ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਦੇ ਫ਼ਾਇਦੇ
“[ਬੁੱਧ] ਦੇ ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ। . . . ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ।”—ਕਹਾਉਤਾਂ 4:6, 8.
1. ਪਰਮੇਸ਼ੁਰ ਦੇ ਬਚਨ ਨਾਲ ਸੱਚੀ ਪ੍ਰੀਤ ਰੱਖਣ ਦਾ ਕੀ ਮਤਲਬ ਹੈ?
ਬਾਈਬਲ ਪੜ੍ਹਨੀ ਇਕ ਮਸੀਹੀ ਲਈ ਬਹੁਤ ਜ਼ਰੂਰੀ ਹੈ। ਪਰ ਸਿਰਫ਼ ਬਾਈਬਲ ਪੜ੍ਹਨ ਨਾਲ ਹੀ ਸਾਬਤ ਨਹੀਂ ਹੋ ਜਾਂਦਾ ਕਿ ਅਸੀਂ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦੇ ਹਾਂ। ਜੇ ਕੋਈ ਆਦਮੀ ਬਾਈਬਲ ਪੜ੍ਹਦਾ ਹੈ, ਪਰ ਫਿਰ ਉਹ ਕੰਮ ਕਰਦਾ ਹੈ ਜਿਨ੍ਹਾਂ ਨੂੰ ਕਰਨ ਤੋਂ ਬਾਈਬਲ ਮਨ੍ਹਾ ਕਰਦੀ ਹੈ, ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦਾ ਹੈ? ਸਾਫ਼ ਹੈ ਕਿ ਉਹ ਪਰਮੇਸ਼ੁਰ ਦੇ ਬਚਨ ਨਾਲ ਉਸ ਤਰ੍ਹਾਂ ਪ੍ਰੀਤ ਨਹੀਂ ਰੱਖਦਾ ਜਿਸ ਤਰ੍ਹਾਂ ਜ਼ਬੂਰ 119 ਦਾ ਲਿਖਾਰੀ ਰੱਖਦਾ ਸੀ। ਇਹ ਲਿਖਾਰੀ ਨਾ ਸਿਰਫ਼ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦਾ ਸੀ, ਬਲਕਿ ਉਹ ਇਸ ਵਿਚ ਲਿਖੀਆਂ ਹੋਈਆਂ ਗੱਲਾਂ ਉੱਤੇ ਚੱਲਦਾ ਵੀ ਸੀ।—ਜ਼ਬੂਰ 119:97, 101, 105.
2. ਪਰਮੇਸ਼ੁਰ ਦੇ ਬਚਨ ਵਿੱਚੋਂ ਮਿਲੀ ਬੁੱਧ ਦੇ ਕੀ-ਕੀ ਫ਼ਾਇਦੇ ਹੁੰਦੇ ਹਨ?
2 ਪਰਮੇਸ਼ੁਰ ਦੇ ਬਚਨ ਅਨੁਸਾਰ ਜੀਉਣ ਦਾ ਮਤਲਬ ਹੈ ਆਪਣੀ ਸੋਚਣੀ ਅਤੇ ਜੀਉਣ ਦੇ ਢੰਗ ਵਿਚ ਲਗਾਤਾਰ ਸੁਧਾਰ ਕਰਨਾ। ਇਸ ਤਰ੍ਹਾਂ ਕਰਨ ਨਾਲ ਪਰਮੇਸ਼ੁਰੀ ਬੁੱਧ ਦਾ ਸਬੂਤ ਮਿਲਦਾ ਹੈ। ਪਰਮੇਸ਼ੁਰੀ ਬੁੱਧ ਦਾ ਮਤਲਬ ਹੈ ਬਾਈਬਲ ਦਾ ਅਧਿਐਨ ਕਰਨ ਨਾਲ ਮਿਲੇ ਗਿਆਨ ਅਤੇ ਸਮਝ ਨੂੰ ਵਰਤਣਾ। “[ਬੁੱਧ] ਨਾਲ ਪ੍ਰੀਤ ਲਾਵੀਂ ਤਾਂ ਉਹ ਤੇਰੀ ਰਾਖੀ ਕਰੇਗੀ। ਉਹ ਦੀ ਵਡਿਆਈ ਕਰ ਤਾਂ ਉਹ ਤੈਨੂੰ ਵਧਾਵੇਗੀ, ਜੇ ਤੂੰ ਉਹ ਨੂੰ ਗਲ ਲਾਵੇਂ ਤਾਂ ਉਹ ਤੈਨੂੰ ਆਦਰ ਦੇਵੇਗੀ। ਉਹ ਤੇਰੇ ਸਿਰ ਉੱਤੇ ਸਜਾਵਟ ਦਾ ਸਿਹਰਾ ਬੰਨ੍ਹੇਗੀ, ਉਹ ਤੈਨੂੰ ਸੁਹੱਪਣ ਦਾ ਮੁਕਟ ਦੇਵੇਗੀ।” (ਕਹਾਉਤਾਂ 4:6, 8, 9) ਇਸ ਤੋਂ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਅਤੇ ਇਸ ਦੇ ਨਿਰਦੇਸ਼ਨ ਵਿਚ ਚੱਲਣ ਲਈ ਕਿੰਨਾ ਉਤਸ਼ਾਹ ਮਿਲਦਾ ਹੈ! ਕੌਣ ਨਹੀਂ ਚਾਹੁੰਦਾ ਕਿ ਉਸ ਦੀ ਰੱਖਿਆ ਕੀਤੀ ਜਾਵੇ, ਉਹ ਅੱਗੇ ਵਧੇ ਅਤੇ ਆਦਰ ਪ੍ਰਾਪਤ ਕਰੇ?
ਸਥਾਈ ਨੁਕਸਾਨ ਤੋਂ ਰਾਖੀ
3. ਮਸੀਹੀਆਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅੱਜ ਕਿਸ ਤੋਂ ਅਤੇ ਕਿਉਂ ਰਾਖੀ ਦੀ ਲੋੜ ਹੈ?
3 ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ਦੇ ਅਨੁਸਾਰ ਚੱਲਣ ਨਾਲ ਮਿਲੀ ਬੁੱਧ ਇਕ ਵਿਅਕਤੀ ਦੀ ਕਿਵੇਂ ਰਾਖੀ ਕਰਦੀ ਹੈ? ਇਹ ਸ਼ਤਾਨ ਅਰਥਾਤ ਇਬਲੀਸ ਤੋਂ ਉਸ ਦੀ ਰਾਖੀ ਕਰਦੀ ਹੈ। ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਬੁਰਿਆਈ ਤੋਂ, ਅਰਥਾਤ ਸ਼ਤਾਨ ਤੋਂ ਬਚਣ ਲਈ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:13) ਅੱਜ ਆਪਣੀਆਂ ਪ੍ਰਾਰਥਨਾਵਾਂ ਵਿਚ ਇਸ ਬਾਰੇ ਬੇਨਤੀ ਕਰਨੀ ਬਹੁਤ ਹੀ ਜ਼ਰੂਰੀ ਹੈ। ਸ਼ਤਾਨ ਅਤੇ ਉਸ ਦੇ ਪਿਸ਼ਾਚਾਂ ਨੂੰ 1914 ਤੋਂ ਬਾਅਦ ਸਵਰਗ ਤੋਂ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ, ਜਿਸ ਕਰਕੇ ਸ਼ਤਾਨ ਨੂੰ “ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:9, 10, 12) ਸਮਾਂ ਬਹੁਤ ਥੋੜ੍ਹਾ ਰਹਿ ਜਾਣ ਕਰਕੇ ਅੱਜ ਉਹ ਜ਼ਰੂਰ ਗੁੱਸੇ ਵਿਚ ਦੰਦ ਪੀਹ ਰਿਹਾ ਹੋਣਾ, ਕਿਉਂਕਿ ਉਹ ਉਨ੍ਹਾਂ ਲੋਕਾਂ ਤੋਂ ਲੜਾਈ ਵਿਚ ਹਾਰ ਰਿਹਾ ਹੈ “ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।”—ਪਰਕਾਸ਼ ਦੀ ਪੋਥੀ 12:17.
4. ਸ਼ਤਾਨ ਦੇ ਦਬਾਅ ਹੇਠ ਆਉਣ ਜਾਂ ਉਸ ਦੇ ਜਾਲ ਵਿਚ ਫਸਣ ਤੋਂ ਮਸੀਹੀ ਕਿਵੇਂ ਆਪਣੀ ਰਾਖੀ ਕਰਦੇ ਹਨ?
4 ਗੁੱਸੇ ਵਿਚ ਆਇਆ ਸ਼ਤਾਨ ਇਨ੍ਹਾਂ ਮਸੀਹੀ ਸੇਵਕਾਂ ਲਈ ਕੋਈ-ਨ-ਕੋਈ ਮੁਸੀਬਤ ਖੜ੍ਹੀ ਕਰੀ ਰੱਖਦਾ ਹੈ ਅਤੇ ਇਨ੍ਹਾਂ ਨੂੰ ਬੇਰਹਿਮੀ ਨਾਲ ਸਤਾਉਂਦਾ ਹੈ ਜਾਂ ਇਨ੍ਹਾਂ ਦੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕਰਦਾ ਹੈ। ਉਹ ਬੜੀ ਚਲਾਕੀ ਨਾਲ ਰਾਜ ਦੇ ਪ੍ਰਚਾਰਕਾਂ ਦੇ ਧਿਆਨ ਨੂੰ ਪ੍ਰਚਾਰ-ਕੰਮ ਤੋਂ ਹਟਾ ਕੇ ਦੁਨੀਆਂ ਵਿਚ ਪ੍ਰਸਿੱਧੀ ਹਾਸਲ ਕਰਨ ਵੱਲ, ਆਰਾਮ ਦੀ ਜ਼ਿੰਦਗੀ ਜੀਉਣ ਵੱਲ, ਨਵੀਆਂ-ਨਵੀਆਂ ਚੀਜ਼ਾਂ ਖ਼ਰੀਦਣ ਵੱਲ ਅਤੇ ਐਸ਼ਪਰਸਤੀ ਕਰਨ ਵੱਲ ਲਾਉਣਾ ਚਾਹੁੰਦਾ ਹੈ। ਸ਼ਤਾਨ ਦੇ ਦਬਾਅ ਹੇਠ ਆਉਣ ਜਾਂ ਉਸ ਦੇ ਜਾਲ ਵਿਚ ਫਸਣ ਤੋਂ ਕਿਹੜੀ ਚੀਜ਼ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀ ਰਾਖੀ ਕਰਦੀ ਹੈ? ਪ੍ਰਾਰਥਨਾ ਕਰਨੀ, ਯਹੋਵਾਹ ਨਾਲ ਇਕ ਨਜ਼ਦੀਕੀ ਤੇ ਨਿੱਜੀ ਰਿਸ਼ਤਾ ਰੱਖਣਾ ਅਤੇ ਉਸ ਦੇ ਵਾਅਦਿਆਂ ਦੇ ਪੂਰੇ ਹੋਣ ਵਿਚ ਨਿਹਚਾ ਕਰਨੀ ਬਹੁਤ ਹੀ ਜ਼ਰੂਰੀ ਹੈ। ਪਰ ਇਹ ਸਭ ਕੁਝ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਬਚਨ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਇਸ ਦੀਆਂ ਯਾਦ-ਦਹਾਨੀਆਂ ਵੱਲ ਧਿਆਨ ਦੇਣ ਲਈ ਦ੍ਰਿੜ੍ਹ ਰਹਿਣਾ ਚਾਹੀਦਾ ਹੈ। ਇਹ ਯਾਦ-ਦਹਾਨੀਆਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਨੂੰ ਪੜ੍ਹਨ ਦੁਆਰਾ, ਮਸੀਹੀ ਸਭਾਵਾਂ ਵਿਚ ਜਾਣ ਦੁਆਰਾ ਸੰਗੀ ਵਿਸ਼ਵਾਸੀਆਂ ਦੁਆਰਾ ਬਾਈਬਲ ਵਿੱਚੋਂ ਦਿੱਤੀ ਸਲਾਹ ਵੱਲ ਧਿਆਨ ਦੇਣ ਦੁਆਰਾ, ਜਾਂ ਪਵਿੱਤਰ ਆਤਮਾ ਦੀ ਮਦਦ ਨਾਲ ਯਾਦ ਆਏ ਬਾਈਬਲ ਦੇ ਸਿਧਾਂਤਾਂ ਉੱਤੇ ਪ੍ਰਾਰਥਨਾਪੂਰਵਕ ਮਨਨ ਕਰਨ ਦੁਆਰਾ ਸਾਨੂੰ ਮਿਲਦੀਆਂ ਹਨ।—ਯਸਾਯਾਹ 30:21; ਯੂਹੰਨਾ 14:26; 1 ਯੂਹੰਨਾ 2:15-17.
5. ਪਰਮੇਸ਼ੁਰ ਦੇ ਬਚਨ ਵਿੱਚੋਂ ਮਿਲੀ ਬੁੱਧ ਕਿਨ੍ਹਾਂ ਚੀਜ਼ਾਂ ਤੋਂ ਸਾਡੀ ਰਾਖੀ ਕਰਦੀ ਹੈ?
5 ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲਿਆਂ ਦੀ ਹੋਰ ਚੀਜ਼ਾਂ ਤੋਂ ਵੀ ਰਾਖੀ ਹੁੰਦੀ ਹੈ। ਉਦਾਹਰਣ ਲਈ, ਉਹ ਉਨ੍ਹਾਂ ਭਾਵਾਤਮਕ ਦੁੱਖਾਂ ਅਤੇ ਸਰੀਰਕ ਬੀਮਾਰੀਆਂ ਤੋਂ ਬਚਦੇ ਹਨ ਜੋ ਨਸ਼ੀਲੀਆਂ ਦਵਾਈਆਂ ਦੀ ਕੁਵਰਤੋਂ ਕਰਨ, ਤਮਾਖੂ ਪੀਣ ਅਤੇ ਨਾਜਾਇਜ਼ ਸੰਬੰਧ ਰੱਖਣ ਕਰਕੇ ਲੱਗਦੀਆਂ ਹਨ। (1 ਕੁਰਿੰਥੀਆਂ 5:11; 2 ਕੁਰਿੰਥੀਆਂ 7:1) ਉਹ ਚੁਗ਼ਲੀਆਂ ਕਰ ਕੇ ਜਾਂ ਬੁਰਾ-ਭਲਾ ਕਹਿ ਕੇ ਰਿਸ਼ਤਿਆਂ ਵਿਚ ਦਰਾੜ ਨਹੀਂ ਪਾਉਂਦੇ ਹਨ। (ਅਫ਼ਸੀਆਂ 4:31) ਤੇ ਨਾ ਹੀ ਉਹ ਦੁਨੀਆਂ ਦੇ ਗੁਮਰਾਹ ਕਰਨ ਵਾਲੇ ਫ਼ਲਸਫ਼ਿਆਂ ਵਿਚ ਪੈ ਕੇ ਪਰਮੇਸ਼ੁਰ ਦੇ ਬਚਨ ਉੱਤੇ ਸ਼ੱਕ ਕਰਦੇ ਹਨ। (1 ਕੁਰਿੰਥੀਆਂ 3:19) ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਕਰਕੇ ਉਹ ਉਨ੍ਹਾਂ ਚੀਜ਼ਾਂ ਤੋਂ ਸੁਰੱਖਿਅਤ ਹਨ ਜੋ ਪਰਮੇਸ਼ੁਰ ਨਾਲ ਉਨ੍ਹਾਂ ਦੇ ਰਿਸ਼ਤੇ ਵਿਚ ਦਰਾੜ ਪਾ ਸਕਦੀਆਂ ਹਨ ਜਾਂ ਸਦੀਪਕ ਜੀਵਨ ਦੀ ਉਮੀਦ ਖੋਹ ਸਕਦੀਆਂ ਹਨ। ਉਹ ਆਪਣੇ ਗੁਆਂਢੀਆਂ ਦੀ ਬਾਈਬਲ ਵਿਚ ਪਾਏ ਜਾਂਦੇ ਸ਼ਾਨਦਾਰ ਵਾਅਦਿਆਂ ਵਿਚ ਨਿਹਚਾ ਕਰਨ ਵਿਚ ਮਦਦ ਕਰਦੇ ਰਹਿੰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਉਣਗੇ।’—1 ਤਿਮੋਥਿਉਸ 4:16.
6. ਪਰਮੇਸ਼ੁਰ ਦੇ ਬਚਨ ਤੋਂ ਮਿਲੀ ਬੁੱਧ ਮੁਸ਼ਕਲ ਹਾਲਾਤਾਂ ਵਿਚ ਵੀ ਕਿਵੇਂ ਸਾਡੀ ਰਾਖੀ ਕਰ ਸਕਦੀ ਹੈ?
6 ਇਹ ਸੱਚ ਹੈ ਕਿ ਹਰ ਇਨਸਾਨ ਉੱਤੇ—ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲਿਆਂ ਉੱਤੇ ਵੀ—“ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ।” (ਉਪਦੇਸ਼ਕ ਦੀ ਪੋਥੀ 9:11, ਨਿ ਵ) ਕੁਦਰਤੀ ਆਫ਼ਤਾਂ, ਗੰਭੀਰ ਬੀਮਾਰੀਆਂ, ਦੁਰਘਟਨਾਵਾਂ ਜਾਂ ਅਣਿਆਈ ਮੌਤ ਸਾਡੇ ਵਿੱਚੋਂ ਕਿਸੇ ਉੱਤੇ ਵੀ ਆ ਸਕਦੀ ਹੈ। ਪਰ ਫਿਰ ਵੀ ਅਸੀਂ ਸੁਰੱਖਿਅਤ ਹਾਂ। ਕੋਈ ਵੀ ਬਿਪਤਾ ਪਰਮੇਸ਼ੁਰ ਦੇ ਬਚਨ ਨਾਲ ਸੱਚੀ ਪ੍ਰੀਤ ਰੱਖਣ ਵਾਲੇ ਦਾ ਸਥਾਈ ਨੁਕਸਾਨ ਨਹੀਂ ਕਰ ਸਕਦੀ। ਇਸ ਲਈ ਸਾਨੂੰ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਭਵਿੱਖ ਵਿਚ ਕੀ ਹੋਵੇਗਾ। ਸਾਰੀਆਂ ਉਚਿਤ ਸਾਵਧਾਨੀਆਂ ਵਰਤਣ ਤੋਂ ਬਾਅਦ ਸਾਨੂੰ ਹਰ ਗੱਲ ਪਰਮੇਸ਼ੁਰ ਉੱਤੇ ਛੱਡ ਦੇਣੀ ਚਾਹੀਦੀ ਹੈ ਅਤੇ ਅੱਜ ਜ਼ਿੰਦਗੀ ਦੀਆਂ ਮੁਸ਼ਕਲਾਂ ਕਾਰਨ ਆਪਣੇ ਮਨ ਦੀ ਸ਼ਾਂਤੀ ਨਹੀਂ ਗੁਆਉਣੀ ਚਾਹੀਦੀ। (ਮੱਤੀ 6:33, 34; ਫ਼ਿਲਿੱਪੀਆਂ 4:6, 7) ਜਦੋਂ ਪਰਮੇਸ਼ੁਰ ‘ਸੱਭੋ ਕੁਝ ਨਵਾਂ ਬਣਾਵੇਗਾ,’ ਤਾਂ ਉਸ ਵੇਲੇ ਹੋਣ ਵਾਲੇ ਪੁਨਰ-ਉਥਾਨ ਅਤੇ ਬਿਹਤਰ ਜੀਵਨ ਦੀ ਪੱਕੀ ਉਮੀਦ ਨੂੰ ਹਮੇਸ਼ਾ ਯਾਦ ਰੱਖੋ।—ਪਰਕਾਸ਼ ਦੀ ਪੋਥੀ 21:5; ਯੂਹੰਨਾ 11:25.
ਆਪਣੇ ਆਪ ਨੂੰ “ਚੰਗੀ ਜਮੀਨ” ਸਾਬਤ ਕਰੋ
7. ਜਿਹੜੀਆਂ ਭੀੜਾਂ ਯਿਸੂ ਨੂੰ ਸੁਣਨ ਲਈ ਆਈਆਂ ਸਨ, ਉਨ੍ਹਾਂ ਨੂੰ ਯਿਸੂ ਨੇ ਕਿਹੜਾ ਦ੍ਰਿਸ਼ਟਾਂਤ ਸੁਣਾਇਆ?
7 ਪਰਮੇਸ਼ੁਰ ਦੇ ਬਚਨ ਪ੍ਰਤੀ ਸਹੀ ਨਜ਼ਰੀਆ ਰੱਖਣ ਦੀ ਅਹਿਮੀਅਤ ਯਿਸੂ ਨੇ ਆਪਣੇ ਇਕ ਦ੍ਰਿਸ਼ਟਾਂਤ ਵਿਚ ਦੱਸੀ ਸੀ। ਜਦੋਂ ਯਿਸੂ ਨੇ ਫਲਸਤੀਨ ਵਿਚ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕੀਤਾ, ਤਾਂ ਭੀੜਾਂ ਦੀਆਂ ਭੀੜਾਂ ਉਸ ਨੂੰ ਸੁਣਨ ਲਈ ਇਕੱਠੀਆਂ ਹੋਈਆਂ। (ਲੂਕਾ 8:1, 4) ਪਰ ਸਾਰਿਆਂ ਨੇ ਪਰਮੇਸ਼ੁਰ ਦੇ ਬਚਨ ਨਾਲ ਸੱਚੀ ਪ੍ਰੀਤ ਨਹੀਂ ਰੱਖੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਲੋਕ ਇਸ ਲਈ ਉਸ ਦੀਆਂ ਗੱਲਾਂ ਸੁਣਨ ਲਈ ਆਏ, ਕਿਉਂਕਿ ਉਹ ਸਿਰਫ਼ ਉਸ ਦੇ ਚਮਤਕਾਰਾਂ ਨੂੰ ਦੇਖਣਾ ਚਾਹੁੰਦੇ ਸਨ ਜਾਂ ਉਹ ਉਸ ਦੇ ਸਿਖਾਉਣ ਦੇ ਵਧੀਆ ਤਰੀਕੇ ਦਾ ਆਨੰਦ ਮਾਣਦੇ ਸਨ। ਇਸ ਲਈ ਯਿਸੂ ਨੇ ਭੀੜ ਨੂੰ ਇਕ ਦ੍ਰਿਸ਼ਟਾਂਤ ਸੁਣਾਇਆ: “ਇੱਕ ਬੀਜਣ ਵਾਲਾ ਬੀ ਬੀਜਣ ਨੂੰ ਨਿੱਕਲਿਆ ਅਰ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਜਾ ਪਿਆ ਅਤੇ ਮਿੱਧਿਆ ਗਿਆ ਅਤੇ ਅਕਾਸ਼ ਦੇ ਪੰਛੀ ਉਹ ਨੂੰ ਚੁਗ ਗਏ। ਅਰ ਹੋਰ ਪੱਥਰ ਉੱਤੇ ਕਿਰਿਆ ਸੋ ਉੱਗਦਿਆਂ ਹੀ ਸੁੱਕ ਗਿਆ ਇਸ ਲਈ ਜੋ ਉਹ ਨੂੰ ਗਿੱਲ ਨਾ ਪਹੁੰਚੀ। ਅਤੇ ਹੋਰ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਨਾਲ ਹੀ ਵਧ ਕੇ ਉਹ ਨੂੰ ਦਬਾ ਲਿਆ। ਅਰ ਹੋਰ ਚੰਗੀ ਜਮੀਨ ਵਿੱਚ ਕਿਰਿਆ ਅਤੇ ਉੱਗ ਕੇ ਸੌ ਗੁਣਾ ਫਲਿਆ।”—ਲੂਕਾ 8:5-8.
8. ਯਿਸੂ ਦੇ ਦ੍ਰਿਸ਼ਟਾਂਤ ਵਿਚ ਬੀ ਕੀ ਹੈ?
8 ਯਿਸੂ ਦੇ ਦ੍ਰਿਸ਼ਟਾਂਤ ਤੋਂ ਪਤਾ ਚੱਲਦਾ ਹੈ ਕਿ ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰ ਪ੍ਰਤੀ ਵੱਖੋ-ਵੱਖਰੀ ਪ੍ਰਤਿਕ੍ਰਿਆ ਦਿਖਾਉਣਗੇ ਅਤੇ ਇਹ ਉਨ੍ਹਾਂ ਦੇ ਦਿਲ ਉੱਤੇ ਨਿਰਭਰ ਕਰਦਾ ਹੈ। ਬੀ “ਪਰਮੇਸ਼ੁਰ ਦਾ ਬਚਨ” ਹੈ। (ਲੂਕਾ 8:11) ਜਾਂ ਜਿਵੇਂ ਇਸ ਦ੍ਰਿਸ਼ਟਾਂਤ ਦਾ ਇਕ ਹੋਰ ਬਿਰਤਾਂਤ ਕਹਿੰਦਾ ਹੈ, ਇਹ ਬੀ “ਰਾਜ ਦਾ ਬਚਨ” ਹੈ। (ਮੱਤੀ 13:19) ਯਿਸੂ ਦੋਵਾਂ ਵਿੱਚੋਂ ਕੋਈ ਵੀ ਅਭਿਵਿਅਕਤੀ ਇਸਤੇਮਾਲ ਕਰ ਸਕਦਾ ਸੀ, ਕਿਉਂਕਿ ਪਰਮੇਸ਼ੁਰ ਦੇ ਬਚਨ ਦਾ ਮੁੱਖ ਵਿਸ਼ਾ ਪਰਮੇਸ਼ੁਰ ਦਾ ਸਵਰਗੀ ਰਾਜ ਹੈ ਜਿਸ ਦਾ ਰਾਜਾ ਯਿਸੂ ਮਸੀਹ ਹੈ ਅਤੇ ਜਿਸ ਦੁਆਰਾ ਯਹੋਵਾਹ ਆਪਣੀ ਸਰਬਸੱਤਾ ਨੂੰ ਸਹੀ ਸਾਬਤ ਕਰੇਗਾ ਅਤੇ ਆਪਣੇ ਨਾਂ ਨੂੰ ਪਵਿੱਤਰ ਕਰੇਗਾ। (ਮੱਤੀ 6:9, 10) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਇਹ ਬੀ ਖ਼ੁਸ਼ ਖ਼ਬਰੀ ਦਾ ਸੰਦੇਸ਼ ਹੈ ਜੋ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਇਆ ਜਾਂਦਾ ਹੈ। ਯਹੋਵਾਹ ਦੇ ਗਵਾਹ ਆਪਣੇ ਆਦਰਸ਼, ਯਿਸੂ ਮਸੀਹ ਵਾਂਗ ਬੀ ਬੀਜਦੇ ਹੋਏ ਰਾਜ ਦਾ ਸੰਦੇਸ਼ ਸੁਣਾਉਂਦੇ ਹਨ। ਲੋਕ ਉਨ੍ਹਾਂ ਦੇ ਸੰਦੇਸ਼ ਪ੍ਰਤੀ ਕਿਵੇਂ ਪ੍ਰਤਿਕ੍ਰਿਆ ਦਿਖਾਉਂਦੇ ਹਨ?
9. ਇਸ ਦਾ ਕੀ ਮਤਲਬ ਹੈ ਕਿ ਕੁਝ ਬੀ (ੳ) ਪਹੇ ਦੇ ਕੰਢੇ ਤੇ ਡਿੱਗਦੇ ਹਨ, (ਅ) ਪਥਰੀਲੀ ਜ਼ਮੀਨ ਉੱਤੇ ਡਿੱਗਦੇ ਹਨ ਅਤੇ (ੲ) ਕੰਡਿਆਲਿਆਂ ਵਿਚ ਡਿੱਗਦੇ ਹਨ?
9 ਯਿਸੂ ਨੇ ਕਿਹਾ ਕਿ ਕੁਝ ਬੀ ਪਹੇ ਦੇ ਕੰਢੇ ਤੇ ਡਿੱਗ ਪੈਂਦੇ ਹਨ ਅਤੇ ਪੈਰਾਂ ਹੇਠ ਮਿੱਧੇ ਜਾਂਦੇ ਹਨ। ਇਹ ਉਨ੍ਹਾਂ ਲੋਕਾਂ ਨੂੰ ਦਰਸਾਉਂਦੇ ਹਨ ਜੋ ਇੰਨੇ ਰੁੱਝੇ ਹੋਏ ਹਨ ਕਿ ਰਾਜ ਦੇ ਬੀ ਨੂੰ ਉਨ੍ਹਾਂ ਦੇ ਦਿਲਾਂ ਵਿਚ ਜੜ੍ਹ ਫੜਨ ਦਾ ਸਮਾਂ ਹੀ ਨਹੀਂ ਮਿਲਦਾ। ਇਸ ਤੋਂ ਪਹਿਲਾਂ ਕਿ ਉਹ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ, “ਸ਼ਤਾਨ ਆਣ ਕੇ ਉਸ ਬਚਨ ਨੂੰ ਉਨ੍ਹਾਂ ਦੇ ਹਿਰਦਿਆਂ ਵਿੱਚੋਂ ਕੱਢ ਲੈ ਜਾਂਦਾ ਹੈ ਕਿਤੇ ਅਜਿਹਾ ਨਾ ਹੋਵੇ ਜੋ ਓਹ ਨਿਹਚਾ ਕਰ ਕੇ ਬਚਾਏ ਜਾਣ।” (ਲੂਕਾ 8:12) ਕੁਝ ਬੀ ਪਥਰੀਲੀ ਜ਼ਮੀਨ ਉੱਤੇ ਡਿੱਗਦੇ ਹਨ। ਇਹ ਉਨ੍ਹਾਂ ਲੋਕਾਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਬਾਈਬਲ ਦਾ ਸੰਦੇਸ਼ ਚੰਗਾ ਤਾਂ ਲੱਗਦਾ ਹੈ, ਪਰ ਉਹ ਇਨ੍ਹਾਂ ਨੂੰ ਆਪਣੇ ਦਿਲ ਵਿਚ ਨਹੀਂ ਬਿਠਾਉਂਦੇ। ਜਦੋਂ ਉਨ੍ਹਾਂ ਦਾ ਵਿਰੋਧ ਹੁੰਦਾ ਹੈ ਜਾਂ ਉਨ੍ਹਾਂ ਨੂੰ ਬਾਈਬਲ ਦੀ ਸਲਾਹ ਮੰਨਣੀ ਮੁਸ਼ਕਲ ਲੱਗਦੀ ਹੈ, ਤਾਂ ਉਹ ਪਿੱਛੇ “ਹਟ ਜਾਂਦੇ ਹਨ” ਕਿਉਂਕਿ ਬੀ ਨੇ ਜੜ੍ਹ ਨਹੀਂ ਫੜੀ। (ਲੂਕਾ 8:13) ਫਿਰ ਬਹੁਤ ਸਾਰੇ ਲੋਕ ਸੰਦੇਸ਼ ਨੂੰ ਸੁਣਦੇ ਹਨ ਪਰ ਉਹ “ਜੀਉਣ ਦੀਆਂ ਚਿੰਤਾਂ ਅਰ ਮਾਯਾ ਅਤੇ ਭੋਗ ਬਿਲਾਸ” ਵਿਚ ਬਹੁਤ ਹੀ ਜ਼ਿਆਦਾ ਖੁੱਭੇ ਹੁੰਦੇ ਹਨ। ਅਖ਼ੀਰ ਵਿਚ, ਕੰਡਿਆਲਿਆਂ ਵਿਚ ਫਸੇ ਪੌਦਿਆਂ ਵਾਂਗ ਉਹ ‘ਦਬਾਏ ਜਾਂਦੇ ਹਨ।’—ਲੂਕਾ 8:14.
10, 11. (ੳ) ਚੰਗੀ ਜ਼ਮੀਨ ਕਿਨ੍ਹਾਂ ਨੂੰ ਦਰਸਾਉਂਦੀ ਹੈ? (ਅ) ਆਪਣੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ‘ਸਾਂਭੀ ਰੱਖਣ’ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
10 ਕੁਝ ਬੀ ਚੰਗੀ ਜ਼ਮੀਨ ਉੱਤੇ ਵੀ ਡਿੱਗਦੇ ਹਨ। ਇਹ ਉਨ੍ਹਾਂ ਲੋਕਾਂ ਵੱਲ ਇਸ਼ਾਰਾ ਕਰਦਾ ਹੈ ਜਿਹੜੇ ਸੰਦੇਸ਼ ਨੂੰ “ਚੰਗੇ ਅਤੇ ਖਰੇ ਦਿਲ” ਨਾਲ ਸੁਣਦੇ ਹਨ। ਇਹ ਸੁਭਾਵਕ ਹੈ ਕਿ ਅਸੀਂ ਸਾਰੇ ਇਨ੍ਹਾਂ ਲੋਕਾਂ ਵਿਚ ਗਿਣੇ ਜਾਣਾ ਚਾਹੁੰਦੇ ਹਾਂ। ਪਰ ਅਖ਼ੀਰ ਇਸ ਦਾ ਫ਼ੈਸਲਾ ਪਰਮੇਸ਼ੁਰ ਹੀ ਕਰੇਗਾ ਕਿ ਅਸੀਂ ਇਨ੍ਹਾਂ ਵਿਚ ਗਿਣੇ ਜਾਵਾਂਗੇ ਜਾਂ ਨਹੀਂ। (ਕਹਾਉਤਾਂ 17:3; 1 ਕੁਰਿੰਥੀਆਂ 4:4, 5) ਉਸ ਦਾ ਬਚਨ ਕਹਿੰਦਾ ਹੈ ਕਿ ਹੁਣ ਤੋਂ ਲੈ ਕੇ ਮੌਤ ਤਕ ਜਾਂ ਪਰਮੇਸ਼ੁਰ ਦੁਆਰਾ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਕਰਨ ਤਕ ਅਸੀਂ ਆਪਣੇ ਕੰਮਾਂ ਦੁਆਰਾ ਸਾਬਤ ਕਰਦੇ ਹਾਂ ਕਿ ਸਾਡਾ ‘ਦਿਲ ਚੰਗਾ ਅਤੇ ਖਰਾ’ ਹੈ। ਜੇ ਅਸੀਂ ਪਹਿਲਾਂ-ਪਹਿਲਾਂ ਰਾਜ ਦੇ ਸੰਦੇਸ਼ ਨੂੰ ਸੁਣਿਆ ਹੈ, ਤਾਂ ਇਹ ਚੰਗੀ ਗੱਲ ਹੈ। ਪਰ ਚੰਗੇ ਅਤੇ ਖਰੇ ਦਿਲ ਵਾਲੇ ਲੋਕ ਪਰਮੇਸ਼ੁਰ ਦੇ ਬਚਨ ਨੂੰ ਸਵੀਕਾਰ ਕਰਦੇ ਹਨ ਅਤੇ ਇਸ ਨੂੰ “ਸਾਂਭੀ ਰੱਖਦੇ ਹਨ ਅਰ ਧੀਰਜ ਨਾਲ ਫਲ ਦਿੰਦੇ ਹਨ।”—ਲੂਕਾ 8:15.
11 ਆਪਣੇ ਦਿਲ ਵਿਚ ਪਰਮੇਸ਼ੁਰ ਦੇ ਬਚਨ ਨੂੰ ਸਾਂਭੀ ਰੱਖਣ ਦਾ ਇੱਕੋ-ਇਕ ਤਰੀਕਾ ਹੈ ਇਸ ਨੂੰ ਇਕੱਲੇ ਬਹਿ ਕੇ ਅਤੇ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਮਿਲ ਕੇ ਪੜ੍ਹਨਾ ਅਤੇ ਇਸ ਦਾ ਅਧਿਐਨ ਕਰਨਾ। ਇਸ ਦੇ ਨਾਲ-ਨਾਲ ਯਿਸੂ ਦੇ ਸੱਚੇ ਪੈਰੋਕਾਰਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਨਿਯੁਕਤ ਕੀਤੇ ਗਏ ਮਾਧਿਅਮ ਦੁਆਰਾ ਦਿੱਤੇ ਜਾਂਦੇ ਅਧਿਆਤਮਿਕ ਭੋਜਨ ਦਾ ਵੀ ਅਸੀਂ ਪੂਰਾ ਲਾਭ ਉਠਾਉਣਾ ਹੈ। (ਮੱਤੀ 24:45-47) ਇਨ੍ਹਾਂ ਤਰੀਕਿਆਂ ਦੁਆਰਾ ਅਸੀਂ ਆਪਣੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਨੂੰ ਸਾਂਭੀ ਰੱਖਾਂਗੇ ਅਤੇ ਪਿਆਰ ਸਾਨੂੰ ‘ਧੀਰਜ ਨਾਲ ਫਲ ਦੇਣ’ ਲਈ ਪ੍ਰੇਰੇਗਾ।
12. ਸਾਨੂੰ ਧੀਰਜ ਨਾਲ ਕਿਸ ਤਰ੍ਹਾਂ ਦੇ ਫਲ ਪੈਦਾ ਕਰਨੇ ਚਾਹੀਦੇ ਹਨ?
12 ਚੰਗੀ ਜ਼ਮੀਨ ਕਿਸ ਤਰ੍ਹਾਂ ਦੇ ਫਲ ਪੈਦਾ ਕਰਦੀ ਹੈ? ਕੁਦਰਤੀ ਤੌਰ ਤੇ ਬੀ ਪੌਦਾ ਬਣ ਕੇ ਆਪਣੀ ਜਿਨਸ ਅਨੁਸਾਰ ਫਲ ਦਿੰਦਾ ਹੈ, ਜਿਸ ਦੇ ਬੀ ਅੱਗੋਂ ਹੋਰ ਬੀਜਾਈ ਲਈ ਵਰਤੇ ਜਾਂਦੇ ਹਨ। ਇਸੇ ਤਰ੍ਹਾਂ ਚੰਗੇ ਅਤੇ ਖਰੇ ਦਿਲ ਵਾਲਿਆਂ ਵਿਚ ਬਚਨ ਦਾ ਬੀ ਜੜ੍ਹ ਫੜਦਾ ਹੈ ਅਤੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਤਰੱਕੀ ਕਰਨ ਲਈ ਉਤਸ਼ਾਹਿਤ ਕਰਦਾ ਹੈ ਤਾਂਕਿ ਉਹ ਆਪ ਵੀ ਦੂਸਰਿਆਂ ਦੇ ਦਿਲਾਂ ਵਿਚ ਬੀ ਬੀਜਣ। (ਮੱਤੀ 28:19, 20) ਅਤੇ ਉਨ੍ਹਾਂ ਨੂੰ ਇਹ ਕੰਮ ਕਰਨ ਲਈ ਧੀਰਜ ਦੀ ਲੋੜ ਹੈ। ਯਿਸੂ ਨੇ ਇਹ ਕਹਿ ਕੇ ਧੀਰਜ ਰੱਖਣ ਦੀ ਅਹਿਮੀਅਤ ਦੱਸੀ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਅਤੇ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।”—ਮੱਤੀ 24:13, 14.
“ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹੋ”
13. ਪੌਲੁਸ ਨੇ ਕਿਹੜੀ ਪ੍ਰਾਰਥਨਾ ਕੀਤੀ ਜਿਸ ਵਿਚ ਉਸ ਨੇ ਫਲ ਪੈਦਾ ਕਰਨ ਦਾ ਸੰਬੰਧ ਪਰਮੇਸ਼ੁਰ ਦੇ ਬਚਨ ਦੇ ਗਿਆਨ ਨਾਲ ਜੋੜਿਆ?
13 ਪੌਲੁਸ ਰਸੂਲ ਨੇ ਵੀ ਫਲ ਪੈਦਾ ਕਰਨ ਦੀ ਲੋੜ ਬਾਰੇ ਗੱਲ ਕੀਤੀ ਅਤੇ ਉਸ ਨੇ ਫਲ ਪੈਦਾ ਕਰਨ ਦਾ ਸੰਬੰਧ ਪਰਮੇਸ਼ੁਰ ਦੇ ਬਚਨ ਨਾਲ ਜੋੜਿਆ। ਉਸ ਨੇ ਪ੍ਰਾਰਥਨਾ ਕੀਤੀ ਕਿ ਉਸ ਦੇ ਸੰਗੀ ਵਿਸ਼ਵਾਸੀ ‘ਪਰਮੇਸ਼ੁਰ ਦੇ ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਉਹ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਣ, ਤਾਂ ਜੋ ਉਹ ਅਜਿਹੀ ਜੋਗ ਚਾਲ ਚੱਲਣ ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ ਅਤੇ ਹਰੇਕ ਸ਼ੁਭ ਕਰਮ ਵਿੱਚ ਫਲਦੇ ਰਹਿਣ।’—ਕੁਲੁੱਸੀਆਂ 1:9, 10; ਫ਼ਿਲਿੱਪੀਆਂ 1:9-11.
14-16. ਪੌਲੁਸ ਦੀ ਪ੍ਰਾਰਥਨਾ ਦੀ ਇਕਸੁਰਤਾ ਵਿਚ, ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਕਿਸ ਤਰ੍ਹਾਂ ਦੇ ਫਲ ਪੈਦਾ ਕਰ ਰਹੇ ਹਨ?
14 ਇਸ ਤਰ੍ਹਾਂ ਪੌਲੁਸ ਦਿਖਾਉਂਦਾ ਹੈ ਕਿ ਸਿਰਫ਼ ਬਾਈਬਲ ਦਾ ਗਿਆਨ ਲੈਣ ਨਾਲ ਹੀ ਗੱਲ ਖ਼ਤਮ ਨਹੀਂ ਹੋ ਜਾਂਦੀ। ਇਸ ਦੀ ਬਜਾਇ, ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਸਾਨੂੰ “ਹਰੇਕ ਸ਼ੁਭ ਕਰਮ ਵਿੱਚ ਫਲਦੇ” ਹੋਏ ਯਹੋਵਾਹ ਦੇ ‘ਜੋਗ ਚਾਲ ਚੱਲਣ’ ਲਈ ਪ੍ਰੇਰਿਤ ਕਰਦੀ ਹੈ। ਕਿਹੜਾ ਸ਼ੁਭ ਕਰਮ? ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਇਨ੍ਹਾਂ ਅੰਤ ਦੇ ਦਿਨਾਂ ਵਿਚ ਮਸੀਹੀਆਂ ਦਾ ਮੁੱਖ ਕੰਮ ਹੈ। (ਮਰਕੁਸ 13:10) ਇਸ ਤੋਂ ਇਲਾਵਾ, ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਇਸ ਕੰਮ ਵਿਚ ਮਦਦ ਕਰਨ ਲਈ ਬਾਕਾਇਦਾ ਮਾਲੀ ਸਹਾਇਤਾ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੂੰ ਇਸ ਵਿਚ ਖ਼ੁਸ਼ੀ ਮਿਲਦੀ ਹੈ ਕਿਉਂਕਿ ਉਹ ਜਾਣਦੇ ਹਨ ਕਿ “ਪਰਮੇਸ਼ੁਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।” (2 ਕੁਰਿੰਥੀਆਂ 9:7) ਉਨ੍ਹਾਂ ਦੇ ਚੰਦੇ ਨਾਲ ਸੌ ਤੋਂ ਜ਼ਿਆਦਾ ਬੈਥਲ ਘਰਾਂ ਦਾ ਖ਼ਰਚਾ ਚਲਾਇਆ ਜਾਂਦਾ ਹੈ। ਇਨ੍ਹਾਂ ਬੈਥਲ ਘਰਾਂ ਦੀ ਨਿਗਰਾਨੀ ਹੇਠ ਰਾਜ ਦਾ ਪ੍ਰਚਾਰ ਕੰਮ ਕੀਤਾ ਜਾਂਦਾ ਹੈ ਅਤੇ ਕੁਝ ਬੈਥਲ ਘਰਾਂ ਵਿਚ ਬਾਈਬਲਾਂ ਅਤੇ ਬਾਈਬਲ ਆਧਾਰਿਤ ਸਾਹਿੱਤ ਵੀ ਛਾਪਿਆ ਜਾਂਦਾ ਹੈ। ਭੈਣਾਂ-ਭਰਾਵਾਂ ਦੇ ਚੰਦੇ ਨਾਲ ਵੱਡੇ ਮਸੀਹੀ ਸੰਮੇਲਨਾਂ ਦਾ ਅਤੇ ਸਫ਼ਰੀ ਨਿਗਾਹਬਾਨਾਂ, ਮਿਸ਼ਨਰੀਆਂ ਅਤੇ ਦੂਸਰੇ ਪੂਰੇ ਸਮੇਂ ਦੇ ਪ੍ਰਚਾਰਕਾਂ ਦਾ ਖ਼ਰਚਾ ਵੀ ਪੂਰਾ ਕੀਤਾ ਜਾਂਦਾ ਹੈ।
15 ਸ਼ੁਭ ਕਰਮਾਂ ਵਿਚ, ਸੱਚੀ ਉਪਾਸਨਾ ਲਈ ਹਾਲ ਬਣਾਉਣੇ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨੀ ਵੀ ਸ਼ਾਮਲ ਹੈ। ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਕਰਕੇ, ਉਸ ਦੇ ਉਪਾਸਕ ਇਹ ਯਕੀਨੀ ਬਣਾਉਂਦੇ ਹਨ ਕਿ ਅਸੈਂਬਲੀ ਹਾਲਾਂ ਨੂੰ ਅਤੇ ਰਾਜ ਗ੍ਰਹਿਆਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। (ਨਹਮਯਾਹ 10:39 ਦੀ ਤੁਲਨਾ ਕਰੋ।) ਕਿਉਂਕਿ ਅਜਿਹੀਆਂ ਇਮਾਰਤਾਂ ਦੇ ਸਾਮ੍ਹਣੇ ਵਾਲੇ ਹਿੱਸੇ ਤੇ ਪਰਮੇਸ਼ੁਰ ਦਾ ਨਾਂ ਲਿਖਿਆ ਜਾਂਦਾ ਹੈ, ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਅੰਦਰੋਂ-ਬਾਹਰੋਂ ਸਾਫ਼-ਸੁਥਰਾ ਰੱਖਿਆ ਜਾਵੇ ਅਤੇ ਇਨ੍ਹਾਂ ਹਾਲਾਂ ਵਿਚ ਉਪਾਸਨਾ ਕਰਨ ਵਾਲਿਆਂ ਦਾ ਚਾਲ-ਚਲਣ ਵੀ ਨਿਹਕਲੰਕ ਹੋਵੇ। (2 ਕੁਰਿੰਥੀਆਂ 6:3) ਕੁਝ ਮਸੀਹੀ ਇਸ ਤੋਂ ਕੁਝ ਜ਼ਿਆਦਾ ਕਰ ਪਾਉਂਦੇ ਹਨ। ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਉਨ੍ਹਾਂ ਨੂੰ ਦੂਰ-ਦੂਰ ਤਕ ਸਫ਼ਰ ਕਰਨ ਲਈ ਪ੍ਰੇਰਦੀ ਹੈ ਤਾਂਕਿ ਉਹ ਧਰਤੀ ਦੇ ਉਨ੍ਹਾਂ ਹਿੱਸਿਆਂ ਵਿਚ ਉਪਾਸਨਾ ਦੇ ਨਵੇਂ ਭਵਨ ਬਣਾ ਸਕਣ ਜਿੱਥੇ ਗ਼ਰੀਬੀ ਜਾਂ ਹੁਨਰ ਦੀ ਘਾਟ ਹੋਣ ਕਰਕੇ ਉਨ੍ਹਾਂ ਦੀ ਕਾਫ਼ੀ ਲੋੜ ਹੈ।—2 ਕੁਰਿੰਥੀਆਂ 8:14.
16 ‘ਸ਼ੁਭ ਕਰਮ ਵਿਚ ਫਲਦੇ ਰਹਿਣ’ ਵਿਚ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨਾ ਅਤੇ ਆਪਣੇ ਸੰਗੀ-ਵਿਸ਼ਵਾਸੀਆਂ ਦੀ ਪਰਵਾਹ ਕਰਨੀ ਵੀ ਸ਼ਾਮਲ ਹੈ। ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਸਾਨੂੰ “ਨਿਹਚਾਵਾਨਾਂ” ਦੀਆਂ ਲੋੜਾਂ ਦਾ ਧਿਆਨ ਰੱਖਣ ਅਤੇ “ਆਪਣੇ ਘਰਾਣੇ ਨਾਲ ਧਰਮ ਕਮਾਉਣ” ਲਈ ਪ੍ਰੇਰਿਤ ਕਰਦੀ ਹੈ। (ਗਲਾਤੀਆਂ 6:10; 1 ਤਿਮੋਥਿਉਸ 5:4, 8) ਇਸ ਲਈ ਬੀਮਾਰ ਵਿਅਕਤੀਆਂ ਨੂੰ ਜਾ ਕੇ ਮਿਲਣਾ ਅਤੇ ਦੁਖੀ ਲੋਕਾਂ ਨੂੰ ਦਿਲਾਸਾ ਦੇਣਾ ਇਕ ਚੰਗਾ ਕੰਮ ਹੈ। ਅਤੇ ਕਲੀਸਿਯਾ ਦੇ ਬਜ਼ੁਰਗ ਤੇ ਹਸਪਤਾਲ ਸੰਪਰਕ ਸਮਿਤੀਆਂ ਉਨ੍ਹਾਂ ਵਿਅਕਤੀਆਂ ਦੀ ਮਦਦ ਕਰ ਕੇ ਕਿੰਨਾ ਚੰਗਾ ਕੰਮ ਕਰਦੀਆਂ ਹਨ ਜਿਨ੍ਹਾਂ ਨੂੰ ਡਾਕਟਰੀ ਇਲਾਜ ਸੰਬੰਧੀ ਕਾਫ਼ੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ! (ਰਸੂਲਾਂ ਦੇ ਕਰਤੱਬ 15:29) ਅਤੇ ਆਫ਼ਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ—ਕੁਝ ਕੁਦਰਤੀ ਕਾਰਨਾਂ ਕਰਕੇ ਅਤੇ ਕੁਝ ਇਨਸਾਨ ਦੀ ਮੂਰਖਤਾ ਕਰਕੇ। ਪਰਮੇਸ਼ੁਰ ਦੀ ਆਤਮਾ ਦੀ ਸਹਾਇਤਾ ਨਾਲ ਯਹੋਵਾਹ ਦੇ ਗਵਾਹਾਂ ਨੇ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਆਫ਼ਤਾਂ ਅਤੇ ਦੁਰਘਟਨਾਵਾਂ ਦੇ ਸ਼ਿਕਾਰ ਹੋਏ ਆਪਣੇ ਸੰਗੀ ਵਿਸ਼ਵਾਸੀਆਂ ਨੂੰ ਅਤੇ ਦੂਸਰੇ ਲੋਕਾਂ ਨੂੰ ਫਟਾਫਟ ਰਾਹਤ ਸਾਮਾਨ ਪਹੁੰਚਾਉਣ ਵਿਚ ਬਹੁਤ ਵਧੀਆ ਰਿਕਾਰਡ ਕਾਇਮ ਕੀਤਾ ਹੈ। ਇਹ ਸਭ ਚੰਗੇ ਫਲ ਹਨ ਜੋ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਪ੍ਰਦਰਸ਼ਿਤ ਕਰਦੇ ਹਨ।
ਭਵਿੱਖ ਵਿਚ ਸ਼ਾਨਦਾਰ ਫ਼ਾਇਦੇ
17, 18. (ੳ) ਰਾਜ ਦਾ ਬੀ ਬੀਜਣ ਨਾਲ ਕਿਹੜੇ ਫ਼ਾਇਦੇ ਮਿਲ ਰਹੇ ਹਨ? (ਅ) ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਕਿਹੜੀਆਂ ਸੰਸਾਰ-ਹਿਲਾਉ ਘਟਨਾਵਾਂ ਨੂੰ ਵਾਪਰਦੀਆਂ ਦੇਖਣਗੇ?
17 ਰਾਜ ਦੇ ਬੀ ਬੀਜਣ ਨਾਲ ਮਨੁੱਖਜਾਤੀ ਨੂੰ ਬਹੁਤ ਫ਼ਾਇਦੇ ਮਿਲ ਰਹੇ ਹਨ। ਹਾਲ ਹੀ ਦੇ ਸਾਲਾਂ ਵਿਚ, ਹਰ ਸਾਲ 3,00,000 ਤੋਂ ਜ਼ਿਆਦਾ ਲੋਕਾਂ ਨੇ ਆਪਣੇ ਦਿਲਾਂ ਵਿਚ ਬਾਈਬਲ ਦੇ ਸੰਦੇਸ਼ ਨੂੰ ਜੜ੍ਹ ਫੜਨ ਦਿੱਤੀ ਹੈ ਅਤੇ ਉਨ੍ਹਾਂ ਨੇ ਯਹੋਵਾਹ ਨੂੰ ਆਪਣੀਆਂ ਜ਼ਿੰਦਗੀਆਂ ਸਮਰਪਿਤ ਕਰ ਕੇ ਪਾਣੀ ਦਾ ਬਪਤਿਸਮਾ ਲਿਆ ਹੈ। ਕਿੰਨਾ ਹੀ ਸ਼ਾਨਦਾਰ ਭਵਿੱਖ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ!
18 ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਜਾਣਦੇ ਹਨ ਕਿ ਜਲਦੀ ਹੀ ਯਹੋਵਾਹ ਪਰਮੇਸ਼ੁਰ ਆਪਣੇ ਨਾਂ ਨੂੰ ਵਡਿਆਉਣ ਲਈ ਕਦਮ ਚੁੱਕੇਗਾ। ‘ਵੱਡੀ ਬਾਬੁਲ,’ ਅਰਥਾਤ ਝੂਠੇ ਧਰਮਾਂ ਦਾ ਵਿਸ਼ਵ ਸਾਮਰਾਜ ਨਾਸ਼ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 18:2, 8) ਫਿਰ, ਜਿਹੜੇ ਲੋਕ ਪਰਮੇਸ਼ੁਰ ਦੇ ਬਚਨ ਉੱਤੇ ਚੱਲਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਨੂੰ ਰਾਜਾ ਯਿਸੂ ਮਸੀਹ ਨਾਸ਼ ਕਰ ਦੇਵੇਗਾ। (ਜ਼ਬੂਰ 2:9-11; ਦਾਨੀਏਲ 2:44) ਇਸ ਤੋਂ ਬਾਅਦ ਪਰਮੇਸ਼ੁਰ ਦਾ ਰਾਜ ਮਨੁੱਖਜਾਤੀ ਨੂੰ ਅਪਰਾਧ, ਲੜਾਈਆਂ ਅਤੇ ਦੂਸਰੀਆਂ ਬਿਪਤਾਵਾਂ ਤੋਂ ਹਮੇਸ਼ਾ ਲਈ ਛੁਟਕਾਰਾ ਦਿਲਾਏਗਾ। ਫਿਰ ਦੁੱਖ, ਬੀਮਾਰੀ ਅਤੇ ਮੌਤ ਕਰਕੇ ਲੋਕਾਂ ਨੂੰ ਦਿਲਾਸਾ ਦੇਣ ਦੀ ਲੋੜ ਨਹੀਂ ਰਹੇਗੀ।—ਪਰਕਾਸ਼ ਦੀ ਪੋਥੀ 21:3, 4.
19, 20. ਪਰਮੇਸ਼ੁਰ ਦੇ ਬਚਨ ਨਾਲ ਸੱਚੀ ਪ੍ਰੀਤ ਰੱਖਣ ਵਾਲਿਆਂ ਲਈ ਕਿਹੜਾ ਸ਼ਾਨਦਾਰ ਭਵਿੱਖ ਰੱਖਿਆ ਹੋਇਆ ਹੈ?
19 ਉਸ ਵੇਲੇ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਕਿੰਨੇ ਸ਼ਾਨਦਾਰ ਕੰਮ ਕਰਨਗੇ! ਸਭ ਤੋਂ ਪਹਿਲਾਂ, ਆਰਮਾਗੇਡਨ ਵਿੱਚੋਂ ਬਚਣ ਵਾਲੇ ਲੋਕ ਇਸ ਧਰਤੀ ਨੂੰ ਫਿਰਦੌਸ ਬਣਾਉਣ ਦਾ ਆਨੰਦਮਈ ਕੰਮ ਕਰਨਗੇ। ਉਨ੍ਹਾਂ ਕੋਲ ਮਰੇ ਹੋਏ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਬਹੁਤ ਹੀ ਖ਼ੁਸ਼ੀ ਭਰਿਆ ਵਿਸ਼ੇਸ਼-ਸਨਮਾਨ ਹੋਵੇਗਾ, ਜਿਹੜੇ ਇਸ ਵੇਲੇ ਮੌਤ ਦੀ ਨੀਂਦ ਸੌਂ ਰਹੇ ਹਨ। ਉਹ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਹਨ ਅਤੇ ਪੁਨਰ-ਉਥਾਨ ਦੀ ਉਡੀਕ ਕਰ ਰਹੇ ਹਨ। (ਯੂਹੰਨਾ 5:28, 29) ਉਸ ਸਮੇਂ ਸਰਬਸੱਤਾਵਾਨ ਪ੍ਰਭੂ ਯਹੋਵਾਹ ਆਪਣੇ ਮਹਿਮਾਵਾਨ ਪੁੱਤਰ, ਯਿਸੂ ਮਸੀਹ ਦੇ ਰਾਹੀਂ ਧਰਤੀ ਦੇ ਸਾਰੇ ਵਾਸੀਆਂ ਨੂੰ ਮੁਕੰਮਲ ਨਿਰਦੇਸ਼ਨ ਦੇਵੇਗਾ। ‘ਪੋਥੀਆਂ ਖੋਲ੍ਹੀਆਂ ਜਾਣਗੀਆਂ,’ ਜਿਨ੍ਹਾਂ ਵਿਚ ਨਵੇਂ ਸੰਸਾਰ ਵਿਚ ਜੀਉਣ ਸੰਬੰਧੀ ਯਹੋਵਾਹ ਦੀਆਂ ਹਿਦਾਇਤਾਂ ਦਿੱਤੀਆਂ ਜਾਣਗੀਆਂ।—ਪਰਕਾਸ਼ ਦੀ ਪੋਥੀ 20:12.
20 ਯਹੋਵਾਹ ਦੇ ਨਿਯਤ ਸਮੇਂ ਤੇ ਸਾਰੇ ਵਫ਼ਾਦਾਰ ਮਸਹ ਕੀਤੇ ਹੋਏ ਮਸੀਹੀ ਸਵਰਗ ਲੈ ਜਾਏ ਜਾਣਗੇ ਅਤੇ ਉਨ੍ਹਾਂ ਨੂੰ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਹੋਣ ਦਾ ਇਨਾਮ ਦਿੱਤਾ ਜਾਵੇਗਾ। (ਰੋਮੀਆਂ 8:17) ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਨੂੰ, ਜੋ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦੇ ਹਨ, ਮਾਨਸਿਕ ਅਤੇ ਸਰੀਰਕ ਤੌਰ ਤੇ ਸੰਪੂਰਣ ਬਣਾਇਆ ਜਾਵੇਗਾ। ਆਖ਼ਰੀ ਪਰੀਖਿਆ ਵਿਚ ਆਪਣੇ ਆਪ ਨੂੰ ਵਫ਼ਾਦਾਰ ਸਾਬਤ ਕਰਨ ਤੇ ਉਨ੍ਹਾਂ ਨੂੰ ਸਦੀਪਕ ਜੀਵਨ ਦਾ ਇਨਾਮ ਦਿੱਤਾ ਜਾਵੇਗਾ ਅਤੇ ਉਹ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣਨਗੇ। (ਰੋਮੀਆਂ 8:21; ਪਰਕਾਸ਼ ਦੀ ਪੋਥੀ 20:1-3, 7-10) ਉਹ ਕਿੰਨਾ ਆਨੰਦਮਈ ਸਮਾਂ ਹੋਵੇਗਾ! ਸੱਚ-ਮੁੱਚ, ਭਾਵੇਂ ਯਹੋਵਾਹ ਨੇ ਸਾਨੂੰ ਸਵਰਗੀ ਉਮੀਦ ਦਿੱਤੀ ਹੈ ਜਾਂ ਜ਼ਮੀਨੀ, ਉਸ ਦੇ ਬਚਨ ਨਾਲ ਸੱਚੀ ਪ੍ਰੀਤ ਅਤੇ ਪਰਮੇਸ਼ੁਰੀ ਬੁੱਧ ਅਨੁਸਾਰ ਜੀਉਣ ਦਾ ਪੱਕਾ ਇਰਾਦਾ ਸਾਡੀ ਹੁਣ ਰਾਖੀ ਕਰੇਗਾ। ਅਤੇ ਭਵਿੱਖ ਵਿਚ ਇਹ ਬੁੱਧ ‘ਸਾਨੂੰ ਆਦਰ ਦੇਵੇਗੀ ਕਿਉਂਕਿ ਅਸੀਂ ਇਸ ਨੂੰ ਗਲੇ ਲਾਇਆ ਹੈ।’—ਕਹਾਉਤਾਂ 4:6, 8.
ਕੀ ਤੁਸੀਂ ਦੱਸ ਸਕਦੇ ਹੋ?
◻ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਸਾਡੀ ਕਿਵੇਂ ਰਾਖੀ ਕਰੇਗੀ?
◻ ਯਿਸੂ ਦੇ ਦ੍ਰਿਸ਼ਟਾਂਤ ਵਿਚ ਦੱਸਿਆ ਗਿਆ ਬੀ ਕੀ ਹੈ ਅਤੇ ਇਹ ਕਿਸ ਤਰ੍ਹਾਂ ਬੀਜਿਆ ਜਾਂਦਾ ਹੈ?
◻ ਅਸੀਂ ਆਪਣੇ ਆਪ ਨੂੰ “ਚੰਗੀ ਜ਼ਮੀਨ” ਕਿਵੇਂ ਸਿੱਧ ਕਰ ਸਕਦੇ ਹਾਂ?
◻ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਣ ਵਾਲੇ ਲੋਕ ਕਿਹੜੇ ਫ਼ਾਇਦਿਆਂ ਦੀ ਉਮੀਦ ਰੱਖ ਸਕਦੇ ਹਨ?
[ਸਫ਼ੇ 16 ਉੱਤੇ ਤਸਵੀਰ]
ਯਿਸੂ ਦੇ ਦ੍ਰਿਸ਼ਟਾਂਤ ਵਿਚ ਦੱਸਿਆ ਗਿਆ ਬੀ, ਪਰਮੇਸ਼ੁਰ ਦੇ ਬਚਨ ਵਿਚ ਪਾਏ ਜਾਂਦੇ ਖ਼ੁਸ਼ ਖ਼ਬਰੀ ਦੇ ਸੰਦੇਸ਼ ਨੂੰ ਦਰਸਾਉਂਦਾ ਹੈ
[ਕ੍ਰੈਡਿਟ ਲਾਈਨ]
Garo Nalbandian
[ਸਫ਼ੇ 17 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਮਹਾਨ ਬੀ ਬੀਜਣ ਵਾਲੇ ਦੀ ਨਕਲ ਕਰਦੇ ਹਨ
[ਸਫ਼ੇ 18 ਉੱਤੇ ਤਸਵੀਰਾਂ]
ਆਰਮਾਗੇਡਨ ਵਿੱਚੋਂ ਬਚ ਕੇ ਨਿਕਲਣ ਵਾਲੇ ਲੋਕ ਧਰਤੀ ਦੀ ਉਪਜ ਦਾ ਆਨੰਦ ਮਾਣਨਗੇ