸ਼ਮਊਨ ਦੁਆਰਾ ਕਿਸ ਤਰ੍ਹਾਂ ਸੁਆਗਤ ਕੀਤਾ ਜਾਂਦਾ ਹੈ?
▪ ਯਿਸੂ ਨੂੰ ਕੌਣ ਲੱਭਦੀ ਹੈ, ਅਤੇ ਕਿਉਂ?
▪ ਯਿਸੂ ਕਿਹੜਾ ਦ੍ਰਿਸ਼ਟਾਂਤ ਦਿੰਦਾ ਹੈ, ਅਤੇ ਉਹ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਦਾ ਹੈ?